ਪੀਜੀਆਈ ਪਹੁੰਚਿਆ ਕੋਰੋਨਾ ਦਾ ਮਰੀਜ਼ !    ਟੀਮ ਨੂੰ ਧੋਨੀ ਦੀ ਘਾਟ ਰੜਕਦੀ ਹੈ: ਚਾਹਲ !    ਚੰਦਰ ਸ਼ੇਖਰ ਆਜ਼ਾਦ ਦੇ ਪੋਤਰੇ ਵੱਲੋਂ ਨਾਗਰਿਕਤਾ ਕਾਨੂੰਨ ਦੀ ਹਮਾਇਤ !    ਇਤਿਹਾਸਕ ਜੱਲ੍ਹਿਆਂਵਾਲਾ ਬਾਗ਼ ਵਿੱਚ ਨਹੀਂ ਲੱਗੇਗੀ ਦਾਖ਼ਲਾ ਟਿਕਟ !    ਪਤੰਗਾਂ ਚੜ੍ਹੀਆਂ ਅਸਮਾਨ; ਪੁਲੀਸ ਪ੍ਰੇਸ਼ਾਨ !    ਨਾਸਿਕ ਵਿੱਚ ਬੱਸ-ਆਟੋਰਿਕਸ਼ਾ ਦੀ ਟੱਕਰ, 20 ਹਲਾਕ !    ਮਾਤਾ ਖੀਵੀ ਜੀ !    ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਹੋਵੇ ਰੇਲਵੇ ਸਟੇਸ਼ਨ ਦਾ ਡਿਜ਼ਾਈਨ: ਔਜਲਾ !    ਸਿੱਖ ਲਹਿਰ ਦਾ ਅਣਗੌਲਿਆ ਪੰਨਾ ਨਿਹੰਗ ਖਾਂ !    ਸਲਮਾਨ ਖਾਨ ਦੀ ਹਰਕਤ ਤੋਂ ਗੋਆ ਵਾਸੀ ਗੁੱਸੇ ’ਚ !    

ਸਾਹਿਤ ਦੇ ਸਰੋਕਾਰ

Posted On September - 8 - 2019

ਡਾ. ਨਰੇਸ਼

ਕੋਈ ਡਾਰਵਿਨ ਦੇ ਸਿਧਾਂਤ ਨਾਲ ਸਹਿਮਤ ਹੋਵੇ ਜਾਂ ਨਾ ਹੋਵੇ, ਪਰ ਇਹ ਤਾਂ ਸਵੀਕਾਰ ਕਰਨਾ ਹੀ ਪਵੇਗਾ ਕਿ ਨੀਂਦ, ਭੁੱਖ, ਪਿਆਸ, ਸੰਭੋਗ ਆਦਿ ਪਾਸ਼ਵਿਕ ਤੱਤ ਮਨੁੱਖ ਦੇ ਵਿਅਕਤਿਤਵ ਦਾ ਅਨਿੱਖੜਵਾਂ ਅੰਗ ਹਨ। ਗੁੱਸੇ ਵਿਚ ਆਏ ਵਿਅਕਤੀ ਦਾ ਪਾਸ਼ਵਿਕ ਤੱਤ ਪ੍ਰਦਰਸ਼ਨ ਵੀ ਇਹੋ ਸਿੱਧ ਕਰਦਾ ਹੈ ਕਿ ਮਨੁੱਖ ਦੇ ਵਿਅਕਤਿਤਵ ਦਾ ਅੱਧਾ ਹਿੱਸਾ ਪਾਸ਼ਵਿਕ ਹੈ। ਇਸ ਦੇ ਬਾਵਜੂਦ ਮਨੁੱਖ ਨੂੰ ਸਿ੍ਰਸ਼ਟੀ ਦੀ ਸਰਵੋਤਮ ਰਚਨਾ ਆਖਿਆ ਗਿਆ ਹੈ। ਇਸ ਦਾ ਕਾਰਨ ਇਹ ਹੈ ਕਿ ਉਸ ਦਾ ਬਾਕੀ ਦਾ ਅੱਧਾ ਹਿੱਸਾ ਦਿੱਬਤਾ ਹੈ। ਖਿਮਾ, ਦਯਾ, ਕਰੁਣਾ, ਪ੍ਰੇਮ, ਤਿਆਗ ਆਦਿ ਦਿੱਬ ਗੁਣਾਂ ਦਾ ਧਾਰਨੀ ਹੋਣ ਕਾਰਨ ਉਸ ਨੂੰ ਸਿਰਜਣਹਾਰ ਦੀ ਸਰਵੋਤਮ ਰਚਨਾ ਆਖਿਆ ਗਿਆ ਹੈ। ਮਨੁੱਖ ਦੇ ਚੰਗਾ ਮਨੁੱਖ ਬਣਨ ਨਾਲ ਹੀ ਆਦਰਸ਼ ਸਮਾਜ ਦਾ ਨਿਰਮਾਣ ਸੰਭਵ ਹੈ। ਇਸ ਲਈ ਸਾਹਿਤ ਨੇ ਹਰ ਯੁੱਗ ਵਿਚ ਇਹ ਯਤਨ ਕੀਤਾ ਹੈ ਕਿ ਇਨਸਾਨ ਨੂੰ ਉਸ ਦੇ ਅੰਦਰ ਲੁਕੇ ਪਸ਼ੂਪੁਣੇ ਬਾਰੇ ਸੁਚੇਤ ਕਰਕੇ ਪਾਸ਼ਵਿਕ ਬਿਰਤੀਆਂ ਨੂੰ ਨਕਾਰਨ ਅਤੇ ਦਿਵਯ ਗੁਣਾਂ ਦੇ ਵਿਕਾਸ ਵੱਲ ਪ੍ਰੇਰਿਤ ਕੀਤਾ ਜਾਵੇ।
ਮਨੁੱਖੀ ਸੁਭਾਅ ਦੇ ਅਧਿਐਨ ਵਿਚ ਕਿਸੇ ਅੰਤਿਮ ਪਰਿਭਾਸ਼ਾ ਜਾਂ ਵਿਸ਼ਲੇਸ਼ਣ ਦੀ ਆਸ ਵੀ ਭੁਲੇਖਾ ਹੀ ਹੈ ਕਿਉਂਕਿ ਇਕ ਹੀ ਵਿਅਕਤੀ, ਸਮਾਨ ਸਥਿਤੀ ਹੋਣ ’ਤੇ ਵੀ ਵੱਖ ਵੱਖ ਮੌਕਿਆਂ ’ਤੇ ਵੱਖ ਵੱਖ ਤਰ੍ਹਾਂ ਦੇ ਵਤੀਰੇ ਦਾ ਪ੍ਰਗਟਾਵਾ ਕਰਦਾ ਹੈ। ਉਸ ਦੀ ਆਂਤਰਿਕ ਅਸਥਿਰਤਾ ਉਸ ਦੀ ਮਾਨਸਿਕਤਾ ’ਤੇ ਭਾਰੂ ਹੋ ਕੇ ਇਕ ਹੀ ਵਿਅਕਤੀ ਪ੍ਰਤੀ ਉਸ ਦੇ ਵਤੀਰੇ ਨੂੰ ਭਿੰਨ ਰੂਪ ਪ੍ਰਦਾਨ ਕਰ ਦਿੰਦੀ ਹੈ। ਪਤਨੀ ਉਹੋ ਹੁੰਦੀ ਹੈ, ਪਤੀ ਵੀ ਉਹੋ ਹੁੰਦਾ ਹੈ, ਪਰ ਕਦੇ ਪਤੀ ਨੂੰ ਪਤਨੀ ਹੀਰ ਸਲੇਟੀ ਜਿਹੀ ਜਾਪਦੀ ਹੈ ਅਤੇ ਕਦੇ ਉਸ ਦੀ ਸ਼ਕਲ ਵੇਖਣ ਨੂੰ ਚਿੱਤ ਨਹੀਂ ਕਰਦਾ। ਇਸ ਲਈ ਜ਼ਰੂਰੀ ਨਹੀਂ ਕਿ ਸਥਿਤੀ ਬਦਲ ਗਈ ਹੋਵੇ। ਪਤੀ ਦੇ ਮਨ ਦਾ ਅਵਿਸ਼ਵਾਸ, ਸ਼ੰਕਾ, ਸ਼ੱਕ ਜਾਂ ਕੰਨਾਂ ਦਾ ਕੱਚ ਵੀ ਉਸ ਦੀ ਸੋਚ ਅਤੇ ਦ੍ਰਿਸ਼ਟੀ ਦੇ ਬਦਲਣ ਵਿਚ ਫ਼ੈਸਲਾਕੁਨ ਭੂਮਿਕਾ ਅਦਾ ਕਰਦਾ ਹੈ। ਇਸ ਲਈ ਆਦਮ ਯੁੱਗ ਤੋਂ ਲੈ ਕੇ ਅੱਜ ਤਕ ਸਾਹਿਤਕਾਰ ਇਨਸਾਨ ਨੂੰ ਸਮਝਣ-ਬੁੱਝਣ ਵਿਚ ਰੁੱਝਿਆ ਹੋਇਆ ਹੈ ਅਤੇ ਨਿਸ਼ਚੇ ਹੀ ਉਦੋਂ ਤਕ ਰੁੱਝਿਆ ਰਹੇਗਾ ਜਦੋਂ ਤਕ ਇਨਸਾਨ ਦਾ ਵਜੂਦ ਕਾਇਮ ਹੈ।
ਸਮੇਂ ਵਾਂਗ ਸਮਾਜ ਵੀ ਸਥਿਰ ਨਹੀਂ, ਪਰਿਵਰਤਨਸ਼ੀਲ ਹੈ। ਹਰ ਯੁੱਗ ਦੀਆਂ ਸਥਿਤੀਆਂ, ਆਕਾਂਖਿਆਵਾਂ, ਤ੍ਰਾਸਦੀਆਂ ਦੂਜੇ ਯੁੱਗ ਨਾਲੋਂ ਵੱਖਰੀਆਂ ਹੁੰਦੀਆਂ ਹਨ। ਸਮਾਜਿਕ ਦ੍ਰਿਸ਼ਟੀ ਤੋਂ ਮਨੁੱਖ ਦੇ ਵਿਕਾਸ ਦੀ ਗਾਥਾ ਸਾਹਿਤ ਰਚਨਾ ਲਈ ਉਪਜਾਊ ਪਿੱਠਭੂਮੀ ਦਾ ਕੰਮ ਕਰਦੀ ਹੈ। ਸਾਹਿਤਕਾਰ ਇਸ ਪਿੱਠਭੂਮੀ ਵਿਚੋਂ ਗੌਰਵਪੂਰਨ ਘਟਨਾਵਾਂ ਅਤੇ ਵਿਲੱਖਣ ਵਿਅਕਤਿਤਵਾਂ ਦੇ ਹਵਾਲੇ ਚੁਣ ਕੇ ਆਪਣੇ ਸਮੇਂ ਦੇ ਸਮਾਜ ਲਈ ਮਾਣ-ਸਨਮਾਨ ਦੇ ਸੰਦਰਭ ਤਲਾਸ਼ ਕਰਦਾ ਹੈ ਅਤੇ ਦਿਸ਼ਾ ਨਿਰਧਾਰਨ ਕਰਨ ਬਾਰੇ ਲੋੜੀਂਦੇ ਸੰਕੇਤ ਵੀ ਮੁਹੱਈਆ ਕਰਦਾ ਹੈ। ਇਹ ਸਿਲਸਿਲਾ ਵੀ ਸਦੀਵੀ ਹੈ।
ਅੱਜ ਦਾ ਸਾਹਿਤ ਲੇਖਣ ਜਿਸ ਦੌਰ ਵਿਚਦੀ ਲੰਘ ਰਿਹਾ ਹੈ, ਉਹ ਬੜਾ ਭਿਆਨਕ ਹੈ। ਮਨੁੱਖ ਦੀ ਹੋਂਦ ਨੂੰ ਜਿੰਨਾ ਖ਼ਤਰਾ ਅੱਜ ਦਰਪੇਸ਼ ਹੈ, ਓਨਾ ਸ਼ਾਇਦ ਪਹਿਲਾਂ ਕਦੇ ਨਹੀਂ ਰਿਹਾ। ਕੌਮਾਂਤਰੀ ਗਤੀਵਿਧੀਆਂ ਮਨੁੱਖ ਨੂੰ ਵਸਤੂ ਬਣਾਉਣ ਵਿਚ ਰੁੱਝੀਆਂ ਹੋਈਆਂ ਹਨ। ਬਾਜ਼ਾਰ ਦੀ ਨਜ਼ਰ ਵਿਚ ਮਨੁੱਖੀ ਸੰਵੇਦਨਾ, ਭਾਵਨਾਵਾਂ, ਅਹਿਸਾਸਾਂ ਦਾ ਕੋਈ ਮੁੱਲ ਨਹੀਂ। ਉਨ੍ਹਾਂ ਦੀ ਨਜ਼ਰ ਵਿਚ ਸੂਖ਼ਮ ਨਹੀਂ, ਸਥੂਲ ਹੀ ਯਥਾਰਥ ਹੈ। ਭਾਰਤ ਦੇ ਸੰਦਰਭ ਵਿਚ ਵੇਖੀਏ ਤਾਂ ਭਾਰਤੀ ਸਮਾਜ ਨੇ ਪਿਛਲੀ ਅੱਧੀ ਸਦੀ ਵਿਚ ਮੂਲ ਇਕਾਈ ਭਾਵ ਸੰਯੁਕਤ ਪਰਿਵਾਰ ਦੀ ਸੰਸਥਾ ਹੀ ਤੋੜ ਸੁੱਟੀ ਹੈ। ਸਿੱਟੇ ਵਜੋਂ ਮਨੁੱਖ ਇਕੱਲਾ ਪੈ ਗਿਆ ਹੈ। ਇੱਕਲ ਨੇ ਉਸ ਨੂੰ ਅੰਤਰਮੁਖੀ ਬਣਾ ਦਿੱਤਾ ਹੈ ਅਤੇ ਉਹ ਅਨੇਕ ਪ੍ਰਕਾਰ ਦੀਆਂ ਕੁੰਠਾਵਾਂ ਦਾ ਸ਼ਿਕਾਰ ਹੋ ਗਿਆ ਹੈ। ਇਸੇ ਦਾ ਨਤੀਜਾ ਸੀ ਕਿ ਸਮਾਜਿਕ ਚਿੰਤਾ ਨਾਲ ਗੜੂੰਦ ਪ੍ਰਗਤੀਸ਼ੀਲ ਸਾਹਿਤ ਪ੍ਰਯੋਗਵਾਦ ਹੱਥੋਂ ਮਾਤ ਖਾ ਗਿਆ। ਕਵਿਤਾ ਅ-ਕਵਿਤਾ ਬਣ ਗਈ ਅਤੇ ਕਹਾਣੀ ਅ-ਕਹਾਣੀ ਬਣ ਗਈ। ਇਨਸਾਨੀ ਕਦਰਾਂ-ਕੀਮਤਾਂ ਦੀ ਗੱਲ ਕਰਨੀ ਬੰਦ ਹੋ ਗਈ। ਰਾਜਨੀਤੀ ਦਾ ਅਪਰਾਧੀਕਰਨ ਹੋ ਗਿਆ। ਸਮਾਜੀ ਕਦਰਾਂ-ਕੀਮਤਾਂ ਢਹਿ-ਢੇਰੀ ਹੋ ਗਈਆਂ। ਗਣਤੰਤਰ ਵਿਚ ਗਣਾਂ ਨੇ ਆਤਮ-ਕੇਂਦਰਿਤ ਹੋਣਾ ਸ਼ੁਰੂ ਕਰ ਦਿੱਤਾ। ਪਰਜਾਤੰਤਰ, ਭੀੜਤੰਤਰ ਬਣਨ ਲੱਗਾ। ਲੋਕਤੰਤਰ ਵਿਚ ਪੰਜਾਹ ਫ਼ੀਸਦੀ ਲੋਕਾਂ ਨੇ ਆਪਣੀ ਭਾਗੀਦਾਰੀ ਤੋਂ ਹੱਥ ਖਿੱਚ ਲਿਆ। ਰਸ, ਗੰਧ, ਸੁਹਜ ਤੋਂ ਊਣਾ ਸਾਹਿਤ ਕਦੇ ਕਦਾਈਂ ਦੇ ਪ੍ਰਤੀਕਾਤਮਕ ਵਿਰੋਧ ਤਕ ਸੀਮਿਤ ਹੋ ਗਿਆ। ਰਚਨਾ ਦੇ ਨਾਲ ਰਚਨਾਕਾਰ ਦੀ ਪ੍ਰਤੀਬੱਧਤਾ ਕਮਜ਼ੋਰ ਪੈ ਗਈ। ਸਮਾਜ ਪ੍ਰਤੀ ਉਦਾਸੀਨ ਸਾਹਿਤ ਨਵੇਂ ਟੈਗੋਰ, ਪ੍ਰੇਮਚੰਦ, ਕ੍ਰਿਸ਼ਨ ਚੰਦਰ, ਨਾਨਕ ਸਿੰਘ ਵਰਗੇ ਸਾਹਿਤਕਾਰ ਪੈਦਾ ਕਰਨ ਵਿਚ ਅਸਮੱਰਥ ਵਿਖਾਈ ਦੇਣ ਲੱਗਾ।
ਸਾਹਿਤ ਜਾਦੂ ਦੀ ਛੜੀ ਨਹੀਂ ਕਿ ਘੁਮਾਈ ਤੇ ਮਨਭਾਉਂਦੀ ਵਸਤੂ ਪ੍ਰਾਪਤ ਹੋ ਗਈ। ਸਾਹਿਤ ਆਪਣਾ ਪ੍ਰਭਾਵ ਵਿਖਾਉਣ ਵਿਚ ਲੰਮਾ ਸਮਾਂ ਲੈਂਦਾ ਹੈ। ਇਹ ਪਾਠਕ ਦੇ ਅੰਦਰ ਡੂੰਘਾ ਉਤਰ ਕੇ ਉਸ ਦੀ ਮਾਨਸਿਕਤਾ ਨੂੰ ਪ੍ਰਭਾਵਿਤ ਕਰਦਾ ਹੈ, ਉਸ ਦੀ ਸੋਚ ਦਾ ਨਿਰਮਾਣ ਕਰਦਾ ਹੈ। ਰਚਨਾਕਾਰ ਆਪਣੀ ਕਮਾਈ ਹੋਈ ਸੂਝ-ਬੂਝ ਅਤੇ ਕੁਦਰਤ ਵੱਲੋਂ ਪ੍ਰਾਪਤ ਪ੍ਰਤਿਭਾ ਸਹਾਰੇ ਭਵਿੱਖ ਲਈ ਜਿਹੋ ਜਿਹੇ ਸਮਾਜ ਦਾ ਸੁਪਨਾ ਵੇਖਦਾ ਹੈ, ਉਹ ਉਸ ਨੂੰ ਟੁਕੜਾ-ਟੁਕੜਾ ਆਪਣੀਆਂ ਰਚਨਾਵਾਂ ਵਿਚ ਢਾਲਦਾ ਹੈ। ਪਾਠਕ ਵੀ ਇਸ ਸੁਪਨੇ ਨੂੰ ਟੁਕੜਿਆਂ ਵਿਚ ਹੀ ਗ੍ਰਹਿਣ ਕਰਦਾ ਹੈ, ਪਰ ਜਦੋਂ ਇਹ ਟੁਕੜੇ ਪਾਠਕ ਦੀ ਚੇਤਨਾ ਵਿਚ ਸਮਾ ਜਾਂਦੇ ਹਨ ਤਾਂ ਉਹ ਇਨ੍ਹਾਂ ਟੁਕੜਿਆਂ ਨੂੰ ਜੋੜ ਕੇ ਪੂਰੀ ਤਸਵੀਰ ਬਣਾ ਲੈਂਦਾ ਹੈ। ਇਹੋ ਉਹ ਪ੍ਰਕਿਰਿਆ ਹੈ ਜਿਸ ਰਾਹੀਂ ਸਾਹਿਤ ਪਾਠਕ ਦੀ ਸੋਚ ਦਾ ਨਿਰਮਾਣ ਕਰਦਾ ਹੈ।
ਅਫ਼ਸੋਸ ਦੀ ਗੱਲ ਹੈ ਕਿ ਵਰਤਮਾਨ ਲੇਖਣ ਸਦੀਵੀ ਸੱਚਾਈਆਂ ਦੀ ਥਾਂ ਕਾਲਿਕ ਸੱਚਾਈਆਂ ਮਗਰ ਤੁਰ ਪਿਆ ਹੈ। ਕਾਲਿਕ ਸੱਚਾਈਆਂ ਵੀ ਸੱਚਾਈਆਂ ਹੁੰਦੀਆਂ ਹਨ, ਪਰ ਉਹ ਸਦਾ ਸੱਚ ਨਹੀਂ ਰਹਿੰਦੀਆਂ। ਸਦੀਵੀ ਸੱਚਾਈਆਂ ਅਟਲ ਹੁੰਦੀਆਂ ਹਨ, ਉਨ੍ਹਾਂ ਵਿਚ ਬਦਲਾਅ ਨਹੀਂ ਆਉਂਦਾ। ਅੱਜ ਅਮਰੀਕਾ ਦੁਨੀਆਂ ਦਾ ਸਭ ਤੋਂ ਵੱਧ ਸ਼ਕਤੀਸ਼ਾਲੀ ਦੇਸ਼ ਹੈ, ਸੱਚ ਹੈ, ਪਰ ਇਹ ਸਦੀਵੀਂ ਸੱਚ ਨਹੀਂ ਕਿਉਂਕਿ ਕੁਝ ਸਮਾਂ ਪਹਿਲਾਂ ਅਮਰੀਕਾ ਇੰਨਾ ਸ਼ਕਤੀਸ਼ਾਲੀ ਦੇਸ਼ ਨਹੀਂ ਸੀ ਅਤੇ ਸੰਭਵ ਹੈ ਆਉਣ ਵਾਲੇ ਸਮੇਂ ਵਿਚ ਕੋਈ ਹੋਰ ਦੇਸ਼ ਉਸ ਤੋਂ ਵੀ ਵੱਧ ਸ਼ਕਤੀਸ਼ਾਲੀ ਬਣ ਜਾਵੇ। ਇਹੋ ਕਾਲਿਕ ਸੱਚਾਈ ਹੈ। ਭੁੱਖ, ਨੀਂਦ, ਸੰਭੋਗ ਆਦਿ ਮਨੁੱਖ ਦੀਆਂ ਕੁਦਰਤੀ ਲੋੜਾਂ ਹਨ, ਇਹ ਸਦੀਵੀ ਸੱਚਾਈ ਹੈ। ਇਹ ਆਦਮ ਯੁੱਗ ਤੋਂ ਲੈ ਕੇ ਅੱਜ ਤਕ ਮਨੁੱਖ ਦੀਆਂ ਬੁਨਿਆਦੀ ਲੋੜਾਂ ਰਹੀਆਂ ਹਨ ਅਤੇ ਹਮੇਸ਼ਾਂ ਰਹਿਣਗੀਆਂ।
ਸਾਹਿਤ ਦਾ ਮੂਲ ਕਰਮ ਵਿਅਕਤੀ ਦੀ ਸੰਵੇਦਨਸ਼ੀਲਤਾ ਨੂੰ ਜਗਾਉਣਾ ਹੈ। ਸੰਵੇਦਨਸ਼ੀਲਤਾ ਕਾਰਨ ਹੀ ਮਨੁੱਖ ਨੂੰ ਪਸ਼ੂ ਤੋਂ ਵੱਖ ਕਰਕੇ ਵੇਖਿਆ ਜਾਂਦਾ ਹੈ। ਸੰਵੇਦਨਸ਼ੀਲਤਾ ਕਾਰਨ ਹੀ ਇਕ ਵਿਅਕਤੀ ਦੂਜੇ ਵਿਅਕਤੀ ਪ੍ਰਤੀ ਆਕਰਸ਼ਿਤ ਹੁੰਦਾ ਹੈ ਅਤੇ ਉਸ ਦੇ ਮੋਹ-ਬੰਧਨ ਵਿਚ ਬੱਝ ਕੇ ਉਸ ਦੇ ਸੁੱਖ-ਦੁੱਖ ਦਾ ਭਾਈਵਾਲ ਬਣਦਾ ਹੈ। ਉਸ ਦੀ ਇਹ ਭਾਈਵਾਲੀ ਮੋਹ-ਪ੍ਰੇਰਿਤ ਵੀ ਹੋ ਸਕਦੀ ਹੈ ਤੇ ਮਰਯਾਦਾਪੂਰਕ ਵੀ, ਪਰ ਵਿਅਕਤੀਆਂ ਦੀ ਇਸੇ ਭਾਈਚਾਰਗੀ ਨਾਲ ਸਮਾਜ ਬਣਦਾ ਹੈ, ਅਗਾਂਹ ਤੁਰਦਾ ਹੈ। ਸਾਹਿਤ ਆਪਣੇ ਪਾਠਕਾਂ ਨੂੰ ਜਿੰਨਾ ਵੱਧ ਸੰਵੇਦਨਸ਼ੀਲ ਬਣਾਵੇਗਾ, ਓਨਾ ਹੀ ਬਿਹਤਰ ਸਮਾਜ ਬਣੇਗਾ। ਯਥਾਰਥ ਦੇ ਨਾਂ ’ਤੇ ਪਾਠਕਾਂ ਦੀ ਮਾਨਸਿਕਤਾ ਨੂੰ ਕੁੰਠਾਵਾਂ ਵਿਚ ਗ੍ਰਸਿਤ ਕਰਨਾ ਸਾਹਿਤ ਦਾ ਧਰਮ ਨਹੀਂ। ਸੌੜੀ, ਫ਼ਿਰਕੂ, ਖੇਤਰਵਾਦੀ ਜਾਂ ਜਾਤੀਵਾਦੀ ਸੋਚ ਨਾਲ ਰਚਿਆ ਗਿਆ ਸਾਹਿਤ ਸਮਾਜ ਦਾ ਹਿਤ ਨਹੀਂ ਕਰਦਾ ਸਗੋਂ ਸਮਾਜ ਵਿਚ ਪਾੜੇ ਪਾਉਂਦਾ ਹੈ। ਇਸ ਲਈ ਜ਼ਰੂਰੀ ਹੈ ਕਿ ਸਾਹਿਤਕਾਰ ਹਰ ਤਰ੍ਹਾਂ ਦੇ ਪੱਖਪਾਤ ਤੋਂ ਉੱਪਰ ਉੱਠ ਕੇ ਸਮਾਜ ਦੀ ਨਬਜ਼ ’ਤੇ ਹੱਥ ਰੱਖੇ ਅਤੇ ਆਪਣੀਆਂ ਰਚਨਾਵਾਂ ਨੂੰ ਸਮਾਜ ਦਾ ਸ਼ੀਸ਼ਾ ਹੀ ਨਾ ਬਣਾਵੇ ਸਗੋਂ ਉਨ੍ਹਾਂ ਅੰਦਰ ਸਮਾਜ ਨੂੰ ਸ਼ੀਸ਼ਾ ਦਿਖਾਉਣ ਦੀ ਸ਼ਕਤੀ ਦਾ ਸੰਚਾਰ ਵੀ ਕਰੇ। ਜ਼ਰੂਰੀ ਹੈ ਕਿ ਸਾਹਿਤਕਾਰ ਆਪਣੇ ਸਮੇਂ ਦੀਆਂ ਚੁਣੌਤੀਆਂ ਨੂੰ ਜਾਣੇ, ਸਮਝੇ, ਉਨ੍ਹਾਂ ਦਾ ਵਿਸ਼ਲੇਸ਼ਣ ਕਰੇ ਅਤੇ ਆਪਣੀਆਂ ਰਚਨਾਵਾਂ ਦੁਆਰਾ ਪਾਠਕ ਨੂੰ ਇਨ੍ਹਾਂ ਚੁਣੌਤੀਆਂ ਦਾ ਮੁਕਾਬਲਾ ਕਰਨ ਦਾ ਹੌਸਲਾ ਵੀ ਦੇਵੇ ਅਤੇ ਆਪਣੇ ਵਿਵੇਕ ਅਨੁਸਾਰ ਦਿਸ਼ਾ ਵੀ ਦੇਵੇ।
ਤੁਲਸੀਦਾਸ ਨੇ ਰਾਮ ਚਰਿਤ ਮਾਨਸ ਰਚਦੇ ਸਮੇਂ ਭਾਰਤੀ ਸਮਾਜ ਸਾਹਮਣੇ ਪਰਿਵਾਰਕ, ਸਮਾਜਿਕ ਅਤੇ ਰਾਜਨੀਤਿਕ ਮਰਯਾਦਾ ਦਾ ਜੋ ਰੂਪ ਪ੍ਰਸਤੁਤ ਕੀਤਾ ਜਾਂ ਜਿਸ ਪ੍ਰਕਾਰ ਦੇ ਰਾਸ਼ਟਰੀ ਇਕਸੁਰਤਾ ਵਾਲੇ ਧਰਮ-ਉਦਾਰ ਭਾਰਤ ਦਾ ਸੁਪਨਾ ਪੇਸ਼ ਕੀਤਾ ਸੀ, ਉਹ ਅੱਜ ਵੀ ਓਨਾ ਹੀ ਪ੍ਰਾਸੰਗਿਕ ਹੈ ਜਿੰਨਾ ਪ੍ਰਾਸੰਗਿਕ ਅਕਬਰ ਦੇ ਸਮੇਂ ਸੀ। ਕੋਈ ਵੀ ਰਚਨਾ ਉਦੋਂ ਹੀ ਮਹਾਨ ਬਣਦੀ ਹੈ ਜਦੋਂ ਉਸ ਵਿਚ ਉਦੋਂ ਤਕ ਪ੍ਰਾਸੰਗਿਕ ਬਣੇ ਰਹਿਣ ਦੀ ਸਮਰੱਥਾ ਜਾਗਦੀ ਹੈ, ਜਦੋਂ ਤਕ ਰਚਨਾਕਾਰ ਦਾ ਸੁਪਨਾ ਸਾਕਾਰ ਨਹੀਂ ਹੋ ਜਾਂਦਾ। ਅੱਜ ਜੋ ਕੁਝ ਵੀ ਲਿਖਿਆ ਜਾ ਰਿਹਾ ਹੈ, ਉਸ ਨੂੰ ਜੀ ਆਇਆਂ ਆਖਦਿਆਂ ਅਸੀਂ ਇਹ ਕਾਮਨਾ ਤਾਂ ਕਰਾਂਗੇ ਹੀ ਕਿ ਰਚਨਾਕਾਰ ਆਪਣੀ ਸਮਾਜਿਕ ਜ਼ਿੰਮੇਵਾਰੀ ਦੇ ਨਿਰਬਾਹ ਵਿਚ ਸਮਝੌਤਾਵਾਦ ਤੋਂ ਨਿਰਲੇਪ ਰਹਿ ਕੇ ਅਜਿਹਾ ਪ੍ਰਾਣਵੰਤ ਸਾਹਿਤ ਰਚੇ ਜੋ ਬਿਹਤਰ ਸਮਾਜ ਦੀ ਰਚਨਾ ਲਈ ਸੌ ਫ਼ੀਸਦੀ ਸਹਾਇਕ ਹੋਵੇ।


Comments Off on ਸਾਹਿਤ ਦੇ ਸਰੋਕਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.