ਗੈਂਗਸਟਰ ਰਾਜਵਿੰਦਰ ਘਾਲੀ ਦਾ ਕਤਲ !    ਨੌਜਵਾਨ ਸੋਚ: ਪੰਜਾਬ ’ਚ ਵਾਤਾਵਰਨ ਦਾ ਸੰਕਟ !    ਨੌਜਵਾਨਾਂ ਵਿਚ ਵਧ ਰਹੀ ਅਸਹਿਣਸ਼ੀਲਤਾ !    ਜਬਰ-ਜਨਾਹ ਦੀਆਂ ਪੀੜਤ ਕੁੜੀਆਂ ਤੇ ਸਾਡਾ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਸਵਾਮੀ ਨੇ ਪੁਰਾਣਾ ਰਿਕਾਰਡ ਕੱਢ ਕਾਂਗਰਸ ’ਤੇ ਨਿਸ਼ਾਨਾ ਸਾਧਿਆ !    ਨਾਗਰਿਕਤਾ ਬਿੱਲ ਦਾ ਡੇਢ ਕਰੋੜ ਲੋਕਾਂ ਨੂੰ ਲਾਭ ਹੋਵੇਗਾ: ਸੰਘ !    ਹਾਈਪਰਲੂਪ ਪ੍ਰਾਜੈਕਟ ਬਾਰੇ ਊਧਵ ਨਾਲ ਮੁਲਾਕਾਤ ਕਰਨਗੇ ਬ੍ਰੈਨਸਨ !    ਵਕੀਲਾਂ ਵੱਲੋਂ ਲਾਹੌਰ ਦੇ ਹਸਪਤਾਲ ’ਚ ਭੰਨਤੋੜ, ਪੰਜ ਮਰੀਜ਼ਾਂ ਦੀ ਮੌਤ !    ਪਾਕਿ ਅਦਾਲਤ ਵੱਲੋਂ ਹਾਫ਼ਿਜ਼ ਸਈਦ ਖ਼ਿਲਾਫ਼ ਦੋਸ਼ ਆਇਦ !    

ਵਕਤ ਦਾ ਬਦਲਾ!

Posted On September - 7 - 2019

ਵੰਡ ਦੇ ਦੁੱਖੜੇ

ਸਾਂਵਲ ਧਾਮੀ

ਰਾਹੋਂ-ਮਾਛੀਵਾੜਾ ਰੋਡ ’ਤੇ ਕੋਈ ਚਾਰ ਕੁ ਕਿਲੋਮੀਟਰ ਦੂਰੀ ’ਤੇ ਸੱਜੇ ਹੱਥ ਥੋੜ੍ਹਾ ਅੰਦਰ ਜਾ ਕੇ ਇਕ ਪਿੰਡ ਹੈ: ਗੜੀ ਫਤਿਹ ਖਾਂ। ਉੱਥੇ ਵੱਸਦਾ ਏ ਅਠਾਸੀ ਸਾਲਾ ਬਜ਼ੁਰਗ ਪਿਆਰਾ ਲਾਲ ਧੁੱਪੜ। ਕੁਝ ਕੁ ਗੱਲਾਂ ਬਾਅਦ, ਉਹ ਮੈਨੂੰ ਗੜੀ ਤੋਂ ਕਿਧਰੇ ਦੂਰ ਲੈ ਤੁਰਿਆ। ਉਸ ਪਿੰਡ ਵੱਲ ਜਿੱਥੇ ਉਨ੍ਹਾਂ ਦੇ ਬਜ਼ੁਰਗ ਰਹਿ ਰਹੇ ਸਨ, ਜਿੱਥੇ ਉਹ ਜੰਮਿਆਂ-ਪਲਿਆ ਸੀ ਤੇ ਜਿੱਥੋਂ ਉਹ ਸੰਤਾਲੀ ਵੇਲੇ ਉੱਜੜ ਕੇ ਆਇਆ ਸੀ। ਜ਼ਿਲ੍ਹਾ ਸਿਆਲਕੋਟ, ਤਹਿਸੀਲ ਨਾਰੋਵਾਲ ਤੇ ਪਿੰਡ ਦਾ ਨਾਂ ਸੀ ਬੁੱਧੂਕੋਟ।
ਉਹ ਮੁਸਲਮਾਨ ਜੱਟਾਂ ਤੇ ਕਿਰਤੀਆਂ ਦਾ ਦਰਮਿਆਨਾ ਜਿਹਾ ਪਿੰਡ ਸੀ। ਨੇੜਲੇ ਪਿੰਡ ਸਨ; ਦੇਹੜਾ, ਸਾਧੋ ਕੇ, ਬਾਣਾ, ਚਾਹੜ ਪੱਟੀ ਤੇ ਪੂਕ ਮਰਾਲੀ। ਉੱਥੇ ਗੰਡਾ ਸਿੰਘ ਤੇ ਝੰਡਾ ਸਿੰਘ ਦੋ ਸਕੇ ਭਰਾ ਵੀ ਰਹਿੰਦੇ ਸਨ। ਇਹ ਰਾਮਦਾਸੀਏ ਸਿੱਖ ਕਹਾਉਂਦੇ ਸਨ। ਪਿਆਰਾ ਲਾਲ ਦਾ ਪਿਤਾ ਗੰਡਾ ਸਿੰਘ ਅੱਧ ’ਤੇ ਜ਼ਮੀਨ ਲੈ ਕੇ ਖੇਤੀ ਕਰਦਾ ਹੁੰਦਾ ਸੀ। ਉਸ ਕੋਲ ਬਲਦਾਂ ਦੀਆਂ ਦੋ ਜੋਗਾਂ ਤੇ ਤਿੰਨ ਮੱਝਾਂ ਸਨ। ਉਸਦਾ ਚਾਚਾ ਝੰਡਾ ਸਿੰਘ ਕੱਪੜਾ ਬੁਣਨ ਦਾ ਕੰਮ ਕਰਦਾ ਸੀ। ਉਸਨੇ ਸਰਗੋਧੇ ਦੇ ਕਿਸੇ ਚੱਕ ’ਚ ਖੱਡੀਆਂ ਲਗਾਈਆਂ ਹੋਈਆਂ ਸਨ।
“ਸਾਡੇ ਘਰ ਮੂਹਰੇ ਕਬਰਾਂ ਸਨ। ਨਾਲ ਹੀ ਮਸੀਤ ਸੀ। ਪਿਆਰ ਬੜਾ ਸੀ। ਖ਼ੁਸ਼ੀ-ਖ਼ੁਸ਼ੀ ਪਏ ਵੱਸਦੇ ਸਾਂ। ਐਸਾ ਸੰਤਾਲੀ ਚੜ੍ਹਿਆ ਕਿ ਹਵਾ ਈ ਬਦਲ ਗਈ। ਜੁਲਾਈ-ਅਗਸਤ ’ਚ ਲੁਟੇਰਿਆਂ ਨੇ ਜਥੇ ਬਣਾ ਲਏ। ਕਰਾਰਵਾਲੀਏ, ਸਾਹੋ ਹੁਸੈਨੀਆਂ ਤੇ ਅਲੀਪੁਰ ਸਯੱਦਾਂ ਵਾਲੇ ਜਥੇ ਸਾਡੇ ਇਲਾਕੇ ’ਚ ਸਰਗਰਮ ਹੋ ਗਏ। ਇਨ੍ਹਾਂ ਹਿੰਦੂ-ਸਿੱਖਾਂ ਨੂੰ ਲੁੱਟਣਾ-ਮਾਰਨਾ ਸ਼ੁਰੂ ਕਰ ਦਿੱਤਾ। ਨੇੜਲੇ ਪਿੰਡਾਂ ’ਚੋਂ ਹਿੰਦੂ-ਸਿੱਖ ਉੱਠ ਕੇ ਤੁਰ ਗਏ। ਸਾਡਾ ਟੱਬਰ ਦੁਚਿੱਤੀ ’ਚ ਪਿਆ ਰਿਹਾ। ਕੁਝ ਦੇਰ ਬਾਅਦ ਚੜ੍ਹਦੇ ਪਾਸਿਓਂ ਲੁੱਟ-ਪੁੱਟ ਕੇ ਗਏ ਕਲਾਨੌਰੀਏ ਮੁਸਲਮਾਨਾਂ ਨੇ ਬੁੱਧੂਕੋਟ ਦੇ ਮੋਹਤਬਰਾਂ ਕੋਲ ਇਤਰਾਜ਼ ਕੀਤਾ ਕਿ ਉਨ੍ਹਾਂ ‘ਕਾਫ਼ਰ’ ਰੱਖੇ ਹੋਏ ਨੇ। ਪਿੰਡ ਵਾਲੇ ਅੱਗਿਓਂ ਆਖਣ ਲੱਗੇ- ‘ਇਹ ਬਕਵਾਸ ਕਿਸੇ ਹੋਰ ਪਿੰਡ ਜਾ ਕੇ ਕਰੋ। ਇਹ ਸਾਡੇ ਭਰਾ ਨੇ। ਇਨ੍ਹਾਂ ਗੱਲਾਂ ਨੇ ਸਾਨੂੰ ਬੜਾ ਹੌਸਲਾ ਦਿੱਤਾ। ਅਸੀਂ ਛੇ ਮਹੀਨੇ ਆਪਣੇ ਪਿੰਡ ’ਚ ਹੀ ਟਿਕੇ ਰਹੇ।” ਮੈਂ ਮਹਿਸੂਸ ਕੀਤਾ ਕਿ ਬਜ਼ੁਰਗ ਨੂੰ ਅੱਜ ਵੀ ਆਪਣੇ ਪਿੰਡ ਵਾਲਿਆਂ ’ਤੇ ਮਾਣ ਸੀ।
“ਉਹ ਛੇ ਮਹੀਨੇ ਕਿਵੇਂ ਕੱਟੇ?” ਮੈਂ ਸਵਾਲ ਕੀਤਾ।
“ਸਾਡੇ ਪਿੰਡ ਨੂੰ ਟੇਸ਼ਣ ਲੱਗਦਾ ਸੀ, ਡੁਮਾਲਾ। ਅਗਲਾ ਟੇਸ਼ਣ ਸੀ ਕਿਲਾ ਸੋਭਾ ਸਿੰਘ। ਉੱਥੇ ਸਿਆਲਕੋਟ ਵੱਲੋਂ ਆਉਂਦੀਆਂ ਦੋ ਟਰੇਨਾਂ ਵੱਢੀਆਂ ਸਨ। ਨੇੜਲੇ ਪਿੰਡਾਂ ’ਚੋਂ ਹਿੰਦੂ-ਸਿੱਖ ਸਹੀ ਸਲਾਮਤ ਤੁਰ ਗਏ ਸਨ। ਖਾਲੀ ਹੋਏ ਪਿੰਡ ਉਨ੍ਹਾਂ ਲੁੱਟ ਲਏ। ਵਿਰਲੇ-ਟਾਂਵੇਂ ਬੁੜੇ ਹਵੇਲੀਆਂ ’ਚ ਰਹਿ ਗਏ ਸਨ। ਇਸ ਵਹਿਮ ਨਾਲ ਕਿ ਦੋ-ਚਾਰ ਦਿਨਾਂ ਦਾ ਰੌਲਾ ਏ ਬਸ। ਹਵੇਲੀਆਂ ’ਚ ਚਾਬੀਆਂ ਲੈ ਕੇ ਬੈਠੇ ਰਹੇ ਵਿਚਾਰੇ।
ਸਾਡੇ ਪਿੰਡ ਦੇ ਮੁੰਡੇ ਲੁੱਟ-ਖੋਹ ਕਰਨ ਵਾਸਤੇ ਇਕ ਵਾਰ ਆਪਣੇ ਨਾਲ ਮੈਨੂੰ ਤੇ ਮੇਰੇ ਭਰਾ ਜਾਗਰ ਨੂੰ ਵੀ ਲੈ ਗਏ ਸਨ। ਉਨ੍ਹਾਂ ਡਾਂਗਾਂ ਨੂੰ ਟੋਕੇ ਚਾੜ੍ਹੇ ਹੋਏ ਸੀ। ਚਾਹੜ ਪੱਟੀ ਦੀ ਗੱਲ ਏ। ਇਹ ਫ਼ੌਜੀਆਂ ਦਾ ਪਿੰਡ ਸੀ। ਇਕ ਸਰਦਾਰ ਬੁੜਾ ਨਿਕਲਿਆ ਬਾਜਰੇ ’ਚੋਂ। ਜੁੱਤੀ ਉਸਨੇ ਡੰਡੇ ਨਾਲ ਬੰਨ੍ਹੀ ਹੋਈ ਸੀ। ਉਹ ਬੋਲਿਆ -ਸਤਿ ਸ੍ਰੀ ਅਕਾਲ! ਬਾਕੀਆਂ ਦੇ ਰੋਕਦੇ-ਰੋਕਦੇ ਇਕ ਮੁੰਡੇ ਨੇ ਉਸਦੇ ਸਿਰ ’ਚ ਟੋਕਾ ਮਾਰਿਆ। ਉਹ ਡਿੱਗ ਪਿਆ ਤੇ ਤੜਫ਼ਣ ਲੱਗਾ। ਉਸਨੇ ਦੋ-ਚਾਰ ਹੋਰ ਵਾਰ ਕੀਤੇ ਤੇ ਉਸਨੂੰ ਮਾਰ ਦਿੱਤਾ। ਅਸੀਂ ਡਰੀਏ ਕਿ ਕਿਧਰੇ ਉਹ ਸਾਨੂੰ ਵੀ ਨਾ ਮਾਰ ਦੇਣ। ਉਸਦੀ ਲਾਸ਼ ਦੀ ਤਲਾਸ਼ੀ ਲਈ ਤਾਂ ਕਛਿਹਰੇ ’ਚ ਲੁਕੋਈ ਇਕ ਗੁੱਠਲੀ ਜਿਹੀ ’ਚੋਂ ਪੰਜ-ਸੱਤ ਸੌ ਰੁਪਈਆ ਵੀ ਨਿਕਲਿਆ। ਉਹ ਉਨ੍ਹਾਂ ਵੰਡ ਲਿਆ। ਅਸੀਂ ਦੋਵੇਂ ਭਰਾ ਵੇਖਦੇ ਰਹਿ ਗਏ। ਸਾਨੂੰ ਉਨ੍ਹਾਂ ਕੁਝ ਨਾ ਦਿੱਤਾ। ਫਿਰ ਉਹ ਘਰਾਂ ਅੰਦਰ ਵੜ ਗਏ। ਕੋਈ ਕੱਪੜੇ ਚੁੱਕਣ ਲੱਗ ਪਿਆ ਤੇ ਕੋਈ ਦਾਣੇ। ਅਸੀਂ ਦੋਹਾਂ ਭਰਾਵਾਂ ਸਲਾਹ ਕੀਤੀ ਕਿ ਅਸੀਂ ਨਹੀਂ ਹੱਥ ਲਗਾਉਣਾ ਕਿਸੇ ਸ਼ੈਅ ਨੂੰ। ਸਾਡਾ ਬਾਪ ਵੀ ਸਿੱਖ ਸੀ। ਦਰਅਸਲ, ਸਿੱਖ ਬਜ਼ੁਰਗ ਦੇ ਕਤਲ ਨੇ ਸਾਨੂੰ ਅੰਦਰੋਂ ਤੋੜ ਦਿੱਤਾ ਸੀ। ਅਸੀਂ ਦੋ ਸਾਂ ਤੇ ਉਹ ਦਸ-ਬਾਰ੍ਹਾਂ। ਇਸ ਗੱਲ ਦਾ ਅੱਜ ਵੀ ਅਫ਼ਸੋਸ ਹੈ ਕਿ ਅਸੀਂ ਉਸਨੂੰ ਬਚਾ ਨਹੀਂ ਸਾਂ ਸਕੇ। ਟੁੱਟੇ ਦਿਲਾਂ ਨਾਲ ਅਸੀਂ ਪਿੰਡ ਨੂੰ ਮੁੜ ਆਏ। ਮੁੜ ਕਈ ਦਿਨ ਘਰ ਅੰਦਰੋਂ ਈ ਨਾ ਨਿਕਲੇ। ਇਉਂ ਮਹਿਸੂਸ ਹੁੰਦਾ ਸੀ, ਜਿਉਂ ਸਾਡੀਆਂ ਅੱਖਾਂ ਮੂਹਰੇ ਸਾਡਾ ਆਪਣਾ ਪਿਓ ਕਤਲ ਹੋ ਗਿਆ ਹੋਵੇ।” ਬਾਬਾ ਪਿਆਰਾ ਲਾਲਾ ਉਦਾਸ ਹੁੰਦਿਆਂ ਚੁੱਪ ਹੋ ਗਿਆ।

ਸਾਂਵਲ ਧਾਮੀ

“ਤੁਸੀਂ ਪਿੰਡ ਕਿਵੇਂ ਛੱਡਿਆ?” ਮੈਂ ਅਗਲਾ ਸਵਾਲ ਕੀਤਾ।
“ਉਂਜ ਪਿੰਡ ਵਾਲਿਆਂ ਨੇ ਸਾਡੀ ਬੜੀ ਹਿਫ਼ਾਜ਼ਤ ਕੀਤੀ। ਬੰਦੇ ਮਾੜੇ ਨਹੀਂ ਸਨ, ਬਸ ਉਹ ਵਕਤ ਹੀ ਮਾੜਾ ਸੀ। ਸਾਡੇ ਘਰ ਦੇ ਪਿਛਵਾੜੇ ਇਕ ਮੁਸਲਮਾਨ ਬਜ਼ੁਰਗ ਹੁੰਦਾ ਸੀ। ਉਹ ਲੰਬੜਦਾਰ ਸੀ। ਨਾਂ ਸੀ ਹੱਸੂ। ਉਹ ਨੇੜਲੇ ਪਿੰਡਾਂ ਦੇ ਸਿੱਖਾਂ ਨੂੰ ਯਾਦ ਕਰਕੇ, ਸਾਰੀ-ਸਾਰੀ ਰਾਤ ਰੋਂਦਾ ਹੁੰਦਾ ਸੀ। ਉਸਨੇ ਕੂਕ ਜਿਹੀ ਮਾਰ ਕੇ ਆਖਣਾ- ਓਏ ਸਾਡੇ ਭਰਾ ਤੁਰ ਗਏ, ਸਾਨੂੰ ਛੱਡ ਕੇ। ਦਰਅਸਲ, ਸਾਡੇ ਪਿੰਡ ਦੇ ਜੱਟ ਕੁਝ ਕੁ ਪੀੜ੍ਹੀਆਂ ਪਹਿਲਾਂ ਹੀ ਮੁਸਲਮਾਨ ਹੋਏ ਸੀ। ਉਹ ਚੰਗੇ ਤਾਂ ਬੜੇ ਸਨ, ਪਰ ਸਾਡਾ ਈ ਦਿਲ ਨਹੀਂ ਸੀ ਲੱਗਦਾ। ਫਿਰ ਪਿੰਡਾਂ ’ਚ ਮਿਲਟਰੀ ਦੇ ਟਰੱਕ ਆਉਣ ਲੱਗ ਪਏ। ਉਹ ਓਧਰ ਰਹਿ ਗਏ ਹਿੰਦੂ-ਸਿੱਖਾਂ ਨੂੰ ਲੱਭਦੇ ਫਿਰਦੇ ਸੀ। ਔਖੇ-ਸੌਖੇ ਅਸੀਂ ਵੀ ਏਧਰ ਆਉਣ ਦਾ ਫ਼ੈਸਲਾ ਲੈ ਹੀ ਲਿਆ ਤੇ ਭਰਿਆ ਘਰ ਛੱਡ ਕੇ ਟਰੱਕਾਂ ’ਚ ਬੈਠ ਗਏ। ਬਲਦਾਂ ਤੇ ਮੱਝਾਂ ਦੇ ਸੰਗਲ ਵੀ ਨਾ ਖੋਲ੍ਹੇ। ਬੜੇ ਮੁਸਲਮਾਨ ’ਕੱਠੇ ਹੋ ਗਏ ਸਨ, ਸਾਨੂੰ ਮਿਲਣ ਵਾਸਤੇ, ਪਰ ਮਿਲਟਰੀ ਵਾਲਿਆਂ ਕੋਈ ਵੀ ਨੇੜੇ ਨਾ ਆਉਣ ਦਿੱਤਾ। ਉਹ ਦੂਰੋਂ-ਦੂਰੋਂ ਈ ਸਾਨੂੰ ਉੱਜੜ ਕੇ ਤੁਰਦਿਆਂ ਨੂੰ ਦੇਖਦੇ ਰਹੇ। ਇੱਥੇ ਆ ਕੇ ਬਾਪੂ ਦਾ ਦਿਲ ਨਹੀਂ ਸੀ ਲੱਗਿਆ। ਉਸਨੇ ਰਾਤ ਨੂੰ ਉੱਠ ਪੈਣਾਂ। ਰੌਲਾ ਪਾਉਣ ਲੱਗ ਜਾਣਾ- ਓਏ ਬੌਲਦ ਖੁੱਲ੍ਹ ਗਿਆ। ਡੰਗਰ ਬੰਨ੍ਹ ਆਓ! ਡੰਗਰ ਬੰਨ੍ਹ ਆਓ! ਉਹ ਬਹੁਤ ਛੇਤੀ ਮਰ ਗਿਆ ਸੀ!” ਪਿਆਰਾ ਲਾਲ ਦਾ ਗੱਚ ਭਰ ਆਇਆ ਤੇ ਉਹ ਚੁੱਪ ਹੋ ਗਿਆ।
“ਹੁਣ ਵੀ ਉੱਥੇ ਮੇਰੇ ਚਾਚੇ ਦਾ ਪੁੱਤ ਰਹਿੰਦਾ ਏ। ਦੇਵੀ ਲਾਲ ਨਾਂ ਏ ਉਸਦਾ। ਦਰਅਸਲ, ਜਦੋਂ ਉਹ ਸਰਗੋਧੇ ਵੱਲੋਂ ਬੁੱਧੂਕੋਟ ਆਏ ਤਾਂ ਅਸੀਂ ਏਧਰ ਆ ਚੁੱਕੇ ਸਾਂ। ਉਹ ਵਿਚਾਰੇ ਬਸ ਉੱਥੇ ਰਹਿ ਗਏ!” ਕੁਝ ਪਲ ਬਾਅਦ, ਖ਼ੁਦ ਨੂੰ ਸੰਭਾਲਦਿਆਂ ਉਹ ਬੋਲਿਆ। ਜਦੋਂ ਇਹ ਗੱਲਬਾਤ ਯੂ-ਟਿਊਬ ਚੈਨਲ ‘ਸੰਤਾਲੀਨਾਮਾ’ ’ਤੇ ਅਪਲੋਡ ਹੋਈ ਤਾਂ ਪਿਆਰਾ ਲਾਲ ਹੁਰਾਂ ਦੀਆਂ ਗੱਲਾਂ ਨੂੰ ਤਸਦੀਕ ਕਰਨ ਵਾਸਤੇ ਸਿਆਲਕੋਟ ਵੱਸਦੇ ਖਾਦਮ ਹੁਸੈਨ ਹੁਰੀਂ ਬੁੱਧੂਕੋਟ ਪਹੁੰਚ ਗਏ।
ਚੰਗੀ ਗੱਲ ਇਹ ਹੈ ਕਿ ਬਾਬਾ ਦੇਵੀ ਲਾਲ ਜਿਉਂਦਾ ਏ। ਉਸਦੀ ਕੋਈ ਨੱਬੇ ਕੁ ਵਰ੍ਹੇ ਉਮਰ ਹੋਵੇਗੀ। ਉਹ ਪੂਰੀ ਤਰ੍ਹਾਂ ਸਿਹਤਯਾਬ ਏ। ਉਸਦੇ ਚਾਰੋਂ ਪੁੱਤਰ ਵਿਆਹੇ ਹੋਏ ਨੇ। ਆਪੋ-ਆਪਣੇ ਘਰਾਂ ’ਚ ਖ਼ੁਸ਼ੀ-ਖ਼ੁਸ਼ੀ ਵੱਸ ਰਹੇ ਨੇ। ਉਸਦੇ ਘਰ ਦੀਆਂ ਕੰਧਾਂ ’ਤੇ ਗੁਰੂ ਨਾਨਕ ਦੇਵ ਜੀ ਤੇ ਨਨਕਾਣਾ ਸਾਹਿਬ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ।
ਗੱਲਾਂ ਤੁਰੀਆਂ ਤਾਂ ਖਾਦਮ ਹੁਸੈਨ ਹੁਰਾਂ ਚਾਹੜ ਪੱਟੀ ’ਚ ਹੋਏ ਸਿੱਖ ਬਜ਼ੁਰਗ ਦੇ ਕਤਲ ਦੀ ਗੱਲ ਵੀ ਛੇੜ ਲਈ। ਦੇਵੀ ਲਾਲ ਹੁਰੀਂ ਥੋੜ੍ਹਾ ਗੁੱਸੇ ’ਚ ਆਉਂਦਿਆਂ ਗੱਲ ਸ਼ੁਰੂ ਕੀਤੀ ਸੀ,“ਬੜੀ ਭੈੜੀ ਮੌਤੇ ਮਰਿਆ, ਉਹ ਸਾਡੇ ਪਿੰਡ ਵਾਲਾ ਮੁੰਡਾ! ਸਾਡੇ ਦੇਖਣ ਦੀ ਗੱਲ ਏ! ਘੋੜੀ ਨੇ ਉਸਦੇ ਇੱਥੇ…” ਪਲ ਕੁ ਲਈ ਚੁੱਪ ਹੁੰਦਿਆਂ, ਉਸਨੇ ਆਪਣੀ ਸੱਜੀ ਪੁੜਪੁੜੀ ’ਤੇ ਸੱਜੇ ਹੱਥ ਦੀਆਂ ਪਹਿਲੀਆਂ ਦੋ ਉਂਗਲਾਂ ਟਿਕਾ ਲਈਆਂ ਸਨ।
“…ਦੁਲੱਤੀ ਮਾਰੀ ਸੀ। ਬਿਲਕੁਲ ਉਸੀ ਜਗ੍ਹਾ, ਜਿੱਥੇ ਉਸਨੇ ਚਾਹੜ ਪੱਟੀ ਵਾਲੇ ਸਿੱਖ ਦੇ ਟੋਕਾ ਮਾਰਿਆ ਸੀ। ਉਹ …ਕਈ ਵਰ੍ਹੇ ਮੰਜੇ ’ਤੇ ਪਿਆ ਰਿਹਾ। ਵਿੰਗੇ ਜਿਹੇ ਮੂੰਹ ਨਾਲ ਮੌਤ ਨੂੰ ’ਵਾਜ਼ਾਂ ਮਾਰਦਾ ਰਿਹਾ ਸੀ। ਉਸਨੂੰ ਮਸੀਂ ਮੌਤ ਆਈ ਸੀ।”
ਇਹ ਗੱਲਬਾਤ ਸੁਣਦਿਆਂ ਮੇਰੀਆਂ ਸੋਚਾਂ ’ਚ ਉਹ ‘ਰਹਿਬਰ’ ਉੱਭਰ ਆਏ ਸਨ, ਜਿਹੜੇ ਲੱਖਾਂ ਲੋਕਾਂ ਦੀ ਕਤਲੋ-ਗਾਰਤ ਤੇ ਉਜਾੜੇ ਦੇ ਅਸਲ ਮੁਜਰਮ ਸਨ। ਕੀ ਉਨ੍ਹਾਂ ਨੂੰ ਵੀ ਵਕਤ ਨੇ ਕੋਈ ਸਬਕ ਸਿਖਾਇਆ ਹੋਵੇਗਾ? ਕੀ ਉਹ ਵੀ ਆਪਣੇ ਗੁਨਾਹਾਂ ਦੇ ਅਹਿਸਾਸ ’ਚ ਕਦੇ ਪਛਤਾਏ ਹੋਣਗੇ? ਕੀ ਉਹ ਵੀ ਮੌਤ ਨੂੰ ਆਵਾਜ਼ਾਂ ਮਾਰਦੇ ਰਹੇ ਹੋਣਗੇ? ਜਾਂ ਫਿਰ ਨਿਜ਼ਾਮ ਵਾਂਗ ਵਕਤ ਨੇ ਵੀ ਉਨ੍ਹਾਂ ਦੇ ਸਭ ਗੁਨਾਹਾਂ ਨੂੰ ‘ਪਵਿੱਤਰ ਫ਼ਰਜ਼’ ਗਰਦਾਨਦਿਆਂ, ਉਨ੍ਹਾਂ ਦੇ ਹੱਕ ’ਚ ਭੁਗਤਣਾ ਹੀ ਮੁਨਾਸਿਬ ਸਮਝਿਆ ਹੋਵੇਗਾ।

ਸੰਪਰਕ: 97818-43444


Comments Off on ਵਕਤ ਦਾ ਬਦਲਾ!
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.