ਜਾਇਦਾਦ ਕਾਰਨ ਭਰਾ ਵੱਲੋਂ ਭਰਾ ਦੀ ਹੱਤਿਆ !    ਯੂਕੇ ਦੇ ਚੋਟੀ ਦੇ ਜੱਜ ਨੇ ਸੁਪਰੀਮ ਕੋਰਟ ਦੀ ਕਾਰਵਾਈ ਦੇਖੀ !    ਭਗੌੜੇ ਗੈਂਗਸਟਰ ਰਵੀ ਪੁਜਾਰੀ ਨੂੰ ਭਾਰਤ ਲਿਆਂਦਾ ਗਿਆ !    ਮਾਣਹਾਨੀ ਕੇਸ ’ਚ ਤਲਬ ਕੀਤੇ ਜਾਣ ਖ਼ਿਲਾਫ਼ ਕੇਜਰੀਵਾਲ ਦੀ ਪਟੀਸ਼ਨ ’ਤੇ ਸੁਣਵਾਈ 28 ਨੂੰ !    ਦੁਬਈ ’ਚ ਹਮਵਤਨ ਦੀ ਕੁੱਟਮਾਰ ਲਈ ਦੋ ਭਾਰਤੀਆਂ ਨੂੰ ਸਜ਼ਾ !    ਅਸੀਂ ਕਿਉਂ ਪ੍ਰਦੇਸੀ ਹੋਈਏ ? !    ਮਾਲੇਰਕੋਟਲਾ ’ਚ ਭਾਈਚਾਰਕ ਏਕੇ ਦੀ ਮਿਸਾਲ !    ਗੁਆਚ ਗਏ ਉਹ ਦਿਨ... !    ਮੰਤਰੀ ਆਸ਼ੂ ਦੇ ਹੱਕ ਵਿਚ ਨਿੱਤਰੇ ਲੁਧਿਆਣਾ ਦੇ ਵਿਧਾਇਕ !    ਗੰਨਾ ਅਦਾਇਗੀ: ਕਿਸਾਨਾਂ ਨੇ ਪਨਿਆੜ ਮਿੱਲ ਦਾ ਸਟਾਫ ਅੰਦਰ ਡੱਕਿਆ !    

ਹੜ੍ਹ ਪੀੜਤ ਇਲਾਕਿਆਂ ਵਿੱਚ ਲੋਕਾਂ ਕੋਲ ਸੁੱਕੇ ਰਾਸ਼ਨ ਦੇ ਅੰਬਾਰ ਲੱਗੇ

Posted On September - 17 - 2019

ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿੱਚ ਮਾਲਵਾ ਖੇਤਰ ਤੋਂ ਆਇਆ ਸਾਮਾਨ ਰੱਖਦੇ ਹੋਏ ਸੇਵਾਦਾਰ। -ਫੋਟੋ: ਪੰਜਾਬੀ ਟ੍ਰਿਬਿਊਨ

ਪਾਲ ਸਿੰਘ ਨੌਲੀ
ਜਲੰਧਰ, 16 ਸਤੰਬਰ
ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਵੱਲੋਂ ਵੰਡਿਆ ਗਿਆ ਸੁੱਕਾ ਰਾਸ਼ਨ ਲੋੜੋਂ ਵੱਧ ਹੋ ਗਿਆ ਹੈ ਅਤੇ ਹੁਣ ਉੱਥੇ ਪੀੜਤ ਲੋਕ ਸਾਮਾਨ ਲੈਣ ਤੋਂ ਮਨਾਂ ਕਰ ਰਹੇ ਹਨ। ਉਹ ਸਿਰਫ ਪੀਣ ਵਾਲੇ ਪਾਣੀ ਦੀ ਮੰਗ ਕਰ ਰਹੇ ਹਨ ਜਿਸ ਦਾ ਸੰਕਟ ਆਏ ਦਿਨ ਵਧਦਾ ਜਾ ਰਿਹਾ ਹੈ। ਮੰਡਾਲਾ ਛੰਨਾਂ, ਗਿੱਦੜਪਿੰਡੀ, ਸਰੂਪਵਾਲ, ਆਲੀ ਕਲਾਂ ਤੇ ਨਾਲ ਲੱਗਦੇ ਹੋਰ ਪਿੰਡਾਂ ਵਿੱਚ ਪੀਣ ਵਾਲੇ ਪਾਣੀ ਦੀ ਕਿੱਲਤ ਵੱਡੇ ਪੱਧਰ ’ਤੇ ਹੋ ਰਹੀ ਹੈ ਤੇ ਇਨ੍ਹਾਂ ਪਿੰਡਾਂ ਵਿੱਚ ਲੋਕਾਂ ਨੂੰ ਬੋਤਲਾਂ ਵਾਲੇ ਪਾਣੀ ’ਤੇ ਨਿਰਭਰ ਹੋਣਾ ਪੈ ਰਿਹਾ ਹੈ। ਹੜ੍ਹ ਪੀੜਤ ਇਲਾਕਿਆਂ ਵਿਚ ਕਈ ਸਮੱਗਰੀ ਵੰਡਣ ਵਾਲਿਆਂ ਨੂੰ ਤਾਂ ਬਿਨਾਂ ਸਾਮਾਨ ਵੰਡਿਆਂ ਵਾਪਸ ਪਰਤਣਾ ਪਿਆ ਕਿਉਂਕਿ ਕੋਈ ਸਾਮਾਨ ਲੈਣ ਨੂੰ ਤਿਆਰ ਹੀ ਨਹੀਂ ਸੀ।
ਬਠਿੰਡਾ ਤੋਂ ਨੌਜਵਾਨ ਕਣਕ ਦੀ ਟਰਾਲੀ ਭਰ ਕੇ ਲਿਆਏ ਸਨ। 10 ਤੋਂ ਵੱਧ ਪਿੰਡਾਂ ਵਿੱਚ ਉਨ੍ਹਾਂ ਨੇ ਕਣਕ ਵੰਡਣ ਲਈ ਸੰਪਰਕ ਕੀਤਾ ਪਰ ਉਨ੍ਹਾਂ ਨੂੰ ਹੁੰਗਾਰਾ ਨਹੀਂ ਮਿਲਿਆ। ਆਖ਼ਰਕਾਰ ਉਨ੍ਹਾਂ ਨੂੰ ਇਹ ਕਣਕ ਸੁਲਤਾਨਪੁਰ ਲੋਧੀ ਵਿੱਚ ਸਥਿਤ ਨਿਰਮਲ ਕੁਟੀਆ ਵਿੱਚ ਦੇਣੀ ਪਈ। ਇੱਥੇ ਕੁਟੀਆ ਦੇ ਸੇਵਾਦਾਰ ਗੁਰਵਿੰਦਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਲੋਕਾਂ ਨੂੰ ਹੁਣ ਸਾਮਾਨ ਦੀ ਨਹੀਂ ਸਗੋਂ ਪੀਣ ਵਾਲੇ ਪਾਣੀ ਦੀ ਜ਼ਿਆਦਾ ਲੋੜ ਹੈ। ਉਹ ਵੀ ਕੁਟੀਆ ਤੋਂ ਪਿੰਡਾਂ ਨੂੰ ਪੀਣ ਵਾਲਾ ਪਾਣੀ ਹੀ ਵੱਧ ਤੋਂ ਵੱਧ ਭੇਜ ਰਹੇ ਹਨ। ਬਠਿੰਡਾ ਤੋਂ ਆਏ ਇਨ੍ਹਾਂ ਨੌਜਵਾਨਾਂ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਇਲਾਕੇ ਦੇ ਪਿੰਡਾਂ ਵਿਚ ਲੋਕ ਪੀਣ ਵਾਲੇ ਪਾਣੀ ਦੀਆਂ ਬੋਤਲਾਂ ਦੀ ਮੰਗ ਕਰ ਰਹੇ ਹਨ ਨਾ ਕਿ ਕਿਸੇ ਖਾਣ-ਪੀਣ ਵਾਲੇ ਸਾਮਾਨ ਦੀ। ਛੋਟੇ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ ਵਧੀਆ ਬੀਜ, ਖਾਦ ਅਤੇ ਡੀਜ਼ਲ ਦੀ ਲੋੜ ਹੈ। ਜ਼ਿਲ੍ਹਾ ਮੁਕਤਸਰ ਤੋਂ ਆਏ ਕੁਲਵੰਤ ਸਿੰਘ, ਰਮਨਦੀਪ ਸਿੰਘ ਅਤੇ ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਗੁਰੂਸਰ ਤੋਂ ਸਾਮਾਨ ਵੰਡਣ ਆਏ ਹਨ ਤੇ ਕੁਝ ਪਿੰਡਾਂ ਵਿੱਚ ਉਨ੍ਹਾਂ ਨੇ ਪੈਸੇ ਵੀ ਦਿੱਤੇ ਸਨ ਤਾਂ ਜੋ ਲੋਕ ਆਪਣੀ ਲੋੜ ਮੁਤਾਬਕ ਸਾਮਾਨ ਲੈ ਸਕਣ ਪਰ ਪਿੰਡਾਂ ਵਿਚ ਹਾਲਾਤ ਇਹ ਬਣ ਗਏ ਕਿ ਉਨ੍ਹਾਂ ਨੂੰ ਉੱਥੋਂ ਨਿਕਲਣਾ ਹੀ ਮੁਸ਼ਕਲ ਹੋ ਗਿਆ। ਸਿੱਖ ਫਾਰ ਇਕੁਐਲਿਟੀ ਦੇ ਆਗੂ ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ 8 ਸਤੰਬਰ ਨੂੰ ਪਿੰਡ ਮਹਿਰਾਜ ਵਾਲਾ, ਜਾਨੀਆਂ ਚਾਹਲ, ਧੱਕਾ ਬਸਤੀ, ਗੱਟਾ ਮੁੰਡੀ ਕਾਸੂ, ਲੱਖੇ ਦੀਆਂ ਛੰਨਾਂ ਤੇ ਹੋਰ ਪਿੰਡਾਂ ਵਿੱਚ ਚਮੜੀ ਦੇ ਰੋਗਾਂ ਦੀਆਂ ਦਵਾਈਆਂ, ਨਾਰੀਅਲ ਦਾ ਤੇਲ, ਮੱਛਰਦਾਨੀਆਂ ਆਦਿ ਸਾਮਾਨ ਵੰਡਿਆ ਸੀ ਪਰ ਲੋਕਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਹੁਣ ਸੁੱਕੇ ਰਾਸ਼ਨ ਅਤੇ ਅਜਿਹੀਆਂ ਚੀਜ਼ਾਂ ਦੀ ਲੋੜ ਨਹੀਂ ਰਹਿ ਗਈ। ਕਈ ਲੋਕਾਂ ਨੇ ਤਾਂ ਛੇ-ਛੇ ਮਹੀਨਿਆਂ ਦਾ ਰਾਸ਼ਨ ਜਮ੍ਹਾਂ ਕਰ ਕੇ ਰੱਖ ਲਿਆ ਹੈ, ਜਿਨ੍ਹਾਂ ਦਾ ਹੜ੍ਹ ਦੌਰਾਨ ਕੋਈ ਨੁਕਸਾਨ ਵੀ ਨਹੀਂ ਸੀ ਹੋਇਆ। ਜਿਹੜੇ ਲੋਕਾਂ ਦੇ ਪਸ਼ੂ ਮਰ ਗਏ ਹਨ ਜਾਂ ਗੁਆਚ ਗਏ ਹਨ ਉਨ੍ਹਾਂ ਦੀ ਮਦਦ ਕਰਨ ਦੀ ਲੋੜ ਹੈ ਤੇ ਜਿਨ੍ਹਾਂ ਦੇ ਮਕਾਨ ਢਹਿ ਗਏ ਹਨ ਅਸਲ ਵਿਚ ਉਨ੍ਹਾਂ ਨੂੰ ਆਰਥਿਕ ਮਦਦ ਦੀ ਲੋੜ ਹੈ। ਨਸੀਰਪੁਰ ਪਿੰਡ ਦੇ ਪਰਮਿੰਦਰ ਸਿੰਘ ਨੇ ਦੱਸਿਆ ਕਿ ਲੋਕਾਂ ਨੂੰ ਸਭ ਤੋਂ ਵੱਡੀ ਕਿੱਲਤ ਪੀਣ ਵਾਲੇ ਪਾਣੀ ਦੀ ਆ ਰਹੀ ਹੈ। ਉਸ ਨੇ ਦੱਸਿਆ ਕਿ ਉਨ੍ਹਾਂ ਦਾ 200 ਫੁੱਟ ਡੂੰਘਾ ਟਿਊਬਵੈੱਲ ਹੈ ਜਿਸ ਵਿਚੋਂ ਦੂਸ਼ਿਤ ਪਾਣੀ ਆ ਰਿਹਾ ਹੈ। ਪਹਿਲਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਸੀ ਕਿ ਪਾਣੀ ਦੇ ਨਮੂਨੇ ਟੈਸਟ ਕਰਨ ਤੋਂ ਬਾਅਦ ਲੋਕਾਂ ਨੂੰ ਪੀਣ ਲਈ ਕਿਹਾ ਜਾਵੇਗਾ ਪਰ ਉਥੇ ਕੋਈ ਵੀ ਅਧਿਕਾਰੀ ਨਹੀਂ ਬਹੁੜਿਆ। ਸਰੂਪਵਾਲ ਪਿੰਡ ਦੇ ਜਥੇਦਾਰ ਬਲਵਿੰਦਰ ਸਿੰਘ ਦਾ ਕਹਿਣਾ ਸੀ ਕਿ ਤਿੰਨ-ਚਾਰ ਪਾਣੀ ਦੀਆਂ ਪੇਟੀਆਂ ਨਾਲ ਇਕ ਪਰਿਵਾਰ ਦੇ ਕਿੰਨੇ ਕੁ ਦਿਨ ਲੰਘ ਸਕਦੇ ਹਨ। ਪਸ਼ੂਆਂ ਨੂੰ ਸਾਫ਼ ਪਾਣੀ ਕਿੱਥੋਂ ਪਿਲਾਉਣਾ ਹੈ ਕਿਉਂਕਿ ਧਰਤੀ ਹੇਠਲਾ ਪਾਣੀ ਦੂਸ਼ਿਤ ਹੋ ਚੁੱਕਾ ਹੈ। ਪਿੰਡ ਨੌਲੀ ਦੇ ਸਰਪੰਚ ਹਰਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਜਾਨੀਆਂ ਚਾਹਲ ਤੇ ਹੋਰ ਪਿੰਡਾਂ ਲਈ 100 ਪੇਟੀਆਂ ਪਾਣੀ ਦੀਆਂ ਭੇਜੀਆਂ ਸਨ ਤਾਂ ਜੋ ਉਥੇ ਲੋਕਾਂ ਨੂੰ ਪਾਣੀ ਵੰਡਿਆ ਜਾ ਸਕੇ। ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਹੜ੍ਹ ਪੀੜਤ ਇਲਾਕਿਆਂ ਵਿਚ ਹੁਣ ਰਾਹਤ ਸਮੱਗਰੀ ਦੀ ਲੋੜ ਨਹੀਂ ਰਹਿ ਗਈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਲੋਕਾਂ ਨੇ ਭਾਰੀ ਮਾਤਰਾ ਵਿੱਚ ਰਾਸ਼ਨ ਵੰਡਿਆ ਹੈ। ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਯਤਨ ਕੀਤੇ ਜਾ ਰਹੇ ਹਨ।


Comments Off on ਹੜ੍ਹ ਪੀੜਤ ਇਲਾਕਿਆਂ ਵਿੱਚ ਲੋਕਾਂ ਕੋਲ ਸੁੱਕੇ ਰਾਸ਼ਨ ਦੇ ਅੰਬਾਰ ਲੱਗੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.