ਪਾਕਿ ਵੱਲੋਂ ਡਾਕ ਸੇਵਾਵਾਂ ਬੰਦ ਕਰਨੀਆਂ ਕੌਮਾਂਤਰੀ ਨੇਮਾਂ ਦਾ ਉਲੰਘਣ: ਪ੍ਰਸਾਦ !    ਪੀਐੱਮਸੀ ਬੈਂਕ ਦੇ ਗਾਹਕਾਂ ਦੀ ਸਰਕਾਰ ਨੂੰ ਨਹੀਂ ਪ੍ਰਵਾਹ: ਯੇਚੁਰੀ !    ਚੋਣ ਕਮਿਸ਼ਨ ਨੇ ਫੇਸਬੁੱਕ ’ਤੇ ਧਮਕੀਆਂ ਦੇਣ ਵਾਲੇ ਆਗੂਆਂ ਨੂੰ ਨੋਟਿਸ ਭੇਜੇ !    ਕੋਵਿੰਦ ਸਣੇ 30 ਵਿਸ਼ਵ ਆਗੂ ਨਾਰੂਹਿਤੋ ਦੇ ਰਾਜਤਿਲਕ ’ਚ ਹੋਣਗੇ ਸ਼ਾਮਲ !    ਬਾਲਾ ਸਾਹਿਬ ਹਸਪਤਾਲ ਦੀ ਸੇਵਾ ਬਾਬਾ ਬਚਨ ਸਿੰਘ ਨੂੰ ਸੌਂਪਣ ਲਈ ਪ੍ਰਵਾਨਗੀ !    ਧੀਆਂ ਦੀ ਇੱਜ਼ਤ ਦੇ ਰਾਖੇ ਨੂੰ ਉਮਰ ਕੈਦ ਕਿਉਂ ? !    ਰੂਪੀ ਚੀਮਾ ਦੀਆਂ ਲਿਖੀਆਂ ਤਸਵੀਰਾਂ !    ਆਵਾਰਾ ਪਸ਼ੂਆਂ ਦੀ ਦਹਿਸ਼ਤ !    ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਕਰੇ ਲਾਂਘੇ ਦੀ ਫ਼ੀਸ ਦਾ ਭੁਗਤਾਨ: ਦਲ ਖ਼ਾਲਸਾ !    ਪਾਕਿਸਤਾਨ ਤੋਂ ਲਿਆਂਦੀ 7.5 ਕਿੱਲੋ ਹੈਰੋਇਨ ਸਮੇਤ ਦੋ ਕਾਬੂ !    

ਰਾਹ ਦਸੇਰਾ ਬਣੇ ਰਹਿਣਗੇ ਕੁਲਬੀਰ ਸਿੰਘ ਸਿੱਧੂ

Posted On September - 24 - 2019

ਪਾਲ ਸਿੰਘ ਨੌਲੀ

ਕੁਲਬੀਰ ਸਿੰਘ ਸਿੱਧੂ ਇਸ ਫਾਨੀ ਸੰਸਾਰ ਨੂੰ ਭਾਵੇਂ ਅਲਵਿਦਾ ਕਹਿ ਗਏ ਹਨ, ਪਰ ਉਨ੍ਹਾਂ ਵੱਲੋਂ ਲਿਖੀਆਂ ਕਿਤਾਬਾਂ ਸਮਾਜ ਲਈ ਹਮੇਸ਼ਾਂ ਰਾਹ ਦਸੇਰਾ ਰਹਿਣਗੀਆਂ। ਗਣਿਤ ਦੇ ਮਾਮਲਿਆਂ ਵਿਚ ਉਹ ਏਨੇ ਮਾਹਿਰ ਸਨ ਕਿ ਇਸ ਖੇਤਰ ’ਚ ਉਨ੍ਹਾਂ ਦਾ ਕੋਈ ਸਾਨੀ ਨਹੀਂ ਸੀ। ਇਸ ਦੀ ਗੁੜਤੀ ਉਨ੍ਹਾਂ ਨੂੰ ਆਪਣੇ ਤਾਇਆ ਜੀ ਹੈੱਡਮਾਸਟਰ ਊਧਮ ਸਿੰਘ ਤੋਂ ਮਿਲੀ। 15 ਅਗਸਤ 1930 ਨੂੰ ਪਾਕਿਸਤਾਨ ਦੇ ਪਿੰਡ 56 ਚੱਕ ਆਰ ਜ਼ਿਲ੍ਹਾ ਮਿੰਟਗੁਮਰੀ ਵਿਚ ਪਿਤਾ ਜਗਤ ਸਿੰਘ ਤੇ ਮਾਤਾ ਸੁਰਿੰਦਰ ਕੌਰ ਦੇ ਗ੍ਰਹਿ ਪੈਦਾ ਹੋਏ ਕੁਲਬੀਰ ਸਿੰਘ ਸਿੱਧੂ ਨੇ ਉੱਚ ਪੱਧਰ ਦੀ ਵਿੱਦਿਆ ਹਾਸਲ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਸੀ ਛੱਡੀ। ਆਪਣੇ ਆਖਰੀ ਸਾਹਾਂ ਤਕ ਉਨ੍ਹਾਂ ਨੇ ਹਾਸਲ ਕੀਤੇ ਗਿਆਨ ਦਾ ਛੱਟਾ ਦਿੱਤਾ। ਪ੍ਰਾਇਮਰੀ ਸਿੱਖਿਆ ਉਨ੍ਹਾਂ ਨੇ 56 ਚੱਕ ਆਰ ਜ਼ਿਲ੍ਹਾ ਮਿੰਟਗੁਮਰੀ ਤੋਂ ਹਾਸਲ ਕੀਤੀ। ਪੰਜਵੀਂ ਜਮਾਤ ਵਿਚ ਹੀ ਉਨ੍ਹਾਂ ਨੇ ਵਜ਼ੀਫਾ ਹਾਸਲ ਕਰ ਲਿਆ ਸੀ। ਇਸੇ ਤਰ੍ਹਾਂ ਅੱਠਵੀਂ ਜਮਾਤ ਦੀ ਪੜ੍ਹਾਈ ਉਨ੍ਹਾਂ ਨੇ ਆਪਣੇ ਦੂਜੇ ਤਾਇਆ ਜੀ ਹੈੱਡਮਾਸਟਰ ਨਿਰੰਜਨ ਸਿੰਘ ਕੋਲ ਰਹਿ ਕੇ ਵਜ਼ੀਫੇ ਨਾਲ ਹੀ ਲਾਗਲੇ ਪਿੰਡੋਂ ਪਾਸ ਕੀਤੀ।
ਪੜ੍ਹਨ ਦੀ ਲਗਨ ਏਨੀ ਜ਼ਿਆਦਾ ਸੀ ਕਿ ਦਸਵੀਂ ਕਰਨ ਲਈ ਉਹ ਲਾਹੌਰ ਦੇ ਸਕੂਲ ’ਚ ਆ ਗਏ ਜਿੱਥੇ ਉਨ੍ਹਾਂ ਨੇ ਹੋਸਟਲ ’ਚ ਰਹਿੰਦਿਆਂ ਆਪਣੀ ਪੜ੍ਹਾਈ ਕੀਤੀ। ਫਿਰ ਐੱਫ.ਏ. ਕਰਨ ਲਈ ਡੀ.ਏ.ਵੀ. ਕਾਲਜ ਜਲੰਧਰ ਆ ਗਏ। ਇੱਥੇ ਉਨ੍ਹਾਂ ਨੇ 1946 ’ਚ ਦਾਖਲਾ ਲੈ ਕੇ ਹਿਸਾਬ ਤੇ ਫਿਜ਼ਿਕਸ ਵਿਸ਼ੇ ਲੈ ਕੇ ਆਪਣੀ ਪੜ੍ਹਾਈ ਕੀਤੀ। ਦੇਸ਼ ਦੀ ਵੰਡ ਹੋਣ ਕਾਰਨ ਐੱਫ.ਏ. ਦਾ ਇਮਤਿਹਾਨ ਨਹੀਂ ਹੋਇਆ, ਪਰ ਵਿਦਿਆਰਥੀਆਂ ਦਾ ਪਿਛਲਾ ਰਿਕਾਰਡ ਦੇਖ ਕੇ ਉਨ੍ਹਾਂ ਨੂੰ ਬਿਨਾਂ ਇਮਤਿਹਾਨ ਹੀ ਪਾਸ ਕਰ ਦਿੱਤਾ। 1949 ’ਚ ਕੁਲਬੀਰ ਸਿੰਘ ਨੇ ਬੀ.ਏ. ਕੀਤੀ ਤੇ 1953 ਵਿਚ ਐੱਮ.ਏ. ਕਰਨ ਲਈ ਡੀ.ਏ.ਵੀ. ਕਾਲਜ ਜਲੰਧਰ ਵਿਚ ਦਾਖਲਾ ਲਿਆ ਤੇ ਚੰਗੇ ਨੰਬਰਾਂ ਨਾਲ ਡਿਗਰੀ ਹਾਸਲ ਕੀਤੀ। 1956 ਵਿਚ ਐੱਮ.ਐੱਡ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਗੋਲਡ ਮੈਡਲ ਨਾਲ ਕੀਤੀ। ਸਟੇਟ ਕਾਲਜ ਆਫ ਐਜੂਕੇਸ਼ਨ ਪਟਿਆਲਾ ’ਚ ਉਨ੍ਹਾਂ ਨੇ ਹਿਸਾਬ ਤੇ ਸਾਇੰਸ ਦੇ ਪ੍ਰੋਫੈਸਰ ਵਜੋਂ ਪੜ੍ਹਾਉਣਾ ਸ਼ੁਰੂ ਕਰ ਦਿੱਤਾ।
ਡਾ. ਕੁਲਬੀਰ ਸਿੰਘ ਸਿੱਧੂ ਨੇ ਲੰਮਾ ਸਮਾਂ ਲਿਖਣ ਦਾ ਸਫ਼ਰ ਕੀਤਾ ਤੇ ਛੋਟੀ ਉਮਰੇ ਹੀ ਇਸ ਰਾਹ ਦੇ ਪਾਂਧੀ ਬਣ ਗਏ। ਪਹਿਲਾ ਪੰਜਾਬੀ ਨਾਵਲ ‘ਵਿਦਿਆਰਥੀ’ ਲਿਖਿਆ ਜਿਹੜਾ 18 ਸਤੰਬਰ 1950 ਨੂੰ ਮਾਈ ਹੀਰਾਂ ਗੇਟ ਤੋਂ ਛਪਵਾਇਆ ਸੀ। ਉਨ੍ਹਾਂ ਨੇ ਪੰਜਾਬੀ ਨਹੀਂ ਸੀ ਪੜ੍ਹੀ ਹੋਈ, ਇਸ ਦੇ ਬਾਵਜੂਦ ਉਨ੍ਹਾਂ ਨੇ ਬਹੁਤ ਸਾਰੀਆਂ ਕਿਤਾਬਾਂ ਪੰਜਾਬੀ ਵਿਚ ਵੀ ਲਿਖੀਆਂ ਜਿਹੜੀਆਂ ਹੁਣ ਤਕ ਕਾਲਜਾਂ ਵਿਚ ਪੜ੍ਹਾਈਆਂ ਜਾਂਦੀਆਂ ਹਨ। ਪੰਜਾਬੀ ਵਿਚ ਹੀ ਉਨ੍ਹਾਂ ਨੇ ਕਹਾਣੀਆਂ, ਕਵਿਤਾਵਾਂ, ਡਰਾਮੇ ਤੇ ਪ੍ਰਮੁੱਖ ਸ਼ਖ਼ਸੀਅਤਾਂ ਦੀਆਂ ਸਵੈ ਜੀਵਨੀਆਂ ਬਾਰੇ ਵੀ ਕਿਤਾਬ ਲਿਖੀ। ਉਹ ਹਰ ਵਿਸ਼ੇ ਦੇ ਮਾਹਿਰ ਸਨ ਤੇ ਰਵਿੰਦਰ ਨਾਥ ਟੈਗੋਰ ਦੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਸਨ। ਜਦੋਂ ਉਹ ਬੀ.ਏ. ਫਾਈਨਲ ਦੇ ਵਿਦਿਆਰਥੀ ਸਨ ਤਾਂ ਕਾਲਜ ਦੇ ਮੈਗਜ਼ੀਨ ਦੇ ਐਡੀਟਰ ਵੀ ਸਨ। ਉਨ੍ਹਾਂ ਨੇ ਸਟੇਟ ਕਾਲਜ ਆਫ ਪਟਿਆਲਾ 1964 ਵਿਚ ਤੇ ਬਾਅਦ ਵਿਚ ਗੌਰਮਿੰਟ ਟਰੇਨਿੰਗ ਕਾਲਜ ਵਿਚ ਸੀਨੀਅਰ ਪ੍ਰੋਫੈਸਰ ਦੇ ਤੌਰ ’ਤੇ ਪੜ੍ਹਾਇਆ। ਮਿੰਟਗੁਮਰੀ ਕਾਲਜ ਵਿਚ ਉਹ 1984 ਵਿਚ ਡੈਪੂਟੇਸ਼ਨ ’ਤੇ ਆ ਗਏ ਤੇ ਬਤੌਰ ਪ੍ਰਿੰਸੀਪਲ ਆਪਣੀਆਂ ਸੇਵਾਵਾਂ ਨਿਭਾਉਂਦੇ ਰਹੇ। ਇੱਥੋਂ ਹੀ ਉਹ 1989 ਵਿਚ ਸੇਵਾ ਮੁਕਤ ਹੋਏ ਸਨ।
ਕੁਲਬੀਰ ਸਿੰਘ ਸਿੱਧੂ ਨੇ ਹਿਸਾਬ ਦੇ ਖੇਤਰ ਵਿਚ ਪੰਜਾਬੀ ਅਤੇ ਅੰਗਰੇਜ਼ੀ ਵਿਚ ਵਿਦਿਆਰਥੀਆਂ ਤੇ ਅਧਿਆਪਕਾਂ ਲਈ ਮਹੱਤਵਪੂਰਨ ਕਿਤਾਬਾਂ ਲਿਖੀਆਂ ਸਨ। ‘ਪੰਜਾਬ ਗਣਿਤ ਸਿੱਖਿਆ’ 1980 ਵਿਚ ਪਹਿਲੀ ਵਾਰ ਛਾਪੀ ਗਈ ਸੀ ਤੇ 2001 ਵਿਚ ਉਸ ਦਾ ਪੰਜਵਾਂ ਐਡੀਸ਼ਨ ਛਪਿਆ। 1967 ਵਿਚ ਉਨ੍ਹਾਂ ਨੇ ‘ਟੀਚਿੰਗ ਆਫ ਮੈਥੇਮੈਟਿਕਸ’ ਕਿਤਾਬ ਲਿਖੀ ਸੀ। ਸਾਹਿਤ ਦੇ ਖੇਤਰ ’ਚ ਉਨ੍ਹਾਂ ਨੇ 1962 ਵਿਚ ‘ਇਕਾਂਗੀ ਜੀਵਨ ਮੰਚ’ ਲਿਖਿਆ। ਪੰਜਾਬੀ ਸਾਹਿਤ ਸਮੀਖਿਆ ਬੋਰਡ ਨੇ ਇਸ ਦੇ ਬਦਲੇ ਉਨ੍ਹਾਂ ਨੂੰ ਸਨਮਾਨਤ ਵੀ ਕੀਤਾ। ਇਹ ਕਿਤਾਬ ਉਸ ਸਾਲ ਦੂਜੀ ਸਭ ਤੋਂ ਬਿਹਤਰ ਡਰਾਮਾ ਤੇ ਨਾਟਕ ਕਿਤਾਬ ਮੰਨੀ ਗਈ ਸੀ। ਸਾਇੰਸ ਨੂੰ ਸਰਲ ਸ਼ਬਦਾਂ ਵਿਚ ਵਿਦਿਆਰਥੀਆਂ ਤਕ ਪਹੁੰਚਾਉਣ ਲਈ ਉਨ੍ਹਾਂ ਨੇ 1962 ਵਿਚ ‘ਮਨੁੱਖ ਦੀ ਉਡਾਣ’ ਕਿਤਾਬ ਲਿਖੀ ਸੀ। ਇਸ ਵਿਚ ਉਨ੍ਹਾਂ ਨੇ ਸਾਇੰਸ ਨੂੰ ਸਰਲ ਸ਼ਬਦਾਂ ਵਿਚ ਸਮਝਾਇਆ ਸੀ। ਭਾਸ਼ਾ ਵਿਭਾਗ ਨੇ ਇਹ ਕਿਤਾਬ ਲਿਖਣ ’ਤੇ ਉਨ੍ਹਾਂ ਨੂੰ ਸਨਮਾਨਤ ਕੀਤਾ। ਸ੍ਰੀ ਗੁਰੂ ਨਾਨਕ ਦੇਵ ਬਾਰੇ ਵੀ ਉਨ੍ਹਾਂ ਨੇ ਕਿਤਾਬ ਲਿਖੀ ਸੀ। ਉਨ੍ਹਾਂ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਜਿਨ੍ਹਾਂ ਵਿਚ ਕਹਾਣੀਆਂ ਤੇ ਕਵਿਤਾਵਾਂ ਵੀ ਸ਼ਾਮਲ ਹਨ।
ਆਪਣੀ ਨੌਕਰੀ ਦੌਰਾਨ ਹੀ ਉਨ੍ਹਾਂ ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਉੱਤਰ ਪ੍ਰਦੇਸ਼ ਤੋਂ ਐੱਮ.ਏ. ਮਨੋਵਿਗਿਆਨ ਅਤੇ ਪੀਐੱਚ.ਡੀ ਮਨੋਵਿਗਿਆਨ ਕੀਤੀ। ਉਨ੍ਹਾਂ ਦਾ ਜੀਵਨ ਏਨਾ ਸਾਦਗੀ ਤੇ ਨਿਮਰਤਾ ਭਰਿਆ ਸੀ ਕਿ ਉਨ੍ਹਾਂ ਨੇ ਆਪਣੇ ਜੀਵਨ ਦੌਰਾਨ ਬਹੁਤ ਸਾਰੇ ਵਿਦਿਆਰਥੀਆਂ ਨੂੰ ਕੋਲ ਰੱਖ ਕੇ ਪੜ੍ਹਾਇਆ। ਸੇਵਾ ਮੁਕਤੀ ਤੋਂ ਬਾਅਦ ਉਨ੍ਹਾਂ ਨੇ ਜਲੰਧਰ ਵਿਚ ਸ੍ਰੀ ਦਸਮੇਸ਼ ਪਬਲਿਕ ਸਕੂਲ ਸ਼ੁਰੂ ਕੀਤਾ। ਆਪਣੇ ਛੋਟੇ ਭੈਣ ਭਰਾਵਾਂ ਨੂੰ ਪੈਰਾਂ ’ਤੇ ਖੜ੍ਹੇ ਕਰਨ ਲਈ ਉਨ੍ਹਾਂ ਨੂੰ ਆਪਣੇ ਕੋਲ ਰੱਖ ਕੇ ਪੜ੍ਹਾਇਆ।
ਕੁਲਬੀਰ ਸਿੰਘ ਸਿੱਧੂ ਨੇ ਆਪਣੀਆਂ ਪ੍ਰਾਪਤੀਆਂ, ਚੁਣੌਤੀਆਂ ਤੇ ਔਕੜਾਂ ਨੂੰ ਜਰਬਾਂ ਤਕਸੀਮਾਂ ਦਿੰਦੇ ਹੋਏ ਇਸੇ ਸਾਲ 1 ਸਤੰਬਰ ਨੂੰ ਆਪਣੇ ਜਲੰਧਰ ਵਿਚਲੇ ਘਰ ’ਚ ਆਖਰੀ ਸਾਹ ਲਿਆ। ਉਨ੍ਹਾਂ ਦਾ ਨਾਂ ਦੁਨੀਆਂ ਦੀਆਂ ਮਹੱਤਵਪੂਰਨ ਡਾਇਰੈਕਟਰੀਆਂ ਵਿਚ ਵੀ ਸ਼ਾਮਲ ਹੈ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੈਨੇਟ ਮੈਂਬਰ ਵੀ ਰਹੇ। ਉਨ੍ਹਾਂ ਦੇ ਪਰਿਵਾਰ ਵੱਲੋਂ ਉਨ੍ਹਾਂ ਦੀ ਯਾਦ ਵਿਚ ਸਾਲਾਨਾ ਵਿਦਿਆ ਤੇ ਸਿਹਤ ਦੇ ਖੇਤਰ ਵਿਚ ਸਨਮਾਨ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।


Comments Off on ਰਾਹ ਦਸੇਰਾ ਬਣੇ ਰਹਿਣਗੇ ਕੁਲਬੀਰ ਸਿੰਘ ਸਿੱਧੂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.