ਪੀਜੀਆਈ ਪਹੁੰਚਿਆ ਕੋਰੋਨਾ ਦਾ ਮਰੀਜ਼ !    ਟੀਮ ਨੂੰ ਧੋਨੀ ਦੀ ਘਾਟ ਰੜਕਦੀ ਹੈ: ਚਾਹਲ !    ਚੰਦਰ ਸ਼ੇਖਰ ਆਜ਼ਾਦ ਦੇ ਪੋਤਰੇ ਵੱਲੋਂ ਨਾਗਰਿਕਤਾ ਕਾਨੂੰਨ ਦੀ ਹਮਾਇਤ !    ਇਤਿਹਾਸਕ ਜੱਲ੍ਹਿਆਂਵਾਲਾ ਬਾਗ਼ ਵਿੱਚ ਨਹੀਂ ਲੱਗੇਗੀ ਦਾਖ਼ਲਾ ਟਿਕਟ !    ਪਤੰਗਾਂ ਚੜ੍ਹੀਆਂ ਅਸਮਾਨ; ਪੁਲੀਸ ਪ੍ਰੇਸ਼ਾਨ !    ਨਾਸਿਕ ਵਿੱਚ ਬੱਸ-ਆਟੋਰਿਕਸ਼ਾ ਦੀ ਟੱਕਰ, 20 ਹਲਾਕ !    ਮਾਤਾ ਖੀਵੀ ਜੀ !    ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਹੋਵੇ ਰੇਲਵੇ ਸਟੇਸ਼ਨ ਦਾ ਡਿਜ਼ਾਈਨ: ਔਜਲਾ !    ਸਿੱਖ ਲਹਿਰ ਦਾ ਅਣਗੌਲਿਆ ਪੰਨਾ ਨਿਹੰਗ ਖਾਂ !    ਸਲਮਾਨ ਖਾਨ ਦੀ ਹਰਕਤ ਤੋਂ ਗੋਆ ਵਾਸੀ ਗੁੱਸੇ ’ਚ !    

ਯੂਰੋਪ ਯਾਤਰਾ ਤੇ ਡਾਂਸ ਸਕੂਲ

Posted On September - 8 - 2019

ਜ਼ੋਹਰਾ ਸਹਿਗਲ
ਆਤਮਕਥਾ ਅੰਸ਼

ਆਖ਼ਰ 1929 ਵਿਚ ਦਸਵੀਂ ਪਾਸ ਕਰ ਲੈਣ ਮਗਰੋਂ ਮੈਂ ਸਕੂਲ ਛੱਡ ਦਿੱਤਾ। ਇਸ ਮਗਰੋਂ ਮੈਂ ਤੂਫ਼ਾਨਾਂ ਨਾਲ ਸਿੱਧਾ ਟਾਕਰਾ ਕਰਨ ਦਾ ਫ਼ੈਸਲਾ ਕਰ ਲਿਆ। ਮੈਂ ਨਿਡਰ ਹੋ ਕੇ ਆਪਣੇ ਮਾਮੂਜਾਨ ਨੂੰ ਲਿਖਿਆ ਕਿ ਫ਼ਿਲਹਾਲ ਸ਼ਾਦੀ ਕਰਨ ਦਾ ਮੇਰਾ ਕੋਈ ਇਰਾਦਾ ਨਹੀਂ ਤੇ ਮੈਂ ਕੋਈ ਕੰਮ ਕਰਨਾ ਚਾਹੁੰਦੀ ਹਾਂ। ਮੈਨੂੰ ਬਹੁਤ ਖ਼ੁਸ਼ੀ ਹੋਈ ਜਦੋਂ ਉਨ੍ਹਾਂ ਜਵਾਬ ਵਿਚ ਲਿਖਿਆ ਕਿ ਉਹ ਮੇਰੇ ਇਸ ਫ਼ੈਸਲੇ ਵਿਚ ਮੇਰਾ ਪੂਰਾ ਸਾਥ ਦੇਣਗੇ, ਪਰ ਮੈਂ ਕਰਨਾ ਕੀ ਚਾਹੁੰਦੀ ਹਾਂ? ਇਸੇ ਦਰਮਿਆਨ ਮੇਰੇ ਭਰਾ ਨੇ ਇੰਗਲੈਂਡ ਤੋਂ ਮੈਨੂੰ ਚਿੱਠੀ ਲਿਖੀ, ‘‘ਪਹਿਲੀ ਭਾਰਤੀ ਪਾਇਲਟ ਬਣਨ ਬਾਰੇ ਤੇਰਾ ਕੀ ਖ਼ਿਆਲ ਹੈ?’’ ਉਸ ਦੇ ਇਸ ਸੁਝਾਅ ਨੇ ਮੈਨੂੰ ਬਾਗੋ-ਬਾਗ ਕਰ ਦਿੱਤਾ। ਇਸ ਬਾਰੇ ਇਜਾਜ਼ਤ ਲੈਣ ਲਈ ਮੈਂ ਅੱਬਾਜ਼ਾਨ ਨੂੰ ਚਿੱਠੀ ਲਿਖੀ। ਜਵਾਬ ਵਿਚ ਉਨ੍ਹਾਂ ਲਿਖਿਆ, ‘‘ਮੇਰੇ ਵੱਲੋਂ ਇਜਾਜ਼ਤ ਹੈ, ਪਰ ਜੇ ਤੈਨੂੰ ਕੁਝ ਹੋ ਗਿਆ ਤਾਂ ਮੈਂ ਆਪਣੇ-ਆਪ ਨੂੰ ਕਦੇ ਮੁਆਫ਼ ਨਹੀਂ ਕਰ ਸਕਾਂਗਾ।’’ ਉਨ੍ਹਾਂ ਦੀ ਇਸ ਗੱਲ ਨੇ ਮੈਨੂੰ ਭਾਵੁਕ ਕਰ ਦਿੱਤਾ ਤੇ ਇੱਛਾ ਹੁੰਦੇ ਹੋਏ ਵੀ ਮੈਂ ਪਾਇਲਟ ਬਣਨ ਦਾ ਇਰਾਦਾ ਛੱਡ ਦਿੱਤਾ।
ਮੇਰੇ ਮਾਮੂਜਾਨ ਕਾਫ਼ੀ ਸਮੇਂ ਤੋਂ ਕਾਰ ’ਤੇ ਯੂਰੋਪ ਦੀ ਯਾਤਰਾ ਕਰਨ ਬਾਰੇ ਸੋਚ ਰਹੇ ਸਨ। ਉਨ੍ਹਾਂ ਭੁਪਾਲ ਤੋਂ ਮੈਨੂੰ ਖ਼ਤ ਲਿਖਿਆ: ‘‘ਮੈਨੂੰ ਇੰਝ ਲੱਗਦਾ ਸੀ ਕਿ ਤੂੰ ਸਟੇਜ ’ਤੇ ਜਾਣਾ ਚਾਹੁੰਦੀ ਹੈਂ ਅਤੇ ਇੰਗਲੈਂਡ ਵਿਚ ਡਰਾਮਾ ਸਕੂਲਾਂ ਬਾਰੇ ਪੁੱਛ ਰਹੀ ਹੈਂ। ਇੰਗਲੈਂਡ ਜਾਣ ਦੇ ਤੇਰੇ ਪਾਸ ਦੋ ਹੀ ਰਸਤੇ ਹਨ। ਤੇਰੇ ਅੰਕਲ ਸਰ ਅਬਦੁੱਸਮਦ ਖ਼ਾਨ ਤਬੀਅਤ ਖ਼ਰਾਬ ਹੋਣ ਕਾਰਨ ਵਿਦੇਸ਼ ਜਾ ਰਹੇ ਹਨ, ਜਾਂ ਤਾਂ ਬਤੌਰ ਸੈਕਟਰੀ ਉਨ੍ਹਾਂ ਦੇ ਨਾਲ ਜਾ ਸਕਦੀ ਹੈਂ ਜਾਂ ਫਿਰ ਕਾਰ ਵਿਚ ਮੇਰੇ ਨਾਲ ਜਾ ਸਕਦੀ ਹੈਂ। ਪਰ ਧਿਆਨ ਰਹੇ ਕਿ ਕਾਰ ਦਾ ਸਫ਼ਰ ਬਿਲਕੁਲ ਆਰਾਮ ਵਾਲਾ ਨਹੀਂ ਹੋਵੇਗਾ। ਕੁਦਰਤੀ ਸੀ ਮੈਂ ਉਨ੍ਹਾਂ ਦੇ ਨਾਲ ਜਾਣ ਦਾ ਫ਼ੈਸਲਾ ਕਰ ਲਿਆ। ਇਸ ਸਫ਼ਰ ਵਿਚ ਸਾਡੇ ਦੋਹਾਂ ਦੇ ਨਾਲ ਇਕ ਮਕੈਨਿਕ ਅਤੇ ਮਾਮੂ ਦੇ ਦੋਸਤ ਦਾ ਭਤੀਜਾ ਵੀ ਸੀ ਜਿਸ ਨੇ ਮੱਧ ਪੂਰਬ ਦੇ ਕਿਸੇ ਇਲਾਕੇ ਤਕ ਜਾਣਾ ਸੀ।
ਅਸੀਂ ਚਾਰੋਂ ਅਕਤੂਬਰ 1930 ਵਿਚ ਦੇਹਰਾਦੂਨ ਤੋਂ ਇਕ ਖੁੱਲ੍ਹੀ ਡਾਜ ਟੂਅਰਰ ਵਿਚ ਸਵਾਰ ਹੋ ਕੇ ਇਸ ਲੰਮੇ ਸਫ਼ਰ ਲਈ ਤੁਰ ਪਏ। ਸਾਮਾਨ ਰੱਖਣ ਲਈ ਇਸ ਦੇ ਪਿੱਛੇ ਇਕ ਨਿੱਕੀ ਗੱਡੀ ਜੋੜੀ ਗਈ। ਪੂਛ ਗੱਡੀ ਦੇ ਨਾਲ ਤੁਰਨ ਨਾਲ ਬੜੀ ਪਰੇਸ਼ਾਨੀ ਆ ਰਹੀ ਸੀ। ਇਸ ਲਈ ਉਸ ਨੂੰ ਮੁਲਤਾਨ ਵਿਚ ਹੀ ਛੱਡਣਾ ਪਿਆ। ਅਸੀਂ ਲਾਹੌਰ ਹੁੰਦੇ ਹੋਏ ਮੁਲਤਾਨ ਪੁੱਜੇ ਸਾਂ। ਮੁਲਤਾਨ ਤੋਂ ਅਸੀਂ ਡੇਰਾ ਗਾਜ਼ੀ ਖ਼ਾਨ ਅਤੇ ਫੋਰਟ ਮੁਨਰੋ ਹੁੰਦੇ ਹੋਏ ਵਜ਼ੀਰਿਸਤਾਨ ਤੋਂ ਅੱਗੇ ਵਧੇ। ਯਕਦਮ ਅਸੀਂ ਤੱਕਿਆ ਕਿ ਅਸੀਂ 9,000 ਫੁੱਟ ਦੀ ਉੱਚਾਈ ’ਤੇ ਵਸੇ ਜ਼ਿਆਰਤ ਵਿਚ ਪੁੱਜ ਚੁੱਕੇ ਸਾਂ। ਉੱਥੋਂ ਦੇ ਰਾਜਨੀਤਿਕ ਮੋਹਤਬਰ ਖ਼ਾਨ ਸ਼ਰੇਬਤ ਖ਼ਾਨ ਨੇ ਕੜਾਕੇਦਾਰ ਠੰਢ ਦੇ ਬਾਵਜੂਦ ਹਰ ਰੰਗ ਅਤੇ ਸੁਆਦ ਦੇ ਸ਼ਰਬਤਾਂ ਨਾਲ ਸਾਡਾ ਸੁਆਗਤ ਕੀਤਾ। ਲਿਸ਼ਕਦੀ ਧੁੱਪ ਵਿਚ ਬਾਹਰ ਬਹਿ ਕੇ ਖਾਧੇ ਲਜ਼ੀਜ਼ ਪਿਸ਼ਾਵਰੀ ਖਾਣੇ ਦਾ ਸੁਆਦ ਹੁਣ ਤੱਕ ਮੇਰੇ ਚੇਤਿਆਂ ਵਿਚ ਹੈ।

ਉਮਰ ਦੇ ਵੱਖ ਵੱਖ ਪੜਾਵਾਂ ਦੌਰਾਨ ਜ਼ੋਹਰਾ ਸਹਿਗਲ।

ਕੋਇਟਾ ਸਾਡੀ ਅਗਲੀ ਠਹਿਰ ਸੀ। ਅੱਗੋਂ ਦੇ ਅਣਜਾਣ ਰਸਤਿਆਂ ਲਈ ਕਾਰ ਤੇ ਸਾਮਾਨ ਵਿਚ ਜ਼ਰੂਰੀ ਫੇਰਬਦਲ ਕਰਨ ਅਤੇ ਮੁਰੰਮਤ ਆਦਿ ਲਈ ਅਸੀਂ ਕੋਇਟਾ ਰੁਕੇ। ਇੱਥੇ ਬੁਰਕਾ ਪਾਈ ਇਕ ਅਣਜਾਣ ਔਰਤ ਮੈਨੂੰ ਹੋਟਲ ਵਿਚ ਮਿਲਣ ਆਈ। ਉਹ ਬਹੁਤ ਸੋਹਣੀ ਸੀ ਤੇ ਮੇਰੇ ਤੋਂ ਹਰ ਤਰ੍ਹਾਂ ਦੇ ਸਵਾਲ ਪੁੱਛ ਰਹੀ ਸੀ, ਜਿਵੇਂ ਮੇਰਾ ਵਿਆਹ ਹੋ ਗਿਆ ਹੈ ਜਾਂ ਨਹੀਂ, ਅਸੀਂ ਕਿੱਥੇ ਜਾ ਰਹੇ ਹਾਂ, ਮੇਰੇ ਪਿਤਾ ਕਿੰਨਾ ਕਮਾਉਂਦੇ ਹਨ ਆਦਿ। ਹੁਣ ਕਿਉਂਕਿ ਭਾਰਤ ਵਿਚ ਇੰਝ ਦੇ ਸਵਾਲ ਕਰਨਾ ਆਮ ਜਿਹੀ ਗੱਲ ਹੈ, ਇਸ ਲਈ ਮੈਂ ਬਿਨਾਂ ਸੋਚੇ ਸਮਝਿਆਂ ਇਨ੍ਹਾਂ ਸਵਾਲਾਂ ਦੇ ਜਵਾਬ ਦਿੰਦੀ ਰਹੀ। ਮੈਂ ਇਸ ਗੱਲ ਤੋਂ ਖ਼ੁਸ਼ ਸਾਂ ਕਿ ਕੋਈ ਗੱਲ ਕਰਨ ਲਈ ਤਾਂ ਮਿਲਿਆ ਆਖ਼ਰ। ਜਦੋਂ ਮੇਰੇ ਮਾਮੂਜਾਨ ਗੈਰਾਜ ਤੋਂ ਮੁੜੇ ਤਾਂ ਮੈਂ ਪੂਰਾ ਵਾਕਾ ਉਨ੍ਹਾਂ ਨੂੰ ਸੁਣਾਇਆ। ਸੁਣ ਕੇ ਉਹ ਬਹੁਤ ਨਾਰਾਜ਼ ਹੋਏ ਅਤੇ ਉਨ੍ਹਾਂ ਮੈਨੂੰ ਕਿਹਾ ਕਿ ਮੈਂ ਅਣਜਾਣ ਲੋਕਾਂ ਨਾਲ ਗੱਲਬਾਤ ਕਰਦਿਆਂ ਹੁਸ਼ਿਆਰ ਰਹਾਂ। ਬਾਅਦ ਵਿਚ ਪਤਾ ਲੱਗਾ ਕਿ ਉਹ ਅਗਵਾ ਕਰਨ ਵਿਚ ਉਸਤਾਦ ਔਰਤ ਸੀ ਜਿਸ ਨੂੰ … ਰਿਆਸਤ ਦੇ ਨਾਜਾਇਜ਼ ਮੁੰਡਿਆਂ ਵਿਚੋਂ ਇਕ ਨੇ ਘੱਲਿਆ ਸੀ। ਅਗਲੇ ਦਿਨ ਅਸੀਂ ਜਦੋਂ ਸਵੇਰੇ ਸੁਵਖ਼ਤੇ ਹੀ ਅਗਲੇ ਸਫ਼ਰ ਲਈ ਰਵਾਨਾ ਹੋ ਗਏ ਤਾਂ ਕਾਲਾ ਚਸ਼ਮਾ ਪਾਈ ਇਕ ਹੱਟੇ-ਕੱਟੇ ਜਿਹੇ ਬੰਦੇ ਨੇ ਹੱਦ ਤੋਂ ਵੀ ਅੱਗੇ ਤੀਕ ਸਾਡਾ ਪਿੱਛਾ ਕੀਤਾ।
ਕੋਇਟਾ ਤੋਂ ਅਸੀਂ ਬਲੋਚਿਸਤਾਨ ਦੇ ਖੁਸ਼ਕ ਇਲਾਕੇ ਵੱਲ ਵਧੇ। ਨੌਸ਼ਕੀ ਪੁੱਜਣ ਤੀਕ ਸਾਨੂੰ ਪੂਰੇ ਰਸਤੇ ਨਾ ਆਦਮ, ਨਾ ਆਦਮ ਦੀ ਜ਼ਾਤ, ਕੋਈ ਨਜ਼ਰ ਨਹੀਂ ਆਇਆ। ਦੂਰ-ਦੂਰ ਤੱਕ ਫੈਲੇ ਇਸ ਇਲਾਕੇ ਵਿਚ ਨੌਸ਼ਕੀ ਹੀ ਸ਼ਾਇਦ ਇੱਕੋ-ਇਕ ਕਸਬਾ ਸੀ। ਡਾਕ ਬੰਗਲੇ ਪੁੱਜਣ ਤੋਂ ਠੀਕ ਪਹਿਲਾਂ ਸਾਨੂੰ ਜ਼ਬਰਦਸਤ ਤੂਫ਼ਾਨ ਦਾ ਸਾਹਮਣਾ ਕਰਨਾ ਪਿਆ। ਇਹ ਮੇਰੇ ਲਈ ਇੰਝ ਦਾ ਡਰਾ ਦੇਣ ਵਾਲਾ ਪਹਿਲਾ ਤਜਰਬਾ ਸੀ। ਧੂੜ ਭਰੀ ਤੇਜ਼ ਹਨੇਰੀ ਕਰਕੇ ਸਾਨੂੰ ਰਸਤੇ ਵਿਚ ਰੁਕਣਾ ਪਿਆ, ਨੁਕਸਾਨ ਜ਼ਿਆਦਾ ਨਾ ਹੋਣ ਦੇ ਬਾਵਜੂਦ ਅਸੀਂ ਕਾਰ ਮੂੰਹ ਮੋੜ ਕੇ ਖਲ੍ਹਾਰ ਦਿੱਤੀ। ਸਾਰੇ ਦਰਵਾਜ਼ੇ ਬਾਰੀਆਂ ਬੰਦ ਹੋਣ ਦੇ ਬਾਵਜੂਦ ਕਾਰ ਦਾ ਕੋਨਾ-ਕੋਨਾ ਧੂੜ ਨਾਲ ਭਰ ਗਿਆ। ਧੂੜ ਖਾਣੇ ਦੇ ਡੱਬੇ ਵਿਚ ਬੰਦ ਸੈਂਡਵਿਚ ਤੋਂ ਲੈ ਕੇ ਸਰੀਰ ਦੇ ਪੋਰ-ਪੋਰ ਵਿਚ ਵੜ ਗਈ। ਘੰਟਿਆਂ ਦੀ ਉਡੀਕ ਮਗਰੋਂ ਤੂਫ਼ਾਨ ਕੁਝ ਥੰਮਿਆ ਤੇ ਅਸੀਂ ਡਾਕ ਬੰਗਲੇ ਤੱਕ ਪੁੱਜੇ। ਉਸ ਰਾਤ ਆਸਮਾਨ ਤੇ ਬਿਲਕੁਲ ਸ਼ੀਸ਼ੇ ਵਾਂਗ ਸਾਫ਼ ਸੀ, ਲਿਸ਼ਕਦਾ ਹੋਇਆ, ਵੱਡਾ ਸਾਰਾ ਚੰਨ ਦੂਰਬੀਨ ਨਾਲ ਵੇਖਣ ’ਤੇ ਹੋਰ ਵੀ ਵੱਡਾ ਵਿਖਾਈ ਦਿੰਦਾ ਸੀ।
ਅਗਲੇ ਦਿਨ ਸਵੇਰੇ ਅਸੀਂ ਡਲਬੈਂਡਾਈਨ ਵੱਲ ਵਧੇ ਜੋ ਉਸ ਪੂਰੇ ਇਲਾਕੇ ਦਾ ਇੱਕੋ-ਇਕ ਰੇਲਵੇ ਸਟੇਸ਼ਨ ਵਾਲਾ ਸ਼ਹਿਰ ਸੀ। ਇੱਥੋਂ ਅਸੀਂ ਪੈਟਰੋਲ ਲੈ ਸਕਦੇ ਸਾਂ ਜਿਸ ਲਈ ਅਸੀਂ ਪਹਿਲਾਂ ਹੀ ਦੁਜ਼ਦਾਬ ਤੋਂ ਆਰਡਰ ਦਿੱਤਾ ਹੋਇਆ ਸੀ। ਇਕ ਛੋਟੀ ਰੇਲਗੱਡੀ ਹਫ਼ਤੇ ਵਿਚ ਇਕ ਵਾਰ ਦੁਜ਼ਦਾਬ ਤੋਂ ਡਲਬੈਂਡਾਈਨ ਆਉਂਦੀ ਸੀ।
ਦੁਜ਼ਦਾਬ ਵਿਚ ਪ੍ਰਵੇਸ਼ ਕਰਦਿਆਂ ਹੀ ਅਸੀਂ ਬਰਤਾਨਵੀ ਸੱਤਾ ਵਾਲਾ ਇਲਾਕਾ ਪਿੱਛੇ ਛੱਡ ਦਿੱਤਾ ਸੀ ਅਤੇ ਫ਼ਾਰਸ ਵਿਚ ਪ੍ਰਵੇਸ਼ ਕਰ ਗਏ ਸਾਂ। ਇੱਥੋਂ ਅੱਗੇ ਤੁਰਦਿਆਂ ਅਸੀਂ ਪਵਿੱਤਰ ਸ਼ਹਿਰ ਮੇਸਹਦ ਪੁੱਜੇ ਜਿੱਥੇ ਬਹੁਤ ਦਿਨਾਂ ਮਗਰੋਂ ਮੈਨੂੰ ਆਪਣੇ ਕੇਸ ਧੋਣ ਦਾ ਮੌਕਾ ਮਿਲਿਆ। ਇੰਝ ਲੱਗਾ ਵਰ੍ਹਿਆਂ ਮਗਰੋਂ ਮੇਰੇ ਕੇਸ ਧੋਤੇ ਗਏ ਹਨ। ਅਸੀਂ ਰੋਜ਼ ਸਵੇਰੇ ਅੱਠ ਵਜੇ ਤੋਂ ਲੈ ਕੇ ਰਾਤ ਅੱਠ ਵਜੇ ਤੱਕ ਸਫ਼ਰ ਕਰਦੇ ਸਾਂ। ਕਾਰ ਦੇ ਵਿਚ ਹੀ ਬਹਿ ਕੇ ਖਾਣਾ ਖਾਣ ਲਈ ਰੁਕਦੇ ਸਾਂ। ਰਾਤ ਨੂੰ ਅਸੀਂ ਜਿਸ ਸਰਾਂ ਜਾਂ ਹੋਟਲ ਵਿਚ ਰੁਕਦੇ ਸਾਂ, ਉੱਥੇ ਨਹਾਉਣ ਦੀ ਕੋਈ ਸਹੂਲਤ ਨਹੀਂ ਹੁੰਦੀ ਸੀ। ਕੋਇਟਾ ਛੱਡਣ ਤੋਂ ਬਾਅਦ ਹੀ ਹਰ ਸਵੇਰ ਬਸ ਜਲਦੀ ਨਾਲ ਹੱਥ ਮੂੰਹ ਧੋ ਕੇ ਅਸੀਂ ਅਗਲੇ ਸਫ਼ਰ ਲਈ ਰਵਾਨਾ ਹੋ ਜਾਂਦੇ ਸਾਂ, ਪਰ ਅਸਲੀ ਹਮਾਮ ਵਿਚ ਨਹਾਉਣ ਦੇ ਮੇਰੇ ਪਹਿਲੇ ਅਨੁਭਵ ਨੇ ਰਸਤੇ ਦੀਆਂ ਹੁਣ ਤੱਕ ਦੀਆਂ ਸਾਰੀਆਂ ਔਖਿਆਈਆਂ ਦਾ ਗਿਲਾ ਪੂਰੀ ਤਰ੍ਹਾਂ ਦੂਰ ਕਰ ਦਿੱਤਾ। ਹਮਾਮ ਵਿਚ ਇਕ ਔਰਤ ਨੇ ਮੈਨੂੰ ਨਵਾਉਣ ਤੋਂ ਬਾਅਦ ਬਹੁਤ ਵਧੀਆ ਮਾਲਿਸ਼ ਕੀਤੀ ਤੇ ਮੈਂ ਸੌਂ ਗਈ। ਇਸ ਮਗਰੋਂ ਦੇਰ ਤੱਕ ਵੱਖੋ-ਵੱਖਰੇ ਹੌਜ਼ਾਂ ਵਿਚ ਭਰੇ ਗਰਮ ਪਾਣੀ ਵਿਚ ਟੁੱਭੀਆਂ ਮਾਰਦੀ ਰਹੀ। ਉਹ ਔਰਤ ਮੇਰੇ ਨਾਰੀਅਲ ਸ਼ੈਂਪੂ ਨੂੰ ਵੇਖ ਕੇ ਹੈਰਾਨ ਸੀ ਤੇ ਉਸ ਨੂੰ ਮੇਰੇ ਵਾਲਾਂ ਵਿਚ ਡੋਲ੍ਹ ਰਹੀ ਸੀ। ਸ਼ੈਂਪੂ ਨਾਲ ਇੰਨੀ ਜਲਦੀ ਸਿਰ ਸਾਫ਼ ਹੋ ਜਾਂਦਾ ਹੈ, ਇਹ ਵੇਖਣਾ ਉਸ ਲਈ ਕਾਫ਼ੀ ਹੈਰਾਨ ਕਰਨ ਵਾਲਾ ਸੀ। ਹਮਾਮ ਵਿਚ ਨਹਾਉਣ ਮਗਰੋਂ ਜੋ ਆਰਾਮ ਮਿਲਿਆ ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ।
ਬਿਨਾਂ ਸੜਕਾਂ ਵਾਲੇ ਉੱਚੇ-ਨੀਵੇਂ ਰਸਤਿਆਂ ’ਤੇ ਰੋਜ਼ 12 ਘੰਟੇ ਦੇ ਸਫ਼ਰ ਤੋਂ ਬਹੁਤ ਜ਼ਿਆਦਾ ਥੱਕੇ ਸਰੀਰ ਲਈ ਇਹ ਆਰਾਮ ਬਿਲਕੁਲ ਸਵਰਗ ਵਿਚ ਹੋਣ ਵਰਗੇ ਅਹਿਸਾਸ ਸੀ। ਮੇਸਹਦ ਤੋਂ ਬਾਅਦ ਅਸੀਂ ਜਿਨ੍ਹਾਂ ਹੋਟਲਾਂ ਵਿਚ ਰੁਕੇ ਉਹ ਪਹਿਲੇ ਹੋਟਲਾਂ ਤੋਂ ਕਾਫ਼ੀ ਬਿਹਤਰ ਸਨ ਅਤੇ ਇੱਥੋਂ ਤੋਂ ਅੱਗੇ ਦਾ ਸਫ਼ਰ ਪਹਿਲਾਂ ਦੇ ਮੁਕਾਬਲੇ ਕਾਫ਼ੀ ਆਰਾਮ ਵਾਲਾ ਸੀ। ਅਸੀਂ ਤਹਿਰਾਨ, ਇਸਫਾਹਨ ਅਤੇ ਸ਼ੇਖ ਸਾਅਦੀ ਦੇ ਜਨਮ ਸਥਾਨ ਸ਼ਿਰਾਜ ਗਏ। ਫ਼ਾਰਸ ਵਿਚ ਆਪਣੇ ਸਫ਼ਰ ਦੌਰਾਨ ਅਸੀਂ ਸਭ ਤੋਂ ਰਸੀਲੇ ਫਲਾਂ, ਸੁਆਦਲੇ ਚਾਵਲਾਂ ਅਤੇ ਹੋਰ ਖਾਣੇ ਦਾ ਆਨੰਦ ਲਿਆ। ਘਰਾਂ ਅਤੇ ਮੀਨਾਰਾਂ ਦੇ ਵੱਜਦੇ ਇਰਾਨੀ ਗਿਟਾਰ ਦੇ ਤਾਰਾਂ ਤੋਂ ਨਿਕਲਦੀ ਰਾਗ ਭੈਰਵੀ ਵਿਚ ਬੰਨ੍ਹੀਆਂ ਧੁਨਾਂ ਨੂੰ ਸੁਣਨਾ ਇਕ ਰੁਮਾਨੀ ਅਨੁਭਵ ਸੀ।
ਫ਼ਾਰਸ ਤੋਂ ਅੱਗੇ ਵਧਦਿਆਂ ਅਸੀਂ ਇਰਾਕ ਪੁੱਜੇ। ਬਗਦਾਦ ਵਿਚ ਅਸੀਂ ਇਕ ਧਾਰਮਿਕ ਨੇਤਾ, ਜਿਸ ਨੂੰ ਮੁਫਤੀ ਕਿਹਾ ਜਾਂਦਾ ਹੈ, ਦੇ ਘਰ ਠਹਿਰੇ। ਹਰ ਸਵੇਰ ਸਾਨੂੰ ਨਾਸ਼ਤੇ ਵਿਚ ਨਾਨ, ਕ੍ਰੀਮ ਅਤੇ ਉਬਲੇ ਅੰਡੇ ਪਰੋਸੇ ਜਾਂਦੇ ਸਨ, ਜੋ ਸੁਆਦਲੇ ਤਾਂ ਬਹੁਤ ਲੱਗਦੇ ਸਨ, ਪਰ ਉਨ੍ਹਾਂ ਨੂੰ ਪਚਾਉਣਾ ਬਹੁਤ ਮੁਸ਼ਕਿਲ ਹੁੰਦਾ ਸੀ। ਇੱਥੇ ਗਾਵਾਂ ਜਾਂ ਮੱਝਾਂ ਨਹੀਂ ਹੁੰਦੀਆਂ, ਇਸ ਲਈ ਦੁੱਧ ਮਿਲਣਾ ਬਹੁਤ ਔਖਾ ਹੁੰਦਾ ਹੈ, ਪਰ ਕੌਫ਼ੀ ਵੀ ਬਹੁਤ ਸੁਆਦਲੀ ਹੁੰਦੀ ਹੈ। ਇਕ ਭਾਂਡੇ ਵਿਚ ਘੰਟਿਆਂਬੱਧੀ ਰਿੱਝਣ ਮਗਰੋਂ ਕੌਫ਼ੀ ਨੂੰ ਨਿੱਕੇ-ਨਿੱਕੇ ਕੱਪਾਂ ਵਿਚ ਚਮਚ ਨਾਲ ਪਰੋਸਿਆ ਜਾਂਦਾ ਹੈ। ਇਹ ਮਿਸ਼ਰਣ ਬਹੁਤ ਮਿੱਠਾ ਹੁੰਦਾ ਹੈ। ਇਸ ਲਈ ਪੀਣ ਤੋਂ ਪਹਿਲਾਂ ਖੰਡ ਅਤੇ ਕੌਫ਼ੀ ਦੇ ਮਿਸ਼ਰਣ ਨੂੰ ਕੱਪ ਦੇ ਤਲੇ ’ਤੇ ਬੈਠ ਜਾਣ ਦੀ ਉਡੀਕ ਕਰਨੀ ਪੈਂਦੀ ਹੈ।
ਫ਼ਾਰਸ ਅਤੇ ਇਰਾਕ ਦੇ ਪੂਰੇ ਇਲਾਕੇ ਵਿਚ ਔਰਤਾਂ ਸਾਨੂੰ ਰਵਾਇਤੀ ਚਾਰਸ਼ਾਫੇ ਵਿਚ ਢਕੀਆਂ ਨਜ਼ਰ ਆਈਆਂ। ਉਹ ਕਾਲਾ ਰੇਸ਼ਮੀ ਚੋਗਾਨੁਮਾ ਕੱਪੜਾ ਹੁੰਦਾ ਹੈ ਜਿਸ ਵਿਚ ਅੱਖਾਂ ਨੂੰ ਛੱਡ ਕੇ ਪੂਰਾ ਚਿਹਰਾ ਢੱਕਿਆ ਹੁੰਦਾ ਹੈ। ਬਗਦਾਦ ਤੋਂ ਅਸੀਂ ਅਰਬ ਦਾ ਰੇਗਿਸਤਾਨ ਪਾਰ ਕੀਤਾ। ਇਹ ਰਸਤਾ ਅਸੀਂ ਗੱਡੀਆਂ, ਸੇਨਾਂ ਦੀਆਂ ਗੱਡੀਆਂ ਅਤੇ ਵਪਾਰਕ ਟਰੱਕਾਂ ਨਾਲ ਪਾਰ ਕੀਤਾ। ਕਿਉਂਕਿ ਇੱਥੇ ਡਾਕੂਆਂ ਦੇ ਖ਼ਤਰਿਆਂ ਦੇ ਨਾਲ ਨਾਲ ਰਾਹ ਭਟਕਣ ਦਾ ਡਰ ਬਣਿਆ ਰਹਿੰਦਾ ਹੈ, ਹਵਾ ਨਾਲ ਉੱਡਦੀ ਰੇਤ ਟਰੱਕਾਂ ਦੇ ਕਾਰਵਾਂ ਤੋਂ ਬਣੇ ਰਸਤਿਆਂ ਦੇ ਨਿਸ਼ਾਨ ਪੂਰੀ ਤਰ੍ਹਾਂ ਮੇਟ ਦਿੰਦੀ ਹੈ।
ਇਸ ਪੂਰੇ ਰਸਤੇ ਵਿਚ ਡਾਕੂਆਂ ਨਾਲ ਸਾਡਾ ਟਾਕਰਾ ਬਸ ਇਕ ਵਾਰ ਹੋਇਆ। ਬਲੋਚਿਸਤਾਨ ਦੀ ਹੱਦ ਦੇ ਪਾਸ ਤਿੰਨ ਹਥਿਆਰਬੰਦ ਆਦਮੀਆਂ ਨੇ ਸਾਡੀ ਕਾਰ ਰੋਕੀ ਤੇ ਕਿਹਾ ਕਿ ਅਸੀਂ ਉਨ੍ਹਾਂ ਨੂੰ ਪਿੰਡ ਤੱਕ ਛੱਡ ਕੇ ਆਈਏ ਜੋ ਸਾਡੇ ਰਸਤੇ ਤੋਂ ਤਿੰਨ ਮੀਲ ਦੂਰ ਸੀ। ਮਾਮੂਜਾਨ ਨੇ ਉਨ੍ਹਾਂ ਨੂੰ ਗੱਡੀ ਵਿਚ ਬਿਠਾਇਆ ਅਤੇ ਜਿੱਥੇ ਸੜਕ ਦੋ ਰਸਤਿਆਂ ਵਿਚ ਪਾਟ ਰਹੀ ਸੀ, ਉੱਥੋਂ ਤੀਕ ਲਿਜਾ ਕੇ ਉਨ੍ਹਾਂ ਨੂੰ ਉਤਰਨ ਲਈ ਕਿਹਾ। ਉਨ੍ਹਾਂ ਨੇ ਡਾਕੂਆਂ ਨੂੰ ਉਸ ਤੋਂ ਅੱਗੇ ਲਿਜਾਣ ਤੋਂ ਸਾਫ਼ ਨਾਂਹ ਕਰ ਦਿੱਤੀ। ਹੁਣ ਕਿਉਂਕਿ ਦੋਵੇਂ ਹੀ ਇਕ ਦੂਜੇ ਦੀ ਭਾਸ਼ਾ ਨਹੀਂ ਸਨ ਜਾਣਦੇ ਅਤੇ ਮਾਮੂਜਾਨ ਆਪਣੀ ਗੱਲ ’ਤੇ ਸਖ਼ਤੀ ਨਾਲ ਅੜੇ ਹੋਏ ਸਨ, ਇਸ ਲਈ ਉਨ੍ਹਾਂ ਬੰਦਿਆਂ ਨੂੰ ਹਾਰ ਮੰਨਣੀ ਪਈ। ਹਾਲਾਂਕਿ ਜਦੋਂ ਤੀਕ ਉਹ ਵਿਅਕਤੀ ਗੱਡੀ ’ਚੋਂ ਉਤਰ ਨਹੀਂ ਗਏ, ਮੈਂ ਅਗਲੀ ਸੀਟ ’ਤੇ ਡਰ ਨਾਲ ਸੁੰਗੜੀ ਬੈਠੀ ਰਹੀ। ਫ਼ੌਜੀ ਗੱਡੀਆਂ ਦੇ ਨਾਲ ਅਰਬ ਰੇਗਿਸਤਾਨ ਨੂੰ ਪਾਰ ਕਰਦਿਆਂ ਅਸੀਂ ਲਗਾਤਾਰ 48 ਘੰਟਿਆਂ ਤਕ ਸਫ਼ਰ ’ਤੇ ਰਹੇ ਭਾਵ ਅਸੀਂ ਬਿਨਾਂ ਰੁਕੇ ਲਗਾਤਾਰ ਦੋ ਰਾਤਾਂ ਦੋ ਦਿਨ ਚੱਲਦੇ ਰਹੇ ਕਿਉਂਕਿ ਇਸ ਰਸਤੇ ’ਤੇ ਰੁਕਣਾ ਬੜਾ ਜੋਖ਼ਿਮ ਭਰਿਆ ਸੀ। ਇੰਨੇ ਲੰਮੇ ਸਫ਼ਰ ਤੋਂ ਬਾਅਦ ਜਦੋਂ ਅਸੀਂ ਦਮਸ਼ਕ ਪੁੱਜੇ ਤਾਂ ਮੈਨੂੰ ਲੱਗ ਰਿਹਾ ਸੀ ਕਿ ਮੇਰੀਆਂ ਆਕੜੀਆਂ ਹੋਈਆਂ ਹੱਡੀਆਂ ਕਦੇ ਸਿੱਧੀਆਂ ਨਹੀਂ ਹੋ ਸਕਣਗੀਆਂ।
ਹੁਣ ਤੱਕ ਦੇ ਉਨ੍ਹਾਂ ਖੁਸ਼ਕ ਰਸਤਿਆਂ ਮਗਰੋਂ ਦਮਸ਼ਕ ਪੁੱਜਣਾ ਬਹੁਤ ਹੀ ਖੁਸ਼ਨੁਮਾ ਬਦਲਾਅ ਸੀ। ਇੱਥੇ ਬਾਜ਼ਾਰ ਵਿਚ ਦੁਕਾਨਾਂ ਰੰਗ-ਬਿੰਰਗੇ ਰੇਸ਼ਮ ਅਤੇ ਮਦਮਸਤ ਕਰ ਦੇਣ ਵਾਲੀਆਂ ਅਣਜਾਣੀਆਂ ਖ਼ੁਸ਼ਬੂਆਂ ਵਾਲੇ ਇਤਰਾਂ ਨਾਲ ਸਜੀਆਂ ਹੋਈਆਂ ਸਨ। ਢੇਰ ਸਾਰੇ ਫ਼ਲ ਅਤੇ ਚਾਰੇ ਪਾਸੇ ਹਰਿਆਲੀ ਸਭ ਕੁਝ ਮਨ ਨੂੰ ਮੋਹਣ ਵਾਲਾ ਸੀ।
ਇਸ ਮਗਰੋਂ ਸਾਡਾ ਅਗਲਾ ਪੜਾਅ ਸੀ ਲਿਬਨਾਨ ਵਿੱਚ ਬਾਲਬੇਕ ਨਾਂ ਦੀ ਥਾਂ। ਇੱਥੇ ਸਾਡੇ ਕਾਰਵਾਂ ਵਿਚ ਨਵੇਂ ਯਾਤਰੂ ਸ਼ਾਮਿਲ ਹੋ ਗਏ। ਇਕ ਤਾਂ ਔਕਸਫੋਰਡ ਤੋਂ ਮੇਰੇ ਮਾਮਾ ਜੀ ਦਾ ਬੇਟਾ ਮਹਿਮੂਦ ਅਤੇ ਦੂਜਾ ਐਂਗਲੋ ਤੋਂ ਮਿਸ ਬੈਨੇਡਿਕਟਾ ਹਾਸਲੈਂਡ, ਉਹ ਨਾਰਵੇ ਦੀ ਵਾਸਤੂਕਾਰ ਸੀ ਅਤੇ ਈਡਨਬਰਗ ਵਿਖੇ ਉਸ ਸਮੇਂ ਪੜ੍ਹ ਰਹੀ ਸੀ ਜਦੋਂ ਮੇਰੇ ਮਾਮੂ ਉੱਥੇ ਸਨ। ਮੇਰੇ ਮਾਮੂਜਾਨ ਅਤੇ ਮਿਸ ਬੈਨੇਡਿਕਟਾ ਸਾਰੀ ਉਮਰ ਦੋਸਤ ਬਣੇ ਰਹੇ। ਸਾਡੇ ਨਾਲ ਚੱਲ ਰਹੇ ਮਾਮਾ ਜੀ ਦੇ ਦੋਸਤ ਦਾ ਭਤੀਜਾ ਬਸਰਾ ਵਿਖੇ ਹੀ ਉਤਰ ਗਿਆ ਸੀ ਅਤੇ ਵਾਪਸ ਭਾਰਤ ਲਈ ਰਵਾਨਾ ਹੋ ਗਿਆ ਸੀ।
ਇਕ ਦਿਨ ਮਹਿਮੂਦ ਅਤੇ ਮੈਂ ਹੋਟਲ ਦੇ ਬਰਾਂਡੇ ਵਿਚ ਬੈਠੇ ਸਾਂ ਤਾਂ ਉਸ ਨੇ ਮੈਨੂੰ ਕਿਹਾ, ‘‘ਮੈਂ ਸੁਣਿਆ ਤੂੰ ਅਦਾਕਾਰਾ ਬਣਨਾ ਚਾਹੁੰਦੀ ਹੈਂ। ਚੱਲ ਕੁਝ ਕਰ ਕੇ ਵਿਖਾ। ਮੰਨ ਲੈ ਤੈਨੂੰ ਆਪਣੇ ਪ੍ਰੇਮੀ ਦੀ ਚਿੱਠੀ ਮਿਲੀ ਹੈ ਕਿ ਉਹ ਤੈਨੂੰ ਅੱਜ ਰਾਤ ਮਿਲਣ ਨਹੀਂ ਆ ਰਿਹਾ। ਆਪਣੇ ਚਿਹਰੇ ’ਤੇ ਭਾਵ ਲਿਆ ਕੇ ਵਿਖਾ ਕਿ ਕਿਵੇਂ ਤੇਰੀ ਉਮੀਦ ਪ੍ਰੇਮੀ ਦੇ ਨਾ ਆਉਣ ’ਤੇ ਨਿਰਾਸ਼ਾ ਵਿਚ ਬਦਲਦੀ ਹੈ…।’’ ਮੈਂ ਹੁਣ ਤੱਕ ਪਰਦੇ ਵਿਚ ਰਹਿਣ ਦੀ ਆਦੀ ਸਾਂ ਜਿੱਥੇ ਮੈਨੂੰ ਮਰਦ ਨੌਕਰਾਂ ਤੱਕ ਨਾਲ ਗੱਲ ਕਰਨ ਦੀ ਇਜਾਜ਼ਤ ਨਹੀਂ ਸੀ। ਅਜਿਹੇ ਵਿਚ ਪ੍ਰੇਮੀ ਬਾਰੇ ਕਿਵੇਂ ਸੋਚਦੀ, ਭਾਵੇਂ ਝੂਠ-ਮੂਠ ਹੀ, ਮੈਂ ਸ਼ਰਮ ਨਾਲ ਪਾਣੀ-ਪਾਣੀ ਹੋ ਗਈ। ਮੈਨੂੰ ਲੱਗ ਰਿਹਾ ਸੀ ਕਿ ਅਜਿਹਾ ਕੁਝ ਕਰਨ ਦੀ ਥਾਂ ’ਤੇ ਮੈਂ ਤਾਂ ਮਰ ਹੀ ਜਾਵਾਂਗੀ। ਪਰ ਮੈਂ ਆਪਣੇ ਭਰਾ ਸਾਹਮਣੇ ਇਹ ਗੱਲ ਮੰਨਣਾ ਨਹੀਂ ਸਾਂ ਚਾਹੁੰਦੀ, ਇਸ ਲਈ ਬਹਾਨਾ ਬਣਾਇਆ ਕਿ ਹਾਲੇ ਇਹ ਸਭ ਕੁਝ ਕਰਨ ਦਾ ਮੇਰਾ ਮਨ ਨਹੀਂ ਹੈ ਅਤੇ ਕਿਸੇ ਹੋਰ ਵਿਸ਼ੇ ’ਤੇ ਗੱਲ ਸ਼ੁਰੂ ਕਰ ਦਿੱਤੀ।
ਦੂਜੇ ਦਿਨ ਸ਼ਾਮੀਂ ਮਾਮੂਜਾਨ ਨੇ ਮਹਿਮੂਦ ਨੂੰ ਮੈਨੂੰ ਕਮਰੇ ਤੱਕ ਛੱਡ ਆਉਣ ਲਈ ਕਿਹਾ (ਮੈਨੂੰ ਰਾਤ ਤੋਂ ਪਹਿਲਾਂ ਹੀ ਬਾਲਰੂਮ ਤੋਂ ਮੇਰੇ ਕਮਰੇ ਵਿਚ ਘੱਲ ਦਿੱਤਾ ਜਾਂਦਾ ਸੀ)। ਕਮਰੇ ਵੱਲ ਜਾਂਦਿਆਂ ਮੈਂ ਹੋਟਲ ਦੀ ਗੈਲਰੀ ਤੋਂ ਆ ਰਹੀ ਸੰਗੀਤ ਦੀ ਲੈਅ ਨਾਲ ਤਾੜੀ ਤੇ ਚੁਟਕੀ ਵਜਾਉਣ ਲੱਗੀ। ਜਦੋਂ ਮੇਰਾ ਧਿਆਨ ਗਿਆ ਤਾਂ ਦੇਖਿਆ ਕਿ ਮਹਿਮੂਦ ਪ੍ਰਸ਼ੰਸਾ ਭਰੀਆਂ ਨਜ਼ਰਾਂ ਨਾਲ ਮੈਨੂੰ ਤੱਕ ਰਿਹਾ ਹੈ। ਇਸ ਨਾਲ ਮੇਰਾ ਹੌਸਲਾ ਵਧ ਗਿਆ ਤੇ ਮੈਂ ਲੁੱਡੀ ਦੀ ਤਾਲ ’ਤੇ ਨੱਚਣ ਲੱਗ ਪਈ। ਇਹ ਪੰਜਾਬੀ ਲੋਕਨ੍ਰਿਤ ਅਸੀਂ ਸਕੂਲ ਵਿਚ ਕਰਦੇ ਹੁੰਦੇ ਸਾਂ। ‘‘ਓ ਵਾਹ ਜ਼ੋਹਰਾ, ਤੂੰ ਕਿੰਨਾ ਸੋਹਣਾ ਨੱਚਦੀ ਹੈਂ, ਤੈਨੂੰ ਤਾਂ ਡਾਂਸਰ ਹੋਣਾ ਚਾਹੀਦਾ!’’ ਮਹਿਮੂਦ ਨੇ ਮੇਰੀ ਤਾਰੀਫ਼ ਕਰਦਿਆਂ ਕਿਹਾ। ਉਨ੍ਹਾਂ ਦਿਨਾਂ ਵਿਚ ਮੈਂ ਇਸਾਬੇਲਾ ਡੰਕਨ ਦੀ ਆਤਮਕਥਾ ‘ਮਾਈ ਲਾਈਫ’ ਪੜ੍ਹ ਰਹੀ ਸਾਂ ਅਤੇ ਉਸ ਕਿਤਾਬ ਨੇ ਮੇਰੇ ਉੱਤੇ ਡੂੰਘਾ ਅਸਰ ਪਾਇਆ ਸੀ। ਅਗਲੇ ਦਿਨ ਨਾਸ਼ਤੇ ਦੀ ਮੇਜ਼ ’ਤੇ ਮੈਂ ਅਦਾਕਾਰੀ ਦੀ ਥਾਂ ਨ੍ਰਿਤ ਸਿੱਖਣ ਦਾ ਆਪਣਾ ਇਰਾਦਾ ਜ਼ਾਹਿਰ ਕਰ ਦਿੱਤਾ। ‘‘ਜੇ ਇਹ ਗੱਲ ਹੈ ਤਾਂ ਤੁਹਾਨੂੰ ਆਪਣੀ ਟ੍ਰੇਨਿੰਗ ਲਈ ਇੰਗਲੈਂਡ ਜਾਣ ਦੀ ਕੋਈ ਲੋੜ ਨਹੀਂ। ਨ੍ਰਿਤ ਦੀ ਦੁਨੀਆਂ ਵਿਚ ਕੀ ਨਵਾਂ ਹੋ ਰਿਹਾ ਹੈ ਉਸ ਨੂੰ ਸਿੱਖਣ ਲਈ ਜਰਮਨੀ ਸਭ ਤੋਂ ਵਧੀਆ ਥਾਂ ਹੈ,’’ ਮਹਿਮੂਦ ਨੇ ਮੈਨੂੰ ਸਲਾਹ ਦਿੱਤੀ। ਆਂਟੀ ਡਿਕਟਾ (ਮਿਸ ਹਾਸਲੈਂਡ ਨੂੰ ਅਸੀਂ ਸਾਰੇ ਇਹੀ ਆਖ ਕੇ ਸੱਦਣ ਲੱਗ ਪਏ ਸਾਂ) ਨੇ ਜ਼ੋਰ-ਸ਼ੋਰ ਨਾਲ ਮਹਿਮੂਦ ਦੀ ਗੱਲ ਦੀ ਹਾਮੀ ਭਰੀ। ਇੰਜ ਉਸ ਦਿਨ ਮਗਰੋਂ ਜਰਮਨੀ ਪੁੱਜਣਾ ਮੇਰਾ ਟੀਚਾ ਬਣ ਗਿਆ।
ਬਾਲਬੇਕ ਤੋਂ ਅਸੀਂ ਲੋਕ ਬੈਰੂਤ ਪੁੱਜੇ ਜਿੱਥੇ ਮੈਂ ਜ਼ਿੰਦਗੀ ਵਿਚ ਪਹਿਲੀ ਦਫ਼ਾ ਸਮੁੰਦਰ ਤੱਕਿਆ। ਪਾਣੀ ’ਤੇ ਗੁਲਾਬੀ ਅਤੇ ਨੀਲੇ ਰੰਗ ਦੇ ਦਾਗ਼ ਮੈਨੂੰ ਸੋਖ਼ਤਾ ਕਾਗਜ਼ ਦੀ ਯਾਦ ਦਿਵਾ ਰਹੇ ਸਨ। ਸੱਚ ਕਹਾਂ ਤਾਂ ਪਹਿਲੀ ਵਾਰ ਦਾ ਸਮੁੰਦਰੀ ਨਜ਼ਾਰਾ ਮੇਰੀ ਕਲਪਨਾ ਦੇ ਮੁਤਾਬਿਕ ਨਹੀਂ ਸੀ ਅਤੇ ਮੈਨੂੰ ਕੁਝ ਨਿਰਾਸ਼ਾ ਹੋਈ। ਹਾਲਾਂਕਿ ਸਾਲਾਂ ਮਗਰੋਂ ਕੁਝ ਅਰਸਾ ਪੱਛਮੀ ਮੁਲਕਾਂ ਵਿਚ ਰਹਿਣ ਤੋਂ ਬਾਅਦ ਮੈਂ ਨਿੱਤ ਨਵੇਂ ਰੰਗ ਬਦਲਦੇ ਸਮੁੰਦਰ ਦੀ ਖ਼ੂਬਸੂਰਤੀ ਨੂੰ ਪਿਆਰ ਕਰਨਾ ਸਿੱਖ ਗਈ। ਬੈਰੂਤ ਤੋਂ ਅਸੀਂ ਏਕਰਿਜ਼ ਦੇ ਸੋਹਣੇ ਸਮੁੰਦਰੀ ਕੰਢੇ ਤੋਂ ਲੰਘਦਿਆਂ ਹਾਈਫ਼ਾ, ਤਲ-ਅਵੀਵ, ਯੇਰੂਸ਼ਲਮ, ਮ੍ਰਿਤ ਸਾਗਰ ਅਤੇ ਗਾਜ਼ਾ ਗਏ। ਸਫ਼ਰ ਦੌਰਾਨ ਅਸੀਂ ਕ੍ਰਿਸਮਿਸ ਨੇਜ਼ਰਥ ਵਿਚ ਮਨਾਇਆ, ਭਲਾ ਇਸ ਤਿਉਹਾਰ ਲਈ ਇਸ ਤੋਂ ਵੱਧ ਸੋਹਣੀ ਥਾਂ ਹੋਰ ਕਿਹੜੀ ਹੋ ਸਕਦੀ ਸੀ? ਇਸ ਮਗਰੋਂ ਅਸੀਂ ਮਿਸਰ ਪੁੱਜੇ। ਸਫ਼ਰ ਜਾਰੀ ਰੱਖਦਿਆਂ ਅਸੀਂ ਕਾਹਿਰਾ ਅਤੇ ਨੀਲ ਨਦੀ ਦੇ ਹੇਠਲੇ ਹਿੱਸੇ ਵਿਚ ਵੱਸਦੇ ਲੁਕਸਰ ਤਕ ਗਏ।
ਮਾਮੂਜਾਨ ਸਾਨੂੰ ਵਿਦਾ ਕਰਨ ਲਈ ਅਲੈਗਜੈਂਡਰੀਆ ਤੀਕ ਸਾਡੇ ਨਾਲ ਆਏ ਜਿੱਥੋਂ ਆਂਟੀ ਡਿਕਟਾ, ਮਹਿਮੂਦ ਅਤੇ ਮੈਂ ਯੂਰੋਪ ਜਾਣ ਲਈ ਕਿਸ਼ਤੀ ’ਤੇ ਸਵਾਰ ਹੋ ਗਏ। ਮਾਮੂਜਾਨ ਨੇ ਆਪਣਾ ਕਾਰ ਦਾ ਸਫ਼ਰ ਜਾਰੀ ਰੱਖਿਆ ਅਤੇ ਨੀਲ ਨਦੀ ਦੇ ਹੋਰ ਵੀ ਹੇਠਲੇ ਹਿੱਸਿਆਂ ਅਸਵਾਨ ਤੱਕ ਗਏ। ਅਸੀਂ ਤਿੰਨੋਂ ਜਨਵਰੀ 1931 ਵਿਚ ਡ੍ਰੇਸਡੇਨ ਪੁੱਜੇ, ਇਸ ਦਾ ਮਤਲਬ ਇਹ ਕਿ ਮੈਂ ਲਗਾਤਾਰ ਪੂਰੇ ਤਿੰਨ ਮਹੀਨੇ ਤੋਂ ਕਾਰ ਵਿਚ ਸਫ਼ਰ ਕਰ ਰਹੀ ਸਾਂ। ਹਾਲਾਂਕਿ ਇਸ ਕਾਰ ਦਾ ਆਪਣਾ ਆਨੰਦ ਅਤੇ ਰੋਮਾਂਚ ਸੀ, ਪਰ ਮੈਂ ਆਖ਼ਰ ਆਪਣੀ ਮੰਜ਼ਿਲ ’ਤੇ ਪੁੱਜ ਕੇ ਬਹੁਤ ਖ਼ੁਸ਼ ਸਾਂ।
ਮਹਿਮੂਦ ਅਤੇ ਆਂਟੀ ਡਿਕਟਾ ਮੈਨੂੰ ਬਰਲਿਨ ਅਤੇ ਡ੍ਰੇਸਡੇਨ ਦੇ ਕਈ ਸਕੂਲਾਂ ਵਿਚ ਲੈ ਗਏ, ਪਰ ਅਸੀਂ ‘ਮੈਰੀ ਵਿਗਮੈਨ ਟੀਜ਼’ ਸਕੂਲ ਹੀ ਚੁਣਿਆ ਕਿਉਂਕਿ ਮੈਨੂੰ ਉੱਥੋਂ ਦਾ ਮਾਹੌਲ ਬਾਕੀਆਂ ਦੇ ਮੁਕਾਬਲੇ ਬਿਹਤਰ ਲੱਗਾ। ਆਂਟੀ ਡਿਕਟਾ ਦੀ ਇਕ ਦੋਸਤ ਬੈਰੋਨੇਸ ਵਾਨ, ਟਯੂਫੇਨ ਦੇ ਇਕ ਸ਼ਰੀਫ਼ ਪਰਿਵਾਰ ਨੂੰ ਜਾਣਦੀ ਸੀ ਜੋ ਆਪਣੇ ਘਰ ਵਿਚ ਪੇਇੰਗ ਗੈਸਟ ਰੱਖਦਾ ਸੀ। ਸ਼ਾਹੀ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਸ੍ਰੀ ਅਤੇ ਸ੍ਰੀਮਤੀ ਜੇਡਵਿਟਜ਼ ਵੋਨ ਲਿਬਸਟੇਨ ਨੇ ਆਪਣੀ ਜਵਾਨੀ ਕਾਫ਼ੀ ਐਸ਼ੋ ਆਰਾਮ ਵਿਚ ਬਤੀਤ ਕੀਤੀ ਸੀ, ਪਰ ਫ਼ਿਲਹਾਲ ਆਰਥਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਸਨ। ਰੁਜ਼ਗਾਰ ਲਈ ਇਹ ਜੋੜਾ ਟੋਪੀਆਂ ਵੇਚਣ ਦੀ ਬੁਟੀਕ ਚਲਾ ਰਹੇ ਸਨ।
ਹੁਨਰਮੰਦ ਅਤੇ ਖ਼ੂਬਸੂਰਤ ਤੀਵੀਂ ਮਰਦ ਦੀ ਇਸ ਜੋੜੀ ਨਾਲ ਪਹਿਲੀ ਮੁਲਾਕਾਤ ਤੋਂ ਬਾਅਦ ਮੇਰੀ ਚੰਗੀ ਦੋਸਤੀ ਹੋ ਗਈ। ਉਨ੍ਹਾਂ ਵਿਚੋਂ ਪਤੀ ਤਾਂ ਅੰਗਰੇਜ਼ੀ ਬੋਲ ਲੈਂਦਾ ਸੀ, ਪਰ ਪਤਨੀ ਸਿਰਫ਼ ਕੁਝ ਵਾਕ ਹੀ ਬੋਲ ਸਕਦੀ ਸੀ। ਸ਼ਾਇਦ ਇਹੀ ਕਾਰਨ ਸੀ ਕਿ ਜਰਮਨ ਭਾਸ਼ਾ ਮੈਂ ਬਹੁਤ ਜਲਦੀ ਸਿੱਖ ਲਈ। ਇਨ੍ਹਾਂ ਦੋ ਪਿਆਰੇ ਲੋਕਾਂ ਨੇ ਮੈਨੂੰ ਪੱਛਮੀ ਸ਼ਾਸਤਰੀ ਸੰਗੀਤ ਅਤੇ ਯੂਰੋਪ ਦੀ ਬਿਹਤਰੀਨ ਸੰਸਕ੍ਰਿਤੀ (ਜਿਸ ਨੂੰ ਅਸੀਂ ਬੇਬੀ ਕਹਿ ਕੇ ਸੱਦਦੇ ਸਾਂ) ਦੀ ਕਲਾਤਮਕ ਸਮਝ ਦਿਵਾਈ। ਆਪਣੇ ਬੁਟੀਕ ਵਿਚ ਰੱਖੀਆਂ ਸਾਰੀਆਂ ਟੋਪੀਆਂ ਨੂੰ ਉਹ ਖ਼ੁਦ ਤਿਆਰ ਕਰਦੀ ਸੀ। ਮੈਂ ਉਨ੍ਹਾਂ ਤੋਂ ਹੀ ਸਿੱਖਿਆ ਕਿ ਪੱਛਮੀ ਫੈਸ਼ਨ ਮੁਤਾਬਿਕ ਕੀ ਨਵਾਂ ਹੈ ਅਤੇ ਕਿਸ ਚੀਜ਼ ਦਾ ਰਿਵਾਜ ਨਹੀਂ ਹੈ। ਹਾਲਾਂਕਿ ਉਹ ਬਹੁਤ ਘੱਟ ਖਰਚ ਵਿਚ ਗੁਜ਼ਾਰਾ ਕਰਦੇ ਸਨ, ਪਰ ਅਸੀਂ ਜੋ ਵੀ ਖਾਣਾ ਖਾਂਦੇ ਸਾਂ ਉਹ ਬਹੁਤ ਵਧੀਆ ਹੁੰਦਾ ਸੀ ਅਤੇ ਬਹੁਤ ਹੀ ਨਫ਼ਾਸਤ ਨਾਲ ਪਰੋਸਿਆ ਜਾਂਦਾ ਸੀ। ਉਨ੍ਹਾਂ ਨਾਲ ਰਹਿੰਦਿਆਂ ਮੈਂ ਉਨ੍ਹਾਂ ਦੇ ਕਈ ਰਿਸ਼ਤੇਦਾਰਾਂ ਦੇ ਪਾਸ ਗਈ ਜੋ ਆਸਟ੍ਰਿਆਈ ਮਹਿਲਾਂ ਵਿਚ ਰਹਿੰਦੇ ਸਨ। ਰਾਜਕੁਮਾਰ ਹੋਹੋਨਲੋਹੇ ਡ੍ਰੇਸਡੇਨ ਸਾਡੇ ਫਲੈਟ ਵਿਚ ਅਕਸਰ ਆਉਂਦੇ ਰਹਿੰਦੇ ਸਨ।
ਅਖੀਰ ਜਦੋਂ ਮਹਿਮੂਦ ਅਤੇ ਡਿਕਟਾ ਮੈਨੂੰ ਛੱਡ ਕੇ ਚਲੇ ਗਏ ਤਾਂ ਮੈਂ ਸੁਖ ਦਾ ਸਾਹ ਲਿਆ। ਹੁਣ ਮੈਂ ’ਕੱਲੀ ਅਤੇ ਮਰਜ਼ੀ ਮੁਤਾਬਿਕ ਰਹਿਣ ਲਈ ਆਜ਼ਾਦ ਸਾਂ। ਇਹ ਬਿਲਕੁਲ ਸੁਪਨੇ ਦੇ ਸੱਚ ਹੋਣ ਵਰਗਾ ਸੀ। ਮੈਂ ਘਰ ਦੀ ਰੋਕ-ਟੋਕ ਤੋਂ ਹਜ਼ਾਰਾਂ ਮੀਲ ਦੂਰ ਸਾਂ- ਮੇਰੇ ਪਾਸ ਆਪਣੇ ਰਹਿਣ, ਖਾਣ, ਕੱਪੜੇ ਅਤੇ ਸਕੂਲ ਦੀ ਫੀਸ ਤੇ ਮਨੋਰੰਜਨ ਲਈ ਲੋੜੀਂਦਾ ਪੈਸਾ ਸੀ। ਹਰ ਛੁੱਟੀਆਂ ਵਿਚ ਮੈਂ ਕਿਸੇ ਨਵੇਂ ਮੁਲਕ ਵਿਚ ਘੁੰਮਣ ਦੀ ਯੋਜਨਾ ਬਣਾ ਲੈਂਦੀ ਸਾਂ। ਇਸੇ ਤਰ੍ਹਾਂ ਮੈਂ ਹੰਗਰੀ, ਆਸਟਰੀਆ, ਇਟਲੀ, ਫਰਾਂਸ, ਇੰਗਲੈਂਡ ਅਤੇ ਸਵਿਟਜ਼ਰਲੈਂਡ ਦੀਆਂ ਯਾਤਰਾਵਾਂ ਕੀਤੀਆਂ। ਮੈਂ ਨਾਰਵੇ ਦੋ ਵਾਰ ਗਈ, ਇਕ ਵਾਰ ਔਮਲੋ ਵਿਚ ਡਿਕਟਾ ਅਤੇ ਉਨ੍ਹਾਂ ਦੀ ਭੈਣ ਨਾਲ ਰਹਿਣ ਲਈ ਅਤੇ ਦੂਜੀ ਵਾਰ ਨੌਰਥ ਕੇਪ ਵਿਚ ਸਟੀਮਰ ਯਾਤਰਾ ’ਤੇ ਜਿੱਥੇ ਮੈਂ ਸ਼ਾਮ ਚਾਰ ਵਜੇ ਡੁੱਬਦੇ ਸੂਰਜ ਸਾਹਮਣੇ ਸਟੀਮਰ ਦੇ ਡੈਕ ’ਤੇ ਨੱਚੀ।
ਹੁਣ ਤਕ ਮੈਂ ਆਪਣਾ ਨਾਂ ਜ਼ੋਹਰਾ ਮੁਮਤਾਜ਼-ਉਲਾਹ ਖ਼ਾਨ ਤੋਂ ਛੋਟਾ ਕਰਕੇ ਸਿਰਫ਼ ਜ਼ੋਹਰਾ ਮੁਮਤਾਜ਼ ਕਰ ਲਿਆ ਸੀ। ਮੇਰੇ ਪਿਤਾ ਵੱਲੋਂ ਅਤੇ ਪਰਿਵਾਰ ਦੀਆਂ ਅਗਲੀਆਂ ਪੀੜ੍ਹੀਆਂ ਨੇ ਵੀ ਇਸੇ ਨੂੰ ਆਪਣਾ ਉਪ-ਨਾਂ ਬਣਾ ਲਿਆ।
ਜਰਮਨੀ ਤੋਂ ਮੈਂ ਆਪਣੇ ਮਾਮੂਜਾਨ ਨੂੰ ਲਗਾਤਾਰ ਖ਼ਤ ਲਿਖਿਆ ਕਰਦੀ ਸਾਂ। ਮੈਂ ਉਨ੍ਹਾਂ ਦਾ ਨਾਂ, ਮੇਮਠਿਸ ਧਰ ਦਿੱਤਾ ਸੀ ਕਿਉਂਕਿ ਮਾਮੂ ਸਾਹਿਬ ਬੜਾ ਬਣਾਉਟੀ ਲੱਗਦਾ ਸੀ ਤੇ ਉਹ ਮੈਨੂੰ ਜ਼ੋਹਰ ਕਹਿ ਕੇ ਬੁਲਾਉਂਦੇ ਸਨ। ਉਨ੍ਹਾਂ ਦੀ ਮੌਤ ਮਗਰੋਂ ਉਨ੍ਹਾਂ ਦੇ ਕਾਗਜ਼ਾਂ ਵਿਚ ਉਸ ਸਮੇਂ ਦੀਆਂ ਮੇਰੀਆਂ ਕੁਝ ਚਿੱਠੀਆਂ ਮਿਲੀਆਂ ਜੋ ਉਨ੍ਹਾਂ ਦੀ ਬੇਟੀ ਹਾਮਿਦਾ ਨੇ ਮੈਨੂੰ ਭਿਜਵਾ ਦਿੱਤੀਆਂ ਸਨ।

ਅਨੁਵਾਦ: ਭੁਪਿੰਦਰ ਕੌਰ ਪ੍ਰੀਤ
ਸੰਪਰਕ: 98141-77954


Comments Off on ਯੂਰੋਪ ਯਾਤਰਾ ਤੇ ਡਾਂਸ ਸਕੂਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.