ਗੈਂਗਸਟਰ ਰਾਜਵਿੰਦਰ ਘਾਲੀ ਦਾ ਕਤਲ !    ਨੌਜਵਾਨ ਸੋਚ: ਪੰਜਾਬ ’ਚ ਵਾਤਾਵਰਨ ਦਾ ਸੰਕਟ !    ਨੌਜਵਾਨਾਂ ਵਿਚ ਵਧ ਰਹੀ ਅਸਹਿਣਸ਼ੀਲਤਾ !    ਜਬਰ-ਜਨਾਹ ਦੀਆਂ ਪੀੜਤ ਕੁੜੀਆਂ ਤੇ ਸਾਡਾ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਸਵਾਮੀ ਨੇ ਪੁਰਾਣਾ ਰਿਕਾਰਡ ਕੱਢ ਕਾਂਗਰਸ ’ਤੇ ਨਿਸ਼ਾਨਾ ਸਾਧਿਆ !    ਨਾਗਰਿਕਤਾ ਬਿੱਲ ਦਾ ਡੇਢ ਕਰੋੜ ਲੋਕਾਂ ਨੂੰ ਲਾਭ ਹੋਵੇਗਾ: ਸੰਘ !    ਹਾਈਪਰਲੂਪ ਪ੍ਰਾਜੈਕਟ ਬਾਰੇ ਊਧਵ ਨਾਲ ਮੁਲਾਕਾਤ ਕਰਨਗੇ ਬ੍ਰੈਨਸਨ !    ਵਕੀਲਾਂ ਵੱਲੋਂ ਲਾਹੌਰ ਦੇ ਹਸਪਤਾਲ ’ਚ ਭੰਨਤੋੜ, ਪੰਜ ਮਰੀਜ਼ਾਂ ਦੀ ਮੌਤ !    ਪਾਕਿ ਅਦਾਲਤ ਵੱਲੋਂ ਹਾਫ਼ਿਜ਼ ਸਈਦ ਖ਼ਿਲਾਫ਼ ਦੋਸ਼ ਆਇਦ !    

ਸਵਾਦ ਨਹੀਂ, ਸਿਹਤ ਜ਼ਰੂਰੀ ਹੈ

Posted On September - 6 - 2019

1-7 ਸਤੰਬਰ ਕੌਮੀ ਖੁਰਾਕ ਹਫ਼ਤੇ ਲਈ ਵਿਸ਼ੇਸ਼

ਨਰਿੰਦਰ ਪਾਲ ਸਿੰਘ
ਬੱਚੇ ਹੋਣ ਭਾਵੇਂ ਵੱਡੇ, ਆਮ ਤੌਰ ’ਤੇ ਲੋਕ ਖਾਣ ਪੀਣ ਦੇ ਮਾਮਲੇ ਵਿੱਚ ਸਵਾਦ ਨੂੰ ਤਰਜ਼ੀਹ ਦਿੰਦੇ ਹਨ, ਸਿਹਤ ਨੂੰ ਨਹੀਂ। ਇਹ ਗੱਲ ਵੀ ਭਲੀ ਭਾਂਤੀ ਜਾਣਦੇ ਹਨ ਕਿ ਆਉਣ ਵਾਲੇ ਦਿਨਾਂ ਵਿਚ ਸਾਡੀ ਸਿਹਤ ਕਿਹੋ ਜਿਹੀ ਹੋਵੇਗੀ, ਇਹ ਸਭ ਸਾਡੇ ਖਾਣ ਪੀਣ ’ਤੇ ਨਿਰਭਰ ਕਰਦਾ ਹੈ। ਕੌਮੀ ਖੁਰਾਕ ਹਫ਼ਤਾ ਇਸੇ ਗੱਲ ਲਈ ਜਾਗਰੂਕ ਕਰਦਾ ਹੈ ਕਿ ਤੁਸੀਂ ਖੁਦ ਵੀ ਪੌਸ਼ਟਿਕ ਭੋਜਨ ਦੀ ਵਰਤੋਂ ਕਰੋ ਅਤੇ ਬੱਚਿਆਂ ਨੂੰ ਸ਼ੁਰੂ ਤੋਂ ਇਸਦੀ ਆਦਤ ਪਾਈ ਜਾਵੇ।
ਭਾਰਤ ਵਿਚ ਹਰ ਸਾਲ ਕਰੀਬ 74 ਲੱਖ ਬੱਚੇ ਘੱਟ ਵਜ਼ਨ ਵਾਲੇ ਪੈਦਾ ਹੁੰਦੇ ਹਨ ਜੋ ਕਿ ਵਿਕਾਸਸ਼ੀਲ ਦੇਸ਼ਾਂ ਵਿਚ ਪੈਦਾ ਹੋਣ ਵਾਲੇ ਘੱਟ ਵਜਨ ਵਾਲੇ ਬੱਚਿਆਂ ਦਾ 40 ਫ਼ੀਸਦੀ ਹਨ। 5 ਸਾਲ ਤੱਕ ਦੀ ਉਮਰ ਦੇ ਕਰੀਬ 20 ਫ਼ੀਸਦੀ ਬੱਚੇ ਕੁਪੋਸ਼ਿਤ ਹਨ। ਇਸ ਲਈ ਇੰਨੇ ਘਾਤਕ ਅੰਕੜਿਆਂ ਦੇ ਸਾਹਮਣੇ ਆਉਣ ਵਿਚ ਵੱਡਾ ਕਾਰਨ ਸੰਤੁਲਿਤ ਭੋਜਨ ਦੀ ਘਾਟ ਹੈ। ਇਹ ਘਾਟ ਸਾਧਨਾਂ ਦੀ ਕਮੀ ਕਾਰਨ ਵੀ ਹੋ ਸਕਦੀ ਹੈ ਅਤੇ ਅਗਿਆਨਤਾ ਵੱਸ ਵੀ ਹੋ ਸਕਦੀ ਹੈ। ਗਰਭਵਤੀ ਔਰਤ, ਦੁੱਧ ਪਿਲਾਉਣ ਵਾਲੀ ਮਾਂ ਅਤੇ ਵਾਧਾ ਵਿਕਾਸ ਕਰ ਰਹੇ ਬੱਚੇ ਲਈ ਸਿਹਤਮੰਦ ਭੋਜਨ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ।
ਮਾਂ ਦੀ ਖੁਰਾਕ:
ਭਾਰਤ ਵਿਚ ਦੁੱਧ ਪਿਲਾਉਣ ਵਾਲੀ ਮਾਂ ਨੂੰ 75 ਗ੍ਰਾਮ ਤੱਕ ਪ੍ਰੋਟੀਨ ਦੀ ਲੋੜ ਹੁੰਦੀ ਹੈ, ਜਿਸਨੂੰ ਦਿਨ ਵਿਚ ਤਿੰਨ ਵਾਰ ਖਾਣੇ ਨਾਲ ਲੈਣਾ ਚਾਹੀਂਦਾ ਹੈ। ਇਸ ਲਈ ਮੱਛੀ, ਅੰਡਾ, ਦੁੱਧ ਅਤੇ ਦੁੱਧ ਤੋਂ ਬਣੀਆਂ ਚੀਜ਼ਾਂ, ਮੇਵਾ, ਦਾਲ ਅਤੇ ਮੀਟ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ। ਸ਼ਾਕਾਹਾਰੀ ਮਾਂ ਦਾਲ, ਸੋਇਆਬੀਨ, ਪਨੀਰ, ਬਦਾਮ ਆਦਿ ਲੈ ਸਕਦੀ ਹੈ।
ਉਸਨੂੰ ਪੂਰੇ ਦਿਨ ਵਿਚ ਇੰਨੀ ਊਰਜਾ ਲੈਣੀ ਜ਼ਰੂਰੀ ਹੈ, ਜਿਸ ਨਾਲ ਉਸਦੀ ਸਰੀਰਕ ਊਰਜਾ ਦੇ ਨਾਲ ਨਾਲ ਬੱਚੇ ਦੀ ਸਰੀਰਕ ਅਤੇ ਮਾਨਸਿਕ ਜ਼ਰੂਰਤ ਪੂਰੀ ਹੋ ਸਕੇ। ਸੰਪੂਰਨ ਅਨਾਜ ਵਿਚ ਉਸਨੂੰ ਚਾਵਲ, ਮੱਕੀ, ਮੱਠਾ, ਦਲੀਆ ਆਦਿ ਲੈਂਦੇ ਰਹਿਣਾ ਚਾਹੀਂਦਾ ਹੈ। ਫ਼ਲ ਅਤੇ ਸਬਜ਼ੀਆਂ ਸਰੀਰ ਨੂੰ ਤੰਦਰੁਸਤੀ ਦੇਣ ਵਾਲੇ ਕਾਰਬੋਹਾਈਡ੍ਰੇਟਸ ਪ੍ਰਦਾਨ ਕਰਦੇ ਹਨ ਅਤੇ ਊਰਜਾ ਦਿੰਦੇ ਹਨ। ਸਬਜੀਆਂ ਵਿਚ ਸਿਰਫ਼ ਕਾਰਬੋਹਾਈਡ੍ਰੇਟਸ ਹੀ ਨਹੀਂ ਸਗੋਂ ਕਈ ਤਰ੍ਹਾਂ ਦੇ ਵਿਟਾਮਿਨ ਅਤੇ ਮਿਨਰਲ ਵੀ ਪਾਏ ਜਾਂਦੇ ਹਨ। ਬੱਚੇ ਦੇ ਜਨਮ ਤੋਂ ਬਾਅਦ ਮਾਂ ਨੂੰ ਮੌਸਮੀ ਅਤੇ ਸਥਾਨਕ ਫ਼ਲ ਅਤੇ ਸਬਜੀਆਂ ਖਾਣ ਨੂੰ ਵਧੇਰੇ ਤਰਜੀਹ ਦੇਣੀ ਚਾਹੀਂਦੀ ਹੈ ਕਿਉਂਕਿ ਇਹ ਫ਼ਲ ਅਤੇ ਸਬਜੀਆਂ ਜਿੱਥੇ ਸਸਤੀਆਂ ਉਪਲਬਧ ਹੋਣਗੀਆਂ ੳੱਥੇ ਹੀ ਤਾਜ਼ੇ ਹੋਣ ਕਰ ਕੇ ਇਨ੍ਹਾਂ ਦੀ ਪੌਸ਼ਟਿਕਤਾ ਵਧੇਰੇ ਹੋਵੇਗੀ।
ਆਇਰਨ: ਦੁੱਧ ਪਿਲਾਉਣ ਵਾਲੀ ਮਾਂ ਨੂੰ ਵੀ ਆਇਰਨ ਦੀ ਲੋੜ ਉਨੀ ਹੀ ਹੁੰਦੀ ਹੈ ਜਿੰਨੀ ਕਿ ਗਰਭ ਅਵਸਥਾ ਦੌਰਾਨ ਹੁੰਦੀ ਹੈ। ਇਸ ਲਈ ਹਰੀਆਂ ਸਬਜੀਆਂ, ਪਾਲਕ, ਅਮਰੂਦ ਆਦਿ ਖਾ ਸਕਦੀ ਹੈ। ਕੈਲਸ਼ੀਅਮ ਦੀ ਪ੍ਰਾਪਤੀ ਲਈ ਦੁੱਧ, ਦਹੀਂ, ਮੱਛੀ ਆਦਿ ਦੀ ਵਰਤੋਂ ਕੀਤੀ ਜਾ ਸਕਦੀ ਹੈ। ਦੁੱਧ ਪਿਲਾਉਣ ਵਾਲੀ ਮਾਂ ਲਈ ਓਮੇਗਾ 3 ਫ਼ੈਟੀ ਐਸਿਡ ਵੀ ਜ਼ਰੂਰੀ ਹੁੰਦਾ ਹੈ ਜੋ ਕਿ ਮੱਛੀ ਵਿਚ ਵਧੇਰੇ ਪਾਇਆ ਜਾਂਦਾ ਹੈ। ਸ਼ਾਕਾਹਾਰੀ ਲਈ ਇਹ ਅਲਸੀ ਦੇ ਬੀਜ਼ ਅਤੇ ਨਾਰੀਅਲ ਤੇਲ ਦੀ ਵਰਤੋਂ ਕਰ ਕੇ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ। ਵਿਟਾਮਿਨ ਡੀ ਹੱਡੀਆਂ ਦੇ ਵਿਕਾਸ ਅਤੇ ਸਰੀਰ ਦੇ ਹੋਰ ਵਾਧੇ ਵਿਕਾਸ ਲਈ ਜ਼ਰੂਰੀ ਹੈ। ਇਹ ਸਰੀਰ ਵਿਚ ਕੈਲਸ਼ੀਅਮ ਨੂੰ ਜਜ਼ਬ ਕਰਨ ਵਿਚ ਵੀ ਮਦਦ ਕਰਦਾ ਹੈ।
ਬੱਚੇ ਦੀ ਖੁਰਾਕ :
ਸ਼ੁਰੂਆਤੀ 6 ਮਹੀਨੇ ਨਵ ਜਨਮੇ ਬੱਚੇ ਦੀ ਸਿਹਤ ਲਈ ਬਹੁਤ ਮਹੱਤਵਪੂਰਨ ਹੁੰਦੇ ਹਨ। ਇਸ ਦੌਰਾਨ ਬੱਚੇ ਨੂੰ ਮਾਂ ਦੇ ਦੁੱਧ ਤੋਂ ਬਿਨਾਂ ਹੋਰ ਕੋਈ ਖੁਰਾਕ ਨਹੀਂ ਦੇਣੀ ਚਾਹੀਦੀ। ਮਾਂ ਦਾ ਦੁੱਧ ਬੱਚੇ ਲਈ ਵਰਦਾਨ ਹੈ ਜੋ ਕਿ ਵੈਕਸੀਨ ਦੀ ਤਰ੍ਹਾਂ ਕੰਮ ਕਰ ਕੇ ਬੱਚੇ ਨੂੰ ਬਿਮਾਰੀਆਂ ਤੋਂ ਬਚਾਉਂਦਾ ਹੈ। 6 ਮਹੀਨੇ ਦੀ ਉਮਰ ਤੱਕ ਬੱਚੇ ਨੂੰ ਸਿਰਫ਼ ਮਾਂ ਦਾ ਦੁੱਧ ਹੀ ਦੇਣਾ ਚਾਹੀਂਦਾ ਹੈ।
7 ਤੋਂ 9 ਮਹੀਨਿਆਂ ਦੇ ਬੱਚੇ ਦੀ ਖੁਰਾਕ: ਇਸ ਪੜਾਅ ਵਿਚ ਬੱਚੇ ਦੀਆਂ ਪੋਸ਼ਣ ਸਬੰਧੀ ਜ਼ਰੂਰਤਾਂ ਪੂਰੀਆਂ ਕਰਨ ਲਈ ਉਸ ਨੂੰ ਮਾਂ ਦੇ ਦੁੱਧ ਦੇ ਨਾਲ ਨਾਲ ਹੋਰ ਵਧੇਰੇ ਖੁਰਾਕ ਦੀ ਲੋੜ ਹੁੰਦੀ ਹੈ। ਉਸਨੂੰ ਵੱਖਰੇ ਵੱਖਰੇ ਸਵਾਦ ਵਾਲੇ ਤਰਲ ਅਤੇ ਅਰਧ ਤਰਲ ਪਦਾਰਥ ਦੇਣੇ ਸ਼ੁਰੂ ਕਰਨੇ ਚਾਹੀਂਦੇ ਹਨ। ਭੋਜਨ ਜਿਵੇਂ ਸਟਾਰਚ ਵਾਲੇ ਭੋਜਨ ਜਿਵੇਂ ਮਸਲਿਆ ਹੋਇਆ ਕੇਲਾ, ਖਿਚੜੀ, ਸੂਜੀ ਦਾ ਹਲਵਾ, ਸਾਬੂਦਾਨਾ ਖੀਰ, ਦਲੀਆ, ਬਰੈਡ, ਜਵਾਰ ਆਦਿ ਦਿੱਤੇ ਜਾ ਸਕਦੇ ਹਨ। ਘਰ ਵਿਚ ਤਿਆਰ ਦਾਲਾਂ ਦਾ ਪਾਣੀ ਆਦਿ ਬੱਚੇ ਦੇ ਵਾਧੇ ਵਿਕਾਸ ਵਿਚ ਭਰਪੂਰ ਯੋਗਦਾਨ ਪਾਉਂਦਾ ਹੈ।
10 ਮਹੀਨਿਆਂ ਤੋਂ 2 ਸਾਲ ਤੱਕ ਦੇ ਬੱਚਿਆਂ ਦੀ ਖੁਰਾਕ: ਇਸ ਉਮਰ ਦੇ ਬੱਚਿਆਂ ਨੂੰ ਨਰਮ ਫ਼ਲਾਂ ਦੇ ਛੋਟੇ ਛੋਟੇ ਟੁਕੜੇ ਦਿੱਤੇ ਜਾ ਸਕਦੇ ਹਨ। ਦਿਨ ਵਿਚ ਖਿਚੜੀ, ਦਾਲ, ਚੌਲ, ਦਲੀਆ ਜਾਂ ਆਲੂ ਆਦਿ ਸਟਾਰਚ ਵਾਲੇ ਭੋਜਨ ਦਿੱਤੇ ਜਾ ਸਕਦੇ ਹਨ। ਚੰਗੀ ਤਰ੍ਹਾਂ ਪੱਕਿਆ ਹੋਇਆ ਅੰਡਾ, ਦਾਲਾਂ, ਸੁੱਕੇ ਮੇਵੇ, ਮੁੰਗਫ਼ਲੀ ਆਦਿ ਦਿੱਤੀ ਜਾ ਸਕਦੀ ਹੈ।
2 ਤੋਂ 3 ਸਾਲ ਦੇ ਬੱਚੇ ਦੀ ਖੁਰਾਕ: ਇਸ ਉਮਰ ਦੇ ਬੱਚੇ ਨੂੰ ਦਿਨ ਵਿਚ ਕਰੀਬ 5 ਵਾਰ ਖਾਣਾ ਦਿੱਤਾ ਜਾਵੇ। ਬਾਜ਼ਾਰ ਦੀਆਂ ਚੀਜਾਂ, ਚਾਕਲੇਟ ਆਦਿ ਖਾਣ ਤੋਂ ਪ੍ਰਹੇਜ਼ ਕੀਤਾ ਜਾਵੇ। ਇੱਕ ਹੀ ਸਬਜੀ ਜਾਂ ਫ਼ਲ ਵਾਰ ਵਾਰ ਖੁਆਉਣ ਦੀ ਬਜਾਏ ਵੱਖਰੇ ਵੱਖਰੇ ਫ਼ਲ ਅਤੇ ਸਬਜ਼ੀਆਂ ਖਾਣ ਲਈ ਦਿੱਤੀਆਂ ਜਾਣ, ਜਿਸ ਨਾਲ ਉਸਦੀ ਜਾਣਕਾਰੀ ਵਿਚ ਵੀ ਵਾਧਾ ਹੋਵੇਗਾ ਅਤੇ ਉਸਦੀ ਰੁਚੀ ਵੀ ਵਧੇਗੀ। ਸਬਜ਼ੀਆਂ ਅਤੇ ਫ਼ਲਾਂ ਨੂੰ ਚੰਗੀ ਤਰ੍ਹਾਂ ਸਜਾਵਟ ਕਰ ਕੇ ਉਸਨੂੰ ਖਾਣ ਲਈ ਉਤਸ਼ਾਹਿਤ ਕਰੋ। ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤੂਆਂ ਨੂੰ ਵੀ ਉਸਦੀ ਰੋਜ਼ਾਨਾ ਖੁਰਾਕ ਵਿੱਚ ਸ਼ਾਮਿਲ ਕੀਤਾ ਜਾਵੇ।
ਬਲਾਕ ਹੈਲਥ ਐਜੂਕੇਟਰ, ਸਿਹਤ ਵਿਭਾਗ ਪੰਜਾਬ
ਸੰਪਰਕ: 98768 05158


Comments Off on ਸਵਾਦ ਨਹੀਂ, ਸਿਹਤ ਜ਼ਰੂਰੀ ਹੈ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.