ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਸਬਜ਼ੀਆਂ ਦੀ ਸਿਹਤਮੰਦ ਪਨੀਰੀ ਉਗਾਉਣ ਦੀ ਵਿਧੀ

Posted On September - 14 - 2019

ਕੁਲਬੀਰ ਸਿੰਘ ਤੇ ਸਈਦ ਅਬਦੁਲ ਹਮੀਦ ਪਟੇਲ*
ਸਬਜ਼ੀਆਂ ਦੀ ਸਫ਼ਲ ਕਾਸ਼ਤ ਦਾ ਪਹਿਲਾ ਕਦਮ ਸਿਹਤਮੰਦ ਪਨੀਰੀ ਤਿਆਰ ਕਰਨਾ ਹੈ। ਸਬਜ਼ੀਆਂ ਦੀ ਪਨੀਰੀ ਉਗਾਉਣਾ ਅੱਜ-ਕੱਲ੍ਹ ਇੱਕ ਕਾਰੋਬਾਰ ਬਣ ਚੁੱਕਿਆ ਹੈ ਅਤੇ ਜ਼ਿਆਦਾਤਰ ਸਬਜ਼ੀ ਉਤਪਾਦਕ ਸਬਜ਼ੀਆਂ ਦੀ ਪਨੀਰੀ ਬਾਹਰੋਂ ਖ਼ਰੀਦਦੇ ਹਨ। ਚੰਗੀ ਪਨੀਰੀ ਸਿਹਤਮੰਦ ਬੂਟੇ ਤਿਆਰ ਕਰਨ ਵਿੱਚ ਸਹਾਈ ਹੁੰਦੀ ਹੈ ਅਤੇ ਨਾਲ ਹੀ ਨਾਲ ਚੰਗੀ ਪਨੀਰੀ ਅਤੇ ਫ਼ਸਲ ਦੇ ਯੋਗਪ੍ਰਬੰਧ ਨਾਲ ਚੰਗਾ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ। ਕਈ ਸਬਜ਼ੀਆਂ ਦੀ ਪਨੀਰੀ ਤਿਆਰ ਕੀਤੀ ਜਾਂਦੀ ਹੈ ਜਿਵੇਂ ਕਿ ਟਮਾਟਰ, ਬੈਂਗਣ, ਮਿਰਚ, ਬੰਦ ਗੋਭੀ, ਗੋਭੀ, ਗਂਡ ਗੋਭੀ, ਪਿਆਜ਼ ਅਤੇ ਲੈਂਟਸ (ਸਲਾਦ) ਆਦਿ। ਕੁਝ ਸਬਜ਼ੀਆਂ ਦੀ ਪਨੀਰੀ ਉਗਾਉਣ ਲਈ ਖ਼ਾਸ ਤਕਨੀਕਾਂ ਵਰਤੀਆਂ ਜਾਂਦੀਆਂ ਹਨ ਜਿਵੇਂ ਖਰਬੂਜ਼ਾ, ਖੀਰਾ, ਤਰਬੂਜ਼, ਕੱਦੂ, ਘੀਆ ਕੱਦੂ, ਕਰੇਲਾ, ਲੌਕੀ ਆਦਿ। ਛੋਟੇ ਅਤੇ ਦਰਮਿਆਨੇ ਕਿਸਾਨ ਪਨੀਰੀ ਉਗਾਉਣ ਦਾ ਧੰਦਾ ਸ਼ੁਰੂ ਕਰਕੇ ਮੁਨਾਫ਼ਾ ਕਮਾ ਸਕਦੇ ਹਨ। ਇੱਕ ਸਾਲ ਵਿੱਚ ਸਬਜ਼ੀਆਂ ਦੀ ਪਨੀਰੀ ਕਈ ਵਾਰ ਤਿਆਰ ਕੀਤੀ ਜਾ ਸਕਦੀ ਹੈ।
ਛੋਟੇ ਬੀਜਾਂ ਵਾਲੀਆਂ ਫ਼ਸਲਾਂ ਦੀ ਪਨੀਰੀ ਉਗਾਉਣਾ ਕਾਸ਼ਤ ਦਾ ਇੱਕ ਜ਼ਰੂਰੀ ਹਿੱਸਾ ਹੈ। ਘੱਟ ਖੇਤਰ ਵਿੱਚ ਦੇਖ-ਭਾਲ ਵਧੀਆ ਕੀਤੀ ਜਾ ਸਕਦੀ ਹੈ। ਜਿਵੇਂ ਕਿ 100 ਵਰਗ ਮੀਟਰ ਵਿੱਚ ਬੀਜੀ ਗਈ ਟਮਾਟਰ ਦੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੁੰਦੀ ਹੈ। ਛੋਟੇ ਰਕਬੇ ਕਾਰਨ ਜ਼ਮੀਨ ਅਤੇ ਮਜ਼ਦੂਰੀ ਦਾ ਕੰਮ ਜ਼ਿਆਦਾ ਮਹਿੰਗਾ ਵੀ ਨਹੀਂ ਪੈਂਦਾ। ਪਨੀਰੀ ਲਗਾਉਣ ਦੇ ਸਮੇਂ, ਕਮਜ਼ੋਰ ਅਤੇ ਬਿਮਾਰੀ ਵਾਲੇ ਬੂਟੇ ਵੀ ਹਟਾਏ ਜਾ ਸਕਦੇ ਹਨ।
ਪਨੀਰੀ ਤਿਆਰ ਕਰਨ ਲਈ ਅਹਿਮ ਨੁਕਤੇ-
ਜ਼ਮੀਨ ਦੀ ਚੋਣ ਅਤੇ ਤਿਆਰੀ: ਪਨੀਰੀ ਉਗਾਉਣ ਵਾਲੀ ਜਗ੍ਹਾ ਕਿਸੇ ਦਰੱਖਤ ਜਾਂ ਉੱਚੀ ਇਮਾਰਤ ਦੇ ਨੇੜੇ ਨਹੀਂ ਹੋਣੀ ਚਾਹੀਦੀ। ਪਨੀਰੀ ਉਗਾਉਣ ਵਾਲੀ ਜਗ੍ਹਾ ਪਾਣੀ ਵਾਲੇ ਸਰੋਤ ਦੇ ਨੇੜੇ ਹੋਣੀ ਚਾਹੀਦੀ ਹੈ। ਪਾਣੀ ਦੀ ਖੜ੍ਹੋਤ ਦੀ ਸਮੱਸਿਆ ਲਈ ਪਨੀਰੀ ਵਾਲੇ ਬੈੱਡ ਉੱਚੀ ਜਗ੍ਹਾ ਬਣਾਉਣੇ ਚਾਹੀਦੇ ਹਨ। ਪਨੀਰੀ ਉਗਾਉਣ ਲਈ ਹਰ ਸਾਲ ਇੱਕੋ ਜਗ੍ਹਾ ਨਾ ਵਰਤੀ ਜਾਵੇ। ਪਨੀਰੀ ਉਗਾਉਣ ਵਾਲੀ ਮਿੱਟੀ ਹਲਕੀ ਤੋਂ ਦਰਮਿਆਨੀ, ਬਿਮਾਰੀਆਂ, ਕੀੜੇ ਅਤੇ ਨਦੀਨ ਰਹਿਤ ਹੋਣੀ ਚਾਹੀਦੀ ਹੈ।
ਮਿੱਟੀ ਦੀ ਸੋਧ: ਜਿਸ ਜਗ੍ਹਾ ਪਨੀਰੀ ਹਰ ਸਾਲ ਉਗਾਈ ਜਾਂਦੀ ਹੈ ਉਸ ਜਗ੍ਹਾ ਦੀ ਮਿੱਟੀ ਨੂੰ ਜੀਵਾਣੂ ਮੁਕਤ ਕਰਨ ਲਈ ਫਾਰਮੈਲਡੀਹਾਈਡ ਦੇ ਘੋਲ 1.5-2.0 ਫ਼ੀਸਦੀ ਨੂੰ ਵਰਤੋ। ਇਸ ਘੋਲ ਨੂੰ ਮਿੱਟੀ ਉੱਤੇ ਇਸ ਤਰ੍ਹਾਂ ਪਾਓ ਕਿ ਉਹ ਇੱਕ ਵਰਗ ਮੀਟਰ ਰਕਬੇ ਵਿੱਚ ਦੋ ਲਿਟਰ ਪਾਣੀ ਦੀ ਮਦਦ ਨਾਲ ਪੈ ਜਾਵੇ। ਮਿੱਟੀ ਨੂੰ 48-72 ਘੰਟਿਆਂ ਲਈ ਪਲਾਸਟਿਕ ਸ਼ੀਟ ਨਾਲ ਢੱਕ ਦਿਉ। ਪਲਾਸਟਿਕ ਸ਼ੀਟ ਨੂੰ ਹਟਾਉਣ ਤੋਂ ਬਾਅਦ ਮਿੱਟੀ ਨੂੰ ਪਲਟ ਦਿਉ ਤਾਂ ਜੋ ਦਵਾਈ ਦਾ ਜ਼ਹਿਰੀਲਾ ਅਸਰ ਹਵਾ ਵਿੱਚ ਉਡ ਜਾਵੇ ਅਤੇ ਮਿੱਟੀ ਨੂੰ 4-5 ਦਿਨਾਂ ਲਈ ਖੁੱਲ੍ਹਾ ਰੱਖੋ। ਸੂਰਜ ਦੀ ਗਰਮੀ ਦੇ ਨਾਲ ਵੀ ਮਿੱਟੀ ਨੂੰ ਬਿਮਾਰੀ ਮੁਕਤ ਕਿਤਾ ਜਾ ਸਕਦਾ ਹੈ। ਇਹ ਢੰਗ ਸੌਖਾ, ਅਸਾਨ ਅਤੇ ਪੈਸੇ ਬਚਾਉਣ ਵਾਲਾ ਹੈ। ਪੰਜਾਬ ਦੇ ਹਿਸਾਬ ਨਾਲ ਮਈ-ਜੂਨ ਮਹੀਨਿਆਂ ਦਾ ਸਮਾਂ ਇਸ ਸੋਧ ਲਈ ਬਿਲਕੁਲ ਸਹੀ ਹੈ। ਇਸ ਲਈ ਜ਼ਮੀਨ ਨੂੰ ਪਾਣੀ ਲਗਾ ਕੇ 5-6 ਹਫ਼ਤਿਆਂ ਲਈ ਪੋਲੀਥੀਨ ਸ਼ੀਟ (200 ਗੇਜ਼) ਨਾਲ ਢੱਕ ਦਿਓ।
ਪਨੀਰੀ ਲਈ ਬੈੱਡ ਤਿਆਰ ਕਰਨਾ ਤੇ ਬੀਜਣ ਦਾ ਢੰਗ: ਚੰਗੀ ਤਿਆਰ ਕੀਤੀ ਹੋਈ ਮਿੱਟੀ ’ਤੇ 1.25 ਮੀਟਰ ਚੌੜੇ ਬੈੱਡ ਬਣਾਓ। ਇਹ ਬੈੱਡ 15 ਸੈਟੀਮੀਟਰ ਉੱਚੇ ਹੋਣੇ ਚਾਹੀਦੇ ਹਨ। 50 ਸੈਂਟੀਮੀਟਰ ਦਾ ਫ਼ਾਸਲਾ ਦੋ ਬੈਡਾਂ ਵਿੱਚ ਰੱਖੋ। ਬੀਜ ਨੂੰ ਹਮੇਸ਼ਾ ਤਸੱਲੀਬਖਸ਼ ਸਰੋਤ ਤੋਂ ਖ਼ਰੀਦੋ ਜਿਵੇਂ ਪੀ.ਏ.ਯੂ. ਜਾਂ ਪਨਸੀਡ ਆਦਿ। ਬੀਜ ਨੂੰ ਬੀਜਣ ਤੋਂ ਪਹਿਲਾਂ ਥੀਰਮ/ਕੈਪਟਾਨ ਫਫੂੰਦੀ ਨਾਸ਼ਕ (3 ਗ੍ਰਾਮ ਪ੍ਰਤੀ ਕਿਲੋ ਬੀਜ) ਦੇ ਹਿਸਾਬ ਨਾਲ ਸੋਧ ਲਵੋ। ਬੀਜ ਨੂੰ ਹਮੇਸ਼ਾ ਲਾਈਨ ਵਿੱਚ ਬੀਜੋ ਤਾਂ ਜੋ ਹਵਾ ਦਾ ਅਦਾਨ-ਪ੍ਰਦਾਨ, ਗੋਡੀ ਅਤੇ ਵਿੱਚ ਕੰਮ ਕਾਜ ਕਰਨਾ ਸੌਖਾ ਹੋਵੇ। ਬੈੱਡ ਉੱਤੇ 5 ਤੋਂ 7.5 ਸੈਂਟੀਮੀਟਰ ਦੇ ਫ਼ਾਸਲੇ ’ਤੇ 1 ਤੋਂ 2 ਸੈਂਟੀਮੀਟਰ ਡੂੰਘੀਆਂ ਕਤਾਰਾਂ ਬਣਾ ਲਵੋ। ਬੀਜ ਦੇ ਆਕਾਰ ਦੇ ਹਿਸਾਬ ਨਾਲ ਬਿਜਾਈ ਦੀ ਡੂੰਘਾਈ ਨੂੰ ਸੈੱਟ ਕਰ ਲਵੋ। ਬੀਜ ਬੀਜਣ ਤੋਂ ਬਾਅਦ ਉਸ ਨੂੰ ਰੂੜੀ ਅਤੇ ਮਿੱਟੀ ਦੇ ਤਿਆਰ ਕੀਤੇ ਮਿਸ਼ਰਨ ਨੂੰ ਪਾ ਕੇ ਢੱਕ ਦਿਓ। ਬੀਜਣ ਤੋਂ ਬਾਅਦ ਬੈੱਡ ਉੱਤੇ ਝੋਨੇ ਦੀ ਪਰਾਲੀ ਜਾਂ ਸੁੱਕੇ ਪੱਤੇ ਵਿਛਾ ਦਿਓ।
ਨਰਸਰੀ ਵਿੱਚ ਬੂਟੇ ਦਾ ਪ੍ਰਬੰਧਨ: ਨਰਸਰੀ ਬੈੱਡ ਨੂੰ ਫੁਹਾਰੇ ਨਾਲ ਗਰਮੀਆਂ ਵਿੱਚ ਦੋ ਵਾਰ ਅਤੇ ਸਰਦੀਆਂ ਵਿੱਚ ਇੱਕ ਵਾਰ ਪਾਣੀ ਦਿਓ। ਬੀਜ ਦੇ ਪੁੰਗਰਨ ਤੱਕ ਬੈੱਡ ਨੂੰ ਨਮੀ ਵਾਲਾ ਰੱਖੋ। ਜਦੋਂ ਛੋਟੇ-ਛੋਟੇ ਚਿੱਟੇ ਧਾਗੇ ਦੀ ਤਰ੍ਹਾਂ ਬੈੱਡ ਉੱਤੇ ਬੀਜ ਪੁੰਗਰਦੇ ਦਿਖਣ ਤਾਂ ਪਰਾਲੀ ਨੂੰ ਹਟਾ ਦਿਓ। ਦਸੰਬਰ ਅਤੇ ਜਨਵਰੀ ਮਹੀਨੇ ਦੀਆਂ ਠੰਢੀਆਂ ਰਾਤਾਂ ਵਿੱਚ ਠੰਢ ਤੋਂ ਬਚਾਉਣ ਲਈ ਮਿਰਚ, ਬੈਂਗਣ ਅਤੇ ਟਮਾਟਰ ਦੀ ਪਨੀਰੀ ਨੂੰ ਸ਼ੀਟ ਨਾਲ ਢੱਕ ਦਿਓ। ਪੁੰਗਰਨ ਤੋਂ 7 ਦਿਨ ਬਾਅਦ ਪਨੀਰੀ ਨੂੰ 0.4% ਕੈਪਟਾਨ/ਥੀਰਮ (3 ਗ੍ਰਾਮ/ਲਿਟਰ) ਨਾਲ ਗੁੜੱਚ ਕਰ ਦਿਓ। 7-10 ਦਿਨਾਂ ਬਾਅਦ ਇਸ ਤਰ੍ਹਾਂ ਦੁਬਾਰਾ ਕਰੋ। ਜੇ ਪਨੀਰੀ ਜ਼ਿਆਦਾ ਸੰਘਣੀ ਲੱਗੇ ਤਾਂ ਵਿਰਲੀ ਕਰੋ ਤਾਂ ਜੋ ਹਵਾ ਅਤੇ ਪਾਣੀ ਉਨ੍ਹਾਂ ਨੂੰ ਸਹੀ ਮਾਤਰਾ ਵਿੱਚ ਮਿਲ ਸਕੇ। ਕਮਜ਼ੋਰ ਅਤੇ ਬਿਮਾਰੀ ਵਾਲੇ ਬੂਟਿਆਂ ਨੂੰ ਪੁੱਟ ਦਿਓ। ਬੈੱਡ ਉੱਤੇ ਨਦੀਨ ਉੱਗ ਜਾਣ ਤਾਂ ਹੱਥ ਨਾਲ ਉਨ੍ਹਾਂ ਨੂੰ ਵੀ ਪੱਟ ਦਿਓ।
ਨਰਸਰੀ ਨੂੰ ਸਖ਼ਤ ਕਰਨਾ: ਜਦੋਂ ਪਨੀਰੀ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਵੇ (4 ਤੋਂ 6 ਹਫ਼ਤੇ ਬਾਅਦ) ਤਾਂ 3-4 ਦਿਨ ਪੁੱਟਣ ਤੋਂ ਪਹਿਲਾਂ ਪਨੀਰੀ ਦਾ ਪਾਣੀ ਰੋਕ ਦਿਓ। ਇਸ ਤਰ੍ਹਾਂ ਕਰਨ ਨਾਲ ਪਨੀਰੀ ਸਖ਼ਤ ਹੋ ਜਾਵੇਗੀ ਅਤੇ ਲਗਾਉਣ ਸਮੇਂ ਹੋਣ ਵਾਲੇ ਧੱਕੇ ਨੂੰ ਸਹਿ ਸਕੇਗੀ। ਪਨੀਰੀ ਨੂੰ ਪੁੱਟਣ ਤੋਂ ਪਹਿਲਾਂ ਨਰਸਰੀ ਬੈੱਡ ਨੂੰ ਚੰਗੀ ਤਰ੍ਹਾਂ ਪਾਣੀ ਦਿਓ ਤਾਂ ਜੋ ਪਨੀਰੀ ਹੱਥ ਨਾਲ ਜਾਂ ਖੁਰਪੇ ਨਾਲ ਆਸਾਨੀ ਨਾਲ ਪੁੱਟੀ ਜਾ ਸਕੇ। ਪਨੀਰੀ ਦੀਆਂ ਜੜ੍ਹਾ ਨੂੰ ਮਿੱਟੀ ਅਤੇ ਕਾਗਜ਼ ਨਾਲ ਚੰਗੀ ਤਰ੍ਹਾਂ ਢੱਕ ਕੇ ਧਾਗਾ ਬੰਨ੍ਹ ਦੇਵੋ।
ਸਬਜ਼ੀ ਵਿਗਿਆਨ ਵਿਭਾਗ, ਪੀਏਯੂ।
ਸੰਪਰਕ: 81463-44465


Comments Off on ਸਬਜ਼ੀਆਂ ਦੀ ਸਿਹਤਮੰਦ ਪਨੀਰੀ ਉਗਾਉਣ ਦੀ ਵਿਧੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.