ਗੈਂਗਸਟਰ ਰਾਜਵਿੰਦਰ ਘਾਲੀ ਦਾ ਕਤਲ !    ਨੌਜਵਾਨ ਸੋਚ: ਪੰਜਾਬ ’ਚ ਵਾਤਾਵਰਨ ਦਾ ਸੰਕਟ !    ਨੌਜਵਾਨਾਂ ਵਿਚ ਵਧ ਰਹੀ ਅਸਹਿਣਸ਼ੀਲਤਾ !    ਜਬਰ-ਜਨਾਹ ਦੀਆਂ ਪੀੜਤ ਕੁੜੀਆਂ ਤੇ ਸਾਡਾ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਸਵਾਮੀ ਨੇ ਪੁਰਾਣਾ ਰਿਕਾਰਡ ਕੱਢ ਕਾਂਗਰਸ ’ਤੇ ਨਿਸ਼ਾਨਾ ਸਾਧਿਆ !    ਨਾਗਰਿਕਤਾ ਬਿੱਲ ਦਾ ਡੇਢ ਕਰੋੜ ਲੋਕਾਂ ਨੂੰ ਲਾਭ ਹੋਵੇਗਾ: ਸੰਘ !    ਹਾਈਪਰਲੂਪ ਪ੍ਰਾਜੈਕਟ ਬਾਰੇ ਊਧਵ ਨਾਲ ਮੁਲਾਕਾਤ ਕਰਨਗੇ ਬ੍ਰੈਨਸਨ !    ਵਕੀਲਾਂ ਵੱਲੋਂ ਲਾਹੌਰ ਦੇ ਹਸਪਤਾਲ ’ਚ ਭੰਨਤੋੜ, ਪੰਜ ਮਰੀਜ਼ਾਂ ਦੀ ਮੌਤ !    ਪਾਕਿ ਅਦਾਲਤ ਵੱਲੋਂ ਹਾਫ਼ਿਜ਼ ਸਈਦ ਖ਼ਿਲਾਫ਼ ਦੋਸ਼ ਆਇਦ !    

ਰੇਨਬੋ ਡਾਈਟ — ਇੰਦਰਧਨੁਸ਼ੀ ਆਹਾਰ

Posted On September - 6 - 2019

ਸੰਜੀਵ ਕੁਮਾਰ ਸ਼ਰਮਾ

ਰੰਗਾਂ ਦਾ ਸਾਡੀ ਜ਼ਿੰਦਗੀ ਵਿਚ ਇਕ ਵਿਸ਼ੇਸ਼ ਮਹੱਤਵ ਹੈ। ਪ੍ਰਮਾਤਮਾ ਦੁਆਰਾ ਰਚਿਤ ਇਸ ਸ੍ਰਿਸ਼ਟੀ ਦੀ ਸੁੰਦਰਤਾ ਨੂੰ ਚਾਰ ਚੰਨ ਲਾਉਂਦੇ ਹਨ ਉਸ ਦੁਆਰਾ ਰਚੇ ਹੋਏ ਭਾਂਤ-ਭਾਂਤ ਦੇ ਇਹ ਰੰਗ। (ਕਾਲਾ ਧਉਲਾ ਰਤੜਾ ਨੀਲਾ ਪੀਲਾ ਹਰਿਆ ਸਾਜੇ॥, ਭਾਈ ਗੁਰਦਾਸ ਜੀ ਦੀਆਂ ਵਾਰਾਂ, 37-4-1)। ਮੀਂਹ ਤੋਂ ਬਾਅਦ ਬਣੀ ਸਤਰੰਗੀ ਪੀਂਘ, ਅਸਮਾਨ ਦਾ ਨੀਲਾ ਰੰਗ, ਸੂਰਜ ਦੀ ਲਾਲੀ, ਖੇਤਾਂ ਦੀ ਹਰਿਆਲੀ, ਰੰਗ-ਬਿਰੰਗੇ ਫੁੱਲ ਅਤੇ ਫਲ, ਚਿੱਟੀ ਰੂੰ ਵਰਗੀ ਬਰਫ, ਬੱਦਲਾਂ ਦਾ ਕਾਲਾਪਣ, ਆਦਿ। ਇਹ ਸਾਰੇ ਖੂਬਸੂਰਤ ਨਜ਼ਾਰੇ ਨਾ ਕੇਵਲ ਸਾਡੇ ਤਨ ਅਤੇ ਮਨ ਨੂੰ ਪ੍ਰਫੁੱਲਤ ਕਰਦੇ ਹਨ, ਬਲਕਿ ਸਾਡੇ ਜੀਵਨ ਵਿਚ ਬੇਸ਼ਕੀਮਤੀ ਰਸ ਘੋਲਣ ਦੇ ਨਾਲ-ਨਾਲ ਸਾਡੀ ਖੁਸ਼ਹਾਲੀ ਅਤੇ ਕਾਮਯਾਬੀ ਦਾ ਪ੍ਰਤੀਕ ਵੀ ਹੁੰਦੇ ਹਨ। ਇਨ੍ਹਾਂ ਰੰਗਾਂ ਦੁਆਰਾ ਹੀ ਅਸੀਂ ਤਿਉਹਾਰਾਂ, ਪਕਵਾਨਾਂ, ਕਪੜਿਆਂ, ਵਿਸ਼ੇਸ਼ ਮੌਕਿਆਂ ’ਤੇ ਕੀਤੀਆਂ ਜਾਣ ਵਾਲੀਆਂ ਰੌਸ਼ਨੀਆਂ, ਆਦਿ ਦੇ ਰੂਪ ਵਿਚ ਆਪਣੇ ਅੰਦਰ ਲੁਕੀਆਂ ਖੁਸ਼ੀ ਅਤੇ ਗਮੀ ਦੀਆਂ ਭਾਵਨਾਵਾਂ ਨੂੰ ਉਜਾਗਰ ਕਰਦੇ ਹਾਂ। ਇਨ੍ਹਾਂ ਰੰਗਾਂ ਤੋਂ ਬਿਨਾਂ ਤਾਂ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ ਕਿ ਸਾਡੀ ਜ਼ਿੰਦਗੀ ਕਿੰਨੀ ਫਿੱਕੀ ਹੋ ਜਾਵੇਗੀ। (ਤੂੰ ਕਰਤਾ ਪੁਰਖੁ ਅਗੰਮੁ ਹੈ ਆਪਿ ਸ੍ਰਿਸਟਿ ਉਪਾਤੀ ॥ ਰੰਗ ਪਰੰਗ ਉਪਾਰਜਨਾ ਬਹੁ ਬਹੁ ਬਿਧਿ ਭਾਤੀ ॥ ਸ੍ਰੀ ਗੁਰੂ ਗ੍ਰੰਥ ਸਾਹਿਬ, 138)।
ਮੂਲ ਰੂਪ ਵਿਚ ਸੂਰਜ ਦੀ ਰੌਸ਼ਨੀ (ਨੇਚਰੋਪੈਥੀ ਅਨੁਸਾਰ ਅਗਨੀ ਤੱਤ) ਅੰਦਰ ਸੱਤ ਰੰਗ ਸਮਾਏ ਹੁੰਦੇ ਹਨ। ਇਹ ਸੱਤ ਰੰਗ (VIBGYOR) ਹਨ: ਬੈਂਗਣੀ (Violet), ਜਾਮਣੀ (Indigo), ਨੀਲਾ (Blue), ਪੀਲਾ (Yellow), ਸੰਤਰੀ (Orange) ਅਤੇ ਲਾਲ (Red)। ਇਨ੍ਹਾਂ ਤੋਂ ਇਲਾਵਾ ਸਫੇਦ (White) ਰੰਗ ਇਨ੍ਹਾਂ ਸੱਤਾਂ ਰੰਗਾਂ ਦਾ ਮਿਸ਼ਰਣ ਅਤੇ ਕਾਲਾ (Black) ਰੰਗ ਇਨ੍ਹਾਂ ਸੱਤਾਂ ਰੰਗਾਂ ਦੀ ਗੈਰ-ਮੌਜੂਦਗੀ ਦੇ ਕਾਰਣ ਹੁੰਦਾ ਹੈ। ਜਿਸ ਤਰ੍ਹਾਂ ਪੇੜ-ਪੌਦੇ ਸੂਰਜ ਦੀ ਰੌਸ਼ਨੀ ਵਿਚ ਆਪਣਾ ਭੋਜਨ ਬਣਾਉਂਦੇ ਹਨ ਅਤੇ ਇਸ ਦੀ ਗੈਰ-ਮੌਜੂਦਗੀ ਵਿਚ, ਖ਼ੁਰਾਕ ਨਾ ਮਿਲਣ ਦੀ ਸਥਿਤੀ ਵਿਚ, ਨਿਰਜੀਵ ਹੋ ਜਾਂਦੇ ਹਨ, ਇਸੇ ਤਰ੍ਹਾਂ ਮਨੁੱਖ ਅਤੇ ਦੂਜੇ ਜੀਵ-ਜੰਤੂਆਂ ਨੂੰ ਵੀ ਜਿਉਂਦੇ ਰਹਿਣ ਲਈ ਇਸ ਰੌਸ਼ਨੀ ਦੀ ਜ਼ਰੂਰਤ ਪੈਂਦੀ ਹੈ ਅਤੇ ਇਸ ਦੀ ਗੈਰ-ਮੌਜੂਦਗੀ ਵਿਚ ਉਹ ਅਨੇਕਾਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ।
ਜਿਸ ਤਰ੍ਹਾਂ ਰੰਗ ਸਾਡੇ ਜੀਵਨ ਦੀ ਹਰੇਕ ਅਵਸਥਾ ਵਿਚ ਇਕ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ, ਸਾਡੇ ਸਰੀਰ ਨੂੰ ਸਕਾਰਾਤਮਕ ਊਰਜਾ ਪ੍ਰਦਾਨ ਕਰਨ ਦੇ ਨਾਲ-ਨਾਲ ਨਕਾਰਾਤਮਕ ਊਰਜਾ ਨੂੰ ਦੂਰ ਰਖਦੇ ਹਨ, ਉਸੇ ਤਰ੍ਹਾਂ ਭੋਜਨ ਵਿਚ ਸਬਜ਼ੀਆਂ ਅਤੇ ਫਲਾਂ ਦੇ ਰੂਪ ਵਿਚ ਗ੍ਰਹਿਣ ਕਰਨ ਨਾਲ ਸਰੀਰਿਕ ਪੱਧਰ ’ਤੇ ਵੀ ਅਸਰ ਪਾਉਂਦੇ ਹਨ। ਭੋਜਨ ਦੀ ਥਾਲੀ ਵਿਚ ਰੰਗ-ਬਿਰੰਗੇ ਪਦਾਰਥ ਨਾ ਕੇਵਲ ਭੁੱਖ ਵਧਾਉਂਦੇ ਹਨ, ਸਗੋਂ ਸਿਹਤ ਲਈ ਵੀ ਲਾਭਦਾਇਕ ਸਿੱਧ ਹੁੰਦੇ ਹਨ। ਹਰ ਰੰਗ ਬਿਮਾਰੀਆਂ ਨਾਲ ਲੜਨ ਵਾਲੇ ਵਿਲੱਖਣ ਰਸਾਇਣਾਂ ਦਾ ਇਕ ਮਿਸ਼ਰਣ ਹੈ, ਜਿਨ੍ਹਾਂ ਨੂੰ ਫਾਇਟੋਕੈਮੀਕਲ ਕਿਹਾ ਜਾਂਦਾ ਹੈ।
ਆਮ ਤੌਰ ’ਤੇ ਇਕ ਰੰਗ ਦੀਆਂ ਸਬਜ਼ੀਆਂ ਅਤੇ ਫਲਾਂ ਵਿਚ ਇਕੋ ਜਿਹੇ ਗੁਣ ਪਾਏ ਜਾਂਦੇ ਹਨ। ਇਸ ਲਈ ਜੇਕਰ ਅਸੀਂ ਭੋਜਨ ਵਿਚੋਂ ਪੂਰਾ ਪੋਸ਼ਣ ਪ੍ਰਾਪਤ ਕਰਨਾ ਹੈ ਤਾਂ ਸਾਨੂੰ ਹਰੇਕ ਰੰਗ ਦੀ ਸਬਜ਼ੀ ਅਤੇ ਖ਼ੁਰਾਕ ਨੂੰ ਆਪਣੇ ਭੋਜਨ ਵਿਚ ਸ਼ਾਮਿਲ ਕਰਨਾ ਚਾਹੀਦਾ ਹੈ। ਆਹਾਰ ਦੀ ਇਸੇ ਵਿਧੀ ਨੂੰ ਰੇਨਬੋ ਡਾਈਟ ਜਾਂ ਇੰਦਰਧਨੁਸ਼ੀ ਆਹਾਰ ਕਿਹਾ ਜਾਂਦਾ ਹੈ। ਸਾਡੇ ਦੇਸ਼ ਵਿਚ ਸਰਦੀ, ਗਰਮੀ, ਬਰਸਾਤ, ਹਰ ਤਰ੍ਹਾਂ ਦੇ ਮੌਸਮ ਵਿਚ ਵੱਖੋ-ਵੱਖ ਰੰਗਾਂ ਦੇ ਫਲ ਅਤੇ ਸਬਜ਼ੀਆਂ ਉਪਲਬਧ ਰਹਿੰਦੇ ਹਨ, ਜਿਨ੍ਹਾਂ ਦਾ ਸਾਨੂੰ ਭਰਪੂਰ ਉਪਯੋਗ ਕਰਨਾ ਚਾਹੀਦਾ ਹੈ। ਵਧਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਲਈ ਤਾਂ ਆਹਾਰ ਦੀ ਇਸ ਵਿਧੀ ਦਾ ਮਹੱਤਵ ਹੋਰ ਵੀ ਵੱਧ ਜਾਂਦਾ ਹੈ ਤਾਂ ਕਿ ਉਨ੍ਹਾਂ ਦੇ ਸਰੀਰ ਲਈ ਲੋੜੀਂਦੇ ਸਾਰੇ ਪੋਸ਼ਕ ਤੱਤ, ਭਾਵ ਕਾਰਬੋਹਾਈਡ੍ਰੇਟ, ਪ੍ਰੋਟੀਨ, ਵਸਾ, ਵਿਟਾਮਿਨ, ਖਣਿਜ, ਫਾਈਬਰ ਅਤੇ ਪਾਣੀ ਭਰਪੂਰ ਮਾਤਰਾ ਵਿਚ ਮਿਲਦੇ ਰਹਿਣ। ਡਾ. ਕੇ. ਸ਼੍ਰੀਨਾਥ ਰੈਡੀ, ਪ੍ਰਧਾਨ, ਪਬਲਿਕ ਹੈਲਥ ਫਾਊਂਡੇਸ਼ਨ ਆਫ਼ ਇੰਡੀਆ (ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਦੇ ਪੂਰਵ ਮੁਖੀ ਅਤੇ ਦੋ ਪ੍ਰਧਾਨ ਮੰਤਰੀਆਂ ਦੇ ਰਹਿ ਚੁਕੇ ਵਿਅਕਤੀਗਤ ਚਿਕਿਤਸਕ) ਅਨੁਸਾਰ ਚੰਗੀ ਸਿਹਤ ਪ੍ਰਾਪਤ ਕਰਨ ਦਾ ਮੰਤਰ ਆਪਣੇ ਭੋਜਨ ਵਿਚ ਰੋਜ਼ਾਨਾ ਪੰਜ ਰੰਗਾਂ ਨੂੰ ਘੱਟੋ ਘੱਟ ਪੰਜ ਵਾਰ ਸ਼ਾਮਿਲ ਕਰਨਾ ਹੈ। ਉਹ ਕਹਿੰਦੇ ਹਨ ਕਿ “ਰੰਗਾਂ ਦੀ ਭਿੰਨਤਾ ਓਨੀ ਹੀ ਮਹੱਤਵਪੂਰਣ ਹੈ, ਜਿੰਨੀ ਕਿ ਉਨ੍ਹਾਂ ਦੀ ਗਿਣਤੀ। ਵਿਸ਼ਵ ਸਿਹਤ ਸੰਸਥਾ (ਡਬਲਿਊ.ਐਚ.ਓ.) ਦੁਆਰਾ ਆਹਾਰ, ਪੋਸ਼ਣ ਅਤੇ ਗੰਭੀਰ ਰੋਗਾਂ ਤੋਂ ਬਚਾਅ ਲਈ ਦਿੱਤੀ ਸਲਾਹ ਦੇ ਅਨੁਸਾਰ ਹਰੇਕ ਵਿਅਕਤੀ ਨੂੰ ਹਰ ਦਿਨ ਘੱਟੋ-ਘੱਟ 400-500 ਗ੍ਰਾਮ ਫਲ ਅਤੇ ਸਬਜ਼ੀਆਂ ਗ੍ਰਹਿਣ ਕਰਨੀਆਂ ਚਾਹੀਦੀਆਂ ਹਨ।” ਆਓ ਦੇਖੀਏ ਕਿ ਇਹ ਪੰਜ ਰੰਗ ਕਿਹੜੇ ਹਨ ਅਤੇ ਇਨ੍ਹਾਂ ਦਾ ਸਾਡੇ ਸਰੀਰ ਉੱਪਰ ਕੀ ਪ੍ਰਭਾਵ ਪੈਂਦਾ ਹੈ:
ਬੈਂਗਣੀ/ਜਾਮਣੀ/ਨੀਲਾ: ਇਨ੍ਹਾਂ ਰੰਗਾਂ ਦੀ ਪ੍ਰਕ੍ਰਿਤੀ ਸ਼ੀਤਲ ਹੁੰਦੀ ਹੈ ਅਤੇ ਭਰੋਸੇਯੋਗਤਾ, ਤਾਕਤ, ਬਹਾਦੁਰੀ ਅਤੇ ਵਿਰਾਟਤਾ ਦੇ ਪ੍ਰਤੀਕ ਹੁੰਦੇ ਹਨ। ਈਸ਼ਵਰ ਨੇ ਨੀਲੇ ਰੰਗ ਨੂੰ ਸ੍ਰਿਸ਼ਟੀ ਵਿਚ ਆਕਾਸ਼ ਅਤੇ ਪਾਣੀ ਦੇ ਰੂਪ ਵਿਚ ਸਭ ਤੋਂ ਵੱਧ ਰੱਖਿਆ ਹੈ। ਇਸ ਰੰਗ ਦੇ ਫਲ ਅਤੇ ਸਬਜ਼ੀਆਂ ਐਂਟੀਆਕਸੀਡੈਂਟ ਅਤੇ ਹੋਰ ਤੱਤਾਂ ਨਾਲ ਭਰਪੂਰ ਹੁੰਦੇ ਹਨ ਜਿਹੜੇ ਸਾਡੇ ਤਨ ਨੂੰ ਸੁੰਦਰ ਅਤੇ ਜੁਆਨ ਬਣਾ ਕੇ ਰੱਖਣ ਵਿਚ ਸਹਾਈ ਹੁੰਦੇ ਹਨ, ਸਾਡੇ ਸਰੀਰ ਵਿਚ ਚੰਗੇ ਕੋਲੇਸਟ੍ਰੋਲ ਨੂੰ ਵਧਾਉਂਦੇ ਹਨ; ਦਿਲ, ਕੈਂਸਰ ਅਤੇ ਅਨੇਕਾਂ ਹੋਰ ਰੋਗਾਂ ਨੂੰ ਘੱਟ ਕਰਨ ਵਿਚ ਮਦਦ ਕਰਦੇ ਹਨ ਅਤੇ ਦਿਮਾਗ ਦੀ ਕਾਰਜਸ਼ੀਲਤਾ ਵਿਚ ਸੁਧਾਰ ਕਰਦੇ ਹਨ।
ਹਰਾ: ਹਰਾ ਰੰਗ ਮੱਧਮ ਪ੍ਰਕ੍ਰਿਤੀ ਦਾ ਹੁੰਦਾ ਹੈ, ਨਾ ਗਰਮ, ਨਾ ਸ਼ੀਤਲ ਅਤੇ ਹਰਿਆਲੀ ਅਤੇ ਖੁਸ਼ਹਾਲੀ ਦਾ ਪ੍ਰਤੀਕ ਹੁੰਦਾ ਹੈ। ਤਣਾਅ, ਪ੍ਰੇਸ਼ਾਨੀ ਜਾਂ ਨਿਰਾਸ਼ਾ ਦੀ ਸਥਿਤੀ ਵਿਚ ਕੁਝ ਪਲ ਹਰਿਆਲੀ ਵਿਚ ਗੁਜ਼ਾਰਨ ਨਾਲ ਵਿਅਕਤੀ ਚੰਗਾ ਮਹਿਸੂਸ ਕਰਦਾ ਹੈ ਅਤੇ ਉਸ ਵਿਚ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ। ਕਲੋਰੋਫਿਲ, ਕੈਲਸ਼ੀਅਮ, ਫੋਲਿਕ ਐਸਿਡ, ਵਿਟਾਮਿਨ ਏ, ਸੀ, ਕੇ, ਆਦਿ ਅਨੇਕਾਂ ਗੁਣਾਂ ਨਾਲ ਭਰਪੂਰ ਇਹ ਫਲ ਅਤੇ ਸਬਜ਼ੀਆਂ ਦੰਦਾਂ ਅਤੇ ਹੱਡੀਆਂ ਨੂੰ ਮਜ਼ਬੂਤ ਕਰਦੇ ਹਨ, ਕੈਂਸਰ ਦੇ ਖਤਰੇ ਨੂੰ ਘਟਾਉਂਦੇ ਹਨ, ਅੱਖਾਂ ਦੀ ਰੌਸ਼ਨੀ ਵਧਾਉਂਦੇ ਹਨ, ਜਿਗਰ ਅਤੇ ਗੁਰਦਿਆਂ ਦੀ ਕਾਰਜਸ਼ੀਲਤਾ ਵਿਚ ਸੁਧਾਰ ਲਿਆਉਂਦੇ ਹਨ, ਬਲੱਡ ਪ੍ਰੈਸ਼ਰ ਅਤੇ ਬਲੱਡ ਸ਼ੂਗਰ ਨੂੰ ਨਿਯੰਤ੍ਰਿਤ ਰੱਖਣ ਵਰਗੇ ਅਨੇਕਾਂ ਕਾਰਜਾਂ ਵਿਚ ਸਹਾਈ ਹੁੰਦੇ ਹਨ।
ਪੀਲਾ/ਸੰਤਰੀ: ਇਨ੍ਹਾਂ ਰੰਗਾਂ ਦੀ ਪ੍ਰਕ੍ਰਿਤੀ ਗਰਮ ਹੁੰਦੀ ਹੈ ਅਤੇ ਇਹ ਗਿਆਨ, ਬੁੱਧੀ, ਸਹਿਣਸ਼ੀਲਤਾ, ਦ੍ਰਿੜ ਇੱਛਾ ਸ਼ਕਤੀ ਅਤੇ ਪ੍ਰਸੰਨਤਾ ਦਾ ਪ੍ਰਤੀਕ ਹੁੰਦਾ ਹੈ। ਵਿਟਾਮਿਨ ਏ, ਵਿਟਾਮਿਨ ਸੀ ਅਤੇ ਅਨੇਕਾਂ ਹੋਰ ਤੱਤਾਂ ਨਾਲ ਭਰਪੂਰ ਇਸ ਰੰਗ ਦੇ ਫਲ ਅਤੇ ਸਬਜ਼ੀਆਂ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦੇ ਹਨ, ਚਮੜੀ ਨੂੰ ਸਾਫ ਅਤੇ ਦ੍ਰਿੜ ਬਣਾਉਂਦੇ ਹਨ, ਖਾਂਸੀ, ਜ਼ੁਕਾਮ, ਐਲਰਜੀ, ਸਾਹ ਦੇ ਰੋਗਾਂ ਤੋਂ ਬਚਾਅ ਕਰਦੇ ਹਨ, ਪਾਚਨ ਸ਼ਕਤੀ ਵਧਾਉਂਦੇ ਹਨ, ਪੱਠਿਆਂ ਅਤੇ ਯੋਜਕ ਤੰਤੂਆਂ ਨੂੰ ਮਜ਼ਬੂਤ ਕਰਦੇ ਹਨ, ਜਲਨ ਅਤੇ ਸੋਜ਼ਸ਼ ਨੂੰ ਘੱਟ ਕਰਨ ਦੇ ਗੁਣਾਂ ਨਾਲ ਭਰਪੂਰ ਹੋਣ ਕਰਕੇ ਜੋੜਾਂ ਦੇ ਦਰਦ ਵਿਚ ਵਿਸ਼ੇਸ਼ ਲਾਭਦਾਇਕ ਹੁੰਦੇ ਹਨ।
ਲਾਲ: ਇਸ ਰੰਗ ਦੀ ਪ੍ਰਕ੍ਰਿਤੀ ਵੀ ਗਰਮ ਹੁੰਦੀ ਹੈ ਅਤੇ ਇਹ ਊਰਜਾ, ਜਨੂੰਨ ਅਤੇ ਰਚਨਾਤਮਕਤਾ ਦਾ ਪ੍ਰਤੀਕ ਹੁੰਦਾ ਹੈ। ਐਂਟੀਆਕਸੀਡੈਂਟ, ਵਿਟਾਮਿਨ ਬੀ-12, ਫੋਲਿਕ ਐਸਿਡ ਅਤੇ ਹੋਰ ਤੱਤਾਂ ਨਾਲ ਭਰਪੂਰ ਇਸ ਰੰਗ ਦੇ ਫਲ ਅਤੇ ਸਬਜ਼ੀਆਂ ਖੂਨ ਦੇ ਵਹਾਅ ਨੂੰ ਨਿਯੰਤ੍ਰਿਤ ਕਰਦੇ ਹਨ, ਕੋਸ਼ਿਕਾਵਾਂ ਨੂੰ ਮਜ਼ਬੂਤ ਕਰਦੇ ਹਨ, ਚਮੜੀ ਦੀ ਰੱਖਿਆ ਕਰਦੇ ਹਨ, ਪਾਚਨ ਕਿਰਿਆ ਨੂੰ ਦਰੁਸਤ ਰੱਖਣ ਵਿਚ ਅਤੇ ਯਾਦਾਸ਼ਤ ਨੂੰ ਵਧਾਉਣ ਵਿਚ ਮਦਦ ਕਰਦੇ ਹਨ ਅਤੇ ਕੈਂਸਰ ਵਰਗੇ ਭਿਆਨਕ ਰੋਗਾਂ ਤੋਂ ਬਚਾਉਂਦੇ ਹਨ। ਇਸ ਰੰਗ ਦੇ ਫਲ ਅਤੇ ਸਬਜ਼ੀਆਂ ਸਰੀਰ ਨੂੰ ਜ਼ਰੂਰੀ ਊਰਜਾ ਵੀ ਪ੍ਰਦਾਨ ਕਰਦੇ ਹਨ ਜਿਸ ਨਾਲ ਅਸੀਂ ਤਰੋ-ਤਾਜ਼ਾ ਮਹਿਸੂਸ ਕਰਦੇ ਹਾਂ।
ਸਫੇਦ/ਭੂਰਾ: ਸਫੇਦ ਰੰਗ ਸਰੀਰਿਕ ਊਰਜਾ ਪ੍ਰਣਾਲੀ ਨੂੰ ਸਥਿਰ ਰਖਦਾ ਹੈ ਅਤੇ ਸ਼ਾਂਤੀ, ਕੋਮਲਤਾ ਅਤੇ ਨਿਰਮਲਤਾ ਦਾ ਪ੍ਰਤੀਕ ਹੁੰਦਾ ਹੈ। ਇਸ ਰੰਗ ਦੇ ਫਲ ਅਤੇ ਸਬਜ਼ੀਆਂ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦੇ ਹਨ, ਕੈਂਸਰ ਅਤੇ ਟਿਊਮਰ ਦੇ ਖਤਰੇ ਨੂੰ ਘਟਾਉਂਦੇ ਹਨ, ਜਲਨ ਅਤੇ ਸੋਜ਼ਸ਼ ਨੂੰ ਘੱਟ ਕਰਨ ਵਿੱਚ ਸਹਾਈ ਹੁੰਦੇ ਹਨ, ਖਾਂਸੀ, ਜ਼ੁਕਾਮ ਅਤੇ ਜੋੜਾਂ ਦੇ ਦਰਦ ਵਿਚ ਵਿਸ਼ੇਸ਼ ਲਾਭਦਾਇਕ ਹੁੰਦੇ ਹਨ, ਵਾਇਰਲ ਅਤੇ ਫੰਗਲ ਇਨਫੈਕਸ਼ਨ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ, ਕੋਲੇਸਟ੍ਰੋਲ ਬਲੱਡ ਪ੍ਰੈਸ਼ਰ ਨੂੰ ਨਿਯੰਤ੍ਰਿਤ ਰੱਖਣ ਵਿਚ ਸਹਾਈ ਹੁੰਦੇ ਹਨ।
ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਤੰਦਰੁਸਤ ਰਹਿਣ ਲਈ ਵੱਖ ਵੱਖ ਰੰਗਾਂ ਦੇ ਫਲਾਂ ਅਤੇ ਸਬਜ਼ੀਆਂ ਦਾ ਸਾਡੇ ਆਹਾਰ ਵਿੱਚ ਸ਼ਾਮਲ ਹੋਣਾ ਕਿੰਨਾ ਮਹੱਤਵਪੂਰਣ ਹੈ। ਫਲਾਂ ਅਤੇ ਸਬਜ਼ੀਆਂ ਦੀ ਚੋਣ ਇਸ ਤਰ੍ਹਾਂ ਕਰੀਏ ਕਿ ਹਰ ਰੰਗ ਸਾਡੇ ਆਹਾਰ ਵਿੱਚ ਸ਼ਾਮਿਲ ਹੋ ਜਾਵੇ। ਜਿਥੋਂ ਤਕ ਹੋ ਸਕੇ ਮੌਸਮੀ ਫਲਾਂ ਅਤੇ ਸਬਜ਼ੀਆਂ ਦੀ ਵਰਤੋਂ ਕਰੀਏ, ਕਿਉਂਕਿ ਉਹ ਨਾ ਕੇਵਲ ਵੱਧ ਗੁਣਾਂ ਨਾਲ ਭਰਪੂਰ ਹੋਣਗੇ, ਬਲਕਿ ਕੀਮਤ ਪੱਖੋਂ ਵੀ ਕਿਫ਼ਾਇਤੀ ਹੋਣਗੇ। ਇਸ ਤਰ੍ਹਾਂ ਇੰਦਰਧਨੁਸ਼ੀ ਰੰਗਾਂ ਦੇ ਆਹਾਰ ਨੂੰ ਆਪਣੀ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਸ਼ਾਮਿਲ ਕਰਕੇ ਨਾ ਕੇਵਲ ਅਸੀਂ ਆਪਣੇ ਸਰੀਰ ਨੂੰ ਸੁੰਦਰ ਅਤੇ ਨਿਰੋਗ ਰੱਖ ਸਕਦੇ ਹਾਂ, ਬਲਕਿ ਆਪਣੇ ਮੋਟਾਪੇ ’ਤੇ ਨਿਯੰਤਰਣ ਅਤੇ ਅਨੇਕਾਂ ਭਿਆਨਕ ਬਿਮਾਰੀਆਂ ਤੋਂ ਵੀ ਛੁਟਕਾਰਾ ਪਾ ਸਕਦੇ ਹਾਂ।

ਸੰਪਰਕ: 98147-11605

 


Comments Off on ਰੇਨਬੋ ਡਾਈਟ — ਇੰਦਰਧਨੁਸ਼ੀ ਆਹਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.