ਗੈਂਗਸਟਰ ਰਾਜਵਿੰਦਰ ਘਾਲੀ ਦਾ ਕਤਲ !    ਨੌਜਵਾਨ ਸੋਚ: ਪੰਜਾਬ ’ਚ ਵਾਤਾਵਰਨ ਦਾ ਸੰਕਟ !    ਨੌਜਵਾਨਾਂ ਵਿਚ ਵਧ ਰਹੀ ਅਸਹਿਣਸ਼ੀਲਤਾ !    ਜਬਰ-ਜਨਾਹ ਦੀਆਂ ਪੀੜਤ ਕੁੜੀਆਂ ਤੇ ਸਾਡਾ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਸਵਾਮੀ ਨੇ ਪੁਰਾਣਾ ਰਿਕਾਰਡ ਕੱਢ ਕਾਂਗਰਸ ’ਤੇ ਨਿਸ਼ਾਨਾ ਸਾਧਿਆ !    ਨਾਗਰਿਕਤਾ ਬਿੱਲ ਦਾ ਡੇਢ ਕਰੋੜ ਲੋਕਾਂ ਨੂੰ ਲਾਭ ਹੋਵੇਗਾ: ਸੰਘ !    ਹਾਈਪਰਲੂਪ ਪ੍ਰਾਜੈਕਟ ਬਾਰੇ ਊਧਵ ਨਾਲ ਮੁਲਾਕਾਤ ਕਰਨਗੇ ਬ੍ਰੈਨਸਨ !    ਵਕੀਲਾਂ ਵੱਲੋਂ ਲਾਹੌਰ ਦੇ ਹਸਪਤਾਲ ’ਚ ਭੰਨਤੋੜ, ਪੰਜ ਮਰੀਜ਼ਾਂ ਦੀ ਮੌਤ !    ਪਾਕਿ ਅਦਾਲਤ ਵੱਲੋਂ ਹਾਫ਼ਿਜ਼ ਸਈਦ ਖ਼ਿਲਾਫ਼ ਦੋਸ਼ ਆਇਦ !    

ਸ਼ਰੀਕਾਂ ਦੀਆਂ ਖ਼ੁਸ਼ੀਆਂ ਅਤੇ ਨਸੀਹਤਾਂ…

Posted On September - 9 - 2019

ਵਾਹਗਿਓਂ ਪਾਰ

ਭਾਰਤੀ ਚੰਦਰਯਾਨ ਮਿਸ਼ਨ ਦੇ ਪੂਰੀ ਤਰ੍ਹਾਂ ਕਾਮਯਾਬ ਨਾ ਹੋਣ ’ਤੇ ਪਾਕਿਸਤਾਨੀ ਹੁਕਮਰਾਨ ਧਿਰ ਨੇ ਸ਼ਰੀਕਾਂ ਵਰਗੀਆਂ ਖ਼ੁਸ਼ੀਆਂ ਮਨਾਈਆਂ ਹਨ। ਅੰਗਰੇਜ਼ੀ ਰੋਜ਼ਨਾਮਾ ‘ਡਾਅਨ’ ਦੀ ਰਿਪੋਰਟ ਅਨੁਸਾਰ ਪਾਕਿਸਤਾਨੀ ਸੂਚਨਾ ਤੇ ਤਕਨਾਲੋਜੀ ਮੰਤਰੀ ਫ਼ਵਾਦ ਚੌਧਰੀ ਨੇ ਟਵਿੱਟਰ ’ਤੇ ਟਿੱਪਣੀ ਕੀਤੀ: ‘‘ਪਿਆਰੇ ਭਾਰਤ, ਚੰਦਰਯਾਨ ਵਰਗੇ ਬੇਹੂਦਾ ਮਿਸ਼ਨਾਂ ਉੱਤੇ ਅਰਬਾਂ ਰੁਪਏ ਜ਼ਾਇਆ ਕਰਨ ਜਾਂ ਅਭਿਨੰਦਨ ਵਰਗੇ ਜਾਹਿਲਾਂ ਨੂੰ ਕੰਟਰੋਲ ਰੇਖਾ (ਐੱਲਓਸੀ) ਤੋਂ ਪਾਰ ਚਾਹ ਪੀਣ ਲਈ ਭੇਜਣ ਵਰਗੇ ਕਾਰਿਆਂ ਦੀ ਥਾਂ ਆਪਣਾ ਧਿਆਨ ਆਪਣੀ ਗ਼ਰੀਬੀ ਤੇ ਜਹਾਲਤ ਹਟਾਉਣ ’ਤੇ ਕੇਂਦਰਿਤ ਕਰ। ਕਸ਼ਮੀਰ ਪ੍ਰਤੀ ਤੇਰੀ ਪਹੁੰਚ ਦਾ ਹਸ਼ਰ ਵੀ ਚੰਦਰਯਾਨ ਵਰਗਾ ਹੋਣ ਵਾਲਾ ਹੈ। ਹਾਂ, ਕੀਮਤ ਪੱਖੋਂ ਇਹ ਕੁਝ ਚੰਦਰਯਾਨ ਮਿਸ਼ਨ ਨਾਲੋਂ ਬਹੁਤ ਮਹਿੰਗਾ ਸਾਬਤ ਹੋਵੇਗਾ।’’
ਹੁਕਮਰਾਨ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਸੈਨੇਟਰ ਫ਼ੈਸਲ ਜਾਵੇਦ ਨੇ ਟਵੀਟ ਕੀਤਾ: ‘‘ਛੋਟੇ ਬੰਦੇ, ਵੱਡੇ ਅਹੁਦੇ- ਭਾਰਤ ਇਸੇ ਕਾਰਨ ਲਗਾਤਾਰ ਨਾਕਾਮ ਸਾਬਤ ਹੋ ਰਿਹਾ ਹੈ। ਉਨ੍ਹਾ ਨੂੰ ਚੰਦਰਮਾ ’ਤੇ ਕੰਮ ਕਰਨ ਦੀ ਲੋੜ ਨਹੀਂ; ਪਹਿਲਾਂ ਪਖ਼ਾਨੇ ਬਣਾਉਣ ਦਾ ਕੰਮ ਕਰਨ ਤਾਂ ਜੋ ਦੁਨੀਆਂ ਵਿਚੋਂ ਕੁਝ ਗੰਦ ਘਟ ਸਕੇ।’’ ਅੱਗੋਂ ਇਸ ਮਾਮਲੇ ਨੂੰ ਕਸ਼ਮੀਰ ਨਾਲ ਜੋੜ ਦਿੱਤਾ ਗਿਆ। ਪਾਕਿਸਤਾਨੀ ਫ਼ੌਜਾਂ ਦੀ ਸਾਂਝੀ ਲੋਕ ਸੰਪਰਕ ਏਜੰਸੀ ‘ਆਈਐੱਸਪੀਆਰ’ ਦੇ ਡਾਇਰੈਕਟਰ ਜਨਰਲ ਬ੍ਰਿਗੇਡੀਅਰ ਅਬਦੁਲ ਗ਼ਫ਼ੂਰ ਦਾ ਟਵੀਟ ਹੈ: ‘‘ਬਹੁਤ ਅੱਛਾ, ਇਸਰੋ! ਹੁਣ ਕੀਹਨੂੰ ਦੋਸ਼ ਦੇਵੋਗੇ: ਜੰਮੂ ਕਸ਼ਮੀਰ ਦੇ ਮਾਸੂਮ ਤੇ ਘਰਾਂ ਵਿਚ ਡੱਕੇ ਕਸ਼ਮੀਰੀਆਂ ਨੂੰ? 2. ਮੁਸਲਮਾਨਾਂ ਤੇ ਹੋਰ ਘੱਟਗਿਣਤੀਆਂ ਨੂੰ? 3. ਹਿੰਦੂਤਵ-ਵਿਰੋਧੀ ਸੁਘੜ ਸਿਆਣਿਆਂ ਨੂੰ? 4. ਆਈ.ਐੱਸ.ਆਈ. ਨੂੰ?’’

ਹਿਬਾ ਰਹਿਮਾਨੀ

ਅਜਿਹੇ ਵਿਹੁਲੇ ਟਵੀਟਾਂ ਤੇ ਸੁਨੇਹਿਆਂ ਤੋਂ ਉਲਟ ਅਜਿਹੇ ਲੋਕਾਂ ਦੀ ਵੀ ਕਮੀ ਨਹੀਂ ਜਿਨ੍ਹਾਂ ਨੇ ਭਾਰਤੀ ਨਾਕਾਮੀ ’ਤੇ ਜਸ਼ਨ ਮਨਾਉਣ ਵਾਲਿਆਂ ਨੂੰ ਸਲੀਕੇ ਤੋਂ ਕੰਮ ਲੈਣ ਦੀ ਸਲਾਹ ਦਿੱਤੀ ਹੈ। ਫ਼ਰਾਨ ਰਫ਼ੀ ਨਾਂ ਦੇ ਇਕ ਯੂਨੀਵਰਸਿਟੀ ਪ੍ਰੋਫ਼ੈਸਰ ਦੀ ਟਵਿੱਟਰ ’ਤੇ ਟਿੱਪਣੀ ਹੈ: ‘‘ਕਿਸੇ ਨੂੰ ਫ਼ਵਾਦ ਚੌਧਰੀ ਦਾ ਟੀਵੀ ਇੰਟਰਵਿਊ ਕਰਕੇ ਪੁੱਛਣਾ ਚਾਹੀਦਾ ਹੈ ਕਿ ਐਸਟਰੌਨੋਮੀ (ਤਾਰਾ ਵਿਗਿਆਨ) ਤੇ ਐਸਟਰੋਫਿਜ਼ਿਕਸ ਦਰਮਿਆਨ ਫ਼ਰਕ ਕੀ ਹੈ। … ਜਾਂ ਇਹੋ ਪੁੱਛਣਾ ਚਾਹੀਦਾ ਹੈ ਕਿ ਚੰਦਰਮਾ ’ਤੇ ਸੌਫਟ ਲੈਂਡਿੰਗ ਦਾ ਕੀ ਉਹ ਮਤਲਬ ਸਮਝਦਾ ਹੈ?’’ ਜ਼ੀਰਾਕ ਅਹਿਮਦ ਨਾਂ ਦੇ ਇਕ ਸ਼ਖ਼ਸ ਦਾ ਟਵੀਟ ਹੈ: ‘‘ਜਿਹੜਾ ਵੀ ਪਾਕਿਸਤਾਨੀ ਵਿਗਿਆਨ ਤੇ ਟੈਕਨਾਲੋਜੀ ਬਾਰੇ ਕੁਝ ਜਾਣਦਾ ਹੈ, ਉਹ ਇਨ੍ਹਾਂ ਖੇਤਰਾਂ ਵਿਚ ਭਾਰਤ ਦੀ ਪ੍ਰਗਤੀ ਜਾਂ ਉਮਾਹਾਂ ਦਾ ਮਜ਼ਾਕ ਨਹੀਂ ਉਡਾਏਗਾ। ਜਿਸ ਬੰਦੇ ਨੇ ਇਨ੍ਹਾਂ ਖੇਤਰਾਂ ਵਿਚ ਕੌਮਾਂਤਰੀ ਪੱਧਰ ’ਤੇ ਕੰਮ ਕੀਤਾ ਹੈ, ਉਸ ਤੋਂ ਪੁੱਛ ਕੇ ਦੇਖੋ ਕਿ ਭਾਰਤ ਦਾ ਇਨ੍ਹਾਂ ਖੇਤਰਾਂ ਵਿਚ ਮਿਆਰ ਤੇ ਰੁਤਬਾ ਕੀ ਹੈ ਅਤੇ ਕਿੰਨੇ ਸੀਮਤ ਸਾਧਨਾਂ ਦੇ ਬਾਵਜੂਦ ਭਾਰਤ ਨੇ ਪ੍ਰਗਤੀ ਕਿੰਨੀ ਕੀਤੀ ਹੈ।’’
ਮੁਸ਼ੱਰਫ ਜ਼ੈਦੀ ਨਾਂ ਦੇ ਇਕ ਲਾਹੌਰੀ ਪ੍ਰੋਫ਼ੈਸਰ ਨੇ ਟਵਿੱਟਰ ਸੁਨੇਹੇ ਰਾਹੀਂ ਕਿਹਾ ਹੈ: ‘‘ਨਾਕਾਮੀ ਹੀ ਕਾਮਯਾਬੀ ਦਾ ਰਾਹ ਪੱਧਰਾ ਕਰਦੀ ਹੈ। ਖਿੱਲੀ ਉਡਾਉਣ ਦੀ ਥਾਂ ਸਾਨੂੰ ਸਾਡੇ ਸ਼ਰੀਕਾਂ ਦੀ ਜੁਰਅੱਤਮੰਦੀ ’ਤੇ ਰਸ਼ਕ ਹੋਣਾ ਚਾਹੀਦਾ ਹੈ। ਆਰਥਿਕ ਦੁਸਸ਼ਵਾਰੀਆਂ ਦੇ ਬਾਵਜੂਦ ਸਾਇੰਸ ਤੇ ਤਕਨਾਲੋਜੀ ਦੇ ਖੇਤਰ ਵੱਲ ਸਾਡਾ ਸ਼ਰੀਕ ਮੁਲਕ ਲਗਾਤਾਰ ਧਿਆਨ ਦੇ ਰਿਹਾ ਹੈ। … ਉਸ ਵੱਲੋਂ ਕੀਤੀ ਜਾ ਰਹੀ ਮਿਹਨਤ ਦਾ ਲਾਭ ਉਸ ਨੂੰ ਇਕੱਲੇ ਨੂੰ ਨਹੀਂ ਹੋਣਾ, ਸਾਰੀ ਦੁਨੀਆਂ ਨੂੰ ਹੋਣਾ ਹੈ। ਸਾਨੂੰ ਪਾਕਿਸਤਾਨੀਆਂ ਨੂੰ ਵੀ।’’
* * *
ਪਾਕਿਸਤਾਨੀ ਕੁੜੀਆਂ ਨੂੰ ਸੱਦਾ
ਅਮਰੀਕੀ ਪੁਲਾੜ ਖੋਜ ਏਜੰਸੀ ‘ਨਾਸਾ’ ਵਿਚ ਕੰਮ ਕਰਦੀ ਪਾਕਿਸਤਾਨੀ ਮੂਲ ਦੀ ਅਮਰੀਕੀ ਇੰਜਨੀਅਰ ਹਿਬਾ ਰਹਿਮਾਨੀ ਨੇ ਪਾਕਿਸਤਾਨੀ ਵਿਦਿਆਰਥਣਾਂ ਨੂੰ ਕਿਹਾ ਹੈ ਕਿ ਉਹ ਪੁਲਾੜ ਵਿਗਿਆਨ ਵਰਗੇ ਵਿਸ਼ਿਆਂ ਦੀ ਪੜ੍ਹਾਈ ਨੂੰ ਤਰਜੀਹ ਦੇਣ। ਪੰਜਾਬ ਯੂਨੀਵਰਿਸਟੀ, ਲਾਹੌਰ ਦੇ ਇੰਸਟੀਚਿਊਟ ਆਫ ਸੋਸ਼ਲ ਐਂਡ ਕਲਚਰਲ ਸਟੱਡੀਜ਼ ਵਿਚ ਅਮਰੀਕੀ ਕੌਂਸੁਲੇਟ ਦੇ ਤਾਅਵੁੱਨ ਨਾਲ ਕਰਵਾਏ ਇਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਹਿਬਾ ਨੇ ਕਿਹਾ ਕਿ ਪਾਕਿਸਤਾਨ ਦੇ ਸ਼ਰੀਕ ਭਾਰਤ ਤੋਂ ਮਹਿਲਾ ਸਾਇੰਸਦਾਨ ਲਗਾਤਾਰ ‘ਨਾਸਾ’ ਵਿਚ ਦਾਖ਼ਲ ਹੋ ਰਹੀਆਂ ਹਨ। ਪਾਕਿਸਤਾਨੀ ਵਿਦਿਆਰਥਣਾਂ ਨੂੰ ਵੀ ਇਹੋ ਰਾਹ ਫੜਨਾ ਚਾਹੀਦਾ ਹੈ।
ਅੰਗਰੇਜ਼ੀ ਰੋਜ਼ਨਾਮਾ ‘ਦਿ ਟਾਈਮਜ਼’ ਦੀ ਰਿਪੋਰਟ ਅਨੁਸਾਰ ਹਿਬਾ ਦੇ ਮਾਪੇ ਲਾਹੌਰ ਦੇ ਜੰਮਪਲ ਸਨ। ਇਸੇ ਲਈ ਉਸ ਨੂੰ ਲਾਹੌਰ ਤੇ ਸੂਬਾ ਪੰਜਾਬ ਨਾਲ ਬਹੁਤ ਮੋਹ ਹੈ। ਉਹ ਤੀਜੇ-ਚੌਥੇ ਮਹੀਨੇ ਪੰਜਾਬ ਆਉਂਦੀ ਰਹਿੰਦੀ ਹੈ। ਉਸ ਨੇ ਦੱਸਿਆ ਕਿ ਉਹ ਲਾਂਚ ਵਹੀਕਲ ਤੇ ਰਾਕੇਟ ਤਿਆਰ ਕਰਨ ਵਾਲੇ ਵਿਭਾਗ ਵਿਚ ਕੰਮ ਕਰਦੀ ਹੈ। ਇਸ ਵਿਭਾਗ ਵਿਚ ਦਾਖ਼ਲਾ ਹਾਸਿਲ ਕਰਨ ਵਾਲੀਆਂ ਏਸ਼ੀਅਨ ਮਹਿਲਾਵਾਂ ਵਿਚੋਂ ਸਭ ਤੋਂ ਵੱਧ ਤਾਦਾਦ ਭਾਰਤੀਆਂ ਦੀ ਹੈ। ਉਸ ਦੇ ਕਹਿਣ ਅਨੁਸਾਰ, ‘‘ਸਾਨੂੰ ਆਪਣੇ ਸ਼ਰੀਕਾਂ ਦੀਆਂ ਚੰਗੀਆਂ ਰਹੁ-ਰੀਤਾਂ ਦੀ ਨਕਲ ਕਰਨ ਤੋਂ ਝਿਜਕਣਾ ਨਹੀਂ ਚਾਹੀਦਾ। ਸਾਨੂੰ ਵੀ ਰਾਕੇਟ ਸਾਇੰਸ ਤੇ ਪੁਲਾੜ ਸਾਇੰਸ ਵਰਗੀਆਂ ਵਿਧਾਵਾਂ ਨੂੰ ਹੁਲਾਰਾ ਦੇਣਾ ਚਾਹੀਦਾ ਹੈ।’’
* * *
ਧਰਨਾ ਸੰਭਵ ਨਾ ਹੋਣ ਦਿੱਤਾ
ਪਾਕਿਸਤਾਨੀ ਕਬਜ਼ੇ ਹੇਠਲੇ ਕਸ਼ਮੀਰ ਦੀ ਪੁਲੀਸ ਨੇ ਸ਼ਨਿੱਚਰਵਾਰ ਨੂੰ ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ (ਜੇਕੇਐੱਲਐੱਫ) ਦੇ ਮੁਹੰਮਦ ਸਗ਼ੀਰ ਗੁੱਟ ਨਾਲ ਸਬੰਧਤ ਹਜ਼ਾਰਾਂ ਵਿਖਾਵਾਕਾਰੀਆਂ ਨੂੰ ਪੁਣਛ ਜ਼ਿਲ੍ਹੇ ਵਿਚ ਕੰਟਰੋਲ ਰੇਖਾ (ਐਲ.ਓ.ਸੀ.) ਤੋਂ ਇਕ ਕਿਲੋਮੀਟਰ ਪਹਿਲਾਂ ਜਬਰੀ ਰੋਕ ਲਿਆ। ਇਨ੍ਹਾਂ ਵਿਖਾਵਾਕਾਰੀਆਂ ਨੂੰ ਖਿੰਡਾਉਣ ਦੀ ਕੋਸ਼ਿਸ਼ ਦੌਰਾਨ ਹੰਝੂ ਗੈਸ ਦੀ ਖੁੱਲ੍ਹ ਕੇ ਵਰਤੋਂ ਕੀਤੀ ਗਈ। ਉਰਦੂ ਰੋਜ਼ਨਾਮਾ ‘ਦੁਨੀਆ’ ਅਨੁਸਾਰ ਸੁਰੱਖਿਆ ਏਜੰਸੀਆਂ ਤੇ ਵਿਖਾਵਾਕਾਰੀਆਂ ਦਰਮਿਆਨ ਝੜਪਾਂ ਕਾਰਨ ਦਰਜਨਾਂ ਲੋਕ ਜ਼ਖ਼ਮੀ ਹੋਏ। ਘੱਟੋ-ਘੱਟ 20 ਜ਼ਖ਼ਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਝੜਪਾਂ ਮੁੱਖ ਤੌਰ ’ਤੇ ਪਿੰਡ ਦਵਾਰਾਂਡੀ ਵਿਚ ਹੋਈਆਂ। ਜੇ.ਕੇ.ਐੱਲ.ਐੱਫ. ਨੇ ਰਵਾਲਾਕੋਟ ਤੋਂ ‘ਆਜ਼ਾਦੀ ਲੌਂਗ ਮਾਰਚ’ ਆਰੰਭਿਆ ਹੋਇਆ ਸੀ। ਇਸ ਨੇ ਤੇਤਰੀਨੋਟ ਪਹੁੰਚ ਕੇ ਕੰਟਰੋਲ ਰੇਖਾ ਉੱਤੇ ਬਣੇ ਅਧਿਕਾਰਤ ਲਾਂਘੇ ਦੇ ਨੇੜੇ ਅਣਮਿਥੇ ਸਮੇਂ ਲਈ ਧਰਨਾ ਸ਼ੁਰੂ ਕਰਨਾ ਸੀ। ਪਰ ਸੁਰੱਖਿਆ ਏਜੰਸੀਆਂ ਨੇ ਸਰਹੱਦੀ ਲਕੀਰ ’ਤੇ ਗੜਬੜ ਦੀ ਸੰਭਾਵਨਾ ਟਾਲਣ ਵਾਸਤੇ ਵਿਖਾਵਾਕਾਰੀਆਂ ’ਤੇ ਸਖ਼ਤੀ ਕਰਨ ਦਾ ਫ਼ੈਸਲਾ ਲੈ ਲਿਆ।
* * *
ਬੁਜ਼ਦਾਰ ਰਹੇਗਾ ਬਰਕਰਾਰ
ਸੂਬਾ ਪੰਜਾਬ ਦੇ ਵਜ਼ੀਰੇ ਆਲ੍ਹਾ ਸਰਦਾਰ ਉਸਮਾਨ ਬੁਜ਼ਦਾਰ ਦੀ ਗੱਦੀ ਨੂੰ ਖ਼ਤਰਾ ਟਲ ਗਿਆ ਹੈ। ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੇ ਸ਼ੁੱਕਰਵਾਰ ਨੂੰ ਸਪਸ਼ਟ ਕੀਤਾ ਕਿ ਉਸਮਾਨ ਬੁਜ਼ਦਾਰ ਨੂੰ ਬਦਲਿਆ ਨਹੀਂ ਜਾਵੇਗਾ। ਅੰਗਰੇਜ਼ੀ ਰੋਜ਼ਨਾਮਾ ‘ਦਿ ਨੇਸ਼ਨ’ ਦੀ ਰਿਪੋਰਟ ਅਨੁਸਾਰ ਵਜ਼ੀਰੇ ਆਜ਼ਮ ਨੇ ਸੂਬਾਈ ਅਸੈਂਬਲੀ ਦੇ ਹਾਕਮ ਧਿਰ ਨਾਲ ਸਬੰਧਿਤ ਮੈਂਬਰਾਂ ਦੀ ਇਕ ਮੀਟਿੰਗ ਦੌਰਾਨ ਕਿਹਾ, ‘‘ਮੈਨੂੰ ਪਤਾ ਹੈ ਕਿ ਬੁਜ਼ਦਾਰ ਨੂੰ ਹਟਾਉਣ ਦੀਆਂ ਕੋਸ਼ਿਸ਼ਾਂ ਕੌਣ ਕਰ ਰਿਹਾ ਹੈ। ਜਦੋਂ ਤਕ ਮੈਨੂੰ ਵਜ਼ੀਰੇ ਆਲ੍ਹਾ (ਮੁੱਖ ਮੰਤਰੀ) ਦੇ ਕੰਮ ’ਤੇ ਤਸੱਲੀ ਹੈ, ਉਸ ਦਾ ਮੌਜੂਦਾ ਰੁਤਬਾ ਬਰਕਰਾਰ ਰਹੇਗਾ।’’ ਜ਼ਿਕਰਯੋਗ ਹੈ ਕਿ ਬੁਜ਼ਦਾਰ ਨੂੰ ਹਟਾਏ ਜਾਣ ਦੀਆਂ ਅਫ਼ਵਾਹਾਂ ਪਿਛਲੇ ਕਈ ਦਿਨਾਂ ਤੋਂ ਗਰਮ ਸਨ। ਉਹ ਹੁਕਮਰਾਨ ਧਿਰ ਦੇ ਵਿਧਾਨਕਾਰਾਂ ਤੋਂ ਇਲਾਵਾ ਆਮ ਲੋਕਾਂ ਵਿਚ ਵੀ ਗ਼ੈਰ-ਮਕਬੂਲ ਹੈ, ਪਰ ਇਮਰਾਨ ਖ਼ਾਨ ਦੀ ਮਿਹਰ-ਏ-ਨਜ਼ਰ ਉਸ ਲਈ ਨਿਆਮਤ ਸਾਬਤ ਹੁੰਦੀ ਆ ਰਹੀ ਹੈ।
* * *
ਪੁਲੀਸ ਹਿਰਾਸਤ ਵਿਚ ਮੌਤ
ਅਮੀਰ ਮਸੀਹ ਨਾਂ ਦੇ ਇਕ ਇਸਾਈ ਦੀ ਪੁਲੀਸ ਹਿਰਾਸਤ ਵਿਚ ਮੌਤ ਲਾਹੌਰ ਪੁਲੀਸ ਲਈ ਵੱਡੀ ਸਿਰਦਰਦੀ ਬਣ ਗਈ ਹੈ। ਰੋਜ਼ਨਾਮਾ ‘ਨਵਾਏ ਵਕਤ’ ਦੀ ਰਿਪੋਰਟ ਅਨੁਸਾਰ ਅਮੀਰ ਮਸੀਹ ਦੀ ਮੌਤ 3 ਸਤੰਬਰ ਨੂੰ ਹੋਈ। ਉਸ ਦੇ ਪਰਿਵਾਰ ਨੇ ਦੋਸ਼ ਲਾਇਆ ਸੀ ਕਿ ਉਸ ਨੂੰ ਕੁੱਟ ਕੁੱਟ ਕੇ ਮਾਰਿਆ ਗਿਆ, ਪਰ ਪੁਲੀਸ ਨੇ ਇਸ ਦੋਸ਼ ਨੂੰ ਰੱਦ ਕਰ ਦਿੱਤਾ ਸੀ। ਪਰਿਵਾਰ ਵੱਲੋਂ ਦਿੱਤੀ ਗਈ ਅਦਾਲਤੀ ਦਰਖ਼ਾਸਤ ਉੱਤੇ ਮੁੱਢਲੀ ਪੜਤਾਲ ਤੋਂ ਹਿਰਾਸਤੀ ਮੌਤ ਵਾਲਾ ਦੋਸ਼ ਸਹੀ ਸਾਬਤ ਹੋਇਆ ਅਤੇ ਹੁਣ ਆਈ.ਜੀ. ਲਾਹੌਰ ਨੇ ਇਸ ਮਾਮਲੇ ਦੇ ਸਬੰਧ ਵਿਚ ਛੇ ਪੁਲੀਸ ਕਰਮੀ ਮੁਅੱਤਲ ਕਰ ਦਿੱਤੇ ਹਨ। ਮਸੀਹ, ਮਾਲੀ ਦਾ ਕੰਮ ਕਰਦਾ ਸੀ ਅਤੇ ਉਸ ਨੂੰ ਛੋਟੀ ਜਿਹੀ ਰਕਮ ਦੀ ਚੋਰੀ ਦੇ ਸਿਲਸਿਲੇ ਵਿਚ ਪੁਲੀਸ ਨੇ ਹਿਰਾਸਤ ਵਿਚ ਲਿਆ ਸੀ। ਹਿਰਾਸਤ ਦੌਰਾਨ ਉਸ ਨੂੰ ਤਸੀਹੇ ਦਿੱਤੇ ਗਏ ਜਿਨ੍ਹਾਂ ਦੀ ਪੁਸ਼ਟੀ ਪੋਸਟ ਮਾਰਟਮ ਰਿਪੋਰਟ ਤੋਂ ਹੋਈ। ਤਸੀਹੇ ਦੇਣ ਕਾਰਨ ਉਹ ਬੇਸੁਰਤ ਹੋ ਗਿਆ ਜਿਸ ’ਤੇ ਪੁਲੀਸ ਉਸ ਨੂੰ ਹਾਦਸਾਗ੍ਰਸਤ ਦੱਸ ਕੇ ਇਕ ਹਸਪਤਾਲ ਵਿਚ ਸੁੱਟ ਆਈ। ਹਸਪਤਾਲ ਨੇ ਉਸ ਨੂੰ ਮਰਿਆ ਕਰਾਰ ਦਿੱਤਾ। ਲਾਹੌਰ ਵਿਚ ਕਿਸੇ ਘੱਟਗਿਣਤੀ ਫ਼ਿਰਕੇ ਦੇ ਮੈਂਬਰ ਦੀ ਹਿਰਾਸਤੀ ਮੌਤ ਦਾ ਇਹ ਲਗਾਤਾਰ ਦੂਜਾ ਮਾਮਲਾ ਹੈ। ਹਫ਼ਤਾ ਪਹਿਲਾਂ ਸਲਾਹੂਦੀਨ ਅਯੂਬੀ ਨਾਂ ਦੇ ਇਕ ਅਹਿਮਦੀ ਦੀ ਵੀ ਹਿਰਾਸਤੀ ਮੌਤ ਹੋ ਗਈ ਸੀ। ਉਹ ਮਾਨਸਿਕ ਰੋਗੀ ਸੀ, ਪਰ ਪੁਲੀਸ ਦਾ ਦਾਅਵਾ ਸੀ ਕਿ ਉਹ ਏਟੀਐੱਮਜ਼ ’ਚੋਂ ਰਕਮਾਂ ਚੁਰਾਉਂਦਾ ਸੀ। ਪਾਕਿਸਤਾਨੀ ਘੱਟਗਿਣਤੀਆਂ ਦੇ ਕੌਮੀ ਕਮਿਸ਼ਨ ਨੇ ਇਨ੍ਹਾਂ ਹਿਰਾਸਤੀ ਮੌਤਾਂ ਦਾ ਸਖ਼ਤ ਨੋਟਿਸ ਲੈਂਦਿਆਂ ਪੰਜਾਬ ਪੁਲੀਸ ਤੇ ਸੂਬਾਈ ਸਰਕਾਰ ਤੋਂ ਜਵਾਬ ਤਲਬ ਕੀਤਾ ਹੈ।
– ਪੰਜਾਬੀ ਟ੍ਰਿਬਿਊਨ ਫੀਚਰ


Comments Off on ਸ਼ਰੀਕਾਂ ਦੀਆਂ ਖ਼ੁਸ਼ੀਆਂ ਅਤੇ ਨਸੀਹਤਾਂ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.