ਤਿੰਨ ਵਰ੍ਹਿਆਂ ਦਾ ਬੱਚਾ ਬੋਰਵੈੱਲ ਵਿੱਚ ਡਿੱਗਿਆ !    10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਜੱਦੀ ਜ਼ਿਲ੍ਹਿਆਂ ਤੋਂ ਦੇ ਸਕਦੇ ਹਨ ਵਿਦਿਆਰਥੀ: ਨਿਸ਼ੰਕ !    ਕਿਸਾਨ ਨੇ 10 ਪਰਵਾਸੀ ਕਾਮਿਆਂ ਲਈ ਕੀਤਾ ਹਵਾਈ ਟਿਕਟਾਂ ਦਾ ਪ੍ਰਬੰਧ !    ਤਬਲੀਗੀ ਮਾਮਲਾ: 294 ਵਿਦੇਸ਼ੀਆਂ ਖ਼ਿਲਾਫ਼ 15 ਨਵੇਂ ਦੋਸ਼-ਪੱਤਰ ਦਾਖ਼ਲ !    ਪਿੰਡ ਖੁਰਾਲਗੜ ਵਿੱਚ ਇਕ ਹੋਰ ਮਜ਼ਦੂਰ ਨੇ ਫਾਹਾ ਲਿਆ !    ਹਿਮਾਚਲ ਦੇ ਭਾਜਪਾ ਪ੍ਰਧਾਨ ਦਾ ਅਸਤੀਫ਼ਾ !    ਖਾਲੀ ਜੇਬਾਂ ਨਾਲ ਪੰਜਾਬੀ ’ਵਰਸਿਟੀ ਦੇ ਪੈਨਸ਼ਨਰਾਂ ਵੱਲੋਂ ਧਰਨਾ !    ਬਦਨਾਮੀ ਖੱਟੀ ਤੇ ਜੇਲ੍ਹ ਵੀ ਗਿਆ ਪਰ ਫੌਜੀ ਨੇ ਮੈਦਾਨ ਨਾ ਛੱਡਿਆ !    ਹੁਣ ਭਾਰਤ-ਚੀਨ ਮਾਮਲੇ ’ਚ ਟਰੰਪ ਨੇ ਮਾਰਿਆ ‘ਜੰਪ’ !    ਪਛਾਣ ਦੀ ਫ਼ਿਕਰ ਦੂਰ !    

ਸ਼ਹਿਦ ਖਾਣ ਦਾ ਸ਼ੌਕੀਨ ਮਾਖੀ ਟੀਸਾ

Posted On September - 14 - 2019

ਗੁਰਮੀਤ ਸਿੰਘ*

ਕੁਦਰਤ ਨੇ ਸਾਨੂੰ ਵੰਨ ਸੁਵੰਨੇ ਪੰਛੀਆਂ ਦੀ ਦਾਤ ਬਖ਼ਸ਼ੀ ਹੈ। ਇਨ੍ਹਾਂ ਵਿਚੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਮਿਲਣ ਵਾਲਾ ਇਕ ਪੰਛੀ ਮਾਖੀ ਟੀਸਾ ਹੈ, ਜਿਸ ਨੂੰ ਅੰਗਰੇਜ਼ੀ ਵਿਚ Crested or Oriental Honey Buzzard ਕਹਿੰਦੇ ਹਾਂ। ਹਿੰਦੀ ਵਿਚ ਇਸ ਨੂੰ ਮਧੂਬਾਜ਼ ਕਹਿੰਦੇ ਹਨ। ਜਿੱਥੇ ਕਿਤੇ ਮਖ਼ਿਆਲ (ਸ਼ਹਿਦ) ਦਾ ਛੱਤਾ ਹੋਵੇ, ਮਾਖੀ ਟੀਸਾ ਉਸ ਰੁੱਖ ਦੇ ਨੇੜੇ ਬੈਠ ਜਾਂਦਾ ਹੈ। ਸ਼ਹਿਦ ਉਸਦੀ ਮਨ ਭਾਉਂਦੀ ਖੁਰਾਕ ਹੈ। ਸ਼ਹਿਦ ਦੇ ਸੁਆਦ ਲਈ ਉਹ ਆਪਣਾ ਸਿਰ ਤੇ ਚੁੰਝ ਸਿੱਧਾ ਛੱਤੇ ਵਿਚ ਵਾੜ ਦਿੰਦਾ ਹੈ ਤੇ ਸ਼ਹਿਦ ਚਪਾਕੇ ਮਾਰ ਮਾਰ ਕੇ ਪੀ ਲੈਂਦਾ ਹੈ। ਮਖਿਆਲ ਇਕੱਠਾ ਹੋ ਕੇ ਵੀ ਇਸ ਦਾ ਕੁਝ ਨਹੀਂ ਵਿਗਾੜ ਸਕਦਾ। ਇਸ ਤਰ੍ਹਾਂ ਮਾਖੀ ਟੀਸੇ ਨੂੰ ਸ਼ਹਿਦ ਦੀਆਂ ਮੱਖੀਆਂ ਤੋਂ ਕੋਈ ਡਰ ਨਹੀਂ ਲੱਗਦਾ। ਉਸ ਦੇ ਸਰੀਰ ’ਤੇ ਮੋਟੇ ਖੰਭ ਇਸ ਦਾ ਕੁਝ ਵੀ ਵਿਗੜਨ ਨਹੀਂ ਦਿੰਦੇ। ਇਹ ਸ਼ਹਿਦ ਦੀਆਂ ਮੱਖੀਆਂ ਦੇ ਲਾਰਵਾ, ਸੁੰਡੀਆਂ ਤੇ ਵੱਡੀਆਂ ਮੱਖੀਆਂ ਨੂੰ ਵੀ ਖਾ ਜਾਂਦਾ ਹੈ।
ਮਾਖੀ ਟੀਸਾ ਦਾ ਸਬੰਧ ਇੱਲ੍ਹ ਦੇ ਪਰਿਵਾਰ ਨਾਲ ਹੈ। ਇਹ ਮੱਧ ਸਾਇਬੇਰੀਆ ਤੋਂ ਜਪਾਨ ਤਕ ਏਸ਼ੀਆ ਵਿਚ ਪ੍ਰਜਣਨ ਕਰਦਾ ਹੈ। ਇਹ ਪੰਜਾਬ ਹਰਿਆਣਾ ਵਿਚ ਰਹਿਣ ਵਾਲਾ ਪੰਛੀ ਹੈ, ਪਰ ਕਈ ਥਾਵਾਂ ਤੋਂ ਇਸ ਦੇ ਪਰਵਾਸ ਕਰਨ ਬਾਰੇ ਵੀ ਪਤਾ ਲੱਗਾ ਹੈ। ਇਸ ਦੀ ਗਰਦਨ ਲੰਬੀ ਹੁੰਦੀ ਹੈ ਤੇ ਸਿਰ ਛੋਟਾ ਕਬੂਤਰ ਵਰਗਾ ਹੁੰਦਾ ਹੈ। ਇਸ ਦੀ ਪੂਛ ਲੰਬੀ ਹੁੰਦੀ ਹੈ। ਇਸ ਦਾ ਰੰਗ ਉੱਪਰ ਤੋਂ ਭੂਰਾ ਅਤੇ ਹੇਠਾਂ ਤੋਂ ਪੀਲੇਪਣ ਵਿਚ ਹੁੰਦਾ ਹੈ। ਨਰ ਦਾ ਸਿਰ ਨੀਲਾ-ਸਲੇਟੀ ਰੰਗਾ ਹੁੰਦਾ ਹੈ, ਜਦੋਂ ਕਿ ਮਾਦਾ ਦਾ ਸਿਰ ਭੂਰਾ ਹੁੰਦਾ ਹੈ। ਉਹ ਨਰ ਨਾਲੋਂ ਥੋੜ੍ਹੀ ਵੱਡੀ ਅਤੇ ਗੂੜ੍ਹੇ ਰੰਗ ਵਿਚ ਹੁੰਦੀ ਹੈ। ਨਰ ਦੀ ਪੂਛ

ਗੁਰਮੀਤ ਸਿੰਘ*

’ਤੇ ਇਕ ਚਿੱਟੀ ਤੇ ਕਾਲੀ ਪੱਟੀ ਹੁੰਦੀ ਹੈ। ਮਾਦਾ ਦੀਆਂ ਅੱਖਾਂ ਪੀਲੀਆਂ ਅਤੇ ਨਰ ਦੀਆਂ ਅੱਖਾਂ ਚੈਰੀ ਲਾਲ ਰੰਗ ਦੀਆਂ ਹੁੰਦੀਆਂ ਹਨ।
ਮਾਖੀ ਟੀਸਾ ਦਾ ਵਾਸ ਜੰਗਲ, ਪਿੰਡਾਂ ਦੇ ਆਸ ਪਾਸ ਦਾ ਕਾਸ਼ਤ ਦਾ ਖੇਤਰ, ਬਾਗ਼, ਸੰਘਣੇ ਤੇ ਉੱਚੇ ਰੁੱਖ ਹੁੰਦੇ ਹਨ। ਇਹ ਸੰਘਣੇ ਵਣ ਰਕਬਿਆਂ ਵਿਚ ਫਰਵਰੀ ਤੋਂ ਜੁਲਾਈ ਤਕ ਪ੍ਰਜਣਨ ਕਰਦਾ ਹੈ। ਪ੍ਰਜਣਨ ਵੇਲੇ ਨਰ ਆਪਣੇ ਖੰਭਾਂ ਨੂੰ ਫੜਫੜਾਉਂਦਾ ਹੈ ਤੇ ਉੱਚੀ ਆਵਾਜ਼ ਵਿਚ ਸੀਟੀਆਂ ਮਾਰਦਾ ਹੈ। ਮਾਖੀ ਟੀਸਾ ਸੰਘਣੇ ਵਣ ਰਕਬਿਆਂ ਵਿਚ ਪ੍ਰਜਣਨ ਕਰਦਾ ਹੈ। ਪ੍ਰਜਣਨ ਸੀਜ਼ਨ ਦੌਰਾਨ ਨਰ ਤੇ ਮਾਦਾ ਆਮ ਤੌਰ ’ਤੇ ਇਕੱਲੇ ਜਾਂ ਮਿਲ ਕੇ ਚੱਕਰ ਲਗਾਉਂਦੇ ਹਨ। ਇਹ ਆਪਣਾ ਜ਼ਿਆਦਾ ਸਮਾਂ ਛਾਂ ਦਾਰ, ਸੰਘਣੇ ਰੁੱਖਾਂ ਦੀਆਂ ਝਿੜੀਆਂ ਵਿਚ ਗੁਜ਼ਾਰਦਾ ਹੈ। ਨਰ ਮਾਦਾ ਉੱਚਾ ਜਿਹਾ ਸੰਘਣਾ ਦਰੱਖਤ ਲੱਭ ਕੇ ਉੱਚੀ ਟਾਹਣੀ ’ਤੇ ਆਪਣਾ ਆਲ੍ਹਣਾ ਬਣਾਉਂਦੇ ਹਨ। ਮਾਦਾ ਤਕਰੀਬਨ ਦੋ ਆਂਡੇ ਦਿੰਦੀ ਹੈ। ਆਂਡਿਆਂ ਵਿਚੋਂ 28 ਤੋਂ 35 ਦਿਨਾਂ ਵਿਚਕਾਰ ਚੂਚੇ ਨਿਕਲ ਆਉਂਦੇ ਹਨ। ਨਰ, ਮਾਦਾ ਦੋਵੇਂ ਮਿਲ ਕੇ ਚੂਚਿਆਂ ਨੂੰ ਖਾਣਾ ਖਵਾਉਂਦੇ ਹਨ। ਪੰਜ ਤੋਂ ਛੇ ਹਫ਼ਤਿਆਂ ਬਾਅਦ ਬੱਚੇ ਉੱਡ ਜਾਂਦੇ ਹਨ।
ਪੰਜਾਬ ਵਿਚ ਕਈ ਲੇਖਕਾਂ ਨੇ ਮਾਖੀ ਟੀਸਾ ਵਰਗੇ ਪੰਛੀਆਂ ਨੂੰ ਰਾਜ ਵਿਚੋਂ ਲੋਪ ਹੋ ਗਿਆ ਦੱਸਿਆ ਹੈ, ਇਹ ਗ਼ਲਤ ਹੈ। ਪੰਜਾਬ ਵਿਚ ਬਹੁਤ ਸਾਰੇ ਪੰਛੀ ਪ੍ਰੇਮੀਆਂ ਤੇ ਫੋਟੋਗ੍ਰਾਫਰਾਂ ਨੇ ਮਾਖੀ ਟੀਸਾ ਦੀਆਂ ਮੁਹਾਲੀ, ਬਠਿੰਡਾ, ਫਿਰੋਜ਼ਪੁਰ ਅਤੇ ਲੁਧਿਆਣਾ ਜ਼ਿਲ੍ਹੇ ਵਿਚ ਫੋਟੋਆਂ ਖਿੱਚ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਇਹ ਪੰਛੀ ਪੰਜਾਬ ਵਿਚੋਂ ਲੋਪ ਨਹੀਂ ਹੋਇਆ, ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਦਿਨ-ਬ-ਦਿਨ ਇਨ੍ਹਾਂ ਪੰਛੀਆਂ ਦੇ ਵਾਸ ਦਾ ਨੁਕਸਾਨ ਹੋ ਰਿਹਾ ਹੈ। ਉੱਚੇ, ਲੰਬੇ ਸੰਘਣੇ ਰੁੱਖਾਂ ਦੀ ਗਿਣਤੀ ਘਟਦੀ ਜਾ ਰਹੀ ਹੈ। ਕੀਟਨਾਸ਼ਕ ਦਵਾਈਆਂ ਨਾਲ ਸ਼ਹਿਦ ਦੀਆਂ ਮੱਖੀਆਂ ’ਤੇ ਮਾੜਾ ਅਸਰ ਪੈ ਰਿਹਾ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ।
ਸੰਪਰਕ: 98884-56910


Comments Off on ਸ਼ਹਿਦ ਖਾਣ ਦਾ ਸ਼ੌਕੀਨ ਮਾਖੀ ਟੀਸਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.