ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਮਿੰਨੀ ਕਹਾਣੀ

Posted On September - 1 - 2019

ਆਸ

ਮਾਰਚ ਮਹੀਨੇ ਨਤੀਜਾ ਆਉਣ ਤੋਂ ਬਾਅਦ ਨਵੀਆਂ ਕਿਤਾਬਾਂ ਕਾਪੀਆਂ ਖਰੀਦਣ ਦਾ ਚਾਅ ਬੱਚਿਆਂ ਵਿਚ ਸਾਉਣ ਭਾਦੋਂ ਦੇ ਬੱਦਲਾਂ ਵਾਂਗ ਭਰ ਭਰ ਉਮੜ ਰਿਹਾ ਸੀ। ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਆਉਣ ਵਾਲੇ ਬੱਚੇ ਬੜੇ ਖ਼ੁਸ਼ ਦਿਖਾਈ ਦੇ ਰਹੇ ਸਨ। ਨਤੀਜੇ ਤੋਂ ਕੁਝ ਦਿਨਾਂ ਬਾਅਦ ਬੱਚੇ ਨਵੀਆਂ ਕਿਤਾਬਾਂ ਕਾਪੀਆਂ ਲੈਣ ਤੇ ਦਾਖ਼ਲੇ ਭਰਨ ਲਈ ਸਕੂਲ ਵਿਚ ਆਉਣ ਲੱਗੇ। ਮੇਰੀ ਵੀ ਉਸ ਅਧਿਆਪਕ ਨਾਲ ਡਿਊਟੀ ਲਗਾ ਦਿੱਤੀ ਗਈ ਜੋ ਪੁਸਤਕਾਂ ਦੇਣ ਲਈ ਬੈਠੇ ਸਨ।
ਇਕ ਦਿਨ ਇਕ ਅਲੱਗ ਜਿਹੇ ਕਮਰੇ ਵਿਚ ਬੈਠੇ ਮਾਪਿਆਂ ਦੀ ਉਡੀਕ ਕਰ ਰਹੇ ਸੀ। ਚਾਹ ਦੀਆਂ ਚੁਸਕੀਆਂ ਲੈਂਦੇ ਹੋਏ ਇਕ ਦੋ ਹੋਰ ਅਧਿਆਪਕਾਵਾਂ ਸਾਡੇ ਲਾਗੇ ਬੈਠ ਗਈਆਂ। ਸਕੂਲ ਦੇ ਬੱਚਿਆਂ ਬਾਰੇ ਗੱਲਾਂ ਕਰਦਿਆਂ ਸਭ ਨੇ ਆਪੋ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਵਾਰਤਾਲਾਪ ਕਰਨੀ ਸ਼ੁਰੂ ਕਰ ਦਿੱਤੀ। ਕੋਈ ਆਪਣੇ ਬੱਚੇ ਨੂੰ ਡਾਕਟਰ, ਇੰਜਨੀਅਰ ਤੇ ਕੋਈ ਅਧਿਆਪਕ ਬਣਾਉਣਾ ਚਾਹੁੰਦੀ ਸੀ।
ਏਨੇ ਨੂੰ ਇਕ ਬਜ਼ੁਰਗ ਇਕ ਬੱਚੇ ਦੀ ਉਂਗਲ ਫੜ ਅੰਦਰ ਦਾਖ਼ਲ ਹੋਇਆ। ਬੜੀ ਨਿਮਰਤਾ ਨਾਲ ਉਸ ਨੇ ਸਾਡੀ ‘ਸਤਿ ਸ਼੍ਰੀ ਅਕਾਲ’ ਪ੍ਰਵਾਨ ਕੀਤੀ ਤੇ ਕੁਰਸੀ ’ਤੇ ਬੈਠ ਗਿਆ। ਬਜ਼ੁਰਗ ਨੇ ਪੁੱਛਿਆ, ‘‘ਬੀਬਾ, ਇਹ ਪੜ੍ਹਾਈ ਵਿਚ ਕਿਵੇਂ ਹੈ?’’ ਉਸ ਦੀ ਕਲਾਸ ਟੀਚਰ ਨੇ ਬੱਚੇ ਦੀ ਪ੍ਰਸ਼ੰਸਾ ਕੀਤੀ ਤੇ ਸੈਕਿੰਡ ਡਿਵੀਜ਼ਨ ਵਿਚ ਪਾਸ ਹੋਣ ਦੀ ਵਧਾਈ ਦਿੱਤੀ। ਬਜ਼ੁਰਗ ਤੋਂ ਖ਼ੁਸ਼ੀ ਸੰਭਾਲੀ ਨਾ ਗਈ। ‘‘ਚੰਗਾ, ਜੇ ਪੜ੍ਹ ਜਾਵੇ ਆਖਦਾ ਹੁੰਦਾ ‘ਬਾਪੂ! ਮੈਂ ਨੀ ਪਿਓ ਵਾਂਗੂੰ ਦਿਹਾੜੀ ਕਰਨੀ, ਮੈਂ ਤਾਂ ਡਾਕਟਰ ਬਣੂੰਗਾ’।’’ਕਹਿੰਦੇ ਕਹਿੰਦੇ ਉਸ ਬਜ਼ੁਰਗ ਦੀਆਂ ਅੱਖਾਂ ਵਿਚ ਚਮਕ ਆ ਗਈ।
‘‘ਭਾਈ ਬੀਬਾ, ਫਿਰ ਤੀਜੀ ਕਲਾਸ ਦੀਆਂ ਕਿਤਾਬਾਂ ਦੇ ਦਿਓ,’’ ਬਜ਼ੁਰਗ ਨੇ ਕਿਹਾ। ਮੈਡਮ ਨੇ ਤੀਜੀ ਕਲਾਸ ਦੀਆਂ ਕਿਤਾਬਾਂ ਲਿਆ ਕੇ ਬਜ਼ੁਰਗ ਦੇ ਅੱਗੇ ਰੱਖ ਦਿੱਤੀਆਂ ਤੇ ਮੈਨੂੰ ਪਰਚੀ ਕੱਟਣ ਲਈ ਕਹਿ ਦਿੱਤਾ।
‘‘ਭਾਈ ਬੀਬਾ, ਕਿੰਨੇ ਦੀਆਂ ਨੇ…?’’ ਚਾਰ ਕੁ ਕਿਤਾਬਾਂ ਹੱਥ ਵਿਚ ਫੜੀ ਬਜ਼ੁਰਗ ਉਨ੍ਹਾਂ ਦੀ ਚਮਕ ਵਿਚ ਆਪਣੇ ਪੋਤੇ ਦਾ ਭਵਿੱਖ ਲੱਭ ਰਿਹਾ ਸੀ। ਅਧਿਆਪਕਾ ਕਹਿੰਦੀ, ‘‘1100 ਦੀਆਂ ਨੇ ਜੀ…।’’
‘‘1100 ਦੀਆਂ…!’’ ਬਾਬਾ ਸੋਚੀਂ ਪੈ ਗਿਆ। ਮੈਲੇ-ਕੁਚੈਲੇ ਕੁੜਤੇ ਦੇ ਖੀਸੇ ਵਿਚ ਹੱਥ ਮਾਰ ਕੇ ਬਾਬੇ ਨੇ ਕੁਝ ਪੈਸੇ ਕੱਢੇ… ਇਕ 500 ਦਾ ਨੋਟ ਤੇ ਬਾਕੀ 50-50 ਰੁਪਏ ਦੇ ਚਾਰ ਨੋਟ ਸਨ। ‘‘ਭਾਈ ਬੀਬਾ, ਮੇਰੇ ਕੋਲ ਤਾਂ ਅਜੇ ਏਨੇ ਹੀ ਨੇ…! ਬਾਕੀ ਫੇਰ ਦੇ ਦੇਵਾਂਗਾ। ਮੈਂ ਤਾਂ ਸੋਚਿਆ ਸੀ ਕਿ ਇਸੇ ਵਿਚ ਹੀ ਨਵੀਆਂ ਕਿਤਾਬਾਂ ਤੇ ਬਸਤਾ ਲੈ ਆਵਾਂਗੇ…।’’
ਉਸ ਦੇ ਚਿਹਰੇ ਦੀ ਚਮਕ ਹੁਣ ਮੱਧਮ ਪੈ ਗਈ। ਉਸ ਦੀਆਂ ਅੱਖਾਂ ਵਿਚਲੇ ਸੁਪਨੇ ਧੁੰਦਲੇ ਜਿਹੇ ਹੁੰਦੇ ਲੱਗੇ। ਉਸ ਦੀ ਚਾਲ ਵਿਚ ਮੱਠਾਪਣ ਸੀ ਜੋ ਮੈਨੂੰ ਸੋਚਣ ਲਈ ਮਜਬੂਰ ਕਰ ਗਿਆ ਕਿ ਉਸ ਬੱਚੇ ਦੇ ਸੁਪਨਿਆਂ ਤੇ ਬਜ਼ੁਰਗ ਦੀ ਆਸ ਨੂੰ ਬੂਰ ਪਵੇਗਾ ਜਾਂ…?
ਸੋਚਦੇ-ਸੋਚਦੇ ਕਿਸੇ ਹੋਰ ਟੁੱਟੀ ਆਸ ਦਾ ਸਾਹਮਣਾ ਕਰਨ ਦੇ ਡਰੋਂ ਮੈਂ ਉੱਥੇ ਕਿਸੇ ਹੋਰ ਅਧਿਆਪਕ ਦੀ ਡਿਊਟੀ ਲਗਵਾ ਕੇ ਕਮਰੇ ਤੋਂ ਬਾਹਰ ਆ ਗਈ।

– ਕਰਮਜੀਤ ਕੌਰ
ਅੰਜੂ
ਸੰਪਰਕ: 70099-23030


Comments Off on ਮਿੰਨੀ ਕਹਾਣੀ
1 Star2 Stars3 Stars4 Stars5 Stars (1 votes, average: 4.00 out of 5)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.