ਅਨਭੋਲ ਮਨ ਵਿਚ ਸਾਹਿਤ ਦਾ ਚੁੱਪ-ਚੁਪੀਤਾ ਪ੍ਰਵੇਸ਼ !    ਗੁਰਬਾਣੀ ਤੇ ਸੂਫ਼ੀਆਨਾ ਕਲਾਮ ਗਾਉਂਦਿਆਂ !    ਦਰਗਾਹ ਸ਼ਰੀਫ਼ ਕਾਰਨ ਪ੍ਰਸਿੱਧ ਅਜਮੇਰ !    ਮਾਰਿਆ ਜਾਵੇਂਗਾ ਤੂੰ ਵੀ ਇਕ ਦਿਨ !    ਰਾਮ ਕੁਮਾਰ ਦਾ ‘ਆਵਾਰਾ’ ਆਦਮੀ !    ਕਾਵਿ ਕਿਆਰੀ !    ਗ਼ਦਰ ਲਹਿਰ ਦਾ ਕਾਬੁਲ ਅੱਡਾ !    ਮੌਸਮ ਠੀਕ ਨਹੀਂ !    ਮਾਨਵੀ ਵੇਦਨਾ-ਸੰਵੇਦਨਾ ਦਾ ਪ੍ਰਗਟਾਵਾ !    ਨਵੇਂ ਰੰਗ ਦੀ ਸ਼ਾਇਰੀ !    

ਸ਼ਹੀਦੇ ਆਜ਼ਮ ਦੀਆਂ ਲਿਖਤਾਂ ਤੇ ਯਾਦਾਂ…

Posted On September - 30 - 2019

ਪੜ੍ਹਦਿਆਂ-ਸੁਣਦਿਆਂ

ਸੁਰਿੰਦਰ ਸਿੰਘ ਤੇਜ

ਪੁਸਤਕ ਦਾ ਟਾਈਟਲ ਅਤੇ ਭਗਤ ਸਿੰਘ ਵੱਲੋਂ ਆਪਣੀ ਚਾਚੀ ਨੂੰ ਲਿਖੀ ਚਿੱਠੀ।

ਤੇਈ ਵਰ੍ਹਿਆਂ ਦੀ ਉਮਰ ਅੱਲ੍ਹੜਪੁਣੇ ਤੇ ਨਾਦਾਨੀ ਵਾਲੀ ਅਵਸਥਾ ਮੰਨੀ ਜਾਂਦੀ ਹੈ, ਖ਼ਾਸ ਕਰਕੇ ਮੁੰਡਿਆਂ ਦੇ ਮਾਮਲੇ ਵਿਚ। ਏਨੀ ਛੋਟੀ ਉਮਰ ਵਿਚ ਇਨਕਲਾਬ ਦੇ ਸੰਕਲਪ ਨੂੰ ਦਾਰਸ਼ਨਿਕ, ਦਾਨਿਸ਼ਵਾਰਾਨਾ ਤੇ ਦ੍ਰਿਸ਼ਟੀਵੇਤਾ ਵਾਲੇ ਨਜ਼ਰੀਏ ਨਾਲ ਦੇਖਣ ਅਤੇ ਫਿਰ ਇਨਕਲਾਬੀ ਉਮਾਹ ਹੇਠ ਜਾਨ ਦੀ ਆਹੂਤੀ ਦੇਣ ਵਾਲੇ ਬਹੁਤ ਘੱਟ ਇਨਸਾਨ ਸਾਡੇ ਜਹਾਨ ਵਿਚ ਪੈਦਾ ਹੋਏ ਹਨ। ਇਸੇ ਵਿਲੱਖਣਤਾ ਦੀ ਬਦੌਲਤ ਸ਼ਹੀਦੇ ਆਜ਼ਮ ਭਗਤ ਸਿੰਘ ਅੱਜ ਵੀ ਭਾਰਤੀ ਉਪ ਮਹਾਂਦੀਪ ਦੇ ਲੋਕ ਮਨਾਂ ’ਤੇ ਰਾਜ ਕਰਦਾ ਹੈ। ਦਾਰਸ਼ਨਿਕ ਇਨਕਲਾਬੀ ਵਾਲਾ ਉਸ ਦਾ ਨੂਰ, ਸਮੇਂ ਦੇ ਬੀਤਣ ਨਾਲ ਮੱਠਾ ਪੈਣ ਦੀ ਥਾਂ ਵੱਧ ਓਜਸਮਈ, ਵੱਧ ਪ੍ਰਕਾਸ਼ਮਾਨ ਹੁੰਦਾ ਜਾ ਰਿਹਾ ਹੈ। ਉਹ ਵਿਚਾਰਵਾਨਾਂ ਦਾ ਵੀ ਚਹੇਤਾ ਹੈ ਅਤੇ ਜਨ ਸਾਧਾਰਨ ਦਾ ਵੀ।
ਭਗਤ ਸਿੰਘ ਦੇ ਇਸੇ ਤਸੱਵਫ਼ ਨੂੰ ਬਿਹਤਰ ਢੰਗ ਨਾਲ ਸਮਝਣ ਵਿਚ ਸਹਾਈ ਹੁੰਦੀ ਹੈ ਪ੍ਰੋ. ਚਮਨ ਲਾਲ ਦੀ ਪੁਸਤਕ ‘ਦਿ ਭਗਤ ਸਿੰਘ ਰੀਡਰ’ (ਹਾਰਪਰ ਕੌਲਿਨਜ਼; 616+51 ਪੰਨੇ; ਪੇਪਰਬੈਕ ਐਡੀਸ਼ਨ 799 ਰੁਪਏ)। ਇਹ ਪੁਸਤਕ ਭਗਤ ਸਿੰਘ ਦੀਆਂ ਲੇਖਣੀਆਂ ਦਾ ਸੰਗ੍ਰਹਿ ਹੈ; ਸੱਤ ਵਰ੍ਹਿਆਂ ਵਿਚ ਲਿਖੇ 130 ਦਸਤਾਵੇਜ਼ਾਂ ਦਾ ਸੰਗ੍ਰਹਿ। ਸਮੁੱਚਾ ਸੰਗ੍ਰਹਿ ਸੰਪਾਦਕ, ਸੰਕਲਨਕਾਰ ਤੇ ਖੋਜਕਾਰ ਪ੍ਰੋ. ਚਮਨ ਲਾਲ ਦੇ ਸਿਰੜ, ਸਿਦਕਦਿਲੀ ਤੇ ਸੂਝ ਦਾ ਸਬੂਤ ਹੈ। ਇਸ ਨੂੰ ਪੰਜ ਅਨੁਭਾਗਾਂ ਵਿਚ ਵੰਡਿਆ ਗਿਆ ਹੈ। ਪਹਿਲੇ ਵਿਚ ਭਗਤ ਸਿੰਘ ਵੱਲੋਂ ਲਿਖੇ ਖ਼ਤ ਤੇ ਟੈਲੀਗ੍ਰਾਮ ਸ਼ਾਮਲ ਹਨ। ਦੂਸਰੇ ਭਾਗ ਵਿਚ ਪੋਸਟਰ ਤੇ ਕਿਤਾਬਚੇ ਸੰਮਿਲਿਤ ਹਨ। ਤੀਜਾ ਭਾਗ ਅਦਾਲਤੀ ਬਿਆਨਾਂ, ਹਲਫ਼ਨਾਮਿਆਂ ਤੇ ਹੋਰ ਸ਼ਹਾਦਤਾਂ ਉੱਤੇ ਆਧਾਰਿਤ ਹੈ। ਚੌਥੇ ਵਿਚ ਸ਼ਹੀਦੇ ਆਜ਼ਮ ਵੱਲੋਂ ਲਿਖੇ ਮਜ਼ਮੂਨ ਤੇ ਸ਼ਬਦ-ਚਿੱਤਰ ਸ਼ਾਮਲ ਹਨ। ਪੰਜਵਾਂ ਜੇਲ੍ਹ ਡਾਇਰੀ ਅਤੇ ਇਸ ਨਾਲ ਜੁੜੀ ਕੁਮੈਂਟਰੀ ਦੇ ਰੂਪ ਵਿਚ ਹੈ। ਭਗਤ ਸਿੰਘ ਨਾਲ ਜੁੜੇ ਹੁਕਮ ਤੇ ਅਦਾਲਤੀ ਦਸਤਾਵੇਜ਼ ਵੀ ਇਸ ਸੰਗ੍ਰਹਿ ਹਨ। ਜਿੱਥੇ ਜਿੱਥੇ ਲੋੜ ਹੈ, ਉੱਥੇ ਲਿਖਤਾਂ ਦਸਤਾਵੇਜ਼ਾਂ ਦਾ ਪਿਛੋਕੜ ਤੇ ਪ੍ਰਸੰਗ ਵੀ ਪੇਸ਼ ਕੀਤਾ ਗਿਆ ਹੈ। ਬੇਸ਼ਕੀਮਤੀ ਖ਼ਜ਼ਾਨਾ ਹੈ ਇਹ ਸਭ ਕੁਝ। ਕੌਮੀ ਆਜ਼ਾਦੀ ਲਈ ਲੜੇ ਸੰਗਰਾਮ ਦਾ ਬਦਲਵਾਂ ਬਿਰਤਾਂਤ ਪੇਸ਼ ਕਰਨ ਵਾਲਾ। ਬ੍ਰਿਟਿਸ਼ ਹੁਕਮਰਾਨਾਂ ਅਤੇ ਉਨ੍ਹਾਂ ਤੋਂ ਬਾਅਦ ਆਏ ਸੱਤਾਵਾਨਾਂ ਵੱਲੋਂ ਘੜੇ ਬਿਰਤਾਂਤ ਦਾ ਬਦਲ ਸਾਡੇ ਸਾਹਮਣੇ ਲਿਆਉਣ ਵਾਲਾ।
ਭਗਤ ਸਿੰਘ ਮਾਰਕਸੀ ਚਿੰਤਨ ਨੂੰ ਪਰਣਾਇਆ ਹੋਇਆ ਸੀ, ਇਹ ਤੱਥ ਉਸ ਦੀਆਂ ਲਿਖਤਾਂ ਤੋਂ ਸਪਸ਼ਟ ਹੁੰਦਾ ਹੈ। ਪਰ ਉਸ ਦੀ ਸ਼ਖ਼ਸੀਅਤ ਤੇ ਸੋਚ, ਸਿਧਾਂਤਕ ਹੱਠਧਰਮੀ ਜਾਂ ਕੱਟੜਤਾ ਦੀ ਗ਼ੁਲਾਮ ਨਹੀਂ ਸੀ। ਉਹ ਸਮੇਂ ਦੀਆਂ ਹਕੀਕਤਾਂ ਨੂੰ ਸਮਝਣ ਵਾਲਾ ਨਿਹਾਇਤ ਸੰਵੇਦਨਸ਼ੀਲ ਤੇ ਦੂਰਅੰਦੇਸ਼ ਇਨਸਾਨ ਸੀ। ਉਹ ਧਰਮ ਦੇ ਬੰਧੇਜਾਂ ਤੋਂ ਮੁਕਤ ਸੀ, ਪਰ ਧਰਮ ਦੀ ਉਪਚਾਰੀ ਤਾਕਤ ਦੇ ਮਹੱਤਵ ਤੋਂ ਨਾਬਰ ਨਹੀਂ ਸੀ। ਉਹ ਹਿੰਸਕ ਇਨਕਲਾਬ ਦਾ ਮੁਦਈ ਨਹੀਂ ਸੀ, ਪਰ ਬਸਤੀਵਾਦੀ ਨਿਜ਼ਾਮ ਨੂੰ ਝਟਕਾ ਦੇਣ ਲਈ ਹਿੰਸਾ ਨੂੰ ਕਾਰਗਰ ਹਥਿਆਰ ਵਜੋਂ ਵਰਤਣ ਤੋਂ ਪਰਹੇਜ਼ਗਾਰ ਵੀ ਨਹੀਂ ਸੀ। ਜੋਸ਼ ਤੇ ਹੋਸ਼ ਦੇ ਅੰਤਰ ਜਾਂ ਸੁਮੇਲ ਦਾ ਉਸ ਨੂੰ ਭਰਪੂਰ ਗਿਆਨ ਸੀ। ਅਜਿਹੀ ਬੌਧਿਕ ਸਮਰੱਥਾ ਤੇ ਸ਼ਖ਼ਸੀ ਖ਼ੂਬੀਆਂ ਨੇ ਉਸ ਨੂੰ ਆਪਣੇ ਇਨਕਲਾਬੀ ਸਾਥੀਆਂ ਨਾਲੋਂ ਅੱਡਰਾ ਤੇ ਨਿਵੇਕਲਾ ਬਣਾਇਆ।
ਪ੍ਰੋ. ਚਮਨ ਲਾਲ ਵੱਲੋਂ ਲਿਖੀ ਭੂਮਿਕਾ ਭਗਤ ਸਿੰਘ ਦੀ ਬਹੁਪਰਤੀ ਸ਼ਖ਼ਸੀਅਤ ਦਾ ਬਹੁਤ ਜਾਨਦਾਰ ਤੇ ਸ਼ਾਨਦਾਰ ਖਾਕਾ ਪੇਸ਼ ਕਰਦੀ ਹੈ। ਇਸ ਅਨੁਸਾਰ 14 ਵਰ੍ਹਿਆਂ ਦੇ ਭਗਤ ਸਿੰਘ ਨੇ ਹੀ ਸੰਕੇਤ ਦੇਣੇ ਸ਼ੁਰੂ ਕਰ ਦਿੱਤੇ ਸਨ ਕਿ ਉਹ ਆਪਣੇ ਹਮਉਮਰਾਂ ਨਾਲੋਂ ਕਿਤੇ ਉੱਚੀ ਸੂਝ, ਸੋਚ ਤੇ ਸੁਹਜ ਦਾ ਮਾਲਕ ਹੈ। ਦੇਸ਼ ਪ੍ਰੇਮ ਦਾ ਜਜ਼ਬਾ ਤਾਂ ਪਹਿਲਾਂ ਹੀ ਖ਼ੂਨ ਵਿਚ ਸੀ; ਦਾਦਾ ਅਰਜਨ ਸਿੰਘ ਤੇ ਪਿਤਾ ਕਿਸ਼ਨ ਸਿੰਘ ਪੂਰੇ ਵਤਨਪ੍ਰਸਤ ਸਨ ਅਤੇ ਦੋਵੇਂ ਚਾਚੇ- ਅਜੀਤ ਸਿੰਘ ਤੇ ਸਵਰਨ ਸਿੰਘ ਪੱਕੇ ਇਨਕਲਾਬੀ। ਕੌਮਪ੍ਰਸਤੀ ਦੀ ਅਜਿਹੀ ਗੁੜ੍ਹਤੀ ਦੇ ਬਾਵਜੂਦ ਪਰਿਵਾਰਕ ਜ਼ਿੰਮੇਵਾਰੀਆਂ ਨਾਲ ਜੁੜੀਆਂ ਸੰਵੇਦਨਾਵਾਂ ਤੋਂ ਕੋਰਾ ਨਹੀਂ ਸੀ ਭਗਤ ਸਿੰਘ। ਆਪਣੀਆਂ ਚਾਚੀਆਂ ਦੇ ਇਕਲਾਪੇ ਤੇ ਕੁਰਬਾਨੀਆਂ ਪ੍ਰਤੀ ਜੋ ਸਤਿਕਾਰ ਤੇ ਸਨੇਹ ਉਸ ਦੇ ਮਨ ਵਿਚ ਸੀ, ਉਹ ਉਨ੍ਹਾਂ ਨੂੰ ਲਿਖੇ ਖ਼ਤਾਂ ਵਿਚੋਂ ਸਪਸ਼ਟ ਝਲਕਦਾ ਹੈ। ਜੇਲ੍ਹ ਵਿਚੋਂ ਆਪਣੇ ਸਾਥੀਆਂ ਦੇ ਪਰਿਵਾਰਾਂ ਨੂੰ ਲਿਖੇ ਖ਼ਤ ਵੀ ਸਨੇਹ ਤੇ ਸੁਹਜ ਦੀ ਮਿਸਾਲ ਹਨ। ਭਗਤ ਸਿੰਘ ਲਈ ਸੋਲ੍ਹਵਾਂ ਵਰ੍ਹਾ ਹੋਰਨਾਂ ਦੇ ਸੋਲ੍ਹਵਿਆਂ ਨਾਲੋਂ ਬਿਲਕੁਲ ਭਿੰਨ ਸੀ। ਇਹ ਉਸ ਦੇ ਕਰਮ-ਯੋਗ ਦੀ ਸ਼ੁਰੂਆਤ ਸੀ। ਇਹ ਕਰਮ-ਯੋਗ ਅਗਲੇ ਸੱਤ ਵਰ੍ਹੇ ਚੱਲਿਆ। ਇਨ੍ਹਾਂ ਵਰ੍ਹਿਆਂ ਦੌਰਾਨ ਉਹ ਕ੍ਰਾਂਤੀ ਦੇ ਨਾਲ ਨਾਲ ਗਿਆਨ-ਬੋਧ ਦੇ ਵੀ ਅੰਗਸੰਗ ਰਿਹਾ। ਸੋਲ੍ਹਵੇਂ ਵਰ੍ਹੇ (1923) ਵਿਚ ਇਕ ਮੁਕਾਬਲੇ ਲਈ ਲਿਖੇ ਲੇਖ ’ਤੇ ਉਸ ਨੂੰ 50 ਰੁਪਏ ਦਾ ਇਨਾਮ ਮਿਲਿਆ। ਲੇਖ ਦਾ ਵਿਸ਼ਾ ਸੀ ‘ਪੰਜਾਬ ਵਿਚ ਭਾਸ਼ਾ ਤੇ ਲਿੱਪੀ ਦੀ ਸਮੱਸਿਆ’। ਇਹ ਦਸ ਵਰ੍ਹੇ ਬਾਅਦ 1933 ਵਿਚ ‘ਹਿੰਦੀ ਸੰਦੇਸ਼’ ਰਸਾਲੇ ਨੇ ਪ੍ਰਕਾਸ਼ਿਤ ਕੀਤਾ। ਚਾਰ ਸਾਲ ਉਸ ਦੀਆਂ ਰਚਨਾਵਾਂ ਵੱਖ ਵੱਖ ਨਾਵਾਂ ਹੇਠ ਛਪਦੀਆਂ ਰਹੀਆਂ। ਕਿਤੇ ਬੀ.ਐੱਸ. ਸਿੰਧੀ (ਸੰਧੂ ਗੋਤ ਦਾ ਵਤਨਪ੍ਰਸਤ ਸਰੂਪ), ਕਿਤੇ ਵਿਦਰੋਹੀ ਤੇ ਕਿਤੇ ਬਲਵੰਤ ਉਪ-ਨਾਮ ਹੇਠ। 1923 ਤੋਂ 1928 ਤਕ ਉਸ ਨੇ ਪੱਤਰਕਾਰੀ ਵੀ ਕੀਤੀ, ਪੰਜਾਬੀ ਤੇ ਉਰਦੂ ਦੇ ‘ਕਿਰਤੀ’, ਹਿੰਦੀ ਰੋਜ਼ਾਨਾ ‘ਪ੍ਰਤਾਪ’ ਤੇ ਹਿੰਦੀ ਰਸਾਲੇ ‘ਅਰਜੁਨ’ ਲਈ। ਹਿੰਦੀ ਮਾਸਿਕ ‘ਚਾਂਦ’ ਦੇ ਨਵੰਬਰ 1928 ਦੇ ਫਾਂਸੀ ਅੰਕ ਵਿਚ ਛਪੇ ਇਨਕਲਾਬੀਆਂ ਦੇ 48 ਸ਼ਬਦ-ਚਿੱਤਰਾਂ ਵਿਚੋਂ ਘੱਟੋਘੱਟ 23 ਭਗਤ ਸਿੰਘ ਦੀ ਕਲਮ ਦਾ ਕਮਾਲ ਸਨ। ਹਿੰਦੀ, ਉਰਦੂ, ਅੰਗਰੇਜ਼ੀ ਤੇ ਸੰਸਕ੍ਰਿਤ ਦਾ ਗਿਆਨਵਾਨ ਸੀ ਉਹ। ਪੰਜਾਬੀ ਸਕੂਲ ਵਿਚ ਨਹੀਂ ਸੀ ਪੜ੍ਹੀ; ਨਨਕਾਣਾ ਸਾਹਿਬ ਦੇ ਸਾਕੇ (1921) ਮਗਰੋਂ ਖ਼ੁਦ ਸਿੱਖੀ। ਬੰਗਲਾ ਵੀ ਸਮਝ ਲੈਂਦਾ ਸੀ। ਫ਼ਾਰਸੀ ਸਿੱਖਣ ਦਾ ਉਪਰਾਲਾ ਵੀ ਕੀਤਾ ਜੋ ਅਧੂਰਾ ਰਿਹਾ। ਇਤਿਹਾਸ, ਰਾਜਨੀਤੀ ਸ਼ਾਸਤਰ, ਅਰਥ ਸ਼ਾਸਤਰ ਅਤੇ ਸਾਹਿਤ ਪੜ੍ਹਨ ਦੀ ਅਥਾਹ ਭੁੱਖ ਸੀ। ਉਰਦੂ ਉੱਤੇ ਪੂਰੀ ਪਕੜ ਸੀ, ਅੰਗਰੇਜ਼ੀ ਦੀ ਮੁਹਾਰਤ ਬੰਦੀ ਜੀਵਨ ਦੇ ਤਿੰਨ ਵਰ੍ਹਿਆਂ ਦੌਰਾਨ ਹਾਸਿਲ ਕੀਤੀ। ਏਨੀ ਮੁਹਾਰਤ ਕਿ ਜੱਜ ਸ਼ੱਕ ਕਰਨ ਲੱਗਾ ਕਿ ਬਿਆਨ ਇਨਕਲਾਬੀ ਮੁਲਜ਼ਮਾਂ ਵੱਲੋਂ ਨਹੀਂ ਲਿਖੇ ਗਏ, ਉਨ੍ਹਾਂ ਦੇ ਵਕੀਲ ਆਸਫ਼ ਅਲੀ ਦੀ ਕਲਮ ਦਾ ਕਮਾਲ ਹਨ।
ਪਸੁਤਕ ਸੱਚਮੁੱਚ ਸ਼ਾਹਕਾਰ ਹੈ; ਤਵਾਰੀਖ਼, ਤਹਿਰੀਕ ਤੇ ਤਨਜ਼ੀਮ ਦੇ ਰਿਸ਼ਤੇ ਦਾ ਸਾਕਾਰ ਰੂਪ। ਇਕ ਪਾਸੇ ਇਹ ਅਕਾਦਮਿਕ ਖੋਜ ਤੇ ਅਧਿਐਨ ਦਾ ਨਿੱਗਰ ਸਰੋਤ ਹੈ, ਦੂਜੇ ਪਾਸੇ ਆਮ ਪਾਠਕ ਲਈ ਭਗਤ ਸਿੰਘ ਦਾ ਸੱਚ ਜਾਨਣ ਦਾ ਉੱਤਮ ਵਸੀਲਾ ਵੀ ਹੈ। ਇਹ ਸੁਮੇਲ ਆਪਣੇ ਆਪ ਵਿਚ ਬਹੁਤ ਵੱਡੀ ਪ੍ਰਾਪਤੀ ਹੈ।
* * *
 ਹੇਮੰਤ ਕੁਮਾਰ ਦੀ ਬਰਸੀ (26 ਸਤੰਬਰ) ਮੌਕੇ ਵਿਵਿਧ ਭਾਰਤੀ ਵੱਲੋਂ ਇਸ ਮਹਾਨ ਸੰਗੀਤਕਾਰ ਤੇ ਗਾਇਕ ਦੀ 25 ਸਾਲ ਪੁਰਾਣੀ ਇੰਟਰਵਿਊ ਪ੍ਰਸਾਰਿਤ ਕੀਤੀ ਗਈ। ਬੰਗਲਾ ਜਗਤ ਵਿਚ ਸੰਗੀਤਕਾਰ ਤੇ ਗਾਇਕ ਵਜੋਂ ਹੇਮੰਤ ਮੁਖਰਜੀ (ਉੱਥੇ ਇਹੋ ਨਾਮ ਚੱਲਦਾ ਸੀ) 1952 ਤੋਂ 1982 ਤਕ ਸਿਖ਼ਰ ’ਤੇ ਰਹੇ। ਹਿੰਦੀ ਫਿਲਮ ਜਗਤ ਵਿਚ ਵੀ 1951 ਤੋਂ ਦਾਖ਼ਲੇ ਤੋਂ ਬਾਅਦ ਉਨ੍ਹਾਂ ਨੇ ਚੋਖਾ ਜਸ ਖੱਟਿਆ। ਫ਼ਰਕ ਇਹ ਰਿਹਾ ਕਿ ‘ਨਾਗਿਨ’ (1954), ‘ਮਿਸ ਮੇਰੀ’ (1957), ‘ਬੀਸ ਸਾਲ ਬਾਅਦ’ (1960), ‘ਸਾਹਿਬ, ਬੀਬੀ ਔਰ ਗ਼ੁਲਾਮ’ (1962), ‘ਕੋਹਰਾ’ (1964), ‘ਅਨੂਪਮਾ’ (1966) ਅਤੇ ‘ਖ਼ਾਮੋਸ਼ੀ’ (1969) ਵਰਗੀਆਂ ਫ਼ਿਲਮਾਂ ਵਿਚ ਹਿੱਟ ਸੰਗੀਤ ਦੇਣ ਦੇ ਬਾਵਜੂਦ ਉਹ ਨੌਸ਼ਾਦ ਅਲੀ, ਸ਼ੰਕਰ ਜੈਕਿਸ਼ਨ, ਸਚਿਨ ਦੇਵ ਬਰਮਨ ਜਾਂ ਸੀ. ਰਾਮਚੰਦਰ ਵਾਲੀ ਮੋਹਰਲੀ ਕਤਾਰ ਵਿਚ ਸ਼ਾਮਲ ਨਾ ਹੋ ਸਕੇ। ਬਨਾਰਸ ਵਿਚ ਜਨਮ ਲੈਣ ਤੇ ਬਾਲਪਣ ਗੁਜ਼ਾਰਨ ਕਰਕੇ ਹੇਮੰਤ ਕੁਮਾਰ ਦੇ ਹਿੰਦੀ-ਉਰਦੂ ਤਲੱਫ਼ੁਜ਼ ਵਿਚ ਬੰਗਾਲੀਆਂ ਵਾਲੀ ਪੁੱਠ ਓਨੀ ਸ਼ਦੀਦ ਨਹੀਂ ਸੀ ਜਿੰਨੀ ਉਨ੍ਹਾਂ ਦੇ ਬੰਗਾਲੀ ਸਮਕਾਲੀਆਂ ਸੁਬੀਰ ਸੇਨ ਤੇ ਦਵਿਜੇਨ ਮੁਖਰਜੀ ਜਾਂ ਬਾਅਦ ਵਿਚ ਕੁਮਾਰ ਸਾਨੂ ਦੇ ਉਚਾਰਣ ਵਿਚ ਮੌਜੂਦ ਰਹੀ। ਗਾਇਕ ਤੇ ਸੰਗੀਤਕਾਰ ਵਜੋਂ ਹੇਮੰਤ ਕੁਮਾਰ ਨੂੰ ਹਿੰਦੀ ਫਿਲਮ ਜਗਤ ਵਿਚ ਦਾਖਲਾ ਇਕੋ ਵਰ੍ਹੇ 1951 ਵਿਚ ਮਿਲਿਆ। ਪਹਿਲਾਂ ਸਚਿਨ ਦੇਵ ਬਰਮਨ ਨੇ ਫਿਲਮ ‘ਸਜ਼ਾ’ ਵਿਚ ਹੇਮੰਤ ਤੇ ਇਕ ਹੋਰ ਬੰਗਾਲੀ ਸੰਧਿਆ ਮੁਖਰਜੀ ਤੋਂ ਦੁਗਾਣਾ ‘ਆ ਗੁੱਪ-ਚੁੱਪ ਗੁੱਪ-ਚੁੱਪ ਪਿਆਰ ਕਰੇਂ…’ ਗਵਾਇਆ। ਦੇਵ ਆਨੰਦ ਤੇ ਨਿੰਮੀ ਉੱਤੇ ਫਿਲਮਾਇਆ ਇਹ ਸਦਾਬਹਾਰ ਗੀਤ ਅੱਜ ਵੀ ਕਿਸੇ ਨਾ ਕਿਸੇ ਸੰਗੀਤਕ ਚੈਨਲ ’ਤੇ ਹਰ ਰੋਜ਼ ਦੇਖਣ-ਸੁਣਨ ਨੂੰ ਮਿਲ ਜਾਂਦਾ ਹੈ। ਇਸ ਗੀਤ ਦੇ ਰਿਲੀਜ਼ ਹੋਣ ਤੋਂ ਚੰਦ ਦਿਨ ਬਾਅਦ ਹੇਮੰਤ ਨੂੰ ਫਿਲਮ ‘ਆਨੰਦ ਮੱਠ’ ਦਾ ਸੰਗੀਤ ਦੇਣ ਦਾ ਮੌਕਾ ਮਿਲ ਗਿਆ। ਇਸ ਫਿਲਮ ਦਾ ਪਹਿਲਾ ਗੀਤ ‘ਵੰਦੇ ਮਾਤਰਮ’ ਲਤਾ ਮੰਗੇਸ਼ਕਰ ਨੇ ਗਾਇਆ। ਇਸ ਦੀ ਰਿਕਾਰਡਿੰਗ 21 ਰੀਟੇਕਸ (14 ਘੰਟਿਆਂ) ਤੋਂ ਬਾਅਦ ਮੁਕੰਮਲ ਹੋਈ। ਅਜਿਹੇ ਅਕਾਊ ਤੇ ਥਕਾਊ ਤਜਰਬੇ ਦੇ ਬਾਵਜੂਦ ਲਤਾ, ਹੇਮੰਤ ਕੁਮਾਰ ਦੀ ਪਹਿਲੀ ਪਸੰਦ ਰਹੀ। ਇਸ ਬੰਗਾਲੀ ਸੰਗੀਤਕਾਰ ਦੀਆਂ ਬਿਹਤਰੀਨ ਧੁਨਾਂ ਸਦਾ ਲਤਾ ਲਈ ਰਾਖਵੀਆਂ ਰਹੀਆਂ। ਲਤਾ ਨੇ ਵੀ ਜਦੋਂ 1974 ਵਿਚ ਪਹਿਲੀ ਵਾਰ ਆਪਣੇ 10 ਸਭ ਤੋਂ ਪਸੰਦੀਦਾ ਗੀਤਾਂ ਦੀ ਸੂਚੀ ਜਨਤਕ ਕੀਤੀ ਤਾਂ ਇਸ ਵਿਚ ‘ਅਨੂਪਮਾ’ ਦਾ ਗੀਤ ‘ਕੁਛ ਦਿਲ ਨੇ ਕਹਾ… ਕੁਛ ਭੀ ਨਹੀਂ’ ਸ਼ਾਮਲ ਸੀ। ਇਹ ਹੇਮੰਤ ਕੁਮਾਰ ਦੀ ਸੰਗੀਤਕ ਜਾਦੂਗਰੀ ਨੂੰ ਬਹੁਤ ਢੁਕਵਾਂ ਸਜਦਾ ਸੀ।
* * *
 ਹੇਮੰਤ ਕੁਮਾਰ ਦੀ ਸੰਗੀਤਕ ਜਾਦੂਗਰੀ ਦਾ ਇਕ ਹੋਰ ਅਜੂਬਾ ਸੀ ਬਾਲ ਗੀਤ ‘ਨਾਨੀ ਤੇਰੀ ਮੋਰਨੀ ਕੋ ਮੋਰ ਲੇ ਗਏ’। ਫਿਲਮ ‘ਮਾਸੂਮ’ (1960) ਦਾ ਇਹ ਗੀਤ ਹੇਮੰਤ ਕੁਮਾਰ ਦੀ ਬੇਟੀ ਰਾਨੂ ਮੁਖਰਜੀ (ਅਸਲ ਨਾਮ ਜੌਇਸ਼੍ਰੀ ਮੁਖਰਜੀ) ਨੇ ਗਾਇਆ। ਉਸ ਸਮੇਂ ਉਸ ਦੀ ਉਮਰ ਮਹਿਜ਼ ਦੋ ਸਾਲ ਸੀ। ਏਨੇ ਛੋਟੇ ਬੱਚੇ ਦੀ ਲਾਈਵ ਰਿਕਾਰਡਿੰਗ ਦਾ ਇਹ ਵਿਸ਼ਵ ਰਿਕਾਰਡ ਅੱਜ ਵੀ ਬਰਕਰਾਰ ਹੈ। ਫਿਲਮ ਦਾ ਸੰਗੀਤ ਰੌਬਿਨ ਬੈਨਰਜੀ ਦਾ ਸੀ ਅਤੇ ਬਾਕੀ ਗੀਤ ਰਾਜਾ ਮਹਿੰਦੀ ਅਲੀ ਖ਼ਾਨ ਦੇ ਲਿਖੇ ਹੋਏ ਸਨ। ‘ਨਾਨੀ ਤੇਰੀ ਮੋਰਨੀ’ ਕਵੀਰਾਜ ਸ਼ੈਲੇਂਦਰ ਦੀ ਕਲਪਨਾ ਤੇ ਕਲਮ ਦਾ ਕਮਾਲ ਸੀ। ਧੁਨ ਹੇਮੰਤ ਕੁਮਾਰ ਨੇ ਰਚੀ। ਉਹ ਤੇ ਉਨ੍ਹਾਂ ਦੀ ਪਤਨੀ ਬੇਲਾ ਮੁਖਰਜੀ ਦਸ ਦਿਨਾਂ ਤਕ ਰਾਨੂ ਨੂੰ ਇਹ ਗੀਤ ਸੁਣਾਉਂਦੇ ਤੇ ਆਪਣੇ ਨਾਲ ਨਾਲ ਗਾਉਣ ਲਈ ਉਤਸ਼ਾਹਿਤ ਕਰਦੇ ਰਹੇ। ਜਦੋਂ ਬੱਚੀ ਨੂੰ ਸ਼ਬਦ ਤੇ ਧੁਨ ਯਾਦ ਹੋ ਗਈ ਤਾਂ ਗੀਤ ਸਿਰਫ਼ ਤਿੰਨ ਸਾਜ਼ਾਂ ਦੀ ਮਦਦ ਨਾਲ ਰਿਕਾਰਡ ਕਰ ਲਿਆ ਗਿਆ। ਅੱਜ ਵਰਗੀ ਟੈਕਨਾਲੋਜੀ ਦੀ ਅਣਹੋਂਦ ਦੇ ਬਾਵਜੂਦ ਰਿਕਾਰਡਿੰਗ ਨੇ ਸਿਰਫ਼ 17 ਮਿੰਟ ਲਏ ਅਤੇ ਰਾਨੂ ਨੂੰ ਮਿਹਨਤਾਨੇ ਵਜੋਂ ਦੋ ਰਸਗੁੱਲੇ ਤੇ ਪਿਤਾ ਦਾ ਢੇਰ ਸਾਰਾ ਲਾਡ ਪਿਆਰ ਮਿਲਆ। ਰਾਨੂ ਅੱਜ ਵੀ ਪਿੱਠਵਰਤੀ ਗਾਇਕਾ ਹੈ; 350 ਤੋਂ ਵੱਧ ਗੀਤ ਰਿਕਾਰਡ ਕਰਵਾ ਚੁੱਕੀ ਹੈ, ਪਰ ਹੋਰ ਕਿਸੇ ਵੀ ਗੀਤ ਨੂੰ ‘ਨਾਨੀ ਤੇਰੀ ਮੋਰਨੀ’ ਵਾਲੀ ਮਕਬੂਲੀਅਤ ਨਸੀਬ ਨਹੀਂ ਹੋਈ।
* * *
ਅਰਤਿੰਦਰ ਸੰਧੂ ਸਾਡੇ ਸਮੇਂ ਦੀ ਪ੍ਰਬੁੱਧ ਕਵਿੱਤਰੀ ਹੈ। ਉਸ ਦੀ ਕਾਵਿਕਤਾ ਦੀ ਖ਼ੂਬੀ ਹੈ ਕਿ ਇਹ ਵਿਸ਼ਾਦੀ ਭਾਵਨਾਵਾਂ ਦੇ ਵਹਿਣ ਵਿਚ ਨਹੀਂ ਵਹਿੰਦੀ; ਸੁਹਜ, ਸੂਖ਼ਮਤਾ ਅਤੇ ਵਿਚਾਰਕ ਮੌਲਿਕਤਾ ਨਾਲ ਲੈਸ ਹੁੰਦੀ ਹੈ। ਇਹ ਗੁਣ ਉਸ ਦੀਆਂ ਕਵਿਤਾਵਾਂ ਨੂੰ ਸਮੇਂ ਦੀਆਂ ਹਾਣੀ ਬਣਾਉਂਦੇ ਹਨ।
ਉਹ ਇਕ ਦਰਜਨ ਤੋਂ ਵੱਧ ਕਾਵਿ-ਪੁਸਤਕਾਂ ਪੰਜਾਬੀ ਪਾਠਕਾਂ ਦੇ ਨਜ਼ਰ ਕਰ ਚੁੱਕੀ ਹੈ। ਹੁਣ ‘ਵਿਚਲਾ ਮੌਸਮ’ (ਲੋਕਗੀਤ ਪ੍ਰਕਾਸ਼ਨ; ਪੰਨੇ 104, 200 ਰੁਪਏ) ਲੈ ਕੇ ਆਈ ਹੈ। ਇਸ ਕਾਵਿ ਸੰਗ੍ਰਹਿ ਵਿਚ 50 ਤੋਂ ਵੱਧ ਕਵਿਤਾਵਾਂ ਸ਼ਾਮਲ ਹਨ। ਵਿਸ਼ੇ ਮੌਲਿਕ ਹਨ; ਇਹ ਤੱਤ  ‘ਜੰਗਲ ਦਾ ਕਾਇਦਾ’, ‘ਆਪਣੀ ਹੋਂਦ’, ‘ਮੇਰੀਆਂ ਕਿਤਾਬਾਂ’, ‘ਚੁੱਪ ਵਾਸਤੇ’, ‘ਗੋਲੇ ਕਬੂਤਰ’ ਆਦਿ ਸਿਰਲੇਖਾਂ ਤੋਂ ਹੀ ਸਪਸ਼ਟ ਹੈ। ਅਜਿਹੀ ਸੁਵੰਨਤਾ ਕਾਰਨ ਹਰ ਕਵਿਤਾ ਵਿਚ ਨਿਆਰਤਾ ਹੈ। ਮਿਸਲ ਵਜੋਂ ‘ਵਿਚਲਾ ਮੌਸਮ’ ਦਾ ਇਕ ਅੰਸ਼ ਪੇਸ਼ ਹੈ: ‘‘ਤੁਰਨ ਲੱਗੀ ਹੈ ਜ਼ਿੰਦਗੀ ਅੱਜ-ਕਲ੍ਹ/ ਵਿਚਲੇ ਮੌਸਮਾਂ ਨੂੰ ਟੱਪਦੀ ਛੜੱਪਦੀ/ ਵਿਚਲਾ ਮੌਸਮ… ਜੋ ਸਹਿਜ ਹੁੰਦਾ/ ਸੁਭਾਵਿਕਤਾ ਵਾਲਾ ਹੁੰਦਾ/ ਬੁੱਲ੍ਹਾਂ ਦੀ ਮੌਨ ਸੁੰਨ ’ਚੋਂ/ ਮੁਸਕਾਨ ਦੇ ਖਿੜਦੇ ਹੋਣ ਦੇ ਪਲਾਂ ਵਰਗਾ।’’
ਮੈਨੂੰ ‘ਸੁਰਖੀਆਂ’ ਕਵਿਤਾ ਦਾ ਇਹ ਬੰਦ ਵੀ ਕੀਲ ਗਿਆ: ‘‘ਮਨਮੱਤੀ ਹੋਈ ਅਖ਼ਬਾਰ…/ ਵੱਡੇ ਮੀਡੀਆ ਦੇ ਸਾਂਝੇ/ ਵਿਸ਼ਾਲ ਪਰਿਵਾਰ ਦਾ ਹਿੱਸਾ ਬਣ ਕੇ/ ਆਪਣੇ ਹੱਥਾਂ ਵਿਚ ਲੈ ਲਈ/ ਸਾਡੇ ਵੇਲਿਆਂ ਦੀ ਲਗਾਮ/ ਇਸ ਵਿਸ਼ਾਲ ਪਰਿਵਾਰ ਨੇ।’’ ਅਜਿਹੀ ਸੋਝੀ, ਅਜਿਹੀ ਬੌਧਿਕਤਾ ਸਜਗ ਤੇ ਸੰਵੇਦਨਸ਼ੀਲ ਵਜੂਦ ਵਿਚੋਂ ਹੀ ਉਗਮਦੀ ਹੈ। ਅੱਜ ਦੇ ਯੁੱਗ ਵਿਚ ਕਵਿਤਾ ਨੂੰ ਅਜਿਹੀਆਂ ਸੰਵੇਦਨਾਵਾਂ ਦੀ ਭਰਪੂਰ ਲੋੜ ਹੈ।


Comments Off on ਸ਼ਹੀਦੇ ਆਜ਼ਮ ਦੀਆਂ ਲਿਖਤਾਂ ਤੇ ਯਾਦਾਂ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.