ਜਾਇਦਾਦ ਕਾਰਨ ਭਰਾ ਵੱਲੋਂ ਭਰਾ ਦੀ ਹੱਤਿਆ !    ਯੂਕੇ ਦੇ ਚੋਟੀ ਦੇ ਜੱਜ ਨੇ ਸੁਪਰੀਮ ਕੋਰਟ ਦੀ ਕਾਰਵਾਈ ਦੇਖੀ !    ਭਗੌੜੇ ਗੈਂਗਸਟਰ ਰਵੀ ਪੁਜਾਰੀ ਨੂੰ ਭਾਰਤ ਲਿਆਂਦਾ ਗਿਆ !    ਮਾਣਹਾਨੀ ਕੇਸ ’ਚ ਤਲਬ ਕੀਤੇ ਜਾਣ ਖ਼ਿਲਾਫ਼ ਕੇਜਰੀਵਾਲ ਦੀ ਪਟੀਸ਼ਨ ’ਤੇ ਸੁਣਵਾਈ 28 ਨੂੰ !    ਦੁਬਈ ’ਚ ਹਮਵਤਨ ਦੀ ਕੁੱਟਮਾਰ ਲਈ ਦੋ ਭਾਰਤੀਆਂ ਨੂੰ ਸਜ਼ਾ !    ਅਸੀਂ ਕਿਉਂ ਪ੍ਰਦੇਸੀ ਹੋਈਏ ? !    ਮਾਲੇਰਕੋਟਲਾ ’ਚ ਭਾਈਚਾਰਕ ਏਕੇ ਦੀ ਮਿਸਾਲ !    ਗੁਆਚ ਗਏ ਉਹ ਦਿਨ... !    ਮੰਤਰੀ ਆਸ਼ੂ ਦੇ ਹੱਕ ਵਿਚ ਨਿੱਤਰੇ ਲੁਧਿਆਣਾ ਦੇ ਵਿਧਾਇਕ !    ਗੰਨਾ ਅਦਾਇਗੀ: ਕਿਸਾਨਾਂ ਨੇ ਪਨਿਆੜ ਮਿੱਲ ਦਾ ਸਟਾਫ ਅੰਦਰ ਡੱਕਿਆ !    

ਵਿਸ਼ਵ ਕੱਪ ਕੁਆਲੀਫਾਇਰ: ਭਾਰਤ ਨੇ ਕਤਰ ਨੂੰ ਬਰਾਬਰੀ ’ਤੇ ਰੋਕਿਆ

Posted On September - 12 - 2019

ਗੋਲਕੀਪਰ ਗੁਰਪ੍ਰੀਤ ਸਿੰਘ ਸੰਧੂ ਵੱਲੋਂ ਗੋਲ ਦਾ ਬਚਾਅ ਕਰਨ ਮਗਰੋਂ ਭਾਰਤੀ ਡਿਫੈਂਡਰ ਸੰਦੇਸ਼ ਝਿੰਗਣ ਉਸ ਦਾ ਹੌਸਲਾ ਵਧਾਉਂਦਾ ਹੋਇਆ। -ਫੋਟੋ: ਏਐਫਪੀ

ਦੋਹਾ, 11 ਸਤੰਬਰ
ਪਹਿਲੇ ਮੈਚ ਵਿੱਚ ਓਮਾਨ ਹੱਥੋਂ ਦਿਲ ਤੋੜਨ ਵਾਲੀ ਹਾਰ ਝੱਲਣ ਮਗਰੋਂ ਭਾਰਤੀ ਫੁਟਬਾਲ ਟੀਮ ਨੇ ਹੈਰਾਨੀਜਨਕ ਪ੍ਰਦਰਸ਼ਨ ਕਰਦਿਆਂ ਫੀਫਾ ਵਿਸ਼ਵ ਕੱਪ ਦੇ ਇੱਥੇ ਮੰਗਲਵਾਰ ਰਾਤ ਨੂੰ ਹੋਏ ਕੁਆਲੀਫਾਇਰ ਮੈਚ ਵਿੱਚ ਏਸ਼ਿਆਈ ਕੱਪ ਜੇਤੂ ਕਤਰ ਨੂੰ ਬਰਾਬਰੀ ’ਤੇ ਰੋਕ ਦਿੱਤਾ। ਬੁਖ਼ਾਰ ਤੋਂ ਪੀੜਤ ਆਪਣੇ ਕਪਤਾਨ ਸੁਨੀਲ ਛੇਤਰੀ ਤੋਂ ਬਿਨਾਂ ਮੈਦਾਨ ਵਿੱਚ ਉਤਰੇ ਭਾਰਤੀ ਫੁਟਬਾਲਰਾਂ ਨੇ ਜਨਵਰੀ ਵਿੱਚ ਏਸ਼ਿਆਈ ਕੱਪ ਜਿੱਤਣ ਵਾਲੇ ਕਤਰ ਨੂੰ ਕੋਈ ਗੋਲ ਨਹੀਂ ਕਰਨ ਦਿੱਤਾ।
ਪੂਰੇ ਮੈਚ ਵਿੱਚ ਗੋਲਕੀਪਰ ਗੁਰਪ੍ਰੀਤ ਸਿੰਘ ਸੰਧੂ ਸਿਤਾਰਾ ਬਣ ਕੇ ਚਮਕਿਆ ਅਤੇ ਗਰੁੱਪ ‘ਈ’ ਦੇ ਮੁਕਾਬਲੇ ਵਿੱਚ ਉਸ ਨੇ ਕਤਰ ਨੂੰ ਗੋਲ ਤੋਂ ਵਾਂਝਾ ਰੱਖਿਆ। ਤਾਜ਼ਾ ਫੀਫਾ ਦਰਜਾਬੰਦੀ ਵਿੱਚ 103 ਨੰਬਰ ’ਤੇ ਕਾਬਜ਼ ਭਾਰਤ ਨੇ ਵਿਸ਼ਵ ਵਿੱਚ 62ਵੇਂ ਨੰਬਰ ਦੀ ਟੀਮ ਕਤਰ ਨੂੰ ਉਸ ਦੇ ਹੀ ਮੈਦਾਨ ਵਿੱਚ ਡਰਾਅ ’ਤੇ ਰੋਕਿਆ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਹਾਲੀਆ ਕੁੱਝ ਸਮੇਂ ’ਚ ਭਾਰਤ ਦਾ ਇਹ ਸਰਵੋਤਮ ਨਤੀਜਾ ਹੈ। ਇਸ ਤੋਂ ਪਹਿਲਾਂ ਗੁਹਾਟੀ ਵਿੱਚ ਭਾਰਤ ਪੰਜ ਸਤੰਬਰ ਨੂੰ ਓਮਾਨ ਤੋਂ 1-2 ਗੋਲਾਂ ਨਾਲ ਹਾਰ ਗਿਆ ਸੀ। ਕਤਰ ਨਾਲ ਮੁਕਾਬਲੇ ਮਗਰੋਂ ਹੁਣ ਭਾਰਤ ਦਾ ਇੱਕ ਅੰਕ ਹੋ ਗਿਆ ਹੈ, ਜਦੋਂਕਿ ਕਤਰ ਦੇ ਚਾਰ ਅੰਕ ਹਨ। ਕਤਰ ਨੇ ਪਹਿਲੇ ਮੈਚ ਵਿੱਚ ਅਫ਼ਗਾਨਿਸਤਾਨ ਨੂੰ 6-0 ਨਾਲ ਹਰਾਇਆ ਸੀ।
ਦੋਵਾਂ ਟੀਮਾਂ ਵਿਚਾਲੇ ਪਿਛਲਾ ਅਧਿਕਾਰਤ ਮੈਚ ਸਤੰਬਰ 2007 ਦੌਰਾਨ ਵਿਸ਼ਵ ਕੱਪ ਕੁਆਲੀਫਾਇਰ ਵਿੱਚ ਖੇਡਿਆ ਗਿਆ, ਜਿਸ ਵਿੱਚ ਕਤਰ ਨੇ ਭਾਰਤ ਨੂੰ 6-0 ਗੋਲਾਂ ਨਾਲ ਹਰਾਇਆ ਸੀ। ਭਾਰਤੀ ਟੀਮ ਹੁਣ ਗਰੁੱਪ ‘ਈ’ ਵਿੱਚ ਤੀਜਾ ਮੈਚ 15 ਅਕਤੂਬਰ ਨੂੰ ਕੋਲਕਾਤਾ ਵਿੱਚ ਬੰਗਲਾਦੇਸ਼ ਖ਼ਿਲਾਫ਼ ਖੇਡੇਗੀ। ਇਸ ਮਗਰੋਂ 14 ਨਵੰਬਰ ਨੂੰ ਅਫ਼ਗਾਨਿਸਤਾਨ ਖ਼ਿਲਾਫ਼ ਅਤੇ 19 ਨਵੰਬਰ ਨੂੰ ਮਸਕਟ ਵਿੱਚ ਓਮਾਨ ਖ਼ਿਲਾਫ਼ ਮੈਚ ਹੋਵੇਗਾ। ਫਿਰ ਟੀਮ ਅਗਲੇ ਸਾਲ 26 ਮਾਰਚ ਨੂੰ ਕਤਰ ਖ਼ਿਲਾਫ਼ ਆਪਣਾ ਘਰੇਲੂ ਮੈਚ ਖੇਡੇਗੀ। ਅੱਠ ਗਰੁੱਪ ਵਿੱਚ ਹਰੇਕ ਸੀਨੀਅਰ ਟੀਮ ਅਤੇ ਦੂਜੇ ਸਥਾਨ ’ਤੇ ਰਹਿਣ ਵਾਲੀਆਂ ਸਰਵੋਤਮ ਚਾਰ ਟੀਮਾਂ ਵਿਸ਼ਵ ਕੱਪ ਕੁਆਲੀਫਾਇਰ ਦੇ ਅਗਲੇ ਗੇੜ ਵਿੱਚ ਪਹੁੰਚਣਗੀਆਂ।
-ਪੀਟੀਆਈ

ਕਤਰ ਖ਼ਿਲਾਫ਼ ਅੰਕ ਲੈਣ ਤੋਂ ਸਟਿਮਕ ਖ਼ੁਸ਼

ਦੋਹਾ: ਏਸ਼ਿਆਈ ਚੈਂਪੀਅਨ ਕਤਰ ਖ਼ਿਲਾਫ਼ ਇੱਕ ਅੰਕ ਪ੍ਰਾਪਤ ਕਰਨ ਤੋਂ ਖ਼ੁਸ਼ ਭਾਰਤੀ ਫੁਟਬਾਲ ਟੀਮ ਦੇ ਕੋਚ ਇਗੋਰ ਸਟਿਮਕ ਨੇ ਆਪਣੇ ਖਿਡਾਰੀਆਂ ਨੂੰ ਫੀਫਾ ਵਿਸ਼ਵ ਕੱਪ ਕੁਆਲੀਫਾਇਰ ਦੌਰਾਨ ਉਲਾਰਪਣ ਤੋਂ ਬਚਣ ਦੀ ਤਾਕੀਦ ਕੀਤੀ ਹੈ। ਸਾਬਕਾ ਕ੍ਰੋਏਸ਼ਿਆਈ ਖਿਡਾਰੀ ਨੇ ਕਿਹਾ ਕਿ ਭਾਰਤੀ ਖਿਡਾਰੀਆਂ ਨੂੰ ਲੈਅ ਬਰਕਰਾਰ ਰੱਖਦਿਆਂ ਅਗਲੇ ਮੈਚਾਂ ਵਿੱਚ ਅੰਕ ਹਾਸਲ ਕਰਨ ਵੱਲ ਧਿਆਨ ਦੇਣਾ ਹੋਵੇਗਾ। ਭਾਰਤ ਨੇ ਫੀਫਾ ਵਿਸ਼ਵ ਕੱਪ ਗੇੜ-2 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਤਰ ਨੂੰ ਬਰਾਬਰੀ ’ਤੇ ਰੋਕ ਕੇ ਇੱਕ ਅੰਕ ਖੱਟਿਆ ਹੈ। ਮੈਚ ਮਗਰੋਂ ਕੋਚ ਨੇ ਕਿਹਾ, ‘‘ਬਤੌਰ ਕੋਚ ਮੈਂ ਬਹੁਤ ਜ਼ਿਆਦਾ ਵੱਡੇ ਟੀਚੇ ਤੈਅ ਕਰਕੇ ਸਮਾਂ ਖ਼ਰਾਬ ਨਹੀਂ ਕਰਨਾ ਚਾਹੁੰਦਾ। ਕੁੱਝ ਦਿਨ ਪਹਿਲਾਂ ਹੀ ਅਸੀਂ ਓਮਾਨ ਤੋਂ ਹਾਰੇ ਸੀ। ਇਸ ਦੇ ਬਾਵਜੂਦ ਏਸ਼ਿਆਈ ਚੈਂਪੀਅਨ ਖ਼ਿਲਾਫ਼ ਇੱਕ ਅੰਕ ਪ੍ਰਾਪਤ ਕਰਕੇ ਮੈਂ ਬਹੁਤ ਖ਼ੁਸ਼ ਹਾਂ।’’ ਸਟਿਮਕ ਨੇ ਕਿਹਾ, ‘‘ਸਾਨੂੰ ਕੁੱਝ ਪਹਿਲੂਆਂ ’ਤੇ ਕੰਮ ਕਰਨ ਦੀ ਜ਼ਰੂਰਤ ਹੈ। ਮੈਂ ਇਸ ਡਰਾਅ ਲਈ ਆਪਣੀ ਟੀਮ ਹੀ ਨਹੀਂ, ਸਗੋਂ ਕਤਰ ਨੂੰ ਵੀ ਵਧਾਈ ਦੇਣਾ ਚਾਹੁੰਦਾ ਹਾਂ।’’ ਭਾਰਤੀ ਟੀਮ ਦੇ ਫਿਟਨੈੱਸ ਦੇ ਪੱਧਰ ’ਤੇ ਉਂਗਲ ਉਠਾੳਣ ਵਾਲਿਆਂ ਨੂੰ ਕਰੜੇ ਹੱਥੀਂ ਲੈਂਦਿਆਂ ਕੋਚ ਨੇ ਕਿਹਾ, ‘‘ਮੈਚ ਮਗਰੋਂ ਕੀਤੀ ਗਈ ਹਰੇਕ ਟਿੱਪਣੀ ਦਾ ਮੈਂ ਜਵਾਬ ਨਹੀਂ ਦੇ ਸਕਦਾ ਕਿਉਂਕਿ ਫੁਟਬਾਲ ਬਾਰੇ ਸਾਰਿਆਂ ਨੂੰ ਜਾਣਕਾਰੀ ਨਹੀਂ ਹੈ। ਸਾਡੀ ਟੀਮ ਫਿੱਟ ਹੈ ਅਤੇ ਅਸੀਂ ਇਹ ਸਾਬਤ ਕਰ ਦਿੱਤਾ ਹੈ।’’ ਭਾਰਤ ਦਾ ਅਗਲਾ ਮੈਚ 15 ਅਕਤੂਬਰ ਨੂੰ ਬੰਗਲਾਦੇਸ਼ ਖ਼ਿਲਾਫ਼ ਕੋਲਕਾਤਾ ਵਿੱਚ ਹੈ। ਕੋਚ ਨੂੰ ਆਸ ਹੈ ਕਿ ਸਵਾ ਕਰੋੜ ਦੀ ਆਬਾਦੀ ਵਾਲੇ ਇਸ ਦੇਸ਼ ਦੇ ਘੱਟੋ-ਘੱਟ 80 ਹਜ਼ਾਰ ਲੋਕ ਇਸ ਮੈਚ ਨੂੰ ਵੇਖਣ ਸਟੇਡੀਅਮ ਵਿੱਚ ਜ਼ਰੂਰ ਪਹੁੰਚਣਗੇ।
-ਪੀਟੀਆਈ

ਏਸ਼ਿਆਈ ਚੈਂਪੀਅਨ ਖ਼ਿਲਾਫ਼ ਡਰਾਅ ‘ਸ਼ਾਨਦਾਰ ਪ੍ਰਾਪਤੀ’: ਭੂਟੀਆ

ਨਵੀਂ ਦਿੱਲੀ: ਸਾਬਕਾ ਕਪਤਾਨ ਬਾਈਚੁੰਗ ਭੂਟੀਆ ਨੇ ਵਿਸ਼ਵ ਕੱਪ ਕੁਆਲੀਫਾਇਰ ਵਿੱਚ ਏਸ਼ਿਆਈ ਚੈਂਪੀਅਨ ਕਤਰ ਖ਼ਿਲਾਫ਼ ਡਰਾਅ ਦੌਰਾਨ ਭਾਰਤੀ ਟੀਮ ਦੇ ਪ੍ਰਦਰਸ਼ਨ ਦੀ ਪ੍ਰਸ਼ੰਸਾ ਕਰਦਿਆਂ ਇਸ ਨਤੀਜੇ ਨੂੰ ‘ਬਿਹਤਰੀਨ ਪ੍ਰਾਪਤੀ’ ਕਰਾਰ ਦਿੱਤਾ। ਉਸ ਨੇ ਕਿਹਾ ਕਿ ਇਹ ਨਤੀਜਾ ਭਾਰਤੀ ਖਿਡਾਰੀਆਂ ਨੂੰ ਅਗਲੇ ਗੇੜ ਵਿੱਚ ਪਹੁੰਚਣ ਲਈ ਪ੍ਰੇਰਿਤ ਕਰ ਸਕਦਾ ਹੈ। ਭੂਟੀਆ ਨੇ ਕਿਹਾ, ‘‘ਇਹ ਵੱਡੀ ਪ੍ਰਾਪਤੀ ਸੀ, ਏਸ਼ਿਆਈ ਚੈਂਪੀਅਨ ਕਤਰ ਖ਼ਿਲਾਫ਼ ਡਰਾਅ ਅਤੇ ਉਹ ਵੀ ਕਤਰ ਵਿੱਚ। ਖਿਡਾਰੀਆਂ ਨੂੰ ਇਸ ਮੈਚ ਤੋਂ ਪ੍ਰੇਰਨਾ ਲੈ ਕੇ ਵਿਸ਼ਵ ਕੱਪ ਕੁਆਲੀਫਾਇਰ ਦੇ ਅਗਲੇ ਮੈਚਾਂ ਵਿੱਚ ਹੌਸਲੇ ਨਾਲ ਉਤਰਨਾ ਚਾਹੀਦਾ ਹੈ।’’ ਉਸ ਨੇ ਕਿਹਾ, ‘‘ਖਿਡਾਰੀਆਂ ਨੇ ਓਮਾਨ ਅਤੇ ਕਤਰ ਖ਼ਿਲਾਫ਼ ਚੰਗੀ ਖੇਡ ਵਿਖਾਈ ਹੈ ਅਤੇ ਜੇਕਰ ਉਹ ਇਸੇ ਤਰ੍ਹਾਂ ਖੇਡਣਾ ਜਾਰੀ ਰੱਖਣਗੇ ਤਾਂ ਭਾਰਤ ਦੀ ਅਗਲੇ ਗੇੜ ਵਿੱਚ ਥਾਂ ਬਣਾਉਣ ਦੀ ਸੰਭਾਵਨਾ ਬਣ ਸਕਦੀ ਹੈ। ਪਰ ਇਹ ਸਿਰਫ਼ ਇੱਕ ਮੈਚ ਵਿੱਚ ਚੰਗਾ ਪ੍ਰਦਰਸ਼ਨ ਨਹੀਂ ਹੋਣਾ ਚਾਹੀਦਾ, ਉਸ ਨੂੰ ਅਗਲੇ ਮੈਚਾਂ ਵਿੱਚ ਵੀ ਲੈਅ ਜਾਰੀ ਰੱਖਣੀ ਚਾਹੀਦੀ ਹੈ।’’ ਗੋਲਕੀਪਰ ਗੁਰਪ੍ਰੀਤ ਸਿੰਘ ਸੰਧੂ ਮੈਚ ਦਾ ਸਟਾਰ ਰਿਹਾ, ਜਿਸ ਨੇ ਕਤਰ ਦੇ ਗੋਲ ਕਰਨ ਦੇ ਸਾਰੇ ਯਤਨਾਂ ਨੂੰ ਅਸਫਲ ਕਰਦਿਆਂ ਘੱਟ ਤੋਂ ਘੱਟ ਦਸ ਗੋਲ ਬਚਾਏ। ਭੂਟੀਆ ਨੇ ਕਿਹਾ, ‘‘ਉਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਇਸ ਡਰਾਅ ਵਿੱਚ ਉਸ ਦੀ ਭੂਮਿਕਾ ਅਹਿਮ ਰਹੀ।’’
-ਪੀਟੀਆਈ

ਫੁਟਬਾਲ ’ਚ ਕੁੱਝ ਵੀ ਹੋ ਸਕਦਾ ਹੈ: ਗੁਰਪ੍ਰੀਤ ਸੰਧੂ

ਦੋਹਾ: ਫੀਫਾ ਵਿਸ਼ਵ ਕੱਪ ਦੂਜੇ ਗੇੜ ਦੇ ਕੁਆਲੀਫਾਈਂਗ ਮੈਚ ਵਿੱਚ ਏਸ਼ਿਆਈ ਚੈਂਪੀਅਨ ਕਤਰ ਨੂੰ ਬਰਾਬਰੀ ’ਤੇ ਰੋਕਣ ਮਗਰੋਂ ਭਾਰਤੀ ਗੋਲਕੀਪਰ ਗੁਰਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਫੁਟਬਾਲ ਵਿੱਚ ਕੁੱਝ ਵੀ ਸੰਭਵ ਹੈ। ਆਪਣੇ ਕਰਿਸ਼ਮਈ ਕਪਤਾਨ ਸੁਨੀਲ ਛੇਤਰੀ ਤੋਂ ਬਗੈਰ ਖੇਡਦਿਆਂ ਭਾਰਤ ਦੀ ਨੌਜਵਾਨ ਟੀਮ ਨੇ ਜਨਵਰੀ ਵਿੱਚ ਏਸ਼ੀਆ ਕੱਪ ਜਿੱਤਣ ਵਾਲੇ ਕਤਰ ਨੂੰ ਗੋਲ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ। ਛੇਤਰੀ ਦੀ ਥਾਂ ਕਪਤਾਨੀ ਕਰਨ ਵਾਲੇ ਗੁਰਪ੍ਰੀਤ ਨੇ ਕਿਹਾ, ‘‘ਮੈਨੂੰ ਆਪਣੀ ਟੀਮ ਦੇ ਪ੍ਰਦਰਸ਼ਨ ’ਤੇ ਫ਼ਖ਼ਰ ਹੈ।’’ ਉਸ ਨੇ ਕਿਹਾ, ‘‘ਟੀਮ ਦੇ ਯਤਨਾਂ ਨਾਲ ਸਾਨੂੰ ਸਫਲਤਾ ਮਿਲੀ। ਇਸ ਨਾਲ ਕੁਆਲੀਫਾਇਰ ਵਿੱਚ ਕਾਫ਼ੀ ਮਦਦ ਮਿਲੇਗੀ।’’ ਉਸ ਨੇ ਕਿਹਾ, ‘‘ਅਸੀਂ ਨੇ ਅਜੇ ਦੋ ਹੀ ਮੈਚ ਖੇਡੇ ਹਨ ਅਤੇ ਦੋਵੇਂ ਮਜ਼ਬੂਤ ਟੀਮਾਂ ਨਾਲ ਸਾਹਮਣਾ ਹੋਇਆ ਹੈ। ਇਸ ਨਾਲ ਆਤਮਵਿਸ਼ਵਾਸ ਵਧੇਗਾ ਅਤੇ ਫੁਟਬਾਲ ਵਿੱਚ ਕੁੱਝ ਵੀ ਸੰਭਵ ਹੈ।’’ ਗੁਰਪ੍ਰੀਤ ਨੇ ਕਿਹਾ, ‘‘ਸਾਰਿਆਂ ਨੇ ਚੰਗਾ ਪ੍ਰਦਰਸ਼ਨ ਕੀਤਾ ਅਤੇ ਆਪਣਾ ਸੌ ਫੀਸਦ ਦੇਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਅਸੀਂ ਸੰਤੁਸ਼ਟ ਹੋ ਕੇ ਡਰੈਸਿੰਗ ਰੂਮ ਵਿੱਚ ਪਰਤੇ।’’
-ਪੀਟੀਆਈ


Comments Off on ਵਿਸ਼ਵ ਕੱਪ ਕੁਆਲੀਫਾਇਰ: ਭਾਰਤ ਨੇ ਕਤਰ ਨੂੰ ਬਰਾਬਰੀ ’ਤੇ ਰੋਕਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.