ਅੱਜ ਤੋਂ ਚੱਲਣਗੀਆਂ 200 ਵਿਸ਼ੇਸ਼ ਰੇਲਗੱਡੀਆਂ !    ਸਨਅਤਕਾਰਾਂ ਨੂੰ ਭਲਕੇ ਸੰਬੋਧਨ ਕਰਨਗੇ ਮੋਦੀ !    ਗ਼ੈਰ-ਜ਼ਰੂਰੀ ਉਡਾਣਾਂ ਨਾ ਚਲਾਉਣ ਦੀ ਚਿਤਾਵਨੀ !    ਪੰਜਾਬ ਵੱਲੋਂ ਲੌਕਡਾਊਨ 5.0 ਸਬੰਧੀ ਦਿਸ਼ਾ ਨਿਰਦੇਸ਼ ਜਾਰੀ !    ਪਾਕਿ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਦੇਸ਼ ਛੱਡਣ ਦੇ ਹੁਕਮ !    ਬੀਜ ਘੁਟਾਲਾ: ਨਿੱਜੀ ਫਰਮ ਦਾ ਮਾਲਕ ਗ੍ਰਿਫ਼ਤਾਰ, ਸਟੋਰ ਸੀਲ !    ਦਿੱਲੀ ਪੁਲੀਸ ਦੇ ਦੋ ਏਐੱਸਆਈ ਦੀ ਕਰੋਨਾ ਕਾਰਨ ਮੌਤ !    ਸ਼ਰਾਬ ਕਾਰੋਬਾਰੀ ਦੇ ਘਰ ’ਤੇ ਫਾਇਰਿੰਗ !    ਪੰਜਾਬ ’ਚ ਕਰੋਨਾ ਦੇ 31 ਨਵੇਂ ਕੇਸ ਆਏ ਸਾਹਮਣੇ !    ਯੂਪੀ ’ਚ ਮਗਨਰੇਗਾ ਤਹਿਤ ਨਵਿਆਈਆਂ ਜਾਣਗੀਆਂ 19 ਨਦੀਆਂ !    

ਵੱਖਰੀ ਨੁਹਾਰ

Posted On September - 17 - 2019

ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚੋਂ ਭਾਵੇਂ ਕੇਂਦਰੀ ਸਰਕਾਰ ਵੱਲੋਂ ਜੰਮੂ ਕਸ਼ਮੀਰ ਦੇ ਦੋ ਹਿੱਸੇ ਕਰਕੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਏ ਜਾਣ ਅਤੇ ਬਾਅਦ ਵਿਚ ਲਗਾਈਆਂ ਗਈਆਂ ਪਾਬੰਦੀਆਂ ਵਿਰੁੱਧ ਆਵਾਜ਼ ਉੱਠੀ ਹੈ ਪਰ ਪੰਜਾਬ ਵਿਚ ਉੱਠੀ ਵਿਰੋਧ ਦੀ ਆਵਾਜ਼ ਦੀ ਨੁਹਾਰ ਵੱਖਰੀ ਹੈ। 15 ਸਤੰਬਰ ਨੂੰ ਪੰਜਾਬ ਦੀਆਂ 11 ਕਿਸਾਨ, ਪੇਂਡੂ/ਖੇਤ ਮਜ਼ਦੂਰ, ਸਨਅਤੀ ਮਜ਼ਦੂਰ, ਨੌਜਵਾਨ ਤੇ ਵਿਦਿਆਰਥੀ ਜਥੇਬੰਦੀਆਂ ਵੱਲੋਂ ‘ਕਸ਼ਮੀਰ ਕੌਮੀ ਹਮਾਇਤ ਸੰਘਰਸ਼ ਕਮੇਟੀ’ ਦੀ ਅਗਵਾਈ ਵਿਚ ਰੈਲੀ ਕੀਤੀ ਜਾਣੀ ਸੀ। ਇਹ ਬੜੇ ਵਿਰੋਧਾਭਾਸ ਵਾਲੀ ਗੱਲ ਹੈ ਕਿ ਇਕ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਦੁਆਰਾ ਧਾਰਾ 370 ਨੂੰ ਮਨਸੂਖ਼ ਕੀਤੇ ਜਾਣ ਦੀ ਕਾਰਵਾਈ ਨੂੰ ਦੇਸ਼ ਦੀ ਜਮਹੂਰੀਅਤ ’ਤੇ ਕਾਲਾ ਧੱਬਾ ਗਰਦਾਨਦਿਆਂ ਇਸ ਕਾਰਵਾਈ ਦਾ ਵਿਰੋਧ ਕੀਤਾ ਅਤੇ ਦੂਸਰੇ ਪਾਸੇ ਉਨ੍ਹਾਂ ਦੀ ਸਰਕਾਰ ਨੇ ਇਸੇ ਧਾਰਾ ਨੂੰ ਮਨਸੂਖ਼ ਕਰਨ ਵਿਰੁੱਧ ਰੈਲੀ ਕਰਨ ਦੀ ਆਗਿਆ ਨਹੀਂ ਦਿੱਤੀ। ਆਗਿਆ ਨਾ ਮਿਲਣ ਕਾਰਨ ਪੰਜਾਬ ਵਿਚ ਲਗਭਗ 16 ਥਾਵਾਂ ’ਤੇ ਰੋਸ ਵਜੋਂ ਸੜਕਾਂ ’ਤੇ ਧਰਨੇ ਲਗਾਏ ਗਏ। ਇਸ ਲਈ ਇਹ ਦਲੀਲ ਦਿੱਤੀ ਜਾ ਸਕਦੀ ਹੈ ਕਿ ਜੇ ਸਰਕਾਰ ਰੈਲੀ ਕਰਨ ਦੀ ਇਜਾਜ਼ਤ ਦੇ ਦਿੰਦੀ ਤਾਂ ਇਹ ਜਾਮ ਨਾ ਲੱਗਦੇ ਅਤੇ ਲੋਕਾਂ ਨੂੰ ਪ੍ਰੇਸ਼ਾਨ ਨਾ ਹੋਣਾ ਪੈਂਦਾ। ‘ਕਸ਼ਮੀਰ ਕੌਮੀ ਹਮਾਇਤ ਸੰਘਰਸ਼ ਕਮੇਟੀ’ ਦੇ ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਰੈਲੀ ਕਰਨ ਦੀ ਇਜਾਜ਼ਤ ਮੰਗੀ ਸੀ ਅਤੇ ਜੇ ਸਰਕਾਰ ਰੈਲੀ ਨੂੰ ਕਿਸੇ ਤਰ੍ਹਾਂ ਨਿਯਮਿਤ ਕਰਨਾ ਚਾਹੁੰਦੀ ਸੀ ਤਾਂ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਇਸ ਬਾਰੇ ਦੱਸਿਆ ਜਾ ਸਕਦਾ ਸੀ।
ਪੰਜਾਬ ਵਿਚ ਕਈ ਹੋਰ ਜਥੇਬੰਦੀਆਂ ਨੇ ਵੀ ਕਸ਼ਮੀਰ ਦੇ ਲੋਕਾਂ ਦੇ ਹੱਕ ਵਿਚ ਆਵਾਜ਼ ਉਠਾਈ ਹੈ। ਪੰਜਾਬ ਵਿਚ ਹੋ ਰਹੇ ਵਿਰੋਧ ਦੀ ਨੁਹਾਰ ਦੇ ਵੱਖਰੀ ਹੋਣ ਦੇ ਕਈ ਕਾਰਨ ਹਨ: ਪੰਜਾਬ ਤੇ ਕਸ਼ਮੀਰ ਗਵਾਂਢੀ ਰਾਜ ਹਨ ਅਤੇ ਦੋਹਾਂ ਰਾਜਾਂ ਵਿਚ ਸਦੀਆਂ ਦੀ ਸੱਭਿਆਚਾਰਕ ਸਾਂਝ ਹੈ; ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਕਸ਼ਮੀਰ ਲਾਹੌਰ ਦਰਬਾਰ ਦਾ ਹਿੱਸਾ ਬਣ ਗਿਆ ਅਤੇ ਇਸ ਨਾਲ ਕਸ਼ਮੀਰੀਆਂ ਦਾ ਪੰਜਾਬ ਵਿਚ ਅਤੇ ਪੰਜਾਬੀਆਂ ਦਾ ਕਸ਼ਮੀਰ ਵਿਚ ਜਾ ਕੇ ਵਸਣਾ ਸੁਖਾਲਾ ਹੋ ਗਿਆ; ਪੰਜਾਬ ਦੇ ਲੋਕ ਕੇਂਦਰੀਕਰਨ ਦੇ ਵਿਰੁੱਧ ਰਹੇ ਹਨ ਅਤੇ ਉਨ੍ਹਾਂ ਨੇ ਖ਼ੁਦ ਵੀ ਅਜਿਹੇ ਰੁਝਾਨਾਂ ਦੇ ਵਿਰੁੱਧ ਸੰਘਰਸ਼ ਕੀਤਾ ਹੈ। ਚਾਹੀਦਾ ਤਾਂ ਇਹ ਸੀ ਕਿ ਇਸ ਮੁੱਦੇ ’ਤੇ ਆਮ ਰਾਏ ਬਣਾਈ ਜਾਂਦੀ ਅਤੇ ਉਹ ਸਾਰੀਆਂ ਜਥੇਬੰਦੀਆਂ ਅਤੇ ਪਾਰਟੀਆਂ, ਜਿਹੜੀਆਂ ਧਾਰਾ 370 ਨੂੰ ਮਨਸੂਖ਼ ਕੀਤੇ ਜਾਣ ਦੇ ਵਿਰੁੱਧ ਹਨ, ਇਕੱਠੀਆਂ ਹੋ ਕੇ ਆਪਣਾ ਰੋਸ ਦਰਜ ਕਰਦੀਆਂ। ਇਸ ਸਬੰਧ ਵਿਚ ਜੇਕਰ ਪੰਜਾਬ ਦੇ ਦਾਨਿਸ਼ਵਰਾਂ, ਲੇਖਕਾਂ, ਸਮਾਜਿਕ ਕਾਰਕੁਨਾਂ ਤੇ ਸੱਭਿਆਚਾਰਕ ਕਾਮਿਆਂ ਦੀ ਅਗਵਾਈ ਵਿਚ ਕੋਈ ਸਾਂਝੀ ਕਮੇਟੀ ਬਣਾ ਕੇ ਸਾਰੀਆਂ ਜਮਹੂਰੀ ਜਥੇਬੰਦੀਆਂ ਅਤੇ ਪਾਰਟੀਆਂ ਇਕਮੁੱਠ ਹੋ ਕੇ ਸਾਹਮਣੇ ਆਉਂਦੀਆਂ ਤਾਂ ਅਜਿਹੇ ਰੋਸ ਦਾ ਪ੍ਰਭਾਵ ਕਈ ਗੁਣਾ ਵਧ ਸਕਦਾ ਸੀ।
ਕੇਂਦਰੀ ਸਰਕਾਰ ਅਨੁਸਾਰ ਜੰਮੂ ਕਸ਼ਮੀਰ ਵਿਚ ਸੁੱਖ-ਸ਼ਾਂਤੀ ਹੈ ਪਰ ਬਹੁਤ ਸਾਰੇ ਇਲਾਕਿਆਂ ਵਿਚ ਅਜੇ ਵੀ ਪਾਬੰਦੀਆਂ ਹਨ। ਕਈ ਲੋਕਾਂ ਨੂੰ ਰਿਸ਼ਤੇਦਾਰਾਂ ਅਤੇ ਦੋਸਤਾਂ ਦੀ ਸਿਹਤ ਦਾ ਹਾਲ ਪਤਾ ਕਰਨ ਲਈ ਕਸ਼ਮੀਰ ਜਾਣ ਵਾਸਤੇ ਸੁਪਰੀਮ ਕੋਰਟ ਤੋਂ ਇਜਾਜ਼ਤ ਲੈਣਾ ਪਈ ਹੈ ਪਰ ਹਰ ਆਦਮੀ ਤਾਂ ਸੁਪਰੀਮ ਕੋਰਟ ਨਹੀਂ ਜਾ ਸਕਦਾ। ਇਸੇ ਤਰ੍ਹਾਂ ਕਈ ਚੈਨਲਾਂ ਤੇ ਅਖ਼ਬਾਰਾਂ ਅਨੁਸਾਰ ਕਸ਼ਮੀਰ ਵਿਚ ਲੱਗੀਆਂ ਪਾਬੰਦੀਆਂ ਵਿਰੁੱਧ ਵਾਦੀ ਵਿਚ ਰੋਸ ਪ੍ਰਦਰਸ਼ਨ ਵੀ ਹੋ ਰਹੇ ਹਨ। ਇਹੋ ਜਿਹੇ ਬੇਯਕੀਨੀ ਵਾਲੇ ਹਾਲਾਤ ਵਿਚ ਕਿਸੇ ਵੀ ਥਾਂ ਤੋਂ ਕਸ਼ਮੀਰ ਦੇ ਲੋਕਾਂ ਦੇ ਹੱਕ ਵਿਚ ਉੱਠੀ ਆਵਾਜ਼ ਉਨ੍ਹਾਂ ਨੂੰ ਹੌਸਲਾ ਦਿੰਦੀ ਹੈ। ਇਸ ਮਸਲੇ ਵਿਚ ਵੱਡਾ ਦੁਖਾਂਤ ਇਹ ਹੈ ਕਿ ਉਹ ਪਾਰਟੀਆਂ, ਜਿਹੜੀਆਂ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਹਮਾਇਤ ਕਰਦੀਆਂ ਆਈਆਂ ਹਨ, ਵੀ ਕੇਂਦਰ ਸਰਕਾਰ ਦੀ ਹਮਾਇਤ ’ਤੇ ਆ ਖੜ੍ਹੀਆਂ ਹੋਈਆਂ ਹਨ। ਇਨ੍ਹਾਂ ਵਿਚ ਸ਼ਿਵ ਸੈਨਾ, ਬਹੁਜਨ ਸਮਾਜ ਪਾਰਟੀ, ਬੀਜੂ ਜਨਤਾ ਦਲ, ਵਾਈਐੱਸਆਰ-ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਅੰਨਾਡੀਐੱਮਕੇ, ਅਸਮ ਗਣ ਪ੍ਰੀਸ਼ਦ ਅਤੇ ਕੁਝ ਹੋਰ ਖੇਤਰੀ ਪਾਰਟੀਆਂ ਵੀ ਸ਼ਾਮਲ ਹਨ। ਬਹੁਤ ਸਾਰੇ ਰਾਜਾਂ ਵਿਚ ਹਾਲਾਤ ਇਹੋ ਜਿਹੇ ਹਨ ਕਿ ਧਾਰਾ 370 ਅਤੇ ਕਸ਼ਮੀਰ ਵਿਚ ਲਾਈਆਂ ਗਈਆਂ ਪਾਬੰਦੀਆਂ ਦਾ ਵਿਰੋਧ ਕਰਨ ਵਾਲਿਆਂ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਿਆ ਜਾ ਰਿਹਾ ਹੈ। ਜਮਹੂਰੀ ਅਧਿਕਾਰਾਂ ਬਾਰੇ ਕੰਮ ਕਰਨ ਵਾਲੇ ਕਾਰਕੁਨਾਂ ਅਤੇ ਅਸਹਿਮਤੀ ਪ੍ਰਗਟਾਉਣ ਵਾਲਿਆਂ ਨੂੰ ਨਿਸ਼ਾਨਾ ਬਣਾਉਣ ਦੇ ਰੁਝਾਨ ਬਹੁਤ ਚਿੰਤਾਜਨਕ ਹਨ।


Comments Off on ਵੱਖਰੀ ਨੁਹਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.