ਕਰੋਨਾ ਖ਼ਿਲਾਫ਼ ਲੜਾਈ ਲੰਮੀ, ਸਬਰ ਤੇ ਜੋਸ਼ ਬਰਕਰਾਰ ਰੱਖੋ: ਮੋਦੀ !    ਵਾਦੀ ਵਿੱਚ ਦੋ ਅਤਿਵਾਦੀ ਹਲਾਕ !    ਕਰੋਨਾ: ਦੇਸ਼ ’ਚ ਇਕ ਦਿਨ ਦੌਰਾਨ ਰਿਕਾਰਡ 265 ਮੌਤਾਂ ਤੇ 7964 ਨਵੇਂ ਮਰੀਜ਼ !    ਪਿੰਡ ਕਾਲਬੰਜਾਰਾ ਸੀਲ, ਲੋਕਾਂ ਦੇ ਕਰੋਨਾ ਨਮੂਨੇ ਲਏ !    ਬਠਿੰਡਾ ’ਚ ਨੌਜਵਾਨ ਦਾ ਕਤਲ !    ਅਧਿਆਪਕ ਵੱਲੋਂ ਵਿਦਿਆਰਥਣ ਨਾਲ ਛੇੜਛਾੜ, ਮੁਲਜ਼ਮ ਫ਼ਰਾਰ !    ਬਾਲ ਕਿਆਰੀ !    ਪਾਣੀ !    ਖ਼ਰਗੋਸ਼ ਤੇ ਡੱਡੂ !    ਔਨਲਾਈਨ ਰੰਗਮੰਚ- ਕੁਝ ਸਵਾਲ !    

ਲੋਪ ਹੋਏ ਪੁਰਾਤਨ ਭਾਂਡੇ

Posted On September - 28 - 2019

ਬਹਾਦਰ ਸਿੰਘ ਗੋਸਲ
ਜੇ ਅਸੀਂ ਪੁਰਾਣੀਆਂ ਰਸੋਈਆਂ ਨੂੰ ਯਾਦ ਕਰੀਏ ਤਾਂ ਉਨ੍ਹਾਂ ਵਿਚ ਬਹੁਤ ਸਾਰੇ ਪਿੱਤਲ ਅਤੇ ਕਾਂਸੀ ਦੇ ਭਾਂਡੇ ਪਏ ਹੁੰਦੇ ਸਨ। ਇਨ੍ਹਾਂ ਭਾਂਡਿਆਂ ਵਿਚ ਪਰਾਤ, ਕੌਲੀਆਂ, ਬਾਟੀਆਂ, ਥਾਲ, ਗਲਾਸ ਅਤੇ ਗੰਗਾਸਾਗਰ (ਜੱਗ) ਹੁੰਦੇ ਸਨ। ਇਨ੍ਹਾਂ ਬਰਤਨਾਂ ਵਿਚ ਪਰਾਤ ਅਤੇ ਗੰਗਾਸਾਗਰ ਦੋ ਵਿਸ਼ੇਸ਼ ਭਾਂਡੇ ਹੁੰਦੇ ਸਨ ਜੋ ਸਾਡੇ ਪੁਰਾਤਨ ਵਿਰਸੇ ਅਤੇ ਸੱਭਿਆਚਾਰ ਨਾਲ ਜੁੜੇ ਹੋਏ ਸਨ। ਇਹ ਦੋਵੇਂ ਭਾਂਡੇ ਆਮ ਤੌਰ ’ਤੇ ਪਿੱਤਲ ਦੇ ਹੀ ਬਣੇ ਹੁੰਦੇ ਸਨ। ਇਹ ਰੋਜ਼ਮਰ੍ਹਾ ਦੀਆਂ ਪਰਿਵਾਰਕ ਲੋੜਾਂ ਦੇ ਨਾਲ-ਨਾਲ ਵਿਆਹਾਂ ਵਿਚ ਵੀ ਪ੍ਰਧਾਨ ਹੁੰਦੇ ਸਨ।
ਪੁਰਾਣੇ ਬਜ਼ੁਰਗ ਆਮ ਤੌਰ ’ਤੇ ਮਿੱਟੀ ਦੇ ਭਾਂਡੇ ਵਰਤਦੇ ਸਨ, ਪਰ ਨਾਲ ਹੀ ਹੰਢਣਸਾਰ ਭਾਂਡੇ ਵੀ ਵਰਤਦੇ ਸਨ। ਮਿੱਟੀ ਦੇ ਭਾਂਡੇ ਅਕਸਰ ਜਲਦੀ ਟੁੱਟ ਜਾਂਦੇ ਹਨ, ਇਸ ਲਈ ਜ਼ਿਆਦਾ ਵਰਤੋਂ ਵਿਚ ਆਉਣ ਵਾਲੇ ਭਾਂਡੇ ਜਿਵੇਂ ਪਰਾਤ, ਜੱਗ, ਗਲਾਸ, ਬਾਟੀਆਂ, ਥਾਲ ਆਦਿ ਪਿੱਤਲ ਦੇ ਹੀ ਵਰਤਦੇ ਸਨ। ਮਿੱਟੀ ਦੇ ਭਾਂਡੇ ਸਸਤੇ ਅਤੇ ਚੁੱਲ੍ਹੇ ’ਤੇ ਚਾੜ੍ਹਨ ਲਈ ਟਿਕਾਉ ਹੁੰਦੇ ਸਨ। ਦੂਜੇ ਪਾਸੇ ਪਿੱਤਲ ਦੇ ਭਾਂਡੇ ਲੰਮੇ ਸਮੇਂ ਲਈ ਵਰਤਣਯੋਗ ਅਤੇ ਕਿੰਨੇ ਸਾਲ ਵਰਤਣ ਤੋਂ ਬਾਅਦ ਵੀ ਤਕਰੀਬਨ ਓਨੇ ਹੀ ਪੈਸਿਆਂ ਵਿਚ ਵਿਕ ਜਾਂਦੇ ਸਨ। ਪਿੱਤਲ ਦੇ ਭਾਂਡਿਆਂ ਦੀ ਉਮਰ ਲੰਬੀ ਕਰਨ ਲਈ ਕਈ ਵਾਰ ਉਨ੍ਹਾਂ ਨੂੰ ਕਲੀ ਵੀ ਕਰਵਾਈ ਜਾਂਦੀ ਸੀ ਜਿਸ ਕਾਰਨ ਕਲੀ ਕਰਨ ਵਾਲਿਆਂ ਦਾ ਧੰਦਾ ਵੀ ਖ਼ੂਬ ਵਧਦਾ ਫੁੱਲਦਾ ਰਹਿੰਦਾ ਸੀ।
ਉਨ੍ਹਾਂ ਦਿਨਾਂ ਵਿਚ ਪਿੱਤਲ ਦੀ ਪਰਾਤ ਅਤੇ ਪਿੱਤਲ ਦੇ ਜੱਗ ਜਾਂ ਗੰਗਾਸਾਗਰ ਬਹੁਤ ਪ੍ਰਚੱਲਿਤ ਸਨ। ਵਿਆਹਾਂ ਵਿਚ ਤਾਂ ਮਠਿਆਈਆਂ ਸਾਂਭਣ ਅਤੇ ਵਰਤਾਉਣ ਸਮੇਂ ਪਰਾਤ ਦੀ ਭੂਮਿਕਾ ਅਹਿਮ ਹੁੰਦੀ ਸੀ। ਜਦੋਂ ਵੀ ਵਿਆਹਾਂ ਵਿਚ ਜ਼ਮੀਨ ’ਤੇ ਬੈਠੇ ਜੰਞ ਵਾਲਿਆਂ ਨੂੰ ਰੋਟੀ ਖੁਆਈ ਜਾਂਦੀ ਸੀ ਤਾਂ ਲੱਡੂ ਅਤੇ ਜਲੇਬੀਆਂ ਨਾਲ ਭਰੀਆਂ ਪਰਾਤਾਂ ਵਾਲੇ ਉਨ੍ਹਾਂ ਨੂੰ ਮਠਿਆਈ ਵਰਤਾਉਂਦੇ ਸਨ। ਰੋਟੀ ਸਮੇਂ ਉਨ੍ਹਾਂ ਨੂੰ ਪਾਣੀ ਵਰਤਾਉਣ ਲਈ ਗੰਗਾਸਾਗਰ ਬਹੁਤ ਸਹਾਈ ਹੁੰਦੇ ਸਨ। ਚਾਹ ਵਰਤਾਉਣ ਲਈ ਵੀ ਇਨ੍ਹਾਂ ਦੀ ਹੀ ਵਰਤੋਂ ਹੁੰਦੀ ਸੀ। ਨਾਨਕਾ ਮੇਲ ਆਉਣ ਸਮੇਂ ਨਾਨਕਿਆਂ ਨੂੰ ਪਿੱਤਲ ਦੀਆਂ ਪਰਾਤਾਂ ਵਿਚ ਹੀ ਮਠਿਆਈਆਂ ਭਰ ਭਰ ਕੇ ਦਿੱਤੀਆਂ ਜਾਂਦੀਆਂ ਸਨ। ਨਾਨਕਾ ਮੇਲ ਵੀ ਇਨ੍ਹਾਂ ਲੱਡੂਆਂ ਅਤੇ ਜਲੇਬੀਆਂ ਭਰੀਆਂ ਪਰਾਤਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਦਾ ਸੀ। ਇਹੀ ਕਾਰਨ ਸੀ ਕਿ ਪਿੱਤਲ ਦੀਆਂ ਪਰਾਤਾਂ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਬਣ ਚੁੱਕੀਆਂ ਸਨ। ਬਹੁਤ ਸਾਰੇ ਗੀਤ, ਲੋਕ ਗੀਤ ਅਤੇ ਬੋਲੀਆਂ ਇਨ੍ਹਾਂ ਬਾਰੇ ਸੁਣਨ ਨੂੰ ਮਿਲਦੀਆਂ ਸਨ:
ਕੋਈ ਸੋਨਾ ਕੋਈ ਚਾਂਦੀ ਕੋਈ ਪਿੱਤਲ ਭਰੀ ਪਰਾਤ ਵੇ,
ਧਰਤੀ ਨੂੰ ਕਲੀ ਕਰਾ ਦੇ, ਮੈਂ ਨੱਚੂੰਗੀ ਸਾਰੀ ਰਾਤ ਵੇ।
ਇਸੇ ਤਰ੍ਹਾਂ ਪਿੱਤਲ ਦੇ ਦੂਜੇ ਭਾਂਡਿਆਂ ਦਾ ਜ਼ਿਕਰ ਵੀ ਸਾਡੇ ਪੰਜਾਬੀ ਲੋਕ ਗੀਤਾਂ ਵਿਚ ਮਿਲਦਾ ਹੈ।
ਥਾਲੀ ਥਾਲੀ ਥਾਲੀ ਨੀ ਅੱਜ
ਮੇਰੇ ਵੀਰੇ ਦੀ ਭੱਜੀ ਫਿਰੂਗੀ ਸਾਲੀ।
ਪਿੱਤਲ ਦੇ ਭਾਂਡਿਆਂ ਨਾਲ ਕਾਂਸੀ ਦਾ ਛੰਨਾ ਵੀ ਅਹਿਮ ਰਿਹਾ। ਬਹੁਤ ਸਾਰੀਆਂ ਪੰਜਾਬੀ ਬੋਲੀਆਂ ਵਿਚ ਇਹ ਆਮ ਸੁਣਨ ਨੂੰ ਮਿਲਦਾ ਹੈ:
ਛੰਨੇ ਉੱਤੇ ਛੰਨਾ, ਛੰਨਾ ਭਰਿਆ ਜਮੈਣ ਦਾ
ਦੇਖ ਲੈ ਸ਼ੁਕੀਨਾਂ ਗਿੱਧਾ ਜੱਟੀ ਮਲਵੈਣ ਦਾ।
ਬੀਤ ਸਮੇਂ ਦੇ ਨਾਲ ਕੱਚੇ ਕੋਠਿਆਂ ਦੀ ਥਾਂ ਪੱਕੇ ਮਕਾਨ ਬਣ ਗਏ ਅਤੇ ਕੱਚੀਆਂ ਰਸੋਈਆਂ ਦੀ ਥਾਂ ਮਾਡਰਨ ਟਾਈਲਾਂ ਵਾਲੀਆਂ ਪੱਕੀਆਂ ਰਸੋਈਆਂ ਬਣ ਗਈਆਂ। ਉਨ੍ਹਾਂ ਵਿਚ ਪੁਰਾਣੇ ਪਿੱਤਲ ਦੇ ਭਾਂਡਿਆਂ ਦੀ ਥਾਂ ਸਟੀਲ ਦੇ ਭਾਂਡਿਆਂ ਨੇ ਲੈ ਲਈ। ਇਸ ਕਾਰਨ ਪਿੱਤਲ ਦੀਆਂ ਪਰਾਤਾਂ, ਪਿੱਤਲ ਦੇ ਥਾਲ ਅਤੇ ਜੱਗ ਤਾਂ ਲੋਪ ਹੀ ਹੋ ਗਏ ਹਨ।
ਅੱਜ ਦੇ ਬੱਚਿਆਂ ਨੂੰ ਤਾਂ ਗੰਗਾਸਾਗਰ (ਜੱਗ) ਬਾਰੇ ਪਤਾ ਹੀ ਨਹੀਂ ਹੈ। ਸਿੱਖ ਇਤਿਹਾਸ ਵਿਚ ਵੀ ਗੰਗਾਸਾਗਰ ਦਾ ਵਿਸ਼ੇਸ਼ ਜ਼ਿਕਰ ਮਿਲਦਾ ਹੈ। ਇਸ ਅਨੁਸਾਰ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰਦੁਆਰਾ ਆਲਮਗੀਰ ਤੋਂ ਹੁੰਦੇ ਹੋਏ ਰਾਏਕੋਟ ਗਏ ਤਾਂ ਅਜੋਕੇ ਗੁਰਦੁਆਰਾ ਟਾਹਲੀਆਣਾ ਸਾਹਿਬ ਦੇ ਸਥਾਨ ’ਤੇ ਮੱਝੀਆਂ ਦੇ ਪਾਲੀ ਨੂੰ ਮਿਲੇ ਤਾਂ ਉਨ੍ਹਾਂ ਨੇ ਦੁੱਧ ਲਈ ਉਸ ਪਾਲੀ ਨੂੰ ਬਾਰੀਕ ਸੁਰਾਖਾਂ ਵਾਲਾ ਗੰਗਾਸਾਗਰ ਦਿੱਤਾ। ਇਸ ਗੰਗਾਸਾਗਰ ਦਾ ਨਮੂਨਾ ਇਸ ਗੁਰਦੁਆਰਾ ਸਾਹਿਬ ਵਿਚ ਦੇਖਣ ਨੂੰ ਮਿਲਦਾ ਹੈ ਜੋ ਬਹੁਤ ਹੀ ਮਨਮੋਹਕ ਹੈ।
ਅੱਜ ਸਮਾਜ ਵਿਚ ਸਭ ਕੁਝ ਬਦਲ ਗਿਆ ਹੈ। ਵਿਆਹਾਂ ਵਿਚ ਖਾਣਾ ਹੇਠਾਂ ਬੈਠ ਕੇ ਨਹੀਂ ਸਗੋਂ ਆਲੀਸ਼ਾਨ ਮੈਰਿਜ ਪੈਲੇਸਾਂ ਵਿਚ ਭਾਂਤ-ਭਾਂਤ ਦੇ ਚੀਨੀ ਬਰਤਨਾਂ ਵਿਚ ਖੁਆਇਆ ਜਾਂਦਾ ਹੈ। ਅੰਤਾਂ ਦਾ ਖ਼ਰਚ ਵੀ ਕੀਤਾ ਜਾਂਦਾ ਹੈ, ਪਰ ਪਹਿਲੇ ਵਿਆਹਾਂ ਜਿਹਾ ਆਨੰਦ ਵੀ ਨਹੀਂ ਆਉਂਦਾ। ਭਾਵੇਂ ਅੱਜ ਸਾਡੇ ਘਰਾਂ ਵਿਚੋਂ ਪਿੱਤਲ ਦੇ ਥਾਲ, ਪਰਾਤਾਂ ਅਤੇ ਜੱਗ ਲੋਪ ਹੋ ਚੁੱਕੇ ਹਨ, ਪਰ ਫਿਰ ਵੀ ਸਾਡੇ ਮਨਾਂ ਅਤੇ ਪੰਜਾਬੀ ਸੱਭਿਆਚਾਰ ਵਿਚੋਂ ਇਹ ਦੂਰ ਨਹੀਂ ਹੋਏ ਅਤੇ ਕਿਸੇ ਨਾ ਕਿਸੇ ਰੂਪ ਵਿਚ ਇਹ ਸਾਨੂੰ ਉਨ੍ਹਾਂ ਦੀ ਯਾਦ ਦਿਵਾਉਂਦੇ ਹੀ ਰਹਿੰਦੇ ਹਨ।
ਸੰਪਰਕ: 98764-52223


Comments Off on ਲੋਪ ਹੋਏ ਪੁਰਾਤਨ ਭਾਂਡੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.