ਗੰਨਮੈਨ 38, ਖ਼ਰਚਾ 18 ਲੱਖ !    ਕੌਮਾਂਤਰੀ ਮੁੱਕੇਬਾਜ਼ੀ ਐਸੋਸੀਏਸ਼ਨ ਵੱਲੋਂ ਇਟਲੀ ਵਿੱਚ ਯੂਰਪੀ ਫੋਰਮ ਰੱਦ !    ਟੋਕੀਓ ਓਲੰਪਿਕ: ਤੈਅ ਪ੍ਰੋਗਰਾਮ ਮੁਤਾਬਕ ਹੋਣਗੀਆਂ ਖੇਡਾਂ: ਰਿਜਿਜੂ !    ‘ਆਪ’ ਵਿਧਾਇਕਾਂ ਵੱਲੋਂ ਵਿਧਾਨ ਸਭਾ ਅੱਗੇ ਪ੍ਰਦਰਸ਼ਨ !    ਕਰੋਨਾਵਾਇਰਸ: ਮੁੱਢਲੀ ਜਾਣਕਾਰੀ ਤੇ ਉਪਾਅ !    ਛਾਤੀ ਵਿੱਚ ਭਾਰਾਪਣ ਹੋਣਾ ਗੰਭੀਰ ਸੰਕੇਤ !    ਸਿੱਖ ਇਤਿਹਾਸ ਦਾ ਉੜੀਆ ’ਚ ਅਨੁਵਾਦ ਕਰਨ ਵਾਲੀ ਸਾਧਨਾ ਪਾਤਰੀ ਦਾ ਸਨਮਾਨ !    ਬੱਚੇ ਦੀ ਮੌਤ: ਸਿਹਤ ਮੰਤਰੀ ਨੇ ਡਾਕਟਰ ਜੋੜੇ ਦੀ ਮੁਅੱਤਲੀ ਦੇ ਹੁਕਮ ਵਾਪਸ ਲਏ !    ਦੋਹਰੇ ਕਤਲ ਕਾਂਡ ਮਾਮਲੇ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ !    ਜਵਾਨੀ ਦੇ ਅਵੱਲੇ ਜੋਸ਼ ’ਚ ਹੋਸ਼ ਰੱਖਣਾ ਵੀ ਜ਼ਰੂਰੀ !    

ਸਮਾਜਿਕ ਸਰੋਕਾਰਾਂ ਨੂੰ ਮਿਲੀ ਦਾਦ

Posted On September - 7 - 2019

ਰਾਸ਼ਟਰੀ ਫ਼ਿਲਮ ਪੁਰਸਕਾਰ

ਗੋਵਰਧਨ ਗੱਬੀ

ਗੁਜਰਾਤੀ ਫ਼ਿਲਮ ‘ਹੀਲਾਰੋ’ ਦਾ ਦ੍ਰਿਸ਼।

ਇਸ ਸਾਲ ਐਲਾਨੇ ਗਏ ਰਾਸ਼ਟਰੀ ਫ਼ਿਲਮ ਪੁਰਸਕਾਰਾਂ ਵਿਚ ਪੁਰਸਕਾਰ ਜਿੱਤਣ ਵਾਲੀਆਂ ਜ਼ਿਆਦਾਤਰ ਫ਼ਿਲਮਾਂ ਸਮਾਜਿਕ ਸਰੋਕਾਰਾਂ ਨਾਲ ਜੁੜੀਆਂ ਹੋਈਆਂ ਹਨ। ਗੁਜਰਾਤੀ ਫ਼ਿਲਮ ‘ਹੀਲਾਰੋ’ ਨੂੰ ਇਸ ਸਾਲ ਦਾ ਸਰਵੋਤਮ ਫ਼ਿਲਮ ਦਾ ਪੁਰਸਕਾਰ ਮਿਲਿਆ ਹੈ। ਇਹ ਫ਼ਿਲਮ 1975 ਵੇਲੇ ਦੇ ਗੁਜਰਾਤ ਦੇ ਇਕ ਪਿੰਡ ਦੀ ਮੰਜਰੀ ਨਾਮਕ ਮੁਟਿਆਰ ਬਾਰੇ ਗੱਲ ਕਰਦੀ ਹੈ, ਜਿਸਨੂੰ ਪਾਣੀ ਲੈਣ ਲਈ ਪਿੰਡ ਦੀਆਂ ਹੋਰ ਔਰਤਾਂ ਨਾਲ ਘਰ ਤੋਂ ਦੂਰ ਪੈਂਦੇ ਕੁਦਰਤੀ ਪਾਣੀ ਦੇ ਸਰੋਤ ’ਤੇ ਜਾਣਾ ਪੈਂਦਾ ਹੈ। ਇਸ ਸਫ਼ਰ ਦੌਰਾਨ ਉਨ੍ਹਾਂ ਨੂੰ ਕਈ ਪ੍ਰਕਾਰ ਦੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਖੀਰ ਉਹ ਕੁੜੀ ਇਸਦਾ ਹੱਲ ਲੱਭ ਕੇ ਸਾਰੇ ਪਿੰਡ ਨੂੰ ਪਾਣੀ ਦੀ ਸਮੱਸਿਆ ਤੋਂ ਮੁਕਤੀ ਦਿਵਾ ਦਿੰਦੀ ਹੈ। ਇਹ ਫ਼ਿਲਮ ਪੁਰਸ਼ ਪ੍ਰਧਾਨ ਸਮਾਜ ਵਿਚ ਮਹਿਲਾ ਸਸ਼ਕਤੀਕਰਨ ਦੀ ਵਧੀਆ ਮਿਸਾਲ ਪੇਸ਼ ਕਰਦੀ ਹੈ।
ਹਿੰਦੀ ਫ਼ਿਲਮ ‘ਬਧਾਈ ਹੋ’ ਨੂੰ ਮਨੋਰੰਜਨ ਭਰਪੂਰ ਫ਼ਿਲਮ ਦਾ ਪੁਰਸਕਾਰ ਮਿਲਿਆ ਹੈ ਕਿਉਂਕਿ ਉਹ ਇਕ ਅਜਿਹੇ ਪਰਿਵਾਰ ਦੀ ਕਹਾਣੀ ਹੈ ਜਿਸ ਵਿਚ ਜਦੋਂ ਇਕ ਅਧੇੜ ਉਮਰ ਦੀ ਔਰਤ ਗਰਭਵਤੀ ਹੋ ਜਾਂਦੀ ਹੈ ਤਾਂ ਕਿਵੇਂ ਉਸਦੇ ਜਵਾਨ ਪੁੱਤਰਾਂ ਤੇ ਆਂਢ ਗੁਆਂਢ ਕੋਲੋਂ ਉਸਨੂੰ ਤਾਹਨੇ ਮਿਹਣੇ ਮਿਲਦੇ ਹਨ। ਉਸ ’ਤੇ ਬੱਚੇ ਨੂੰ ਗਿਰਾਉਣ ਦਾ ਦਬਾਅ ਪਾਇਆ ਜਾਂਦਾ ਹੈ, ਪਰ ਅਖੀਰ ਉਹ ਆਪਣੇ ਬੱਚੇ ਨੂੰ ਜਨਮ ਦੇਣ ਵਿਚ ਸਫਲ ਹੋ ਜਾਂਦੀ ਹੈ।
ਕੰਨੜ ਫ਼ਿਲਮ ‘ਔਂਦਾਲਾ ਇਰਾਦਾਲਾ’ ਨੂੰ ਇਸ ਸਾਲ ਦੀ ਸਰਵੋਤਮ ‘ਰਾਸ਼ਟਰੀ ਏਕੀਕਰਨ’ ਵਿਸ਼ੇ ’ਤੇ ਬਣੀ ਫ਼ਿਲਮ ਦਾ ਪੁਰਸਕਾਰ ਦਿੱਤਾ ਗਿਆ ਹੈ। ਇਹ ਫ਼ਿਲਮ ਇਕ ਬੱਚੇ ਦੇ ਨਜ਼ਰੀਏ ਤੋਂ ਬਣਾਈ ਗਈ ਹੈ। ਮਰਾਠੀ ਫ਼ਿਲਮ ‘ਪਾਨੀ’ ਨੂੰ ਕੁਦਰਤੀ ਜਲ ਸਰੋਤ ਸੰਭਾਲਣ ਵਾਲੇ ਅਹਿਮ ਮੁੱਦੇ ’ਤੇ ਬਣੀ ਫ਼ਿਲਮ ਦਾ ਪੁਰਸਕਾਰ ਦਿੱਤਾ ਗਿਆ ਹੈ।

ਗੋਵਰਧਨ ਗੱਬੀ

ਹਿੰਦੀ ਫ਼ਿਲਮ ‘ਊਰੀ: ਦਿ ਸਰਜੀਕਲ ਸਟਰਾਈਕ’ ਦੇ ਨਿਰਦੇਸ਼ਕ ਨੂੰ ਸਰਵੋਤਮ ਫ਼ਿਲਮ ਨਿਰਦੇਸ਼ਕ ਪੁਰਸਕਾਰ ਦਿੱਤਾ ਗਿਆ ਹੈ। ਇਹ ਫ਼ਿਲਮ ਕੁਝ ਸਾਲ ਪਹਿਲਾਂ ਹੀ ਕਸ਼ਮੀਰ ਦੇ ਕਸਬੇ ਊਰੀ ਵਿਚ ਸਥਿਤ ਫ਼ੌਜ ਦੇ ਕੈਂਪ ’ਤੇ ਹੋਏ ਅਤਿਵਾਦੀ ਹਮਲੇ ’ਤੇ ਆਧਾਰਿਤ ਹੈ। ਮਰਾਠੀ ਫ਼ਿਲਮ ‘ਨਾਲ’ ਮਹਾਰਾਸ਼ਟਰ ਦੇ ਇਕ ਪਿੰਡ ਵਿਚ ਰਹਿੰਦੇ ਅੱਠ ਸਾਲ ਦੇ ਗੋਦ ਲਏ ਬੱਚੇ ਦੀ ਆਪਣੇ ਮਾਤਾ ਪਿਤਾ ਨਾਲ ਬੁਣੇ ਰਿਸ਼ਤਿਆਂ ਨੂੰ ਪੇਸ਼ ਕਰਦੀ ਮਾਰਮਿਕ ਕਹਾਣੀ ਹੈ। ਕੰਨੜ ਭਾਸ਼ਾ ਦੀ ਫ਼ਿਲਮ ‘ਸਰਕਾਰੀ ਹਾਈ, ਪਰਾ, ਸ਼ਾਲੇ ਕਸਾਰਾਗੋਦੂ, ਕੋਦੂਗੇ’ ਨੂੰ ਬੱਚਿਆਂ ਲਈ ਬਣਾਈ ਫ਼ਿਲਮ ਦਾ ਸਰਵੋਤਮ ਪੁਰਸਕਾਰ ਮਿਲਿਆ ਹੈ। ਇਹ ਫ਼ਿਲਮ ਪੱਛੜੇ ਖੇਤਰ ਵਿਚ ਚੱਲਦੇ ਸਕੂਲ ਦੀ ਹੋਂਦ ਨੂੰ ਬਣਾਈ ਰੱਖਣ ਲਈ ਆਉਂਦੀਆਂ ਮੁਸ਼ਕਿਲਾਂ ਬਾਰੇ ਹੈ।
ਹਿੰਦੀ ਫ਼ਿਲਮ ‘ਪੈਡ ਮੈਨ’ ਨੂੰ ਔਰਤਾਂ ਦੇ ਮਾਸਿਕ ਧਰਮ ਵਰਗੀ ਸਮਾਜਿਕ ਸਮੱਸਿਆ ਨਾਲ ਨਜਿੱਠਣ ਲਈ ਬਣਾਈ ਗਈ ਸਰਵੋਤਮ ਫ਼ਿਲਮ ਦੇ ਪੁਰਸਕਾਰ ਲਈ ਚੁਣਿਆ ਗਿਆ ਹੈ। ਇਹ ਫ਼ਿਲਮ ਤਾਮਿਲ ਨਾਡੂ ਦੇ ਰਹਿਣ ਵਾਲੇ ਸਮਾਜ ਸੇਵੀ ‘ਅਰੁਨਾਚਲਮ ਮੁਰੁਗਨਾਥਮ’ ਦੀ ਜ਼ਿੰਦਗੀ ’ਤੇ ਆਧਾਰਿਤ ਹੈ।
ਹਿੰਦੀ ਫ਼ਿਲਮ ‘ਅੰਧਾਧੁਨ’ ਨੂੰ ਸਰਵੋਤਮ ਹਿੰਦੀ ਫ਼ਿਲਮ ਦੇ ਨਾਲ ਨਾਲ ਇਸ ਦੇ ਮੁੱਖ ਪਾਤਰ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਆਯੂਸ਼ਮਾਨ ਖੁਰਾਣਾ ਨੂੰ ਸਰਵੋਤਮ ਅਦਾਕਾਰ ਦਾ ਤੇ ਸਰਵੋਤਮ ਸਕਰੀਨ ਪਲੇਅ ਦਾ ਵੀ ਪੁਰਸਕਾਰ ਮਿਲਿਆ ਹੈ। ਇਸ ਫ਼ਿਲਮ ਵਿਚ ਅਜਿਹੇ ਅੰਨ੍ਹੇ ਨੌਜਵਾਨ ਦੀ ਗਾਥਾ ਨੂੰ ਪੇਸ਼ ਕੀਤਾ ਗਿਆ ਹੈ ਜੋ ਅਸਲ ਵਿਚ ਅੰਨ੍ਹਾ ਨਹੀਂ, ਸਗੋਂ ਅੰਨ੍ਹੇ ਹੋਣ ਦਾ ਨਾਟਕ ਕਰਦਾ ਹੈ। ਫ਼ਿਲਮ ਵਿਚ ਮਨੁੱਖ, ਸਿਸਟਮ ਤੇ ਸਮਾਜ ਵਿਚਲੀਆਂ ਬਾਰੀਕ ਕੜੀਆਂ ਨੂੰ ਫੜਣ ਤੇ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ।
ਇਸ ਸਾਲ ਰਾਸ਼ਟਰੀ ਫ਼ਿਲਮ ਪੁਰਸਕਾਰ ਜਿੱਤਣ ਵਾਲੀਆਂ ਫ਼ਿਲਮਾਂ ਵਿਚ ਪੰਜਾਬੀ ਫ਼ਿਲਮ ‘ਹਰਜੀਤਾ’ ਵੀ ਸ਼ਾਮਲ ਹੈ। ਜੋ ਇਸ ਧਾਰਨਾ ਨੂੰ ਹੋਰ ਪਕੇਰਾ ਕਰਦੀ ਹੈ ਕਿ ਸਮਾਜਿਕ ਸਰੋਕਾਰਾਂ ਨਾਲ ਜੁੜੀਆਂ ਫ਼ਿਲਮਾਂ ਅੱਜ ਵੀ ਲੋਕ ਪਸੰਦ ਕਰਦੇ ਹਨ। ਇਹ ਫ਼ਿਲਮ 2016 ਵਿਚ ਭਾਰਤ ਦੀ ਜੂਨੀਅਰ ਹਾਕੀ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦੇ ਕੈਪਟਨ ਹਰਜੀਤ ਸਿੰਘ ਤੁਲੀ ਦੇ ਜੀਵਨ ’ਤੇ ਆਧਾਰਿਤ ਹੈ। ਫ਼ਿਲਮ ਵਿਚ ਦਿਖਾਇਆ ਗਿਆ ਹੈ ਕਿ ਪੱਛੜੇ ਇਲਾਕੇ ਦੇ ਪਿੰਡ ਦੇ ਗ਼ਰੀਬ ਪਰਿਵਾਰ ਵਿਚ ਪੈਦਾ ਹੋਇਆ ਹਰਜੀਤ ਸਿੰਘ ਨਾਮ ਦਾ ਨੌਜਵਾਨ ਕਿਵੇਂ ਦੇਸ਼ ਦੀ ਜੂਨੀਅਰ ਹਾਕੀ ਟੀਮ ਦਾ ਕਪਤਾਨ ਬਣ ਕੇ ਆਪਣੀ ਮੰਜ਼ਿਲ ’ਤੇ ਪਹੁੰਚਦਾ ਹੈ। ਫਿਰ ਉਹ ਜੂਨੀਅਰ ਹਾਕੀ ਦਾ ਵਿਸ਼ਵ ਕੱਪ ਜਿੱਤ ਕੇ ਕਿਵੇਂ ਆਪਣਾ ਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਦਾ ਹੈ। ਫ਼ਿਲਮ ਇਹ ਸੁਨੇਹਾ ਵੀ ਦਿੰਦੀ ਹੈ ਕਿ ਜੇਕਰ ਤੁਹਾਡੇ ਹੌਸਲੇ ਬੁਲੰਦ ਹਨ ਤੇ ਤੁਹਾਨੂੰ ਆਪਣੀ ਮਿਹਨਤ ’ਤੇ ਭਰੋਸਾ ਹੈ ਤਾਂ ਗ਼ਰੀਬੀ, ਤੰਗੀਆਂ ਤੁਰਸ਼ੀਆਂ ਤੇ ਹੋਰ ਛੋਟੀਆਂ ਮੋਟੀਆਂ ਮੁਸ਼ਕਿਲਾਂ ਤੁਹਾਡੀ ਮੰਜ਼ਿਲ ਵੱਲ ਜਾਂਦੇ ਰਾਹ ਵਿਚ ਕਦੇ ਅੜਿੱਕੇ ਨਹੀਂ ਬਣ ਸਕਦੇ।
ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਖੇਤਰੀ ਤੇ ਰਾਸ਼ਟਰੀ ਫ਼ਿਲਮਾਂ ਨੂੰ ਇਨ੍ਹਾਂ ਪੁਰਸਕਾਰਾਂ ਲਈ ਚੁਣਿਆ ਗਿਆ ਹੈ, ਉਹ ਕਿਸੇ ਨਾ ਕਿਸੇ ਰੂਪ ਵਿਚ ਸਮਾਜਿਕ ਸਰੋਕਾਰਾਂ ’ਤੇ ਹੀ ਬਣਾਈਆਂ ਹੋਈਆਂ ਹਨ।

ਸੰਪਰਕ: 94171-73700


Comments Off on ਸਮਾਜਿਕ ਸਰੋਕਾਰਾਂ ਨੂੰ ਮਿਲੀ ਦਾਦ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.