ਅਸਲਾ ਲਾਇਸੈਂਸ ਬਣਨ ਤੋਂ ਪਹਿਲਾਂ ਹੀ ਨਿਸ਼ਾਨਾ ਖੁੰਝਿਆ !    ਯੂਨੀਅਨ ਵੱਲੋਂ ਪੁਲੀਸ ਦੀ ਕਾਰਗੁਜ਼ਾਰੀ ’ਤੇ ਸਵਾਲ !    ਟੀ-20 ਮਹਿਲਾ ਵਿਸ਼ਵ ਕੱਪ: ਮੀਂਹ ਨੇ ਭਾਰਤ-ਪਾਕਿ ਅਭਿਆਸ ਮੈਚ ਧੋਇਆ !    ਪੰਜਾਬ ਵਿਚ ਸਕੂਲੀ ਸਿੱਖਿਆ ’ਚ ਸੁਧਾਰ ਬਨਾਮ ਜ਼ਮੀਨੀ ਹਕੀਕਤ !    ਲੋਕਾਂ ਦੀ ਸਿਹਤ ਦਾ ਖ਼ਿਆਲ ਰੱਖਣ ’ਚ ਸਰਕਾਰ ਨਾਕਾਮ !    ਬੁੱਢਾ ਕੇਸ: ਜੱਗਾ ਤੇ ਪਹਿਲਵਾਨ ਦੇ ਪਾਕਿਸਤਾਨ ਨਾਲ ਸਬੰਧਾਂ ਦਾ ਖੁਲਾਸਾ !    ਨਾਭਾ ਜੇਲ੍ਹ: ਗੁਟਕੇ ਤੇ ਪੋਥੀਆਂ ਦੀ ਬੇਅਦਬੀ ਦੀ ਜਾਂਚ ਹੋਵੇ: ਜਥੇਦਾਰ !    ਸ਼ਹਿਰ ਮੇਰਾ ਹੋਇਆ ਸ਼ਾਹੀਨ, ਡੈਡੀ ਪੁੱਛਦੇ ਫਿਰਨ ਪਤਾ !    ਸੋਲ੍ਹਾਂ ਤੂਫ਼ਾਨੀ ਦਿਨਾਂ ਦੀ ਬਾਤ... !    ਕੇਂਦਰੀ ਮੰਤਰੀ ਵੱਲੋਂ ਦੁਬਈ ਵਿਚ ਫੂਡ ਪੈਵੇਲੀਅਨ ਦਾ ਉਦਘਾਟਨ !    

ਜ਼ੀਰੋ ਬਜਟ ਖੇਤੀ ਦੀ ਦੁਹਾਈ ਤੇ ਸੱਚਾਈ

Posted On September - 17 - 2019

ਮਹਿੰਦਰ ਸਿੰਘ ਦੋਸਾਂਝ

ਭਾਰਤ ਸਰਕਾਰ ਵੱਲੋਂ ਕਿਸਾਨਾਂ ਨੂੰ ਜ਼ੀਰੋ ਬਜਟ ਖੇਤੀ ਦੇ ਦਿਖਾਏ ਗਏ ਮਾਰਗ ਦੀ ਚਰਚਾ ਇਸ ਵੇਲੇ ਸਿਖਰਾਂ ਉੱਤੇ ਹੈ। ਅਸਲ ਵਿਚ ਪੰਜਾਂ ਸਾਲਾਂ ਵਿਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ, ਖੇਤੀ ਵਿਚ ਸਵਾਮੀਨਾਥਨ ਰਿਪੋਰਟ ਲਾਗੂ ਕਰਨ ਅਤੇ ਖੇਤੀ ਦੀਆਂ ਹੋਰ ਕਈ ਸਮੱਸਿਆਵਾਂ ਦੇ ਹੱਲ ਲਈ ਲਾਏ ਲਾਰਿਆਂ ਦੀ ਦਲਦਲ ਵਿਚੋਂ ਆਪਣੇ ਪੈਰ ਖਿੱਚਣ ਲਈ ਸੱਤਾਧਾਰੀ ਪਾਰਟੀ ਨੇ ਇਹ ਕਾਰਗਰ ਨੁਸਖਾ ਲੱਭਿਆ ਹੈ।
ਖੇਤੀ ਲਈ ਅਜਿਹਾ ਨੁਸਖਾ ਵਰਤਣ ਲਈ ਕੇਂਦਰ ਸਰਕਾਰ ਦੇ ਕਈ ਫ਼ਿਕਰ ਘੱਟ ਸਕਦੇ ਹਨ ਤੇ ਉਸ ਨੂੰ ਸ਼ਾਇਦ ਸੁੱਖ ਦਾ ਸਾਹ ਆ ਸਕਦਾ ਹੈ, ਕਿਉੁਂਕਿ ਖੇਤੀ ਵਿਚ ਲਾਗਤਾਂ ਜੇਕਰ 30 ਫੀਸਦੀ ਹਨ ਤਾਂ ਸਵਾਮੀਨਾਥਨ ਰਿਪੋਰਟ ਅਨੁਸਾਰ, ਇਸ ਦੇ ਉੱਪਰ ਦੇ ਕੇ 15 ਫੀਸਦੀ ਮੁਨਾਫਾ ਪਾ ਕੇ ਇਸ ਨੂੰ ਅਗਾਂਹ 15 ਫੀਸਦੀ ਤੱਕ ਲਿਜਾਣਾ ਪਵੇਗਾ।
ਜ਼ੀਰੋ ਬਜਟ ਖੇਤੀ ਨਾਲ ਜੇ ਖੇਤੀ ਵਿਚ ਲਾਗਤ 10 ਫੀਸਦੀ ਹੁੰਦੀ ਹੈ ਤਾਂ ਸਰਕਾਰ ਇਸ ਉੱਪਰ ਕੇਵਲ ਪੰਜ ਫੀਸਦੀ ਹੋਰ ਮੁਨਾਫਾ ਪਾ ਕੇ ਕੇਵਲ ਪੰਦਰਾਂ ਫੀਸਦੀ ਦੇ ਕੇ ਖੇਤੀ ਵੱਲੋਂ ਫ਼ਿਕਰ ਮੁਕਤ ਹੋ ਜਾਵੇਗੀ। ਇਸ ਦੇ ਨਾਲ ਹੀ ਘੱਟ ਉਤਪਾਦਨ ਕਰਕੇ ਖੇਤੀ ਜਿਣਸਾਂ ਦੇ ਭਾਅ ਵੀ ਵਧਣਗੇ, ਘੱਟ ਉਤਪਾਦਨ ਕਰਕੇ ਵਧੇ ਭਾਅ ਦਾ ਕਿਸਾਨਾਂ ਨੂੰ ਲਾਭ ਤਾਂ ਘੱਟ ਹੋਵੇਗਾ ਪਰ ਖਪਤਕਾਰਾਂ ਦੀਆਂ ਜੇਬਾਂ ਜ਼ਰੂਰ ਖਾਲੀ ਹੋ ਜਾਣਗੀਆਂ। ਇਸ ਦੇ ਨਾਲ ਹੀ ਸਰਕਾਰ ਇਹ ਕਹਿਣ ਜੋਗੀ ਹੋ ਜਾਵੇਗੀ ਕਿ “ਸਾਡੇ ਰਾਜ ਵਿਚ ਕਿਸਾਨਾਂ ਨੂੰ ਖੇਤੀ ਜਿਣਸਾਂ ਦੇ ਪਹਿਲਾਂ ਨਾਲੋਂ ਕਿਤੇ ਵਧ ਭਾਅ ਮਿਲ ਰਹੇ ਹਨ ਤੇ ਹੁਣ ਖੇਤੀ ਦੇ ਖੇਤਰ ਲਈ ਨਿਵੇਸ਼ ਕਰਨ ਦੀ ਕੋਈ ਲੋੜ ਨਹੀਂ।”
ਖੇਤੀ ਵਿਚ ਰਸਾਇਣਾਂ ਦੀ ਵਰਤੋਂ ਬੰਦ ਕਰਨ ਨਾਲ ਲਾਗਤਾਂ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਘਟਣ ਦੀ ਕੋਈ ਠੋਸ ਸੰਭਾਵਨਾ ਨਹੀਂ ਹੈ। ਜੇ ਅੱਜ ਹੀ ਫਸਲਾਂ ਲਈ ਨਦੀਨ ਨਾਸ਼ਕਾਂ ਦੀ ਵਰਤੋਂ ਬੰਦ ਕਰ ਦਿੱਤੀ ਜਾਂਦੀ ਹੈ ਤਾਂ ਫਸਲ ਦੇ ਉਤਪਾਦਨ ਨੂੰ 35 ਫੀਸਦੀ ਤੱਕ ਬਰੇਕ ਲੱਗ ਸਕਦੀ ਹੈ। ਨਦੀਨ ਨਾਸ਼ਕਾਂ ਤੋਂ ਬਿਨਾ ਅਜੋਕੇ ਨਦੀਨ ਲਗਾਤਾਰ ਵਧਦੇ ਜਾਣਗੇ ਅਤੇ ਫਿਰ ਇਨ੍ਹਾਂ ਨਦੀਨਾਂ ਵਿਚੋਂ ਉੱਠ ਕੇ ਫਸਲ ਸਾਹ ਤੱਕ ਨਹੀਂ ਲੈ ਸਕੇਗੀ। ਫਿਰ ਕਿਸਾਨਾਂ ਦੇ ਪਰਿਵਾਰ ਰਾਤ ਦਿਨ ਲਗਾਤਾਰ ਖੇਤਾਂ ਵਿਚ ਕੰਮ ਕਰਕੇ ਵੀ ਨਦੀਨਾਂ ਤੋਂ ਛੁਟਕਾਰਾ ਪਾ ਸਕਣਗੇ, ਮਜ਼ਦੂਰਾਂ ਦੀ ਘਾਟ ਨਾਲ ਜੂਝ ਰਹੀ ਪੰਜਾਬ ਦੀ ਖੇਤੀ ਲਈ ਸੈਂਕੜਿਆਂ ਦੇ ਮੁਕਾਬਲੇ ਹਜ਼ਾਰਾਂ ਰੁਪਏ ਦਿਹਾੜੀ ਲੈ ਕੇ ਵੀ ਮਜ਼ਦੂਰ ਸੰਤੁਸ਼ਟ ਨਹੀਂ ਹੋਣਗੇ।

ਮਹਿੰਦਰ ਸਿੰਘ ਦੋਸਾਂਝ

ਦੂਜੇ ਪਾਸੇ ਦੇਸ਼ ਨੂੰ ਅਨਾਜ ਦੀ ਘਾਟ ਨਾਲ ਇਕ ਵਾਰ ਮੁੜ ਕੇ ਜੂਝਣਾ ਪਵੇਗਾ, ਕਿਉਂਕਿ ਸੰਨ 1948-49 ਵਿਚ ਜਦੋਂ ਵੱਡੀ ਪੱਧਰ ਉੱਤੇ ਮੁਲਕ ਦੀ ਜ਼ਮੀਨ ਵੱਖ ਵੱਖ ਫਸਲਾਂ ਦੀ ਕਾਸ਼ਤ ਲਈ ਹਾਜ਼ਰ ਸੀ, ਉਦੋਂ ਸਾਡੇ ਖਪਤਕਾਰ ਕੇਵਲ 35 ਕਰੋੜ ਸਨ। ਅੱਜ ਇਹ ਖਪਤਕਾਰ ਸਵਾ ਅਰਬ ਤੋਂ ਵੀ ਉੱਪਰ ਹੋ ਚੁੱਕੇ ਹਨ। ਅਜੇ ਵੀ 2 ਫੀਸਦੀ ਦੇ ਹਿਸਾਬ ਨਾਲ ਦੇਸ਼ ਦੀ ਆਬਾਦੀ ਵਧ ਰਹੀ ਹੈ ਤੇ ਸੰਨ 2025 ਤੱਕ ਇਹ ਆਬਾਦੀ ਡੇਢ ਅਰਬ ਤੱਕ ਪੁੱਜ ਜਾਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਉਦੋਂ ਤੱਕ ਹੁਣ ਦੇ ਮੁਕਾਬਲੇ ਤਕਰੀਬਨ 36 ਮਿਲੀਅਨ (3.60 ਕਰੋੜ) ਟਨ ਅਨਾਜ ਸਾਨੂੰ ਹੋਰ ਪੈਦਾ ਕਰਨਾ ਪਵੇਗਾ।
ਇਹੀ ਨਹੀਂ, ਮਸਲਾ ਇਹ ਵੀ ਹੈ ਕਿ ਦੇਸ਼ ਦੀ ਜ਼ਮੀਨ ਤੇਜ਼ੀ ਨਾਲ ਖੇਤੀ ਹੇਠੋਂ ਨਿੱਕਲ ਰਹੀ ਹੈ, ਕਿਉਂਕਿ ਵਧਦੀ ਆਬਾਦੀ ਦੀਆਂ ਲੋੜਾਂ ਲਈ ਜ਼ਮੀਨ ਉੱਤੇ ਹਸਪਤਾਲ ਖੋਲ੍ਹਣੇ ਹਨ; ਸਕੂਲ-ਕਾਲਜ ਬਣਾਉਣੇ ਤੇ ਗਰਾਊਂਡਾਂ ਛੱਡਣੀਆਂ ਹਨ; ਵਧਦੀ ਆਬਾਦੀ ਲਈ ਸੜਕਾਂ ਚੌੜੀਆਂ ਕਰਨੀਆਂ ਹਨ ਅਤੇ ਹੋਰ ਉਦਯੋਗ ਵੀ ਲਾਉਣੇ ਹਨ; ਵਧਦੀ ਆਬਾਦੀ ਲਈ ਕਾਲੋਨੀਆਂ ਬਣਾਉਣੀਆਂ ਹਨ ਅਤੇ ਦੇਸ਼ ਦੀਆਂ ਹੋਰ ਕਈ ਤਰ੍ਹਾਂ ਦੀਆਂ ਲੋੜਾਂ ਵਾਸਤੇ ਜ਼ਮੀਨ ਨੂੰ ਖੇਤੀ ਹੇਠੋਂ ਕੱਢਣਾ ਪਵੇਗਾ। ਗੌਰਤਲਬ ਹੈ ਕਿ ਕੁੱਝ ਸਾਲਾਂ ਵਿਚ ਹੀ ਤਕਰੀਬਨ 22 ਲੱਖ ਹੈਕਟੇਅਰ ਜ਼ਮੀਨ ਕੇਵਲ ਕਾਲੋਨੀਆਂ ਅਤੇ ਉਦਯੋਗਾਂ ਹੇਠ ਆ ਗਈ ਹੈ।
ਕੁਦਰਤੀ ਖੇਤੀ ਦੇ ਪ੍ਰਚਾਰ-ਪ੍ਰਸਾਰ ਵਿਚ ਲੱਗੀਆਂ ਸੰਸਥਾਵਾਂ ਨੂੰ ਇਕ ਗੱਲ ਜ਼ਰੂਰ ਸਮਝਣੀ ਚਾਹੀਦੀ ਹੈ ਕਿ ਜੇ ਖੇਤੀ ਵਿਗਿਆਨੀਆਂ ਦੇ ਤੈਅ ਕੀਤੇ ਨਿਯਮਾਂ ਤੇ ਫਰੇਮਾਂ ਦੇ ਅੰਦਰ ਅੰਦਰ ਰਹਿ ਕੇ ਖੇਤੀ ਲਈ ਰਸਾਇਣਾਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਖਪਤਕਾਰਾਂ ਦੀ ਸਿਹਤ ਦਾ ਕੋਈ ਨੁਕਸਾਨ ਨਹੀਂ ਹੁੰਦਾ। ਜੇ ਇਸ ਦੇ ਬਾਵਜੂਦ ਖੇਤੀ ਜਿਣਸਾਂ ਵਿਚ ਜ਼ਹਿਰਾਂ ਹੋਣ ਦਾ ਧੂੰਆਂਧਾਰ ਪ੍ਰਚਾਰ ਹੁੰਦਾ ਰਹੇਗਾ ਤਾਂ ਇਸ ਪ੍ਰਚਾਰ ਵਿਚੋਂ ਨਿੱਕਲੇ ਵਹਿਮ ਦਾ ਖਪਤਕਾਰਾਂ ਦੀ ਸਿਹਤ ‘ਤੇ ਸਖ਼ਤ, ਮਾੜਾ ਅਸਰ ਪੈ ਸਕਦਾ ਹੈ।
ਉਂਜ, ਇੱਕ ਸਚਾਈ ਵੀ ਹੋਰ ਵੀ ਹੈ, ਤੇ ਇਸ ਸਚਾਈ ਨੂੰ ਸਾਡੇ ਕਿਸਾਨ ਗੰਭੀਰਤਾ ਨਾਲ ਸਮਝਣ ਦੀ ਕੋਸ਼ਿਸ਼ ਕਰਨ: ਕੁਦਰਤੀ ਖੇਤੀ ਦੇ ਸਮਰਥਕਾਂ ਦੀ ਦਲੀਲ ਵਿਚ ਇਸ ਕਰਕੇ ਦਮ ਹੈ, ਕਿਉਂਕਿ ਖੇਤੀ ਵਿਗਿਆਨੀਆਂ ਦੀਆਂ ਸਿਫ਼ਾਰਸ਼ਾਂ ਨੂੰ ਪਿੱਠ ਪਿੱਛੇ ਕਰਕੇ ਕਿਸਾਨ ਡੇਢੀ ਦੁੱਗਣੀ ਮਾਤਰਾ ਵਿਚ ਗ਼ਲਤ ਸਮੇਂ ਉੱਤੇ ਅਤੇ ਗ਼ਲਤ ਢੰਗ ਨਾਲ ਰਸਾਇਣਾਂ ਦਾ ਦੁਰਵਰਤੋਂ ਕਰ ਰਹੇ ਹਨ। ਮਿਸਾਲ ਵਜੋਂ ਜਿਨ੍ਹਾਂ ਖੇਤਾਂ ਵਿਚ ਕਣਕ ਨੂੰ ਸਿਫ਼ਾਰਸ਼ਾਂ ਦੇ ਅਨੁਸਾਰ ਫਾਸਫੇਟਿਕ ਖਾਦ ਪਾਈ ਗਈ ਹੋਵੇ, ਉੱਥੇ ਝੋਨੇ ਤੇ ਬਾਸਮਤੀ ਨੂੰ ਫਾਸਫੇਟਿਕ ਖਾਦ ਨਾ ਵਰਤਣ ਦੀ ਸਲਾਹ ਮਾਹਿਰ ਜ਼ੋਰ-ਸ਼ੋਰ ਨਾਲ ਦੇ ਰਹੇ ਹਨ ਪਰ ਇਸ ਦੇ ਬਾਵਜੂਦ ਪੰਜਾਬ ਵਿਚ ਕਿਸਾਨ ਤਕਰੀਬਨ 850 ਕਰੋੜ ਰੁਪਏ ਦੀ ਫਾਸਫੇਟਿਕ ਖਾਦ ਝੋਨੇ ਤੇ ਬਾਸਮਤੀ ਦੀ ਲਵਾਈ ਸਮੇਂ ਖੇਤਾਂ ਵਿਚ ਪਾ ਰਹੇ ਹਨ। ਇਉਂ ਜੇ ਕਿਸਾਨ ਗੰਭੀਰਤਾ ਨਾਲ ਸੋਚ-ਵਿਚਾਰ ਅਤੇ ਵਿਚਾਰ-ਵਟਾਂਦਰਾਂ ਕਰਕੇ ਰਸਾਇਣਾਂ ਦੀ ਵਰਤੋਂ ਕਰਨ ਤਾਂ ਉਨ੍ਹਾਂ ਦੀਆਂ ਖੇਤੀ ਜਿਣਸਾਂ ਵੀ ਜ਼ਹਿਰ ਮੁਕਤ ਹੋ ਸਕਦੀਆਂ ਹਨ ਤੇ ਵੱਡੇ ਪੱਧਰ ਉੱਤੇ ਖੇਤੀ ਦੀਆਂ ਲਾਗਤਾਂ ਘਟ ਸਕਦੀਆਂ ਹਨ ਤੇ ਉੇਨ੍ਹਾਂ ਦੀ ਆਮਦਨ ਵੀ ਵਧ ਸਕਦੀ ਹੈ।
1940-50 ਵਿਚ ਜ਼ੀਰੋ ਬਜਟ ਨਾਲ ਕੀਤੀ ਜਾਂਦੀ ਖੇਤੀ ਵਿਚ ਕਣਕ ਦੀ ਫ਼ਸਲ ਦੀਆਂ ਦੇਸੀ ਕਿਸਮਾਂ ਕੇਵਲ ਗੋਹੇ ਦੀ ਰੂੜੀ ਪਾ ਕੇ ਪਾਲੀਆਂ ਜਾਂਦੀਆਂ ਸਨ ਅਤੇ ਪ੍ਰਤੀ ਏਕੜ ਝਾੜ ਵੱਧ ਤੋਂ ਵੱਧ ਪੰਜ ਕੁਇੰਟਲ ਹੀ ਮਿਲਦਾ ਸੀ। ਇੰਨੇ ਥੋੜ੍ਹੇ ਝਾੜ ਦੀ ਆਮਦਨ ਨਾਲ ਹੋਰ ਬਹੁਤ ਕੁਝ ਵੀ ਜ਼ੀਰੋ ਬਜਟ ਉੱਤੇ ਆਧਾਰਿਤ ਸੀ। ਖੇਤੀ ਲਈ ਡੀਜ਼ਲ ਪੈਟਰੋਲ ਦੀ ਕੋਈ ਲੋੜ ਨਹੀਂ ਸੀ ਹੁੰਦੀ। ਮੈਨੂੰ ਅੱਜ ਵੀ ਯਾਦ ਹੈ, ਨਵਾਂਸ਼ਹਿਰ ਦਾ ਇੱਕ ਕਿਸਾਨ ਕਿਸੇ ਕੇਸ ਦੀ ਤਾਰੀਕ ਲਾਹੌਰ ਦੀ ਅਦਾਲਤ ਵਿਚ ਪੈਦਲ ਚੱਲ ਕੇ ਭੁਗਤਣ ਜਾਂਦਾ ਹੁੰਦਾ ਸੀ। 30-35 ਕੋਹਾਂ ਦਾ ਪੈਂਡਾ ਤਾਂ ਲੋਕ ਖੁਸ਼ੀ ਨਾਲ ਪੈਦਲ ਚੱਲ ਕੇ ਕਰਦੇ ਸਨ। ਪੰਜਾਂ ਸੱਤਾਂ ਮੀਲਾਂ ਤੇ ਪੈਂਦੇ ਕਸਬੇ ਤੱਕ ਮਣ ਸਵਾ ਮਣ ਕੱਚਾ ਵਜ਼ਨ ਸਿਰ ‘ਤੇ ਰੱਖ ਕੇ ਪੈਦਲ ਲੈ ਜਾਂਦੇ ਸਨ ਅਤੇ ਮੁੜਦੇ ਵਕਤ ਉਥੋਂ ਲੈ ਆਉਂਦੇ ਸਨ। ਬਿਜਲੀ ਪਿੰਡਾਂ ਵਿਚ ਨਹੀਂ ਸੀ ਹੁੰਦੀ ਅਤੇ ਬਿਜਲੀ ਦੀਆਂ ਲੋੜਾਂ ਦਾ ਖਰਚਾ ਵੀ ਜ਼ੀਰੋ ਹੁੰਦਾ ਸੀ।
ਇਸ ਦੇ ਨਾਲ ਹੀ ਅੱਜ ਵਰਗੀ ਕਾਹਲ, ਚਿੰਤਾ, ਫ਼ਿਕਰ, ਲਾਲਚ, ਗੁੱਸਾ ਤੇ ਨਫ਼ਰਤ ਆਮ ਲੋਕਾਂ ਦੇ ਮਨਾਂ ਵਿਚ ਨਾ ਹੋਣ ਕਰਕੇ ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਅਜਿਹੇ ਹੋਰ ਰੋਗ ਲੋਕਾਂ ਨੂੰ ਨਹੀਂ ਸਨ ਲਗਦੇ। ਐਨਕ ਜੇ ਕਿਸੇ ਦੇ ਲੱਗਦੀ ਸੀ ਤਾਂ 70 ਕੁ ਸਾਲ ਉਮਰ ਹੰਢਾਉਣ ਤੋਂ ਬਾਅਦਲ ਗਦੀ ਸੀ। ਉਦੋਂ ਬਹੁਤੀਆਂ ਬਿਮਾਰੀਆਂ ਦਾ ਇਲਾਜ ਵੀ ਘਰੇਲੂ ਨੁਸਖੇ ਵਰਤ ਕੇ ਜ਼ੀਰੋ ਬਜਟ ਨਾਲ ਹੋ ਜਾਂਦਾ ਸੀ। ਕਿਸਾਨਾਂ ਦੇ ਬੱਚੇ ਅਕਸਰ ਅਨਪੜ੍ਹ ਰਹਿ ਜਾਂਦੇ ਸਨ। ਜਿਹੜੇ ਪੜ੍ਹਦੇ ਸਨ, ਉਨ੍ਹਾਂ ਦੀ ਪੜ੍ਹਾਈ ਦਾ ਖਰਚਾ ਨਾਮਾਤਰ ਹੀ ਹੁੰਦਾ ਸੀ। ਆਮ ਲੋਕ ਲੋੜ ਵਾਲੀ ਹਰ ਫਸਲ ਦੀ ਕਾਸ਼ਤ ਕਰਦੇ ਸਨ ਤੇ ਕੋਈ ਚੀਜ਼ ਮੁੱਲ ਨਹੀਂ ਸਨ ਲੈਂਦੇ। ਆਪਣੀ ਬੀਜੀ ਕਪਾਹ ਔਰਤਾਂ ਹੱਥੀਂ ਚੁਗ ਕੇ, ਹੱਥੀਂ ਵੇਲ ਕੇ ਅਤੇ ਕੱਤ ਕੇ ਸੂਤ ਤਿਆਰ ਕਰਦੀਆਂ ਸਨ। ਇਸ ਤੋਂ ਤਿਆਰ ਕੀਤੇ ਕੇਵਲ ਖੱਦਰ ਦੇ ਕੱਪੜੇ ਹੀ ਆਮ ਕਿਸਾਨ ਪਹਿਨਦੇ ਤੇ ਵਰਤਦੇ ਸਨ।
ਇਹੀ ਨਹੀਂ, ਸੰਜਮ ਇਥੋਂ ਤੱਕ ਸੀ ਕਿ ਜੇ ਕਿਸੇ ਘਰ ਨੇ ਚੁੱਲ੍ਹੇ ਵਿਚ ਪਹਿਲਾਂ ਅੱਗ ਬਾਲ ਲੈਣੀ ਤਾਂ ਸਾਰੇ ਗੁਆਂਢੀਆਂ ਨੇ ਉਨ੍ਹਾਂ ਦੇ ਘਰੋਂ ਪਾਥੀ ਨੂੰ ਅੱਗ ਲਾ ਕੇ ਲਿਆਉਣੀ ਅਤੇ ਆਪਣਾ ਚੁੱਲ੍ਹਾ ਭਖਾ ਲੈਣਾ। ਮਿਰਚਾਂ ਦੀ ਬੱਚਤ ਕਰਨ ਲਈ ਖਾਣਾ ਖਾਂਦਿਆਂ ਮਿਰਚ ਨੂੰ ਪਾੜ ਕੇ, ਤੇ ਵਾਰ ਵਾਰ ਜੀਭ ਉੱਤੇ ਰਗੜ ਰਗੜ ਕੇ ਲੋਕ ਕੁੜਿੱਤਣ ਦੀ ਲੋੜ ਪੂਰੀ ਕਰ ਲੈਂਦੇ ਸਨ।
ਕੀ ਅੱਜ ਜ਼ੀਰੋ ਬਜਟ ਨਾਲ ਕੁਦਰਤੀ ਖੇਤੀ ਕਰਨ ਵਾਲੇ ਕਿਸਾਨ ਅਜਿਹਾ ਕਰ ਸਕਣਗੇ? ਜਾਂ ਕੁਦਰਤੀ ਖੇਤੀ ਦੇ ਸਮਰਥਕ ਅਤੇ ਭਾਰਤ ਸਰਕਾਰ ਅਜਿਹਾ ਕਰਵਾ ਸਕੇਗੀ? ਇਸ ਪ੍ਰਸ਼ਨ ਦਾ ਜਵਾਬ ਤਲਾਸ਼ ਕਰਨਾ ਪਵੇਗਾ।
ਸੰਪਰਕ: 94632-33991


Comments Off on ਜ਼ੀਰੋ ਬਜਟ ਖੇਤੀ ਦੀ ਦੁਹਾਈ ਤੇ ਸੱਚਾਈ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.