ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਮੁਆਫ਼ੀ ਅਹਿਸਾਸ ਜਾਂ ਸੰਕਲਪ

Posted On September - 21 - 2019

ਡਾ. ਮਨੀਸ਼ਾ ਬੱਤਰਾ

ਅਸੀਂ ਸਾਰੇ ਦਿਨ ਵਿਚ ਇਕ-ਅੱਧ ਜਾਂ ਕਈ ਵਾਰੀ ਉਸ ਤੋਂ ਵੀ ਵੱਧ ਵਾਰ ਕੁਝ ਖ਼ਾਸ ਸ਼ਬਦਾਂ ਦੀ ਵਰਤੋਂ ਕਰਦੇ ਰਹਿੰਦੇ ਹਾਂ| ਕਈ ਵਾਰ ਤਾਂ ਅਜਿਹਾ ਵੀ ਹੁੰਦਾ ਹੈ ਕਿ ਸ਼ਬਦ ਨੂੰ ਸਮਝਣ ਅਤੇ ਕਹਿਣ ਵਿਚ ਕਈ ਵਰ੍ਹੇ ਬੀਤ ਜਾਂਦੇ ਹਨ| ਬਹੁਤੀ ਵਾਰ ਉਸ ਸ਼ਬਦ ਦਾ ਤੁਰੰਤ ਅਹਿਸਾਸ ਜ਼ਿੰਦਗੀ ਵਿਚ ਖ਼ੁਸ਼ੀਆਂ ਲੈ ਆਉਂਦਾ ਹੈ ਅਤੇ ਕਦੇ ਕਦੇ ਉਸ ਸ਼ਬਦ ਦੇ ਅਹਿਸਾਸ ਨੂੰ ਕਬੂਲ ਕਰਨ ਅਤੇ ਬੋਲਣ ਵਿਚ ਇਕ ਉਮਰ ਵੀ ਘੱਟ ਪੈ ਜਾਂਦੀ ਹੈ| ਉਂਜ ਤਾਂ ਸਾਡੀ ਜ਼ਿੰਦਗੀ ਵਿਚ ਹਰ ਸ਼ਬਦ ਦਾ ਆਪਣਾ ਇਕ ਭਾਵ, ਅਰਥ ਅਤੇ ਅਹਿਸਾਸ ਹੁੰਦਾ ਹੈ, ਪਰ ਇਹ ਸ਼ਬਦ ਸਾਡੇ ਸਾਰਿਆਂ ਦੀ ਜ਼ਿੰਦਗੀ ਦੇ ਅਰਥਾਂ ਨੂੰ ਬਦਲਣ ਦੀ ਸਮਰੱਥਾ ਰੱਖਦਾ ਹੈ|
ਜੇਕਰ ਕਿਹਾ ਜਾਵੇ ਕਿ ਉਸ ਸ਼ਬਦ ਬਾਰੇ ਸੋਚੋ ਜੋ ਅਸਲ ਵਿਚ ਮਾਤਰ ਕੁਝ ਧੁਨੀਆਂ ਨਾਲ ਸਜਿਆ ਹੋਇਆ ਹੈ, ਪਰ ਇਹ ਇਕ ਸ਼ਬਦ ਜ਼ਿੰਦਗੀ ਦੇ ਅਹਿਸਾਸਾਂ ਨੂੰ ਬਦਲ ਕੇ ਤਾਜ਼ਗੀ ਪ੍ਰਦਾਨ ਕਰ ਸਕਦਾ ਹੈ| ਅਸਲ ਵਿਚ ਇਹ ਸ਼ਬਦ ਮੁਆਫ਼ੀ, ਖ਼ਿਮਾ ਜਾਂ ‘ਸੌਰੀ’ ਕਹਿਣਾ ਹੈ| ਜੇਕਰ ਧਿਆਨ ਨਾਲ ਸੋਚਿਆ ਜਾਵੇ ਤਾਂ ਇਹ ‘ਸ਼ਬਦ’ ਸਿਰਫ਼ ‘ਸ਼ਬਦ’ ਨਹੀਂ ਬਲਕਿ ਇਕ ਸੰਵੇਦਨਾ, ਭਾਵ ਅਤੇ ਅਹਿਸਾਸ ਹੈ ਜੋ ਕਿਸੇ ਇਕ ਮਨ ਤੋਂ ਦੂਜੇ ਮਨ ਤਕ ਪਹੁੰਚ ਕਰਦਾ ਹੈ| ਦੂਜੇ ਸ਼ਬਦਾਂ ਵਿਚ ਇਹ ਵੀ ਕਿਹਾ ਜਾ ਸਕਦਾ ਹੈ ਕਿ ਇਹ ਇਕ ਤਰ੍ਹਾਂ ਦਾ ਸੰਕਲਪ ਹੈ ਜੋ ਵਿਅਕਤੀ ਜੀਵਨ ਵਿਚ ਤਬਦੀਲੀ ਲਿਆਉਣ ਦੇ ਨਾਲ-ਨਾਲ ਸ਼ਖ਼ਸੀਅਤ ਨਿਰਮਾਣ ਵਿਚ ਸਹਾਇਕ ਹੁੰਦਾ ਹੈ| ਮੁਆਫ਼ੀ ਮੰਗਣ ਨਾਲ ਵਿਅਕਤੀ ਅੰਦਰ ਨੈਤਿਕ ਮੁੱਲਾਂ ਦਾ ਵਿਕਾਸ ਸੰਭਵ ਹੁੰਦਾ ਹੈ| ਉਦਾਹਰਨ ਦੇ ਤੌਰ ’ਤੇ ਜਿਵੇਂ ਪਿਆਰ ਦਾ ਇਜ਼ਹਾਰ ਕਰਨ ਲਈ ਕੁਝ ਖ਼ਾਸ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ, ਉਸ ਤਰ੍ਹਾਂ ਹੀ ਇਹ ਸ਼ਬਦ ‘ਮੁਆਫ਼ੀ’ ਵੀ ਮਨੁੱਖੀ ਭਾਵਾਂ ਦੇ ਪ੍ਰਗਟਾਅ ਨੂੰ ਵੱਖਰੇ ਢੰਗ ਨਾਲ ਬਿਆਨ ਕਰਦਾ ਹੈ| ਇਹ ਸ਼ਬਦ ਦਿਮਾਗ਼ ਤੋਂ ਦਿਲ ਤਕ ਦਾ ਸਫ਼ਰ ਤੈਅ ਕਰਦਾ ਕਰਦਾ ਰੂਹ ਨੂੰ ਸਕੂਨ ਪ੍ਰਦਾਨ ਕਰਦਾ ਹੈ|
ਮੁਆਫ਼ੀ ਦੀ ਖ਼ਾਸ ਗੱਲ ਇਹ ਹੈ ਕਿ ਇਸ ਨੂੰ ਮੰਗਣ ਵਾਲਾ ਵਿਅਕਤੀ ਤਾਂ ਮਹਾਨ ਲੋਕਾਂ ਦੀ ਸ਼੍ਰੇਣੀ ਵਿਚ ਆਉਂਦਾ ਹੀ ਹੈ, ਬਲਕਿ ਮੁਆਫ਼ੀ ਦੇਣ ਵਾਲੇ ਵਿਅਕਤੀ ਨੂੰ ਕਈ ਵਾਰੀ ਰੱਬ ਵਰਗਾ ਦਰਜਾ ਦੇ ਦਿੱਤਾ ਜਾਂਦਾ ਹੈ| ਮੁਆਫ਼ੀ ਜਾਂ ਖ਼ਿਮਾ ਅਜਿਹਾ ਅੰਦਰੂਨੀ ਅਹਿਸਾਸ ਹੈ ਜਿਸ ਨੂੰ ਪ੍ਰਾਪਤ ਕਰਨ ਲਈ ਕਿਸੇ ਵੀ ਪ੍ਰਕਾਰ ਦੇ ਤਪ, ਜਪ ਜਾਂ ਸਰੀਰਿਕ ਪੀੜਾਂ ਤੋਂ ਗੁਜ਼ਰਨਾ ਨਹੀਂ ਪੈਂਦਾ, ਸਗੋਂ ਇਹ ਤਾਂ ਦਿਲੋਂ ਨਿਕਲਿਆ ਅਜਿਹਾ ਅਹਿਸਾਸ ਜਾਂ ਭਾਵ ਹੈ ਜਿਸ ਅੰਦਰ ਵੱਡੀਆਂ-ਵੱਡੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਤਾਕਤ ਹੈ| ਇਹ ਸ਼ਕਤੀ ਸਾਕਾਰਾਤਮਕ ਵਿਹਾਰ ਨੂੰ ਵਧਾਉਂਦੀ ਹੈ|
ਅਸੀਂ ਆਮ ਤੌਰ ’ਤੇ ਪਿਆਰ ਨੂੰ ਕਈ ਰੰਗਾਂ ਨਾਲ ਪ੍ਰਭਾਸ਼ਿਤ ਕਰਦੇ ਹਾਂ। ਜੇਕਰ ਇਸ ਪੱਖੋਂ ਵਿਚਾਰਿਆ ਜਾਵੇ ਤਾਂ ਮੁਆਫ਼ੀ ਦਾ ਰੰਗ ਜ਼ਰੂਰ ਪਾਣੀ ਵਰਗਾ ਨਿਰਛਲ ਅਤੇ ਨਿਰਮਲ ਹੋਣਾ ਹੈ ਕਿਉਂਕਿ ਇਹ ਰੰਗ ਤਾਂ ਉਸ ਨੂੰ ਬੋਲਣ ਵਾਲੇ ਦੇ ਅੰਦੂਰਨੀ ਅਹਿਸਾਸਾਂ ’ਤੇ ਨਿਰਭਰ ਕਰਦਾ ਹੈ| ਜਿਵੇਂ ਕਿ ਜੇਕਰ ਮੁਆਫ਼ੀ ਸ਼ਬਦ ਦਾ ਪ੍ਰਯੋਗ ਸਮੇਂ ਸਿਰ ਕਰ ਲਿਆ ਜਾਵੇ ਤਾਂ ਇਸ ਦੇ ਅਰਥ ਹਨ ਅਤੇ ਜੇਕਰ ਇਸ ਨੂੰ ਮੰਗਣ ਵਿਚ ਦੇਰ ਕਰ ਦਿੱਤੀ ਜਾਵੇ ਤਾਂ ਕਈ ਵਾਰੀ ਇਹ ਬੇਅਰਥ ਹੋ ਜਾਂਦਾ ਹੈ| ਇਸ ਬਾਰੇ ਇਕ ਖ਼ਾਸ ਗੱਲ ਧਿਆਨ ਦੀ ਮੰਗ ਕਰਦੀ ਹੈ ਕਿ ਮਾਫ਼ੀ ਨੂੰ ਬੋਲਣ ਜਾਂ ਸਵੀਕਾਰਨ ਵਾਲੇ ਦੀ ਕੋਈ ਉਮਰ, ਸ਼੍ਰੇਣੀ, ਦੌਰ, ਦਰਜਾ ਜਾਂ ਧਰਮ ਨਹੀਂ ਹੁੰਦਾ, ਬਲਕਿ ਇਸ ਨੂੰ ਬੋਲਣ ਵਾਲੇ ਦਾ ਅਹਿਸਾਸ ਜਨਮਾਂ ਤਕ ਵਿਅਕਤੀਗਤ ਮਨ ’ਤੇ ਡੂੰਘਾ ਪ੍ਰਭਾਵ ਛੱਡ ਜਾਂਦਾ ਹੈ| ਗੁਰੂਆਂ, ਪੀਰਾਂ ਪੈਗੰਬਰਾਂ ਨੇ ਵੀ ਕਿਹਾ ਹੈ ਕਿ ਜੋ ਵਿਅਕਤੀ ਆਪਣੇ ਕੀਤੇ-ਅਣਕੀਤੇ ਕਰਮਾਂ ਨੂੰ ਸਵੀਕਾਰਦਾ ਮੁਆਫ਼ੀ ਮੰਗਦਾ ਜਾਂ ਆਪਣੀ ਗ਼ਲਤੀ ਦਾ ਅਹਿਸਾਸ ਪ੍ਰਗਟਾਉਂਦਾ ਹੈ ਤਾਂ ਉਸ ’ਤੇ ਰੱਬ ਆਪ ਆਪਣੀ ਮਿਹਰ ਭਰਿਆ ਹੱਥ ਰੱਖਦਾ ਹੈ|

ਡਾ. ਮਨੀਸ਼ਾ ਬੱਤਰਾ

ਮੁਆਫ਼ੀ ਨੂੰ ਹੱਲ ਦਾ ਪ੍ਰਤੀਉੱਤਰ ਵੀ ਕਿਹਾ ਜਾ ਸਕਦਾ ਹੈ, ਕਿਸੇ ਵੀ ਵੱਡੀ ਤੋਂ ਵੱਡੀ ਸਮੱਸਿਆ ਜਾਂ ਲੜਾਈ ਦਾ ਜਦੋਂ ਹੱਲ ਨਾ ਲੱਭ ਰਿਹਾ ਹੋਵੇ ਤਾਂ ਉਸ ਸਮੇਂ ਇਹ ਇਕ ਸ਼ਬਦ ਕਈ ਸਮੱਸਿਆਵਾਂ ਦਾ ਇਕ ਮਾਤਰ ਹੱਲ ਬਣ ਜਾਂਦਾ ਹੈ| ਮੁਆਫ਼ੀ ਦਾ ਪ੍ਰਗਟਾਵਾ ਕਰਨ ਲਈ ਕੋਈ ਵੀ ਰਾਹ ਭਾਵੇਂ ਮੌਖਿਕ ਜਾਂ ਲਿਖਤ ਹੋਏ ਜਾਇਜ਼ ਹੋ ਸਕਦਾ ਹੈ| ਇਸਨੂੰ ਬਿਆਨ ਕਰਨ ਦਾ ਢੰਗ ਕੁਝ ਵੀ ਹੋਵੇ, ਬਸ ਇਸ ਨੂੰ ਬੋਲਣ ਵਾਲੇ ਦੇ ਭਾਵ ਸ਼ੁੱਧ ਹੋਣੇ ਚਾਹੀਦੇ ਹਨ| ਜੇਕਰ ਮੁਆਫ਼ੀ ਮੰਗਣ ਵਾਲਾ ਮੁਆਫ਼ੀ ਪ੍ਰਾਪਤ ਕਰਨ ਤੋਂ ਬਾਅਦ ਸ਼ੁਕਰੀਆ ਜਾਂ ਧੰਨਵਾਦ ਕਰਦਾ ਹੈ ਤਾਂ ਮੁਆਫ਼ੀ ਦੇ ਮਾਅਨੇ ਹੋਰ ਜ਼ਿਆਦਾ ਵੱਧ ਜਾਂਦੇ ਹਨ|
ਇਹ ਵੀ ਜ਼ਿਕਰਯੋਗ ਹੈ ਕਿ ਜਿੱਥੇ ਇਹ ਸ਼ਬਦ ਬਹੁਤ ਹੀ ਸਾਰਥਕ ਅਤੇ ਮਹੱਤਵਪੂਰਨ ਹੈ, ਉੱਥੇ ਕਈ ਵਾਰੀ ਇਸਦਾ ਦੁਰਉਪਯੋਗ ਵੀ ਕੀਤਾ ਜਾਂਦਾ ਹੈ| ਕਈ ਵਾਰੀ ਇਸ ਨੂੰ ਬੋਲਣ ਵਾਲਾ ਭਾਵ ਰਹਿਤ ਹੁੰਦਾ ਹੈ, ਇਸ ਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਨਹੀਂ ਮੰਨਦਾ ਸਗੋਂ ਜਬਰਨ ਪੈਦਾ ਹੋਇਆ ਅਹਿਸਾਸ ਮੰਨਦਾ ਹੈ| ਅਜਿਹੇ ਵੇਲੇ ਮੁਆਫ਼ੀ ਦੇ ਅਰਥ ਬੇਅਰਥ ਹੋ ਜਾਂਦੇ ਹਨ| ਜਿਵੇਂ ਜੇਕਰ ਕੋਈ ਬੱਚਾ ਆਪਣੇ ਮਾਂ-ਪਿਓ ਕੋਲੋਂ ਸਿਰਫ਼ ਡਰ ਦੇ ਭਾਵ ਵਿਚ ਆ ਕੇ ਉੱਪਰੀ ਮਨੋਂ ਮੁਆਫ਼ੀ ਮੰਗਦਾ ਹੈ ਤੇ ਅਸਲ ਵਿਚ ਉਸ ਨੂੰ ਆਪਣੀ ਗ਼ਲਤੀ ਦਾ ਕੋਈ ਅਹਿਸਾਸ ਨਹੀਂ ਹੁੰਦਾ ਤਾਂ ਅਜਿਹੇ ਵੇਲੇ ਮੁਆਫ਼ੀ ਦੇ ਮਾਅਨੇ ਅਰਥਹੀਣ ਹੁੰਦੇ ਹਨ|
ਇਸ ਲਈ ਚਲੋ ਅੱਜ ਸਾਰੇ ਆਪਣੀ ਹਉਮੈ ਜਾਂ ਅਹੰਕਾਰ ਨੂੰ ਤਿਆਗ ਕੇ ਸੱਚੇ ਦਿਲੋਂ ਸਭ ਤੋਂ ਪਹਿਲਾਂ ਆਪਣੇ-ਆਪ ਤੋਂ ਮੁਆਫ਼ੀ ਮੰਗਦੇ ਹਾਂ ਕਿਉਂਕਿ ਜੋ ਵਿਅਕਤੀ ਆਪਣੇ ਆਪ ਨੂੰ ਮੁਆਫ਼ ਕਰ ਸਕਦਾ ਹੈ, ਉਹ ਦੁਨੀਆਂ ਦੇ ਹਰ ਵਿਅਕਤੀ ਨੂੰ ਮੁਆਫ਼ ਕਰਨ ਦੀ ਸਮਰੱਥਾ ਰੱਖਦਾ ਹੈ| ਉਸ ਨੂੰ ਕੋਈ ਵੀ ਗੱਲ ਇੰਨੀ ਵੱਡੀ ਨਹੀਂ ਜਾਪਦੀ ਜਿਸ ਨੂੰ ਮੁਆਫ਼ੀ ਰਾਹੀਂ ਖ਼ਤਮ ਨਾ ਕੀਤਾ ਜਾ ਸਕਦਾ ਹੋਵੇ| ਉਸ ਤੋਂ ਬਾਅਦ ਉਸ ਵਿਅਕਤੀ ਕੋਲੋਂ ਮੁਆਫ਼ੀ ਮੰਗਣ ਵਿਚ ਬਿਲਕੁਲ ਨਾ ਝਿਜਕੋ ਜਿਸ ਤੋਂ ਤੁਸੀਂ ਕਈ ਦਿਨਾਂ ਜਾਂ ਮਹੀਨਿਆਂ ਤੋਂ ਮੁਆਫ਼ੀ ਨਹੀਂ ਮੰਗੀ ਜਾਂ ਦਿੱਤੀ ਹੈ| ਇਸ ਲਈ ਮੁਆਫ਼ੀਨੂੰ ਆਪਣੀ ਜ਼ਿੰਦਗੀ ਦਾ ਅੰਗ ਬਣਾਉਣ ਵਿਚ ਸ਼ਰਮਿੰਦਗੀ ਮਹਿਸੂਸ ਨਹੀਂ ਕਰਨੀ ਚਾਹੀਦੀ, ਸਗੋਂ ਇਸ ਨੂੰ ਸੰਕਲਪ ਦੀ ਤਰ੍ਹਾਂ ਜੀਵਨ ਵਿਚ ਸ਼ਾਮਲ ਕਰਕੇ ਨੈਤਿਕ ਕਾਰਜ ਵੱਲ ਇਕ ਕਦਮ ਚੁੱਕਣਾ ਚਾਹੀਦਾ ਹੈ|

 


Comments Off on ਮੁਆਫ਼ੀ ਅਹਿਸਾਸ ਜਾਂ ਸੰਕਲਪ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.