ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਸੁਰੱਖਿਆ ਬਲਾਂ ’ਚ ਔਰਤਾਂ

Posted On September - 10 - 2019

ਸੰਵਿਧਾਨ ਵਿਚ ਬਰਾਬਰ ਦੇ ਹੱਕ ਦੇ ਬਾਵਜੂਦ ਆਰਥਿਕ, ਸਿਆਸੀ ਤੇ ਸਮਾਜਿਕ ਖੇਤਰ ਵਿਚ ਔਰਤਾਂ ਲਈ ਬਰਾਬਰੀ ਦੀ ਜਗ੍ਹਾ ਅਜੇ ਵੀ ਦੂਰ ਦੀ ਗੱਲ ਹੈ। ਕੇਂਦਰੀ ਸੁਰੱਖਿਆ ਬਲਾਂ ਵਿਚ ਔਰਤਾਂ ਦੀ ਭਰਤੀ ਤੋਂ ਬਾਅਦ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਜਾਨਣ ਲਈ ਕੀਤੇ ਸਰਵੇ ਵਿਚ ਕਈ ਤੱਥ ਸਾਹਮਣੇ ਆਏ ਹਨ। ਬੀਐੱਸਐੱਫ਼ ਦੇ ਅਧਿਕਾਰੀ ਕੇ ਗਣੇਸ਼ ਵੱਲੋਂ ਕੀਤੇ ਅਧਿਐਨ ਮੁਤਾਬਿਕ ਔਰਤਾਂ ਕੇਂਦਰੀ ਬਲਾਂ ਵਿਚ ਦੇਸ਼ ਸੇਵਾ ਲਈ ਨਹੀਂ ਬਲਕਿ ਵਿੱਤੀ ਸੁਰੱਖਿਆ ਲਈ ਭਰਤੀ ਹੁੰਦੀਆਂ ਹਨ। ਇਸੇ ਕਰਕੇ ਬਹੁਤੀਆਂ ਔਰਤਾਂ ਸੇਵਾਮੁਕਤ ਹੋਣ ਤੱਕ ਨੌਕਰੀ ਵੀ ਨਹੀਂ ਕਰਨਾ ਚਾਹੁੰਦੀਆਂ। ਉਹ ਇਨ੍ਹਾਂ ਬਲਾਂ ਵਿਚ ਮਰਦਾਂ ਦੀ ਬੋਲਚਾਲ ਅਤੇ ਵਤੀਰੇ ਤੋਂ ਵੀ ਪ੍ਰੇਸ਼ਾਨ ਹੁੰਦੀਆਂ ਹਨ ਕਿਉਂਕਿ ਮਰਦਾਂ ਵਿਚ ਆਪਸ ਵਿਚ ਸੁਭਾਵਿਕ ਤੌਰ ’ਤੇ ਗੱਲਾਂ ਕਰਦੇ ਵੀ ਗਾਲ਼ਾਂ ਕੱਢਣ ਦੀ ਆਦਤ ਆਮ ਹੈ। ਕਈ ਥਾਵਾਂ ’ਤੇ ਸੁਰੱਖਿਆ ਫੋਰਸਾਂ ਵਿਚ ਸ਼ਾਮਿਲ ਔਰਤਾਂ ਲਈ ਲੋੜੀਂਦੀਆਂ ਜ਼ਰੂਰੀ ਸੇਵਾਵਾਂ ਦੀ ਸਹੂਲਤ ਨਹੀਂ, ਕਈ ਵਾਰ ਮਾਹਵਾਰੀ ਵਾਲੇ ਦਿਨਾਂ ’ਚ ਉਨ੍ਹਾਂ ਨੂੰ ਜ਼ਰੂਰਤ ਅਨੁਸਾਰ ਆਰਾਮ ਵੀ ਨਹੀਂ ਮਿਲਦਾ।
ਇਸ ਤੋਂ ਪਹਿਲਾਂ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਵੱਲੋਂ ਸਾਲ 2014 ਬਾਰੇ ਜਾਰੀ ਕੀਤੇ ਗਏ ਤੱਥਾਂ ਅਨੁਸਾਰ 2014 ਵਿਚ ਸੁਰੱਖਿਆ ਬਲਾਂ ਦੇ 175 ਕਰਮਚਾਰੀਆਂ ਨੇ ਖ਼ੁਦਕੁਸ਼ੀ ਕੀਤੀ ਜਿਨ੍ਹਾਂ ਵਿਚੋਂ 73 ਔਰਤਾਂ ਸਨ (ਭਾਵ 41.7%) ਜਦੋਂਕਿ ਸੁਰੱਖਿਆ ਬਲਾਂ ਵਿਚ ਔਰਤਾਂ ਦੀ ਗਿਣਤੀ 2 ਫ਼ੀਸਦੀ ਤੋਂ ਘੱਟ ਹੈ। ਸੁਰੱਖਿਆ ਬਲਾਂ ਵਿਚ ਔਰਤਾਂ ਦੀ ਭਰਤੀ ਅਤੇ ਔਰਤਾਂ ਦੀਆਂ ਰੈਜਮੈਂਟਾਂ ਬਣਾਉਣ ਦੇ ਫ਼ੈਸਲੇ ਕਰਨੇ ਤਾਂ ਆਸਾਨ ਹਨ ਪਰ ਔਰਤਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿਚ ਰੱਖਦਿਆਂ ਕੰਮ ਕਰਨ ਲਈ ਲੋੜੀਂਦਾ ਮਾਹੌਲ ਪੈਦਾ ਕਰਨਾ ਬਹੁਤ ਮੁਸ਼ਕਿਲ ਹੈ। ਸਾਡੇ ਦੇਸ਼ ਵਿਚ ਬੱਚਿਆਂ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਔਰਤਾਂ ਦੇ ਹਿੱਸੇ ਹੀ ਆਉਂਦੀ ਹੈ ਅਤੇ ਕੇਂਦਰੀ ਸੁਰੱਖਿਆ ਬਲਾਂ ਵਿਚ ਕੰਮ ਕਰਨ ਵਾਲੀਆਂ ਔਰਤਾਂ ਲਈ ਇਹ ਜ਼ਿੰਮੇਵਾਰੀ ਨਿਭਾਉਣਾ ਬਹੁਤ ਮੁਸ਼ਕਿਲ ਕੰਮ ਹੈ।
ਔਰਤਾਂ ਦੇ ਸੁਰੱਖਿਆ ਬਲਾਂ ਅਤੇ ਹੋਰ ਸੰਸਥਾਵਾਂ ਵਿਚ ਕੰਮ ਕਰਨ ਪ੍ਰਤੀ ਆਮ ਸਮਾਜਿਕ ਨਜ਼ਰੀਆ ਵੀ ਬਹੁਤਾ ਉਤਸ਼ਾਹਜਨਕ ਨਹੀਂ ਹੈ। ਔਰਤ ਨੂੰ ਜਾਇਦਾਦ ਵਿਚ ਬਰਾਬਰੀ ਦਾ ਹੱਕ ਮਿਲਣ ਦੇ ਬਾਵਜੂਦ ਸਮਾਜਿਕ ਢਾਂਚਾ ਆਪਣੇ ਆਪ ਨੂੰ ਇਸ ਨੂੰ ਅਮਲੀ ਰੂਪ ਦੇਣ ਲਈ ਤਿਆਰ ਨਹੀਂ ਕਰ ਸਕਿਆ। ਵਿਧਾਨ ਸਭਾਵਾਂ ਤੇ ਸੰਸਦ ਵਿਚ ਔਰਤਾਂ ਦੀ ਤੇਤੀ ਫ਼ੀਸਦੀ ਰਾਖਵੇਂਕਰਨ ਦੀ ਮੰਗ ਲਗਭਗ ਤਿੰਨ ਦਹਾਕਿਆਂ ਤੋਂ ਲਟਕ ਰਹੀ ਹੈ। ਸੱਭਿਆਚਾਰਕ ਮਾਨਤਾਵਾਂ ਵਿਚ ਵੀ ਪਿੱਤਰ ਸੱਤਾ ਦਾ ਦਬਦਬਾ ਜੱਗ ਜ਼ਾਹਿਰ ਹੈ। ਸਿਆਸੀ ਖੇਤਰ ਵਿਚ ਔਰਤਾਂ ਦੀ ਹਿੱਸੇਦਾਰੀ ਅਸਰਦਾਇਕ ਨਾ ਹੋਣ ਕਾਰਨ ਉਨ੍ਹਾਂ ਦੀਆਂ ਲੋੜਾਂ ਅਤੇ ਜ਼ਰੂਰਤਾਂ ਉੱਤੇ ਧਿਆਨ ਕੇਂਦਰਿਤ ਹੋਣਾ ਸੰਭਵ ਨਹੀਂ ਹੋ ਸਕਿਆ। ਇਸ ਮਾਮਲੇ ਵਿਚ ਸਮਾਜ, ਸਰਕਾਰ ਅਤੇ ਰਾਜ ਪ੍ਰਬੰਧ ਨੇ ਲੰਮਾ ਪੈਂਡਾ ਤੈਅ ਕਰਨਾ ਹੈ। ਔਰਤਾਂ ਨੂੰ ਆਪਣੇ ਹੱਕਾਂ ਲਈ ਲੜਦਿਆਂ ਸ਼ਾਇਦ ਕਈ ਉਨ੍ਹਾਂ ਕੰਮਾਂ ਤੋਂ ਇਨਕਾਰ ਕਰਨਾ ਵੀ ਸਿੱਖਣਾ ਪੈਣਾ ਹੈ ਜੋ ਰਵਾਇਤ ਤੇ ਮਰਿਆਦਾ ਦੇ ਨਾਂ ’ਤੇ ਔਰਤਾਂ ’ਤੇ ਥੋਪੇ ਜਾਂਦੇ ਹਨ। ਅਜਿਹੀ ਚੇਤਨਾ ਬਣਾਉਣ ਦੇ ਉਪਰਾਲੇ ਔਰਤਾਂ ਨੂੰ ਖ਼ੁਦ ਕਰਨੇ ਪੈਣੇ ਹਨ।


Comments Off on ਸੁਰੱਖਿਆ ਬਲਾਂ ’ਚ ਔਰਤਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.