ਗੈਂਗਸਟਰ ਰਾਜਵਿੰਦਰ ਘਾਲੀ ਦਾ ਕਤਲ !    ਨੌਜਵਾਨ ਸੋਚ: ਪੰਜਾਬ ’ਚ ਵਾਤਾਵਰਨ ਦਾ ਸੰਕਟ !    ਨੌਜਵਾਨਾਂ ਵਿਚ ਵਧ ਰਹੀ ਅਸਹਿਣਸ਼ੀਲਤਾ !    ਜਬਰ-ਜਨਾਹ ਦੀਆਂ ਪੀੜਤ ਕੁੜੀਆਂ ਤੇ ਸਾਡਾ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਸਵਾਮੀ ਨੇ ਪੁਰਾਣਾ ਰਿਕਾਰਡ ਕੱਢ ਕਾਂਗਰਸ ’ਤੇ ਨਿਸ਼ਾਨਾ ਸਾਧਿਆ !    ਨਾਗਰਿਕਤਾ ਬਿੱਲ ਦਾ ਡੇਢ ਕਰੋੜ ਲੋਕਾਂ ਨੂੰ ਲਾਭ ਹੋਵੇਗਾ: ਸੰਘ !    ਹਾਈਪਰਲੂਪ ਪ੍ਰਾਜੈਕਟ ਬਾਰੇ ਊਧਵ ਨਾਲ ਮੁਲਾਕਾਤ ਕਰਨਗੇ ਬ੍ਰੈਨਸਨ !    ਵਕੀਲਾਂ ਵੱਲੋਂ ਲਾਹੌਰ ਦੇ ਹਸਪਤਾਲ ’ਚ ਭੰਨਤੋੜ, ਪੰਜ ਮਰੀਜ਼ਾਂ ਦੀ ਮੌਤ !    ਪਾਕਿ ਅਦਾਲਤ ਵੱਲੋਂ ਹਾਫ਼ਿਜ਼ ਸਈਦ ਖ਼ਿਲਾਫ਼ ਦੋਸ਼ ਆਇਦ !    

ਸਹਾਫਤ, ਸਦਾਕਤ ਤੇ ਇਨਸਾਨੀਅਤ ਦਾ ਸੁਮੇਲ

Posted On September - 2 - 2019

ਸੁਰਿੰਦਰ ਸਿੰਘ ਤੇਜ

ਪੜ੍ਹਦਿਆਂ-ਸੁਣਦਿਆਂ

ਸ਼ਮੀਰ ਤੋਂ ਬਾਅਦ ਉੱਤਰ-ਪੂਰਬ ਭਾਰਤ ਦਾ ਸਭ ਤੋਂ ਖ਼ੂਬਸੂਰਤ ਖਿੱਤਾ ਹੈ। ਪਰ ਕਸ਼ਮੀਰ ਵਾਂਗ ਇਸ ਖਿੱਤੇ ਵਿਚ ਵੀ ਵਿਦਰੋਹੀ ਅਗਨੀ ਨਿਰੰਤਰ ਧੁਖ਼ਦੀ ਆਈ ਹੈ। ਸਿੱਧੇ ਤੌਰ ’ਤੇ ਯੁੱਧ-ਭੂਮੀ ਨਾ ਹੋਣ ’ਤੇ ਵੀ ਜੰਗ ਦਾ ਪਰਛਾਵਾਂ ਇਸ ਖਿੱਤੇ ਵਿਚੋਂ ਕਦੇ ਪੱਕੇ ਤੌਰ ’ਤੇ ਗਾਇਬ ਨਹੀਂ ਹੋਇਆ। ਨਾਗਾਲੈਂਡ ਤੇ ਮਨੀਪੁਰ ਵਿਚ ਇਹ ਪਰਛਾਵਾਂ ਵੱਧ ਸਪਸ਼ਟ ਜਾਂ ਵੱਧ ਮੁਖ਼ਰਿਤ ਹੈ; ਆਸਾਮ, ਤ੍ਰਿਪੁਰਾ, ਮਿਜ਼ੋਰਮ ਜਾਂ ਮੇਘਾਲਿਆ ਵਿਚ ਘੱਟ। ਖਾੜਕੂ ਗੁੱਟਾਂ ਦੀ ਬਹੁਤਾਤ ਹੈ। ਲਿਹਾਜ਼ਾ, ਹਕੁੂਮਤੀ ਹਸਤਾਖ਼ਰ ਦਿਨ ਵੇਲੇ ਕੋਈ ਹੋਰ ਹੁੰਦੇ ਹਨ ਅਤੇ ਰਾਤ ਵੇਲੇ ਹੋਰ। ਇਹ ਦਸਤੂਰ ਆਮ ਲੋਕਾਂ ਲਈ ਜੀਵਨ ਜਾਚ ਬਣ ਚੁੱਕਾ ਹੈ। ਸੀਨੀਅਰ ਪੱਤਰਕਾਰ ਟੈਰੇਜ਼ਾ ਰਹਿਮਾਨ ਦੀ ਕਿਤਾਬ ‘ਬੁਲੇਟਪਰੂਫ’ (ਪੈਂਗੁਇਨ ਬੁੱਕਸ; 173 ਪੰਨੇ; 399 ਰੁਪਏ) ਉੱਤਰ-ਪੂਰਬ ਦੇ ਲੋਕਾਂ ਦੀ ਅਜਿਹੀ ਜੀਵਨ ਜਾਚ ਦੀਆਂ ਪੇਚੀਦਗੀਆਂ ਬਿਆਨ ਕਰਨ ਦੇ ਨਾਲ ਨਾਲ ਵਿਦਰੋਹੀ ਧਿਰਾਂ ਤੇ ਪਾਤਰਾਂ ਦਾ ਮਾਨਵੀ/ਅਮਾਨਵੀ ਰੁੂਪ ਸਾਡੇ ਸਾਹਮਣੇ ਸਾਕਾਰ ਰੂਪ ਵਿਚ ਪੇਸ਼ ਕਰਦੀ ਹੈ। ਇਹ ਨਾ ਤਾਂ ਵਿਦਰੋਹੀਆਂ ਨੂੰ ਵਡਿਆਉਂਦੀ ਹੈ ਅਤੇ ਨਾ ਹੀ ਹਕੂਮਤੀ ਦਾਅਵਿਆਂ ਉੱਤੇ ਫੁੱਲ ਚੜ੍ਹਾਉਂਦੀ ਹੈ। ਅਜਿਹਾ ਤਵਾਜ਼ਨ ਬਿਠਾਉਣਾ ਬੜਾ ਬਿਖ਼ਮ ਕਾਰਜ ਹੈ। ਆਜ਼ਾਦਾਨਾ ਸੋਚ ਤੇ ਪਹੁੰਚ ਵਾਲੇ ਨੂੰ ਅਜਿਹਾ ਤਵਾਜ਼ਨ ਬਿਠਾਉਣ ਲਈ ਬੜੀ ਜੱਦੋਜਹਿਦ ਕਰਨੀ ਪੈਂਦੀ ਹੈ। ਪੇਸ਼ੇਵਾਰਾਨਾ, ਪਰਿਵਾਰਕ, ਸਰੀਰਕ ਤੇ ਮਨੋਵਿਗਿਆਨਕ ਪੱਧਰ ’ਤੇ ਵੱਡਾ ਮੁੱਲ ਵੀ ਚੁਕਾਉਣਾ ਪੈਂਦਾ ਹੈ। ਇਸ ਸਭ ਦਾ ਖ਼ੁਲਾਸਾ ਵੀ ਇਸ ਕਿਤਾਬ ਵਿਚ ਦਰਜ ਹੈ।
ਕਿਤਾਬ ਦਾ ਮੁੱਢ ਸਾਲ 2009 ਵਿਚ ਬੱਝਿਆ। ਉਸ ਸਾਲ ਦੱਖਣ ਏਸ਼ਿਆਈ ਮੀਡੀਆਕਰਮੀ ਮਹਿਲਾਵਾਂ ਦੀ ਪਹਿਲੀ ਕਾਨਫਰੰਸ ਕੋਲਕਾਤਾ ’ਚ ਹੋਈ। ਟੈਰੇਜ਼ਾ ਰਹਿਮਾਨ ਨੇ ਵਿਦਰੋਹਗ੍ਰਸਤ ਖਿੱਤੇ ਵਿਚ ਪੱਤਰਕਾਰੀ ਨਾਲ ਜੁੜੇ ਆਪਣੇ ਅਨੁਭਵ ਇਕ ਸੈਸ਼ਨ ਦੌਰਾਨ ਸਾਂਝੇ ਕੀਤੇ। ਸੈਸ਼ਨ ਤੋਂ ਬਾਅਦ ਚਾਹ-ਪਾਣੀ ਦਾ ਦੌਰ ਚੱਲ ਰਿਹਾ ਸੀ ਕਿ ਪਾਕਿਸਤਾਨੀ ਪੱਤਰਕਾਰ ਤੇ ਪ੍ਰਸਾਰਨਕਾਰ ਮੁਨੀਜ਼ਾ ਜਹਾਂਗੀਰ (ਅਸਮਾ ਜਹਾਂਗੀਰ ਦੀ ਬੇਟੀ) ਨੇ ਅਚਾਨਕ ਟੈਰੇਜ਼ਾ ਨੂੰ ਸਵਾਲ ਕੀਤਾ, ‘‘ਰਿਪੋਰਟਿੰਗ ਲਈ ਤੂੰ ਬੁਲੇਟਪਰੂਫ ਜੈਕੇਟ ਪਾ ਕੇ ਜਾਂਦੀ ਏਂ?’’ ਸਵਾਲ ਦੀ ਸੁਰ ਤੋਂ ਡੌਰ-ਭੌਰ ਹੋਈ ਟੈਰੇਜ਼ਾ ਨੂੰ ਫੌਰੀ ਤੌਰ ’ਤੇ ਕੋਈ ਜਵਾਬ ਨਾ ਅਹੁੜਿਆ, ਪਰ ਨਾਲ ਖੜ੍ਹੀ ਮੋਇਨੀਦੀਪਾ ਚੌਧਰੀ ਨੇ ਟਿੱਪਣੀ ਕੀਤੀ: ‘‘ਇਹਨੂੰ ਕਾਹਦਾ ਡਰ-ਭਓ? ਇਹਦੀ ਤਾਂ ਸ਼ਖ਼ਸੀਅਤ ਹੀ ਬੁਲੇਟਪਰੂਫ ਹੈ!’’ ਟੈਰੇਜ਼ਾ ਅਨੁਸਾਰ, ‘‘ਉਸ ਦਿਨ ਪਹਿਲੀ ਵਾਰ ਮੈਨੂੰ ਅਹਿਸਾਸ ਹੋਇਆ ਕਿ ਜੋ ਮੈਂ ਵਰ੍ਹਿਆਂ ਤੋਂ ਕਰਦੀ ਆ ਰਹੀ ਹਾਂ, ਉਹ ਕੰਮ ਹੈ ਕਿੰਨਾ ਖ਼ਤਰਨਾਕ। ਕਿੰਨੀ ਵਾਰ ਮੈਂ ਬਿਨਾਂ ਸੋਚੇ-ਸਮਝੇ ਆਪਣੀ ਜਾਨ ਜੋਖੋਂ ਵਿਚ ਪਾਈ। ਖ਼ਬਰਨਵੀਸੀ ਦੇ ਖੇਤਰ ’ਚ ਕੁਝ ਨਵਾਂ ਕਰਨ ਦੀ ਲਾਲਸਾਵੱਸ ਤਿੰਨ ਵਰ੍ਹਿਆਂ ਦੀ ਆਪਣੀ ਬੱਚੀ ਨੂੰ ਕੁੱਛੜ ਚੁੱਕ ਕੇ ਉਲਫ਼ਾ ਅਤਿਵਾਦੀਆਂ ਦੀ ਛੁਪਣਗਾਹ ’ਚ ਜਾ ਢੁੱਕੀ। ਸਰਕਾਰੀ ਅਫ਼ਸਰਾਂ, ਸੁਰੱਖਿਆ ਏਜੰਸੀਆਂ ਤੇ ਸਿਆਸਤਦਾਨਾਂ ਦੀਆਂ ਦੁਸ਼ਮਣੀਆਂ ਵੀ ਇਸੇ ਕਾਰਨ ਮੁੱਲ ਲਈਆਂ। ਇਹ ਸਭ ਕੁਝ ਕਰਕੇ ਆਪਣੇ ਪੇਸ਼ੇ ਨਾਲ ਕੀ ਮੈਂ ਨਿਆਂ ਕੀਤਾ? ਕੀ ਮੈਂ ਹਰ ਘਟਨਾ ਤੇ ਇਸ ਦੇ ਹਰ ਪਾਤਰ ਦਾ ਮਾਨਵੀ ਰੂਪ, ਦੁਨੀਆਂ ਦੇ ਸਾਹਮਣੇ ਲਿਆਂਦਾ?’’
ਇਨ੍ਹਾਂ ਸਵਾਲਾਂ ਨੇ ਉਸ ਨੂੰ ਹਰ ਘਟਨਾ, ਹਰ ਅਮਲ ਤੇ ਹਰ ਦੁਖਾਂਤ ਨੂੰ ਨਵੇਂ ਨਜ਼ਰੀਏ ਨਾਲ ਦੇਖਣ ਦੇ ਰਾਹ ਪਾਇਆ। ਉਹ ਲਿਖਦੀ ਹੈ: ‘‘ਯੁੱਧ-ਭੂਮੀ ਤੋਂ ਰਿਪੋਰਟਿੰਗ ਕਰਨੀ ਜ਼ਾਹਰਾ ਤੌਰ ’ਤੇ ਮਰਦਾਵਾਂ ਕਾਰਜ ਹੈ। ਬੰਦੂਕਾਂ, ਸਨਾਈਪਰ ਰਾਈਫਲਾਂ, ਗੋਲਾ ਬਾਰੂਦ, ਬੁਲੇਟਪਰੂਫ ਗੱਡੀਆਂ, ਫ਼ੌਜੀ ਦਸਤੇ, ਪੁਲੀਸ ਟੀਮਾਂ, ਸਰਕਾਰੀ ਸੂਹੀਏ, ਖਾੜਕੂ, ਖਾੜਕੂਆਂ ਦੇ ਸੂਹੀਏ, ਮੌਤਾਂ ਤੇ ਗ੍ਰਿਫ਼ਤਾਰੀਆਂ ਦੇ ਦਾਅਵੇ ਤੇ ਅੰਕੜੇ, ਧਮਕੀ ਪੱਤਰ, ਅਮਨ ਵਾਰਤਾਵਾਂ, ਖੁਸ਼ਕਤਰੀਨ ਸਰਕਾਰੀ ਪ੍ਰੈਸ ਰਿਲੀਜ਼ਾਂ- ਇਨ੍ਹਾਂ ਸਭਨਾਂ ਨੂੰ ਮਰਦਾਨਾ ਕਾਰਜ ਖੇਤਰ ਮੰਨਿਆ ਜਾਂਦਾ ਹੈ। ਅਜਿਹਾ ਮਸਾਲਾ ਰੋਜ਼ਾਨਾ ਬਾਇਲਾਈਨ ਹਾਸਲ ਕਰਨ ਲਈ ਕਾਫ਼ੀ ਹੁੰਦਾ ਹੈ। ਪਰ ਇਸ ਮਸਾਲੇ ਪਿੱਛੇ ਜੋ ਇਨਸਾਨੀ ਵੇਦਨਾ ਛੁਪੀ ਹੁੰਦੀ ਹੈ, ਬੱਚਿਆਂ ਤੇ ਔਰਤਾਂ ਦਾ ਜੋ ਦੁੱਖ-ਦਰਦ ਨਿਹਿਤ ਹੁੰਦਾ ਹੈ, ਉਸ ਨੂੰ ਸਮਝਣ-ਸਹੇਜਣ ਦੀ ਸੰਵੇਦਨਾ ਇਕ ਮਹਿਲਾ ਰਿਪੋਰਟਰ ਦੇ ਅੰਦਰ ਹੀ ਹੁੰਦੀ ਹੈ। ਇਹ ਸੰਵੇਦਨਾ ਉਸ ਦੀ ਰਿਪੋਰਟ ਨੂੰ ਵੱਖਰਾ ਬਣਾ ਦਿੰਦੀ ਹੈ। ਉਂਜ ਅਜਿਹੀ ਵੱਖਰਤਾ ਜਾਂ ਨਿਆਰਤਾ ਲਈ ਉਸ ਨੂੰ ਕੀਮਤ ਵੀ ਚੁਕਾਉਣੀ ਪੈਂਦੀ ਹੈ। ਪੇਸ਼ੇਵਾਰਾਨਾ, ਪਰਿਵਾਰਕ, ਸਰੀਰਕ ਤੇ ਮਨੋਵਿਗਿਆਨਕ।’’ ਟੈਰੇਜ਼ਾ ਨੇ ਵੀ ਕੀਮਤ ਚੁਕਾਈ, ਮਨੋਰੋਗ (ਪੀਟੀਐੱਸਡੀ) ਦਾ ਸ਼ਿਕਾਰ ਬਣ ਕੇ। ਉਸ ਨੂੰ ਤਿੰਨ ਸਾਲ ਤਕ ਮਨੋਚਕਿਤਸਾ ਦਾ ਸਹਾਰਾ ਲੈਣਾ ਪਿਆ।
‘ਬੁਲੇਟਪਰੂਫ’, ਟੈਰੇਜ਼ਾ ਰਹਿਮਾਨ ਦੀ ਤੀਜੀ ਕਿਤਾਬ ਹੈ। ਦੂਜੀ ਕਿਤਾਬ ਮਣੀਪੁਰ ਦੀਆਂ ਉਨ੍ਹਾਂ ਜੂਝਾਰੂ ਔਰਤਾਂ ਬਾਰੇ ਸੀ ਜਿਨ੍ਹਾਂ ਨੇ ਆਰਮਡ ਫੋਰਸਿਜ਼ ਸਪੈਸ਼ਲ ਪਾਵਰਜ਼ ਐਕਟ (ਅਫਸਪਾ) ਦੀ ਬੇਢੱਬੀ ਵਰਤੋਂ ਨੂੰ ਬੇਪਰਦ ਕੀਤਾ। ‘ਬੁਲੇਟਪਰੂਫ’ ਵਿਦਰੋਹੀ ਮਨਾਂ ਦੇ ਜਜ਼ਬਾਤ ਦੀ ਥਾਹ ਪਾਉਣ ਦੀ ਕੋਸ਼ਿਸ਼ ਵੀ ਹੈ ਅਤੇ ਉਨ੍ਹਾਂ ਮਨਾਂ ਅੰਦਰ ਮਾਨਵੀਅਤਾ ਜਗਾਉਣ ਦਾ ਯਤਨ ਵੀ। ਤਲਖ਼ੀਆਂ ਤੇ ਵਿਸਾਹਘਾਤਾਂ ਦੀ ਸਰਬਵਿਆਪਕਤਾ ਦੇ ਬਾਵਜੂਦ ਇਹ ਕਿਤਾਬ ਅੰਦੋਲਨਾਂ ਤੇ ਸੰਘਰਸ਼ਾਂ ਨੂੰ ਹਿੰਸਕ ਰੂਪ ਦਿੱਤੇ ਜਾਣ ਦਾ ਵਿਰੋਧ ਕਰਦੀ ਹੈ। ਕਿਤਾਬ ਦੇ ਨੌਂ ਅਧਿਆਇ ਹਨ। ਪਹਿਲਾ ਨਾਗਾ ਸੰਗਠਨ ‘ਐੱਨਐੱਸਸੀਐੱਨ’ (NS3N) ਅਤੇ ਇਸ ਦੇ ਮੁਖੀ ਆਈਜ਼ਕ ਮੁਇਵਾਹ ਬਾਰੇ ਹੈ। ਦੂਜਾ ਅਸਾਮੀ ਅਤਿਵਾਦੀ ਜਮਾਤ ‘ਉਲਫ਼ਾ’ ਤੇ ਇਸ ਦੇ ਆਗੂ ਪ੍ਰਦੀਪ ਗੋਗੋਈ ਬਾਰੇ। ਗੋਗੋਈ ਉਨ੍ਹਾਂ ਛੇ ਯੁਵਕਾਂ ਵਿਚੋਂ ਇਕ ਸੀ ਜਿਨ੍ਹਾਂ ਨੇ 7 ਅਪਰੈਲ 1979 ਨੂੰ ਸ਼ਿਵ ਸਾਗਰ ਦੇ ਇਤਿਹਾਸਕ ਰੰਗ ਘਰ ਵਿਚ ‘ਉਲਫ਼ਾ’ ਦੀ ਸਥਾਪਨਾ ਕਰਕੇ ‘ਪ੍ਰਭੁਤਾ ਸੰਪੰਨ, ਸਮਾਜਵਾਦੀ, ਆਜ਼ਾਦ ਅਸਾਮ’ ਦੀ ਸਥਾਪਨਾ ਦਾ ਅਹਿਦ ਲਿਆ ਸੀ। ਹੁਣ ਉਹ ਜਿਸਮਾਨੀ ਪੱਖੋਂ ਨਿਢਾਲ ਤੇ ਰੂਹਾਨੀ ਪੱਖੋਂ ਜਰਜਰ ਹੋ ਚੁੱਕਾ ਹੈ। ਨਿਹੱਥਿਆਂ ਤੇ ਮਾਸੂਮਾਂ ਦੇ ਕਤਲਾਂ ਨਾਲ ਜੁੜੇ ਅਪਰਾਧ-ਬੋਧ ਨੇ ਉਸ ਨੂੰ ਨੀਂਦ ਤੋਂ ਦੂਰ ਕਰ ਦਿੱਤਾ ਹੈ। ਇਕ ਅਧਿਆਇ ਅਤਿਵਾਦੀਆਂ ਦੀ ਮੁੱਖ ਧਾਰਾ ਵਿਚ ਵਾਪਸੀ ਨਾਲ ਜੁੜੀਆਂ ਸਮਾਜਿਕ, ਆਰਥਿਕ ਤੇ ਮਨੋਵਿਗਿਆਨਕ ਔਕੜਾਂ ਬਾਰੇ ਹੈ। ਖਾੜਕੂ ਗੁੱਟਾਂ ਦੇ ਮਹਿਲਾ ਕਾਡਰ ਬਾਰੇ ਅਧਿਆਇ ਬਹੁਤ ਮਾਰਮਿਕ ਹੈ। ਇਨ੍ਹਾਂ ਮਹਿਲਾਵਾਂ ਨੂੰ ਜੰਗਜੂਆਂ ਵਾਲੇ ਫ਼ਰਜ਼ ਨਿਭਾਉਣ ਤੋਂ ਇਲਾਵਾ ਰਸੋਈਗਿਰੀ ਵੀ ਕਰਨੀ ਪੈਂਦੀ ਹੈ ਅਤੇ ‘ਕਮਾਂਡਰਾਂ’ ਤੇ ਉਨ੍ਹਾਂ ਦੇ ਕਰੀਬੀਆਂ ਨਾਲ ਹਮਬਿਸਤਰੀ ਵੀ। ਇਹੀ ਕਾਰਨ ਹੈ ਕਿ 70 ਫ਼ੀਸਦੀ ਮਹਿਲਾ ਕਾਡਰ ਆਤਮਘਾਤ ਵਾਲਾ ਰਾਹ ਚੁਣਦਾ ਹੈ। ‘ਬੁਲੇਟਪਰੂਫ’ ਦੀ ਖ਼ਾਮੀ ਇਹ ਹੈ ਕਿ ਆਪਣੇ ਵਿਸ਼ਾ-ਵਸਤੂ ਜਾਂ ਪਾਤਰਾਂ ਦੇ ਪ੍ਰਸੰਗ ਵਿਚ ਉੱਤਰ-ਪੂਰਬ ਦੇ ਨਸਲੀ, ਕਬੀਲਿਆਈ, ਇਲਾਕਾਈ ਵਿਵਾਦਾਂ ਤੇ ਝੇੜਿਆਂ ਦਾ ਇਤਿਹਾਸਕ ਪਰਿਪੇਖ ਪੇਸ਼ ਨਹੀਂ ਕਰਦੀ। ਨਿਰਪੱਖਤਾ ਦੇ ਨਾਮ ’ਤੇ ਇਹ ਸਿਆਸੀ ਟਿੱਪਣੀਆਂ ਤੋਂ ਵੀ ਪਰਹੇਜ਼ ਕਰਦੀ ਹੈ। ਇਹ ਪਰਹੇਜ਼ ਸਕੂਨਦੇਹ ਨਹੀਂ। ਤਰਕ-ਆਧਾਰਿਤ ਤਰਫ਼ਦਾਰੀ, ਨਿੱਗਰ ਅਕਾਦਮਿਕ ਬਹਿਸ ਦਾ ਮੁੱਢ ਬੰਨ੍ਹਦੀ ਹੈ। ਅਜਿਹਾ ਬੀਜ ਇਸ ਕਿਤਾਬ ’ਚੋਂ ਨਹੀਂ ਲੱਭਦਾ। ਇਸ ਖ਼ਾਮੀ ਦੇ ਬਾਵਜੂਦ ਇਹ ਕਿਤਾਬ ਸਹਾਫਤ ਤੇ ਇਨਸਾਨੀਅਤ ਦੀ ਨਾਤਾਦਾਰੀ ਦੀ ਬਿਹਤਰੀਨ ਮਿਸਾਲ ਹੈ। ਇਹ ਆਪਣੇ ਆਪ ਵਿਚ ਕੋਈ ਛੋਟੀ ਪ੍ਰਾਪਤੀ ਨਹੀਂ।
* * *
ਪੰਜਾਬੀ ਵਿਚ ਫੌ਼ਜੀ ਸਾਹਿਤ ਦੀ ਕਮੀ ਦੂਰ ਕਰਨ ਦੇ ਯਤਨਾਂ ਨੂੰ ਬੂਰ ਪੈਣ ਲੱਗਾ ਹੈ। ‘ਇਟਲੀ ਵਿਚ ਸਿੱਖ ਫੌ਼ਜੀ’ (ਪ੍ਰੀਤ ਪਬਲੀਕੇਸ਼ਨ, ਨਾਭਾ; 248 ਪੰਨੇ; 350 ਰੁਪਏ) ਇਸੇ ਸਿਲਸਿਲੇ ਦਾ ਹਿੱਸਾ ਹੈ। ਬਲਵਿੰਦਰ ਸਿੰਘ ਚਾਹਲ ਰਚਿਤ ਇਹ ਕਿਤਾਬ ਪਹਿਲੀ ਵਾਰ 2017 ਵਿਚ ਛਪੀ ਸੀ। ਹੁਣ ਇਸ ਦਾ ਦੂਜਾ ਤੇ ਨਵੀਂ ਜਾਣਕਾਰੀ ਵਾਲਾ ਸੰਸਕਰਣ ਸਾਹਮਣੇ ਆਇਆ ਹੈ।
ਲੇਖਕ ਇਟਲੀ ਵਿਚ ਵਸਿਆ ਹੋਇਆ ਹੈ। ਭਾਸ਼ਾ ਉੱਤੇ ਵੀ ਉਸ ਦੀ ਚੰਗੀ ਪਕੜ ਹੈ ਅਤੇ ਇਤਿਹਾਸਕ ਤੱਥਾਂ ਉੱਤੇ ਵੀ। ਕਿਤਾਬ ਉਪਰ ਹੋਈ ਮਿਹਨਤ ਸਪਸ਼ਟ ਨਜ਼ਰ ਆਉਂਦੀ ਹੈ। ਲੇਖਕ ਅਨੁਸਾਰ ਇਟਲੀ ਦੇ ਫੋਰਲੀ ਸ਼ਹਿਰ ਵਿਚ ਦੂਜੇ ਵਿਸ਼ਵਯੁੱਧ ਦੇ ਸਿੱਖ ਸ਼ਹੀਦਾਂ ਦੀ ਯਾਦ ਵਿਚ ਕਰਵਾਏ ਸਮਾਗਮ ਵਿਚ ਹਿੱਸਾ ਲੈਣ ਮਗਰੋਂ ਇਹ ਕਿਤਾਬ ਵਿਖਣ ਦਾ ਵਿਚਾਰ ਉਸ ਦੇ ਮਨ ਵਿਚ ਉਪਜਿਆ। ਇਸ ਵਿਚਾਰ ਨੇ ਉਸ ਨੂੰ ਖੋਜ ਤੇ ਸ਼ੋਧ ਦੇ ਰਾਹ ਪਾਇਆ। ਇਟਲੀ ਦੇ ਮੌਂਤੇ ਕਸੀਨੋ ਖੇਤਰ ਵਿਚੋਂ ਜਰਮਨਾਂ ਤੇ ਮੁਸੋਲਿਨੀ-ਪੱਖੀ ਫਾਸਿਸਟਾਂ ਨੂੰ ਭਾਂਜ ਦੇਣ ਵਿਚ ਬ੍ਰਿਟਿਸ਼ ਇੰਡੀਅਨ ਆਰਮੀ ਦੇ ਸਿੱਖ ਫ਼ੌਜੀਆਂ ਨੇ ਅਹਿਮ ਯੋਗਦਾਨ ਪਾਇਆ ਸੀ। ਇਨ੍ਹਾਂ ਸੂਰਬੀਰਾਂ ਦੇ ਕਾਰਨਾਮਿਆਂ ਤੇ ਕੁਰਬਾਨੀਆਂ ਨੂੰ ਇਸ ਕਿਤਾਬ ਵਿਚ ਅਹਿਮ ਜਗ੍ਹਾ ਦਿੱਤੀ ਗਈ ਹੈ।
ਕਿਤਾਬ ਵਿਚ ਸਮੁੱਚੇ ਵਿਸ਼ੇ ਦੀ ਸਿੱਧ-ਪੱਧਰੀ ਤੇ ਸਰਲ ਤਰਤੀਬ ਦੀ ਭਾਵੇਂ ਅਣਹੋਂਦ ਹੈ, ਫਿਰ ਵੀ ਮੁੱਖ ਤੌਰ ’ਤੇ ਇਸ ਦੇ ਛੇ ਹਿੱਸੇ ਹਨ। ਇਨ੍ਹਾਂ ਰਾਹੀਂ ਦੋਵਾਂ ਵਿਸ਼ਵ ਯੁੱਧਾਂ ਬਾਰੇ ਬੁਨਿਆਦੀ ਜਾਣਕਾਰੀ ਪ੍ਰਦਾਨ ਕਰਨ ਤੋਂ ਇਲਾਵਾ ਸਿੱਖ ਫ਼ੌਜੀਆਂ ਦੀ ਤਾਇਨਾਤੀ ਅਤੇ ਉਨ੍ਹਾਂ ਨੂੰ ਮਿਲੇ ਇਨਾਮਾਂ-ਸਨਮਾਨਾਂ ਤਕ ਦੇ ਵੇਰਵੇ ਦਰਜ ਹਨ। ਸਭ ਤੋਂ ਅਹਿਮ ਪੱਖ ਹੈ ਸਿੱਖ ਜੰਗੀ ਸ਼ਹੀਦਾਂ ਬਾਰੇ ਵਿਅਕਤੀਗਤ ਜਾਣਕਾਰੀ ਅਤੇ ਜੰਗ ਦੇ ਚਸ਼ਮਦੀਦਾਂ ਨਾਲ ਮੁਲਾਕਾਤਾਂ ਦੇ ਵੇਰਵੇ। ਇਹ ਭਾਗ ਬਹੁਤ ਵਡਮੁੱਲਾ ਹੈ। ਕਿਤਾਬ ਦੂਜੇ ਵਿਸ਼ਵ ਯੁੱਧ ਦੇ ਮੋਰਚਿਆਂ ਦੀਆਂ ਤਸਵੀਰਾਂ ਨਾਲ ਵੀ ਲੈਸ ਹੈ। ਇਹ ਪੱਖ ਵੀ ਇਸ ਨੂੰ ਦਸਤਾਵੇਜ਼ੀ ਪ੍ਰਮਾਣਿਕਤਾ ਪ੍ਰਦਾਨ ਕਰਦਾ ਹੈ।
* * *
ਇਤਿਹਾਸਕਾਰ ਤੇ ਪੱਤਰਕਾਰ ਪਾਲ ਜੌਹਨਸਨ ਦੀ ਕਿਤਾਬ ‘ਇੰਟਲੈਕਚੂਅਲਜ਼’ (ਬੁੱਧੀਜੀਵੀ) ਹਾਸਿਲ ਕਰਨ ਦੇ ਯਤਨ ਹੁਣ ਤਕ ਨਾਕਾਮ ਸਾਬਤ ਹੋਏ ਹਨ। ਇਹ 1988 ਵਿਚ ਪਹਿਲੀ ਵਾਰ ਛਪੀ ਸੀ। ਉਸ ਮਗਰੋਂ ਕਈ ਐਡੀਸ਼ਨ ਛਪੇ। ਆਖ਼ਰੀ ਵਾਰ 2006 ਵਿਹ ਇਹ ਛਾਪੀ ਗਈ। ਹੁਣ ਇਹ ਭਾਰਤੀ ਮਾਰਕੀਟ ਵਿਚੋਂ ਗਾਇਬ ਹੈ। ਦੋ ਆਨਲਾਈਨ ਵਿਕਰੇਤਾਵਾਂ ਨੇ ਅਮਰੀਕਾ ਤੋਂ ਮੰਗਵਾ ਕੇ ਦੇਣ ਦਾ ਵਾਅਦਾ ਕਰਨ ਮਗਰੋਂ ਪੰਦਰਾਂ-ਪੰਦਰਾਂ ਦਿਨਾਂ ਬਾਅਦ ਹੱਥ ਖੜ੍ਹੇ ਕਰ ਦਿੱਤੇ। ਪੰਜਾਬ ਦੀਆਂ ਕੁਝ ਅਹਿਮ ਲਾਇਬਰੇਰੀਆਂ ਵਿਚੋਂ ਵੀ ਨਹੀਂ ਮਿਲੀ। ਇਸ ਦੇ ਕੁਝ ਅੰਸ਼ ਗੂਗਲ ਰਾਹੀਂ ਲੱਭ ਜਾਂਦੇ ਹਨ, ਪਰ ਤਸੱਲੀ ਨਹੀਂ ਕਰਵਾਉਂਦੇ।
ਕਿਤਾਬ ਵਿਚ ਦਰਸਾਇਆ ਗਿਆ ਹੈ ਕਿ ਵਾਲਟੇਅਰ ਤੋਂ ਲੈ ਕੇ ਨੌਮ ਚੌਮਸਕੀ ਤਕ 99 ਫ਼ੀਸਦੀ ਬੁੱਧੀਜੀਵੀਆਂ ਦੀ ਅਕਲ-ਲਤੀਫ਼ੀ ਬਾਕੀ ਜਹਾਨ ਲਈ ਸੀ, ਖ਼ੁਦ ਲਈ ਨਹੀਂ। ਜਿਨ੍ਹਾਂ ਸਿਧਾਂਤਾਂ ਤੇ ਅਸੂਲਾਂ ਦਾ ਉਨ੍ਹਾਂ ਨੇ ਪ੍ਰਚਾਰ ਕੀਤਾ, ਉਨ੍ਹਾਂ ਨੂੰ ਆਪੋ-ਆਪਣੇ ਨਿੱਜੀ ਜੀਵਨ ਦਾ ਕਦੇ ਵੀ ਹਿੱਸਾ ਨਹੀਂ ਬਣਾਇਆ। ਇਸੇ ਤੱਤ ਕਾਰਨ ਇਹ ਕਿਤਾਬ ਪੜ੍ਹਨ ਤੇ ਗੁੜ੍ਹਨਯੋਗ ਜਾਪਦੀ ਹੈ। ਜੇਕਰ ਕਿਸੇ ਪਾਠਕ ਸੱਜਣ ਕੋਲ ਉਪਲੱਬਧ ਹੋਵੇ ਤਾਂ ਉਹ 7837463050 ’ਤੇ ਸੰਪਰਕ ਕਰ ਸਕਦਾ ਹੈ।
* * *

ਸੁਰਿੰਦਰ ਸਿੰਘ ਤੇਜ

ਫਿਲਮਸਾਜ਼ ਜੇ. ਓਮ ਪ੍ਰਕਾਸ਼ ਦਾ 7 ਅਗਸਤ ਨੂੰ ਦੇਹਾਂਤ ਹੋ ਗਿਆ, ਪਰ ਉਸ ਦਿਨ ਧਾਰਾ 370 ਦੇ ਖ਼ਾਤਮੇ ਨਾਲ ਜੁੜੀ ਅੰਧ-ਰਾਸ਼ਟਰੀ ਬੇਹੂਦਗੀ ਨੇ ਇਸ ਖ਼ਬਰ ਨੂੰ ਮੀਡੀਆ ਵਿਚ ਸਹੀ ਮੁਕਾਮ ਨਾ ਲੈਣ ਦਿੱਤਾ। ਇਸ ਚਲਾਣੇ ਤੋਂ ਦੋ ਦਿਨ ਬਾਅਦ ‘ਵਿਵਿਧ ਭਾਰਤੀ’ ਨੇ ਇਸ ਫਿਲਮਸਾਜ਼ ਦਾ ਇਕ ਪੁਰਾਣਾ ਇੰਟਰਵਿਊ ਪ੍ਰਸਾਰਿਤ ਕੀਤਾ ਜੋ ਨਿਹਾਇਤ ਦਿਲਚਸਪ ਸੀ। 1927 ਵਿਚ ਸਿਆਲਕੋਟ ’ਚ ਜਨਮੇ ਜੇ.ਓਮ ਪ੍ਰਕਾਸ਼ (ਅਸਲ ਨਾਮ ਜਗਦੀਸ਼ ਕੁਮਾਰ ਆਹੂਜਾ) ਦੇ ਪਿਤਾ ਕੋਇਟਾ ਦੇ ਡੀਏਵੀ ਸਕੂਲ ਵਿਚ ਹੈੱਡਮਾਸਟਰ ਸਨ। 1935 ਦੇ ਭੂਚਾਲ ਦੌਰਾਨ ਜੇ.ਓਮ ਪ੍ਰਕਾਸ਼ ਦੀ ਮਾਤਾ ਫ਼ੌਤ ਹੋ ਗਈ। ਇਸ ’ਤੇ ਪਿਤਾ ਨੇ ਬਾਕੀ ਬੱਚਿਆਂ ਨਾਲ ਸਿਆਲਕੋਟ ਪਰਤਣਾ ਵਾਜਬ ਸਮਝਿਆ। ਮੈਟਰਿਕ ਹੋਣ ਮਗਰੋਂ ਜਗਦੀਸ਼ ਨੂੰ ਨੌਕਰੀ ਲੱਭਣ ਲਈ ਲਾਹੌਰ ਭੇਜਿਆ ਗਿਆ। ਅੰਗਰੇਜ਼ੀ, ਉਰਦੂ ਤੇ ਹਿੰਦੀ ਉੱਤੇ ਚੰਗੀ ਪਕੜ ਹੋਣ ਕਾਰਨ ਉਸ ਨੂੰ ਇਕ ਫਿਲਮ ਵਿਤਰਣ ਕੰਪਨੀ ਦੇ ਦਫ਼ਤਰ ਵਿਚ ਕਲਰਕ ਦੀ ਨੌਕਰੀ ਮਿਲ ਗਈ। ਇੱਥੇ ਹੀ ਜਗਦੀਸ਼ ਨੇ ਪਿਤਾ ਓਮ ਪ੍ਰਕਾਸ਼ ਦੇ ਨਾਮ ਅੱਗੇ ‘ਜੇ’ ਲਾ ਕੇ ਆਪਣਾ ਫਿਲਮੀ ਨਾਮਕਰਨ ਕਰ ਲਿਆ। ਇਸੇ ਦਫ਼ਤਰ ਵਿਚ ਉਰਦੂ ਸ਼ਾਇਰ ਕਤੀਲ ਸ਼ਿਫ਼ਾਈ (ਅਸਲ ਨਾਮ ਮੁਹੰਮਦ ਔਰੰਗਜ਼ੇਬ ਖ਼ਾਨ ਵਾਸੀ ਹਰੀਪੁਰ-ਹਜ਼ਾਰਾ) ਵੀ ਕੰਮ ਕਰਦਾ ਸੀ। ਉਸ ਨਾਲ ਦੋਸਤੀ ਨੇ ਜਗਦੀਸ਼ ਨੂੰ ਫ਼ੈਜ਼ ਅਹਿਮਦ ਫ਼ੈਜ਼ ਦਾ ਮਿੱਤਰ ਵੀ ਬਣਾ ਦਿੱਤਾ।
ਦੇਸ਼ ਵੰਡ ਤੋਂ ਬਾਅਦ ਜੇ.ਓਮ. ਪ੍ਰਕਾਸ਼ ਨੇ ਬੰਬਈ ਜਾਣਾ ਵਾਜਬ ਸਮਝਿਆ। ਕਈ ਫਿਲਮ ਕੰਪਨੀਆਂ ਵਿਚ ਕਲਰਕੀ ਕੀਤੀ। ਜ਼ਿਆ ਸਰਹੱਦੀ ਦੀ ਫਿਲਮ ‘ਫੁੱਟਪਾਥ’ (1953) ਦਾ ਉਹ ਪ੍ਰੋਡਕਸ਼ਨ ਮੈਨੇਜਰ ਸੀ। ਇਸ ਅਦਬੀ ਫਿਲਮ ਦੀ ਨਾਕਾਮੀ ਨੇ ਉਸ ਅੰਦਰ ਇਹ ਪ੍ਰਭਾਵ ਪੱਕਾ ਕਰ ਦਿੱਤਾ ਕਿ ਫਿਲਮ ਤੇ ਅਦਬ ਦੀ ਸਾਂਝ ਫਲਦਾਇਕ ਨਹੀਂ। 1960 ਤੋਂ 2001 ਤਕ ਉਸ ਨੇ 23 ਫਿਲਮਾਂ ਬਣਾਈਆਂ। ਇਨ੍ਹਾਂ ਵਿਚੋਂ 22 ਫਿਲਮਾਂ ਅਦਬੀ ਰੰਗਤ ਤੋਂ ਮੁਕਤ ਸਨ। 23 ਵਿਚੋਂ 19 ਫਿਲਮਾਂ ਨੇ ਚੰਗੀ ਕਮਾਈ ਕੀਤੀ। ਇਸ ਕਾਮਯਾਬੀ ਦਾ ਫਾਰਮੂਲਾ ਬੜਾ ਸਰਲ ਸੀ: ਪਰਿਵਾਰਕ ਕਹਾਣੀ, ਪਰਿਵਾਰਕ ਪਰਿਵੇਸ਼, ਆਮ ਲੋਕਾਂ ਦੇ ਮੂੰਹ ਚੜ੍ਹਨ ਵਾਲਾ ਗੀਤ ਸੰਗੀਤ। ‘ਆਸ ਕਾ ਪੰਛੀ’ (1960) ਤੋਂ ਲੈ ਕੇ ‘ਆਦਮੀ ਖਿਲੌਨਾ ਹੈ’ (1993) ਤਕ ਫਾਰਮੂਲਾ ਇਹੋ ਚੱਲਿਆ। ਅਜਿਹੀ ਕਾਮਯਾਬੀ ਦੇ ਬਾਵਜੂਦ ਉਹ ਸਾਹਿਤਕ ਕੀੜੇ ਤੋਂ ਬਚ ਨਾ ਸਕਿਆ। ਪਹਿਲੀ ਫਿਲਮ ‘ਆਸ ਕਾ ਪੰਛੀ’ ਦਾ ਨਾਮਕਰਨ ਕਤੀਲ ਸ਼ਿਫ਼ਾਈ ਦੀ ਮਸ਼ਹੂਰ ਗ਼ਜ਼ਲ ‘ਅੰਗੜਾਈ ਪਰ ਅੰਗੜਾਈ ਲੇਤੀ ਹੈ ਰਾਤ ਜੁਦਾਈ ਕੀ’ ਦੇ ਬੰਦ ‘ਉੜਤੇ ਉੜਤੇ ਆਸ ਕਾ ਪੰਛੀ ਦੂਰ ਉਫ਼ੁਕ ਮੇਂ ਡੂਬ ਗਯਾ’ ਤੋਂ ਲਿਆ ਗਿਆ। ਨਿਰਮਾਣ ਕੰਪਨੀ ‘ਫਿਲਮਯੁੱਗ’ ਦਾ ਨਾਮ ਹਿੰਦੀ ਸਾਹਿਤਕ ਰਸਾਲੇ ‘ਧਰਮਯੁੱਗ’ ਦੇ ਨਾਮ ਤੋਂ ਪ੍ਰੇਰਿਤ ਹੋ ਕੇ ਰੱਖਿਆ ਗਿਆ। ਅਤੇ ਜਦੋਂ 1974 ਵਿਚ ‘ਸਾਪਤਾਹਿਕ ਹਿੰਦੋਸਤਾਨ’ (ਹਿੰਦੋਸਤਾਨ ਟਾਈਮਜ਼ ਗਰੁੱਪ ਦੇ ਪ੍ਰਕਾਸ਼ਨ) ਵਿਚ ਕਮਲੇਸ਼ਵਰ ਦਾ ਨਾਵਲ ‘ਕਾਲੀ ਆਂਧੀ’ ਪੜ੍ਹਿਆ ਤਾਂ ਇਸ ਨੂੰ ਫਿਲਮਬੰਦ ਕਰਨ ਦੀ ਇੱਛਾ ਤੰਗ ਕਰਨ ਲੱਗੀ। ਇਸ ਇੱਛਾ ਦੀ ਪੂਰਤੀ ਦੀ ਜ਼ਿੰਮੇਵਾਰੀ ਗੁਲਜ਼ਾਰ ਨੂੰ ਸੌਂਪੀ ਗਈ। ਇਹ ਵੱਖਰੀ ਗੱਲ ਹੈ ਕਿ ਸ਼ਾਹਕਾਰ ਫਿਲਮ ‘ਆਂਧੀ’ (1975) ਰਿਲੀਜ਼ ਹੁੰਦਿਆਂ ਹੀ ਇੰਦਿਰਾ ਗਾਂਧੀ ਦੀ ਸਰਕਾਰ ਵੱਲੋਂ ਬੈਨ ਕਰ ਦਿੱਤੀ ਗਈ। ਇਸ ਪਾਬੰਦੀ ਨੇ ਜੇ.ਓਮ. ਪ੍ਰਕਾਸ਼ ਨੂੰ ਫਿਲਮਾਂ ਤੇ ਸਾਹਿਤ ਦਰਮਿਆਨ ਫ਼ਾਸਲਾ ਕਾਇਮ ਰੱਖਣ ਦੇ ਰਾਹ ਮੁੜ ਪਾ ਦਿੱਤਾ।
ਪੰਜਾਬੀਅਤ ਦਾ ਮੁੱਦਈ ਸੀ ਜੇ.ਓਮ. ਪ੍ਰਕਾਸ਼। ਮੁੰਬਈ ਤੇ ਪੁਣੇ ਦੀਆਂ ਪੰਜਾਬੀ ਐਸੋਸੀਏਸ਼ਨਾਂ ਦਾ ਤਾਉਮਰ ਮੈਂਬਰ। 1983 ਵਿਚ ਪੰਜਾਬੀ ਫਿਲਮ ‘ਆਸਰਾ ਪਿਆਰ ਦਾ’ ਦਾ ਖ਼ੁਦ ਨਿਰਦੇਸ਼ਨ ਕੀਤਾ। ਰਾਜ ਬੱਬਰ, ਨਵੀਨ ਨਿਸ਼ਚਲ, ਕਿਰਨ ਖੇਰ ਤੇ ਪ੍ਰੀਤੀ ਸਪਰੂ ਦੀਆਂ ਭੂਮਿਕਾਵਾਂ ਵਾਲੀ ਇਹ ਫਿਲਮ ਉਸ ਦੀਆਂ ਹਿੰਦੀ ਫਿਲਮਾਂ ਵਾਂਗ ਹੀ ਸੀ: ਸਰਲ, ਸ਼ਾਲੀਨ ਤੇ ਪਰਿਵਾਰਕ। ਅਦਾਕਾਰ ਰਿਤਿਕ ਰੌਸ਼ਨ ਦੇ ਨਾਨੇ ਦੀ ਨਿੱਜੀ ਸ਼ਖ਼ਸੀਅਤ ਵਰਗੀ।


Comments Off on ਸਹਾਫਤ, ਸਦਾਕਤ ਤੇ ਇਨਸਾਨੀਅਤ ਦਾ ਸੁਮੇਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.