ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਸਮਾਜ, ਸਾਹਿਤ ਤੇ ਸਿਨਮਾ

Posted On September - 21 - 2019

ਗੋਵਰਧਨ ਗੱਬੀ

ਸਾਹਿਤਕਾਰ, ਕਲਾਕਾਰ, ਫ਼ਿਲਮਸਾਜ਼ ਤੇ ਹੋਰ ਕਲਾਵਾਂ ਦੇ ਰਚਨਾਕਾਰ ਉਹੀ ਕੁਝ ਆਪਣੀਆਂ ਰਚਨਾਵਾਂ ਰਾਹੀਂ ਪੇਸ਼ ਕਰਦੇ ਹਨ ਜੋ ਉਨ੍ਹਾਂ ਦੇ ਆਲੇ ਦੁਆਲੇ ਸਮਾਜ ਵਿਚ ਵਾਪਰਦਾ ਹੈ। ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਕੋਈ ਵੀ ਸਮੁੱਚੀ ਰਚਨਾ ਹਵਾ ਵਿਚੋਂ ਨਹੀਂ ਫੜੀ ਜਾ ਸਕਦੀ। ਉਸ ਵਿਚ ਕੁਝ ਹਿੱਸਾ ਯਥਾਰਥ ਹੁੰਦਾ ਹੈ ਤੇ ਕੁਝ ਹਿੱਸਾ ਕਲਪਨਾ। ਦੋਵਾਂ ਦਾ ਸਹੀ ਸੁਮੇਲ ਹੀ ਵਧੀਆ ਰਚਨਾ ਬਣਦਾ ਹੈ। ਸ਼ਾਇਦ ਇਸੇ ਕਰਕੇ ਸਾਹਿਤ ਤੇ ਕਲਾ ਨੂੰ ਸਮਾਜ ਦਾ ਅਕਸ ਕਿਹਾ ਜਾਂਦਾ ਹੈ। ਉਸ ਵਿਚ ਉਹੀ ਕੁਝ ਝਲਕਦਾ ਹੈ ਜੋ ਉਸ ਸਮੇਂ ਵਾਪਰ ਰਿਹਾ ਹੁੰਦਾ ਹੈ।
ਜਿਵੇਂ ਹੀ ਸਮਾਜ ਵਿਚ ਕੁਝ ਹੁੰਦਾ ਹੈ। ਤਬਦੀਲੀ ਆਉਂਦੀ ਹੈ ਤਾਂ ਉਸਦਾ ਅਸਰ ਸਾਹਿਤ, ਸਿਨਮਾ ਤੇ ਰੰਗਮੰਚ ਵਰਗੀਆਂ ਕਲਾਵਾਂ ਉੱਪਰ ਵੀ ਪੈਂਦਾ ਹੈ। ਮੌਜੂਦਾ ਪੰਜਾਬ ਨਸ਼ੇ ਦੇ ਜਾਲ ਵਿਚ ਫਸਿਆ ਹੋਇਆ ਹੈ। ਰੋਜ਼ਾਨਾ ਨਸ਼ੇ ਕਾਰਨ ਹੋ ਰਹੀਆਂ ਮੌਤਾਂ ਬਾਰੇ ਖ਼ਬਰਾਂ ਪੜ੍ਹਨ ਤੇ ਸੁਣਨ ਨੂੰ ਮਿਲਦੀਆਂ ਹਨ। ਫ਼ਿਲਮ ਬਣਾਉਣ ਵਾਲਿਆਂ ਨੇ ‘ਉੜਤਾ ਪੰਜਾਬ’ ਨਾਮਕ ਫ਼ਿਲਮ ਬਣਾਈ ਜਿਸ ਵਿਚ ਇਸ ਮੁੱਦੇ ਨੂੰ ਗੰਭੀਰਤਾ ਨਾਲ ਉਭਾਰਿਆ ਗਿਆ। ਪੰਜਾਬ ਦੀਆਂ ਕਿਸਾਨੀ ਸਮੱਸਿਆਵਾਂ ਨੂੰ ਲੈ ਕੇ ਕਿੰਨੀਆਂ ਕਹਾਣੀਆਂ ਤੇ ਨਾਵਲ ਲਿਖੇ ਗਏ ਹਨ। ਕਿੰਨੇ ਨਾਟਕ ਤੇ ਫ਼ਿਲਮਾਂ ਬਣੀਆਂ ਹਨ। ਗੁਰਦਿਆਲ ਸਿੰਘ ਦਾ ਮਸ਼ਹੂਰ ਨਾਵਲ ‘ਮੜ੍ਹੀ ਦਾ ਦੀਵਾ’ ਤੇ ‘ਅੰਨ੍ਹੇ ਘੋੜੇ ਦਾ ਦਾਨ’ ਵੀ ਪੰਜਾਬ ਦੀ ਕਿਸਾਨੀ ਤੇ ਜਾਤ-ਪਾਤ ਦੀ ਸਮੱਸਿਆ ਨੂੰ ਬਾਖ਼ੂਬੀ ਉਭਾਰਦਾ ਹੈ। ਬਾਅਦ ਵਿਚ ਫ਼ਿਲਮਸਾਜ਼ਾਂ ਨੇ ਇਨ੍ਹਾਂ ਦੋਵਾਂ ਨਾਵਲਾਂ ’ਤੇ ਇਸੇ ਨਾਮ ਦੀਆਂ ਫ਼ਿਲਮਾਂ ਵੀ ਬਣਾਈਆਂ ਜੋ ਬਹੁਤ ਚਰਚਿਤ ਤੇ ਸਫਲ ਰਹੀਆਂ।

ਗੋਵਰਧਨ ਗੱਬੀ

ਜਾਤ-ਪਾਤ ਤੇ ਧਰਮ ਨੂੰ ਲੈ ਕੇ ਅਕਸਰ ਸਮਾਜ ਵਿਚ ਕੁਝ ਨਾ ਕੁਝ ਵਾਪਰਦਾ ਰਹਿੰਦਾ ਹੈ। ਹਾਲ ਹੀ ਵਿਚ ਆਈ ਹਿੰਦੀ ਫ਼ਿਲਮ ‘ਆਰਟੀਕਲ 15’ ਵੀ ਸਮਾਜ ਵਿਚ ਫੈਲੇ ਹੋਏ ਜਾਤ-ਪਾਤ ਦੇ ਕੋਹੜ ਤੇ ਔਰਤਾਂ ਨਾਲ ਹੋ ਰਹੀ ਜ਼ਿਆਦਾਦਤੀ ਬਾਰੇ ਗੱਲ ਕਰਦੀ ਹੈ। ਜਾਤ-ਪਾਤ ਤੇ ਲਿੰਗਭੇਦ ਨੂੰ ਆਧਾਰ ਬਣਾ ਕੇ ਆਮ ਲੋਕਾਂ ਨਾਲ ਕੀਤੇ ਜਾਂਦੇ ਭੇਦਭਾਵ ਤੇ ਵਿਤਕਰੇ ਦੀ ਗੱਲ ਕਰਦੀ ਹੈ। ਫ਼ਿਲਮ ਦੱਸਦੀ ਹੈ ਕਿ ਕਿਵੇਂ ਅਖੌਤੀ ਉੱਚੀ ਜਾਤੀ ਵਾਲੇ ਲੋਕ ਅਖੌਤੀ ਨੀਵੀਂ ਜਾਤੀ ਨਾਲ ਸਬੰਧਿਤ ਨਾਬਾਲਗ ਕੁੜੀਆਂ ਨਾਲ ਬਲਾਤਕਾਰ ਕਰਕੇ ਉਨ੍ਹਾਂ ਨੂੰ ਫਾਹੇ ਟੰਗ ਕੇ ਮਾਰ ਦਿੰਦੇ ਹਨ।
ਹਾਲ ਹੀ ਵਿਚ ਆਈ ਫ਼ਿਲਮ ‘ਕਬੀਰ ਸਿੰਘ’ ਵਿਚ ਵੀ ਜਾਤ-ਪਾਤ ਤੇ ਧਰਮ ਨੂੰ ਲੈ ਕੇ ਸਮਾਜਿਕ ਸੋਚ ਦਾ ਖੁਲਾਸਾ ਕੀਤਾ ਗਿਆ ਹੈ। ਫ਼ਿਲਮ ਵਿਚ ਡਾਕਟਰ ਮੁੰਡੇ ਨਾਲ ਪਿਆਰ ਕਰਦੀ ਪੰਜਾਬੀ ਸਿੱਖ ਪਰਿਵਾਰ ਨਾਲ ਸਬੰਧਿਤ ਡਾਕਟਰ ਕੁੜੀ ਦਾ ਪ੍ਰੇਮ ਵਿਆਹ ਉਸਦਾ ਪਰਿਵਾਰ ਇਸ ਕਰਕੇ ਨਾਮਨਜ਼ੂਰ ਕਰ ਦਿੰਦਾ ਹੈ ਕਿਉਂਕਿ ਮੁੰਡਾ ਦੂਸਰੇ ਧਰਮ ਦਾ ਹੈ। ਉਹ ਮੁੰਡਾ ਉਨ੍ਹਾਂ ਦੇ ਪਰਿਵਾਰ ਨੂੰ ਬਹੁਤ ਸਮਝਾਉਂਦਾ ਹੈ, ਵਾਸਤੇ ਪਾਉਂਦਾ ਹੈ, ਪਰ ਜਾਤ-ਪਾਤ ਤੇ ਧਰਮ ਦੀ ਦੀਵਾਰ ਇੰਨੀ ਤਾਕਤਵਰ ਸਾਬਤ ਹੁੰਦੀ ਹੈ ਕਿ ਉਨ੍ਹਾਂ ਦੋਵੇਂ ਪਿਆਰ ਕਰਨ ਵਾਲਿਆਂ ਦਾ ਮੇਲ ਨਹੀਂ ਹੋਣ ਦਿੰਦੀ।
ਦੇਸ਼ ਵਿਚ ਫੈਲੇ ਵਿਦਿਆ ਮਾਫੀਆ ਨੂੰ ਮੁੱਦਾ ਬਣਾ ਕੇ ਹਾਲ ਹੀ ਵਿਚ ਹਿੰਦੀ ਫ਼ਿਲਮ ‘ਸੁਪਰ 30’ ਆਈ ਹੈ ਜਿਸ ਦੀ ਕਹਾਣੀ ਬਿਹਾਰ ਦੇ ਸਾਧਾਰਨ ਪਰਿਵਾਰ ਦੇ ਨੌਜਵਾਨ ਆਨੰਦ ਕੁਮਾਰ ਦੀ ਜ਼ਿੰਦਗੀ ’ਤੇ ਆਧਾਰਿਤ ਹੈ। ਉਹ ਆਰਥਿਕ ਪੱਖੋਂ ਕੰਮਜ਼ੋਰ ਹੋਣ ਕਰਕੇ ਵਿਦੇਸ਼ ਵਿਚ ਪੜ੍ਹਾਈ ਕਰਨ ਨਹੀਂ ਜਾ ਸਕਿਆ। ਪਹਿਲਾਂ ਉਹ ਆਪ ਉਸੇ ਵਿਦਿਆ ਮਾਫੀਆ ਦਾ ਹਿੱਸਾ ਬਣ ਕੇ ਅਮੀਰ ਲੋਕਾਂ ਕੋਲੋਂ ਮੋਟਾ ਪੈਸਾ ਲੈ ਕੇ ਉਨ੍ਹਾਂ ਦੇ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਂਦਾ ਹੈ। ਉਨ੍ਹਾਂ ਨੂੰ ਦੇਸ਼ ਦੀਆਂ ਪ੍ਰਸਿੱਧ ਸੰਸਥਾਵਾਂ ਵਿਚ ਦਾਖਲ ਹੋਣ ਦੇ ਕਾਬਲ ਬਣਾਉਂਦਾ ਹੈ। ਫਿਰ ਅਚਾਨਕ ਉਸਦੀ ਜ਼ਮੀਰ ਜਾਗਦੀ ਹੈ। ਉਹ ਆਪਣੀ ਜ਼ਿੰਦਗੀ ਜਿਉਣ ਦਾ ਮਕਸਦ ਤੇ ਉਦੇਸ਼ ਬਦਲ ਲੈਂਦਾ ਹੈ। ਉਹ ਆਪਣਾ ਨਿੱਜੀ ਕੋਚਿੰਗ ਸੈਂਟਰ ਚਲਾਉਂਦਾ ਹੈ। ਤੀਹ ਗ਼ਰੀਬ ਬੱਚਿਆਂ ਨੂੰ ਮੁਫ਼ਤ ਵਿਚ ਟਿਊਸ਼ਨ ਪੜ੍ਹਾ ਕੇ ਦੇਸ਼ ਦੀ ਨਾਮਵਰ ਸੰਸਥਾ ਆਈ. ਆਈ. ਟੀ. ਵਿਚ ਦਾਖਲ ਕਰਾਉਣ ਵਿਚ ਸਫਲ ਹੁੰਦਾ ਹੈ।
ਇਸੇ ਤਰ੍ਹਾਂ ਹੋਰ ਵੀ ਫ਼ਿਲਮਾਂ, ਨਾਵਲ, ਕਹਾਣੀਆਂ, ਨਾਟਕ ਆਦਿ ਆਪਣੇ ਸਮੇਂ ਦੇ ਸਮਾਜਿਕ ਤਾਣੇ ਬਾਣੇ ਤੇ ਵਰਤਾਰੇ ਨੂੰ ਦਰਸਾਉਣ ਲਈ ਸ਼ੀਸ਼ੇ ਦਾ ਕਿਰਦਾਰ ਨਿਭਾਉਂਦੇ ਹਨ। ਇਨ੍ਹਾਂ ਮਾਧਿਅਮਾਂ ਰਾਹੀਂ ਸਾਨੂੰ ਦੁਨੀਆਂ ਭਰ ਦੇ ਸਮਾਜਿਕ, ਸਿਆਸੀ, ਅਪਰਾਧਕ, ਆਰਥਿਕ, ਧਾਰਮਿਕ, ਬੌਧਿਕ ਆਦਿ ਵਰਤਾਰਿਆਂ ਨੂੰ ਦੇਖਣ ਦੇ ਮੌਕੇ ਮਿਲਦੇ ਰਹਿੰਦੇ ਹਨ। ਸਾਹਿਤ, ਕਲਾ ਤੇ ਸਿਨਮਾ ਅਜਿਹਾ ਤਾਕਤਵਰ ਮਾਧਿਅਮ ਹੈ ਜੋ ਅਜੋਕੇ ਸਮਾਜ ਨੂੰ ਉਸਦਾ ਅਕਸ ਵਿਖਾਉਣ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ।

ਸੰਪਰਕ: 9417173700


Comments Off on ਸਮਾਜ, ਸਾਹਿਤ ਤੇ ਸਿਨਮਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.