ਗੰਨਮੈਨ 38, ਖ਼ਰਚਾ 18 ਲੱਖ !    ਕੌਮਾਂਤਰੀ ਮੁੱਕੇਬਾਜ਼ੀ ਐਸੋਸੀਏਸ਼ਨ ਵੱਲੋਂ ਇਟਲੀ ਵਿੱਚ ਯੂਰਪੀ ਫੋਰਮ ਰੱਦ !    ਟੋਕੀਓ ਓਲੰਪਿਕ: ਤੈਅ ਪ੍ਰੋਗਰਾਮ ਮੁਤਾਬਕ ਹੋਣਗੀਆਂ ਖੇਡਾਂ: ਰਿਜਿਜੂ !    ‘ਆਪ’ ਵਿਧਾਇਕਾਂ ਵੱਲੋਂ ਵਿਧਾਨ ਸਭਾ ਅੱਗੇ ਪ੍ਰਦਰਸ਼ਨ !    ਕਰੋਨਾਵਾਇਰਸ: ਮੁੱਢਲੀ ਜਾਣਕਾਰੀ ਤੇ ਉਪਾਅ !    ਛਾਤੀ ਵਿੱਚ ਭਾਰਾਪਣ ਹੋਣਾ ਗੰਭੀਰ ਸੰਕੇਤ !    ਸਿੱਖ ਇਤਿਹਾਸ ਦਾ ਉੜੀਆ ’ਚ ਅਨੁਵਾਦ ਕਰਨ ਵਾਲੀ ਸਾਧਨਾ ਪਾਤਰੀ ਦਾ ਸਨਮਾਨ !    ਬੱਚੇ ਦੀ ਮੌਤ: ਸਿਹਤ ਮੰਤਰੀ ਨੇ ਡਾਕਟਰ ਜੋੜੇ ਦੀ ਮੁਅੱਤਲੀ ਦੇ ਹੁਕਮ ਵਾਪਸ ਲਏ !    ਦੋਹਰੇ ਕਤਲ ਕਾਂਡ ਮਾਮਲੇ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ !    ਜਵਾਨੀ ਦੇ ਅਵੱਲੇ ਜੋਸ਼ ’ਚ ਹੋਸ਼ ਰੱਖਣਾ ਵੀ ਜ਼ਰੂਰੀ !    

ਰਿਸ਼ਤਿਆਂ ਦੀਆਂ ਗੁੰਝਲਦਾਰ ਕਹਾਣੀਆਂ

Posted On September - 7 - 2019

ਰਾਸ ਰੰਗ

ਡਾ. ਸਾਹਿਬ ਸਿੰਘ

ਮਰਦ ਔਰਤ ਦਾ ਰਿਸ਼ਤਾ, ਇਸ ਦੀਆਂ ਪਰਤਾਂ ਲੇਖਕਾਂ ਤੇ ਕਲਾਕਾਰਾਂ ਲਈ ਹਮੇਸ਼ਾਂ ਦਿਲਚਸਪ ਵਿਸ਼ਾ ਰਿਹਾ ਹੈ। ਇਹ ਰਿਸ਼ਤਾ ਇਕੋ ਵੇਲੇ ਕਈ ਧਰਾਤਲਾਂ ’ਤੇ ਵਿਚਰਦਾ ਹੈ। ਇਕ ਦੂਜੇ ਤੋਂ ਉਮੀਦਾਂ ਦੀ ਪੂਰਤੀ ਤੇ ਅਪੂਰਤੀ ਦਾ ਤਣਾਅ ਅਤੇ ਟਕਰਾਉ, ਪਰ ਨਾਲ ਹੀ ਦੁਨਿਆਵੀ ਫਰਜ਼ਾਂ ਦਾ ਭਾਰ ਇਸ ਰਿਸ਼ਤੇ ਨੂੰ ਸਾਦਾ ਦਿਸਦਿਆਂ ਵੀ ਗੁੰਝਲਦਾਰ ਬਣਾ ਦਿੰਦਾ ਹੈ। ਚੰਡੀਗੜ੍ਹ ਦੇ ਹਿੰਦੀ ਰੰਗਮੰਚ ਵਿਚ ਪਿਛਲੇ ਸੈਂਤੀ ਸਾਲਾਂ ਤੋਂ ਅਸਰਦਾਰ ਅਤੇ ਵਜ਼ਨਦਾਰ ਭੂਮਿਕਾ ਅਦਾ ਕਰ ਰਹੇ ਅਦਾਕਾਰ, ਨਿਰਦੇਸ਼ਕ, ਕਵੀ, ਕਹਾਣੀਕਾਰ, ਆਲੋਚਕ, ਅਨੁਵਾਦਕ, ਬੁੱਤਸਾਜ਼, ਚਿੱਤਰਕਾਰ ਵਿਜੇ ਕਪੂਰ ਨੇ ਪਿਛਲੇ ਦਿਨੀਂ ਚੰਡੀਗੜ੍ਹ ਦੇ ਪ੍ਰਬੁੱਧ ਦਰਸ਼ਕਾਂ ਅੱਗੇ ਦੋ ਕਹਾਣੀਆਂ ਨੂੰ ਮੰਚ ’ਤੇ ਪੇਸ਼ ਕੀਤਾ। ਇਹ ਕਹਾਣੀਆਂ ਚੰਡੀਗੜ੍ਹ ਦੀ ਸਭ ਤੋਂ ਪੁਰਾਣੀ ਰੰਗਮੰਚ ਸੰਸਥਾ ਅਭਿਨੇਤ ਵੱਲੋਂ ਪੇਸ਼ ਕੀਤੀਆਂ ਗਈਆਂ ਤੇ ਇਕ ਵੱਖਰਾ ਸੰਸਾਰ ਸਿਰਜਦਿਆਂ ਸੰਵੇਦਨਾ ਦੇ ਸੱਜਰੇ ਬੂਹੇ ਖੋਲ੍ਹਣ ’ਚ ਕਾਮਯਾਬ ਰਹੀਆਂ।
ਪਹਿਲੀ ਕਹਾਣੀ ਹਿੰਦੀ ਦੇ ਪ੍ਰਸਿੱਧ ਕਹਾਣੀਕਾਰ ਤੇ ਨਾਟਕਕਾਰ ਸੁਰਿੰਦਰ ਵਰਮਾ ਦੀ ਲਿਖੀ ਹੋਈ ਸੀ ‘ਮਰਣੋਪਰਾਂਤ’। ਇਸਨੂੰ ‘ਉਸਕੇ ਜਾਨੇ ਕੇ ਬਾਅਦ’ ਸਿਰਲੇਖ ਅਧੀਨ ਪੇਸ਼ ਕੀਤਾ ਗਿਆ। ਇਕ ਔਰਤ ਜੋ ਦੋ ਮਰਦਾਂ ਵਿਚੋਂ ਆਪਣੀ ਜ਼ਿੰਦਗੀ ਦੇ ਅਰਥ ਲੱਭ ਰਹੀ ਹੈ, ਉਸਦੇ ਜਾਣ ਤੋਂ ਬਾਅਦ ਉਹ ਦੋਵੇਂ ਮਰਦ ਇਕ ਥਾਂ ਮਿਲਦੇ ਹਨ। ਵਾਰਤਾਲਾਪ ਦੋ ਮਰਦਾਂ ਦੀ ਹੈ, ਪਰ ਕੇਂਦਰ ਬਿੰਦੂ ਉਹ ਔਰਤ ਹੈ ਜਿਸਨੇ ਸਮੇਂ ਸਮੇਂ ਦੋਵਾਂ ਨੂੰ ਪਿਆਰ ਕੀਤਾ ਹੈ। ਹੁਣ ਦੋਵੇਂ ਤਣਾਅ ਵਿਚ ਹਨ। ਆਪਣੀ ਗੱਲ ਕਹਿਣ ਲਈ ਇਕ ਦੂਜੇ ਦੀ ਗੱਲ ਵਿਚਾਲਿਉਂ ਟੋਕ ਰਹੇ ਹਨ। ਅਧੂਰੇ ਸੰਵਾਦ, ਅਧੂਰੇ ਪਿਆਰ ਤੇ ਅਧੂਰੀ ਜ਼ਿੰਦਗੀ ਦੇ ਖ਼ੂਬਸੂਰਤ ਮਾਅਨੇ ਸਿਰਜ ਰਹੇ ਸਨ। ਇਕ ਮਰਦ ਕੋਈ ਸਤਰ ਆਰੰਭ ਕਰਦਾ ਹੈ ਤਾਂ ਦੂਜਾ ਇਸਨੂੰ ਮੁਕੰਮਲ ਕਰਦਾ ਹੈ, ਪਰ ਮੁਕੰਮਲ ਫਿਰ ਵੀ ਨਹੀਂ ਹੁੰਦੀ, ਸ਼ਾਇਦ ਇਹੀ ਜ਼ਿੰਦਗੀ ਦਾ ਸੱਚ ਹੈ, ਇਹੀ ਜ਼ਿੰਦਗੀ ਦੀ ਭਟਕਣ ਹੈ। ਇਕ ਕੋਲ ਹੱਕ ਹੈ, ਦੂਜਾ ਹੱਕ ਜਤਾ ਰਿਹਾ ਹੈ, ਪਰ ਖ਼ਲਨਾਇਕ ਕੋਈ ਵੀ ਨਹੀਂ ਹੈ, ਨਾ ਦੋਵੇਂ ਮਰਦ ਤੇ ਨਾ ਉਹ ਔਰਤ ਜੋ ਚਲੇ ਗਈ ਹੈ।

ਡਾ. ਸਾਹਿਬ ਸਿੰਘ

ਦੋਵੇਂ ਇਕ ਦੂਜੇ ਤੋਂ ਉਸ ਔਰਤ ਬਾਰੇ ਸਵਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਕ ਸ਼ੁਰੂ ਕਰਦਾ ਹੈ ਤਾਂ ਦੂਜੇ ਨੂੰ ਤਕਲੀਫ਼ ਹੁੰਦੀ ਹੈ। ਕਿੱਥੇ ਮਿਲੇ ਸੀ, ਕਦੋਂ ਮਿਲੇ ਸੀ, ਉਦੋਂ ਮੈਂ ਕਿੱਥੇ ਸੀ, ਮੈਨੂੰ ਉਸਨੇ ਕੀ ਕਿਹਾ ਸੀ, ਫਿਰ ਵਾਪਸ ਆ ਕੇ ਉਸਦੀ ਮਾਨਸਿਕ ਹਾਲਤ ਕਿਹੋ ਜਿਹੀ ਸੀ, ਉਸਨੇ ਝੂਠ ਕਿਉਂ ਬੋਲਿਆ ਸੀ। ਇਸ ਤਰ੍ਹਾਂ ਦੇ ਅਨੇਕਾਂ ਨਿੱਕੇ ਨਿੱਕੇ ਛਿਣ ਪੇਸ਼ਕਾਰੀ ਨੂੰ ਸਜੀਵ ਕਰਦੇ ਹਨ। ਇਕ ਦਾ ਆਰਕਸ਼ਨ ਧੁੰਦਲਾ ਕਿਵੇਂ ਪੈ ਗਿਆ, ਦੂਜਾ ਜ਼ਿੰਦਗੀ ’ਚ ਕਿਵੇਂ ਆ ਗਿਆ! ਮਿਲਣ ਸਥਾਨ ਕਿਵੇਂ ਬਦਲ ਰਹੇ ਸਨ। ਇਕ ਸਥਾਨ ਦੋ ਪ੍ਰੇਮੀਆਂ ਦੀ ਯਾਦ ਦਾ ਹਿੱਸਾ ਹੈ, ਦੂਜਾ ਮਰਦ ਉਸੇ ਸਥਾਨ ’ਤੇ ਜਾਣਾ ਚਾਹੁੰਦਾ ਹੈ। ਉਹ ਇਨਕਾਰ ਕਰਦੀ ਹੈ, ਅਹਿਸਾਸ ਜੂਠਾ ਹੋ ਜਾਣ ਤੋਂ ਡਰਦੀ ਹੈ, ਯਾਦ ਨੂੰ ਹਿੱਕ ਅੰਦਰ ਆਪਣੇ ਮੌਲਿਕ ਰੂਪ ’ਚ ਸੰਭਾਲ ਕੇ ਰੱਖਣਾ ਚਾਹੁੰਦੀ ਹੈ।
ਦੋਵਾਂ ਅੰਦਰ ਕੁੰਠਾ ਹੈ, ਖਿਝ ਹੈ, ਕੌਣ ਜ਼ਿਆਦਾ ਨਜ਼ਦੀਕ ਸੀ, ਇਹ ਜਾਣਨ ਦੀ ਉਤਸੁਕਤਾ ਹੈ, ਪਰ ਜਿਵੇਂ ਈ ਜਾਣਨ ਦੇ ਪਲਾਂ ਵੱਲ ਵਧਦੇ ਹਨ ਤਾਂ ਮੱਥੇ ’ਤੇ ਫਿਕਰ ਜਾਗਦਾ ਹੈ ਕਿ ਹੁਣੇ ਅੰਬਰ ਫਟੇਗਾ ਤੇ ਸੁਪਨਿਆਂ ’ਚ ਬਣਾਈ ਮੂਰਤ ਢਹਿ ਢੇਰੀ ਹੋ ਜਾਏਗੀ। ਦੋਵੇਂ ਰੁਕ ਜਾਂਦੇ ਹਨ, ਰੋਕ ਦਿੱਤੇ ਜਾਂਦੇ ਹਨ! ਇੰਨੀ ਗਹਿਰੀ ਕਸ਼ਮਕਸ਼, ਇੰਨਾ ਸੰਘਣਾ ਤਣਾਅ ਸਿਰਜਣ ਲਈ ਵਿਜੇ ਕਪੂਰ ਨੇ ਨਿਰਦੇਸ਼ਕ ਵਜੋਂ ਕਮਾਲ ਦੀਆਂ, ਸਾਦਾ ਦਿਸਦੀਆਂ, ਪਰ ਅਰਥ ਭਰਪੂਰ ਰੰਗਮੰਚੀ ਸਰੀਰਿਕ ਕਿਰਿਆਵਾਂ ਸਿਰਜੀਆਂ। ਵਿਜੇ ਕਪੂਰ ਖ਼ੁਦ ਐਕਟ ਕਰ ਰਿਹਾ ਸੀ। ਉਸਦੇ ਹੱਥਾਂ ਦਾ ਇਕ ਦੂਜੇ ਨਾਲ ਮਿਲਾਪ, ਥਾਪ, ਉਂਗਲੀਆਂ ਦਾ ਘੁਮਾਓ, ਹੱਥਾਂ ਦੀ ਕੰਬਣੀ, ਸਿਰ ਦਾ ਝਟਕਾ, ਪੈਰਾਂ ਨੂੰ ਕਦੋਂ ਸਥਿਰ ਕਰਨਾ ਹੈ ਤੇ ਕਦੋਂ ਅਸਥਿਰ ਕਰਕੇ ਅਰਥ ਸੰਚਾਰਿਤ ਕਰਨੇ ਹਨ। ਵਿਜੇ ਅਦਾਕਾਰੀ ਦੀ ਚਿਤਰਕਾਰੀ ਕਰ ਰਿਹਾ ਸੀ। ਵਿਸ਼ੇਸ਼ ਤੌਰ ’ਤੇ ਉਸਦੀ ਸਰੀਰਿਕ ਭਾਸ਼ਾ, ਤਣਕੇ ਖੜ੍ਹਨਾ ਤੇ ਸ਼ਾਹਾਨਾ ਅੰਦਾਜ਼ ਨਾਲ ਘੁੰਮਣਾ ਜਿਵੇਂ ਨਗਾਰੇ ਦੀ ਚੋਟ ’ਤੇ ਦੂਜੇ ਪ੍ਰੇਮੀ ਨੂੰ ਜਤਲਾ ਰਿਹਾ ਸੀ ਕਿ ਮੈਂ ਹਾਂ ਅਸਲ ਮਰਦ ਤੇ ਮੈਂ ਹਾਂ ਸ਼ਾਹਾਨਾ ਪ੍ਰਪੱਕ ਪ੍ਰੇਮੀ!
ਇਸਦੇ ਉਲਟ ਦੂਸਰਾ ਅਦਾਕਾਰ ਗੌਰਵ ਅਹੂਜਾ ਆਪਣੇ ਦੱਬਵੇਂ, ਸੰਕੋਚਵੇਂ, ਵਿਸ਼ਵਾਸ ਤੋਂ ਤਿੜਕੇ ਕਿਰਦਾਰ ਨੂੰ ਖ਼ੂਬਸੂਰਤੀ ਨਾਲ ਪੇਸ਼ ਕਰ ਰਿਹਾ ਸੀ। ਉਸਦੇ ਅੰਦਰ ਡਰ ਹੈ, ਸਹਿਮ ਹੈ। ਨਿਰਦੇਸ਼ਕ ਨੇ ਇਹ ਵੱਖਰਤਾ ਸਿਰਜ ਕੇ ਦੋਵੇਂ ਕਿਰਦਾਰਾਂ ਦੀ ਨਿੱਜੀ ਹੋਂਦ ਨੂੰ ਜ਼ਿੰਦਾ ਰੱਖਿਆ। ਔਰਤ ਗ਼ੈਰਹਾਜ਼ਰ ਹੋ ਕੇ ਵੀ ਹਾਜ਼ਰ ਹੈ। ਵਿਜੇ ਜਦੋਂ ਪਿਆਰ ਨਾਲ ਭਿੱਜੇ ਪਲਾਂ ਦਾ ਜ਼ਿਕਰ ਕਰਦਾ ਹੈ ਕਿ ਕਿਵੇਂ ਉਹ ਪਿਘਲ ਕੇ ਉਂਗਲੀਆਂ ਦੇ ਪੋਟੇ ਘੁੰਮਾਉਂਦੀ ਸੀ, ਹੌਲੀ ਹੌਲੀ ਆਪਣਾ ਰੁਮਾਲ ਉਂਗਲਾਂ ਦੁਆਲੇ ਲਪੇਟਦੀ ਸੀ ਤੇ ਇਕ ਟੱਕ ਅੱਖਾਂ ’ਚ ਦੇਖਦਿਆਂ ਮੁਸਕਰਾਉਂਦੀ ਸੀ ਤਾਂ ਗੌਰਵ ਇਉਂ ਮਹਿਸੂਸ ਕਰਦਾ ਹੈ ਕਿ ਇਹ ਮੁਹੱਬਤੀ ਮੰਜ਼ਰ ਵਿਜੇ ਦਾ ਨਹੀਂ, ਉਸਦਾ ਸਰਮਾਇਆ ਹੈ। ਅਸਲ ਵਿਚ ਦੋਵੇਂ ਮਰਦ ਤੇ ਉਹ ਔਰਤ ਜ਼ਿੰਦਗੀ ਨੂੰ ਰੱਜ ਮਾਨਣ ਲਈ ਤੜਪ ਰਹੇ ਹਨ, ਚਮਕਦੀ ਧੁੱਪ ’ਚ ਬਹਿ ਕੇ ਨੂਰੋ ਨੂਰ ਹੋਣਾ ਚਾਹੁੰਦੇ ਹਨ, ਪਰ ਜ਼ਿੰਦਗੀ ਦਾ ਸੱਚ ਪੂਰਨਤਾ ’ਚ ਨਹੀਂ, ਅਪੂਰਨਤਾ ’ਚ ਛੁਪਿਆ ਹੈ। ਮੁਹੱਬਤੀ ਰਿਸ਼ਤਿਆਂ ਦਾ ਹਾਸਲ ‘ਰਾਹ’ ਹੁੰਦੇ ਹਨ, ਮੰਜ਼ਿਲ ਨਹੀਂ। ਸੁਰਿੰਦਰ ਵਰਮਾ ਦੀ ਇਹ ਕਹਾਣੀ ਬਾਰੀਕ ਤੰਦਾਂ ਪਕੜਦੀ ਹੋਈ ਸਦੀਵੀ ਸੱਚ ਪੇਸ਼ ਕਰਦੀ ਹੈ ਤੇ ਇਹ ਪੇਸ਼ਕਾਰੀ ਕਾਫ਼ੀ ਹੱਦ ਤਕ ਉਸ ਸੱਚ ਦਾ ਅਕਸ ਬਣ ਮੰਚ ’ਤੇ ਰੂਪਮਾਨ ਹੁੰਦੀ ਹੈ।
ਦੂਜੀ ਕਹਾਣੀ ‘ਲੌਟਤੇ ਹੂਏ’ ਖ਼ੁਦ ਵਿਜੇ ਕਪੂਰ ਦੀ ਲਿਖੀ ਹੋਈ ਸੀ। ਇਸ ਵਿਚ ਪ੍ਰਣਵ ਵਸ਼ਿਸ਼ਟ ਦਾ ਏਕਲ ਅਭਿਨੈ ਹੈ। ਇਹ ਇਕ ਐਕਟਰ ਦੀ ਕਹਾਣੀ ਹੈ ਜੋ ਆਪਣੇ ਇਕਤਰਫਾ ਪਿਆਰ ਦੇ ਇਕਤਾਲੀ ਵਰ੍ਹਿਆਂ ਦੀ ਦਾਸਤਾਨ ਪੇਸ਼ ਕਰਦਾ ਹੈ। ਇਹ ਨਾ ਕਹਿ ਸਕਣ ਦੀ ਝਿਜਕ ਦੀ ਕਹਾਣੀ ਹੈ ਜਿੱਥੇ ਨਾਇਕਾ ਸ਼ਾਇਦ ਇਸ ਅਹਿਸਾਸ ’ਚ ਜਿਉਂਦੀ ਹੈ ਕਿ ਨਾਇਕ ਕਦੀ ਤਾਂ ਕੋਈ ਸਵਾਲ ਕਰੇਗਾ,ਪਰ ਨਾਇਕ ਕੁਝ ਵੀ ਨਾ ਪੁੱਛਣ ਦਾ ਧਰਮ ਨਿਭਾ ਰਿਹਾ ਹੈ। ਏਕਲ ਅਭਿਨੈ ਜਿਸ ਪਰਿਪੱਕਤਾ ਦੀ ਮੰਗ ਕਰਦਾ ਹੈ, ਉਸ ਲਈ ਪ੍ਰਣਵ ਨੂੰ ਬੜੀ ਮਿਹਨਤ ਕਰਨੀ ਪਵੇਗੀ।
ਇਸ ਸ਼ਾਮ ਦਾ ਸਭ ਤੋਂ ਮਾਣਮੱਤਾ ਤੇ ਭਾਵੁਕ ਕਰਨ ਵਾਲਾ ਪਲ ਉਹ ਸੀ ਜਦੋਂ ਦੋਵੇਂ ਕਹਾਣੀਆਂ ਦੇ ਮੰਚਨ ਤੋਂ ਬਾਅਦ ਵਿਜੇ ਕਪੂਰ ਨੇ ਭਰੇ ਗਲੇ ਨਾਲ ਮੰਚ ’ਤੇ ਆ ਕੇ ਦੱਸਿਆ ਕਿ ਅਦਾਕਾਰਾ ਬਬੀਤਾ ਕਪੂਰ ਦੁਪਹਿਰ ਤਕ ਇਨ੍ਹਾਂ ਦੋਵਾਂ ਕਹਾਣੀਆਂ ਦੇ ਮੰਚਨ ਦਾ ਹਿੱਸਾ ਸੀ, ਪਰ ਪੇਸ਼ਕਾਰੀ ਤੋਂ ਦੋ ਘੰਟੇ ਪਹਿਲਾਂ ਉਸਦੇ ਪਿਤਾ ਜੀ ਦਾ ਦੇਹਾਂਤ ਹੋ ਗਿਆ ਤੇ ਦੋਵੇਂ ਪੇਸ਼ਕਾਰੀਆਂ ਨੂੰ ਮੁੜ ਵਿਉਂਤ ਕੇ ਦਰਸ਼ਕਾਂ ਸਾਹਮਣੇ ਪੇਸ਼ ਕੀਤਾ ਗਿਆ। ਦਰਸ਼ਕ ਹੈਰਾਨੀ ਨਾਲ ਇਹ ਸੂਚਨਾ ਸੁਣ ਰਹੇ ਸਨ ਤੇ ਕਹਿ ਰਹੇ ਸਨ, ‘ਸਾਥੀ ਕਲਾਕਾਰ ਦੇ ਦੁੱਖਾਂ ਦਾ ਪਹਾੜ, ਤੇ ਮੰਚ ’ਤੇ ਪੇਸ਼ਕਾਰੀ!’,ਮੈਂ ਰੋਣਹਾਕਾ ਹੋਇਆ ਸੋਚ ਰਿਹਾ ਹਾਂ ‘ਕੌਣ ਕਹਿੰਦਾ ਹੈ ਕਿ ਰੰਗਕਰਮੀ ਪਾਗਲ ਨਹੀਂ ਹੁੰਦੇ! ਕੌਣ ਕਹਿੰਦਾ ਹੈ ਕਿ ਆਪਣੇ ਦਰਸ਼ਕਾਂ ਲਈ ਇਸ ਹੱਦ ਤਕ ਪ੍ਰਤੀਬੱਧ ਰੰਗਕਰਮੀ ਸੱਚੀਮੁਚੀਂ, ਮਤਲਬਪ੍ਰਸਤੀ ਦੇ ਡੂੰਘੇ ਖੱਡੇ ’ਚ ਡਿੱਘੀ ਇਸ ਦੁਨੀਆਂ ਲਈ ਆਸ ਦਾ ਦੀਵਾ ਨਹੀਂ ਹਨ! ਹੁਣ ਕੁਝ ਹੋਰ ਨਾ ਮੈਥੋਂ ਬੋਲਿਆ ਜਾਣਾ, ਨਾ ਲਿਖਿਆ ਜਾਣਾ…ਇਕੋ ਸ਼ਬਦ ਮਨ ਮਸਤਕ ’ਤੇ ਛਾਇਆ ਹੈ, ਸਲਾਮ!

ਸੰਪਰਕ: 98880-11096


Comments Off on ਰਿਸ਼ਤਿਆਂ ਦੀਆਂ ਗੁੰਝਲਦਾਰ ਕਹਾਣੀਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.