ਪੰਕਜ ਅਡਵਾਨੀ ਨੇ 22ਵਾਂ ਵਿਸ਼ਵ ਖ਼ਿਤਾਬ ਜਿੱਤਿਆ !    ਆਂਧਰਾ ਪ੍ਰਦੇਸ਼ ’ਚ ਸੈਲਾਨੀਆਂ ਦੀ ਕਿਸ਼ਤੀ ਪਲਟੀ, 12 ਡੁੱਬੇ !    ਓਮਾਨ ’ਚ ਸੜਕ ਹਾਦਸਾ; ਤਿੰਨ ਭਾਰਤੀ ਹਲਾਕ !    ਹਨੇਰਗ਼ਰਦੀ: ਅਤੀਤ ਤੇ ਵਰਤਮਾਨ... !    ਸਾਡੇ ਸਮਿਆਂ ਦਾ ਕੌੜਾ ਸੱਚ !    ਪਿਆਰ, ਸੁਰੱਖਿਆ, ਅਸੀਂ ਤੇ ਡਰੋਨ - ਪੀਜ਼ਾ ਕਿ ਬੰਬ? !    ਕੌਮਾਂਤਰੀ ਨਗਰ ਕੀਰਤਨ ਤਿਲੰਗਾਨਾ ਪੁੱਜਿਆ !    ਔਰਤ ਦਸ ਕਰੋੜ ਦੀ ਹੈਰੋਇਨ ਸਣੇ ਗ੍ਰਿਫ਼ਤਾਰ !    ਪ੍ਰਕਾਸ਼ ਪੁਰਬ: ਵਾਸ਼ਿੰਗਟਨ ’ਚ ਬਣੇਗੀ ਖਾਲਸਾ ਯੂਨੀਵਰਸਿਟੀ !    ਪੰਜਾਬ ਤੇ ਕਸ਼ਮੀਰ !    

ਸਾਡਾ ਬਦਲ ਰਿਹਾ ਵਰਤੋਂ-ਵਿਹਾਰ

Posted On September - 8 - 2019

ਨਰਿੰਦਰ ਸਿੰਘ ਕਪੂਰ
ਤਰਕ ਸ਼ਾਸਤਰ

ਜੀਵਨ ਵਿਚ ਵਿਅਕਤੀਆਂ ਅਤੇ ਵਸਤਾਂ ਨਾਲ ਸਾਡਾ ਨਿਰੰਤਰ ਵਾਹ ਪੈਂਦਾ ਰਹਿੰਦਾ ਹੈ। ਵਸਤਾਂ ਨੂੰ ਅਸੀਂ ਵਰਤਦੇ ਹਾਂ ਜਦੋਂਕਿ ਵਿਅਕਤੀਆਂ ਨਾਲ ਅਸੀਂ ਵਿਹਾਰ ਰਾਹੀਂ ਸਬੰਧ ਉਸਾਰਦੇ ਹਾਂ। ਕੁਝ ਨਾਲ ਸਾਡੇ ਸਬੰਧ ਨਿੱਘੇ ਹੁੰਦੇ ਹਨ, ਕਈਆਂ ਨਾਲ ਸਾਧਾਰਨ ਅਤੇ ਬਹੁਤਿਆਂ ਨਾਲ ਸਾਡੀ ਜਾਣ-ਪਛਾਣ ਹੀ ਹੁੰਦੀ ਹੈ। ਵਿਅਕਤੀਆਂ ਨਾਲ ਸਬੰਧਾਂ ਰਾਹੀਂ ਸਾਨੂੰ ਵਸਤਾਂ ਪ੍ਰਾਪਤ ਹੁੰਦੀਆਂ ਹਨ ਜਿਨ੍ਹਾਂ ਨਾਲ ਸਾਡਾ ਜੀਵਨ ਸੁਖਾਲਾ ਹੋ ਜਾਂਦਾ ਹੈ। ਵਸਤਾਂ ਦੀ ਵਰਤੋਂ ਨਾਲ ਅਸੀਂ ਨਵੇਂ ਵਿਅਕਤੀਆਂ ਨਾਲ ਸਬੰਧ ਸੁਧਾਰਦੇ ਹਾਂ। ਕਈ ਵਿਅਕਤੀਆਂ ਨਾਲੋਂ ਵਸਤਾਂ ਵਧੇਰੇ ਮਹੱਤਵਪੂਰਨ ਹੋ ਜਾਂਦੀਆਂ ਹਨ ਜਿਨ੍ਹਾਂ ਦੀ ਪ੍ਰਾਪਤੀ ਲਈ ਲੋਕ ਕਤਲ ਕਰਨ ਤਕ ਚਲੇ ਜਾਂਦੇ ਹਨ। ਵਿਅਕਤੀਆਂ ਅਤੇ ਵਸਤਾਂ ਵਿਚਕਾਰ ਮੁੱਖ ਅੰਤਰ ਇਹ ਹੁੰਦਾ ਹੈ ਕਿ ਵਸਤਾਂ ਦੀ ਤੁਲਨਾ ਵਿਚ ਵਿਅਕਤੀਆਂ ਨਾਲ ਵਰਤਣਾ ਮੁਸ਼ਕਿਲ ਅਤੇ ਗੁੰਝਲਦਾਰ ਹੁੰਦਾ ਹੈ। ਵਿਅਕਤੀ ਸੋਚਦੇ ਹਨ, ਉਨ੍ਹਾਂ ਦੀਆਂ ਭਾਵਨਾਵਾਂ ਹੁੰਦੀਆਂ ਹਨ, ਭੁੱਖ-ਪਿਆਸ ਲੱਗਦੀ ਹੈ, ਉਨ੍ਹਾਂ ਨੂੰ ਥਕਾਵਟ ਕਾਰਨ ਆਰਾਮ ਦੀ ਲੋੜ ਹੁੰਦੀ ਹੈ, ਉਹ ਸੀਮਾਵਾਂ ਅਤੇ ਸੰਭਾਵਨਾਵਾਂ ਵਿਚ ਬੱਝੇ ਹੁੰਦੇ ਹਨ। ਇਨ੍ਹਾਂ ਮੁਸ਼ਕਿਲਾਂ ਦੇ ਬਾਵਜੂਦ ਸਾਡੇ ਲਈ ਵਸਤਾਂ ਦੀ ਤੁਲਨਾ ਵਿਚ ਅਕਸਰ ਵਿਅਕਤੀ ਵਧੇਰੇ ਮਹੱਤਵਪੂਰਨ ਹੁੰਦੇ ਹਨ, ਕਾਰਨ ਇਹ ਹੈ ਕਿ ਵਿਅਕਤੀ ਦੇ ਵਿਹਾਰ ਵਿਚ ਲਚਕ ਹੁੰਦੀ ਹੈ ਅਤੇ ਉਸ ਤੋਂ ਚਾਹੇ ਅਨੁਸਾਰ ਕਾਰਜ ਕਰਵਾਇਆ ਜਾ ਸਕਦਾ ਹੈ। ਵਾਸਤਵ ਵਿਚ ਵਸਤਾਂ ਦਾ ਮਹੱਤਵ ਵੀ ਵਿਅਕਤੀਆਂ ਦੇ ਮਹੱਤਵ ਨਾਲ ਜੁੜਿਆ ਹੁੰਦਾ ਹੈ। ਕੁਰਸੀ ਵਸਤ ਹੈ, ਪਰ ਉਸ ’ਤੇ ਬੈਠਾ ਵਿਅਕਤੀ ਉਸ ਕੁਰਸੀ ਨੂੰ ਮਹੱਤਵ ਪ੍ਰਦਾਨ ਕਰਦਾ ਹੈ। ਵਿਅਕਤੀਆਂ ਵਿਚ ਸੋਚਣ ਅਤੇ ਪ੍ਰਗਟਾਉਣ ਦੀ ਯੋਗਤਾ ਹੁੰਦੀ ਹੈ ਜਦੋਂਕਿ ਵਸਤਾਂ ’ਤੇ ਲੱਗੀ ਮਿਹਨਤ ਅਨੁਸਾਰ ਉਨ੍ਹਾਂ ਦੀ ਕੀਮਤ ਹੁੰਦੀ ਹੈ। ਵਿਅਕਤੀਆਂ ਦਾ ਧਿਆਨ ਰੱਖਣਾ ਪੈਂਦਾ ਹੈ ਅਤੇ ਵਸਤਾਂ ਦੀ ਸੰਭਾਲ ਕਰਨੀ ਪੈਂਦੀ ਹੈ। ਵਿਅਕਤੀਆਂ ਨੂੰ ਅਸੀਂ ਤਿੰਨ ਆਧਾਰਾਂ ’ਤੇ ਮਿਲਦੇ ਹਾਂ: ਆਪਣੇ ਤੋਂ ਉੱਚੇ, ਬਰਾਬਰ ਅਤੇ ਨੀਵੇਂ। ਮਿਲਣ ਵੇਲੇ ਮਹੱਤਵਪੂਰਨ ਪੱਖ ਇਹ ਵੀ ਹੁੰਦਾ ਹੈ ਕਿ ਅਸੀਂ ਇਸਤਰੀ ਨੂੰ ਮਿਲ ਰਹੇ ਹਾਂ ਜਾਂ ਪੁਰਸ਼ ਨੂੰ। ਕਈ ਵਿਅਕਤੀਆਂ ਦੇ ਅਸੀਂ ਆਗੂ ਹੁੰਦੇ ਹਾਂ, ਕਈ ਸਾਡੇ ਆਗੂ ਹੁੰਦੇ ਹਨ। ਆਗੂਆਂ ਦੇ ਸੰਪਰਕ ਵਿਚ ਅਸੀਂ ਵਿਕਾਸ ਕਰਦੇ ਹਾਂ, ਵਸਤਾਂ ਦੀ ਪ੍ਰਾਪਤੀ ਨਾਲ ਅਸੀਂ ਫੈਲਦੇ ਹਾਂ। ਹਰ ਕੋਈ ਵਿਕਾਸ ਕਰਨਾ ਅਤੇ ਫੈਲਣਾ ਚਾਹੁੰਦਾ ਹੈ। ਇਨ੍ਹਾਂ ਕਾਰਨਾਂ ਕਰਕੇ ਸਾਡੇ ਲਈ ਵਿਅਕਤੀ ਅਤੇ ਵਸਤਾਂ ਦੋਵਾਂ ਦਾ ਮਹੱਤਵ ਹੁੰਦਾ ਹੈ। ਵਿਅਕਤੀਆਂ ਨਾਲ ਅਸੀਂ ਵਿਹਾਰ ਕਰਦੇ ਹਾਂ, ਵਸਤਾਂ ਦੀ ਅਸੀਂ ਵਰਤੋਂ ਕਰਦੇ ਹਾਂ। ਇਸ ਉਪਰਾਲੇ ਦੇ ਸਾਂਝੇ ਰੂਪ ਨੂੰ ਵਰਤੋਂ-ਵਿਹਾਰ ਕਿਹਾ ਜਾਂਦਾ ਹੈ।

ਨਰਿੰਦਰ ਸਿੰਘ ਕਪੂਰ

ਉਂਜ ਤਾਂ ਮਨੁੱਖ ਦਾ ਬੁਨਿਆਦੀ ਵਿਹਾਰ ਅੱਜ ਵੀ ਮਹਾਂਭਾਰਤ ਦੇ ਪਾਤਰਾਂ ਵਾਲਾ ਹੀ ਹੈ, ਪਰ ਸਿੱਖਿਆ ਦੇ ਫੈਲਣ, ਜੀਵਨ ਦੇ ਸ਼ਹਿਰੀਕਰਨ ਅਤੇ ਤਕਨਾਲੋਜੀ ਦੇ ਵਿਕਾਸ ਕਾਰਨ ਵਰਤੋਂ-ਵਿਹਾਰ ਦੇ ਨੇਮ ਵੀ ਬਦਲ ਰਹੇ ਹਨ। ਵਸੋਂ ਦਾ ਵੱਡਾ ਭਾਗ ਹਮੇਸ਼ਾ ਸਾਧਾਰਨ ਲੋਕਾਂ ਦਾ ਹੁੰਦਾ ਹੈ ਜਿਨ੍ਹਾਂ ਦਾ ਵਿਹਾਰ ਪਰੰਪਰਕ ਅਤੇ ਜਾਣਿਆ-ਪਛਾਣਿਆ ਹੁੰਦਾ ਹੈ। ਹਰੇਕ ਸਮਾਜ ਵਿਚ ਲਗਪਗ ਪੰਜ ਫ਼ੀਸਦੀ ਲੋਕ ਨਵੇਂ ਅਤੇ ਵੱਖਰੇ ਢੰਗ ਨਾਲ ਸੋਚਦੇ ਅਤੇ ਵਿਚਰਦੇ ਹਨ। ਇਹ ਪਤਵੰਤਾ ਜਾਂ ਕੁਲੀਨ ਵਰਗ ਹੁੰਦਾ ਹੈ। ਇਹ ਲੋਕ ਉਦੇਸ਼ ਉਸਾਰ ਕੇ ਅਤੇ ਨਿਸ਼ਾਨਾ ਮਿੱਥ ਕੇ ਜਿਊਂਦੇ ਹਨ। ਇਨ੍ਹਾਂ ਨੂੰ ਸਮਾਜ ਦੀ ਮੂਹਰਲੀ ਕਤਾਰ ਕਿਹਾ ਜਾਂਦਾ ਹੈ। ਇਨ੍ਹਾਂ ਦਾ ਵਰਤੋਂ-ਵਿਹਾਰ ਬਾਕੀ ਸਮਾਜ ਲਈ ਮਾਡਲ ਅਤੇ ਉਦਾਹਰਣ ਹੁੰਦਾ ਹੈ। ਸਿੱਖਿਆ ਦਾ ਉਦੇਸ਼ ਨਿਸ਼ਾਨੇ ਪ੍ਰਤੀ ਸੁਚੇਤ ਅਤੇ ਵਸੀਲਿਆਂ ਪ੍ਰਤੀ ਸਪਸ਼ਟ ਹੋਣਾ ਹੁੰਦਾ ਹੈ। ਸਾਧਾਰਨ ਲੋਕ ਇਕ ਹੱਦ ਤਕ ਵਿਕਾਸ ਕਰਦੇ ਹਨ, ਫਿਰ ਉਨ੍ਹਾਂ ਦੀ ਕੇਵਲ ਉਮਰ ਹੀ ਵਧਦੀ ਹੈ। ਲਗਪਗ ਹਰੇਕ ਵਿਅਕਤੀ ਚਾਲੀ-ਪੰਜਾਹ ’ਤੇ ਪੁਰਾਣਾ ਹੋਣ ਲੱਗ ਪੈਂਦਾ ਹੈ, ਜਦੋਂ ਨਵੀਂ ਪੀੜ੍ਹੀ ਨਵੇਂ ਵਿਚਾਰਾਂ, ਨਵੀਆਂ ਵਿਉਂਤਾਂ ਅਤੇ ਨਵੇਂ ਵਰਤੋਂ-ਵਿਹਾਰ ਦਾ ਨਿਰਮਾਣ ਕਰਦੀ ਹੈ। ਪੰਜਾਹ ਸਾਲ ਦੀ ਉਮਰ ਮਗਰੋਂ ਮਾਨਸਿਕ ਵਿਕਾਸ ਮੱਠਾ ਪੈਣ ਲੱਗ ਪੈਂਦਾ ਹੈ। ਸਾਡੀ ਸੱਭਿਅਤਾ, ਬਜ਼ੁਰਗਾਂ ਦੀ ਸੱਭਿਅਤਾ ਹੈ। ਅਮਰੀਕਾ ਦਾ ਸੱਭਿਆਚਾਰ ਜਵਾਨਾਂ ਵਾਲਾ ਹੈ। ਸਾਡੇ ਜਵਾਨ ਵੀ ਬਜ਼ੁਰਗਾਂ ਵਾਂਗ ਸੋਚਦੇ ਹਨ। ਅਮਰੀਕਾ ਦੇ ਬਜ਼ੁਰਗ ਵੀ ਜਵਾਨਾਂ ਵਾਂਗ ਸੋਚਦੇ ਹਨ। ਪੂਰਬੀ ਅਤੇ ਪੱਛਮੀ ਜੀਵਨ ਜਾਚ ਵਿਚ ਇਹ ਬੁਨਿਆਦੀ ਅੰਤਰ ਹੈ ਅਤੇ ਇਹ ਅੰਤਰ ਅਜੋਕੇ ਸੰਸਾਰ ਵਿਚ ਸਾਡੀ ਸਥਿਤੀ ਨੂੰ ਸਪਸ਼ਟ ਕਰਦਾ ਹੈ। ਜਦੋਂ ਬੱਚੇ ਅਠਾਰਾਂ-ਉੱਨੀ ਸਾਲਾਂ ਦੇ ਹੁੰਦੇ ਹਨ ਤਾਂ ਬੱਚਿਆਂ ਅਤੇ ਮਾਪਿਆਂ ਦੀਆਂ ਤਰਜੀਹਾਂ ਵਿਚ ਅੰਤਰ ਸਪਸ਼ਟ ਦਿਸਣ ਲੱਗ ਪੈਂਦਾ ਹੈ। ਬੱਚੇ ਭਵਿੱਖਮੁਖੀ ਹੋਣ ਕਰਕੇ ਅਤੇ ਨਵੀਂ ਤਕਨਾਲੋਜੀ ਅਪਨਾਉਣ ਕਾਰਨ ਸਾਡੇ ਤਕਨੀਕੀ ਆਗੂ ਹੋ ਨਿਬੜਦੇ ਹਨ ਅਤੇ ਉਹ ਸਾਨੂੰ ਸਮਝਾਉਣ ਦੇ ਯੋਗ ਹੋ ਜਾਂਦੇ ਹਨ। ਇਸ ਪੜਾਓ ’ਤੇ ਸਾਡਾ ਵਰਤੋਂ-ਵਿਹਾਰ ਬਦਲਦਾ ਹੈ। ਜਵਾਨਾਂ ਵਿਚ ਵਿਦੇਸ਼ ਜਾਣ ਦਾ ਰੁਝਾਨ, ਉਨ੍ਹਾਂ ਵੱਲੋਂ ਪਰੰਪਰਾ ਨੂੰ ਤਿਆਗਣ ਅਤੇ ਆਧੁਨਿਕਤਾ ਨੂੰ ਅਪਨਾਉਣ ਦੀ ਤਾਂਘ ਦਾ ਪ੍ਰਗਟਾਵਾ ਹੈ। ਸਾਡੇ ਬੱਚੇ ਬਾਹਰ ਜਾ ਕੇ ਸਾਨੂੰ ਬਦਲ ਰਹੇ ਹਨ। ਉਦਾਹਰਣ ਵਜੋਂ ਜਿਸ ਪਰਿਵਾਰ ਵਿਚੋਂ ਕੋਈ ਬੱਚਾ ਵਿਦੇਸ਼ ਚਲਾ ਜਾਂਦਾ ਹੈ, ਉਸ ਦੇ ਪਿੱਛੇ ਰਹਿ ਰਹੇ ਪਰਿਵਾਰ ਦੀ ਸ਼ਬਦਾਵਲੀ ਅਤੇ ਵਰਤੋਂ-ਵਿਹਾਰ ਬਦਲ ਜਾਂਦਾ ਹੈ। ਉਨ੍ਹਾਂ ਕੋਲ ਕਰਨ-ਦੱਸਣ ਲਈ ਗੱਲਾਂ ਵਧ ਜਾਂਦੀਆਂ ਹਨ। ਜਦੋਂ ਪਿੰਡ ਦਾ ਕੋਈ ਵਸਨੀਕ ਸ਼ਹਿਰ ਰਹਿਣ ਲੱਗ ਪਏ, ਉਸ ਦੇ ਬਾਕੀ ਪਰਿਵਾਰ ਵਿਚ ਵੀ ਪਰਿਵਰਤਨ ਆਉਣ ਲੱਗ ਪੈਂਦਾ ਹੈ ਅਤੇ ਪਿੰਡਾਂ ਵਿਚ ਵੀ ਸ਼ਹਿਰੀ ਘਰਾਂ ਵਾਲੀਆਂ ਵਸਤਾਂ ਅਤੇ ਯੰਤਰ ਆਉਣ ਲੱਗ ਪੈਂਦੇ ਹਨ। ਹੁਣ ਪੰਜਾਬ ਦਾ ਗੁਆਂਢ ਹਰਿਆਣਾ, ਰਾਜਸਥਾਨ ਜਾਂ ਹਿਮਾਚਲ ਨਹੀਂ, ਕੈਨੇਡਾ, ਆਸਟਰੇਲੀਆ ਅਤੇ ਅਮਰੀਕਾ ਹੈ। ਇਹੀ ਕਾਰਨ ਹੈ ਕਿ ਪੰਜਾਬ ਦਾ ਪੇਂਡੂ ਜੀਵਨ ਵੀ ਸ਼ਹਿਰੀ ਤਰਜ਼ ਵਾਲਾ ਹੋ ਗਿਆ ਹੈ। ਪੰਜਾਬ ਵਿਚ ਇਹ ਪਰਿਵਰਤਨ ਸਭ ਪੱਧਰਾਂ ’ਤੇ ਵਾਪਰ ਰਿਹਾ ਹੈ। ਬਿਹਾਰ ਦੇ ਇਕ ਪਰਵਾਸੀ ਮਜ਼ਦੂਰ ਦਾ ਪਰਿਵਾਰ ਕਈ ਸਾਲਾਂ ਤੋਂ ਪੰਜਾਬ ਰਹਿ ਰਿਹਾ ਹੈ। ਪਿਤਾ ਨੇ ਧੀ ਦਾ ਰਿਸ਼ਤਾ ਬਿਹਾਰ ਦੇ ਆਪਣੇ ਪਿੰਡ ਦੇ ਇਕ ਰਿਸ਼ਤੇਦਾਰ ਪਰਿਵਾਰ ਵਿਚ ਕਰ ਦਿੱਤਾ, ਪਰ ਧੀ ਨੂੰ ਇਹ ਪ੍ਰਵਾਨ ਨਹੀਂ ਸੀ। ਧੀ ਨੇ ਆਪਣੀ ਪਸੰਦ ਦੇ ਲੜਕੇ ਨਾਲ ਦੌੜ ਕੇ ਅਦਾਲਤੀ ਵਿਆਹ ਕਰ ਲਿਆ। ਮਾਪਿਆਂ ਦੀ ਪਿਛਲੇ ਪਿੰਡ ਨਾਲ ਸਾਂਝ ਹੋ ਸਕਦੀ ਹੈ, ਪਰ ਬੱਚੇ ਪੰਜਾਬ ਵਿਚ ਜੰਮੇ-ਪਲੇ ਸਨ, ਸੋ ਉਨ੍ਹਾਂ ਲਈ ਪਿੰਡ ਬਹੁਤ ਪਿੱਛੇ ਰਹਿ ਗਿਆ ਸੀ। ਆਲੇ-ਦੁਆਲੇ ਅਤੇ ਵਾਤਾਵਰਨ ਦੇ ਬਦਲਣ ਨਾਲ ਹਰ ਕਿਸੇ ਦੀਆਂ ਲੋੜਾਂ, ਆਸਾਂ ਅਤੇ ਤਾਂਘਾਂ ਬਦਲ ਜਾਂਦੀਆਂ ਹਨ। ਜਿਹੜੇ ਪਰਿਵਰਤਨ ਨੂੰ ਖਿੜੇ ਮੱਥੇ ਪ੍ਰਵਾਨ ਕਰਦੇ ਹਨ, ਉਨ੍ਹਾਂ ਨੂੰ ਨਵਾਂ ਵਰਤੋਂ-ਵਿਹਾਰ ਅਪਨਾਉਣ ਵਿਚ ਮੁਸ਼ਕਿਲ ਨਹੀਂ ਹੁੰਦੀ।
ਵਰਤੋਂ-ਵਿਹਾਰ ਵਿਚ ਪਰਿਵਰਤਨ ਅਜੋਕੇ ਯੁੱਗ ਦਾ ਹੀ ਵਰਤਾਰਾ ਨਹੀਂ। ਇਹ ਨਿਰੰਤਰ ਚੱਲਣ ਵਾਲੀ ਪ੍ਰਕਿਰਿਆ ਹੈ। ਜਿਹੜੇ ਆਰੀਅਨ ਕਬੀਲੇ ਪੰਜਾਬ ਵਿਚ ਟਿਕ ਗਏ, ਉਹ ਆਰੀਅਨ ਨਹੀਂ ਸਨ ਰਹੇ ਉਹ ਪੰਜਾਬੀ ਬਣ ਗਏ ਸਨ। ਅਜੋਕੇ ਯੁੱਗ ਵਿਚ ਪਰਿਵਰਤਨ ਦੀ ਰਫ਼ਤਾਰ ਤੇਜ਼ ਹੋ ਗਈ ਹੈ ਜਿਸ ਕਾਰਨ ਕਈ ਵਾਰੀ ਤਾਲਮੇਲ ਉਸਾਰਨ ਵਿਚ ਮੁਸ਼ਕਿਲ ਹੁੰਦੀ ਹੈ। ਸਮਾਜਵਾਦੀ ਵਿਚਾਰਧਾਰਾ ਵਾਲਾ ਇਕ ਵਿਅਕਤੀ ਆਪਣੇ ਭਰਾ ਦੀਆਂ ਪੂੰਜੀਵਾਦੀ ਆਦਤਾਂ ਅਤੇ ਉਸ ਵੱਲੋਂ ਅਪਣਾਈ ਪੱਛਮੀ ਜੀਵਨ ਪ੍ਰਣਾਲੀ ਦੀ ਆਲੋਚਨਾ ਕਰ ਰਿਹਾ ਸੀ। ਵਾਸਤਵ ਵਿਚ ਸਮੱਸਿਆ ਪੂੰਜੀਵਾਦੀ ਭਰਾ ਦੀ ਨਹੀਂ, ਸਮਾਜਵਾਦੀ ਭਰਾ ਦੀ ਸੀ। ਪੂੰਜੀਵਾਦੀ ਭਰਾ ਨੇ ਇਕ ਵੱਡੀ ਕੰਪਨੀ ਵਿਚ ਚੰਗੇ ਅਹੁਦੇ ’ਤੇ ਲੱਗੇ ਹੋਣ ਕਰਕੇ ਆਪਣਾ ਵਰਤੋਂ-ਵਿਹਾਰ ਸਹਿਕਰਮੀਆਂ, ਕੰਪਨੀ ਦੀ ਸਾਖ ਅਤੇ ਅਹੁਦੇ ਅਨੁਸਾਰ ਹੀ ਅਪਨਾਉਣਾ ਸੀ। ਜਦੋਂ ਕੋਈ ਲੜਕੀ ਵਿਆਹ ਕੇ ਸਹੁਰੇ ਜਾਂਦੀ ਹੈ ਜਾਂ ਪੁਰਸ਼ ਨੂੰ ਨਵੇਂ ਦਫ਼ਤਰ ਵਿਚ ਨਵਾਂ ਅਹੁਦਾ ਮਿਲਦਾ ਹੈ ਤਾਂ ਉਨ੍ਹਾਂ ਨੂੰ ਆਪਣਾ ਵਰਤੋਂ-ਵਿਹਾਰ ਨਵੇਂ ਸਿਰਿਓਂ ਵਿਉਂਤਣਾ ਪੈਂਦਾ ਹੈ। ਲਚਕਦਾਰ ਪਹੁੰਚ ਵਾਲੇ ਵਿਅਕਤੀ ਸਭਨੀਂ ਥਾਈਂ ਆਪਣੇ ਆਪ ਨੂੰ ਸਥਿਤੀ ਅਤੇ ਲੋੜ ਅਨੁਸਾਰ ਢਾਲ ਲੈਂਦੇ ਹਨ ਕਿਉਂਕਿ ਲਚਕਦਾਰ ਹੋਣਾ ਅਜੋਕੇ ਸਮੇਂ ਦੀ ਲੋੜ ਹੈ ਅਤੇ ਇਹ ਆਧੁਨਿਕ ਜੀਵਨ ਦਾ ਬੁਨਿਆਦੀ ਲੱਛਣ ਹੈ।
ਅਜੋਕਾ ਸੰਸਾਰ ਪਰਿਵਰਤਨਸ਼ੀਲ ਹੈ। ਪਰਿਵਰਤਨ ਦਾ ਅਰਥ ਇਹ ਨਹੀਂ ਕਿ ਪਰੰਪਰਾ ਨੂੰ ਰੱਦ ਕਰ ਦਿੱਤਾ ਗਿਆ ਹੈ, ਪਰੰਪਰਾ ਵੀ ਚੱਲੇਗੀ, ਪਰ ਪਹਿਲ-ਦੂਜ ਬਦਲਣ ਕਰਕੇ ਪਹਿਲ ਪਰਿਵਰਤਨ ਨੂੰ ਮਿਲੇਗੀ। ਇਸ ਬਦਲੀ ਹੋਈ ਪ੍ਰਸਥਿਤੀ ਵਿਚ ਕੰਮ-ਕਾਜ, ਆਮਦਨ, ਪਰਸਪਰ ਸਬੰਧ, ਸਿਹਤ, ਆਰਥਿਕ ਸਥਿਤੀ ਅਤੇ ਰੁਜ਼ਗਾਰ ਦਾ ਪ੍ਰਭਾਵਿਤ ਹੋਣਾ ਸੁਭਾਵਿਕ ਹੋ ਗਿਆ ਹੈ। ਸੂਚਨਾ ਦੇ ਨਵੇਂ ਸਰੋਤਾਂ ਅਤੇ ਸੰਚਾਰ ਦੀਆਂ ਨਵੀਆਂ ਵਿਧੀਆਂ ਨਾਲ ਵਾਹ-ਵਾਸਤਾ ਵਧਣ ਕਾਰਨ ਫ਼ੈਸਲੇ ਝਟਪਟ ਕਰਨ ਦੀ ਲੋੜ ਪੈ ਰਹੀ ਹੈ। ਹੁਣ ਪਛਤਾਵਾ ਕਰਨ ਅਤੇ ਰੁਕਣ ਦਾ ਕਿਸੇ ਕੋਲ ਸਮਾਂ ਨਹੀਂ ਹੈ। ਘਾਟੇ ਪੈਣ, ਨਵੇਂ ਯਤਨ ਆਰੰਭਣ ਦੀਆਂ ਸੰਭਾਵਨਾਵਾਂ ਅਤੇ ਅਨਿਸ਼ਚਿਤਤਾ ਕਾਰਨ ਸਥਿਤੀਆਂ ਤੇਜ਼ੀ ਨਾਲ ਬਦਲ ਰਹੀਆਂ ਹਨ। ਉਦਾਹਰਣ ਵਜੋਂ ਮੋਬਾਈਲ ਫੋਨ ਨੇ ਕਈ ਧੰਦਿਆਂ ਦਾ ਭੋਗ ਪਾ ਦਿੱਤਾ ਹੈ ਅਤੇ ਕਈਆਂ ਦਾ ਮਹੱਤਵ ਘਟਾ ਦਿੱਤਾ ਹੈ। ਇਹ ਸਥਿਤੀ ਦਾ ਇਕ ਪੱਖ ਹੈ, ਮੋਬਾਈਲ ਫੋਨ ਨੇ ਨਵੇਂ ਧੰਦਿਆਂ ਅਤੇ ਸੰਭਾਵਨਾਵਾਂ ਦੇ ਨਵੇਂ ਖੇਤਰ ਵੀ ਖੋਲ੍ਹ ਦਿੱਤੇ ਹਨ। ਹੁਣ ਕਈ ਰੁਜ਼ਗਾਰ ਮੋਬਾਈਲ ਫੋਨ ਆਧਾਰਿਤ ਹੋ ਗਏ ਹਨ। ਨਵੀਆਂ ਕਾਢਾਂ, ਨਵੇਂ ਯੰਤਰ, ਨਵੀਆਂ ਵਸਤਾਂ ਅਨੇਕਾਂ ਸਮੱਸਿਆਵਾਂ ਹੱਲ ਕਰ ਰਹੀਆਂ ਹਨ ਅਤੇ ਨਵੀਆਂ ਸਮੱਸਿਆਵਾਂ ਉਪਜਾ ਵੀ ਰਹੀਆਂ ਹਨ। ਸੋਸ਼ਲ ਮੀਡੀਆ ਦੀ ਦੁਰਵਰਤੋਂ ਨਾਲ ਤਲਾਕ ਵਧ ਰਹੇ ਹਨ ਅਤੇ ਪਰਿਵਾਰਕ ਭੰਨ-ਤੋੜ ਵਧ ਗਈ ਹੈ। ਨਵੀਂ ਤਕਨਾਲੋਜੀ ਕਾਰਨ ਜੀਵਨ ਦੇ ਹਰੇਕ ਵਰਤਾਰੇ ਵਿਚ ਬਦਲਾਓ ਆ ਰਿਹਾ ਹੈ। ਉਦਾਹਰਣ ਵਜੋਂ ਰੌਸ਼ਨੀ ਦਾ ਜੀਵਨ ਦਾ ਅਣਗੌਲਿਆ ਪੱਖ ਹੁਣ ਸਾਡੀ ਸਮੁੱਚੀ ਕਾਰਗੁਜ਼ਾਰੀ ਨੂੰ ਪ੍ਰਭਾਵਿਤ ਕਰਨ ਲੱਗਿਆ ਹੈ। ਰੌਸ਼ਨੀ ਦੀਆਂ ਨਵੀਆਂ ਪ੍ਰਣਾਲੀਆਂ ਨਾਲ ਸਾਡਾ ਦਿਨ ਵੱਡਾ ਹੋ ਗਿਆ ਹੈ, ਥਕਾਵਟ ਘਟਾਈ ਜਾ ਰਹੀ ਹੈ, ਆਰਾਮ ਨੂੰ ਵਧੇਰੇ ਸੁਖਾਵਾਂ ਬਣਾਇਆ ਜਾ ਰਿਹਾ ਹੈ। ਫੋਟੋਆਂ-ਫਿਲਮਾਂ ਦਾ ਮਿਆਰ ਸੁਧਰ ਰਿਹਾ ਹੈ। ਰੌਸ਼ਨੀ ਸਾਡੀ ਦਿੱਖ ਨੂੰ ਹੀ ਨਹੀਂ, ਸਾਡੀ ਸਿਹਤ ਨੂੰ ਵੀ ਸੁਧਾਰ ਰਹੀ ਹੈ। ਜੇ ਘਰ ਵਿਚ ਰੌਸ਼ਨੀ ਦਾ ਪ੍ਰਬੰਧ ਸੁਖਾਵਾਂ ਹੋਵੇ ਤਾਂ ਪਰਿਵਾਰ ਨਾਲ ਵਧੇਰੇ ਸਮਾਂ ਗੁਜ਼ਾਰਨ ਕਰਕੇ ਜੀਵਨ ਦਾ ਤਣਾਓ ਘਟਦਾ ਹੈ ਜਿਸ ਕਾਰਨ ਪਰਿਵਾਰ ਦੇ ਜੀਅ ਤੰਦਰੁਸਤ ਅਤੇ ਚੁਸਤ ਰਹਿੰਦੇ ਹਨ। ਹਰ ਕੋਈ ਦਿਸਣਾ ਅਤੇ ਦੇਖੇ ਜਾਣਾ ਚਾਹੁੰਦਾ ਹੈ ਜਿਸ ਕਾਰਨ ਲੋਕਾਂ ਦਾ ਲਿਬਾਸ ਅਤੇ ਪੇਸ਼ਕਾਰੀ ਸੁਧਰ ਰਹੀ ਹੈ। ਇਹ ਇਕ ਉਦਾਹਰਣ ਹੈ ਕਿ ਰੌਸ਼ਨੀ ਦਾ ਨਿਗੂਣਾ ਸਮਝਿਆ ਜਾਣ ਵਾਲਾ ਪੱਖ ਸਾਡੇ ਸਮੁੱਚੇ ਵਰਤੋਂ-ਵਿਹਾਰ ਨੂੰ ਕਿਵੇਂ ਪ੍ਰਭਾਵਿਤ ਕਰਕੇ ਬਦਲ ਰਿਹਾ ਹੈ। ਇਉਂ ਹੀ ਫੋਨ ਵਿਚਲੇ ਕੈਮਰੇ ਨੇ ਸਾਡੀ ਦਿੱਖ ਅਤੇ ਹੋਰਾਂ ਨਾਲ ਸਾਡੇ ਸਬੰਧਾਂ ਅਤੇ ਰਿਸ਼ਤਿਆਂ ਦੀ ਨੁਹਾਰ ਬਦਲ ਦਿੱਤੀ ਹੈ।
ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਸਾਨੂੰ ਕੌਣ ਅਤੇ ਕਿਵੇਂ ਬਦਲ ਰਿਹਾ ਹੈ। ਸਭ ਕੁਝ ਲੁਕਵੇਂ ਅਤੇ ਸੂਖ਼ਮ ਢੰਗ ਨਾਲ ਵਾਪਰਨ ਕਰਕੇ ਸਾਨੂੰ ਤਬਦੀਲ ਹੀ ਨਹੀਂ ਕੀਤਾ ਜਾ ਰਿਹਾ, ਕੰਟਰੋਲ ਵੀ ਕੀਤਾ ਜਾ ਰਿਹਾ ਹੈ। ਹੁਣ ਕੰਪਨੀਆਂ ਨੂੰ ਪਤਾ ਹੈ ਕਿ ਤੁਸੀਂ ਕੀ ਖਾਂਦੇ-ਖਰੀਦਦੇ-ਪਹਿਨਦੇ-ਵਰਤਦੇ ਹੋ, ਕਿੱਥੇ ਜਾਂਦੇ ਹੋ, ਕਿੱਥੇ ਠਹਿਰਦੇ ਹੋ, ਕਿਸ ਨੂੰ ਪਿਛਲੇ ਮਹੀਨੇ ਕਿੰਨੀ ਵਾਰ ਮਿਲੇ ਹੋ, ਕਿੰਨੀ ਵਾਰ ਗੱਲਬਾਤ ਕੀਤੀ ਹੈ, ਕਿੰਨੇ ਸੁਨੇਹੇ-ਫੋਟੋਆਂ ਭੇਜੀਆਂ ਹਨ, ਕਿਤਨੇ ਕਿੱਥੇ ਖਰਚ ਕੀਤੇ ਹਨ। ਸਾਡੇ ਫੋਨ ਵਿਚ ਦਰਜ ਹੈ ਕਿ ਸਾਡੇ ਕਿੰਨਿਆਂ ਨਾਲ ਸਬੰਧ ਹਨ। ਹੁਣ ਅਸੀਂ ਕਿਸੇ ਹੋਰ ਨੂੰ ਮਹੱਤਵ ਨਹੀਂ ਦਿੰਦੇ, ਹਰ ਕੋਈ ਨਾਰਸੀ ਰੁਚੀ ਦਾ ਸ਼ਿਕਾਰ ਹੋਣ ਕਾਰਨ ਆਪਣੀਆਂ ਹੀ ਸੈਲਫੀਆਂ ਲੈ ਰਿਹਾ ਹੈ। ਇਸ ਵਰਤਾਰੇ ਨਾਲ ਸਾਡੀ ਗੱਲਬਾਤ ਮੈਂ ਕੇਂਦਰਿਤ ਹੁੰਦੀ ਜਾ ਰਹੀ ਹੈ ਅਤੇ ਕਿਸੇ ਨਾਲ ਹੰਢਣਸਾਰ ਸਬੰਧ ਬਣਾਉਣੇ ਮੁਸ਼ਕਿਲ ਹੋ ਰਹੇ ਹਨ। ਹੁਣ ਹਰ ਕੋਈ ਸਫ਼ਲ ਹੀ ਨਹੀਂ ਹੋਣਾ ਚਾਹੁੰਦਾ, ਛਾ ਜਾਣਾ ਚਾਹੁੰਦਾ ਹੈ। ਸਾਡਾ ਯੁੱਗ ਇੱਛਾਵਾਂ ਦਾ ਯੁੱਗ ਹੈ। ਇਨ੍ਹਾਂ ਦੀ ਪੂਰਤੀ ਨਾ ਹੋਣ ਕਾਰਨ ਢਹਿੰਦੀ ਕਲਾ ਅਤੇ ਆਤਮਘਾਤ ਵਧ ਰਹੇ ਹਨ। ਹਰ ਚੀਜ਼ ਦੀ ਰਫ਼ਤਾਰ ਤੇਜ਼ ਹੋਣ ਕਾਰਨ ਕਾਹਲ ਅਤੇ ਕਾਹਲ ਕਾਰਨ ਗੁੱਸਾ ਅਤੇ ਗੁੱਸੇ ਕਾਰਨ ਹਿੰਸਾ ਅਤੇ ਹਿੰਸਾ ਕਾਰਨ ਕਤਲ ਵਧ ਰਹੇ ਹਨ। ਬਲਾਤਕਾਰ ਵਧਣ ਕਾਰਨ ਕੋਈ ਵੀ ਸੁਰੱਖਿਅਤ ਨਹੀਂ ਹੈ। ਨਸ਼ਿਆਂ, ਨਸ਼ੀਲੇ ਪਦਾਰਥਾਂ ਦੀ ਤਸਕਰੀ ਵਧੀ ਹੀ ਨਹੀਂ, ਇਨ੍ਹਾਂ ਵਿਚ ਮਹਿਲਾਵਾਂ ਵੀ ਸ਼ਾਮਲ ਹੋ ਰਹੀਆਂ ਹਨ। ਇਹ ਸਾਰੇ ਪੱਖ ਸਾਡੇ ਅਨੁਭਵ ਅਤੇ ਵਰਤੋਂ-ਵਿਹਾਰ ਨੂੰ ਨਾਂਹਦਰੂ ਢੰਗ ਨਾਲ ਪ੍ਰਭਾਵਿਤ ਕਰ ਰਹੇ ਹਨ।
ਨਵੀਂ ਤਕਨਾਲੋਜੀ ਉਥਲ-ਪੁਥਲ ਮਚਾ ਰਹੀ ਹੈ। ਔਨਲਾਈਨ ਵਪਾਰ ਕਾਰਨ ਸਾਧਾਰਨ ਦੁਕਾਨਦਾਰਾਂ ਦਾ ਮੁਨਾਫ਼ਾ ਘਟੇਗਾ ਹੀ ਨਹੀਂ, ਕਈ ਬਰਬਾਦ ਵੀ ਹੋਣਗੇ। ਵਿਦਿਆਰਥੀਆਂ ਦੇ ਵਿਦੇਸ਼ ਚਲੇ ਜਾਣ ਨਾਲ ਵਿੱਦਿਅਕ ਸੰਸਥਾਵਾਂ ਲਈ ਮਾਇਕ ਸੰਕਟ ਉਪਜ ਰਹੇ ਹਨ। ਕਿਸੇ ਵੀ ਖੇਤਰ ਵਿਚ ਸਥਿਤੀ ਸਪਸ਼ਟ ਨਾ ਹੋਣ ਕਾਰਨ ਸਮੱਸਿਆਵਾਂ ਸੁਲਝ ਨਹੀਂ ਰਹੀਆਂ। ਆਬਾਦੀ ਦੇ ਵਾਧੇ ਕਾਰਨ ਹਰ ਥਾਂ ਭੀੜ ਹੋਣ ਲੱਗ ਪਈ ਹੈ ਜਿਸ ਨਾਲ ਲੋਕਾਂ ਦਾ ਵਿਹਾਰ ਲੜਾਕਾ, ਸਖ਼ਤ ਅਤੇ ਕੌੜਾ ਹੁੰਦਾ ਜਾ ਰਿਹਾ ਹੈ। ਸੰਸਥਾਵਾਂ, ਸੰਗਠਨਾਂ, ਉਦਯੋਗਾਂ, ਕੰਪਨੀਆਂ ਅਤੇ ਪਾਰਟੀਆਂ ਵਿਚ ਅਣਕਿਆਸੇ ਸਮਝੌਤੇ ਅਤੇ ਤੋੜ-ਵਿਛੋੜੇ ਵਾਪਰ ਰਹੇ ਹਨ। ਦੇਸ਼ ਦਾ ਅਰਥਚਾਰਾ, ਵਪਾਰ, ਗਿਆਨ, ਤਕਨਾਲੋਜੀ, ਵਿਸ਼ਵਵਿਆਪੀ ਵਿਵਸਥਾ ਦਾ ਭਾਗ ਬਣਨ ਕਰਕੇ ਹਰ ਕਿਸੇ ਨੂੰ ਨਿੱਤ ਦਿਨ ਨਵੇਂ ਸੰਕਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇ ਧਿਆਨ ਨਾਲ ਵੇਖਿਆ ਜਾਵੇ ਤਾਂ ਕੋਈ ਵੀ ਵਿਅਕਤੀ ਜਾਂ ਦੇਸ਼ ਸੌਖਾ ਨਹੀਂ, ਹਰ ਕਿਸੇ ਨੂੰ ਕੋਈ ਨਾ ਕੋਈ ਤੰਗ-ਪ੍ਰੇਸ਼ਾਨ ਕਰ ਰਿਹਾ ਹੈ। ਇਸ ਉਥਲ-ਪੁਥਲ ਕਾਰਨ ਹਰੇਕ ਵਿਅਕਤੀ ਵੱਖਰੇ ਕਾਰਨਾਂ ਕਰਕੇ ਪ੍ਰੇਸ਼ਾਨ ਹੈ ਅਤੇ ਦਬਾਓ-ਤਣਾਓ ਦਾ ਸ਼ਿਕਾਰ ਹੈ। ਅੱਜ ਤੋਂ ਪੰਜਾਹ ਸਾਲ ਪਹਿਲਾਂ ਜੀਵਨ ਸਹਿਜ ਅਤੇ ਸੁਖਾਵਾਂ ਸੀ, ਹੁਣ ਸਥਿਤੀ ਇਹ ਹੈ ਕਿ ਹਰ ਕੋਈ ਇਕ ਅੱਖ ਖੋਲ੍ਹ ਕੇ ਸੌਂਦਾ ਹੈ। ਹੁਣ ਵਿਸ਼ਵ ਪੱਧਰ ਦੇ ਵਿਸ਼ਲੇਸ਼ਣੀ ਅਤੇ ਮੁਲਾਂਕਣੀ ਅਦਾਰੇ, ਕੰਪਨੀਆਂ, ਆਰਥਿਕ ਅਦਾਰਿਆਂ, ਵਿੱਦਿਅਕ ਸੰਸਥਾਵਾਂ ਦੀ ਕਾਰਗੁਜ਼ਾਰੀ ਦਾ ਵਿਸ਼ਲੇਸ਼ਣ ਕਰਕੇ ਹਰੇਕ ਸੰਸਥਾ ਅਤੇ ਅਦਾਰੇ ਦੀ ਵਾਸਤਵਿਕ ਸਥਿਤੀ ਬਾਰੇ ਜਾਣਕਾਰੀ ਦੇ ਰਹੇ ਹਨ ਜਿਸ ਕਾਰਨ ਕਈ ਅਦਾਰੇ ਜਾਂ ਡੁੱਬ ਰਹੇ ਹਨ ਜਾਂ ਸੰਕਟ ਦਾ ਸ਼ਿਕਾਰ ਹੋ ਰਹੇ ਹਨ। ਇਕ ਇਮਾਰਤ ਵਿਚ ਮੁਕਾਬਲੇ ਦੀ ਤਿਆਰੀ ਕਰਵਾਉਣ ਵਾਲੀ ਪੰਜਵੀਂ ਮੰਜ਼ਿਲ ਉੱਤੇ ਇਕ ਅਦਾਰੇ ਵਿਚ ਅੱਗ ਲੱਗ ਗਈ ਅਤੇ ਸਰਕਾਰ ਨੇ ਵੱਖ-ਵੱਖ ਥਾਵਾਂ ’ਤੇ ਸੱਠ ਅਜਿਹੀਆਂ ਸੰਸਥਾਵਾਂ ਨੂੰ ਇਸ ਲਈ ਬੰਦ ਕਰਵਾ ਦਿੱਤਾ, ਕਿਉਂਕਿ ਇਹ ਅੱਗ ਲੱਗਣ ਦੇ ਪੱਖੋਂ ਸੁਰੱਖਿਅਤ ਨਹੀਂ ਸਨ ਅਤੇ ਇਉਂ ਬਿਨਾਂ ਕਾਰਨ, ਬਿਨਾਂ ਅਗਾਊਂ ਸੂਚਨਾ ਦੇ ਹਜ਼ਾਰਾਂ ਵਿਦਿਆਰਥੀ ਅਤੇ ਸੈਂਕੜੇ ਅਧਿਆਪਕ ਰੁਲ ਗਏ। ਹੁਣ ਪਤਾ ਹੀ ਨਹੀਂ ਲੱਗ ਰਿਹਾ ਕਿ ਕਦੋਂ ਕਿਹੜੀ ਫਲਾਈਟ ਰੱਦ ਹੋ ਜਾਵੇਗੀ। ਸਾਡੀ ਕਰੰਸੀ ਦਾ ਮੁੱਲ ਡਾਲਰ ਨਾਲ ਅਤੇ ਡਾਲਰ ਦਾ ਮੁੱਲ ਤੇਲ ਨਾਲ ਬੱਝਾ ਹੋਣ ਕਰਕੇ ਨਿੱਤ ਨਵੇਂ ਸੰਕਟ ਵਾਪਰ ਰਹੇ ਹਨ ਜਿਸ ਕਾਰਨ ਲੋਕਾਂ ਦੀ ਸਿਹਤ ਅਤੇ ਮਾਨਸਿਕ ਸਥਿਤੀ ਪ੍ਰਭਾਵਿਤ ਹੋ ਰਹੀ ਹੈ ਅਤੇ ਵਰਤੋਂ-ਵਿਹਾਰ ਲੀਹ ਤੋਂ ਲਹਿ ਰਿਹਾ ਹੈ।
ਵਿਸ਼ਵੀਕਰਨ ਦੇ ਦੌਰ ਵਿਚ ਸਾਨੂੰ ਆਲਮੀ ਪੱਧਰ ਦੀਆਂ ਕੰਪਨੀਆਂ ਅਤੇ ਸਰਕਾਰਾਂ ਨਾਲ ਵਰਤਣ ਦੀ ਮਜਬੂਰੀ ਹੈ। ਹੁਣ ਹਰ ਕਿਸੇ ਨੂੰ ਹਰ ਪੜਾਓ ’ਤੇ ਤੋਲਿਆ-ਪਰਖਿਆ ਅਤੇ ਆਂਕਿਆ ਜਾ ਰਿਹਾ ਹੈ। ਅਜਿਹੀ ਸਥਿਤੀ ਵਿਚ ਇਕਹਿਰੀ, ਸਰਲ, ਸਿੱਧੀ ਪਰੰਪਰਕ ਸੋਚ ਵਾਲੇ ਆਗੂ ਅਤੇ ਸਮਾਜ ਚੱਲ ਹੀ ਨਹੀਂ ਸਕਦੇ। ਵਰਤੋਂ ਵਿਹਾਰ ਦੇ ਪੱਖੋਂ ਵੀਹਵੀਂ ਸਦੀ ਮਸ਼ੀਨ ਦੀ ਸਦੀ ਸੀ ਜਦੋਂਕਿ ਅਜੋਕੀ ਸਥਿਤੀ ਨਵੀਆਂ ਤਕਨਾਲੋਜੀਆਂ, ਪ੍ਰਦੂਸ਼ਣ, ਕੁਦਰਤੀ ਆਫ਼ਤਾਂ, ਸੋਕਿਆਂ ਅਤੇ ਨਵੀਆਂ ਬਿਮਾਰੀਆਂ ਦੀ ਸਦੀ ਹੈ। ਸਾਡੀ ਸਦੀ ਦੀਆਂ ਸਮੱਸਿਆਵਾਂ ਹੀ ਅਜਿਹੀਆਂ ਹਨ ਜਿਨ੍ਹਾਂ ਨੂੰ ਪਹਿਲਾਂ ਪਰਖੇ ਗਏ ਢੰਗਾਂ ਨਾਲ ਹੱਲ ਨਹੀਂ ਕੀਤਾ ਜਾ ਸਕਦਾ। ਹੁਣ ਸਮੱਸਿਆਵਾਂ ਹੱਲ ਨਹੀਂ ਹੋ ਰਹੀਆਂ। ਨਵੀਆਂ ਸਮੱਸਿਆਵਾਂ ਉਨ੍ਹਾਂ ਨੂੰ ਪਿੱਛੇ ਧਕੇਲ ਰਹੀਆਂ ਹਨ। ਹੁਣ ਬਿਮਾਰੀਆਂ ਦੇ ਇਲਾਜ ਨਹੀਂ ਹੋ ਰਹੇ, ਉਨ੍ਹਾਂ ਨੂੰ ਵੱਧ ਤੋਂ ਵੱਧ ਸਹਿਣਯੋਗ ਬਣਾਇਆ ਜਾ ਰਿਹਾ ਹੈ। ਅਜੋਕੀ ਸਦੀ ਹਰ ਖੇਤਰ ਵਿਚ ਪੁਰਸ਼ਾਂ ਅਤੇ ਔਰਤਾਂ ਦੀ ਸ਼ਮੂਲੀਅਤ ਦੀ ਸਦੀ ਹੈ ਜਿਸ ਕਾਰਨ ਇਸਤਰੀਆਂ-ਪੁਰਸ਼ਾਂ ਦੀਆਂ ਸਰੀਰਕ, ਮਾਨਸਿਕ ਅਤੇ ਵਿਹਾਰਕ ਸਮੱਸਿਆਵਾਂ ਵਧਣਗੀਆਂ। ਪੜ੍ਹੇ-ਲਿਖੇ ਲੋਕ ਨਵੀਂ ਭਾਂਤ ਦੇ ਅਪਰਾਧ ਕਰਨਗੇ। ਹਰੇਕ ਵਿਅਕਤੀ ਦੀ ਕੰਪਿਊਟਰ ਤਕ ਪਹੁੰਚ ਹੋਣ ਕਾਰਨ ਉਸ ਦੇ ਸੋਚਣ ਅਤੇ ਕਾਰਜ ਕਰਨ ਦਾ ਢੰਗ ਬਦਲ ਰਿਹਾ ਹੈ, ਪਰ ਬਦਲ ਭੈੜੇ ਢੰਗ ਨਾਲ ਰਿਹਾ ਹੈ। ਹੁਣ ਕੋਈ ਕਿਸੇ ’ਤੇ ਭਰੋਸਾ ਨਹੀਂ ਕਰਦਾ। ਹੁਣ ਬੱਚਾ ਮਾਂ ਕੋਲ ਵੀ ਸੁਰੱਖਿਅਤ ਨਹੀਂ। ਹੁਣ ਪੁਲੀਸ ਦੀ ਦੇਖ-ਰੇਖ ਵਿਚ ਵੱਡੇ ਅਪਰਾਧ ਹੋ ਰਹੇ ਹਨ। ਹੁਣ ਜੋ ਦਿਨ ਵੇਲੇ ਵਿਦਿਆਰਥੀ ਹੈ, ਉਹ ਰਾਤ ਨੂੰ ਅਪਰਾਧੀ ਬਣ ਜਾਂਦਾ ਹੈ। ਕੀ ਇਹ ਸਭ ਕੁਝ ਬੇਰੁਜ਼ਗਾਰੀ ਕਾਰਨ ਹੈ? ਮਨੁੱਖ ਨੂੰ ਗਿਆਨ ਪ੍ਰੇਸ਼ਾਨ ਕਰ ਰਿਹਾ ਹੈ।
ਅਜੋਕੇ ਸਮਿਆਂ ਵਿਚ ਸਾਡੇ ਵਰਤੋਂ-ਵਿਹਾਰ ਨੂੰ ਬਦਲਣ ਵਿਚ ਸਭ ਤੋਂ ਵਧੇਰੇ ਪ੍ਰਭਾਵ ਸੰਚਾਰ ਸਾਧਨਾਂ ਦਾ ਹੈ ਜਿਨ੍ਹਾਂ ਦੀ ਸਹੀ ਵਰਤੋਂ ਘੱਟ ਅਤੇ ਕੁਵਰਤੋਂ ਵਧੇਰੇ ਹੋ ਰਹੀ ਹੈ। ਇਕ ਪਰਿਵਾਰ ਵਿਚ ਇਕ ਬਜ਼ੁਰਗ ਹਰ ਕਿਸੇ ਨੂੰ ਟੋਕਦਾ ਅਤੇ ਬੁਰਾ-ਭਲਾ ਕਹਿੰਦਾ ਸੀ। ਪੁੱਤਰ ਨੇ ਆਪ ਨਵਾਂ ਸਮਾਰਟ ਫੋਨ ਖਰੀਦਿਆ ਅਤੇ ਪੁਰਾਣਾ ਬਜ਼ੁਰਗ ਨੂੰ ਦੇ ਦਿੱਤਾ ਤੇ ਵਰਤਣਾ ਸਿਖਾ ਦਿੱਤਾ। ਉਸ ਮਗਰੋਂ ਬਜ਼ੁਰਗ ਬੋਲਣਾ ਹੀ ਭੁੱਲ ਗਿਆ। ਸਮਾਰਟ ਫੋਨ ਕਾਰਨ ਹੁਣ ਹਰ ਕੋਈ ਕਈ ਰਿਸ਼ਤਿਆਂ ਵਾਲੀ ਬਹੁ-ਪਰਤੀ ਗੁੰਝਲਦਾਰ ਜ਼ਿੰਦਗੀ ਜਿਉਂ ਰਿਹਾ ਹੈ। ਜਿੰਨੇ ਹਰ ਕਿਸੇ ਦੇ ਖਰਚੇ ਹਨ, ਓਨੀ ਆਮਦਨ ਨਹੀਂ ਜਿਸ ਕਾਰਨ ਲੁੱਟਾਂ-ਖੋਹਾਂ ਵਧ ਜਾਣ ਕਾਰਨ ਜੀਵਨ ਵਿਚੋਂ ਨੈਤਿਕਤਾ, ਸੁਹਿਰਦਤਾ, ਵਫ਼ਾਦਾਰੀ, ਸੱਚਾਈ, ਭਰੋਸਾ ਆਦਿ ਮਨਫ਼ੀ ਹੋ ਰਹੇ ਹਨ। ਹਰ ਕੋੋਈ ਲੁੱਟੇ ਜਾਣ ਦੇ ਭੈਅ ਤੋਂ ਪੀੜਤ ਹੈ। ਬਹੁ-ਰਾਸ਼ਟਰੀ ਕੰਪਨੀਆਂ ਹੁਣ ਸਰਕਾਰਾਂ ਨਾਲੋਂ ਵੀ ਸ਼ਕਤੀਸ਼ਾਲੀ ਹੋ ਗਈਆਂ ਹਨ। ਨਵੀਂ ਤਕਨਾਲੋਜੀ ਅਪਣਾ ਕੇ ਇਨ੍ਹਾਂ ਨੇ ਸਾਡੇ ਸਮੁੱਚੇ ਵਿਹਾਰ ਨੂੰ ਕੰਟਰੋਲ ਕੀਤਾ ਹੋਇਆ ਹੈ। ਇਨ੍ਹਾਂ ਕੰਪਨੀਆਂ ਨੇ ਸਾਡਾ ਵਰਤੋਂ-ਵਿਹਾਰ ਹੀ ਨਹੀਂ ਬਦਲਿਆ, ਸਾਨੂੰ ਹੀ ਬਦਲ ਦਿੱਤਾ ਹੈ ਅਤੇ ਜਿਹੜਾ ਬਦਲਣ ਤੋਂ ਇਨਕਾਰੀ ਹੈ, ਉਸ ਦੀ ਸੰਸਾਰ ਵਿਚ ਥਾਂ ਮੁੱਕਦੀ ਜਾ ਰਹੀ ਹੈ।

ਹਰੇਕ ਸਮਾਜ ਵਿਚ ਲਗਪਗ ਪੰਜ ਫ਼ੀਸਦੀ ਲੋਕ ਨਵੇਂ ਅਤੇ ਵੱਖਰੇ ਢੰਗ ਨਾਲ ਸੋਚਦੇ ਅਤੇ ਵਿਚਰਦੇ ਹਨ।
* * *
ਸਾਡੀ ਸੱਭਿਅਤਾ, ਬਜ਼ੁਰਗਾਂ ਦੀ ਸੱਭਿਅਤਾ
ਹੈ। ਅਮਰੀਕਾ ਦਾ ਸੱਭਿਆਚਾਰ ਜਵਾਨਾਂ ਵਾਲਾ ਹੈ। ਸਾਡੇ ਜਵਾਨ ਵੀ ਬਜ਼ੁਰਗਾਂ ਵਾਂਗ ਸੋਚਦੇ ਹਨ। ਅਮਰੀਕਾ ਦੇ ਬਜ਼ੁਰਗ ਵੀ ਜਵਾਨਾਂ ਵਾਂਗ ਸੋਚਦੇ ਹਨ। ਪੂਰਬੀ ਅਤੇ ਪੱਛਮੀ ਜੀਵਨ ਜਾਚ ਵਿਚ ਇਹ ਬੁਨਿਆਦੀ ਅੰਤਰ ਹੈ।
* * *
ਬੱਚੇ ਭਵਿੱਖਮੁਖੀ ਹੋਣ ਕਰਕੇ ਅਤੇ ਨਵੀਂ ਤਕਨਾਲੋਜੀ ਅਪਨਾਉਣ ਕਾਰਨ ਸਾਡੇ ਤਕਨੀਕੀ ਆਗੂ ਹੋ ਨਿਬੜਦੇ ਹਨ ਅਤੇ ਉਹ ਸਾਨੂੰ ਸਮਝਾਉਣ ਦੇ ਯੋਗ ਹੋ ਜਾਂਦੇ ਹਨ। ਇਸ ਪੜਾਓ ’ਤੇ ਸਾਡਾ ਵਰਤੋਂ-ਵਿਹਾਰ ਬਦਲਦਾ ਹੈ।
* * *
ਜਵਾਨਾਂ ਵਿਚ ਵਿਦੇਸ਼ ਜਾਣ ਦਾ ਰੁਝਾਨ, ਉਨ੍ਹਾਂ ਵੱਲੋਂ ਪਰੰਪਰਾ ਨੂੰ ਤਿਆਗਣ ਅਤੇ ਆਧੁਨਿਕਤਾ ਨੂੰ ਅਪਨਾਉਣ ਦੀ ਤਾਂਘ ਦਾ ਪ੍ਰਗਟਾਵਾ ਹੈ। ਸਾਡੇ ਬੱਚੇ ਬਾਹਰ ਜਾ ਕੇ ਸਾਨੂੰ ਬਦਲ ਰਹੇ ਹਨ।
* * *
ਜਦੋਂ ਪਿੰਡ ਦਾ ਕੋਈ ਵਸਨੀਕ ਸ਼ਹਿਰ ਰਹਿਣ ਲੱਗ ਪਏ, ਉਸ ਦੇ ਬਾਕੀ ਪਰਿਵਾਰ ਵਿਚ ਵੀ ਪਰਿਵਰਤਨ ਆਉਣ ਲੱਗ ਪੈਂਦਾ ਹੈ।
* * *
ਹੁਣ ਪੰਜਾਬ ਦਾ ਗੁਆਂਢ ਹਰਿਆਣਾ, ਰਾਜਸਥਾਨ ਜਾਂ ਹਿਮਾਚਲ ਨਹੀਂ, ਕੈਨੇਡਾ, ਆਸਟਰੇਲੀਆ ਅਤੇ ਅਮਰੀਕਾ ਹੈ। ਇਹੀ ਕਾਰਨ ਹੈ ਕਿ ਪੰਜਾਬ ਦਾ ਪੇਂਡੂ ਜੀਵਨ ਵੀ ਸ਼ਹਿਰੀ ਤਰਜ਼ ਵਾਲਾ ਹੋ ਗਿਆ ਹੈ।
* * *
ਆਲੇ-ਦੁਆਲੇ ਅਤੇ ਵਾਤਾਵਰਨ ਦੇ ਬਦਲਣ ਨਾਲ ਹਰ ਕਿਸੇ ਦੀਆਂ ਲੋੜਾਂ, ਆਸਾਂ ਅਤੇ ਤਾਂਘਾਂ ਬਦਲ ਜਾਂਦੀਆਂ ਹਨ।
* * *
ਨਵੀਂ ਤਕਨਾਲੋਜੀ ਕਾਰਨ ਉਪਜੀ ਉਥਲ-ਪੁਥਲ ਕਾਰਨ ਹਰੇਕ ਵਿਅਕਤੀ ਵੱਖਰੇ ਕਾਰਨਾਂ ਕਰਕੇ ਪ੍ਰੇਸ਼ਾਨ ਹੈ ਅਤੇ ਦਬਾਓ-ਤਣਾਓ ਦਾ ਸ਼ਿਕਾਰ ਹੈ। ਅੱਜ ਤੋਂ ਪੰਜਾਹ ਸਾਲ ਪਹਿਲਾਂ ਜੀਵਨ ਸਹਿਜ ਅਤੇ ਸੁਖਾਵਾਂ ਸੀ, ਹੁਣ ਸਥਿਤੀ ਇਹ ਹੈ ਕਿ ਹਰ ਕੋਈ ਇਕ ਅੱਖ ਖੋਲ੍ਹ ਕੇ ਸੌਂਦਾ ਹੈ।
* * *
ਅਜੋਕੇ ਸਮਿਆਂ ਵਿਚ ਸਾਡੇ ਵਰਤੋਂ-ਵਿਹਾਰ ਨੂੰ ਬਦਲਣ ਵਿਚ ਸਭ ਤੋਂ ਵਧੇਰੇ ਪ੍ਰਭਾਵ ਸੰਚਾਰ ਸਾਧਨਾਂ ਦਾ ਹੈ।
* * *
ਬਹੁ-ਰਾਸ਼ਟਰੀ ਕੰਪਨੀਆਂ ਹੁਣ ਸਰਕਾਰਾਂ ਨਾਲੋਂ ਵੀ ਸ਼ਕਤੀਸ਼ਾਲੀ ਹੋ ਗਈਆਂ ਹਨ। ਨਵੀਂ ਤਕਨਾਲੋਜੀ ਅਪਣਾ ਕੇ ਇਨ੍ਹਾਂ ਨੇ ਸਾਡੇ ਸਮੁੱਚੇ ਵਿਹਾਰ ਨੂੰ ਕੰਟਰੋਲ ਕੀਤਾ ਹੋਇਆ ਹੈ।


Comments Off on ਸਾਡਾ ਬਦਲ ਰਿਹਾ ਵਰਤੋਂ-ਵਿਹਾਰ
1 Star2 Stars3 Stars4 Stars5 Stars (1 votes, average: 5.00 out of 5)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.