‘ਗਿਆਨ ਉਤਸਵ’ ਤਹਿਤ ਵਿਦਿਅਕ ਮੁਕਾਬਲੇ ਕਰਵਾਏ !    ਐੱਸਐੱਮਓ ਵੱਲੋਂ ਲੋੜੀਦੀਆਂ ਸਾਵਧਾਨੀਆਂ ਵਰਤਣ ਦੇ ਨਿਰਦੇਸ਼ !    ਨਾਟਕ ‘ਦਮ ਤੋੜਦੇ ਰਿਸ਼ਤੇ’ ਨੇ ਨਸ਼ਿਆਂ ਖ਼ਿਲਾਫ਼ ਹੋਕਾ ਦਿੱਤਾ !    ਸਟੋਕਸ ਨੇ ਫਿਰ ਨਿਊਜ਼ੀਲੈਂਡ ਨੂੰ ਵਖ਼ਤ ਪਾਇਆ !    ਲੜਕੀ ਨੇ ਫੇਸਬੁੱਕ ’ਤੇ ਲਾਈਵ ਹੋ ਕੇ ਖਾਧਾ ਜ਼ਹਿਰ !    ਕਰਤਾਰਪੁਰ ਲਾਂਘਾ: ਪਾਕਿ ’ਤੇ ਬੇਵਜ੍ਹਾ ਸ਼ੱਕ ਠੀਕ ਨਹੀਂ !    ਚਾਨਣ ਦੇ ਰਾਹੀ !    ਗਿਆਨ ਦਾ ਭੰਡਾਰ ‘ਵਿਕੀਪੀਡੀਆ’ !    ਆਦਰਸ਼ ਸਕੂਲ ਮੁਖੀ ਕਿਹੋ ਜਿਹਾ ਹੋਵੇ ? !    ਖ਼ੂਨ ਵਿੱਚ ਘੱਟ ਪਲੇਟਲੈੱਟ ਹੋਣ ਦਾ ਮਤਲਬ ਡੇਂਗੂ ਨਹੀਂ !    

ਵਿਉਂਤ ਮੁਤਾਬਿਕ ਹੋਣ ਵਿਆਪਕ ਯੋਜਨਾਵਾਂ

Posted On September - 10 - 2019

550ਵਾਂ ਪ੍ਰਕਾਸ਼ ਉਤਸਵ

ਬੀਰ ਦਵਿੰਦਰ ਸਿੰਘ

ਸਿੱਖ ਧਰਮ ਅੱਜ ਇਕ ਵਿਸ਼ਵ ਧਰਮ ਹੈ। ਇਸ ਧਰਮ ਦੇ ਪੈਰੋਕਾਰਾਂ ਦੀ ਜੀਵਨਜਾਚ ਦਾ ਆਧਾਰ ਗੁਰਮਤਿ ਹੈ। ਸੁਮੇਰ ਪਰਬਤ ’ਤੇ ਹੋਈ ਸਿੱਧ ਗੋਸ਼ਟੀ ਵਿਚ ਗੁਰੂ ਨਾਨਕ ਦੇਵ ਜੀ ਨੂੰ ਸਿੱਧਾਂ ਦਾ ਮੂਲ ਸਵਾਲ ਇਹ ਸੀ;
ਕਵਣ ਮੂਲੁ ਕਵਣ ਮਤਿ ਵੇਲਾ॥
ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ॥
ਗੁਰੂ ਨਾਨਕ ਦੇਵ ਜੀ ਦਾ ਸਿੱਧਾਂ ਨੂੰ ਇਹ ਉੱਤਰ ਸੀ;
ਪਵਨ ਅਰੰਭੁ ਸਤਿਗੁਰ ਮਤਿ ਵੇਲਾ॥
ਸਬਦੁ ਗੁਰੂ ਸੁਰਤਿ ਧੁਨਿ ਚੇਲਾ॥
(ਭਾਵ : ਸੁਆਸ ਮਨੁੱਖ ਦੇ ਜੀਵਨ ਦੀ ਹਸਤੀ ਦਾ ਮੁੱਢ ਹੈ ਤੇ ਇਹ ਸੁੱਚਾ ਸਮਾਂ ਸਤਿਗੁਰੂ ਦੀ ਸਿੱਖਿਆ ਲੈਣ ਦਾ ਹੈ। ਸ਼ਬਦ ਮੇਰਾ ਗੁਰੂ (ਪ੍ਰਭੂ) ਹੈ, ਮੇਰੀ ਸੁਰਤੀ ਸ਼ਬਦ ਦੀ ਮੁਰੀਦ ਹੈ)
ਉਪਰੋਕਤ ਤੋਂ ਪ੍ਰਤੱਖ ਹੈ ਕਿ ਸ਼ਬਦ ਦਾ ਆਵੇਸ਼ ਸਿੱਖ ਸੁਰਤੀ ਦਾ ਮੂਲ ਪ੍ਰੇਰਨਾ ਸਰੋਤ ਹੈ, ਸ਼ਬਦ ਹੀ ਸਿੱਖ ਸੋਝੀ ਦਾ ਮੂਲ ਸ੍ਵਰ ਸਵਰ ਤੇ ਉਸਦੀ ਪ੍ਰਤਿਧੁਨੀ ਹੈ। ਸ਼ਬਦ ਦੀ ਭਾਵਨਾ ਦੇ ਭਿੰਨ-ਭਿੰਨ ਤੱਤਾਂ ਦਾ ਸੰਸਲੇਸ਼ਣਕ ਸੰਜੋਗ ਹਨ। ਸਿੱਖ ਧਰਮ ਦੇ ਪਵਿੱਤਰ ਧਰਮ-ਗ੍ਰੰਥ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ। ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਬਾਨੀ ਹਨ, ਇਸ ਲਈ ਉਨ੍ਹਾਂ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਯਾਦਗਾਰੀ ਉਤਸਵ ਦੇ ਰੂਪ ਵਿਚ ਮਨਾਉਣ ਲਈ ਸਮੁੱਚੀ ਸਿੱਖ ਕੌਮ ਨੂੰ ਸੁਚੱਜੀ ਵਿਉਂਤ ਅਨੁਸਾਰ ਵਿਆਪਕ ਯੋਜਨਾਵਾਂ ’ਤੇ ਅਮਲ ਕਰਨਾ ਚਾਹੀਦਾ ਹੈ। ਇਸ ਸਮੁੱਚੇ ਪ੍ਰਸੰਗ ਵਿਚ ਨਿਮਰ ਸਿੱਖ ਸ਼ਿਸ਼ਟਾਚਾਰ ਇਸ ਗੱਲ ਦੀ ਮੰਗ ਕਰਦਾ ਹੈ ਕਿ ਸਾਡੀ ਰੁਚੀ ਝੂਠੀ ਸ਼ੋਹਰਤ ਖੱਟਣ ਜਾਂ ਆਪਣੀ ਵਿਅਕਤੀਗਤ ਭੱਲ ਬਣਾਉਣ ਦੀ ਬਜਾਏ, ਕੋਈ ਨਾ ਕੋਈ ਪੁਖ਼ਤਾ ਯੋਗਦਾਨ ਪਾਉਣ ਵੱਲ ਕੇਂਦਰਿਤ ਹੋਣੀ ਚਾਹੀਦੀ ਹੈ।
ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਸਮੁੱਚੇ ਸਿੱਖ ਜਗਤ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ। ਸਿੱਖ ਧਰਮ ਦਾ ਸੰਕਲਪ ਵਿਸ਼ਵ-ਵਿਆਪੀ ਹੈ, ਇਸ ਲਈ ਇਸ ਵਿਸ਼ੇਸ਼ ਪੁਰਬ ਨੂੰ ਵਿਸ਼ਵ ਪੱਧਰ ’ਤੇ ਮਨਾਉਣ ਦੀ ਵਿਆਪਕ ਯੋਜਨਾਬੰਦੀ ਹੋਣੀ ਚਾਹੀਦੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਵਿਧੀ ਵਿਧਾਨ ਰਾਹੀਂ ਸਥਾਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਸਿਰਮੌਰ ਸੰਸਥਾ ਹੈ, ਪਰ ਸਿੱਖ ਧਰਮ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ, ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਨਿਵੇਕਲਾ ਮਹੱਤਵ ਹੈ। ਇਸ ਪ੍ਰਕਾਸ਼ ਉਤਸਵ ਦਾ ਸਹੀ ਦ੍ਰਿਸ਼ਟੀ ਵਿਚ ਪ੍ਰਬੰਧ ਸਮੁੱਚੀ ਸਿੱਖ ਲੀਡਰਸ਼ਿਪ ਲਈ ਪਰਖ ਦੀ ਘੜੀ ਹੈ। ਇਸ ਮਹਾਨ ਕਾਰਜ ਵਿਚ ਸਮੂਹ ਸਿੱਖ ਸੰਸਥਾਵਾਂ, ਸਿੱਖ ਖੋਜ ਸੰਸਥਾਵਾਂ, ਸਿੱਖ ਬੁੱਧੀਜੀਵੀਆਂ, ਲੇਖਕਾਂ, ਪ੍ਰਚਾਰਕਾਂ, ਰਾਗੀਆਂ, ਢਾਡੀਆਂ, ਕਵੀਸ਼ਰਾਂ ਤੇ ਕਥਾਵਾਚਕਾਂ, ਪਾਠੀਆਂ ਅਤੇ ਅਰਦਾਸੀਆਂ ਦੀ ਵੱਡੀ ਭੂਮਿਕਾ ਬਣਦੀ ਹੈ। ਇਸ ਲਈ ਉਨ੍ਹਾਂ ਦੇ ਕਾਰਜ ਖੇਤਰਾਂ ਦੀ ਸ਼ਨਾਖਤ ਕਰਕੇ, ਇਹ ਕਾਰਜ ਉਨ੍ਹਾਂ ਦੇ ਸਪੁਰਦ ਹੋਣੇ ਚਾਹੀਦੇ ਹਨ। ਉਹ ਹੀ ਦੱਸਣ ਕਿ ਗੁਰੂ ਨਾਨਕ ਦੇਵ ਜੀ ਦੀ ਫਿਲਾਸਫ਼ੀ ਨੂੰ ਸਮੁੱਚੀ ਸਿੱਖ ਚੇਤਨਾ ਅਤੇ ਜੀਵਨ ਜਾਚ ਵਿਚ ਕਿਵੇਂ ਢਾਲਣਾ ਹੈ?
ਵਿਸ਼ਵ ਸਰੋਕਾਰਾਂ ਦੀ ਦ੍ਰਿਸ਼ਟੀ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰੂ ਨਾਨਕ ਸਾਹਿਬ ਦੀ ਫਿਲਾਸਫ਼ੀ ਅਨੁਸਾਰ ਸਮੁੱਚੇ ਸਿੱਖ ਭਾਈਚਾਰੇ ਲਈ ਇਕ ਕੇਂਦਰੀ ਸੰਦੇਸ਼ ਜਾਰੀ ਹੋਣਾ ਚਾਹੀਦਾ ਹੈ ਜੋ ਜੀਵਨ ਦੇ ਹਰ ਖੇਤਰ ਲਈ ਪ੍ਰਸੰਗਿਕ ਹੋਵੇ। ਇਹ ਸੰਦੇਸ਼ ਦੇਸ਼-ਪ੍ਰਦੇਸ ਦੇ ਸਾਰੇ ਗੁਰਦੁਆਰਿਆਂ ਵਿਚ ਪੜ੍ਹਿਆ ਤੇ ਪ੍ਰਸਾਰਿਆ ਜਾਣਾ ਚਾਹੀਦਾ ਹੈ। ਇਸ ਸਬੰਧੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦੇ ਲੰਮੇ ਪੈਂਡਿਆਂ ਦੀ ਗਾਥਾ, ਉਨ੍ਹਾਂ ਦੇ ਤਰਜੀਹੀ ਸੰਕਲਪਾਂ ਦੇ ਮੂਲ ਮਨੋਰਥਾਂ ਨੂੰ ਅਜੋਕੇ ਵਿਸ਼ਵ ਸਰੋਕਾਰਾਂ ਦੇ ਪ੍ਰਸੰਗ ਵਿਚ ਮੁੜ ਪੇਸ਼ ਕਰਨਾ ਸਮੇਂ ਦੀ ਵੱਡੀ ਲੋੜ ਹੈ। ਇਸ ਕਾਰਜ ਨੂੰ ਸਹੀ ਦ੍ਰਿਸ਼ਟੀ ਵਿਚ ਨੇਪਰੇ ਚਾੜ੍ਹਨ ਲਈ ਨਵੇਂ ਅਤੇ ਸੰਜੀਦਾ ਖੋਜ ਕਾਰਜਾਂ ਨੂੰ ਪਹਿਲ ਦੇਣੀ ਚਾਹੀਦੀ ਹੈ।
ਸਿੱਖ ਧਰਮ ਅੱਜ ਇਕ ਵਿਸ਼ਵ ਧਰਮ ਦੇ ਰੂਪ ਵਿਚ ਸਥਾਪਿਤ ਹੋ ਚੁੱਕਾ ਹੈ, ਇਸ ਲਈ ਇਸਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਫਲਸਫ਼ੇ ਦੇ ਸੂਖਮ ਸੰਕੇਤ ਅਤੇ ਸੰਦੇਸ਼ ਸਮੁੱਚੀ ਮਾਨਵਤਾ ਦੇ ਭਲੇ ਲਈ ਉਨ੍ਹਾਂ ਤਕ ਅੱਪੜਨੇ ਜ਼ਰੂਰੀ ਹਨ। ਅੱਜ ਸੰਸਾਰ ਦਾ ਬਹੁਤ ਵੱਡਾ ਹਿੱਸਾ ਬਹੁ-ਸੱਭਿਆਚਾਰੀ, ਬਹੁ-ਧਰਮੀ, ਬਹੁ-ਭਾਸ਼ਾਈ ਅਤੇ ਬਹੁ-ਨਸਲੀ ਮਨੁੱਖੀ ਸਮਾਜ ਦੇ ਅੰਤਰ ਵਿਰੋਧਾਂ ਦੇ ਦਵੰਦ ਨਾਲ ਜੂਝ ਰਿਹਾ ਹੈ। ਇਸ ਪਰਿਪੇਖ ਵਿਚ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦੇ ਸੂਖਮ ਟੀਚਿਆਂ ਦੀ ਅਸਲੀਅਤ ਅਤੇ ਸਾਪੇਖਤਾ ਨੂੰ ਪੂਰੇ ਵਿਸ਼ਵ ਵਿਚ ਪਹੁੰਚਾਉਣ ਦੀ ਲੋੜ ਹੈ। ਗੁਰੂ ਜੀ ਦੀਆਂ ਉਦਾਸੀਆਂ ਦੇ ਪੈਂਡਿਆਂ ਦੀਆਂ ਪੈੜਾਂ ਤੇ ਸਾਖੀਆਂ ਦੇ ਸੱਚ ਅੱਜ ਦੇ ਬੇਨੂਰ ਸਮਿਆਂ ਵਿਚ ਮਾਨਵਤਾ ਦੇ ਪਸਾਰੇ ਲਈ ਪੂਰੇ ਵਿਸ਼ਵ ਵਿਚ ਪੁਨਰ ਪ੍ਰਭਾਸ਼ਿਤ ਕਰਨੇ ਸਮੇਂ ਦੀ ਲੋੜ ਹਨ।

ਬੀਰ ਦਵਿੰਦਰ ਸਿੰਘ

ਇਸ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪ੍ਰਮੁੱਖ ਸਿੱਖ ਸੰਸਥਾਵਾਂ ਦੀ ਭੂਮਿਕਾ ਅਹਿਮ ਹੈ। ਅੰਮ੍ਰਿਤਸਰ ਸਿੱਖ ਧਰਮ ਦਾ ਕੇਂਦਰੀ ਸੰਚਾਲਨ ਅਸਥਾਨ ਹੈ। ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਰੁਤਬਾ ਕਿਸੇ ਵੀ ਤਰ੍ਹਾਂ ਇਸਾਈਅਤ ਦੇ ਵੈਟੀਕਨ (ਰੋਮ) ਅਤੇ ਇਸਲਾਮ ਦੇ ਮੱਕੇ-ਮਦੀਨੇ ਤੋਂ ਘੱਟ ਨਹੀਂ। ਇਸ ਲਈ ਇਸ ਪ੍ਰਕਾਸ਼ ਦਿਹਾੜੇ ’ਤੇ ਇਨ੍ਹਾਂ ਸਥਾਨਾਂ ਦੀ ਪ੍ਰਬੰਧ ਪ੍ਰਣਾਲੀ ਨੂੰ ਵਿਸ਼ੇਸ਼ ਤੌਰ ’ਤੇ ਪਦ ਉੱਨਤ ਕਰਨਾ ਸਮੇਂ ਦੀ ਮੰਗ ਹੈ। ਨਵੀਂ ਤਕਨਾਲੋਜੀ ਦੀ ਵਰਤੋਂ ਕਰਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਦਾ ਨਵੀਨੀਕਰਨ ਅਤੇ ਦਰਜਾਬੰਦੀ ਕਰਨ ਦੀ ਜ਼ਰੂਰਤ ਹੈ। ਵਿਸ਼ਵੀਕਰਨ ਦੇ ਸਮਕਾਲੀਨ ਦੌਰ ਵਿਚ ਧਰਮ, ਗਿਆਨ ਅਤੇ ਵਿਗਿਆਨ ਦੇ ਖੇਤਰ ਵਿਚ ਬਹੁਤ ਸਾਰੀਆਂ ਅਜਿਹੀਆਂ ਜਾਣਕਾਰੀਆਂ ਸਾਡੇ ਗਿਆਨ ਵਿਚ ਵਾਧਾ ਕਰ ਰਹੀਆਂ ਹਨ, ਜੋ ਨਵੀਆਂ ਤੇ ਹੈਰਾਨ ਕਰਨ ਵਾਲੀਆਂ ਹਨ। ਇਨ੍ਹਾਂ ਵਿਚੋਂ ਕੁਝ ਜਾਣਕਾਰੀਆਂ ਗੁਰੂ ਨਾਨਕ ਦੇਵ ਜੀ ਦੀਆਂ ਚਾਰ ਉਦਾਸੀਆਂ ਦੀ ਪੁਨਰ ਸਮੀਖਿਆ ਦੀ ਲੋੜ ਨੂੰ ਲਾਜ਼ਮੀ ਬਣਾਉਂਦੀਆਂ ਹਨ। ਇਹ ਜਾਣਕਾਰੀਆਂ ਸਿੱਖ ਵਿਦਵਾਨਾਂ ਤੇ ਇਤਿਹਾਸਕਾਰਾਂ ਲਈ ਨਵੀਂ ਖੋਜ ਦਾ ਦਿਲਚਸਪ ਵਿਸ਼ਾ ਹੋ ਸਕਦੀਆਂ ਹਨ। ਦੁੱਖ ਹੈ ਕਿ ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਾਲੇ ਕੋਈ ਪੂਣੀ ਵੀ ਨਹੀਂ ਕੱਤੀ।
ਪਾਕਿਸਤਾਨ ਸਰਕਾਰ ਵੱਲੋਂ ਇਸ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਨਕਾਣਾ ਸਾਹਿਬ ਵਿਖੇ ‘ਬਾਬਾ ਨਾਨਕ ਵਿਸ਼ਵ ਯੂਨੀਵਰਸਿਟੀ’ ਦੀ ਸਥਾਪਨਾ ਕੀਤੀ ਜਾ ਰਹੀ ਹੈ। ਇਸਦੇ ਮੁਕਾਬਲੇ ਸਾਡੀ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਜਿਹੀ ਸਦੀਵੀ ਸੰਸਥਾ ਹੋਂਦ ਵਿਚ ਲਿਆਉਣ ਦਾ ਸੁਪਨਾ ਵੀ ਨਹੀਂ ਲਿਆ।
ਗੁਰੂ ਨਾਨਕ ਦੇਵ ਜੀ ਦੀ ਫਿਲਾਸਫ਼ੀ ਵਿਚ ਗੋਸ਼ਟੀਆਂ ਦਾ ਵਿਸ਼ੇਸ਼ ਮਹੱਤਵ ਹੈ। ਗੁਰੂ ਜੀ ਦੀਆਂ ਉਦਾਸੀਆਂ ਦਾ ਮਕਸਦ ਵਹਿਮਾਂ ਭਰਮਾਂ ਵਿਚ ਉਲਝੀ ਮਨੁੱਖਤਾ ਨੂੰ ਜਾਤ, ਪਾਤ ਤੇ ਰੰਗ ਦੇ ਸਭ ਬਖੇੜਿਆਂ ਤੋਂ ਮੁਕਤ ਕਰ ਕੇ ਸਰਲ ਅਤੇ ਸਾਦਾ ਜੀਵਨ, ਸੁੱਚੀਆਂ ਸਮਾਜਿਕ ਕਦਰਾਂ ਕੀਮਤਾਂ ’ਤੇ ਆਧਾਰਿਤ ਵਿਸ਼ਵ ਭਾਈਚਾਰੇ ਦੀ ਸਿਰਜਣਾ ਕਰਨਾ ਸੀ। ਇਸ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਦੇਖ-ਰੇਖ ਵਿਚ ਇਕ ਵਿਸ਼ਵ ਪੱਧਰ ਦੀ ਅੰਤਰ-ਧਰਮ ਗਿਆਨ ਗੋਸ਼ਟੀ ਵੀ ਮੰਜੀ ਸਾਹਿਬ, ਅੰਮ੍ਰਿਤਸਰ ਵਿਖੇ ਕਰਾਉਣੀ ਚਾਹੀਦੀ ਹੈ ਜਿਸ ਵਿਚ ਵੈਟੀਕਨ ਤੋਂ ਇਸਾਈਅਤ ਦੇ ਪੋਪ ਜਾਂ ਉਨ੍ਹਾਂ ਦੇ ਪ੍ਰਮੁੱਖ ਕਾਰਡੀਨਲ, ਬੁੱਧ ਧਰਮ ਤੋਂ ਸਤਿਕਾਰਤ ਦਲਾਈ ਲਾਮਾ, ਇਸਲਾਮ ਦੇ ਪ੍ਰਤੀਨਿਧ ਦੇ ਤੌਰ ’ਤੇ ਸਾਉਦੀ-ਅਰਬ ਮੱਕੇ ਤੋਂ ਇਮਾਮ ਅਬਦੁਰ ਰਹਿਮਾਨ ਇਬਨ ਅਬਦੁਲ ਅਜ਼ੀਜ਼ ਅਸ-ਸਊਦੀਆ ਜਾਂ ਉਨ੍ਹਾਂ ਵੱਲੋਂ ਮਨੋਨੀਤ ਕੋਈ ਵੀ ਹੋਰ ਇਮਾਮ, ਸਦਗੁਰੂ ਜੱਗੀ ਵਾਸੁਦੇਵਾ, ਅਤੇ ਕਿਸੇ ਵੀ ਹਿੰਦੂ ਮੱਠ ਦੇ ਸ਼ੰਕਰਾਅਚਾਰੀਆ ਆਦੀ ਨੂੰ ਇਸ ਗਿਆਨ ਗੋਸ਼ਟੀ ਵਿਚ ਸ਼ਾਮਲ ਹੋਣ ਲਈ ਸੱਦਾ ਪੱਤਰ ਭੇਜਣੇ ਚਾਹੀਦੇ ਹਨ ਤਾਂ ਕਿ ਇਹ ਜਾਣਿਆ ਜਾ ਸਕੇ ਕਿ ਸਿੱਖ ਧਰਮ ਦੇ ਮੂਲ ਸਿਧਾਂਤਾਂ ਦੇ ਪ੍ਰਸੰਗ ਵਿਚ ਵਿਸ਼ਵ ਦੇ ਬਾਕੀ ਧਰਮਾਂ ਦਾ ਦ੍ਰਿਸ਼ਟੀਕੋਣ ਕੀ ਹੈ ?
ਕਿਸੇ ਵੀ ਧਰਮ ਸਥਾਨ, ਭਗਤਾਂ, ਦਰਵੇਸ਼ਾਂ ਜਾਂ ਫ਼ਕੀਰਾਂ ਨਾਲ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਸਮੇਂ ਭੇਟ ਵਾਰਤਾ ਕੀਤੀ ਜਾਂ ਉਨ੍ਹਾਂ ਦੇ ਪਵਿੱਤਰ ਅਸਥਾਨਾਂ ਦੀ ਯਾਤਰਾ ਕੀਤੀ, ਉਨ੍ਹਾਂ ਅਸਥਾਨਾਂ ਦੇ ਪ੍ਰਤੀਨਿਧਾਂ ਨੂੰ ਵੀ ਸੱਦਾ ਪੱਤਰ ਭੇਜਣੇ ਬਣਦੇ ਹਨ। ਮਿਸਾਲ ਦੇ ਤੌਰ ’ਤੇ ਸੂਫ਼ੀ ਫ਼ਕੀਰ ਬਾਬਾ ਸ਼ੇਖ ਫ਼ਰੀਦ ਦੀ ਦਰਗਾਹ, ਪਾਕਪਟਨ ਤੋਂ ਉਨ੍ਹਾਂ ਦੇ ਗੱਦੀਨਸ਼ੀਨ ਨੂੰ ਸੱਦਾ ਦੇਣਾ ਬਣਦਾ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਖ਼ੁਦ ਚੱਲ ਕੇ ਗਏ ਅਤੇ ਬਾਬਾ ਫ਼ਰੀਦ ਦੇ ਦਸਵੇਂ ਜਾਨਸ਼ੀਨ ਸ਼ੇਖ ਇਬਰਾਹਿਮ (ਰਹਿਮਤੁੱਲਾ ਅਲਿਹ) ਨਾਲ ਮੁਲਾਕਾਤ ਕਰਕੇ ਉਨ੍ਹਾਂ ਪਾਸੋਂ ਫ਼ਰੀਦ ਜੀ ਦੇ 134 ਸ਼ਲੋਕ ਪ੍ਰਾਪਤ ਕੀਤੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ। ਇਸ ਪਵਿੱਤਰ ਦਰਗਾਹ ਦੇ ਮੌਜੂਦਾ ਜਾਨਸ਼ੀਨ ਨੂੰ ਸੱਦਾ ਪੱਤਰ ਭੇਜਣਾ ਚਾਹੀਦਾ ਹੈ। ਉਂਜ ਚਾਹੀਦਾ ਤਾਂ ਇਹ ਸੀ ਕਿ ਸ੍ਰੀ ਨਨਕਾਣਾ ਸਾਹਿਬ ਤੋਂ ਜੋ ਨਗਰ ਕੀਰਤਨ ਪਹਿਲੀ ਅਗਸਤ ਨੂੰ ਆਰੰਭ ਹੋਇਆ, ਉਹ ਬਰਾਸਤਾ ਪਾਕਪਟਨ (ਚਿੱਲਾ ਬਾਬਾ ਸ਼ੇਖ ਫ਼ਰੀਦ) ’ਤੇ ਅਕੀਦਤ ਭੇਟ ਕਰਦਾ ਹੋਇਆ ਭਾਈ ਲਾਲੋ ਦੇ ਸਥਾਨ ਸੈਦਪੁਰ (ਹੁਣ ਏਮਨਾਬਾਦ) ਵੀ ਜ਼ਰੂਰ ਅੱਪੜਦਾ। ਇਸੇ ਤਰ੍ਹਾਂ ਭਗਤ ਕਬੀਰ ਅਤੇ ਭਗਤ ਰਵਿਦਾਸ ਅਤੇ ਗੁਰੂ ਸਾਹਿਬ ਦੇ ਹੋਰ ਵੀ ਸਮਕਾਲੀ ਭਗਤਾਂ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਉਨ੍ਹਾਂ ਨੂੰ ਵੀ ਸ਼ਰਧਾ ਪੂਰਵਕ ਯਾਦ ਕੀਤਾ ਜਾਂਦਾ। ਇਨ੍ਹਾਂ ਸਾਰੀਆਂ ਮਹੱਤਵਪੂਰਨ ਕਾਰਜ ਯੋਜਨਾਵਾਂ ਦੇ ਦਸਤਾਵੇਜ਼ੀ ਸਬੂਤ ਭਵਿੱਖ ਵਿਚ ਸਲਾਮਤ ਰੱਖਣ ਲਈ ਪੁਰਾਲੇਖੀ ਮਹੱਤਤਾ ਵਾਲੇ ਸਾਰੇ ਦਸਤਾਵੇਜ਼ਾਂ, ਚਿੱਤਰਾਂ ਅਤੇ ਵੀਡੀਓਜ਼ ਦੀ ਡਿਜ਼ੀਟਲਾਈਜੇਸ਼ਨ ਕਰਵਾ ਕੇ ਲਾਇਬ੍ਰੇਰੀ ਸਥਾਪਤ ਕਰਨਾ ਜ਼ਰੂਰੀ ਹੈ, ਇਨ੍ਹਾਂ ਸਾਰੇ ਦਸਤਾਵੇਜ਼ਾਂ ਦੇ ਕਈ ਉਤਾਰੇ ਤਿਆਰ ਕਰਕੇ ਵਿਦੇਸ਼ਾਂ ਵਿਚ ਵੀ ਸੁਰੱਖਿਅਤ ਰੱਖਣੇ ਚਾਹੀਦੇ ਹਨ ਤਾਂ ਜੋ ‘ਸਿੱਖ ਰੈਫਰੈਂਸ ਲਾਇਬ੍ਰੇਰੀ’ ਨੂੰ ਸਾਕਾ ਨੀਲਾ ਤਾਰਾ ਸਮੇਂ ਪਤਾ ਨਹੀਂ ਕਿੰਨੀਆਂ ਦੁਰਲੱਭ ਲਿਖਤਾਂ ਗਾਇਬ ਹੋ ਗਈਆਂ ਸਨ।
ਸਾਨੂੰ ਬਹੁਤ ਧਿਆਨ ਨਾਲ ਕੰਮ ਕਰਨਾ ਚਾਹੀਦਾ ਹੈ। ਕਿਤੇ ਕਿਸੇ ਨੂੰ ਇਹ ਕਹਿਣਾ ਨਾ ਪਵੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਪ੍ਰਕਾਸ਼ ਉਤਸਵ ਦੇ ਮਹੱਤਵ ਨੂੰ ਸਮਝਣ ਵਿਚ ਅਸਮਰੱਥ ਰਹੀ ਹੈ ਤੇ ਅਜਿਹੀਆਂ ਰਵਾਇਤੀ ਗ਼ਲਤੀਆਂ ਕਰ ਰਹੀ ਹੈ ਜੋ ਸਿੱਖ ਧਰਮ ਦੇ ਸੰਕਲਪਾਂ ਦੇ ਵਿਪਰੀਤ ਹਨ। ਗੁਰੂ ਜੀ ਦਾ 550ਵਾਂ ਪ੍ਰਕਾਸ਼ ਉਤਸਵ ਸਮੁੱਚੇ ਸਿੱਖ ਜਗਤ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ। ਇਸ ਲਈ ਗੁਰੂ ਨਾਨਕ ਦੇਵ ਜੀ ਵੱਲੋਂ ਦਰਸਾਏ ਗਏ ਜੀਵਨ ਸੰਕਲਪਾਂ ਦੀ ਪ੍ਰਤੱਖ ਝਲਕ ਸਮੁੱਚੇ ਵਰਤਾਰਿਆਂ ਵਿਚੋਂ ਨਜ਼ਰ ਆਉਣੀ ਚਾਹੀਦੀ ਹੈ। ਮਿਸਾਲ ਦੇ ਤੌਰ ’ਤੇ ਇਹ ਪ੍ਰਭਾਵ ਨਹੀਂ ਜਾਣਾ ਚਾਹੀਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੱਬਾਂ ਭਾਰ ਹੈ ਕਿ ਉਸ ਦੀ ਸਮੁੱਚੀ ਪ੍ਰਬੰਧ ਪ੍ਰਣਾਲੀ ਅਤੇ ਸਾਧਨਾਂ ਦੀ ਵਰਤੋਂ ਕਰਕੇ ਸਿੱਖ ਸੰਗਤ ਦੇ ਮਨਾਂ ਵਿਚੋਂ ਇਕ ਖ਼ਾਸ ਪਰਿਵਾਰ ਦੀ ਗੁਆਚੀ ਸਾਖ ਨੂੰ ਇਸ ਪ੍ਰਕਾਸ਼ ਉਤਸਵ ਦੇ ਸਮਾਗਮਾਂ ਨੂੰ ਵਰਤ ਕੇ ਕਿਵੇਂ ਨਾ ਕਿਵੇਂ ਬਹਾਲ ਕੀਤਾ ਜਾਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੀ ਕਾਲਖ ਹੁਣ ਸਫ਼ੈਦ ਕੂਚੀਆਂ ਫੇਰਨ ਨਾਲ ਸਾਫ਼ ਨਹੀਂ ਹੋ ਸਕਣੀ। ਬਹਿਬਲ ਕਲਾਂ ਤੇ ਕੋਟਕਪੂਰੇ ਦੇ ਸ਼ਹੀਦਾਂ ਦੇ ਖੂਨ ਦੇ ਦਾਗ ਪੰਜਾਬੀਆਂ ਦੇ ਮਨਾਂ ’ਤੇ ਡੂੰਘੇ ਲੱਗੇ ਹੋਏ ਹਨ, ਇਹ ਜਲਦੀ ਧੋਤੇ ਨਹੀਂ ਜਾ ਸਕਦੇ।
ਹੈਰਤ ਹੈ ਕਿ ਚਾਰੇ ਪਾਸੇ ਮਲਕ ਭਾਗੋਆਂ, ਸੱਜਣ ਠੱਗਾਂ ਅਤੇ ਵਲੀ ਕੰਧਾਰੀਆਂ ਦੇ ‘ਝੁੰਡਾਂ’ ਨੇ ਇਸ ਮਹਾਨ ਪੁਰਬ ਦੀ ਸਮੁੱਚੀ ਪ੍ਰਕਿਰਿਆ ਨੂੰ ਉਧਾਲ ਲਿਆ ਹੈ। ਸਿੱਖ ਤਖ਼ਤਾਂ ਦੇ ਸਿੰਘ ਸਾਹਿਬਾਨ, ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ, ਮੁੱਖ ਪ੍ਰਚਾਰਕ, ਕਥਾਵਾਚਕ, ਬ੍ਰਹਮਗਿਆਨੀ ਸੰਤ ਮਹਾਂਪੁਰਸ਼ ਕਿਧਰੇ ਨਜ਼ਰ ਨਹੀਂ ਪੈਂਦੇ। ਹਰ ਪਾਸੇ ਇਕ ਪਰਿਵਾਰ ਹੀ ਨਜ਼ਰ ਆ ਰਿਹਾ ਹੈ। ਭਾਵੇਂ ਨਨਕਾਣਾ ਸਾਹਿਬ ਤੋਂ ਪੁੱਜਣ ਵਾਲਾ ਨਗਰ ਕੀਰਤਨ ਹੋਵੇ ਜਾਂ ਸੁਲਤਾਨਪੁਰ ਸਾਹਿਬ ਦੀ ਕਲੀ ਕੂਚੀ ਦਾ ਕੰਮ ਹੋਵੇ, ਇੰਜ ਦਰਸਾਇਆ ਜਾ ਰਿਹਾ ਹੈ ਜਿਵੇਂ ਇਕ ਪਰਿਵਾਰ ਤੋਂ ਬਿਨਾਂ ਸਮੁੱਚੀ ਸਿੱਖ ਕੌਮ ਦਾ ਹੋਰ ਕੋਈ ਵਜੂਦ ਹੀ ਨਹੀਂ। ਸਿੱਖ ਤਖ਼ਤਾਂ ਦੇ ਸਿੰਘ ਸਾਹਿਬਾਨ ਨੂੰ ਤੁਰੰਤ ਦਖਲ ਦੇ ਕੇ ਸਾਰੀ ਸਥਿਤੀ ਨੂੰ ਗੁਰੂ ਆਸ਼ਿਆਂ ਅਨੁਸਾਰ ਨਵਾਂ ਮੋੜ ਦੇਣਾ ਚਾਹੀਦਾ ਹੈ।

*ਸਾਬਕਾ ਡਿਪਟੀ ਸਪੀਕਰ, ਪੰਜਾਬ ਵਿਧਾਨ ਸਭਾ
ਸੰਪਰਕ : 98140-33362


Comments Off on ਵਿਉਂਤ ਮੁਤਾਬਿਕ ਹੋਣ ਵਿਆਪਕ ਯੋਜਨਾਵਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.