ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ

Posted On September - 23 - 2019

ਪਿੰਡ ਖਿਆਲਾ ਕਲਾਂ ਦੇ ਕਰਨੈਲ ਸਿੰਘ ਦੇ ਘਰ ਲੱਗਿਆ ਜਿੰਦਰਾ ਵਿਖਾਉਂਦੇ ਹੋਏ ਕਿਸਾਨ ਆਗੂ ਰਾਮ ਸਿੰਘ।

ਜੋਗਿੰਦਰ ਸਿੰਘ ਮਾਨ
ਖਿਆਲਾ ਕਲਾਂ (ਮਾਨਸਾ), 22 ਸਤੰਬਰ
ਭਾਵੇਂ ਧੀਆਂ ਨੂੰ ਪੇਕੇ ਜਾਣ ਦਾ ਮੁੜ-ਮੁੜ ਚਾਅ ਰਹਿੰਦਾ ਹੈ ਪਰ ਮਨਪ੍ਰੀਤ ਕੌਰ ਦਾ ਮਨ ਪੇਕਿਆਂ ਦੇ ਪਿੰਡ ਤੋਂ ਉਚਾਟ ਹੋਇਆ ਪਿਆ ਹੈ। ਉਸ ਨੂੰ ਜਦੋਂ ਪੇਕੇ ਪਿੰਡ ਦੇ ਪਿੱਪਲਾਂ ਦੀਆਂ ਯਾਦਾਂ ਆਉਂਦੀਆਂ ਹਨ ਤਾਂ ਉਸ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ। ਉਸ ਦੇ ਬਾਬਲ ਦਾ ਖਿਆਲਾ ਕਲਾਂ ਪਿੰਡ ਵਿੱਚ ਨਾਂ ਹੁੰਦਾ ਸੀ, ਲੋਕ ਉਸ ਨੂੰ ਕਰਨੈਲ ਸਿੰਹੁ ਕਹਿ ਕੇ ਬੁਲਾਉਂਦੇ ਸਨ, ਕੋਈ ਉਸ ਨੂੰ ਚਾਹਲ ਪਾਤਸ਼ਾਹ ਕਹਿੰਦਾ, ਪਰ ਖੇਤੀ ਵਿਚੋਂ ਪੈਦਾਵਾਰ ਦੀ ਖੜੋਤ ਨੇ ਇਸ ਪਰਿਵਾਰ ਨੂੰ ਕਰਜ਼ਿਆਂ ਦੀ ਐਸੀ ਘੁੰਮਣ-ਘੇਰੀ ਵਿਚ ਪਾਇਆ ਕਿ ਅੱਜ ਕਰਨੈਲ ਸਿੰਘ ਚਾਹਲ ਦੇ ਘਰ ਨੂੰ ਜਿੰਦਰਾ ਵੱਜਿਆ ਪਿਆ ਹੈ।
ਪਰਿਵਾਰ ਦੇ ਮੁਖੀ ਕਰਨੈਲ ਸਿੰਘ ਦਾ ਜਸਵੰਤ ਕੌਰ ਨਾਲ ਵਿਆਹ ਹੋਇਆ। ਉਨ੍ਹਾਂ ਦੇ ਘਰ ਦੋ ਧੀਆਂ ਮਹਿੰਦਰ ਕੌਰ ਅਤੇ ਸਿੰਦਰ ਕੌਰ (ਸਹੁਰਿਆਂ ਦਾ ਨਾਂ ਮਨਪ੍ਰੀਤ ਕੌਰ) ਤੇ ਪੁੱਤ ਲਾਲ ਸਿੰਘ ਨੇ ਜਨਮ ਲਿਆ। ਉਸ ਦੇ ਤਿੰਨਾਂ ਬੱਚਿਆਂ ਦੇ ਵਿਆਹ ਹੋ ਗਏ ਪਰ ਵਿਆਹ ਵਿਚ ਖਰਚ ਤੇ ਆਮਦਨ ਨਾ ਹੋਣ ਕਾਰਨ ਤੰਗੀ ਰਹਿਣ ਲੱਗੀ। ਉਸ ਨੇ ਰੇਹੜੀ ਚਲਾਉਣੀ ਵੀ ਸ਼ੁਰੂ ਕਰ ਦਿੱਤੀ ਪਰ ਕਮਾਈ ਨੇ ਲੰਬਾ ਸਮਾਂ ਸੁੱਖ ਦੇ ਦਿਨ ਨਾ ਕੱਟਣ ਦਿੱਤੇ ਅਤੇ ਗਰੀਬੀ ਕਾਰਨ ਘਰੇ ਤੰਗੀ ਰਹਿਣ ਲੱਗੀ। ਤੰਗੀ ਕਾਰਨ ਉਸ ਦੀ ਨੂੰਹ ਸਪਰੇਅ ਪੀ ਕੇ ਮਰ ਗਈ। ਇਸ ਤੋਂ ਬਾਅਦ ਕਰਨੈਲ ਸਿੰਘ ਇਕੱਲਾ ਹੀ ਝੂਰਨ ਲੱਗਾ। ਉਸ ਦੀ ਲੜਕੀ ਮਨਪ੍ਰੀਤ ਕੌਰ ਦਾ ਕਹਿਣਾ ਹੈ ਕਿ ਜੇਲ੍ਹ ਤੋਂ ਘਰ ਆ ਕੇ ਉਸ ਦੇ ਭਰਾ ਨੇ ਮੁੜ ਪਰਿਵਾਰ ਨੂੰ ਪੱਕੇ ਪੈਰੀਂ ਕਰਨ ਲਈ ਹਿੰਮਤ ਕਰਨੀ ਸ਼ੁਰੂ ਕੀਤੀ ਅਤੇ ਮਨ ਲਗਾ ਕੇ ਖੇਤੀ ਕਰਨ ਲੱਗਾ ਪਰ ਫ਼ਸਲਾਂ ਵਿਚੋਂ ਲਗਾਤਾਰ ਪੈਂਦੇ ਘਾਟੇ ਨੇ ਉਸ ਦਾ ਹੌਸਲਾ ਪਸਤ ਕਰ ਦਿੱਤਾ। ਉਸ ਨੇ ਸਪਰੇਅ ਪੀ ਕੇ ਆਪਣਾ ਜੀਵਨ ਸਮਾਪਤ ਕਰ ਲਿਆ। ਇਸ ਤੋਂ ਬਾਅਦ ਕਰਨੈਲ ਸਿੰਘ ਨੇ ਆਪਣੇ ਘਰ ਦਾ ਬੂਹਾ ਖੁੱਲ੍ਹਦਾ ਰੱਖਣ ਲਈ ਆਪਣੀ ਵੱਡੀ ਧੀ ਮਹਿੰਦਰ ਕੌਰ ਦੇ ਪੁੱਤਰ ਭਗਵਾਨ ਸਿੰਘ ਨੂੰ ਘਰ ਰੱਖ ਲਿਆ।
ਮਨਪ੍ਰੀਤ ਆਖਦੀ ਹੈ ਕਿ ਉਸ ਦੇ ਬਾਪ ਨੂੰ ਆਪਣੇ ਦੋਹਤੇ ਭਗਵਾਨ ਸਿੰਘ ਤੋਂ ਵੱਡੀ ਆਸ ਸੀ ਪਰ ਉਸ ਨੇ ਵੀ ਖੁਦਕੁਸ਼ੀ ਕਰ ਲਈ। ਘਰ ਵਿੱਚ ਲਗਾਤਾਰ ਤੀਜੀ ਖੁਦਕੁਸ਼ੀ ਨਾਲ ਸਭ ਕੁੱਝ ਖਾਲੀ ਹੋ ਗਿਆ।
ਖੁਦਕੁਸ਼ੀਆਂ ਦੇ ਦੁੱਖਾਂ ਕਾਰਨ ਬਾਪੂ ਕਰਨੈਲ ਸਿੰਘ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਉਸ ਦੀ ਕੁਝ ਸਮੇਂ ਬਾਅਦ ਮੌਤ ਹੋ ਗਈ। ਮਨਪ੍ਰੀਤ ਨੇ ਕਿਹਾ ਕਿ ਉਹ ਲਗਾਤਾਰ ਹੋਈਆਂ ਖੁਦਕੁਸ਼ੀਆਂ ਨਾਲ ਅਧਮਰੀ ਹੋ ਗਈ ਪਰ ਫਿਰ ਵੀ ਮਾਂ ਦੇ ਹੌਸਲੇ ਨਾਲ ਪੇਕੇ ਆਉਂਦੀ ਰਹੀ। ਇਸ ਤੋਂ ਬਾਅਦ ਉਸ ਦੀ ਮਾਂ ਦੀ ਵੀ ਮੌਤ ਹੋ ਗਈ। ਹੁਣ ਕਰਨੈਲ ਸਿੰਘ ਦੇ ਪਰਿਵਾਰ ਵਿਚ ਇਕੱਲੀ ਉਸ ਦੀ ਧੀ ਮਨਪ੍ਰੀਤ ਕੌਰ ਹੀ ਰਹਿ ਗਈ ਹੈ। ਉਹ ਕਹਿੰਦੀ ਹੈ ਕਿ ਬਾਬਲ ਦਾ ਘਰ ਅੱਜ ਭਾਂਅ-ਭਾਂਅ ਕਰਦਾ ਹੈ। ਪਿੰਡ ਦੇ ਸਾਬਕਾ ਸਰਪੰਚ ਬਿੱਕਰ ਸਿੰਘ ਦਾ ਕਹਿਣਾ ਹੈ ਕਿ ਇਸ ਪਰਿਵਾਰ ਨੂੰ ਅਜੇ ਤੱਕ ਕੋਈ ਸਰਕਾਰੀ ਸਹਾਇਤਾ ਨਹੀਂ ਮਿਲੀ ਅਤੇ ਨਾ ਹੀ ਇਸਦੀ ਕੋਈ ਆਸ ਵਿਖਾਈ ਦਿੰਦੀ ਹੈ।
ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਪੰਜਾਬ ਦੇ ਕਿਸਾਨਾਂ ਨੇ ਪੂਰੇ ਦੇਸ਼ ਲਈ ਦੁੱਧ, ਸਬਜ਼ੀਆਂ ਅਤੇ ਅਨਾਜ ਪੈਦਾ ਕਰਕੇ ਦਿੱਤਾ ਅਤੇ ਕਿਸਾਨਾਂ ਨੂੰ ਰੇਹ, ਬੀਜ, ਸਪਰੇਅ ਅਤੇ ਮਸ਼ੀਨਰੀਆਂ ਵੇਚਣ ਵਾਲੇ ਮਾਲਾਮਾਲ ਹੋ ਗਏ ਪਰ ਅੰਨਦਾਤਾ ਸਿਰ ਚੜ੍ਹੀਆਂ ਕਰਜ਼ੇ ਦੀਆਂ ਪੰਡਾਂ ਨੇ ਪੀੜ੍ਹੀ ਦਰ ਪੀੜ੍ਹੀ ਕਿਸਾਨ ਪਰਿਵਾਰਾਂ ਨੂੰ ਕਰਨੈਲ ਸਿੰਘ ਦੇ ਟੱਬਰ ਵਾਂਗ ਖੁਦਕੁਸ਼ੀਆਂ ਕਰਨ ਲਈ ਮਜਬੂਰ ਕਰ ਦਿੱਤਾ ਜਿਸ ਕਰਕੇ ਵੱਸਦੇ ਪਰਿਵਾਰਾਂ ਦੇ ਘਰਾਂ ਨੂੰ ਹੁਣ ਜਿੰਦਰੇ ਵੱਜਣੇ ਸ਼ੁਰੂ ਹੋ ਗਏ ਹਨ। ਉਨ੍ਹਾਂ ਕਿਹਾ ਕਿ ਅਜਿਹੇ ਜਿੰਦਰਿਆਂ ਨੂੰ ਲੱਗਣ ਤੋਂ ਰੋਕਣ ਲਈ ਕਿਸਾਨਾਂ ਦੇ ਸਮੁੱਚੇ ਕਰਜ਼ੇ ਖ਼ਤਮ ਕਰਨ ਦੀ ਤੁਰੰਤ ਲੋੜ ਹੈ ਅਤੇ ਖੇਤੀ ਕਿੱਤੇ ਨੂੰ ਲਾਹੇਵੰਦ ਧੰਦਾ ਬਣਾਇਆ ਜਾਵੇ, ਜਦੋਂ ਕਿ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਪਹਿਲ ਦੇ ਆਧਾਰ ’ਤੇ ਮੁੜ ਵਸੇਬੇ ਲਈ ਸਰਕਾਰ ਨੂੰ ਯਤਨ ਕਰਨੇ ਚਾਹੀਦੇ ਹਨ।


Comments Off on ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.