ਪੀਜੀਆਈ ਪਹੁੰਚਿਆ ਕੋਰੋਨਾ ਦਾ ਮਰੀਜ਼ !    ਟੀਮ ਨੂੰ ਧੋਨੀ ਦੀ ਘਾਟ ਰੜਕਦੀ ਹੈ: ਚਾਹਲ !    ਚੰਦਰ ਸ਼ੇਖਰ ਆਜ਼ਾਦ ਦੇ ਪੋਤਰੇ ਵੱਲੋਂ ਨਾਗਰਿਕਤਾ ਕਾਨੂੰਨ ਦੀ ਹਮਾਇਤ !    ਇਤਿਹਾਸਕ ਜੱਲ੍ਹਿਆਂਵਾਲਾ ਬਾਗ਼ ਵਿੱਚ ਨਹੀਂ ਲੱਗੇਗੀ ਦਾਖ਼ਲਾ ਟਿਕਟ !    ਪਤੰਗਾਂ ਚੜ੍ਹੀਆਂ ਅਸਮਾਨ; ਪੁਲੀਸ ਪ੍ਰੇਸ਼ਾਨ !    ਨਾਸਿਕ ਵਿੱਚ ਬੱਸ-ਆਟੋਰਿਕਸ਼ਾ ਦੀ ਟੱਕਰ, 20 ਹਲਾਕ !    ਮਾਤਾ ਖੀਵੀ ਜੀ !    ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਹੋਵੇ ਰੇਲਵੇ ਸਟੇਸ਼ਨ ਦਾ ਡਿਜ਼ਾਈਨ: ਔਜਲਾ !    ਸਿੱਖ ਲਹਿਰ ਦਾ ਅਣਗੌਲਿਆ ਪੰਨਾ ਨਿਹੰਗ ਖਾਂ !    ਸਲਮਾਨ ਖਾਨ ਦੀ ਹਰਕਤ ਤੋਂ ਗੋਆ ਵਾਸੀ ਗੁੱਸੇ ’ਚ !    

ਮੁਖੌਟੇ ਪਿਛਲਾ ਚਿਹਰਾ ਬੇਪਰਦ ਕਰਦੀ ਅਤੀਆ ਹੁਸੈਨ

Posted On September - 8 - 2019

ਹਰਵਿੰਦਰ ਭੰਡਾਲ

‘‘ਭਾਰਤ ਵਿਚ ਅਤੀਤ ਕਦੇ ਗਾਇਬ ਨਹੀਂ ਹੁੰਦਾ। ਇਹ ਰੂਪ ਵਟਾ ਕੇ ਪ੍ਰੇਤ ਤਕ ਨਹੀਂ ਬਣਦਾ। ਕਠੋਰ, ਭੌਤਿਕ, ਪ੍ਰਤੱਖ- ਇਹ ਹਰ ਥਾਂ ਹਾਜ਼ਰ ਰਹਿੰਦਾ ਹੈ।’’
ਅਤੀਆ ਹੁਸੈਨ ਦੇ 1961 ਵਿਚ ਛਪੇ, ਇਕਲੌਤੇ ਨਾਵਲ ‘ਟੁੱਟੇ ਥੰਮ੍ਹ ਉੱਤੇ ਪੈਂਦੀ ਧੁੱਪ’ (Sunlight on a 2roken 3olumn) ਨੂੰ 1988 ਵਿਚ ਆਧੁਨਿਕ ਸ਼ਾਹਕਾਰ ਵਜੋਂ ਮੁੜ ਪੇਸ਼ ਕਰਦਿਆਂ ਭਾਰਤੀ ਮੂਲ ਦੀ ਅੰਗਰੇਜ਼ੀ ਨਾਵਲਕਾਰ ਅਨੀਤਾ ਦੇਸਾਈ ਨੇ ਇਨ੍ਹਾਂ ਸ਼ਬਦਾਂ ਨਾਲ ਆਪਣੀ ਲਿਖੀ ‘ਜਾਣ-ਪਛਾਣ’ ਸ਼ੁਰੂ ਕੀਤੀ ਸੀ। ਅਨੀਤਾ ਦੇਸਾਈ ਦੇ ਲਿਖੇ ਇਨ੍ਹਾਂ ਸ਼ਬਦਾਂ ਤੋਂ ਬਾਅਦ 35 ਵਰ੍ਹੇ ਹੋਰ ਬੀਤ ਚੁੱਕੇ ਹਨ। ਭਾਰਤ ਅੰਦਰ ਹਿੰਦੂਤਵੀ ਚੜ੍ਹਤ ਅਤੇ ਮੁਸਲਿਮ-ਵਿਰੋਧ ਦੇ ਅਜੋਕੇ ਸਮਿਆਂ ਅੰਦਰ ਵੀ ਅਤੀਆ ਦਾ ਨਾਵਲ ਅਨੀਤਾ ਦੇ ਸ਼ਬਦਾਂ ਨੂੰ ਉਸੇ ਤਰ੍ਹਾਂ ਸਹੀ ਸਿੱਧ ਕਰ ਰਿਹਾ ਹੈ। ਅਤੀਆ ਦੇ ਇਸ ਨਾਵਲ ਨੂੰ ਪੜ੍ਹਦਿਆਂ ਇਸ ਦੇ ਬਿਰਤਾਂਤ, ਪਾਤਰਾਂ ਅਤੇ ਇਸ ਵਿਚ ਸਮਾਈਆਂ ਅੰਤਰ-ਦ੍ਰਿਸ਼ਟੀਆਂ ਅੰਦਰੋਂ ਅਜੋਕੀਆਂ ਮਜ਼ਹਬੀ ਹਲਚਲਾਂ ਦੀ ਕਨਸੋਅ ਮਿਲਦੀ ਹੈ। ਇੰਜ ਜਾਪਣ ਲੱਗਦਾ ਹੈ ਕਿ ਸੱਚਾ ਬਿਰਤਾਂਤਕਾਰ ਭਵਿੱਖ ਵਾਚਕ ਵੀ ਹੁੰਦਾ ਹੈ।
ਨਾਵਲ ਦੀ ਮੁੱਖ ਪਾਤਰ ਲੈਲਾ, ਅਤੀਆ ਦਾ ਆਪਣਾ ਪ੍ਰਤੀਰੂਪ ਹੈ। ਇਸੇ ਲਈ ਇਸ ਨਾਵਲ ਨੂੰ ਅਰਧ-ਸਵੈਜੀਵਨੀ ਮੂਲਕ ਕਿਹਾ ਜਾਂਦਾ ਹੈ। ਉਂਜ, ਸਿਰਜਣਾਤਮਕ ਲੇਖਕ ਦੀ ਹਰ ਕਾਵਿ ਅਤੇ ਗਲਪ ਰਚਨਾ ਅਰਧ-ਸਵੈਜੀਵਨੀ ਮੂਲਕ ਹੀ ਹੁੰਦੀ ਹੈ। ਆਪਣੇ ਨਾਵਲਾਂ ਵਿਚ ਵਚਿੱਤਰ ਤਲਿਸਮੀ ਯਥਾਰਥ ਦੇ ਸਿਰਜਣਹਾਰ ਮਾਰਖੇਜ਼ ਨੇ ਵੀ ਇਕ ਮੁਲਾਕਾਤ ਵਿਚ ਦੱਸਿਆ ਸੀ ਕਿ ਉਸ ਦੇ ਨਾਵਲਾਂ ਵਿਚ ਕੋਈ ਇਕ ਵੀ ਘਟਨਾ ਅਜਿਹੀ ਨਹੀਂ ਹੈ ਜੋ ਸੱਚਮੁੱਚ ਉਸ ਦੇ ਜੀਵਨ ਵਿਚ ਨਾ ਵਾਪਰੀ ਹੋਵੇ। ਅਤੀਆ ਵਾਂਗ ਹੀ ਲੈਲਾ ਆਜ਼ਾਦੀ ਤੋਂ ਪਹਿਲਾਂ ਦੇ ਯੂਨਾਈਟਡ ਪ੍ਰੋਵਿੰਸਜ਼, ਜਿਨ੍ਹਾਂ ਨੂੰ ਅਸੀਂ ਯੂ.ਪੀ. ਕਹਿੰਦੇ ਹਾਂ, ਦੇ ਮੁਸਲਿਮ ਤੁਅੱਲੁਕਦਾਰਾਂ ਦੇ ਪਰਿਵਾਰ ਵਿਚ ਪੈਦਾ ਹੋਈ ਹੈ। ਤੁਅੱਲੁਕਦਾਰ ਬਰਤਾਨਵੀ ਹਕੂਮਤ ਅਧੀਨ ਵਿਸ਼ੇਸ਼ ਮਾਲਕੀ ਅਧਿਕਾਰਾਂ ਵਾਲੇ ਰਾਠ-ਜਾਗੀਰਦਾਰ ਸਨ। ਮਨਾਹੀਆਂ ਆਧਾਰਿਤ ਬ੍ਰਾਹਮਣਕ-ਹਿੰਦੂ ਸੱਭਿਆਚਾਰ ਦੇ ਸਮਾਨਾਂਤਰ ਮੁਸਲਿਮ ਤੁਅੱਲੁਕਦਾਰਾਂ ਨੇ ਵੀ ਆਪਣੀਆਂ ਵਿਸ਼ੇਸ਼ ਪਿਤਰਕੀ ਮਾਨਤਾਵਾਂ ਘੜ ਰੱਖੀਆਂ ਸਨ। ਬਾਹਰੀ ਤੌਰ ’ਤੇ ਅਵਧੀ ਸ਼ਿਸ਼ਟਾਚਾਰ ਆਧਾਰਿਤ ਸੈਕਸ ਅਤੇ ਵਿਆਹ ਕੇਂਦਰਤ ਮਾਨਤਾਵਾਂ ਰਾਹੀਂ ਇਹ ਜਮਾਤ ਆਪਣੇ ਆਪ ਨੂੰ ਹੋਰਨਾਂ ਮੁਸਲਿਮ ਜਮਾਤਾਂ ਨਾਲੋਂ ਉਚੇਰਾ ਤੇ ਵੱਖਰਾ ਦਰਸਾਉਂਦੀ ਸੀ।
ਇਸ ਪਿਤਰਕੀ ਦਮਨ ਆਧਾਰਿਤ ਤਹਿਜ਼ੀਬ ਕਾਰਨ ਹੀ ਨਾਵਲ ਵਿਚਲੀਆ ਔਰਤਾਂ ਦੁੱਖ ਭੋਗਣ ਲਈ ਮਜਬੂਰ ਹਨ। ਲੈਲਾ, ਆਬਿਦਾ ਫੁਫੀ, ਹਕੀਮਾਂ, ਨੰਦੋ ਆਦਿ ਜੀਵਨ ਹਾਲਾਤ ਦੇ ਚੱਕਰਵਿਊ ਵਿਚ ਫਸੀਆਂ ਹੋਈਆਂ ਹਨ। ਮਾਜਿਦਾ, ਜ਼ਾਹਰਾ, ਸਾਇਰਾ, ਸੀਤਾ ਆਦਿ ਨੇ ਆਪਣੇ ਆਪ ਨੂੰ ਇਸੇ ਤਹਿਜ਼ੀਬ ਨਾਲ ਆਤਮਸਾਤ ਕੀਤਾ ਹੋਇਆ ਹੈ। ਪਿਤਰਕੀ ਵਿਚਾਰਧਾਰਕ ਪ੍ਰਵਚਨ ਏਨੇ ਮਜ਼ਬੂਤ ਹਨ ਕਿ ਆਬਿਦਾ ਫੁਫੀ ਜਿਹੀ ਅਹਿਸਾਸਮੰਦ ਔਰਤ ਵੀ ਆਪਣੀ ਔਲਾਦ ਜਿਹੀ ਲੈਲਾ ਦਾ ਇਹ ਗੁਨਾਹ ਮੁਆਫ਼ ਕਰਨ ਲਈ ਤਿਆਰ ਨਹੀਂ ਕਿ ਉਸ ਨੇ ਪਰਿਵਾਰ ਦੀ ਮਰਜ਼ੀ ਦੇ ਉਲਟ ਨਿਕਾਹ ਕੀਤਾ ਹੈ। ਇਸ ਤਹਿਜ਼ੀਬ ਅਨੁਸਾਰ ਔਰਤ ਦਾ ਫ਼ਰਜ਼ ਆਪਣੇ ਪਰਿਵਾਰ ਦੀ ਆਗਿਆਕਾਰ ਅਤੇ ਇਸ ਦੀ ਇੱਜ਼ਤ ਪ੍ਰਤੀ ਜ਼ਿੰਮੇਵਾਰ ਰਹਿਣਾ ਹੈ। ਲੈਲਾ ਅਤੀਆ ਵਾਂਗ ਹੀ ਉਸ ਜ਼ਮਾਨੇ ਦੀ ਪੜ੍ਹੀ ਲਿਖੀ ਕੁੜੀ ਹੈ ਜੋ ਹੌਲੀ ਹੌਲੀ ਆਪਣੀ ਜ਼ਿੰਦਗੀ ਦੇ ਫ਼ੈਸਲੇ ਆਪ ਲੈਣ ਲਈ ਤਿਆਰ ਹੁੰਦੀ ਹੈ।
ਅਤੀਆ ਖ਼ੁਦ ‘ਤੁਅੱਲੁਕਦਾਰਾਂ’ ਵਿਚੋਂ ਪਹਿਲੀ ਕੁੜੀ ਸੀ ਜਿਸ ਨੇ 1933 ਵਿਚ ਲਖਨਊ ਯੂਨੀਵਰਸਿਟੀ ਤੋਂ ਗਰੈਜੂਏਸ਼ਨ ਕੀਤੀ। ਉਹ ਵੀ ਭਰਾਵਾਂ ਵਾਂਗ ਅੱਗੇ ਪੜ੍ਹਨ ਲਈ ਕੈਂਬਰਿਜ ਜਾਣਾ ਚਾਹੁੰਦੀ ਸੀ, ਪਰ ਕੁੜੀ ਹੋਣ ਕਾਰਨ ਉਸ ਦੀ ਮਾਂ ਉਸ ਨੂੰ ਭੇਜਣ ਲਈ ਰਾਜ਼ੀ ਨਾ ਹੋਈ। ਇਸ ਦਾ ਰੰਜ ਅਤੀਆ ਨੂੰ ਹਮੇਸ਼ਾ ਰਿਹਾ। ਸ਼ਾਇਦ ਇਸੇ ਕਾਰਨ ਮਾਂ ਦੀ ਮਰਜ਼ੀ ਤੋਂ ਉਲਟ ਬਾਗ਼ੀ ਹੋ ਕੇ ਉਸ ਨੇ ਆਪਣੇ ਕਲਿਫਟਨ ਤੇ ਕੈਂਬਰਿਜ ਤੋਂ ਪੜ੍ਹੇ ਕਜ਼ਨ ਅਲੀ ਬਹਾਦਰ ਹਬੀਬੁਲਾਹ ਨਾਲ ਨਿਕਾਹ ਕਰਵਾਇਆ। ਨਾਵਲ ਵਿਚਲੀ ਯਤੀਮ ਲੈਲਾ ਸੁਪਨਮਈ, ਰੁਮਾਨੀ ਆਸ਼ਕ ਅਮੀਰ ਨਾਲ ਨਿਕਾਹ ਕਰਵਾਉਂਦੀ ਹੈ ਜੋ ਜਿਵੇਂ ਉਸ ਦੀ ਜ਼ਿੰਦਗੀ ਵਿਚ ਅਚਾਨਕ ਆਉਂਦਾ ਹੈ, ਉਸੇ ਤਰ੍ਹਾਂ ਦੂਜੀ ਆਲਮੀ ਜੰਗ ਦੌਰਾਨ ਮਾਰਿਆ ਜਾਂਦਾ ਹੈ। ਲੈਲਾ, ਅਮੀਰ, ਕਮਾਲ, ਸਲੀਮ, ਅਸਦ, ਜ਼ਾਹਿਦ, ਰਜ਼ਾ ਅਲੀ ਸਭ ਵਿਰੋਧਾਭਾਸੀ ਪ੍ਰਭਾਵਾਂ ਵਿਚ ਪਿਸੇ ਹੋਏ ਹਨ। ਪੱਛਮੀ ਵਿਚਾਰਾਂ ਕਾਰਨ ਉਹ ਆਜ਼ਾਦੀ ਮਾਣਨਾ ਚਾਹੁੰਦੇ ਹਨ, ਪਰ ਉਨ੍ਹਾਂ ਦੇ ਇਲਮ ਅਤੇ ਸਹੂਲਤਾਂ ਲਈ ਸਾਰਾ ਸਰਮਾਇਆ ਸਨਾਤਨੀ ਤੁਅੱਲੁਕਦਾਰੀ ਸਿਸਟਮ ਵਿਚੋਂ ਹੀ ਆ ਰਿਹਾ ਹੈ। ਜਿਸ ਸਿਸਟਮ ਦਾ ਸਰਮਾਇਆ ਉਨ੍ਹਾਂ ਨੂੰ ਆਜ਼ਾਦੀ ਦੇ ਅਰਥ ਸਮਝਣ ਦੇ ਯੋਗ ਬਣਾਉਂਦਾ ਹੈ, ਉਹੀ ਸਿਸਟਮ ਉਨ੍ਹਾਂ ਦੇ ਦਮਨ ਨੂੰ ਨਿਰੰਤਰ ਬਣਾਈ ਵੀ ਰੱਖਣਾ ਚਾਹੁੰਦਾ ਹੈ। ਨਤੀਜਾ ਇਨ੍ਹਾਂ ਪਾਤਰਾਂ ਦੇ ਨਿੱਕੇ-ਵੱਡੇ ਵਿਦਰੋਹਾਂ ਵਿਚ ਨਿਕਲਦਾ ਹੈ। ਇਹ ਵਿਦਰੋਹ ਪੁਰਾਣੀ ਵਿਵਸਥਾ ਦੇ ਜਰਜਰ ਹੋਣ ਦੀ ਨਿਸ਼ਾਨੀ ਵੀ ਹਨ।
ਨਾਵਲ ਦੇ ਬਿਰਤਾਂਤ ਦਾ ਮੁੱਖ ਕਾਲ-ਖੰਡ 1937 ਦੇ ਆਰ-ਪਾਰ ਦਾ ਹੈ, ਜਦੋਂ ਮੁਲਕ ਵੱਡੀਆਂ ਤਬਦੀਲੀਆਂ ਅਤੇ ਹਲਚਲਾਂ ਲਈ ਤਿਆਰ ਹੋ ਰਿਹਾ ਸੀ। ਨਾਵਲੀ ਬਿਰਤਾਂਤ ਅਨੁਸਾਰ ਮੁਲਕ ਅੰਦਰ ਇਕ ਤਰ੍ਹਾਂ ਦਾ ਇਨਕਲਾਬ ਹੋਣ ਵਾਲਾ ਸੀ ਕਿਉਂਕਿ ਨਵੇਂ ‘ਗਵਰਮੈਂਟ ਔਫ ਇੰਡੀਆ ਐਕਟ’ ਅਨੁਸਾਰ ਪਹਿਲੀ ਵਾਰ ਹੋ ਰਹੀਆਂ ਚੋਣਾਂ ਪਿੱਛੋਂ ਸੱਤਾ ਪਤਵੰਤੇ ਜਾਗੀਰਦਾਰਾਂ ਹੱਥੋਂ ਨਿਕਲ ਕੇ ‘ਆਮ ਲੋਕਾਂ’, ਭਾਵ ਬੁਰਜੁਆਜ਼ੀ ਹੱਥ ਆ ਜਾਣੀ ਸੀ। ਇਸੇ ਲਈ ਮੁਲਕ ਅੰਦਰ ਤਣਾਅ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਸਭ ਤਰ੍ਹਾਂ ਦੀਆਂ ਸ਼ਕਤੀਆਂ ਮੈਦਾਨ ਵਿਚ ਆ ਜਾਂਦੀਆਂ ਹਨ। ਪਤਵੰਤੇ ਤੁਅੱਲੁਕਦਾਰ, ਕਾਂਗਰਸੀ, ਮੁਸਲਿਮ ਲੀਗੀ ਆਦਿ। ‘‘ਹੁਣ ਕੋਈ ਗੱਲ ਕਰਦਾ ਨਹੀਂ ਸੀ ਜਾਪਦਾ; ਹਰ ਕੋਈ ਬਹਿਸਦਾ ਸੀ, ਤੇ ਇਹ ਬਹਿਸ ਸਾਡੇ ਸ਼ਹਿਰ ਦੀ ਉਸ ਸ਼ਾਨਦਾਰ ਪਰੰਪਰਾ ਵਾਂਗ ਨਹੀਂ ਸੀ ਜਿਸ ਵਿਚ ਗੱਲਬਾਤ ਦੇ ਸਲੀਕੇ ਨੂੰ ਸੂਖ਼ਮ ਕਲਾ ਵਾਂਗ ਸਮਝਿਆ ਜਾਂਦਾ ਸੀ, ਸ਼ਬਦਾਂ ਨੂੰ ਕਲਾਤਮਕ ਪ੍ਰਗਟਾਵੇ ਦੇ ਮਾਧਿਅਮ ਵਜੋਂ ਪਿਆਰਿਆ ਜਾਂਦਾ ਸੀ।’’
ਲੈਲਾ ਦਾ ਖੌਫ਼ਜ਼ਦਾ ਤੁਅੱਲੁਕਦਾਰ ਚਾਚਾ ਹਮੀਦ ਗਰਜਦਾ ਹੈ, ‘‘ਇਹ ਸਾਡੀ ਹੋਂਦ ਦਾ ਸਵਾਲ ਹੈ।’’ ਉਹ ਬੁਰਜੁਆ ਕਾਂਗਰਸੀ ਲੀਡਰਾਂ ਬਾਰੇ ਸਵਾਲ ਉਠਾਉਂਦਾ ਹੈ, ‘‘ਕੌਣ ਨੇ ਇਹ ਲੀਡਰ, ਅਸਲ ਵਿਚ? ਉਹ ਲੋਕ ਜਿਨ੍ਹਾਂ ਕੋਲ ਗੁਆਉਣ ਲਈ ਕੁਝ ਨਹੀਂ, ਪਰ ਹਾਸਲ ਕਰਨ ਲਈ ਬਹੁਤ ਕੁਝ ਹੈ।’’
ਵੰਡ ਪਿੱਛੋਂ ਪਾਕਿਸਤਾਨ ਚਲੇ ਜਾਣ ਵਾਲਾ ਲੈਲਾ ਦਾ ਕਜ਼ਨ ਸਲੀਮ ਆਖਦਾ ਹੈ, ‘‘ਕਾਂਗਰਸ ਅੰਦਰ ਮਜ਼ਬੂਤ ਮੁਸਲਿਮ ਵਿਰੋਧੀ ਤੱਤ ਹੈ ਜਿਸ ਵਿਰੁੱਧ ਮੁਸਲਮਾਨਾਂ ਨੂੰ ਜਥੇਬੰਦ ਹੋਣਾ ਹੀ ਪਵੇਗਾ। ਖ਼ਤਰਾ ਬਹੁਤ ਵੱਡਾ ਹੈ ਕਿਉਂਕਿ ਇਹ ਲੁਕਿਆ ਹੋਇਆ ਹੈ। ਜਦੋਂ ਸਵਾਲ ਸਿਰਫ਼ ਬਰਤਾਨੀਆ ਖ਼ਿਲਾਫ਼ ਲੜਨ ਦਾ ਸੀ, ਅਗਾਂਹਵਧੂ ਤਾਕਤਾਂ ਦਾ ਹੱਥ ਉੱਪਰ ਸੀ; ਪਰ ਹੁਣ ਜਦੋਂ ਸੱਤਾ ਹਾਸਲ ਕੀਤੀ ਜਾਣੀ ਹੈ, ਹੁਣ ਲੁਕੇ ਹੋਏ ਪ੍ਰਤੀਕਿਰਿਆਵਾਦੀ ਤੱਤ ਉੱਠ ਪੈਣਗੇ। ਮੁਸਲਮਾਨਾਂ ਨੂੰ ਉਨ੍ਹਾਂ ਵਿਰੁੱਧ ਇਕ ਹੋਣਾ ਪਵੇਗਾ।’’
ਉਹ ਅੱਗੇ ਆਖਦਾ ਹੈ, ‘‘ਹਿੰਦੂਆਂ ਦੀ ਬਹੁਗਿਣਤੀ ਨਾ ਤਾਂ ਇਹ ਗੱਲ ਭੁੱਲੀ ਹੈ ਤੇ ਨਾ ਹੀ ਉਨ੍ਹਾਂ ਇਸ ਲਈ ਮੁਸਲਮਾਨਾਂ ਨੂੰ ਮੁਆਫ਼ ਕੀਤਾ ਹੈ ਕਿ ਉਨ੍ਹਾਂ ਨੇ ਸੈਂਕੜੇ ਸਾਲ ਹਿੰਦੂਆਂ ਉੱਤੇ ਹਕੂਮਤ ਕੀਤੀ ਹੈ। ਹੁਣ ਉਹ ਜਮਹੂਰੀ ਢੰਗ ਨਾਲ ਬਦਲਾ ਲੈ ਸਕਦੇ ਹਨ। ਅੰਗਰੇਜ਼ਾਂ ਨੇ ਸਿਰਫ਼ ਦੋ ਸੌ ਸਾਲ ਰਾਜ ਕੀਤਾ ਹੈ, ਤੇ ਦੇਖੋ ਉਨ੍ਹਾਂ ਨੂੰ ਕਿਵੇਂ ਨਫ਼ਰਤ ਕੀਤੀ ਜਾ ਰਹੀ ਹੈ।’’
ਅਤੀਆ ਦੀ ਨਾਵਲੀ ਨੁਮਾਇੰਦਾ ਲੈਲਾ ਤੇ ਕਜ਼ਨ ਕਮਾਲ ਸਾਰੀਆਂ ਬਹਿਸਾਂ ਨੂੰ ਤਾਰਕਿਕ ਰੰਗ ਦਿੰਦੇ ਹਨ। ਆਜ਼ਾਦੀ ਪਿੱਛੋਂ ਭਾਰਤ ਅੰਦਰ ਰਹਿ ਕੇ ਸ਼ੱਕ, ਬੇਵਿਸਾਹੀ ਅਤੇ ਏਥੋਂ ਤਕ ਕਿ ਨਫ਼ਰਤ ਦਾ ਸਾਹਮਣਾ ਕਰਨ ਦੇ ਜੋਖ਼ਮ ਬਾਰੇ ਕਮਾਲ ਦਾ ਜਵਾਬ ਹੈ, ‘‘ਸ਼ਾਇਦ ਮੈਂ ਪਹਿਲਾਂ ਹੀ ਇਸਦਾ ਸਾਹਮਣਾ ਕਰ ਚੁੱਕਾ ਹਾਂ। ਸ਼ਾਇਦ ਮੈਨੂੰ ਤੇਰੇ ਨਾਲੋਂ ਜ਼ਿਆਦਾ ਪਤਾ ਹੈ ਕਿ ਮੈਂ ਕਿਸ ਚੀਜ਼ ਦਾ ਸਾਹਮਣਾ ਕੀਤਾ ਹੈ ਅਤੇ ਕਿਸ ਦਾ ਸਾਹਮਣਾ ਕਰਨਾ ਪੈਣਾ ਹੈ। ਪਰ ਮੈਨੂੰ ਆਪਣੇ ਵਤਨ ਵਿਚ ਵਿਸ਼ਵਾਸ ਹੈ। ਆਪਣੇ ਵਿਸ਼ਵਾਸਾਂ ਲਈ ਮੈਨੂੰ ਲੜਨਾ ਹੀ ਪਵੇਗਾ।’’ ਕਮਾਲ ਦੇ ਇਹ ਸ਼ਬਦ ਉਸ ਦੀਆਂ ਅਗਲੀਆਂ ਪੀੜ੍ਹੀਆਂ ਦਾ ਵੀ ਓਨਾ ਹੀ ਸੱਚ ਬਣਦਾ ਦਿਖਾਈ ਦਿੰਦਾ ਹੈ, ਜਦੋਂ ਪਿਛਲੇ ਕੁਝ ਵਰ੍ਹਿਆਂ ਤੋਂ ਇਕ ਵਾਰ ਫਿਰ ਵੰਡ ਵੇਲੇ ਦੀ ਸਮੂਹਿਕ ਸੰਵੇਦਨਾ ਪ੍ਰਗਟਾਉਂਦੇ ਪ੍ਰਵਚਨ ਉੱਭਰਦੇ ਸੁਣਾਈ ਦੇ ਰਹੇ ਹਨ। ਅਤੀਆ ਖ਼ੁਦ ਖੁੱਲ੍ਹੇ ਤੇ ਖੱਬੇ-ਪੱਖੀ ਵਿਚਾਰਾਂ ਦੀ ਧਾਰਨੀ ਸੀ। ਉਸ ਦਾ ਤੁਅੱਲੁਕਦਾਰ ਪਿਤਾ ਪੰਡਿਤ ਮੋਤੀ ਲਾਲ ਨਹਿਰੂ ਦਾ ਮਿੱਤਰ ਸੀ। ਪੰਡਿਤ ਜਵਾਹਰ ਲਾਲ ਨਹਿਰੂ ਨੂੰ ਉਹ ਆਪਣਾ ਹੀਰੋ ਮੰਨਦੀ ਸੀ। ਸਰੋਜਨੀ ਨਾਇਡੂ ਦੇ ਆਖਣ ’ਤੇ ਉਹ 1933 ਨੂੰ ਕਲਕੱਤੇ ਵਿਚ ਹੋਈ ਆਲ ਇੰਡੀਆ ਵਿਮੈੱਨ’ਜ਼ ਕਾਨਫਰੰਸ ਵਿਚ ਸ਼ਾਮਿਲ ਹੋਈ ਸੀ। 1937 ਵਿਚ ਸਰਬ-ਭਾਰਤੀ ਪ੍ਰਗਤੀਸ਼ੀਲ ਲੇਖਕ ਸੰਘ ਦੇ ਗਠਨ ਲਈ ਮੁਨਸ਼ੀ ਪ੍ਰੇਮ ਚੰਦ ਦੀ ਪ੍ਰਧਾਨਗੀ ਵਿਚ ਲਖਨਊ ਵਿਚ ਹੋਈ ਕਾਨਫਰੰਸ ਵਿਚ ਵੀ ਉਹ ਹਾਜ਼ਰ ਸੀ। ਬੇਸ਼ੱਕ ਉਹ ਜਥੇਬੰਦੀ ਵਿਚ ਵਧੇਰੇ ਸਰਗਰਮ ਨਹੀਂ ਹੋਈ, ਪਰ ਪ੍ਰਗਤੀਸ਼ੀਲ ਆਦਰਸ਼ਾਂ ਨਾਲ ਹਮੇਸ਼ਾਂ ਜੁੜੀ ਰਹੀ।
ਉਸ ਦੀ ਨਾਇਕਾ ਲੈਲਾ ਨਿਕਾਹ ਪਿੱਛੋਂ ਇਕ ਰਮਣੀਕ ਪਹਾੜੀ ਨਗਰ ਵਿਚ ਆਪਣਾ ਘਰ ਬਣਾਉਂਦੀ ਹੈ। ਇਹ ਰਵਾਇਤੀ ਤਹਿਜ਼ੀਬ ਨੂੰ ਨਾਕਾਰਨਾ ਸੀ। ਉਹ ਪਾਕਿਸਤਾਨ ਨਹੀਂ ਜਾਂਦੀ। ਇਸ ਤਰ੍ਹਾਂ ਕਰਕੇ ਉਹ ਮਜ਼ਹਬ ਆਧਾਰਿਤ ਮੁਲਕ ਦੇ ਵਿਚਾਰ ਨੂੰ ਰੱਦ ਕਰਦੀ ਹੈ। ਦੰਗਾਕਾਰੀਆਂ ਤੋਂ ਉਸ ਦੀ ਜਾਨ ਹਿੰਦੂ ਦੋਸਤ ਸੀਤਾ ਅਤੇ ਰਣਜੀਤ ਬਚਾਉਂਦੇ ਹਨ। ਇਸ ਤਰ੍ਹਾਂ ਉਹ ਇਸ ਮੁਲਕ ਦੇ ਧਰਮ ਨਿਰਪੇਖ ਆਦਰਸ਼ ਵਿਚ ਵਿਸ਼ਵਾਸ ਨੂੰ ਫਿਰ ਦੁਹਰਾਉਂਦੀ ਹੈ। ਅਖੀਰ ਵਿਚ ਉਸ ਦੁਆਰਾ ਆਪਣੇ ਕਾਂਗਰਸੀ ਆਦਰਸ਼ਾਂ ਵਾਲੇ ਕਜ਼ਨ ਅਸਦ ਨੂੰ ਸਵੀਕਾਰਨ ਬਾਰੇ ਸੰਕੇਤ ਹੈ।
ਅਤੀਆ ਹੁਸੈਨ ਤੇ ਉਸ ਦਾ ਖਾਵੰਦ ਵੰਡ ਵੇਲੇ ਬਰਤਾਨੀਆ ਵਿਚ ਸਨ। ਉਨ੍ਹਾਂ ਬਰਤਾਨੀਆ ਵਿਚ ਹੀ ਵਸਣ ਦਾ ਫ਼ੈਸਲਾ ਕੀਤਾ। ਆਪਣੀਆਂ ਜੜ੍ਹਾਂ ਵਾਲੇ ਮੁਲਕ ਵਜੋਂ ਉਹ ਹਮੇਸ਼ਾਂ ਭਾਰਤ ਨੂੰ ਹੀ ਦੇਖਦੀ ਰਹੀ। ਉਹ ਬੀ.ਬੀ.ਸੀ. ਉੱਤੇ ਬਰਾਡਕਾਸਟਰ ਰਹੀ। ਬੀ.ਬੀ.ਸੀ. ਨੇ ਉਰਦੂ ਪ੍ਰਸਾਰਨ ਸੇਵਾ ਸਿਰਫ਼ ਪਾਕਿਸਤਾਨ ਵਿਚ ਕਰਨ ਦਾ ਫ਼ੈਸਲਾ ਕੀਤਾ ਤਾਂ ਉਸ ਨੇ ਨੌਕਰੀ ਛੱਡ ਦਿੱਤੀ।
ਅਤੀਆ ਹੁਸੈਨ ਨੇ ਲਿਖਿਆ ਹੈ ਕਿ ਉਹ ਇਸ ਨਾਵਲ ਰਾਹੀਂ 1947 ਦੀ ਵੰਡ ਕਾਰਨ ਬਿਖਰ ਗਏ ਆਪਣੇ ਪਰਿਵਾਰ ਦੇ ਦਰਦ ਬਾਰੇ ਲਿਖਣਾ ਚਾਹੁੰਦੀ ਸੀ। ਪਰ ਜਿਵੇਂ ਸੱਚੀ ਸਿਰਜਣਕਾਰੀ ਸਮੇਂ ਹੁੰਦਾ ਹੈ, ਵੰਡ ਸਮੇਂ ਦੇ ਦੁਖਾਂਤ ਅਤੇ ਮਾਨਵੀ ਹੋਣੀ ਨਾਲ ਜੁੜੇ ਹੋਰ ਕਿੰਨੇ ਪਹਿਲੂ ਇਸ ਬਿਰਤਾਂਤ ਦਾ ਹਿੱਸਾ ਬਣ ਗਏ। ਨਾਵਲ ‘ਟੁੱਟੇ ਥੰਮ੍ਹਾਂ’ ਨੂੰ ਸਮਝਣ ਲਈ ਦਸਤਾਵੇਜ਼ ਬਣ ਗਿਆ। ਜਾਗੀਰਦਾਰੀ ਸਿਸਟਮ ਨਾਲ ਜੁੜੀਆਂ ਕਿੰਨੀਆਂ ਬਾਰੀਕੀਆਂ ਇਸ ਦੇ ਬਿਰਤਾਂਤ ਦਾ ਹਿੱਸਾ ਬਣ ਗਈਆਂ। ਨਾਵਲ ਰਾਸ਼ਟਰ ਤੇ ਰਾਸ਼ਟਰਵਾਦ ਨਾਲ ਜੁੜੀਆਂ ਧੁੱਪਾਂ-ਛਾਵਾਂ ਦੇ ਚਿਤਰਣ ਲਈ ਕੈਨਵਸ ਬਣ ਗਿਆ। ਨਾਵਲ ਵਿਚ ਲੈਲਾ ਵਾਚਦੀ ਹੈ: ‘‘ਕਈ ਵਾਰ ਇੰਝ ਲੱਗਦਾ ਸੀ ਕਿ ਨਵ-ਭਾਰਤੀ ਆਪਣੇ ਰਾਸ਼ਟਰਵਾਦ ਨੂੰ ਮੁਖੌਟੇ ਵਾਂਗ ਪਹਿਨਦੇ ਸਨ ਅਤੇ ਉਨ੍ਹਾਂ ਦੀ ਭਾਰਤੀਅਤਾ ਫੈਂਸੀ ਡਰੈੱਸ ਵਾਂਗ ਸੀ।’’
21ਵੀਂ ਸਦੀ ਦੇ ਭਾਰਤ ਅੰਦਰ ਅਜਿਹੇ ਫੈਂਸੀ ਡਰੈੱਸ ਰਾਸ਼ਟਰਵਾਦ ਦੇ ਦੌਰ ਤੋਂ ਪਹਿਲਾਂ ਹੀ 1998 ਵਿਚ ਅਤੀਆ ਹੁਸੈਨ ਫ਼ੌਤ ਹੋ ਗਈ। ਨਾਵਲ ਸਮੇਤ ਉਸ ਦੀਆਂ ਥੋੜ੍ਹੀਆਂ ਜਿਹੀਆਂ ਲਿਖਤਾਂ ਅਜੋਕੇ ਦੌਰ ਨੂੰ ਸਾਡੇ ਅਤੀਤ ਨਾਲ ਅਤੇ ਅਤੀਤ ਨੂੰ ਸਾਡੇ ਦੌਰ ਨਾਲ ਜੋੜਦੀਆਂ ਹਨ। ਇਸੇ ਲਈ ਅਤੀਆ ਹੁਸੈਨ ਨੂੰ ਪੜ੍ਹਨਾ ਅਤੇ ਸਮਝਣਾ ਜ਼ਰੂਰੀ ਹੈ।
ਸੰਪਰਕ: 98550-36890


Comments Off on ਮੁਖੌਟੇ ਪਿਛਲਾ ਚਿਹਰਾ ਬੇਪਰਦ ਕਰਦੀ ਅਤੀਆ ਹੁਸੈਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.