ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਗੁਰੂ ਨਾਨਕ ਦੀਆਂ ਯਾਦਗਾਰਾਂ : ਧਰਮਸਾਲਾਂ ਅਥਵਾ ਗੁਰਦੁਆਰੇ

Posted On September - 1 - 2019

ਰਵਾਇਤ ਅਨੁਸਾਰ ਗੁਰਦੁਆਰਿਆਂ ਨੂੰ ਪਹਿਲਾਂ ਧਰਮਸਾਲ ਕਿਹਾ ਜਾਂਦਾ ਸੀ। ਭਾਈ ਗੁਰਦਾਸ ਦਾ ਸਲੋਕ ‘ਘਰਿ ਘਰਿ ਅੰਦਰ ਧਰਮਸਾਲ ਹੋਵੈ ਕੀਰਤਨ ਸਦਾ ਵਿਸੋਆ’ ਹਰ ਘਰ ਵਿਚ ਕੀਰਤਨ ਕਰਨ ਤੇ ਧਰਮਸਾਲ ਹੋਣ ਦੀ ਗੱਲ ਕਰਦਾ ਹੈ। ਗੁਰੂ ਨਾਨਕ ਦੇਵ ਜੀ ਬਾਰੇ ਪ੍ਰਕਾਸ਼ਿਤ ਕੀਤੀ ਜਾ ਰਹੀ ਲੇਖ ਲੜੀ ਵਿਚ ਅਸੀਂ ਪ੍ਰਸਿੱਧ ਵਿਦਵਾਨ ਸ਼ਮਸ਼ੇਰ ਸਿੰਘ ਅਸ਼ੋਕ ਦਾ ਲੇਖ (ਜੋ ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਉਤਸਵ ਮੌਕੇ ਲਿਖਿਆ) ਪਾਠਕਾਂ ਦੀ ਨਜ਼ਰ ਕਰ ਰਹੇ ਹਾਂ। 

ਮਸ਼ੇਰ ਸਿੰਘ ਅਸ਼ੋਕ

ਗੁਰਦੁਆਰਾ ਪੰਜਾ ਸਾਹਿਬ, ਹਸਨ ਅਬਦਾਲ, ਪਾਕਿਸਤਾਨ। ਫੋਟੋ: ਦਿ ਸਿੱਖ ਹੈਰੀਟੇਜ ਔਫ ਪਾਕਿਸਤਾਨ

ਸਿੱਖਖ ਗੁਰੂਆਂ ਦੀਆਂ ਯਾਦਗਾਰਾਂ ਹਨ- ਧਰਮਸਾਲਾਂ ਅਥਵਾ ਗੁਰਦੁਆਰੇ। ਇਹ ਧਰਮਸਾਲਾਂ ਬਣਾਉਣ ਦੀ ਪ੍ਰਥਾ ਪਹਿਲੇ ਪਹਿਲ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਲਾਈ ਸੀ, ਜਿਵੇਂ ਕਿ ਭਾਈ ਗੁਰਦਾਸ ਜੀ ਨੇ ਵਾਰਾਂ ਗਯਾਨ ਰਤਨਾਵਲੀ ਵਿਚ ਲਿਖਿਆ ਹੈ:
ਜਿਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਆ।।
ਸਿਧ ਆਸਣ ਸਭ ਜਗਤ ਦੇ, ਨਾਨਕ ਆਦਿ ਮਤੇ ਜੇ ਕੋਆ।।
ਘਰਿ ਘਰਿ ਅੰਦਰ ਧਰਮਸਾਲ ਹੋਵੈ ਕੀਰਤਨ ਸਦਾ ਵਿਸੋਆ।।
(ਵਾਰ ਪਹਿਲੀ)
ਗੁਰੂ ਨਾਨਕ ਨੇ ਪਹਿਲੇ ਪਹਿਲ ਜਿਹੜੀ ਧਰਮਸਾਲਾ ਕਾਇਮ ਕੀਤੀ, ਉਹ ਸੀ ਸੱਜਨ ਠੱਗ ਦੇ ਰਿਹਾਇਸ਼ੀ ਸਥਾਨ ਪਰ ਤੁਲੰਬਾ/ਤੁਲੰਭਾ ਅਥਵਾ ਮਖਦੂਮ ਪੁਰ ਇਲਾਕਾ ਮੁਲਤਾਨ (ਪਾਕਿਸਤਾਨ) ਦੀ ਧਰਮਸਾਲਾ, ਜੋ ਉੱਥੇ ਅਜੇ ਤਕ ਉਸੇ ਤਰ੍ਹਾਂ ਕਾਇਮ ਹੈ। ਇਸ ਤੋਂ ਬਾਅਦ ਗੁਰੂ ਸਾਹਿਬ ਦੇਸ-ਵਿਦੇਸ਼ ਦੀ ਯਾਤਰਾ ਕਰਦੇ ਹੋਏ ਜਿੱਥੇ ਕਿਤੇ ਵੀ ਗਏ, ਉੱਥੇ ਉਨ੍ਹਾਂ ਦਾ ਸਭ ਤੋਂ ਪਹਿਲਾ ਕੰਮ ਹੁੰਦਾ ਸੀ, ਜਨਤਾ ਵਿਚ ਨਾਮ ਸਿਮਰਨ ਦੀ ਭਾਵਨਾ ਪੈਦਾ ਕਰ ਕੇ ਬਾਕਾਇਦਾ ਕਥਾ-ਕੀਰਤਨ ਲਈ ਧਰਮਸਾਲਾ ਕਾਇਮ ਕਰਨਾ। ਪਹਿਲਾਂ ਉਨ੍ਹਾਂ ਨੇ ਪੂਰਬੀ ਦੇਸ਼ਾਂ ਦੀ ਯਾਤਰਾ ਸਮੇਂ ਹਰਿਦੁਆਰ, ਬਨਾਰਸ, ਪਟਨੇ, ਗਯਾ, ਕਾਮਰੂਪ ਵਿਚ ਤੇ ਫੇਰ ਉੱਤਰ, ਪੱਛਮ ਤੇ ਦੱਖਣ ਦੇ ਇਲਾਕਿਆਂ ਵਿਚ, ਏਥੋਂ ਤਕ ਕਿ ਹਿੰਦੁਸਤਾਨ ਤੋਂ ਬਾਹਰ ਅਰਬ, ਇਰਾਕ, ਅਫ਼ਗਾਨਿਸਤਾਨ, ਲੰਕਾ, ਚੀਨ ਆਦਿ ਇਲਾਕਿਆਂ ਵਿਚ ਜਿੱਥੇ ਵੀ ਉਹ ਗਏ, ਇਸੇ ਤਰ੍ਹਾਂ ਨਵੇਂ ਤੋਂ ਨਵੇਂ ਸਤਿਸੰਗੀਆਂ ਦੀਆਂ ਜਥੇਬੰਦੀਆਂ ਤੇ ਧਰਮ ਦੇ ਕੇਂਦਰ, ਧਰਮਸਾਲਾਂ ਉਨ੍ਹਾਂ ਦੇ ਜੀਵਨ ਦਾ ਅੰਗ ਬਣੀਆਂ ਰਹੀਆਂ। ਬਿਸੀਅਰ ਅਥਵਾ ਬਿਸ਼ਹਿਰ ਦੇਸ ਦੇ ਵਸਨੀਕ ਭਾਈ ਝੰਡੇ ਬਾਢੀ ਨੂੰ ਮੰਜੀ ਦੀ ਬਖਸ਼ਿਸ਼ ਇਸ ਗੱਲ ਦਾ ਚੇਤਾ ਕਰਵਾਉਂਦੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀਆਂ ਇਨ੍ਹਾਂ ਯਾਤਰਾਵਾਂ ਅਥਵਾ ਉਦਾਸੀਆਂ ਵਿਚ ਨਾਮ-ਬਾਣੀ ਦੇ ਪ੍ਰਚਾਰ ਲਈ ਥਾਉਂ ਥਾਈਂ ਕੇਂਦਰ ਬਣਾ ਕੇ ਉਨ੍ਹਾਂ ਦੇ ਨਾਲੋ ਨਾਲ ਭਾਈ ਝੰਡੇ ਬਾਢੀ ਜਿਹੇ ਪ੍ਰਚਾਰਕ ਵੀ ਥਾਪਦੇ ਜਾ ਰਹੇ ਸਨ। ਇਸ ਤਰ੍ਹਾਂ ਜੋ ਗੁਰਦੁਆਰੇ ਜਾਂ ਧਰਮਸਾਲਾਂ ਬਣਦੀਆਂ ਜਾਂਦੀਆਂ ਸਨ, ਉਨ੍ਹਾਂ ਵਿਚ ਗੁਰੂ ਬਾਬੇ ਦੀ ਹਦਾਇਤ ਦੇ ਮੁਤਾਬਿਕ ਕੀਰਤਨ ਦਾ ਪ੍ਰਵਾਹ ਵੀ ਚਲਦਾ ਜਾਂਦਾ ਸੀ। ਇਸੇ ਕਾਰਨ ਭਾਈ ਗੁਰਦਾਸ ਨੇ ਉਸ ਸਮੇਂ ਦਾ ਹਾਲ ਦਸਦਿਆਂ ਹੋਇਆਂ ਲਿਖਿਆ ਹੈ:
ਗੰਗ ਬਨਾਰਸ ਹਿੰਦੂਆਂ, ਮੁਸਲਮਾਣਾਂ ਮੱਕਾ ਕਾਬਾ।।
ਘਰਿ ਘਰਿ ਬਾਬਾ ਗਾਵੀਐ, ਵੱਜਣ ਤਾਲ ਮ੍ਰਿਦੰਗ ਰਬਾਬਾ।।…
ਜਾਹਰ ਪੀਰ ਜਗਤ ਗੁਰੁ ਬਾਬਾ।੪।। (ਵਾਰ ੨੪)
(੨)

ਪਾਕਿਸਤਾਨ ਦੇ ਪਿੰਡ ਮਖਦੂਮ ਪੁਰ ਸਥਿਤ ਇਤਿਹਾਸਕ ਗੁਰਦੁਆਰਾ।

ਸ੍ਰੀ ਗੁਰੂ ਨਾਨਕ ਦੇਵ ਜੀ ਨੇ 69 ਵਰ੍ਹਿਆਂ ਤੋਂ ਕੁਝ ਉੱਪਰ ਸਮੇਂ ਵਿਚ ਉੱਤਰ, ਪੂਰਬ, ਪੱਛਮ ਤੇ ਦੱਖਣ ਦੇ ਭਾਰਤੀ ਇਲਾਕਿਆਂ ਦੀ ਯਾਤਰਾ ਕੀਤੀ ਤੇ ਇਸ ਦੌਰਾਨ ਉਹ ਦੇਸ ਤੋਂ ਬਾਹਰ ਤਿੱਬਤ, ਚੀਨ, ਸੰਗਲਾਦੀਪ, ਅਰਬ, ਇਰਾਕ, ਬਲੋਚਿਸਤਾਨ, ਅਫ਼ਗਾਨਿਸਤਾਨ ਆਦਿ ਏਸ਼ੀਆਈ ਦੇਸ਼ਾਂ ਵਿਚ ਵੀ ਗਏ, ਜਿਸ ਦੇ ਪ੍ਰਮਾਣ ਵਜੋਂ ਇਨ੍ਹਾਂ ਦੇਸ਼ਾਂ ਵਿਚ ਉਨ੍ਹਾਂ ਦੇ ਪਵਿੱਤਰ ਸਥਾਨ ਬਣੇ ਹੋਏ ਕਿਸੇ ਨਾ ਕਿਸੇ ਰੂਪ ਵਿਚ ਮਿਲਦੇ ਹਨ ਤੇ ਅਫ਼ਗਾਨਿਸਤਾਨ ਦੀਆਂ ਹੱਦਾਂ ਲੰਘ ਕੇ ਕਈ ਥਾਵੇਂ ਸੋਵੀਅਤ ਰੂਸ ਦੇ ਇਲਾਕਿਆਂ ਵਿਚ ਵੀ ਉਨ੍ਹਾਂ ਦੇ ਯਾਦਗਾਰੀ ਸਥਾਨ ਹਨ। ਇਸ ਦੌਰਾਨ ਸਭ ਤੋਂ ਆਖ਼ਰੀ ਧਰਮਸਾਲਾ ਜੋ ਉਨ੍ਹਾਂ ਨੇ ਕਾਇਮ ਕੀਤੀ ਉਹ ਦਰਿਆ ਰਾਵੀ ਦੇ ਪਰਲੇ ਕੰਢੇ, ਦੇਹਰਾ ਬਾਬਾ ਨਾਨਕ ਦੇ ਸਾਹਮਣੇ, ਕਰਤਾਰਪੁਰ ਹੈ। ਇੱਥੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਸੰਮਤ 1569 ਬਿਕਰਮੀ ਵਿਚ ਜੋਤੀ ਜੋਤ ਸਮਾਏ ਸਨ।

ਗੁਰਦੁਆਰਾ ਗੁਰੂ ਕੋਠਾ ਸਾਹਿਬ, ਵਜ਼ੀਰਾਬਾਦ, ਕਰਾਚੀ।

ਧਰਮਸਾਲਾ ਜਾਂ ਗੁਰਦੁਆਰਾ ਸਮਾਨ ਅਰਥ ਰੱਖਣ ਵਾਲੇ ਦੋ ਵੱਖੋ ਵੱਖ ਸ਼ਬਦ ਹਨ। ਜਿਨ੍ਹਾਂ ਦਾ ਜੇ ਕੋਈ ਫ਼ਰਕ ਹੈ ਤਾਂ ਉਹ ਕੇਵਲ ਨਾਮ ਮਾਤਰ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਧਰਮਸਾਲਾਂ ਕਾਇਮ ਹੋਣੀਆਂ, ਰੋਜ਼ ਸਵੇਰੇ ਅਤੇ ਸ਼ਾਮ ਨੂੰ ਸਿੱਖਾਂ ਦਾ ਉੱਥੇ ਨਿੱਤ ਨੇਮ ਨਾਲ ਤੰਤੀ ਸਾਜ਼ ਲੈ ਕੇ ਸ਼ਬਦ ਕੀਰਤਨ ਕਰਨਾ, ਰਬਾਬ ਤੇ ਮ੍ਰਿਦੰਗ ਦੀ ਮਧੁਰ ਧੁਨਿ ਉੱਠਣੀ, ਸਤਿਸੰਗੀਆਂ ਦਾ ਇਸ਼ਨਾਨ ਕਰਕੇ ਬਾਣੀ ਦਾ ਪਾਠ ਕਰਦਿਆਂ ਉਸ ਪ੍ਰੇਮ-ਸੰਮੇਲਨ ਵਿਚ ਸ਼ਾਮਲ ਹੋਣਾ ਆਦਿ ਗੱਲਾਂ ਭਾਈ ਗੁਰਦਾਸ ਨੇ ਇਸ਼ਾਰੇ ਵਜੋਂ ਆਪਣੀ ਬਾਣੀ ਵਿਚ ਕਥਨ ਕੀਤੀਆਂ ਹਨ, ਜਿਵੇਂ ਉਹ ਲਿਖਦੇ ਹਨ:
ਕੁਰਬਾਣੀ ਤਿਨ ਗੁਰ ਸਿਖਾਂ, ਪਿਛਲ ਰਾਤੀ ਉਠ ਬਹੰਦੇ।
ਕੁਰਬਾਣੀ ਤਿਨ ਗੁਰ ਸਿਖਾਂ, ਅੰਮ੍ਰਿਤ ਵੇਲੇ ਸਰਿ ਨਾਵੰਦੇ।
ਕੁਰਬਾਣੀ ਤਿਨ ਗੁਰ ਸਿਖਾਂ, ਇਕ ਮਨ ਹੋ ਗੁਰ ਜਾਪ ਜਪੰਦੇ।
ਕੁਰਬਾਣੀ ਤਿਨ ਗੁਰ ਸਿਖਾਂ, ਸਾਧ ਸੰਗਤਿ ਚਲਿ ਜਾਇ ਜੁੜੰਦੇ।
ਕੁਰਬਾਣੀ ਤਿਨ ਗੁਰ ਸਿਖਾਂ, ਗੁਰਬਾਣੀ ਨਿਤ ਗਾਇ ਸੁਣੰਦੇ।
(ਵਾਰ ੧੨, ੨)
(੩)

ਗੁਰਦੁਆਰਾ ਸਾਧੂ ਬੇਲਾ, ਸੱਖਰ, ਪਾਕਿਸਤਾਨ।

ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਧਰਮਸਾਲਾਂ: ਜੋ ਉਨ੍ਹਾਂ ਨੇ ਆਪ ਕਾਇਮ ਕੀਤੀਆਂ ਜਾਂ ਉਨ੍ਹਾਂ ਤੋਂ ਪਿੱਛੋਂ ਪ੍ਰੇਮੀ ਸਿੱਖਾਂ ਨੇ ਉਨ੍ਹਾਂ ਦਾ ਜੀਵਨ ਪੜ੍ਹ-ਸੁਣ ਕੇ ਉਨ੍ਹਾਂ ਦੀ ਯਾਦ ਵਜੋਂ ਕਾਇਮ ਕੀਤੀਆਂ, ਜ਼ਿਲ੍ਹਾਵਾਰ ਕ੍ਰਮ ਅਨੁਸਾਰ ਇਉਂ ਹਨ:

(ੳ) ਪੱਛਮੀ ਪੰਜਾਬ (ਪਾਕਿਸਤਾਨ) ਦੀਆਂ ਧਰਮਸਾਲਾਂ
ਜ਼ਿਲ੍ਹਾ ਸ਼ੇਖੂਪੁਰਾ- ਜਨਮ ਸਥਾਨ ਸ੍ਰੀ ਨਨਕਾਣਾ ਸਾਹਿਬ, ਗੁਰਦੁਆਰਾ ਬਾਲ ਲੀਲਾ, ਪੱਟੀ ਸਾਹਿਬ, ਕਿਆਰਾ ਸਾਹਿਬ, ਮਾਲ ਜੀ ਸਾਹਿਬ, ਤੰਬੂ ਸਾਹਿਬ ਤੇ ਗੁਰਦੁਆਰਾ ਖਰਾ ਸੌਦਾ ਅਥਵਾ ਸੱਚਾ ਸੌਦਾ ਚੂਹੜਕਾਣਾ।
ਲਾਹੌਰ- ਧਰਮਸਾਲਾ ਗੁਰੂ ਨਾਨਕ; ਗੁਰਦੁਆਰਾ ਪਿੰਡ ਚਾਹਿਲ, ਪਿੰਡ ਖਾਲੜਾ, ਅਮੀ ਸ਼ਾਹ, ਜਾਹਮਣ, ਘਵਿੰਡੀ, ਗੁਰੂਆਣਾ ਪੱਟੀ, ਮਾਲ ਸਾਹਿਬ ਕੰਗਣਪੁਰ, ਮਾਂਗ, ਦਾਤਣ ਸਾਹਿਬ ਆਦਿ।
ਗੁੱਜਰਾਂਵਾਲਾ- ਰੋੜੀ ਸਾਹਿਬ, ਏਮਨਾਬਾਦ, ਚੱਕੀ ਸਾਹਿਬ ਤੇ ਖੂਹ ਭਾਈ ਲਾਲੋ।
ਸਿੱਖਖ ਗੁਰੂਆਂ ਦੀਆਂ ਯਾਦਗਾਰਾਂ ਹਨ- ਧਰਮਸਾਲਾਂ ਅਥਵਾ ਗੁਰਦੁਆਰੇ। ਇਹ ਧਰਮਸਾਲਾਂ ਬਣਾਉਣ ਦੀ ਪ੍ਰਥਾ ਪਹਿਲੇ ਪਹਿਲ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਲਾਈ ਸੀ, ਜਿਵੇਂ ਕਿ ਭਾਈ ਗੁਰਦਾਸ ਜੀ ਨੇ ਵਾਰਾਂ ਗਯਾਨ ਰਤਨਾਵਲੀ ਵਿਚ ਲਿਖਿਆ ਹੈ:
ਮਿੰਟਗੁਮਰੀ- ਨਾਨਕਸਰ ਹੜੱਪਾ, ਸ਼ਤਘਰਾ, ਨਨਕਾਣਾ ਸਾਹਿਬ ਦੀਪਾਲਪੁਰ, ਨਾਨਕਸਰ (ਪਾਕਪਟਨ), ਖਰਾਹੜ, ਮਹਿਮੂਦਪੁਰ ਤੇ ਚਾਵਲੀ ਮਸ਼ਾਇਖ।

ਪਾਣੀ ’ਚ ਦਿਸਦਾ ਗੁਰਦੁਆਰਾ ਪੰਜਾ ਸਾਹਿਬ ਦਾ ਪ੍ਰਤੀਬਿੰਬ। ਫੋਟੋ ਧੰਨਵਾਦ ਸਹਿਤ: ਅਮਰਦੀਪ ਸਿੰਘ

ਮੁਲਤਾਨ- ਮਖਦੂਮ ਪੁਰ (ਤੁਲੰਭਾ) ਸੱਜਨ ਠੱਗ ਦਾ ਸਥਾਨ।
(ਅ) ਪੂਰਬੀ ਪੰਜਾਬ ਤੇ ਭਾਰਤ ਦੇ ਗੁਰਦੁਆਰੇ
ਗੁਰਦਾਸਪੁਰ- ਗੁਰੂ ਨਾਨਕ ਦਾ ਵਿਆਹ ਸਥਾਨ ਬਟਾਲਾ, ਕੰਧ ਸਾਹਿਬ ਬਟਾਲਾ, ਅਚਲ ਵਟਾਲਾ, ਤੇ ਦੇਹਰਾ/ਡੇਰਾ ਬਾਬਾ ਨਾਨਕ। ਪਿੰਡ ਮਮੂਨ (ਸ੍ਰੀ ਚੰਦ), ਪਿੰਡ ਬਾਰਠ (ਸ੍ਰੀ ਚੰਦ), ਚੋਲਾ ਸਾਹਿਬ, ਦਰਬਾਰ ਕਰਤਾਰਪੁਰ, ਬਾਬੇ ਦੀ ਬੇਰ (ਮਲ੍ਹੇ ਪਿੰਡ ਦੇ ਨੇੜੇ), ਗਾਲੜੀ (ਸ੍ਰੀ ਚੰਦ)।
ਜਲੰਧਰ- ਟਾਹਲੀ ਸਾਹਿਬ, ਦੌਲਤਪੁਰ, ਨਾਨਕਿਆਣਾ ਕਰਤਾਰਪੁਰ।
ਕਪੂਰਥਲਾ- ਸੁਲਤਾਨਪੁਰ ਲੋਧੀ: ਗੁਰਦੁਆਰਾ ਬੇਰ ਸਾਹਿਬ, ਹੱਟ ਸਾਹਿਬ, ਗੁਰੂ ਕਾ ਬਾਗ, ਸੰਤ ਘਾਟ, ਬੀਬੀ ਨਾਨਕੀ ਜੀ ਦੀ ਧਰਮਸ਼ਾਲਾ ਤੇ ਕੋਠੜੀ ਸਾਹਿਬ।
ਲੁਧਿਆਣਾ- ਲੁਧਿਆਣੇ ਸ਼ਹਿਰ ਵਿਚ ਗਊ ਘਾਟ ਦੇ ਮਹੱਲੇ, ਠਕਰ ਵਾਲ।
ਅੰਮ੍ਰਿਤਸਰ- ਗੁਰਦੁਆਰਾ ਨਾਨਕਸਰ ਵੇਰਕਾ, ਖਡੂਰ ਸਾਹਿਬ, ਥੰਮ੍ਹ ਸਾਹਿਬ ਉਦੋਕੇ, ਬੇਰ ਬਾਬਾ ਨਾਨਕ ਵੈਰੋ ਕੇ।
ਸਰਸਾ- ਗੁਰਦੁਆਰਾ ਗੁਰੂ ਨਾਨਕ ਸਾਹਿਬ।
ਰੋਪੜ- ਚਰਣ ਕੰਵਲ (ਕੀਰਤਪੁਰ ਸਾਹਿਬ)।
ਕਰਨਾਲ- ਸਿੱਧ ਬਟੀ, ਥਨੇਸਰ, ਸਰਸਵਤੀ (ਪਹੋਆ), ਕਰ੍ਹਾ ਪਿੰਡ, ਚੀਕਾ (ਭਾਗਲ)।
ਕਾਂਗੜਾ- ਜੁਆਲਾਮੁਖੀ।
ਫਿਰੋਜ਼ਪੁਰ- ਨਾਂਗੇ ਦੀ ਸਰਾਇ (ਜਨਮ ਸਥਾਨ ਗੁਰੂ ਅੰਗਦ ਜੀ), ਬਟ ਤੀਰਥ, ਨਾਨਕਸਰ, ਤਖਤੂਪੁਰਾ, ਗੋਬਿੰਦਗੜ੍ਹ (ਦਾਊਧਰ), ਪੱਤੋ।
ਸੰਗਰੂਰ- ਨਾਨਕਿਆਣਾ।
ਸ੍ਰੀਨਗਰ- ਮੱਟਨ ਸਾਹਿਬ।
ਪਟਿਆਲਾ- ਪਿੰਡ ਮਨਸੂਰਪੁਰ ਚੁਬਾਰਾ ਸਾਹਿਬ (ਛੀਟਾਂ ਵਾਲਾ), ਗੁਰਦੁਆਰਾ ਸੁਨਾਮ, ਕਮਾਲਪੁਰ, ਪੰਜੌਰ, ਜੌਹੜ ਜੀ।
ਫ਼ਰੀਦਕੋਟ- ਅਕਾਲਗੜ੍ਹ, ਲੱਖੀ ਜੰਗਲ।
ਦਿੱਲੀ- ਟਿੱਲਾ ਮਜਨੂੰ, ਗੁਰਦੁਆਰਾ ਨਾਨਕ ਪਿਆਉ।
ਆਗਰਾ- ਮਾਈ ਥਾਨ, ਮਹੱਲੇ।
ਅਲਮੋੜਾ- ਰੀਠਾ ਸਾਹਿਬ, ਨਾਨਕਮਤਾ।
ਅਜਮੇਰ- ਪੁਸ਼ਕਰ ਤੀਰਥ।
ਇਨ੍ਹਾਂ ਤੋਂ ਬਿਨਾਂ ਹਿੰਦੁਸਤਾਨ ਦੇ ਲਗਭਗ ਹਰੇਕ ਇਲਾਕੇ ਵਿਚ ਅਤੇ ਹਿੰਦੁਸਤਾਨ ਬਾਹਰੋਂ ਗੁਆਂਢੀ ਦੇਸ਼ਾਂ ਵਿਚ ਵੀ, ਜਿਨ੍ਹਾਂ ਵਿਚੋਂ ਅਫ਼ਗਾਨਿਸਤਾਨ, ਬਲੋਚਿਸਤਾਨ, ਤੁਰਕਿਸਤਾਨ, ਸੋਵੀਅਤ ਦੇਸ, ਅਰਬ, ਇਰਾਕ, ਤਿੱਬਤ, ਚੀਨ, ਲੰਕਾ ਆਦਿ ਮਸ਼ਹੂਰ ਹਨ, ਗੁਰੂ ਨਾਨਕ ਦੇ ਅਨੇਕਾਂ ਸਿਮ੍ਰਤੀ ਚਿੰਨ੍ਹ, ਜੋ ਉਨ੍ਹਾਂ ਦੀ ਵਿਦੇਸ਼ ਯਾਤਰਾ ਦੀ ਗਵਾਹੀ ਦਿੰਦੇ ਹਨ, ਕਿਤਨੇ
ਹੀ ਥਾਵੀਂ ਮਿਲਦੇ ਹਨ। ਇਸ ਤੋਂ ਪਤਾ ਲੱਗਦਾ ਹੈ
ਕਿ ਗੁਰੂ ਨਾਨਕ ਕਿਤਨੇ ਵੱਡੇ ਧਰਮ ਪ੍ਰਚਾਰਕ,
ਵਿਸ਼ਵ-ਏਕਤਾ ਦੇ ਪ੍ਰਦਰਸ਼ਕ ਅਤੇ ਅਦੁੱਤੀ ਸਮਾਜ ਸੁਧਾਰਕ ਸਨ। ਉਨ੍ਹਾਂ ਦੇ ਪਵਿੱਤਰ ਉਪਦੇਸ਼ਾਂ ਨੂੰ
ਨਾ ਕੇਵਲ ਹਿੰਦੁਸਤਾਨ ਹੀ ਅਪਣਾਉਂਦਾ ਸੀ ਸਗੋਂ
ਹੋਰ ਦੇਸ਼ ਵੀ ਉਨ੍ਹਾਂ ਦੀ ਅੰਮ੍ਰਿਤ ਭਿੰਨੀ ਬਾਣੀ ਤੋਂ ਅਘਾਉਂਦੇ ਜਾਂ ਰੱਜਦੇ ਨਹੀਂ ਸਨ।
(੪)
ਗੁਰੂ ਨਾਨਕ ਦੇ ਸਿਮ੍ਰਤੀ ਚਿੰਨ੍ਹਠ ਗੁਰਦੁਆਰੇ ਜਾਂ ਧਰਮਸਾਲਾਂ, ਜਿਨ੍ਹਾਂ ਦੀ ਸਥਾਪਨਾ ਉਨ੍ਹਾਂ ਨੇ ਆਪਣੇ ਸਮੇਂ ਵਿਚ ਕਰਵਾਈ ਜਾਂ ਉਸ ਤੋਂ ਪਿੱਛੋਂ ਹੋਈ, ਕਿਸ ਆਦਰਸ਼ ਦੇ ਪ੍ਰਤੀਕ ਸਨ ਤੇ ਉਨ੍ਹਾਂ ਦੇ ਥਾਪਣ
ਦਾ ਅਸਲ ਉਦੇਸ਼ ਕੀ ਸੀ, ਜੇ ਇਸ ਵਿਚਾਰ ਵੱਲ ਜਾਈਏ ਤਾਂ ਸਾਨੂੰ ਇਸ ਬਾਰੇ ਬਹੁਤ ਸਾਰੇ ਪ੍ਰਮਾਣ ਗੁਰਬਾਣੀ ਤੇ ਪੁਰਾਤਨ ਸਿੱਖ ਸਾਹਿਤ ਵਿਚੋਂ ਸਹਿਜੇ
ਹੀ ਮਿਲ ਜਾਂਦੇ ਹਨ।
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੀ ਬਾਣੀ ਰਾਹੀਂ ਧਰਮਸਾਲਾਂ ਨੂੰ ਧਰਮ ਦਾ ਸਥਾਨ ਦੱਸ ਕੇ ਗੁਰਸਿੱਖਾਂ ਦਾ ਉੱਥੇ ਇਕੱਤਰ ਹੋਣਾ, ਇਕ ਦੂਜੇ ਦੇ ਚਰਣੀ ਹੱਥ ਲਾ ਕੇ ਧੂੜੀ ਮੱਥੇ ਉੱਪਰ ਲਾਉਣੀ, ਗੁਰਸਿੱਖਾਂ ਦੇ ਪੈਰ ਧੋਣੇ ਤੇ ਪੱਖਾ ਝੱਲਣ ਦੀ ਸੇਵਾ ਦਾ ਜ਼ਿਕਰ ਕੀਤਾ ਹੈ:
ਮੈ ਬਧੀ ਸਚੁ ਧਰਮਸਾਲ ਹੈ।।
ਗੁਰਸਿਖਾ ਲਹਦਾ ਭਾਲਿ ਕੈ।।
ਪੈਰ ਧੋਵਾ ਪਖਾ ਫੇਰਦਾ।।
ਤਿਸੁ ਨਿਵਿ ਨਿਵਿ ਲਗਾ ਪਾਇ ਜੀਉ।।੧੦।।
(ਸਿਰੀ ਰਾਗੁ ਮਹਲਾ ੫)
ਇਸੇ ਭਾਵ ਨੂੰ ਫੇਰ ਅੱਗੇ ਚੱਲ ਕੇ ਪ੍ਰੇਮ ਭਰੀ ਜੋਦੜੀ ਸਹਿਤ ਇਕ ਥਾਵੇਂ ਇਸ ਤਰ੍ਹਾਂ ਖੋਲ੍ਹ ਕੇ ਦੱਸਿਆ ਹੈ ਤੇ ਪ੍ਰਭੂ ਅੱਗੇ ਧਰਮਸਾਲਾ ਵਿਚ ਵਾਸਾ ਪਾਉਣ ਲਈ ਬੇਨਤੀ ਕੀਤੀ ਹੈ:
ਹਉ ਮਾਗਉ ਤੁਝੈ ਦਇਆਲੁ, ਕਰਿ ਦਾਸਾ ਗੋਲਿਆ।।
ਨਉ ਨਿਧਿ ਪਾਈ ਰਾਜੁ, ਜੀਵਾ ਬੋਲਿਆ।।
ਅੰਮ੍ਰਿਤੁ ਨਾਮੁ ਨਿਧਾਨੁ, ਦਾਸਾ ਘਰਿ ਘਣਾ।।
ਤਿਨ ਕੈ ਸੰਗਿ ਨਿਹਾਲੁ, ਸ੍ਰਵਣੀ ਜਸੁ ਸੁਣਾ।।
ਕਮਾਵਾ ਤਿਨ ਕੀ ਕਾਰ, ਸਰੀਰੁ ਪਵਿਤੁ ਹੋਇ।।
ਪਖਾ ਪਾਣੀ ਪੀਸਿ, ਬਿਗਸਾ ਪੈਰ ਧੋਇ।।
ਆਪਹੁ ਕਛੂ ਨ ਹੋਇ, ਪ੍ਰਭ ਨਦਰਿ ਨਿਹਾਲੀਐ।।
ਮੋਹਿ ਨਿਰਗੁਣ ਦਿਚੈ ਥਾਉ, ਸੰਤ ਧਰਮਸਾਲੀਐ।।
(ਵਾਰ ਗੂਜਰੀ ੨, ਮਹਲਾ ੫)
ਮੁਹੱਸਨ ਫਾਨੀ ਤੇ ਹੋਰ ਮੁਸਲਮਾਨ ਇਤਿਹਾਸਕਾਰਾਂ ਦੇ ਕਥਨ ਅਨੁਸਾਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਗੁਰਸਿੱਖੀ ਦਾ ਬਹੁਤਾ ਪ੍ਰਚਾਰ ਹੋਣ ਕਰਕੇ ਧਰਮਸਾਲਾਂ ਅਥਵਾ ਧਰਮ ਪ੍ਰਚਾਰ ਦੇ ਕੇਂਦਰ ਨਾ ਕੇਵਲ ਪੰਜਾਬ ਵਿਚ ਹੀ ਸਗੋਂ ਪੰਜਾਬ ਦੀਆਂ ਹੱਦਾਂ ਤੋਂ ਬਾਹਰ ਸਾਰੇ ਹਿੰਦੁਸਤਾਨ ਵਿਚ ਲਗਭਗ ਹਰੇਕ ਥਾਵੇਂ ਫੈਲ ਗਏ ਸਨ ਤੇ ਹਰ ਥਾਵੇਂ ਗੁਰਬਾਣੀ ਦੇ ਸ਼ਬਦ-ਕੀਰਤਨ ਦਾ ਅਖੰਡ ਪ੍ਰਵਾਹ ਚੱਲਣ ਲੱਗ ਪਿਆ ਸੀ। ਇਸੇ ਕਾਰਨ ਭਾਈ ਗੁਰਦਾਸ ਭੱਲੇ ਨੇ, ਜੋ ਉਨ੍ਹਾਂ ਦਾ ਦਰਬਾਰੀ ਲਿਖਾਰੀ ਸੀ, ਆਪਣੀ ਪੁਸਤਕ ਵਾਰਾਂ ਗਿਆਨ ਰਤਨਾਵਲੀ ਵਿਚ ਇਕ ਥਾਵੇਂ
ਸਾਫ਼ ਤੇ ਸਪਸ਼ਟ ਸ਼ਬਦਾਂ ਵਿਚ ਲਿਖਿਆ ਹੈ:
ਗੁਰੁ ਸਿਖ ਲਖ ਅਸੰਖ ਜਗਿ,
ਧਰਮਸਾਲ ਥਾਇ ਥਾਇ ਸੁਹਾਯਾ। (ਵਾਰ ੨੩।੨)
ਤੇ ਇੱਥੇ ਹੀ ਬਸ ਨਹੀਂ ਕੀਤੀ ਸਗੋਂ ਭਾਈ ਗੁਰਦਾਸ ਨੇ ਸਿੱਖਾਂ ਦੇ ਉਹ ਸਾਰੇ ਕਰਮ, ਜੋ ਉਹ ਧਰਮਸਾਲਾ ਵਿਚ ਜਾ ਕੇ ਕਰਦੇ ਹਨ, ਸੰਕੇਤ ਮਾਤਰ ਵੇਰਵਾ ਦੇ ਕੇ ਲਿਖ ਦਿੱਤੇ ਹਨ:
ਧਰਮਸਾਲ ਹੈ ਮਾਨਸਰ ਹੰਸ ਗੁਰ ਸਿੱਖ ਵਾਹ।
ਰਤਨ ਪਦਾਰਥ ਗੁਰ ਸਬਦ ਕਰਿ ਕੀਰਤਨ ਪਾਹ।
(ਵਾਰ ੨੬)
ਅਰਥਾਤ- ਧਰਮਸਾਲਾ ਅਥਵਾ ਗੁਰਦੁਆਰੇ ਇਕ ਪ੍ਰਕਾਰ ਦੇ ਮਾਨ ਸਰੋਵਰ ਹਨ, ਜਿੱਥੇ ਸਤਿਗੁਰੂ ਦੇ ਹੰਸ ਰੂਪ ਸਿੱਖ ਗੁਰੂ ਸ਼ਬਦ ਰੂਪ ਰਤਨ-ਪਦਾਰਥ ਦਾ ਕੀਰਤਨ ਕਰਕੇ ਰਸ ਚਖਦੇ ਜਾਂ ਰਸ ਮਾਣਦੇ ਹਨ।
ਧਰਮਸਾਲਾ ਉਸ ਸਮੇਂ ਕਿਹੋ ਜਿਹੀਆਂ ਹੁੰਦੀਆਂ ਸਨ ਤੇ ਉਨ੍ਹਾਂ ਵਿਚ ਸਤਿਸੰਗੀ ਸਿੱਖ ਪ੍ਰੇਮ-ਭਾਵਨਾ ਸਹਿਤ ਕਿਵੇਂ ਆਉਂਦੇ ਤੇ ਯਥਾ ਸਥਾਨ ਨਿਮਰਤਾ ਸਹਿਤ ਮਿਲ ਬੈਠਦੇ ਸਨ, ਇਹੋ ਗੱਲਾਂ ਭਾਈ ਗੁਰਦਾਸ ਨੇ ਇਕ ਦੋ ਥਾਵੀਂ ਕਬਿੱਤ ਸਵੈਯਾਂ ਵਿਚ ਵੀ ਲਿਖੀਆਂ ਹਨ, ਜਿਵੇਂ ਕਿ ਉਨ੍ਹਾਂ ਦਾ ਕਥਨ ਹੈ:
ਜੈਸੇ ਤੋ ਪਰਾਲ ਮਿਲਿ ਬੈਠਤ ਹੈ ਮਾਨਸਰ,
ਮੁਕਤਾ ਅਮੋਲ ਖਾਇ ਖਾਇ ਬਿਗਸਾਤ ਹੈਂ।
ਜੈਸੇ ਤੋ ਸੁਜਾਨ ਮਿਲਿ ਬੈਠਤ ਹੈ ਪਾਕਸਾਲ,
ਅਨਿਕ ਪ੍ਰਕਾਰ ਵਯੰਜਨਾਦਿ ਰਸ ਖਾਤ ਹੈਂ।
ਜੈਸੇ ਦ੍ਰਮ ਛਾਯਾ ਮਿਲਿ ਬੈਠਤ ਅਨੇਕ ਪੰਖੀ,
ਖਾਯ ਫਲ ਮਧੁਰ ਬਚਨ ਕੈ ਸੁਹਾਤ ਹੈ।
ਤੈਸੇ ਗੁਰ ਸਿਖ ਮਿਲਿ ਬੈਠਿ ਧਰਮਸਾਲਾ,
ਸਹਜ ਸਬਦ ਰਸ ਅਮ੍ਰਿਤ ਅਘਾਘ ਹੈ।।
(ਕਬਿੱਤ ਸਵੈਯੇ)
(੫)
ਸਿੱਖਾਂ ਦੇ ਪ੍ਰਸਿੱਧ ਇਤਿਹਾਸਕਾਰ ਕਵੀ ਭਾਈ ਸੰਤੋਖ ਸਿੰਘ ਜੀ ਨੇ ਗੁਰ ਪ੍ਰਤਾਪ ਸੂਰਜ ਵਿਚ ਇਹ ਦੱਸ ਕੇ ਕਿ ਧਰਮਸਾਲਾ ਜਿੱਥੇ ਗੁਰ-ਸਿਖ ਨਾਮ-ਬਾਣੀ ਦੇ ਅਭਿਆਸ ਤੇ ਕਥਾ-ਕੀਰਤਨ ਲਈ ਮਿਲ ਬੈਠਣ, ਅਤਿਅੰਤ ਸੁੰਦਰ ਤੇ ਸਾਫ ਸੁਥਰੀ ਹੋਣੀ ਅਤਿ ਜ਼ਰੂਰੀ ਹੈ ਤੇ ਉਸ ਦੀ ਸੇਵਾ-ਸੰਭਾਲ ਤੇ ਆਈਆਂ ਸੰਗਤਾਂ ਦੀ ਪ੍ਰਸਾਦ ਪਾਣੀ ਦੀ ਸੇਵਾ ਲਈ ਕਿਸੇ ਯੋਗ ਵਿਅਕਤੀ ਦਾ ਬਤੌਰ ਸੇਵਾਦਾਰ ਦੇ ਨਿਯੁਕਤ ਹੋਣਾ ਹੋਰ ਲੋੜੀਂਦੀ ਗੱਲ ਹੈ। ਆਪਣੀ ਰਾਇ ਇਸ ਤਰ੍ਹਾਂ ਪ੍ਰਗਟ ਕਰ ਦਿੱਤੀ ਹੈ:
ਜਿਸ ਮਹਿ ਯਥਾ ਸਕਤਿ ਹੈ ਆਵੈ।
ਧਰਮ ਸਾਲ ਸੁੰਦਰ ਬਣਵਾਵੈ।
ਤਿਸ ਮੈ ਰਾਖੇ ਸਿੱਖ ਟਿਕਾਇ।
ਪੰਥੀ ਕੋ ਭੋਜਨ ਮਿਲ ਜਾਇ।।
(ਗੁ. ਪ੍ਰ. ਸੂ. ਰਾਸਿ ੧, ਅਧਿ: ੬੪)
ਧਰਮਸਾਲਾ ਅਥਵਾ ਗੁਰਦੁਆਰੇ ਦਾ ਉਹ ਸੇਵਾਦਾਰ ਜਾਂ ਗ੍ਰੰਥੀ ਕਿਹੋ ਜਿਹਾ ਹੋਵੇ, ਇਸ ਬਾਰੇ ਰਹਿਤਨਾਮਾ ਭਾਈ ਚੌਪਾ ਸਿੰਘ ਦੇ ਇਹ ਵਾਕ ਖਾਸ ਤੌਰ ’ਤੇ ਵਿਚਾਰਨਯੋਗ ਹਨ, ਜੋ ਇਹ ਹਨ:
‘‘ਧਰਮ ਸਾਲੀਆ ਪੀਰ ਔਰ ਮਸੰਦ ਨਾ ਬਣੇ।
ਗੁਰੂ ਕਾ ਸਿਖ ਜੋ ਧਰਮ ਸਾਲੀਆ ਹੋਵੈ ਸੋ ਕੈਸਾ ਹੋਵੈ?
ਨਿਰਲੋਭੀ, ਜਤੀ ਸਤੀ, ਪਰਸੁਆਰਥੀ, ਧੀਰਜੀ, ਉਦਾਰ, ਦਯਾਵਾਨ, ਤਪੀਆ, ਆਨੰਦੀ, ਰਹਿਤਵਾਨ, ਮਤਸਰ ਬਿਨਾ, ਪੜਦੇ ਕੱਜੂ, ਸੁਚੇਤ, ਦੇਹ ਪਵਿਤ੍ਰ, ਟਹਿਲ ਕਰੇ, ਵੰਡ ਖਾਏ, ਪਰਦੇਸੀ ਸਿਖ ਦੀ ਚੀਜ਼ ਵਸਤੂ ਦੀ ਸੁਚੇਤੀ ਰਖੇ, ਦਰਦਵੰਦ ਹੋਵੇ, ਜਿਸ ਵਿਚ ਇਹ ਗੁਣ ਹੋਣ ਉਹ ਧਰਮਸਾਲੀਆ ਹੋਵੇ।’’
(ਰਹਿਤ ਨਾਮਾ ਭਾਈ ਚੌਪਾ ਸਿੰਘ)
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚੂੰਕਿ ਪਹਿਲੇ ਪਹਿਲ ਪਿੰਡ ਤੁਲੰਭਾ (ਮੁਲਤਾਨ) ਦੇ ਸਥਾਨ ਸੱਜਣ ਠੱਗ ਦੇ ਘਰ ਪਰ ਧਰਮਸਾਲਾ ਸਥਾਪਨ ਕੀਤੀ, ਜੋ ਪੁਰਾਤਨ ਜਨਮ ਸਾਖੀ ਦੇ ਕਥਨ ਅਨੁਸਾਰ ਪਹਿਲੀ ਧਰਮਸਾਲਾ ਸੀ ਤੇ ਫੇਰ ਦੂਜੀ ਤੀਜੀ ਧਰਮਸਾਲਾ ਝੰਡੇ ਬਾਢੀ ਨੂੰ ਮੰਜੀ ਦੇ ਕੇ ਬਿਸ਼ਹਿਰ ਅਤੇ ਰਾਵੀਓਂ ਪਾਰ ਕਰਤਾਰਪੁਰ ਕਾਇਮ ਕੀਤੀ, ਇਸ ਲਈ ਧਰਮਸਾਲਾ ਪ੍ਰਣਾਲੀ ਦੇ ਪ੍ਰਮੁੱਖ ਆਗੂ ਹੋਣ ਕਰਕੇ ਉਨ੍ਹਾਂ ਦੇ ਇਸ ਬਾਰੇ ਕੀ ਵਿਚਾਰ ਸਨ, ਉਹ ਜਨਮ ਸਾਖੀ ਗੁਰੂ ਨਾਨਕ (ਭਾਈ ਪੈੜਾ ਮੋਖਾ) ਦੇ ਕਥਨ ਅਨੁਸਾਰ ਇਸ ਪ੍ਰਕਾਰ ਹਨ:
‘‘ਸ੍ਰੀ ਗੁਰੂ ਨਾਨਕ ਦੇਵ ਜੀ ਬਚਨ ਕਰਤੇ ਹੈਂ ਹਰ ਇਕ ਧਰਮਸਾਲਾ ਮੈ ਕੋਈ ਮਾਨੁਖ ਸੇਵਾ ਕਰੈਗਾ, ਜਲ ਭਰੈਗਾ; ਧਰਮਸਾਲਾ ਮੈ ਦੀਪਕ ਜਗਾਵੈਗਾ; ਝਾੜੂ ਕਰੈਗਾ, ਉਸ ਦਾ ਮਨ ਨਿਰਮਲ ਹੋਵੇਗਾ, ਪਾਪ ਦੂਰਿ ਹੋਵਨਿਗੇ, ਅੰਤ ਸਮੇਂ ਸਦਗਤਿ ਕਾ ਅਧਿਕਾਰੀ ਹੋਵੇਗਾ, ਸਤਿਨਾਮੁ ਸਿਮਰੈਗਾ, ਸੋ ਸਰਬ ਸੁਖਾਂ ਕਾ ਅਧਿਕਾਰੀ ਹੋਵੇਗਾ।’’
(ਜਨਮ ਸਾਖੀ ਗੁਰੂ ਨਾਨਕ)
ਗੁਰੂ ਨਾਨਕ ਚੂੰਕਿ ਸ਼ੁਰੂ ਤੋਂ ਹੀ ਸਵਤੰਤਰ ਵਿਚਾਰਾਂ ਦੇ ਮਾਲਿਕ ਸਨ। ਅਜਿਹੇ ਸਵਤੰਤਰ ਵਿਚਾਰਾਂ ਵਾਲੇ ਕਿ ਦਿਮਾਗ਼ੀ ਗੁਲਾਮੀ ਦੇ ਖ਼ਿਆਲ ਉਨ੍ਹਾਂ ਨੂੰ ਛੁਹ ਤਕ ਨਹੀਂ ਗਏ ਸਨ, ਜਿਸ ਕਰਕੇ ਇਕ ਅਕਾਲ ਪੁਰਖ ਤੋਂ ਛੁੱਟ ਹੋਰ ਕਿਸੇ ਵੀ ਦੇਵੀ-ਦੇਵਤਾ ਦੀ ਪੂਜਾ ਕਰਨਾ, ਉਨ੍ਹਾਂ ਦੀਆਂ ਨਜ਼ਰਾਂ ਵਿਚ ਕੁਫਰ ਸੀ ਤੇ ਉਹ ਇਸੇ ਕਾਰਨ ਕਿਸੇ ਦੇਵੀ-ਦੇਵਤਾ ਜਾਂ ਬੰਦੇ ਦੇ ਗੁਲਾਮ ਬਣਨਾ ਅਥਵਾ ਆਪਣੇ ਸ਼ਰਧਾਲੂਆਂ ਨੂੰ ਅਜਿਹਾ ਗੁਲਾਮੀ ਦਾ ਉਪਦੇਸ਼ ਦੇਣਾ ਉੱਕਾ ਹੀ ਪਸੰਦ ਨਹੀਂ ਸਨ ਕਰਦੇ, ਜਿਸ ਕਰਕੇ ਉਹ ਕਦੇ ਕਿਸੇ ਦੇ ਗੁਲਾਮ ਨਾ ਬਣੇ ਤੇ ਹਮੇਸ਼ਾਂ ਸਵਤੰਤਰ ਰਹਿ ਕੇ ਵਿਚਰਦੇ ਰਹੇ। ਦੇਸ ਵਿਚ ਥਾਉਂ ਥਾਈ ਧਰਮਾਸਾਲਾਂ ਸਥਾਪਨ ਕਰਕੇ ਉਨ੍ਹਾਂ ਦਾ ਉਦੇਸ਼ ਇਹੋ ਸਵਤੰਤਰਤਾ ਦਾ ਸੰਦੇਸ਼ ਦੇਣਾ ਸੀ।
(ਗੁਰਮਤਿ ਪ੍ਰਕਾਸ਼ ’ਚੋਂ ਧੰਨਵਾਦ ਸਹਿਤ)


Comments Off on ਗੁਰੂ ਨਾਨਕ ਦੀਆਂ ਯਾਦਗਾਰਾਂ : ਧਰਮਸਾਲਾਂ ਅਥਵਾ ਗੁਰਦੁਆਰੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.