ਗੁਰੂ ਨਾਨਕ ਚਿੰਤਨਧਾਰਾ ਵਿਚ ਕਿਰਤ ਦਾ ਸੰਕਲਪ !    ਚੜਿਆ ਸੋਧਣਿ ਧਰਿਤੀ ਲੁਕਾਈ !    ਅਫ਼ਗਾਨ ਚੋਣਾਂ: ਵੋਟਾਂ ਦੀ ਗਿਣਤੀ ਮੁੜ ਸ਼ੁਰੂ !    ਹਾਂਗਕਾਂਗ ’ਚ ਪੁਲੀਸ ਨੇ ਪ੍ਰਦਰਸ਼ਨਕਾਰੀ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦੋ ਦਹਿਸ਼ਤਗਰਦ ਹਲਾਕ !    ਚੱਕਰਵਾਤੀ ਤੂਫ਼ਾਨ: ਮਮਤਾ ਵੱਲੋਂ ਮ੍ਰਿਤਕਾਂ ਦੇ ਵਾਰਿਸਾਂ ਦੀ ਮਾਲੀ ਮਦਦ !    ਕਰਨਾਟਕ ਦੇ ਅਯੋਗ ਵਿਧਾਇਕਾਂ ਦੀ ਅਰਜ਼ੀ ’ਤੇ ਫ਼ੈਸਲਾ ਭਲਕੇ !    ਭਾਸ਼ਾ ਵਿਭਾਗ ਲਈ ਸੁਲਤਾਨਪੁਰ ਲੋਧੀ ਤੇ ਡੇਰਾ ਬਾਬਾ ਨਾਨਕ ਕੋਹਾਂ ਦੂਰ !    ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ‘ਬਾਬਾ ਨਾਨਕ 550 ਸਰਵੋਤਮ ਟਰਾਫ਼ੀ’ ਜਿੱਤੀ !    ਹਰਿਆਣਾ ਤੇ ਹਿਮਾਚਲ ਦੇ ਮੁੱਖ ਮੰਤਰੀ ਬੇਰ ਸਾਹਿਬ ਨਤਮਸਤਕ !    

ਸਿਆਸੀ ਨੈਤਿਕਤਾ

Posted On September - 11 - 2019

ਪਿਛਲੀ ਸਦੀ ਦੇ 1919, 1947 ਤੇ 1984 ਦੇ ਵਰ੍ਹੇ ਪੰਜਾਬੀਆਂ ਨੂੰ ਕਦੇ ਨਹੀਂ ਭੁੱਲਣੇ। ਪੰਜਾਬੀਆਂ ਨੇ ਮੁੱਢ ਕਦੀਮ ਤੋਂ ਹਮਲਾਵਰਾਂ ਤੇ ਜਾਬਰਾਂ ਦਾ ਸਾਹਮਣਾ ਕੀਤਾ ਹੈ। ਪਿਛਲੀ ਸਦੀ ਦੇ ਇਨ੍ਹਾਂ ਵਰ੍ਹਿਆਂ ਨੇ ਪੰਜਾਬ ਅਤੇ ਪੰਜਾਬੀਅਤ ਦੇ ਸਰੀਰ ’ਤੇ ਡੂੰਘੇ ਪਛ ਲਾਏ ਹਨ। 1984 ਵਿਚ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਸੱਤਾ ਵਿਚਲੇ ਕੁਝ ਤੱਤਾਂ ਅਤੇ ਹਿੰਸਕ ਫ਼ਿਰਕਾਪ੍ਰਸਤ ਭੀੜਾਂ ਨੇ ਦਿੱਲੀ ਅਤੇ ਹੋਰ ਕਈ ਥਾਵਾਂ ’ਤੇ ਸਿੱਖਾਂ ਦਾ ਕਤਲੇਆਮ ਕੀਤਾ। ਦਿੱਲੀ ਵਿਚ ਇਹ ਵਰਤਾਰਾ ਵੱਡੀ ਪੱਧਰ ’ਤੇ ਵਾਪਰਿਆ।
ਇਨ੍ਹਾਂ ਘਿਨੌਣੇ ਕਤਲੇਆਮਾਂ ਤੋਂ ਬਾਅਦ 1985 ਵਿਚ ਕਾਂਗਰਸ ਬਹੁਤ ਵੱਡੀ ਬਹੁਗਿਣਤੀ ਨਾਲ ਤਾਕਤ ਵਿਚ ਆਈ। ਸੱਤਾ ਦੇ ਗ਼ਰੂਰ ਅਤੇ ਦੇਸ਼ ਵਿਚ ਬਣੀ ਰਹੀ ਘੱਟ ਗਿਣਤੀਆਂ ਸਬੰਧੀ ਸੋਚ ਨੇ ਹਜ਼ਾਰਾਂ ਮੌਤਾਂ ਨਾਲ ਸਬੰਧਤ ਕੇਸਾਂ ਦੀ ਤਫ਼ਤੀਸ਼ ਨੂੰ ਲਗਭਗ ਠੰਢੇ ਬਸਤੇ ਵਿਚ ਪਾ ਦਿੱਤਾ। ਪੰਜਾਬੀ ਅਤੇ ਸਿੱਖ ਉਸ ਵੇਲੇ ਲਗਾਤਾਰ ਸਰਕਾਰੀ ਤਸ਼ੱਦਦ ਦਾ ਸਾਹਮਣਾ ਕਰ ਰਹੇ ਸਨ ਅਤੇ ਬਹੁਤ ਸਾਰੇ ਕੇਸਾਂ ਦੀ ਪੈਰਵੀ ਸਹੀ ਢੰਗ ਨਾਲ ਨਾ ਹੋ ਸਕੀ। ਸਿਆਸੀ ਜਮਾਤ, ਸਰਕਾਰੀ ਢਾਂਚੇ ਅਤੇ ਪੁਲੀਸ ਨੇ ਪੀੜਤ ਲੋਕਾਂ ਨੂੰ ਨਿਆਂ ਦਿਵਾਉਣ ਵੱਲ ਕੋਈ ਧਿਆਨ ਨਾ ਦਿੱਤਾ। ਜਮਹੂਰੀ ਅਧਿਕਾਰਾਂ ਸਬੰਧੀ ਕੁਝ ਸੰਗਠਨਾਂ ਨੇ ਇਸ ਸਬੰਧ ਵਿਚ ਤੱਥ ਇਕੱਠੇ ਕੀਤੇ ਜਿਨ੍ਹਾਂ ਵਿਚ ਕਾਂਗਰਸੀ ਆਗੂਆਂ ਦੁਆਰਾ ਹਿੰਸਾ ਭੜਕਾਏ ਜਾਣ ਵਾਲੀ ਭੂਮਿਕਾ ਉੱਭਰ ਕੇ ਸਾਹਮਣੇ ਆਈ। ਇਨ੍ਹਾਂ ਵਿਚ ਐੱਚਕੇਐੱਲ ਭਗਤ, ਜਗਦੀਸ਼ ਟਾਈਟਲਰ, ਕਮਲ ਨਾਥ, ਸੱਜਣ ਕੁਮਾਰ, ਧਰਮ ਦਾਸ ਸ਼ਾਸਤਰੀ ਤੇ ਹੋਰ ਕਾਂਗਰਸੀ ਆਗੂਆਂ ਦੇ ਨਾਂ ਸ਼ਾਮਿਲ ਸਨ। ਕਈ ਨਾਮਵਰ ਵਕੀਲਾਂ ਅਤੇ ਸੰਸਥਾਵਾਂ ਨੇ ਇਸ ਸਬੰਧ ਵਿਚ ਆਵਾਜ਼ ਉਠਾਈ ਪਰ ਸੱਤਾ ਵਿਚ ਬੈਠੇ ਲੋਕਾਂ ਦੀ ਪੁਲੀਸ ਅਤੇ ਹੋਰ ਤਫ਼ਤੀਸ਼ ਵਾਲੀਆਂ ਏਜੰਸੀਆਂ ਉੱਤੇ ਪਕੜ ਏਨੀ ਮਜ਼ਬੂਤ ਸੀ ਕਿ ਬਹੁਤ ਸਾਰੇ ਕੇਸਾਂ ਵਿਚ ਤਫ਼ਤੀਸ਼ ਅੱਗੇ ਨਾ ਵਧੀ। ਸਮੇਂ ਦੇ ਬੀਤਣ ਨਾਲ ਲੋਕਾਂ ’ਚ ਨਿਰਾਸ਼ਾ ਵਧੀ, ਤਫ਼ਤੀਸ਼ ਦੀਆਂ ਕੜੀਆਂ ਟੁੱਟਣ ਲੱਗੀਆਂ ਅਤੇ ਗਵਾਹ ਘਟਦੇ ਗਏ। ਇਨ੍ਹਾਂ ਕਤਲੇਆਮਾਂ ਦੀ ਪੜਤਾਲ ਕਰਨ ਲਈ ਕਈ ਕਮੇਟੀਆਂ ਤੇ ਜੁਡੀਸ਼ੀਅਲ ਕਮਿਸ਼ਨ ਵੀ ਬਣਾਏ ਗਏ ਅਤੇ ਉਨ੍ਹਾਂ ਨੇ ਵੀ ਕਈ ਤੱਥ ਸਾਹਮਣੇ ਲਿਆਂਦੇ ਪਰ ਨਿਆਂ ਨਾ ਮਿਲ ਸਕਿਆ। ਦਿੱਲੀ ਪੁਲੀਸ ਦੇ ਰਜਿਸਟਰ ਕੀਤੇ 587 ਕੇਸਾਂ ਵਿਚੋਂ ਕੁਝ ਕੇਸਾਂ ਤੋਂ ਬਿਨਾਂ ਬਾਕੀ ਦੇ ਸਾਰੇ ਕੇਸਾਂ ਵਿਚ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਿਚ ਅਸਫ਼ਲ ਰਹੀ। ਇਸ ਅਸਲਫ਼ਤਾ ਦਾ ਮੁੱਖ ਕਾਰਨ ਸਿਆਸੀ ਇੱਛਾ ਸ਼ਕਤੀ ਦੀ ਘਾਟ ਸੀ। ਦਿੱਲੀ ਵਿਚ ਸੁਲਤਾਨਪੁਰੀ, ਮੁੰਗੋਲਪੁਰੀ, ਤ੍ਰਿਲੋਕਪੁਰੀ ਅਤੇ ਹੋਰ ਇਲਾਕਿਆਂ ਵਿਚ ਹੋਏ ਕਤਲੇਆਮਾਂ ਦੇ ਪੀੜਤਾਂ ਨੂੰ ਨਿਆਂ ਪ੍ਰਾਪਤ ਕਰਨ ਲਈ ਵਰ੍ਹਿਆਂ ਦੇ ਵਰ੍ਹੇ ਅਦਾਲਤਾਂ ਦਾ ਬੂਹਾ ਖੜਕਾਉਣਾ ਪਿਆ। 2018 ਵਿਚ ਸੁਪਰੀਮ ਕੋਰਟ ਨੇ ਇਕ ਵਿਸ਼ੇਸ਼ ਜਾਂਚ ਏਜੰਸੀ (ਸਪੈਸ਼ਲ ਇਨਵੈਸਟੀਗੇਸ਼ਨ ਟੀਮ-ਸਿੱਟ) ਬਣਾ ਕੇ ਕੇਸਾਂ ਦੀ ਦੁਬਾਰਾ ਜਾਂਚ ਕਰਨ ਦੇ ਆਦੇਸ਼ ਦਿੱਤੇ।
ਐੱਸਆਈਟੀ ਦੀ ਤਫ਼ਤੀਸ਼ ਕਾਰਨ ਕੁਝ ਲੋਕਾਂ ਨੂੰ ਸਜ਼ਾਵਾਂ ਹੋਈਆਂ। ਹੁਣੇ ਹੁਣੇ ਐੱਸਆਈਟੀ ਨੇ 7 ਹੋਰ ਕੇਸ ਦੁਬਾਰਾ ਤਫ਼ਤੀਸ਼ ਕਰਨ ਲਈ ਖੋਲ੍ਹੇ ਹਨ ਅਤੇ ਅਕਾਲੀ ਦਲ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਅਨੁਸਾਰ, ਉਨ੍ਹਾਂ ਵਿਚੋਂ ਇਕ ਵਿਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਦਾ ਨਾਂ ਵੀ ਆਉਂਦਾ ਹੈ। ਇਹ ਮੰਗ ਕੀਤੀ ਗਈ ਹੈ ਕਿ ਕਮਲ ਨਾਥ ਨੂੰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਏਦਾਂ ਦੀਆਂ ਮੰਗਾਂ ਪਹਿਲਾਂ ਵੀ ਕਈ ਵਾਰ ਉੱਠੀਆਂ ਪਰ ਐੱਚਕੇਐੱਲ ਭਗਤ, ਕਮਲ ਨਾਥ, ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਸੱਤਾ ਦੇ ਗਲਿਆਰਿਆਂ ਵਿਚ ਨਜ਼ਰ ਆਉਂਦੇ ਰਹੇ। ਇਸ ਸਬੰਧ ਵਿਚ ਕਾਂਗਰਸ ਪਾਰਟੀ ਨੇ ਕੋਈ ਸਿਆਸੀ ਨੈਤਿਕਤਾ ਨਹੀਂ ਵਿਖਾਈ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਭਾਵੇਂ ਇਸ ਸਬੰਧ ਵਿਚ ਲੋਕ ਸਭਾ ਵਿਚ ਮੁਆਫ਼ੀ ਮੰਗੀ ਸੀ ਪਰ ਕਾਂਗਰਸ ਕਦੀ ਵੀ ਮਜ਼ਬੂਤ ਸਿਆਸੀ ਇੱਛਾ ਵਿਖਾਉਂਦਿਆਂ ਉਨ੍ਹਾਂ ਸਿਆਸੀ ਆਗੂਆਂ ਵਿਰੁੱਧ ਸਖ਼ਤ ਕਾਰਵਾਈ ਨਹੀਂ ਕਰ ਸਕੀ, ਜਿਨ੍ਹਾਂ ਉੱਤੇ ਹਿੰਸਾ ਭੜਕਾਉਣ ਦੇ ਇਲਜ਼ਾਮ ਲੱਗੇ। 1984 ਦੇ ਕਤਲੇਆਮ ਹਜੂਮੀ ਹਿੰਸਾ ਦਾ ਸਿਖ਼ਰ ਸਨ। ਕਾਂਗਰਸ ਦੀ ਜਥੇਬੰਦੀ ਖੇਰੂੰ ਖੇਰੂੰ ਹੋ ਚੁੱਕੀ ਹੈ ਅਤੇ ਉਸ ਦੇ ਅਕਸ ਨੂੰ ਵੱਡਾ ਖੋਰਾ ਲੱਗਾ ਹੈ। ਸਿਆਸੀ ਨੈਤਿਕਤਾ ਮੰਗ ਕਰਦੀ ਹੈ ਕਿ ਉਹ ਉਨ੍ਹਾਂ ਸਿਆਸੀ ਆਗੂਆਂ ਨੂੰ ਪਾਰਟੀ ਤੋਂ ਬਾਹਰ ਕੱਢ ਦੇਵੇ ਜਿਨ੍ਹਾਂ ’ਤੇ ਅਜਿਹੇ ਇਲਜ਼ਾਮ ਲੱਗਦੇ ਰਹੇ ਹਨ।


Comments Off on ਸਿਆਸੀ ਨੈਤਿਕਤਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.