ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਮੇਰਾ ਵੀ ਸ਼ਰਧਾਂਜਲੀ ਸਮਾਗਮ ਕੀਤਾ ਜਾਵੇ…!

Posted On September - 8 - 2019

ਪ੍ਰਿੰ. ਗੁਲਵੰਤ ਮਲੌਦਵੀ
ਵਿਅੰਗ

ਇਕ ਦਿਨ ਫੋਨ ਕਾਲ ਆਈ। ਮੇਰਾ ਇਕ ਭੋਲਾ ਤੇ ਸਾਊ ਜਿਹਾ ਜਾਣਕਾਰ ਬੋਲ ਰਿਹਾ ਸੀ। ਉਹ ਬਹੁਤ ਪ੍ਰੇਸ਼ਾਨ ਲੱਗ ਰਿਹਾ ਸੀ, ‘‘ਤੁਸੀਂ ਕਿਵੇਂ ਹੋ…? ਤੁਸੀਂ ਠੀਕ ਹੋ? ਜੀ… ਫੋਨ ’ਤੇ ਤੁਸੀਂ ਆਪ ਹੀ ਬੋਲ ਰਹੋ ਹੋ…?’’ ‘‘ਕੀ ਗੱਲ ਤੂੂੰ ਐਨਾ ਘਬਰਾਇਆ ਕਿਉਂ ਐਂ…?’’ ਵਾਰ ਵਾਰ ਪੁੱਛਣ ’ਤੇ, ਥੋੜ੍ਹੀ ਜਿਹੀ ਝਿਜਕ ਨਾਲ ਉਹ ਬੋਲਿਆ, ‘‘…ਅੱਜ ਸਵੇਰੇ ਮੈਨੂੰ ਕਿਸੇ ਨੇ ਕਹਿ ਦਿੱਤਾ ਕਿ ਮਲੌਦਵੀ ਤਾਂ ਚੜ੍ਹਾਈ ਕਰ ਗਿਆ। ਉਸ ਦਾ ਭੋਗ ਪਏ ਨੂੰ ਕਈ ਦਿਨ ਹੋਗੇ। ਮੈਂ ਹੈਰਾਨ ਕਿ ਸਾਨੂੰ ਭੋਗ ’ਤੇ ਵੀ ਨਹੀਂ ਸੱਦਿਆ…!! ਇਹ ਕਿਵੇਂ ਹੋ ਸਕਦੈ ਕਿ ‘ਸਾਡੇ ਬਿਨਾਂ’ ਭੋਗ ਪੈ ਜਾਵੇ। ਮੇਰੇ ਕੋਲ ਫੋਨ ਨੰਬਰ ਨਹੀਂ ਸੀ। ਹੁਣ ਹੋਰ ਕਿਸੇ ਦੇ ਫੋਨ ਤੋਂ ਬੋਲਦਾਂ…!!’’
ਇਕ ਪਲ ਤਾਂ ਮੈਨੂੰ ਗੁੱਸਾ ਆਇਆ ਤੇ ਦੂਜੇ ਪਲ ਹਾਸਾ ਕਿਉਂਕਿ ਮੇਰੇ ਨਾਲ ਇਹ ਕਈ ਵਾਰ ਹੋ ਚੁੱਕਿਆ ਸੀ ਜਦੋਂ ‘ਸ਼ੁਭਚਿੰਤਕਾਂ’ ਨੇ ਮੇਰੇ ਪਰਲੋਕ ਸਿਧਾਰ ਜਾਣ ਦੀ ‘ਖ਼ੁਸ਼ਖ਼ਬਰੀ’ ਫੈਲਾਈ ਸੀ।
ਵੱਡੇ ਭਰਾ ਨਾਲ ਨਾਰਾਜ਼ਗੀ ਚੱਲ ਰਹੀ ਸੀ। ਬੋਲ-ਚਾਲ, ਆਉਣ-ਜਾਣ ਬੰਦ। ਇਕ ਦਿਨ ਬਹੁਤ ਘਬਰਾਏ ਹੋਏ ਸਾਡੇ ਘਰ ਆ ਪਹੁੰਚੇ। ਮੈਂ ਉਨ੍ਹਾਂ ਨੂੰ ਦੇਖ ਕੇ ਹੈਰਾਨ ਸਾਂ। ਵੀਰ ਜੀ ਨੇ ਮੈਨੂੰ ਘੁੱਟ ਕੇ ਜੱਫੀ ਪਾਈ। ਫੇਰ ਪਿੱਛੇ ਹਟ ਕੇ ਮੋਢਿਆਂ ਤੋਂ ਫੜ ਮੈਨੂੰ ਧਿਆਨ ਨਾਲ ਦੇਖਿਆ। ਉਹ ਵੀ ਟੋਹ-ਟੋਹ ਕੇ, ਘੁੱਟ-ਘੁੱਟ ਕੇ, ਫੇਰ ਗਲ ਨਾਲ ਲਾਇਆ। ਮੈਨੂੰ ਬਹੁਤ ਅਜੀਬ ਲੱਗਿਆ।
‘‘ਤੁਸੀਂ ਐਨੇ ਪ੍ਰੇਸ਼ਾਨ ਕਿਉਂ ਹੋ?’’ ਮੈਂ ਪੁੱਛਿਆ।
‘‘ਇਕ ਭੋਗ ’ਤੇ ਇਕੱਠੇ ਹੋਏ ਸਾਂ। ਇਕ ਰਿਸ਼ਤੇਦਾਰ ਨੇ ਮੈਨੂੰ ਕਿਹਾ… ਤੁਹਾਡਾ ਛੋਟਾ ਭਰਾ ਜਿਹੜਾ ਮਾਹਟਰ ਐ… ਕਿਸੇ ਮਾਰੂ ਬਿਮਾਰੀ ਨਾਲ ਚੜ੍ਹਾਈ ਕਰ ਗਿਆ। ਭੋਗ ਵੀ ਪੈ ਗਿਆ।’’ ਵੱਡੇ ਵੀਰ ਜੀ ਉੱਥੋਂ ਸਿੱਧਾ ਹੀ ਮੇਰੇ ਘਰ ਰੋਪੜ ਪਹੁੰਚ ਗਏ। ਆਖਣ, ‘‘ਰੱਬ ਦਾ ਸ਼ੁਕਰ ਐ ਤੂੰ ਠੀਕ-ਠਾਕ, ਬੋਲਦਾ ਚਲਦੈਂ। ਮਿਲਦੇ ਵਰਤਦਿਆਂ ਦੇ ਹੀ ਸਾਕ ਹੁੰਦੇ ਹਨ। ਨਹੀਂ ਤਾਂ ਕੰਧ ਉਹਲੇ ਪਰਦੇਸ।’’ਉਹ ਕਦੇ ਹਉਕਾ ਲੈਣ, ਕਦੇ ਅੱਖਾਂ ਭਰਨ।
‘‘ਏਹੋ ਜਿਹੀ ਝੂਠੀ ਅਫ਼ਵਾਹ ਕਿਸ ਮਰਜਾਣੇ ਨੇ ਫੈਲਾਈ ਐ,’’ ਘਰਦਿਆਂ ਨੂੰ ਗੁੱਸਾ ਆ ਗਿਆ। ਮੈਂ ਕਹਿਣਾ ਚਾਹੁੰਦਾ ਸਾਂ… ਉਸ ਜਿਊਣ ਜੋਗੇ ਦਾ ਧੰਨਵਾਦ ਕਰ ਜਿਸ ਨੇ ਭਰਾਵਾਂ ਨੂੰ ਮੁੜ ਮਿਲਾ ਦਿੱਤਾ।
ਇਉਂ ਮੇਰੇ ਮਰਨ ਦੀ ਅਫ਼ਵਾਹ ਕਈ ਵਾਰ ਫੈਲੀ। ਹਰ ਵਾਰ ਮੈਨੂੰ ਜਿਊਂਦਾ ਜਾਗਦਾ ਦੇਖ ਕਈਆਂ ਨੂੰ ਉਦਾਸੀ ਤੇ ਮਾਯੂਸੀ ਹੋਈ।
ਲੋਕਾਂ ਦੇ ਸ਼ਰਧਾਂਜਲੀ ਸਮਾਗਮ ਦੇਖ ਕੇ ਮੇਰੇ ਮਨ ਵਿਚ ਚਾਅ ਆਇਆ ਕਿ ਮੇਰਾ ਵੀ ਸ਼ਰਧਾਂਜਲੀ ਸਮਾਗਮ ਹੋਵੇ ਤੇ ਇਹ ‘ਸ਼ੁਭ ਕੰਮ’ ਕਰਵਾਉਣ ਵੀ ਉਹੀ ਸੱਜਣ ਜਿਹੜੇ ਸਾਡੇ ‘ਮਰਨ’ ਦੀਆਂ ਖ਼ਬਰਾਂ ਦਿੰਦੇ ਹਨ। ਕਈ ਬੰਦੇ ਜਿਉਂਦਿਆਂ ਨਾਲੋਂ ਮੋਇਆਂ ਦੀ ਵੱਧ ਕਦਰ ਕਰਦੇ ਹਨ ਤੇ ਬਹੁਤ ਖ਼ੁਸ਼ੀ ਖ਼ੁਸ਼ੀ… ਸ਼ਰਧਾਂਜਲੀਆਂ ਭੇਂਟ ਕਰਨ ਦੇ ਮਾਹਿਰ ਹੁੰਦੇ ਹਨ। ਕਈ ਤਾਂ ਇਸ ਨੂੰ ਕਾਰੋਬਾਰ ਹੀ ਸਮਝਦੇ ਹਨ। ਕਈ ਬੰਦੇ ਆਤਮਿਕ ਸ਼ਾਂਤੀ ਦੀਆਂ ਦੁਆਵਾਂ ਕਰਨ ਲਈ ਬਹੁਤ ਲੱਛੇਦਾਰ ਭਾਸ਼ਾ ਵਰਤਦੇ ਹਨ।
ਕਈ ‘ਸੱਜਣ’ ਸ਼ਰਧਾਂਜਲੀ ਸਮਾਗਮ ਵਿਚ ‘ਸ਼ਾਇਰੋ-ਸ਼ਾਇਰੀ’ ਦਾ ਰੰਗ ਬੰਨਣ ਦੇ ‘ਉਸਤਾਦ’ ਹੁੰਦੇ ਹਨ।
ਇਨ੍ਹਾਂ ਸਮਾਗਮਾਂ ਦੇ ਸਟੇਜ ਸਕੱਤਰ ਵੀ ‘ਗੁਣੀ ਗਿਆਨੀ’ ਤੇ ‘ਸ਼ਰਧਾਂਜਲੀ ਮਾਹਿਰ’ ਹੁੰਦੇ ਹਨ ਜੋ ‘ਸਵਰਗਵਾਸੀ’ ਦੀਆਂ ਸੱਤ ਪੀੜ੍ਹੀਆਂ ਤਕ ਦੇ ਕੁਰਸੀਨਾਮੇ ਦੇ ਨਾਲ ਸਵਰਗਵਾਸੀ ਦੇ ਪੁੱਤ-ਪੋਤਿਆਂ ਦੇ ਅਜਿਹੇ ‘ਗੁਣਗਾਨ’ ਕਰਦੇ ਹਨ ਕਿ ਸਰੋਤਿਆਂ ਵਿਚ ਸੁੰਨ-ਮਸਾਣ ਵਰਤ ਜਾਂਦੀ ਹੈ। ‘‘ਏਡਾ ਵੱਡਾ ਇਕੱਠ ਸਬੂਤ ਹੈ ‘ਵਿਛੜੇ ਸੱਜਣ’ ਕਿੰਨੇ ਮਹਾਨ, ਸ਼ਰੀਫ਼ ਤੇ ਸਾਊ ਸਨ।’’ ਹਾਜ਼ਰੀ ਲਗਾਉਣ ਤੇ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਲੇ ਬੁਲਾਰੇ ਕਈ ਵਾਰ ਉਸਤਤ ਕਰਦੇ, ਚੰਗਿਆਈਆਂ ਦਾ ਵਰਨਣ ਕਰਦਿਆਂ ਅਜਿਹੇ ਅਲੰਕਾਰ ਵਰਤ ਜਾਂਦੇ ਹਨ ਜਿਨ੍ਹਾਂ ਨਾਲ ਮਰ ਗਏ ਬੰਦੇ ਦੇ ਖ਼ਾਨਦਾਨ ਦਾ ਦੂਰ ਦਾ ਸਬੰਧ ਵੀ ਨਹੀਂ ਹੁੰਦਾ। ਕਈ ਵਾਰ ਝੂਠੀਆਂ ਤਾਰੀਫ਼ਾਂ ਸੁਣ-ਸੁਣ ਕੇ ਸਰੋਤੇ ਮੁਸ਼ਕੜੀਏਂ ਹੱਸਦੇ ਹੋਏ ਇਕ ਦੂਜੇ ਨੂੰ ਕੂਹਣੀਮਾਰ ਇਸ਼ਾਰੇ ਕਰਨ ਲੱਗ ਜਾਂਦੇ ਹਨ।
ਇਕ ਵਾਰ ਸ਼ਰਧਾਂਜਲੀ ਭੇਟ ਕਰਨ ਵਾਲੇ ਨੇ ‘ਸਵਰਗਵਾਸੀ’ ਦੇ ਅਜਿਹੇ ਸੋਹਲੇ ਗਾਏ ਕਿ ਪੰਡਾਲ ਵਿਚ ਬੈਠੇ ਇਕ ਬੰਦੇ ਤੋਂ ਭਾਸ਼ਣ ਕਰਨ ਵਾਲੇ ਨੂੰ ਅੱਖ ਮਾਰ ਹੋ ਗਈ, ਕਈਆਂ ਦਾ ਹਾਸਾ ਨਿਕਲ ਗਿਆ। ਸਟੇਜ ਸੈਕਟਰੀ ਨੇ ਮੁਸ਼ਕਿਲ ਨਾਲ ਗੱਲ ਸੰਭਾਲੀ।
‘‘ਸਮੇਂ ਦੀ ਘਾਟ ਕਾਰਨ ਸਭਨਾਂ ਨੂੰ ਬੋਲਣ ਦਾ ਸਮਾਂ ਨਹੀਂ ਦਿੱਤਾ ਜਾ ਸਕਦਾ। ਧੰਨਵਾਦ ਸਭਨਾਂ ਦਾ ਕੀਤਾ ਜਾਂਦਾ ਹੈ- ਢਿਮਕਾ ਸਿੰਘ… ਅਮਕਾ ਸਿੰਘ… ਛਮਕਾ ਰਾਮ… ਜੀ ਦਾ ਇੱਥੇ ਪਧਾਰਨ ’ਤੇ ਬਹੁਤ ਧੰਨਵਾਦ।’’
ਸਟੇਜ ਸੈਕਟਰੀ ਬੋਲਦਾ ਹੈ।
ਕਈ ਸੱਜਣਾਂ ਨੇ ਸ਼ੋਕ ਸੰਦੇਸ਼ ਅਗੇਤੇ ਛਪਵਾ ਕੇ ਰੱਖੇ ਹੁੰਦੇ ਹਨ, ਸਿਰਫ਼ ਤਾਰੀਖ਼ ਤੇ ਨਾਮ ਹੀ ਭਰਨੇ ਹੁੰਦੇ ਹਨ। ਇਹ ਸ਼ਰਧਾਂਜਲੀ ਸਮਾਗਮਾਂ ਤੇ ਅਖ਼ਬਾਰਾਂ ਨੂੰ ਭੇਜਣ ਦੇ ਕੰਮ ਆਉਂਦੇ ਹਨ। ਇਸ ਤਰ੍ਹਾਂ ਦੇ ਕਈ ਸੰਦੇਸ਼ ਪੜ੍ਹੇ ਜਾਂਦੇ ਹਨ। ਹੈ ਨਾ ਮਰਨ ਦਾ ਸੁਆਦ?
ਜਿਨ੍ਹਾਂ ਨੂੰ ਸਟੇਜ ਤੋਂ ਬੋਲਣ ਦਾ ਸਮਾਂ ਨਹੀਂ ਮਿਲਦਾ, ਉਹ ਉਬਾਸੀਆਂ ਲੈ ਲੈ ਕੇ ‘ਸ਼ਰਧਾਂਜਲੀ’ ਭੇਂਟ ਕਰਦੇ ਹਨ। ਕਈ ਫੋਨ ਸੈੱਟਾਂ ’ਤੇ ਗੇਮਾਂ ਖੇਡ ਕੇ, ਚੈਟ ਕਰਕੇ ਆਪਣੀਆਂ ਉਂਗਲਾਂ ਨਚਾਉਂਦੇ ਹੋਏ ਸ਼ਰਧਾਂਜਲੀ ਦਿੰਦੇ ਹਨ।
ਜਿਹੜੇ ‘ਸ਼ੁਭ ਚਿੰਤਕ’ ਮੇਰੇ ਪਰਲੋਕ ਸਿਧਾਰਨ ਦੀਆਂ ਖ਼ਬਰਾਂ ਦਿੰਦੇ ਹਨ, ਉਨ੍ਹਾਂ ਨੂੰ ਬੇਨਤੀ ਹੈ ਕਿ ਉਹ ਮੇਰਾ ਸ਼ਰਧਾਂਜਲੀ ਸਮਾਗਮ ਕਰਵਾਉਣ ਦੀ ਵੀ ਖੇਚਲ ਕਰਨ ਕਿਉਂਕਿ ਸ਼ਰਧਾਂਜਲੀ ਸਮਾਗਮ ਦੀਆਂ ਰੌਣਕਾਂ ਤੇ ਸ਼ਾਨਾਂ ਦੇਖ ਕੇ ਸਾਡਾ ਦਿਲ ਕਰਦਾ ਹੈ ਕਿ ਮੇਰੇ ਲਈ ਇਹ ਸਮਾਗਮ ਵਾਰ ਵਾਰ ਹੋਵੇ ਤਾਂ ਜੋ ਲੋਕਾਂ ਦੇ ਨਾਲ ਨਾਲ ਮੈਂ ਵੀ ਆਨੰਦ ਮਾਣ ਸਕਾਂ।
ਇਕ ਮਿੱਤਰ ਦੇ ਪਿਤਾ ਜੀ ਵਡੇਰੀ ਉਮਰੇ ਚੜ੍ਹਾਈ ਕਰ ਗਏ। ਕਹਿ ਰਿਹਾ ਸੀ, ‘‘ਮੈਂ ਸਾਦੀ ਦਾਲ-ਰੋਟੀ ਕਰਨੀ ਚਾਹੁੰਦਾ ਹਾਂ।’’ ਰਿਸ਼ਤੇਦਾਰ ਕਹਿੰਦੇ, ‘‘ਵੰਨ-ਸੁਵੰਨੀਆਂ ਮਠਿਆਈਆਂ, ਮਟਰ ਪਨੀਰ, ਕਈ ਤਰ੍ਹਾਂ ਦੇ ਪਕਵਾਨ ਹੋਣੇ ਚਾਹੀਦੇ ਹਨ, ਬੁੱਢਾ ਭਰਿਆ ਪਰਿਵਾਰ ਛੱਡ ਕੇ ਗਿਆ, ਤੁਸੀਂ ਏਨੇ ਜੋਗੇ ਵੀ ਨਹੀਂ?’’ ‘‘ਅਫ਼ਸੋਸ ਦਾ ਭੋਗ ਐ ਕਿ ਵਿਆਹ?’’ ਮਿੱਤਰ ਨੇ ਕਿਹਾ। ਰਿਸ਼ਤੇਦਾਰ ਕਹਿੰਦੇ, ‘‘ਹੁਣ ਬਹੁਤਾ ਫ਼ਰਕ ਨਹੀਂ ਰਿਹਾ। ਵਿਆਹ ਵਾਂਗ ਹੀ ਰੋਟੀ ਪਾਣੀ ਹੁੰਦੈ ਐ ਸ਼ੋਕ ਸਮਾਗਮ ’ਤੇ।’’
ਮੇਰੀ ਸ਼ਰਧਾਂਜਲੀ ਸਮਾਗਮ ਕਰਾਉਣ ਵਾਲੇ ਸੱਜਣਾਂ ਨੂੰ ਇਕ ਬੇਨਤੀ ਹੈ ਕਿ ਉਹ ਨਵੀਂ ਪਿਰਤ ਪਾਉਣ, ਭਾਵ ਮੇਰੇ ਲਈ ਸ਼ਰਧਾਂਜਲੀ ਬੋਲੀ ਜਾਂ ਪੜ੍ਹੀ ਨਾ ਜਾਵੇ ਸਗੋਂ ਗਾਈ ਜਾਵੇ। ਉਨ੍ਹਾਂ ਨੂੰ ਹੀ ਸੱਦਾ ਦਿੱਤਾ ਜਾਵੇ ਜਿਹੜੇ ਸ਼ਰਧਾਂਜਲੀ ਗਾ ਸਕਣ। ਇਹ ਇਸ ਕਰਕੇ ਕਿ ਹੁਣ ਪੰਜਾਬ ਵਿਚ ਗਾਉਣ ਵਾਲਿਆਂ ਦੀ ਗਿਣਤੀ ਵੱਧ ਹੈ ਤੇ ਸੁਣਨ ਵਾਲਿਆਂ ਦੀ ਘੱਟ।
ਇਹ ਇਸ ਲਈ ਵੀ ਕਿ ਪੰਜਾਬ ਦੇ ਬਹੁਤੇ ਗਾਇਕ ਬੰਦੂਕਾਂ, ਪਿਸਤੌਲਾਂ, ਛਵੀਆਂ-ਗੰਡਾਸਿਆਂ ਦੇ ਗੀਤ ਗਾ-ਗਾ ਕੇ ਥੱਕ ਚੁੱਕੇ ਹਨ। ਨਾਲੇ ਗਾਉਣ ਵਾਲਿਆਂ ਦੇ ਮੂੰਹ ਦਾ ਸੁਆਦ ਬਦਲ ਜਾਵੇਗਾ, ਨਾਲੇ ਸੁਣਨ ਵਾਲਿਆਂ ਦੇ ਕੰਨ-ਰਸ ਨੂੰ ਆਰਾਮ ਮਿਲ ਜਾਵੇਗਾ। ਸ਼ਰਧਾਂਜਲੀ ਗਾ ਸਕਣ ਵਾਲਿਆਂ ਨੂੰ ਮਾਈਕ ’ਤੇ ਸਮਾਂ ਦਿੱਤਾ ਜਾਵੇ ਤੇ ਸਟੇਜ ਸਕੱਤਰ ਵੀ ਸਾਰਾ ਪ੍ਰੋਗਰਾਮ ਗਾ ਕੇ ਹੀ ਚਲਾਵੇ।
ਮੇਰੀ ਮੌਤ ਦੀਆਂ ਖ਼ਬਰਾਂ ਦਿੰਦੇ ਸੱਜਣੋ, ਮੇਰਾ ਸ਼ਰਧਾਂਜਲੀ ਸਮਾਗਮ ਕਰਾਉਂਦੇ ਹੋਏ ਮੈਨੂੰ ਸੱਦਾ ਦੇਣਾ ਨਾ ਭੁੱਲਣਾ ਜੀ।
ਸੰਪਰਕ: 94173-32911


Comments Off on ਮੇਰਾ ਵੀ ਸ਼ਰਧਾਂਜਲੀ ਸਮਾਗਮ ਕੀਤਾ ਜਾਵੇ…!
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.