85 ਪਿੰਡਾਂ ਦੇ ਲੋਕਾਂ ਨੂੰ ਮਾਰੂ ਰੋਗਾਂ ਤੋਂ ਬਚਾਏਗਾ ਨਹਿਰੀ ਸ਼ੁੱਧ ਪਾਣੀ !    ਕੋਰੇਗਾਓਂ-ਭੀਮਾ ਕੇਸ ਵਾਪਸ ਲੈਣਾ ਚਾਹੁੰਦੇ ਹਾਂ: ਪਾਟਿਲ !    ਮੋਬਾਈਲ ’ਚੋਂ ਵਾਇਰਸ ਰਾਹੀਂ ਜਾਸੂਸੀ ਚਿੰਤਾ ਦਾ ਵਿਸ਼ਾ !    ਯੂਨਾਈਟਿਡ ਏਅਰਲਾਈਨਜ਼ ਨੇ 50 ਏਅਰਬੱਸ ਜਹਾਜ਼ਾਂ ਦਾ ਆਰਡਰ ਦਿੱਤਾ !    ਸਰਹੱਦਾਂ ’ਤੇ ਤਾਇਨਾਤ ਭਾਰਤੀ ਫ਼ੌਜ ਪੂਰੀ ਚੌਕਸ: ਰਾਜਨਾਥ !    ਡਿਜੀਟਲ ਮੀਡੀਆ ’ਤੇ ਸਰਕਾਰੀ ਲਗਾਮ ਕੱਸਣ ਦੀਆਂ ਤਿਆਰੀਆਂ !    ਸੋਸ਼ਲ ਮੀਡੀਆ ਤੇ ਧੋਖਾਧੜੀਆਂ: ਬਚਾਅ ਵਿਚ ਹੀ ਬਚਾਅ ਹੈ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੌਜਵਾਨ ਸੋਚ: ਪੰਜਾਬ ’ਚ ਵਾਤਾਵਰਨ ਦਾ ਸੰਕਟ !    ਵਿਧਾਇਕ ਚੱਬੇਵਾਲ ਵੱਲੋਂ ਨਿਰਮਾਣ ਕਾਰਜਾਂ ਦਾ ਜਾਇਜ਼ਾ !    

ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ…

Posted On September - 23 - 2019

ਸੇਵਾਮੁਕਤ ਲੈਫ਼ਟੀਨੈਂਟ ਕਰਨਲ ਹਬੀਬ ਜ਼ਾਹਿਰ

ਕੀ ਪਾਕਿਸਤਾਨੀ ਫ਼ੌਜ ਦਾ ਸਾਬਕਾ ਲੈਫ਼ਟੀਨੈਂਟ ਕਰਨਲ ਹਬੀਬ ਜ਼ਾਹਿਰ ਕਿਸੇ ਭਾਰਤੀ ਖੁਫ਼ੀਆ ਏਜੰਸੀ ਦੇ ਕਬਜ਼ੇ ਹੇਠ ਹੈ? ਕੀ ਭਾਰਤ ਉਸ ਨੂੰ ਆਪਣੇ ਨਾਗਰਿਕ ਕੁਲਭੂਸ਼ਨ ਜਾਧਵ ਦੀ ਪਾਕਿਸਤਾਨ ਤੋਂ ਰਿਹਾਈ ਲਈ ਵਰਤੇਗਾ?
ਇਹ ਸਵਾਲ ਪਾਕਿਸਤਾਨ ਦੇ ਅੰਗਰੇਜ਼ੀ ਰੋਜ਼ਨਾਮਾ ‘ਡਾਅਨ’ ਨੇ ਆਪਣੀ ਇਕ ਰਿਪੋਰਟ ਰਾਹੀਂ ਉਠਾਇਆ ਹੈ। ਅਖ਼ਬਾਰ ਅਨੁਸਾਰ ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਡਾ. ਮੁਹੰਮਦ ਫ਼ੈਸਲ ਨੇ ਸਪਸ਼ਟ ਕੀਤਾ ਹੈ ਕਿ ਕਰਨਲ ਜ਼ਾਹਿਰ ਨੂੰ ਲੱਭਣ ਤੇ ਪਾਕਿਸਤਾਨ ਪਰਤਾਉਣ ਦੇ ਹੀਲੇ ਜਾਰੀ ਹਨ ਅਤੇ ਇਹ ਤਿਆਗੇ ਨਹੀਂ ਜਾਣਗੇ। ਫ਼ੈਸਲ ਨੇ ਇਸ ਵਿਚਾਰ ਨੂੰ ਰੱਦ ਨਹੀਂ ਕੀਤਾ ਕਿ ਜ਼ਾਹਿਰ ਕਿਸੇ ਵਿਰੋਧੀ ਏਜੰਸੀ ਦੀ ਗ੍ਰਿਫ਼ਤ ਵਿਚ ਹੋ ਸਕਦਾ ਹੈ। ਉਸ ਨੇ ਕਿਹਾ ਕਿ ਜ਼ਾਹਿਰ ‘‘ਕਿਉਂਕਿ ਭਾਰਤੀ ਸਰਹੱਦ ਤੋਂ ਸਿਰਫ਼ ਪੰਜ ਕਿਲੋਮੀਟਰ ਦੀ ਦੂਰੀ ਤੋਂ ਲਾਪਤਾ ਹੋਇਆ ਅਤੇ ਉੱਥੇ ਉਸ ਦਾ ਇਹਤਰਾਮ ਕਰਨ ਵਾਲਿਆਂ ਵਿਚ ਕਈ ਭਾਰਤੀ ਸ਼ਾਮਲ ਸਨ, ਇਸ ਲਈ ਪਾਕਿਸਤਾਨ ਸਰਕਾਰ ਨੇ ਭਾਰਤ ਨੂੰ ਕਈ ਵਾਰ ਬੇਨਤੀਆਂ ਕੀਤੀਆਂ ਹਨ ਕਿ ਉਹ ਕਰਨਲ ਜ਼ਾਹਿਰ ਨੂੰ ਲੱਭਣ ਵਿਚ ਮਦਦ ਕਰੇ, ਪਰ ਭਾਰਤੀ ਹੁੰਗਾਰਾ ਅਜੇ ਤਕ ਠੰਢਾ ਹੀ ਰਿਹਾ ਹੈ।’’
ਅਖ਼ਬਾਰ ਅਨੁਸਾਰ ਰਿਟਾਇਰਡ ਲੈਫਟੀਨੈਂਟ ਕਰਨਲ ਇਕ ਨੌਕਰੀ ਦੇ ਇੰਟਰਵਿਊ ਲਈ ਅਪਰੈਲ 2017 ਵਿਚ ਨੇਪਾਲ ਗਿਆ। ਉਸ ਨੂੰ ਇੰਟਰਵਿਊ ਲਈ ਮਿਸਟਰ ਮਾਰਕ ਨਾਮੀ ਵਿਅਕਤੀ ਨੇ ਈ-ਮੇਲ ਰਾਹੀਂ ਬੁਲਾਇਆ ਸੀ। ਈ-ਮੇਲ ਵਿਚ ਉਸ ਨੂੰ ਦੱਸਿਆ ਗਿਆ ਸੀ ਕਿ ਉਸ ਨੂੰ ਵਾਈਸ ਪ੍ਰੈਜ਼ੀਡੈਂਟ ਦੇ ਅਹੁਦੇ ਲਈ ਇੰਟਰਵਿਊ ਵਾਸਤੇ ਸ਼ਾਰਟ-ਲਿਸਟ ਕੀਤਾ ਗਿਆ ਹੈ। ਉਸ ਨੂੰ ਇੰਟਰਵਿਊ ਲਈ ਨੇਪਾਲ ਆਉਣ ਵਾਸਤੇ ਟਿਕਟਾਂ ਵੀ ਭੇਜੀਆਂ ਗਈਆਂ। 6 ਅਪਰੈਲ 2017 ਨੂੰ ਉਹ ਓਮਾਨ ਏਅਰਲਾਈਨਜ਼ ਦੀ ਉਡਾਣ ਰਾਹੀਂ ਕਾਠਮੰਡੂ ਪਹੁੰਚਿਆ। ਉੱਥੋਂ ਉਹ ਬੁੱਧਾ ਏਅਰ ਦੀ ਉਡਾਣ ਰਾਹੀਂ ਲੁੰਬਿਨੀ ਰਵਾਨਾ ਹੋ ਗਿਆ। ਲੁੰਬਿਨੀ, ਭਾਰਤੀ ਸਰਹੱਦ ਤੋਂ ਸਿਰਫ਼ ਪੰਜ ਕਿਲੋਮੀਟਰ ਦੇ ਫ਼ਾਸਲੇ ’ਤੇ ਹੈ। ਲੁੰਬਿਨੀ ਪਹੁੰਚ ਕੇ ਉਸ ਨੇ ਆਪਣੇ ਪਰਿਵਾਰ ਨੂੰ ਇਤਲਾਹ ਕੀਤੀ ਕਿ ਉਹ ਉੱਥੇ ਪੁੱਜ ਗਿਆ ਹੈ ਅਤੇ ਉਸ ਦਾ ਸਵਾਗਤ ਕਰਨ ਵਾਲਾ ਬੰਦਾ ਭਾਰਤੀ ਮੂਲ ਦਾ ਹੈ। ਉਸ ਤੋਂ ਬਾਅਦ ਉਸ ਦਾ ਫ਼ੋਨ ਬੰਦ ਹੋ ਗਿਆ। ਮੁੜ ਕੇ ਉਸ ਨਾਲ ਕੋਈ ਰਾਬਤਾ ਨਹੀਂ ਹੋ ਸਕਿਆ।
ਉਸ ਦੀ ਗੁੰਮਸ਼ੁਦਗੀ ਦਾ ਮਾਮਲਾ ਨੇਪਾਲ ਸਰਕਾਰ ਕੋਲ ਉਠਾਇਆ ਗਿਆ। ਨੇਪਾਲ ਨੇ ਇਸ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਟੀਮ (ਐੱਸਆਈਟੀ) ਕਾਇਮ ਕੀਤੀ। ਪੜਤਾਲ ਦੌਰਾਨ ਇਹ ਤੱਥ ਸਾਹਮਣੇ ਆਇਆ ਕਿ ਮਿਸਟਰ ਮਾਰਕ ਦਾ ਸੈੱਲ (ਮੋਬਾਈਲ) ਨੰਬਰ ਜਾਅਲੀ ਸੀ। ਜਿਸ ਵੈੱਬਸਾਈਟ ਨਾਲ ਕਰਨਲ ਜ਼ਾਹਿਰ ਨੇ ਸੰਪਰਕ ਕੀਤਾ ਸੀ, ਉਹ ਭਾਰਤ ਵਿਚੋਂ ਚਲਾਇਆ ਜਾ ਰਿਹਾ ਸੀ। ਇਸੇ ਵਾਸਤੇ ਭਾਰਤ ਨੂੰ ਪੜਤਾਲ ਵਿਚ ਤਾਅਵੁੱਨ ਕਰਨ ਦੀ ਬੇਨਤੀ ਕੀਤੀ ਗਈ, ਪਰ ਅਜੇ ਤਕ ਸਹਿਯੋਗ ਨਹੀਂ ਮਿਲਿਆ। ਇਸੇ ਲਈ ਪਾਕਿਸਤਾਨ ਸਰਕਾਰ ਇਸ ਖ਼ਦਸ਼ੇ ਨੂੰ ਰੱਦ ਨਹੀਂ ਕਰ ਰਹੀ ਕਿ ਕਰਨਲ ਜ਼ਾਹਿਰ ਕਿਸੇ ‘ਵਿਰੋਧੀ’ ਏਜੰਸੀ ਦੇ ਕਬਜ਼ੇ ਵਿਚ ਹੈ।
* * *

ਨਿਰਮਾਣ ਖੇਤਰ ਦਾ ਨਿਘਾਰ
ਪਾਕਿਸਤਾਨੀ ਰੋਜ਼ਨਾਮਾ ‘ਐਕਸਪ੍ਰੈਸ ਟ੍ਰਿਬਿਊਨ’ ਅਨੁਸਾਰ ਭਾਰਤ ਤੇ ਚੀਨ ਵਾਂਗ ਪਾਕਿਸਤਾਨ ਦੇ ਨਿਰਮਾਣ ਖੇਤਰ ਵਿਚ ਵੀ ਨਿਘਾਰ ਦਾ ਰੁਝਾਨ ਬਾਦਸਤੂਰ ਜਾਰੀ ਹੈ ਜਿਸ ਕਾਰਨ ਗੈਰ-ਜਥੇਬੰਦਕ ਖੇਤਰ ਤੋਂ ਇਲਾਵਾ ਜਥੇਬੰਦਕ ਖੇਤਰ ਵਿਚ ਵੀ ਨੌਕਰੀਆਂ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਚਲੰਤ ਮਾਲੀ ਸਾਲ ਦੀ ਪਹਿਲੀ ਤਿਮਾਹੀ ਦੌਰਾਨ ਵੱਡੇ ਪੈਮਾਨੇ ਦੇ ਨਿਰਮਾਣ ਦੀ ਦਰ ਵਿਚ 3.28 ਫ਼ੀਸਦ ਦੀ ਕਮੀ ਦਰਜ ਕੀਤੀ ਗਈ। ਕਮੀ ਦਾ ਇਹ ਰੁਝਾਨ ਪਿਛਲੇ ਅੱਠ ਮਹੀਨਿਆਂ ਤੋਂ ਚੱਲ ਰਿਹਾ ਹੈ। ਅਖ਼ਬਾਰ ਅਨੁਸਾਰ ਪਿਛਲੇ ਮਾਲੀ ਸਾਲ (2018-19) ਵਾਸਤੇ ਨਿਰਮਾਣ ਖੇਤਰ ਦੀ ਵਿਕਾਸ ਦਰ ਦਾ ਟੀਚਾ 8.1 ਫ਼ੀਸਦੀ ਤੈਅ ਕੀਤਾ ਗਿਆ ਸੀ, ਪਰ ਅਸਲ ਦਰ 3.64 ਫ਼ੀਸਦੀ ਰਹੀ। ਚਲੰਤ ਮਾਲੀ ਸਾਲ ਦਾ ਟੀਚਾ ਘਟਾ ਕੇ ਸਿਰਫ਼ ਪੰਜ ਫ਼ੀਸਦੀ ਰੱਖਿਆ ਗਿਆ ਹੈ, ਇਸ ਦੇ ਬਾਵਜੂਦ ਇਹ ਪੂਰਾ ਹੋਣ ਦੀ ਸੰਭਾਵਨਾ ਨਜ਼ਰ ਨਹੀਂ ਆਉਂਦੀ। 2019-20 ਦੇ ਪਹਿਲੇ ਚਾਰ ਮਹੀਨਿਆਂ ਦੌਰਾਨ ਔਸਤ ਦਰ 3.1 ਫ਼ੀਸਦੀ ਤੋਂ ਉਪਰ ਨਹੀਂ ਜਾ ਸਕੀ। ਸਾਰੇ ਵੱਡੇ ਸਨਅਤੀ ਤੇ ਪੈਦਾਵਾਰੀ ਸ਼ੋਅਬਿਆਂ, ਖ਼ਾਸ ਕਰਕੇ ਖ਼ੁਰਾਕੀ ਵਸਤਾਂ, ਕੱਪੜਾ, ਦਵਾਈਆਂ, ਰਸਾਇਣਾਂ ਤੇ ਖਾਦਾਂ, ਚਮੜਾ, ਲੋਹਾ ਤੇ ਇਸਪਾਤ ਆਦਿ ਵਿਚ ਕਾਮਿਆਂ ਦੀ ਵੱਡੇ ਪੱਧਰ ’ਤੇ ਛਾਂਟੀ ਦਾ ਖ਼ਤਰਾ ਪੈਦਾ ਹੋ ਗਿਆ ਹੈ।
* * *

ਪੁਲਾੜ ਪ੍ਰੋਗਰਾਮ ਬਾਰੇ ਨਸੀਹਤ
ਭਾਰਤ ਦੇ ਚੰਦਰਯਾਨ ਮਿਸ਼ਨ ਦੀ ਪਾਕਿਸਤਾਨੀ ਸਰਕਾਰੀ ਹਲਕਿਆਂ ਵੱਲੋਂ ਖਿੱਲੀ ਉਡਾਈ ਜਾਣੀ ਭਾਵੇਂ ਅਜੇ ਵੀ ਜਾਰੀ ਹੈ, ਫਿਰ ਵੀ ਆਮ ਲੋਕਾਂ ਵਿਚ ਭਾਰਤੀ ਪੁਲਾੜ ਵਿਗਿਆਨਕ ਪ੍ਰਾਪਤੀਆਂ ਬਾਰੇ ਜਗਿਆਸਾ ਵਧੀ ਹੈ। ਟਵਿੱਟਰ ਜਗਤ ਵਿਚ ਇਹ ਬਹਿਸ ਜਾਰੀ ਹੈ ਕਿ ਪਾਕਿਸਤਾਨ ਦੇ ਪੁਲਾੜ ਪ੍ਰੋਗਰਾਮ ਨੂੰ ਹੁਲਾਰਾ ਦਿੱਤਾ ਜਾਣਾ ਚਾਹੀਦਾ ਹੈ ਜਾਂ ਨਹੀਂ। ਇਹ ਵੀ ਚਰਚਾ ਸ਼ੁਰੂ ਹੋ ਗਈ ਹੈ ਕਿ ਪਾਕਿਸਤਾਨ ਨੂੰ ਪੁਲਾੜ ਪ੍ਰੋਗਰਾਮ ਦੀ ਲੋੜ ਵੀ ਹੈ ਜਾਂ ਨਹੀਂ। ਇਸੇ ਪ੍ਰਸੰਗ ਵਿਚ ਰੋਜ਼ਨਾਮਾ ‘ਡਾਅਨ’ ਵਿਚ ਛਪਿਆ ਯਜਨ ਅਬਦੁਲ ਸਮਦ ਦਾ ਲੇਖ ‘ਆਓ ਪੁਲਾੜ ਵੱਲ ਚਲੀਏ, ਪਰ ਸਹਿਜ ਨਾਲ’ ਬੜਾ ਵਿਵੇਕਪੂਰਨ ਹੈ। ਲੇਖ ਅਨੁਸਾਰ ਪੁਲਾੜ ਪ੍ਰੋਗਰਾਮ ਕਿਸੇ ਵੀ ਤਰ੍ਹਾਂ ਦੀ ਫ਼ਜ਼ੂਲਖਰਚੀ ਨਹੀਂ। ਇਹ ਵੱਖ ਵੱਖ ਵਾਤਾਵਰਨਾਂ, ਵੱਖ ਵੱਖ ਗੈਸਾਂ ਅਤੇ ਸੌਰ ਤੇ ਵਾਤਾਵਰਣਕ ਊਰਜਾ ਬਾਰੇ ਨਵੀਂ ਜਾਣਕਾਰੀ ਗ੍ਰਹਿਣ ਕਰਨ ਅਤੇ ਉਸ ਜਾਣਕਾਰੀ ਦੀ ਸਾਡੀ ਧਰਤੀ ’ਤੇ ਅਮਲੀ ਰੂਪ ਵਿਚ ਵਰਤੋਂ ਦਾ ਬਿਹਤਰੀਨ ਵਸੀਲਾ ਹੈ। ਇਸ ਲਈ ਇਸ ਖੇਤਰ ਨਾਲ ਜੁੜੀ ਟੈਕਨਾਲੋਜੀ ਦੇ ਵਿਕਾਸ ਲਈ ਪਾਕਿਸਤਾਨ ਨੂੰ ਵੱਧ ਸਰਗਰਮ ਤੇ ਆਤਮ-ਨਿਰਭਰ ਹੋਣਾ ਚਾਹੀਦਾ ਹੈ। ਉਸ ਨੂੰ ਇਸ ਪੱਖੋਂ ਭਾਰਤੀ ਪੁਲਾੜ ਖੋਜ ਏਜੰਸੀ ‘ਇਸਰੋ’ ਦੇ ਨਮੂੁਨੇ ਤੋਂ ਪ੍ਰੇਰਨਾ ਲੈਣ ਵਿਚ ਝਿਜਕ ਮਹਿਸੂਸ ਨਹੀਂ ਕਰਨੀ ਚਾਹੀਦੀ। ਕੌਮੀ ਗੌਰਵ ਦੇ ਨਾਮ ਉੱਤੇ ਭਾਰਤ ਤੋਂ ਅੱਗੇ ਨਿਕਲਣ ਦੀ ਹੋੜ ਤੋਂ ਉੱਕਾ ਹੀ ਗੁਰੇਜ਼ ਕੀਤਾ ਜਾਣਾ ਚਾਹੀਦਾ ਹੈ। ਪਹਿਲਾਂ ਸਿਰਫ਼ ਛੋਟੇ ਛੋਟੇ ਕਦਮਾਂ ਤਕ ਹੀ ਸੀਮਤ ਰਿਹਾ ਜਾਣਾ ਚਾਹੀਦਾ ਹੈ। ਚੀਨ ਜਾਂ ਕਿਸੇ ਹੋਰ ਮਿੱਤਰ ਮੁਲਕ ਤੋਂ ਮਦਦ ਲੈਣੀ ਬੁਰੀ ਗੱਲ ਨਹੀਂ, ਪਰ ਉਨ੍ਹਾਂ ਦੀ ਟੈਕਨਾਲੋਜੀ ਦਾ ਗ਼ੁਲਾਮ ਬਣਨ ਦੀ ਥਾਂ ਆਪਣੀ ਟੈਕਨਾਲੋਜੀ ਵਿਕਸਿਤ ਕਰਨੀ ਵੱਧ ਫ਼ਲਦਾਇਕ ਤੇ ਵੱਧ ਬਰਕਤੀ ਸਾਬਤ ਹੋਵੇਗੀ। ਪੁਲਾੜ ਵਿਗਿਆਨ ਬਹੁ-ਵੰਨਗੀ ਤੇ ਬਹੁਧਾਰਾਈ ਵਿਗਿਆਨ ਹੈ। ਸਾਨੂੰ ਇਸ ਨਾਲ ਜੁੜੀਆਂ ਸਾਰੀਆਂ ਧਾਰਾਵਾਂ ਅੰਦਰਲੀ ਪ੍ਰਤਿਭਾ ਦੀ ਸਹੀ ਸ਼ਨਾਖ਼ਤ ਕਰਨ ਅਤੇ ਫਿਰ ਇਸ ਪ੍ਰਤਿਭਾ ਨੂੰ ਫਲਣ-ਫੁਲਣ ਦੇ ਸਹੀ ਮੌਕੇ ਦੇਣ ਦੀ ਲੋੜ ਹੈ। ਲੇਖ ਅਨੁਸਾਰ ‘‘ਪੁਲਾੜ ਦੇ ਖੇਤਰ ਵਿਚ ਪ੍ਰਾਪਤੀਆਂ ਦੀ ਆਭਾ ਮਿਜ਼ਾਈਲ ਟੈਕਨਾਲੋਜੀ ਦੇ ਸ਼ੋਅਬੇ ਦੀਆਂ ਪ੍ਰਾਪਤੀਆਂ ਤੋਂ ਕਿਤੇ ਵੱਧ ਉੱਤਮ ਹੈ। ਇਸ ਆਭਾ ਨੂੰ ਸਿਰਫ਼ ਆਤਮ-ਨਿਰਭਰਤਾ ਦੇ ਸਿਧਾਂਤ ਰਾਹੀਂ ਹੀ ਗ੍ਰਹਿਣ ਕੀਤਾ ਜਾ ਸਕਦਾ ਹੈ, ਉਧਾਰ ਦੀ ਸੂਝ ਜਾਂ ਗਿਆਨ ਨਾਲ ਨਹੀਂ।’’
* * *

ਮਿ੍ਰਤਕ ਬੱਚੇ ਦੇ ਪਰਿਵਾਰ ਨੂੰ ਦਿਲਾਸਾ ਦਿੰਦੇ ਹੋਏ ਮੁੱਖ ਮੰਤਰੀ ਉਸਮਾਨ ਬੁਜ਼ਦਾਰ।

ਕਹਿਰ ਤੇ ਨਾਅਹਿਲੀਅਤ
ਸੂਬਾ ਪੰਜਾਬ ਦੇ ਕਸੂਰ ਜ਼ਿਲ੍ਹੇ ਦੇ ਚੂੰਨੀਆ ਇਲਾਕੇ ਵਿਚ ਬੱਚਿਆਂ ਨਾਲ ਬਦਫ਼ੈਲੀ ਤੇ ਹੱਤਿਆਵਾਂ ਦੇ ਮਾਮਲਿਆਂ ਨੇ ਲੋਕ ਰੋਹ ਭਖਾ ਦਿੱਤਾ ਹੈ। ਇਸ ਨੂੰ ਸ਼ਾਂਤ ਕਰਨ ਅਤੇ ਸਥਿਤੀ ਦਾ ਜਾਇਜ਼ਾ ਲੈਣ ਵਾਸਤੇ ਸੂਬਾਈ ਵਜ਼ੀਰ-ਏ-ਆਲ੍ਹਾ (ਮੁੱਖ ਮੰਤਰੀ) ਸਰਦਾਰ ਉਸਮਾਨ ਬੁਜ਼ਦਾਰ ਨੇ ਚੂੰਨੀਆ ਇਲਾਕੇ ਦਾ ਦੌਰਾ ਕੀਤਾ। ਅੰਗਰੇਜ਼ੀ ਰੋਜ਼ਨਾਮਾ ‘ਦਿ ਨੇਸ਼ਨ’ ਦੀ ਖ਼ਬਰ ਅਨੁਸਾਰ ਸਰਦਾਰ ਬੁਜ਼ਦਾਰ ਨੇ ਬਦਫ਼ੈਲੀ ਤੇ ਕਤਲਾਂ ਦੇ ਦੋਸ਼ੀਆਂ ਬਾਰੇ ਸੂਹ ਦੇਣ ਵਾਲਿਆਂ ਨੂੰ ਪੰਜਾਹ ਲੱਖ ਰੁਪਏ ਤੱਕ ਦੇ ਇਨਾਮ ਦੇਣ ਦਾ ਇਕਰਾਰ ਕੀਤਾ। ਉਨ੍ਹਾਂ ਨੇ ਇਨ੍ਹਾਂ ਦੋਸ਼ੀਆਂ ਨੂੰ ਜਨਤਕ ਤੌਰ ’ਤੇ ਫਾਂਸੀ ਦੇਣ ਦਾ ਵਾਅਦਾ ਵੀ ਕੀਤਾ। ਖ਼ਬਰ ਮੁਤਾਬਿਕ ਕਸੂਰ ਵਿਚ ਪਿਛਲੇ 75 ਦਿਨਾਂ ਦੌਰਾਨ ਅੱਠ ਤੋਂ ਬਾਰ੍ਹਾਂ ਸਾਲ ਦੀ ਉਮਰ ਦੇ ਚਾਰ ਮੁੰਡੇ ਵੱਖ ਵੱਖ ਦਿਨਾਂ ਨੂੰ ਗਾਇਬ ਹੋਏ। ਉਨ੍ਹਾਂ ਵਿਚੋਂ ਤਿੰਨ ਦੀਆਂ ਲਾਸ਼ਾਂ ਪਿਛਲੇ ਦਿਨੀਂ ਬਰਾਮਦ ਹੋਈਆਂ। ਤਿੰਨਾਂ ਵਿਚੋਂ ਇਕ ਲਾਸ਼ ਸਾਬਤੀ-ਸਬੂਤੀ ਸੀ, ਬਾਕੀ ਦੋ ਲਾਸ਼ਾਂ ਵੱਢੀਆਂ-ਟੁੱਕੀਆਂ ਸਨ। ਚੌਥੇ ਮੁੰਡੇ ਦੀ ਲਾਸ਼ ਅਜੇ ਤਕ ਨਹੀਂ ਮਿਲੀ। ਪੋਸਟ ਮਾਰਟਮ ਰਿਪੋਰਟਾਂ ਅਨੁਸਾਰ ਬੱਚਿਆਂ ਨੂੰ ਬਦਫ਼ੈਲੀ ਦਾ ਸ਼ਿਕਾਰ ਬਣਾਇਆ ਗਿਆ। ਬੁਜ਼ਦਾਰ ਨੇ ਪੁਲੀਸ ਨੂੰ ਅਲਟੀਮੇਟਮ ਦਿੱਤਾ ਹੈ ਕਿ ਉਹ ਸੱਤ ਦਿਨਾਂ ਦੇ ਅੰਦਰ ਕੋਈ ਨਤੀਜਾ ਸਾਹਮਣੇ ਲਿਆਵੇ।
– ਪੰਜਾਬੀ ਟ੍ਰਿਬਿਊਨ ਫੀਚਰ


Comments Off on ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.