ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਮਿੰਨੀ ਕਹਾਣੀਆਂ

Posted On September - 22 - 2019

ਜਾਅਲਸਾਜ਼
‘‘ਆਹ ਦੇਖੀਂ ਕੁੜੇ ਫੂਨ! ਕੋਈ ਭਾਈ ਬੋਲਦੈ… ਕਹਿੰਦਾ ਥੋਡੇ ਨੰਬਰ ’ਤੇ ਦੋ ਲੱਖ ਇਨਾਮ ਨਿਕਲਿਆ, ਪਰ ਆਪਾਂ ਨੂੰ ਥੋੜ੍ਹੇ ਜੇ ਪੈਸੇ ਭਰਨੇ ਪੈਣਗੇ। ਦੇਖ ਤਾਂ ਕੀ ਕਹਿੰਦਾ! ਕਿੱਥੇ ਭਰਨੇ ਪੈਣਗੇ?’’ ਮੇਲੋ ਨੇ ਨੂੰਹ ਨੂੰ ਫੋਨ ਫੜਾਉਂਦਿਆਂ ਕਿਹਾ। ਨਾਲ ਹੀ ਨਸੀਹਤ ਵੀ ਦਿੱਤੀ, ‘‘ਚੱਜ ਨਾਲ ਗੱਲ ਕਰੀਂ।’’ ਨੂੰਹ ਨੇ ‘ਹੈਲੋ’ ਆਖਿਆ। ਅੱਗੋਂ ਆਦਮੀ ਨੇ ਸਾਰੀ ਸਕੀਮ ਸਮਝਾ ਦਿੱਤੀ। ‘‘ਦੋ ਲੱਖ ਲੈਣ ਵਾਸਤੇ ਸਾਨੂੰ ਵੀਹ ਹਜ਼ਾਰ ਪਹਿਲਾਂ ਭਰਨਾ ਪਊ?’’ ਨੂੰਹ ਨੇ ਪੁੱਛਿਆ। ‘‘ਹਾਂ ਜੀ।’’ ‘‘ਫਿਰ ਦੋ ਲੱਖ ਸਾਨੂੰ ਆਪ ਆ ਕੇ ਲੈਣੇ ਪੈਣਗੇ ਜਾਂ ਭੇਜ ਦਿਓਗੇ?’’ ‘‘ਤੁਸੀਂ ਬਸ ਵੀਹ ਹਜ਼ਾਰ ਲੈ ਕੇ ਆਉਣਾ ਕੈਸ਼। ਦੋ ਲੱਖ ਲੈ ਜਾਣਾ। ਭਾਵੇਂ ਆਪਣੇ ਖਾਤੇ ਪਵਾ ਲੈਣਾ। ਤੁਸੀਂ ਵੀਹ ਹਜ਼ਾਰ ਖਾਤੇ ਵਿਚ ਵੀ ਜਮ੍ਹਾਂ ਕਰ ਸਕਦੇ ਓ।’’ ‘‘ਫੇਰ ਤਾਂ ਭਾਈ ਸੌਖਾ ਈ ਹੱਲ ਐ। ਤੁਸੀਂ ਦੋ ਲੱਖ ਵਿਚੋਂ ਵੀਹ ਦੀ ਥਾਂ ਤੀਹ ਹਜ਼ਾਰ ਕੱਟ ਲੈਣਾ… ਬਾਕੀ ਪੈਸੇ ਭੇਜ ਦੇਣਾ।’’ ਅੱਗੋਂ ਫੋਨ ਕੱਟ ਦਿੱਤਾ ਗਿਆ।
ਮੇਲੋ ਨੇ ਮੱਥੇ ’ਤੇ ਹੱਥ ਮਾਰਿਆ, ‘‘ਝਾੜਾਂ ਨੂੰ ਲੱਗਦੈ ਦਸ ਹਜ਼ਾਰ! ਮਿੰਟ ’ਚ ਜੀਭ ਹਿਲਾਤੀ… ਤੀਹ ਕੱਟ ਲੈਣਾ। ਮੋਟੇ ਦਿਮਾਗ਼ ਆਲੀ।’’ ਮੇਲੋ ਕਿੰਨਾ ਚਿਰ ਬੁੜ ਬੁੜ ਕਰਦੀ ਰਹੀ। ਨੂੰਹ ਨੇ ਬਥੇਰਾ ਕਿਹਾ ਕਿ ਇਹ ਠੱਗ ਹੁੰਦੇ ਨੇ। ਭੋਲੇ ਭਾਲੇ ਲੋਕਾਂ ਨੂੰ ਲਾਲਚ ’ਚ ਫਸਾ ਕੇ ਲੁੱਟ ਲੈਂਦੇ ਨੇ। ਪਰ ਮੇਲੋ ਨੂੰ ਅੱਜ ਆਪਣੀ ਨੂੰਹ ਜ਼ਹਿਰ ਵਰਗੀ ਲੱਗ ਰਹੀ ਸੀ। ਨੂੰਹ ਨੇ ਸੱਸ ਨਾਲ ਬਹਿਸ ਕਰਨੀ ਛੱਡ ਦਿੱਤੀ। ਉਸ ਨੂੰ ਪਤਾ ਸੀ ਕਿ ਇਸ ਤਰ੍ਹਾਂ ਘਰ ਵਿਚ ਕਲੇਸ਼ ਪੈ ਸਕਦਾ ਹੈ। ਸੱਸ ਨੇ ਉਹਦੇ ਜੰਮਣ ਵਾਲਿਆਂ ਨੂੰ ਕੋਸਣਾ ਸੀ ਤੇ ਉਸ ਨੂੰ ਗੁੱਸਾ ਆ ਜਾਣਾ ਸੀ। ਨੂੰਹ ਨੇ ਚੁੱਪ ਰਹਿਣ ਵਿਚ ਹੀ ਭਲਾਈ ਸਮਝੀ। ਸਾਰਾ ਦਿਨ ਮੇਲੋ ਦਾ ਮਨ ਖ਼ਰਾਬ ਰਿਹਾ। ਉਸ ਨੂੰ ਲੱਗ ਰਿਹਾ ਸੀ ਜਿਵੇਂ ਉਸ ਦੀ ਨੂੰਹ ਨੇ ਬਹੁਤ ਵੱਡਾ ਨੁਕਸਾਨ ਕਰ ਦਿੱਤਾ ਹੋਵੇ। ਸ਼ਾਮ ਨੂੰ ਮੇਲੋ ਦਾ ਪਤੀ ਤੇ ਪੁੱਤਰ ਘਰ ਆਏ। ਉਹ ਆਪਸ ਵਿਚ ਗੱਲਾਂ ਕਰ ਰਹੇ ਸਨ। ‘‘ਬੰਦੇ ਨੂੰ ਅਕਲ ਤੋਂ ਕੰਮ ਲੈਣਾ ਚਾਹੀਦੈ। ਬੇਸਮਝੀ ਵਿਚ ਨੁਕਸਾਨ ਕਰਾ ਕੇ ਬਹਿ ਗਏ।’’ ਮੇਲੋ ਦੇ ਪਤੀ ਨੇ ਕਿਹਾ। ‘‘ਕਈ ਲੋਕਾਂ ਦੇ ਦਿਮਾਗ਼ ਮੋਟੇ ਹੁੰਦੇ ਨੇ… ਮਿੰਟਾਂ ਵਿਚ ਹਜ਼ਾਰਾਂ ਦਾ ਘਾਟਾ ਪਾ ਲੈਂਦੇ ਨੇ।’’ ਮੇਲੋ ਨੇ ਨੂੰਹ ਵੱਲ ਦੇਖ ਕੇ ਆਖਿਆ। ‘‘ਬੇਬੇ, ਅਸੀਂ ਪਤੈ ਕੀਹਦੀ ਗੱਲ ਕਰ ਰਹੇ ਆਂ?’’ ਮੁੰਡੇ ਨੇ ਪੁੱਛਿਆ। ਮੇਲੋ ਚੁੱਪ ਕਰ ਗਈ। ‘‘ਅੱਜ ਪਹਿਲੀ ਵਾਰ ਤੇਰੀ ਮਾਂ ਨੇ ਮੰਨਿਐ ਕਿ ਉਹਦੇ ਭਾਈਆਂ ਦੇ ਮੋਟੇ ਦਿਮਾਗ਼ ਨੇ।’’
ਮੇਲੋ ਨੂੰ ਤਾਂ ਜਿਵੇਂ ਸੱਤੀਂ ਕੱਪੜੀਂ ਅੱਗ ਲੱਗ ਗਈ ਹੋਵੇ। ਇਹ ਕਿਵੇਂ ਹੋ ਸਕਦਾ ਸੀ ਕਿ ਕੋਈ ਉਹਦੇ ਪੇਕਿਆਂ ਨੂੰ ਕੁਝ ਗ਼ਲਤ ਆਖੇ। ਉਹ ਗੁੱਸੇ ਨਾਲ ਭਰੀ ਪੀਤੀ ਉੱਠਣ ਲੱਗੀ ਸੀ, ਪਰ ਮੁੰਡੇ ਨੇ ਮੋਢਿਓਂ ਫੜ ਕੇ ਬਿਠਾ ਲਈ। ‘‘ਮੇਰੇ ਮਾਮੇ ਬਹੁਤ ਚੰਗੇ ਨੇ… ਪਰ ਹਰ ਬੰਦੇ ਤੋਂ ਗ਼ਲਤੀ ਹੋ ਜਾਂਦੀ ਐ…’’ ਮੁੰਡੇ ਨੇ ਗੱਲ ਪੂਰੀ ਵੀ ਨਹੀਂ ਕੀਤੀ ਕਿ ਬਾਪੂ ਬੋਲ ਪਿਆ, ‘‘ਤੇਰੇ ਸਿਆਣੇ ਤੇ ਅਕਲਮੰਦ ਭਾਈਆਂ ਤੋਂ ਕਿਸੇ ਨੇ ਤਿੰਨ ਲੱਖ ਦਾ ਲਾਲਚ ਦੇ ਕੇ… ਤੀਹ ਹਜ਼ਾਰ ਠੱਗ ਲਿਆ। ਅਗਲੇ ਕਹਿੰਦੇ ਤੀਹ ਹਜ਼ਾਰ ਫਲਾਣੇ ਖਾਤੇ ’ਚ ਪਵਾ ਦਿਓ… ਇਨ੍ਹਾਂ ਸਿਆਣਿਆਂ ਨੇ ਆੜ੍ਹਤੀਏ ਤੋਂ ਲੈ ਕੇ ਪਵਾ ਦਿੱਤੇ। ਜਦੋਂ ਅਗਲਿਆਂ ਦੇ ਦੱਸੇ ਪਤੇ ਟਿਕਾਣੇ ’ਤੇ ਪਹੁੰਚੇ ਉੱਥੇ ਕੁਸ਼ ਵੀ ਨਾ। ਫੋਨ ਅਗਲਿਆਂ ਬੰਦ ਕਰ ਲਏ… ਠੱਗੇ ਗਏ ਵਿਚਾਰੇ।’’ ਮੇਲੋ ਚੁੱਪ ਕਰ ਕੇ ਸੁਣ ਰਹੀ ਸੀ। ਉਸ ਦੀਆਂ ਅੱਖਾਂ ਭਰ ਆਈਆਂ। ‘‘ਚੱਲ ਬਾਪੂ ਗ਼ਲਤੀਆਂ ਤਾਂ ਚੰਗਿਆਂ ਚੰਗਿਆਂ ਤੋਂ ਹੋ ਜਾਂਦੀਆਂ ਨੇ।’’ ਮੁੰਡੇ ਨੇ ਮਾਂ ਦੇ ਮੂੰਹ ਵੱਲ ਦੇਖ ਕੇ ਆਖਿਆ। ‘‘ਪਰ ਅਸੀਂ ਗ਼ਲਤੀਆਂ ਤੋਂ ਸਬਕ ਲਈਏ ਤਾਂ ਗੱਲ ਬਣਦੀ ਐ। ਨਾਲੇ ਹੁਣ ਤਾਂ ਜਾਅਲਸਾਜ਼ ਸਾਡੀਆਂ ਜੇਬ੍ਹਾਂ ਵਿਚ ਹੀ ਬੈਠੇ ਨੇ। ਆਪਾਂ ਕਿਵੇਂ ਬਚਣੈ ਇਹ ਸਾਨੂੰ ਸੋਚਣਾ ਪਊ।’’ ਬਾਪੂ ਨੇ ਜੇਬ ਵਿਚੋਂ ਮੋਬਾਈਲ ਕੱਢਦਿਆਂ ਕਿਹਾ। ‘‘ਕਈ ਵਾਰੀ ਦਿਮਾਗ਼ ’ਤੇ ਊਈਂ ਠੀਕਰਾ ਮੂਧਾ ਵੱਜ ਜਾਂਦੈ, ਕੁਸ਼ ਨੀ ਪਤਾ ਲੱਗਦਾ।’’ ਮੇਲੋ ਨੇ ਉਦਾਸ ਸੁਰ ਵਿਚ ਕਿਹਾ।
– ਅੰਮ੍ਰਿਤ ਕੌਰ
ਈ-ਮੇਲ: shergillamritkaur080@gmail.com

ਬਾਰੂ ਦਾ ਰਿਕਸ਼ਾ
ਬਾਰੂ ਭਾਵੇਂ ਇਸ ਜਹਾਨ ’ਤੇ ਨਹੀਂ ਰਿਹਾ ਸੀ, ਪਰ ਉਸ ਦੇ ਛੋਟੇ ਜਿਹੇ ਘਰ ਦੇ ਬਾਹਰ ਲੱਗਾ ਉਸ ਦਾ ਰਿਕਸ਼ਾ ਹਰ ਆਉਂਦੇ ਜਾਂਦੇ ਨੂੰ ਉਸ ਦੀ ਯਾਦ ਦਿਵਾਉਂਦਾ। ਬਾਰੂ ਭਾਵੇਂ ਗ਼ਰੀਬ ਸੀ, ਪਰ ਦਿਲ ਦਾ ਏਨਾ ਅਮੀਰ ਸੀ ਕਿ ਵੱਡੇ ਵੱਡੇ ਅਮੀਰ ਵੀ ਉਸ ਦੇ ਦਿਲ ਦੀ ਅਮੀਰੀ ਸਾਹਮਣੇ ਗ਼ਰੀਬ ਸਨ। ਬਾਰੂ ਝਿੜੀ ਵਾਲੀ ਦੇਵੀ ਦਾ ਭਗਤ ਸੀ ਅਤੇ ਹਰ ਸਾਲ ਬੜੇ ਚਾਅ ਨਾਲ ਮਾਤਾ ਦੇ ਦਰਸ਼ਨਾਂ ਨੂੰ ਜਾਂਦਾ ਸੀ। ਉਸ ਦਾ ਮੇਲ-ਮਿਲਾਪ ਏਨਾ ਜ਼ਿਆਦਾ ਸੀ ਕਿ ਜੇ ਉਸ ਨੂੰ ਰਸਤੇ ’ਚ ਗਲੀ-ਮੁਹੱਲੇ ਦਾ ਕੋਈ ਵਿਅਕਤੀ ਤੁਰਿਆ ਜਾਂਦਾ ਮਿਲ ਪੈਣਾ ਤਾਂ ਉਸ ਨੇ ਬਦੋ-ਬਦੀ ਉਸ ਨੂੰ ਆਪਣੇ ਰਿਕਸ਼ੇ ’ਤੇ ਬਿਠਾ ਕੇ ਬਿਨਾ ਕੋਈ ਪੈਸਾ ਲਏ ਉਸ ਦੀ ਮੰਜ਼ਿਲ ’ਤੇ ਛੱਡ ਕੇ ਆਉਣਾ। ਬਾਰੂ ਦੀ ਇਕੋ ਧੀ ਸੀ ਜਿਸ ਦਾ ਨਾਮ ਜੀਤੋ ਸੀ। ਜੀਤੋ ਜਵਾਨ ਹੋਈ ਤਾਂ ਬਾਰੂ ਨੇ ਆਪਣੀ ਧੀ ਦਾ ਵਿਆਹ ਬੜੇ ਚਾਵਾਂ ਨਾਲ ਕੀਤਾ। ਮਾੜੇ ਕਰਮਾਂ ਨੂੰ ਧੀ ਦੇ ਸਹੁਰੇ ਚੰਗੇ ਨਹੀਂ ਸਨ ਟੱਕਰੇ। ਜਵਾਈ ਨੇ ਉਸ ਦੀ ਧੀ ਦੀ ਕੁੱਟਮਾਰ ਕਰਕੇ ਉਸ ਨੂੰ ਪੇਕੇ ਭੇਜ ਦੇਣਾ। ਜੀਤੋ ਦੀਆਂ ਅੱਗੋਂ ਦੋ ਧੀਆਂ ਸਨ ਅਤੇ ਉਸ ਦੁਖਿਆਰੀ ਨੇ ਆਪਣੀਆਂ ਦੋਵੇਂ ਧੀਆਂ ਸਮੇਤ ਕਈ ਕਈ ਦਿਨ ਪੇਕੇ ਬੈਠੀ ਰਹਿਣਾ। ਬਾਰੂ ਨੇ ਹਮੇਸ਼ਾਂ ਧੀ ਨੂੰ ਹੌਂਸਲਾ ਦੇਣਾ ਅਤੇ ਉਸ ਦੇ ਹੱਕ ਵਿਚ ਖੜ੍ਹਨਾ। ਗ਼ਰੀਬੀ ਤੇ ਦੁੱਖਾਂ ਦੇ ਸਤਾਏ ਬਾਰੂ ਦੇ ਹੱਡ-ਪੈਰ ਹੁਣ ਕਮਜ਼ੋਰ ਹੋ ਗਏ ਸਨ। ਸਵੇਰੇ ਸੁਵਖਤੇ ਆਪਣੇ ਰਿਕਸ਼ੇ ਨੂੰ ਸਾਫ਼ ਕਰਕੇ ਬਾਰੂ ਨੇ ਦੋ ਡੰਗ ਦੀ ਰੋਟੀ ਦਾ ਜੁਗਾੜ ਕਰਨ ਲਈ ਨਿਕਲ ਜਾਣਾ। ਸਾਰਾ ਦਿਨ ਸੜਕਾਂ ਉੱਪਰ ਸਵਾਰੀਆਂ ਦੀ ਭਾਲ ’ਚ ਉਹ ਭਟਕਦਾ ਰਹਿੰਦਾ। ਅਖੀਰ ਥੱਕ-ਟੁੱਟ ਕੇ ਆਥਣੇ ਆਪਣੇ ਘਰ ਆ ਜਾਂਦਾ। ਘਰ ਬਹੁਤ ਛੋਟਾ ਸੀ, ਇਸ ਲਈ ਰਿਕਸ਼ਾ ਘਰ ਦੇ ਬਾਹਰ ਗਲੀ ’ਚ ਲਗਾ ਦੇਣਾ।
ਬਾਰੂ ਦੀ ਪਤਨੀ ਦੀਪੋ ਲੋਕਾਂ ਦੇ ਘਰਾਂ ’ਚ ਭਾਂਡੇ ਮਾਂਜ ਕੇ ਆਪਣਾ ਚੁੱਲ੍ਹਾ ਤਪਾਉਣ ਦਾ ਪੂਰਾ ਯਤਨ ਕਰਦੀ। ਬਾਰੂ ਹੁਣ ਬਿਮਾਰ ਰਹਿਣ ਲੱਗਾ, ਦਵਾ-ਦਾਰੂ ਲਈ ਵੀ ਪੈਸੇ ਨਹੀਂ ਸਨ। ਬੱਸ ਮੁਹੱਲੇ ਦੇ ਡਾਕਟਰ ਕੋਲੋਂ ਇਕ-ਅੱਧ ਖੁਰਾਕ ਖਾ ਕੇ ਤੁਰਿਆ ਰਹਿੰਦਾ। ਉਸ ਨੂੰ ਭਾਵੇਂ ਮੁਹੱਲੇ ਵਾਲੇ ਜਾਣਦੇ ਸਨ, ਪਰ ਕਦੇ ਕਿਸੇ ਨੇ ਉਸ ਵੱਲ ਬਹੁਤਾ ਧਿਆਨ ਨਾ ਦਿੱਤਾ। ਉਹ ਵੀ ਭਲਾ ਪੁਰਸ਼ ਆਪਣੇ ਕੰਮ ਨਾਲ ਮਤਲਬ ਰੱਖਦਾ ਅਤੇ ਆਪਣੀ ਜ਼ਿੰਦਗੀ ਨੂੰ ਔਖੇ-ਸੌਖੇ ਗੇੜਾ ਦਿੰਦਾ ਰਹਿੰਦਾ। ਬਾਰੂ ਅੱਜ ਸ਼ਾਮ ਨੂੰ ਥੋੜ੍ਹਾ ਪਹਿਲਾਂ ਆ ਗਿਆ ਸੀ। ਉਹ ਥੱਕਿਆ ਤੇ ਬਿਮਾਰ ਲੱਗਦਾ ਸੀ। ਆਪਣੇ ਘਰ ਦੇ ਬੂਹੇ ’ਚ ਬੈਠਾ ਬਾਰੂ ਆਪਣੇ ਰਿਕਸ਼ੇ ਨੂੰ ਟਿਕਟਿਕੀ ਲਗਾ ਕੇ ਦੇਖ ਰਿਹਾ ਸੀ। ਉਹ ਇਕਦਮ ਉੱਠਿਆ ਤੇ ਕੱਪੜੇ ਨਾਲ ਰਿਕਸ਼ੇ ਦੇ ਰਿੰਮਾਂ ਨੂੰ ਸਾਫ਼ ਕਰਨ ਲੱਗ ਪਿਆ। ਫਿਰ ਕਿੰਨਾ ਚਿਰ ਉੱਥੇ ਹੀ ਬੈਠਾ ਰਿਹਾ। ਹਨੇਰਾ ਹੋ ਗਿਆ ਸੀ। ਉਹ ਘਰ ਆ ਕੇ ਮੰਜੇ ’ਤੇ ਲੰਮਾ ਪੈ ਗਿਆ। ਉਹ ਅਜਿਹਾ ਪਿਆ ਕਿ ਫਿਰ ਕਦੇ ਉੱਠਿਆ ਹੀ ਨਾ। ਰੋਣਾ-ਕੁਰਲਾਉਣਾ ਸ਼ੁਰੂ ਹੋ ਗਿਆ। ਬਾਰੂ ਜੋ ਨਹੀਂ ਰਿਹਾ ਸੀ। ਗਲੀ ਮੁਹੱਲੇ ਜਿਸ ਨੂੰ ਵੀ ਪਤਾ ਲੱਗਾ ਯਕੀਨ ਨਾ ਕਰੇ। ਸਾਰੀ ਉਮਰ ਹੱਕ-ਹਲਾਲ ਦੀ ਕਮਾਈ ਕਰਨ ਵਾਲੇ ਬਾਰੂ ਦੀ ਮਿਹਨਤ ਦੀ ਫਿਲਮ ਉਸ ਦੇ ਜਾਣਕਾਰਾਂ ਦੀਆਂ ਅੱਖਾਂ ਅੱਗੇ ਚੱਲਣ ਲੱਗੀ। ਹਰ ਕਿਸੇ ਨੇ ਉਸ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ। ਸਾਰੀਆਂ ਅੰਤਿਮ ਰਸਮਾਂ ਪੂਰੀਆਂ ਹੋ ਗਈਆਂ ਸਨ। ਬਾਰੂ ਦਾ ਅਫ਼ਸੋਸ ਕਰਨ ਵਾਲਿਆਂ ਦੀ ਆਵਾਜਾਈ ਵੀ ਹੁਣ ਘਟ ਗਈ ਸੀ। ਉਹ ਹੁਣ ਆਪਣੇ ਘਰ ਨਹੀਂ ਸੀ, ਪਰ ਘਰ ਦੇ ਬਾਹਰ ਖੜ੍ਹਾ ਰਿਕਸ਼ਾ ਜਿਵੇਂ ਹੁਣ ਵੀ ਉਸ ਨੂੰ ਉਡੀਕ ਰਿਹਾ ਸੀ।
ਹੁਣ ਗਲੀ ਵਾਲਿਆਂ ਨੂੰ ਬਾਰੂ ਦਾ ਰਿਕਸ਼ਾ ਆਵਾਜਾਈ ਰੋਕਦਾ ਪ੍ਰਤੀਤ ਹੋਣ ਲੱਗਾ। ਗੁਆਂਢੀਆਂ ਨੇ ਬਾਰੂ ਦੀ ਪਤਨੀ ਦੀਪੋ ਨੂੰ ਆਖਿਆ ਕਿ ਇਸ ਰਿਕਸ਼ੇ ਨੂੰ ਗਲੀ ਵਿਚੋਂ ਹਟਾਓ, ਲੋਕਾਂ ਨੂੰ ਲੰਘਣ ਵੇਲੇ ਪ੍ਰੇਸ਼ਾਨੀ ਹੁੰਦੀ ਹੈ। ਦੀਪੋ ਨੇ ਰਿਕਸ਼ੇ ਨੂੰ ਵੇਚਣ ਦਾ ਫ਼ੈਸਲਾ ਕਰ ਲਿਆ। ਇਕ ਆਦਮੀ ਆਇਆ, 1200 ਰੁਪਏ ਰਿਕਸ਼ੇ ਦਾ ਮੁੱਲ ਪਿਆ। ਉਸ ਨੇ 1200 ਰੁਪਏ ਦੀਪੋ ਦੇ ਹੱਥ ਧਰੇ ਅਤੇ ਰਿਕਸ਼ੇ ਨੂੰ ਲੈ ਤੁਰ ਪਿਆ। ਗਲੀ ਵਿਚੋਂ ਜਾਂਦਾ ਰਿਕਸ਼ਾ ਦੀਪੋ ਨੂੰ ਇਉਂ ਲੱਗਾ ਜਿਵੇਂ ਅੱਜ ਬਾਰੂ ਦੀ ਰੂਹ ਵੀ ਰਿਕਸ਼ੇ ਦੇ ਨਾਲ ਹੀ ਤੁਰ ਗਈ ਹੋਵੇ।
– ਇੰਦਰਜੀਤ ਸਿੰਘ ਬਾਜਵਾ
ਸੰਪਰਕ: 98155-77574


Comments Off on ਮਿੰਨੀ ਕਹਾਣੀਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.