ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    ਕਾਂਗਰਸ ਨੂੰ ਅਗਵਾਈ ਦਾ ਮਸਲਾ ਤੁਰੰਤ ਨਜਿੱਠਣ ਦੀ ਲੋੜ: ਥਰੂਰ !    ਗਰੀਨ ਕਾਰਡ: ਅਮਰੀਕਾ ਵਿੱਚ ਲਾਗੂ ਹੋਿੲਆ ਨਵਾਂ ਕਾਨੂੰਨ !    

ਮਾਂ-ਬੋਲੀ ਪੰਜਾਬੀ

Posted On September - 22 - 2019

ਸਵਰਾਜਬੀਰ

ਕਿਸੇ ਬੋਲੀ ਦਾ ਦੂਸਰੀ ਬੋਲੀ ਨਾਲ ਕੋਈ ਝਗੜਾ ਨਹੀਂ ਹੁੰਦਾ। ਪੁਰਾਣੇ ਸਮਿਆਂ ਤੋਂ ਮੱਧ ਏਸ਼ੀਆ, ਯੂਨਾਨ, ਇਰਾਨ, ਇਰਾਕ, ਅਫ਼ਗ਼ਾਨਿਸਤਾਨ ਅਤੇ ਹੋਰ ਖ਼ਿੱਤਿਆਂ ਤੋਂ ਲੋਕ ਪੰਜਾਬ ਵਿਚ ਆ ਕੇ ਵੱਸਦੇ ਰਹੇ। ਅਜੋਕੇ ਸਮਿਆਂ ਵਿਚ ਕਸ਼ਮੀਰ, ਬਿਹਾਰ, ਉੱਤਰ ਪ੍ਰਦੇਸ਼ ਤੇ ਹੋਰ ਪ੍ਰਾਂਤਾਂ ਦੇ ਲੋਕ ਪੰਜਾਬ ਵਿਚ ਆ ਵੱਸੇ। ਇਨ੍ਹਾਂ ਲੋਕਾਂ ਨੇ ਪੰਜਾਬੀ ਭਾਸ਼ਾ ਨੂੰ ਅਪਣਾਇਆ। ਪੰਜਾਬੀ ਅਸਾਮ, ਬੰਗਾਲ, ਬਿਹਾਰ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਬਾਹਰਲੇ ਦੇਸ਼ਾਂ ਵਿਚ ਜਾ ਵੱਸੇ ਤੇ ਉਨ੍ਹਾਂ ਨੇ ਉਨ੍ਹਾਂ ਇਲਾਕਿਆਂ ਤੇ ਦੇਸ਼ਾਂ ਦੀਆਂ ਭਾਸ਼ਾਵਾਂ ਸਿੱਖ ਲਈਆਂ। ਇਸ ਤਰ੍ਹਾਂ ਲੋਕਾਂ ਦਾ ਇਕ ਥਾਂ ਤੋਂ ਦੂਸਰੀ ਥਾਂ ’ਤੇ ਜਾ ਵੱਸਣਾ ਅਤੇ ਉਸ ਖ਼ਿੱਤੇ ਦੀ ਭਾਸ਼ਾ ਸਿੱਖ ਲੈਣਾ ਇਤਿਹਾਸਕ ਵਰਤਾਰਾ ਹੈ ਅਤੇ ਇਸ ਸਬੰਧ ਵਿਚ ਕਦੇ ਵੀ ਜ਼ੋਰ-ਜ਼ਬਰਦਸਤੀ ਨਹੀਂ ਕੀਤੀ ਗਈ।
ਬੋਲੀ/ਭਾਸ਼ਾ ਇਕ ਦਿਨ ਵਿਚ ਨਹੀਂ ਬਣ ਜਾਂਦੀ। ਇਹ ਕਿਸੇ ਖ਼ਿੱਤੇ ਵਿਚ ਵਸਦੇ ਲੋਕਾਂ ਦੀ ਸਦੀਆਂ ਦੀ ਸਮੂਹਿਕ ਮਾਨਸਿਕ ਸਾਧਨਾ ਰਾਹੀਂ ਹੋਂਦ ਵਿਚ ਆਉਂਦੀ ਹੈ। ਇਹ ਸਿਰਫ਼ ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਗੱਲਬਾਤ ਕਰਨ ਦਾ ਸਾਧਨ ਹੀ ਨਹੀਂ ਹੁੰਦੀ ਸਗੋਂ ਲੋਕ-ਗੀਤਾਂ, ਬਾਤਾਂ ਤੇ ਸਾਹਿਤਕ ਕਿਰਤਾਂ ਰਾਹੀਂ ਉਸ ਇਲਾਕੇ ਦੇ ਜਨ-ਜੀਵਨ ਨੂੰ ਨਵੀਂ ਊਰਜਾ ਵੀ ਦਿੰਦੀ ਹੈ। ਸ਼ਬਦ ਅਰਸ਼ਾਂ ਤੋਂ ਨਹੀਂ ਉਤਰਦੇ ਸਗੋਂ ਕਿਰਤ ਕਰਦੇ ਔਰਤਾਂ ਤੇ ਮਰਦਾਂ ਵਿਚ ਆਪਸੀ ਸੰਚਾਰ ਦੀ ਲੋੜ ’ਚੋਂ ਪੈਦਾ ਹੁੰਦੇ ਹਨ। ਮਰਦ ਤੇ ਔਰਤ ਵਿਚਲੇ ਆਪਸੀ ਰਿਸ਼ਤੇ, ਬਿਰਹਾ ਤੇ ਮਿਲਣ ਦੀਆਂ ਘੜੀਆਂ, ਪਿਆਰਿਆਂ ਦੀਆਂ ਉਡੀਕਾਂ ਤੇ ਤਾਂਘਾਂ, ਭੈਣਾਂ-ਭਰਾਵਾਂ ਵਿਚਲਾ ਪਿਆਰ, ਮਾਵਾਂ ਤੇ ਧੀਆਂ-ਪੁੱਤਾਂ ਵਿਚਲਾ ਮੋਹ, ਦਾਦਿਆਂ/ਪਿਓਆਂ ਤੇ ਸੰਤਾਨ ਵਿਚਲੇ ਡੂੰਘੇ ਸਨੇਹ ਦੇ ਨਾਤੇ ਬੋਲੀ ਦੀ ਨੁਹਾਰ ਘੜਦੇ ਹਨ। ਜ਼ੁਲਮ ਵਿਰੁੱਧ ਲੜਦੇ ਹੋਏ ਲੋਕ, ਆਪਣੇ ਦੁੱਖਾਂ, ਸੰਘਰਸ਼ਾਂ ਤੇ ਜਿੱਤਾਂ-ਹਾਰਾਂ ਦੀਆਂ ਵਾਰਾਂ ਲਿਖਦੇ ਹਨ। ਕਵੀ, ਢਾਡੀ, ਅਫ਼ਸਾਨਾਨਿਗਾਰ, ਨਾਵਲਕਾਰ, ਗ਼ਲਪ ਲੇਖਕ, ਨਾਟਕਕਾਰ, ਭਾਸ਼ਾ ਮਾਹਿਰ ਆਦਿ ਉਸ ਦੇ ਨੈਣ-ਨਕਸ਼ਾਂ ਨੂੰ ਤਿੱਖਾ ਕਰਦੇ ਹਨ। ਪੰਜਾਬੀ ਬੋਲੀ ਵੀ ਏਦਾਂ ਹੀ ਹੋਂਦ ਵਿਚ ਆਈ ਹੈ।
ਮੱਧਕਾਲੀਨ ਸਮਿਆਂ ਦੇ ਉੱਘੇ ਵਿਦਵਾਨ, ਹਿਸਾਬਦਾਨ ਤੇ ਤਾਰਾ ਵਿਗਿਆਨੀ ਅਲਬਰੂਨੀ ਨੇ 11ਵੀਂ ਸਦੀ ਵਿਚ ਆਪਣੀ ਯਾਤਰਾ ਦੌਰਾਨ ਪੰਜਾਬ ਵਿਚ ਬੋਲੀਆਂ ਜਾ ਰਹੀਆਂ ਭਾਸ਼ਾਵਾਂ ਨੂੰ ਮੁੱਖ ਸ਼ਹਿਰਾਂ ਦੇ ਨਾਂ ਉੱਤੇ ਲਾਹੌਰੀ ਤੇ ਮੁਲਤਾਨੀ ਆਖਿਆ ਤੇ ਤਿੰਨ ਲਿਪੀਆਂ- ਅਰਧ-ਨਾਗਰੀ, ਸਿੱਧ ਮਾਤ੍ਰਕਾ ਤੇ ਭੱਟ-ਅੱਛਰੀ ਦਾ ਜ਼ਿਕਰ ਕੀਤਾ। ਡਾ. ਪਰਮਿੰਦਰ ਸਿੰਘ, ਕਿਰਪਾਲ ਸਿੰਘ ਕਸੇਲ ਅਤੇ ਗੋਬਿੰਦ ਸਿੰਘ ਲਾਂਬਾ ਅਨੁਸਾਰ ਸਿੱਧ ਮਾਤ੍ਰਕਾ ਤੇ ਭੱਟ-ਅੱਛਰੀ ਗੁਰਮਖੀ ਤੋਂ ਪਹਿਲਾਂ ਦੀਆਂ ਲਿਪੀਆਂ ਹਨ ਅਤੇ ਵਿਦਵਾਨਾਂ ਅਨੁਸਾਰ ਸਿੱਧਮ ਜਾਂ ਸਿੱਧ ਮਾਤ੍ਰਕਾ ਗੁਰਮੁਖੀ ਦਾ ਪੁਰਾਣਾ ਨਾਂ ਹੈ ਜਿਸ ਨੂੰ ਗੁਰੂ ਅੰਗਦ ਦੇਵ ਜੀ ਨੇ ਸੋਧ ਕੇ ਵਰਤੋਂ ਵਿਚ ਲਿਆਂਦਾ। ਪੁਰਾਣੇ ਸਮਿਆਂ ਵਿਚ ਬੋਲਚਾਲ ਦੀ ਭਾਸ਼ਾ ਨੂੰ ਪ੍ਰਾਕ੍ਰਿਤ ਕਿਹਾ ਜਾਂਦਾ ਸੀ ਅਤੇ ਜਦ ਆਮ ਲੋਕਾਂ ਦੁਆਰਾ ਬੋਲੀ ਜਾਂਦੀ ਬੋਲੀ ਵਿਚ ਸਾਹਿਤ ਦੀ ਰਚਨਾ ਹੋਣ ਲੱਗੀ ਤਾਂ ਉਸ ਵੇਲੇ ਵੱਖ ਵੱਖ ਤਰ੍ਹਾਂ ਦੀਆਂ ਅਪਭ੍ਰੰਸ਼ਾਂ (ਸ਼ੌਰਸੇਨੀ, ਕੈਕਈ, ਪਿਸ਼ਾਚੀ ਅਤੇ ਵ੍ਰਾਚਡ ਆਦਿ) ਦਾ ਜ਼ਿਕਰ ਮਿਲਦਾ ਹੈ। ਸ਼ੇਖ ਫ਼ਰੀਦ ਟਕਸਾਲੀ ਪੰਜਾਬੀ ਵਿਚ ਸਲੋਕ ਕਹਿਣ ਵਾਲੇ ਪਹਿਲੇ ਸ਼ਾਇਰ ਮੰਨੇ ਜਾਂਦੇ ਹਨ ਪਰ ਉਨ੍ਹਾਂ ਤੋਂ ਪਹਿਲਾਂ ਮਸੂਦ, ਮੁੱਲਾ ਦਾਊਦ, ਅਦਹਮਾਨ, ਗੋਰਖ ਨਾਥ, ਚਰਪਟ ਨਾਥ, ਚੋਰੰਗੀ ਨਾਥ ਤੇ ਹੋਰ ਨਾਥ-ਜੋਗੀਆਂ ਦਾ ਜ਼ਿਕਰ ਆਉਂਦਾ ਹੈ।
ਪੁਰਾਣੇ ਸਮਿਆਂ ਵਿਚ ਪੰਜਾਬ ਨੂੰ ‘ਸਪਤ ਸਿੰਧੂ’ ਤੇ ‘ਪੰਚ ਨਦ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਅਤੇ ਇਸ ਦੇ ਵੱਖ ਵੱਖ ਇਲਾਕੇ ਸਿੰਧੂ, ਸੌਵੀਰ, ਮਦਰ ਦੇਸ, ਕੈਕਈ ਪ੍ਰਦੇਸ਼, ਉਸ਼ੀਨਰ, ਤ੍ਰਿਗਰਤ ਆਦਿ ਵਜੋਂ ਮਸ਼ਹੂਰ ਹੋਏ। ਲਿਖਤ ਸਾਹਿਤ ਵਿਚ ‘ਪੰਜਾਬ’ ਸ਼ਬਦ ਪਹਿਲੀ ਵਾਰ ਅਮੀਰ ਖੁਸਰੋ ਨੇ ਵਰਤਿਆ ਅਤੇ ਬਾਅਦ ਵਿਚ ਭਾਈ ਗੁਰਦਾਸ ਨੇ। ਪਹਿਲਾਂ ਸਾਡੇ ਸ਼ਾਇਰ ਆਪਣੀ ਬੋਲੀ ਨੂੰ ਹਿੰਦੀ, ਹਿੰਦਕੀ ਜਾਂ ਹਿੰਦਵੀ ਕਹਿੰਦੇ ਸਨ। ਹਾਫ਼ਿਜ਼ ਬਰਖੁਰਦਾਰ ਪਹਿਲਾ ਕਿੱਸਾਕਾਰ ਹੈ ਜੋ ਆਪਣੀ ਬੋਲੀ ਨੂੰ ਪੰਜਾਬੀ ਬੋਲੀ ਕਹਿ ਕੇ ਪਛਾਣ ਕਰਾਉਂਦਾ ਹੈ। ਗੁਰੂ ਨਾਨਕ ਦੇਵ ਜੀ ਅਤੇ ਹੋਰ ਸਿੱਖ ਗੁਰੂਆਂ, ਸ਼ਾਹ ਹੁਸੈਨ, ਸੁਲਤਾਨ ਬਾਹੂ, ਵਾਰਿਸ ਸ਼ਾਹ, ਬੁੱਲ੍ਹੇ ਸ਼ਾਹ, ਦਮੋਦਰ ਆਦਿ ਨੇ ਬੋਲੀ ਦੇ ਨੈਣ-ਲਕਸ਼ ਘੜੇ ਅਤੇ ਇਸ ਨੂੰ ਉੱਚ ਦਰਜੇ ਦੀ ਸਾਹਿਤਕ ਬੋਲੀ ਬਣਾ ਦਿੱਤਾ।
ਇਤਿਹਾਸਕ ਤੌਰ ’ਤੇ ਪੰਜਾਬ ਬਹੁ-ਭਾਸ਼ੀ ਖ਼ਿੱਤਾ ਰਿਹਾ ਹੈ। ਇੱਥੋਂ ਦੇ ਲੇਖਕ ਤੇ ਚਿੰਤਕ ਸੰਸਕ੍ਰਿਤ, ਬ੍ਰਿਜ, ਫ਼ਾਰਸੀ, ਖੜ੍ਹੀ ਬੋਲੀ, ਉਰਦੂ ਤੇ ਪੰਜਾਬੀ ਵਿਚ ਲਿਖਦੇ ਰਹੇ। ਸ਼ੇਖ ਫ਼ਰੀਦ ਨੇ ਫ਼ਾਰਸੀ ਤੇ ਪੰਜਾਬੀ ਵਿਚ ਕਲਾਮ ਕਿਹਾ। ਗੁਰੂ ਨਾਨਕ ਦੇਵ ਜੀ ਨੇ ਪੰਜਾਬੀ ਦੇ ਨਾਲ ਸਾਧ ਭਾਸ਼ਾ, ਫ਼ਾਰਸੀ, ਅਰਬੀ, ਬ੍ਰਿਜ ਤੇ ਖੜ੍ਹੀ ਬੋਲੀ ਦੀ ਵਰਤੋਂ ਕੀਤੀ। ਗੁਰੂ ਗੋਬਿੰਦ ਸਿੰਘ ਨੇ ਪੰਜਾਬੀ, ਬ੍ਰਿਜ ਤੇ ਫ਼ਾਰਸੀ ਵਿਚ ਰਚਨਾ ਕੀਤੀ। ਸੁਲਤਾਨ ਬਾਹੂ, ਸ਼ਾਹ ਹੁਸੈਨ, ਹਾਫ਼ਿਜ਼ ਬਰਖੁਰਦਾਰ ਅਤੇ ਹੋਰ ਸ਼ਾਇਰ ਪੰਜਾਬੀ ਦੇ ਨਾਲ ਫ਼ਾਰਸੀ ਤੇ ਅਰਬੀ ਭਾਸ਼ਾ ਦੇ ਵਿਦਵਾਨ ਵੀ ਸਨ। ਪੰਜਾਬ ਵਿਚ ਬ੍ਰਿਜ ਵਿਚ ਕਵਿਤਾ ਤੇ ਗ਼ਲਪ ਲਿਖਣ ਦੀ ਪਰੰਪਰਾ ਲੰਮੀ ਦੇਰ ਤਕ ਰਹੀ। ਆਧੁਨਿਕ ਪੰਜਾਬੀ ਸਾਹਿਤ ਦੇ ਮੋਢੀਆਂ ਵਿਚੋਂ ਭਾਈ ਵੀਰ ਸਿੰਘ, ਪੂਰਨ ਸਿੰਘ, ਪ੍ਰੋਫ਼ੈਸਰ ਮੋਹਨ ਸਿੰਘ, ਫੀਰੋਜ਼ਦੀਨ ਸ਼ਰਫ਼, ਧਨੀ ਰਾਮ ਚਾਤ੍ਰਿਕ, ਸੰਤ ਸਿੰਘ ਸੇਖੋਂ, ਗੁਰਬਖਸ਼ ਸਿੰਘ ਅਤੇ ਹੋਰ ਲੇਖਕ ਪੰਜਾਬੀ ਤੋਂ ਇਲਾਵਾ ਦੂਸਰੀਆਂ ਭਾਸ਼ਾਵਾਂ ਦੇ ਵਿਦਵਾਨ ਵੀ ਸਨ।
ਪਿਛਲੇ ਦਿਨਾਂ ਵਿਚ ਹਿੰਦੀ ਤੇ ਪੰਜਾਬੀ ਭਾਸ਼ਾ ਦੇ ਵਿਦਵਾਨਾਂ ਦਾ ਆਪਸੀ ਟਕਰਾਓ ਚਰਚਾ ਦਾ ਵਿਸ਼ਾ ਰਿਹਾ ਹੈ। ਅੱਜ ਹਿੰਦੀ ਨੂੰ ਸੱਤਾ ਦੀ ਹਮਾਇਤ ਹਾਸਲ ਹੈ ਅਤੇ ਇਸ ਨੂੰ ਰਾਸ਼ਟਰ ਭਾਸ਼ਾ ਵਜੋਂ ਪੇਸ਼ ਕੀਤਾ ਜਾਂਦਾ ਹੈ ਜੋ ਸੰਵਿਧਾਨਕ ਤੌਰ ’ਤੇ ਗ਼ਲਤ ਹੈ। ਸੰਵਿਧਾਨ ਵਿਚ ਰਾਸ਼ਟਰ ਭਾਸ਼ਾ ਦਾ ਕੋਈ ਸੰਕਲਪ ਨਹੀਂ। ਸੰਵਿਧਾਨ ਦੇ ਅੱਠਵੇਂ ਅਧਿਆਏ (ਸ਼ਡਿਊਲ) ਵਿਚ ਹੁਣ 22 ਭਾਸ਼ਾਵਾਂ ਹਨ ਜਿਨ੍ਹਾਂ ਨੂੰ ਸਰਕਾਰੀ ਭਾਸ਼ਾਵਾਂ ਕਿਹਾ ਗਿਆ ਹੈ। ਸਾਰੀਆਂ ਭਾਸ਼ਾਵਾਂ ਬਰਾਬਰ ਹਨ। ਪੰਜਾਬੀ ਦੇ ਮੁਕਾਬਲੇ ਹਿੰਦੀ ਨੂੰ ਉੱਚਾ ਵਿਖਾਉਣ ਵਾਲੇ ਵਿਦਵਾਨਾਂ ਦੀ ਮਾਨਸਿਕਤਾ ਉਸ ਫ਼ਿਰਕਾਪ੍ਰਸਤੀ ਨੂੰ ਪੇਸ਼ ਕਰਦੀ ਹੈ ਜਿਸ ਦੇ ਬੀਜ ਅੰਗਰੇਜ਼ ਬਸਤੀਵਾਦੀਆਂ ਨੇ ਸਾਡੇ ਮਨਾਂ ਵਿਚ ਬੀਜੇ। ਉਨ੍ਹਾਂ ਦੀ ਯਾਦਦਾਸ਼ਤ ਨੂੰ ਤਰੋ-ਤਾਜ਼ਾ ਕਰਨ ਲਈ ਕੁਝ ਵਿਦਵਾਨਾਂ ਦੇ ਵਿਚਾਰ ਪੇਸ਼ ਕੀਤੇ ਜਾ ਰਹੇ ਹਨ।
ਮਸ਼ਹੂਰ ਭਾਸ਼ਾ ਵਿਗਿਆਨੀ ਡਾਕਟਰ ਸੁਨੀਤੀ ਕੁਮਾਰ ਚੈਟਰਜੀ ਨੇ ਪੰਜਾਬੀ ਭਾਸ਼ਾ ਦੀ ਪੁਰਾਤਨਤਾ ਬਾਰੇ ਲਿਖਦਿਆਂ ਕਿਹਾ ਹੈ, ‘‘ਕੁਝ ਗੱਲਾਂ ਵਿਚ ਹਿੰਦੀ ਪੰਜਾਬੀ ਤੋਂ ਪ੍ਰਭਾਵਿਤ ਹੈ… ਇਸ (ਉਚਾਰਣ ਦੇ) ਪੱਖ ਤੋਂ ਪੰਜਾਬੀ ਦੀ ਅਗਵਾਈ ਤੇ ਸ੍ਰੇਸ਼ਟਤਾ ਸੁੱਤੇ-ਸਿੱਧ ਹੀ ਮੰਨੀ ਜਾਂਦੀ ਰਹੀ ਹੈ; ਇਸੇ ਲਈ ਹੀ ਪੰਜਾਬੀ ਢੰਗ ਦਾ ਉਚਾਰਣ ਸ਼ੋਭਨੀਕ ਸਮਝਿਆ ਜਾਂਦਾ ਰਿਹਾ ਹੈ।’’ ਡਾਕਟਰ ਵਿਦਿਆ ਭਾਸਕਰ ਅਨੁਸਾਰ, ‘‘ਹਿੰਦੀ ਦਾ ਅਜੋਕਾ ਰੂਪ ਬਣਾਉਣ ਵਿਚ ਪੰਜਾਬੀ ਦਾ ਹੱਥ ਪ੍ਰਤੱਖ ਦਿਸਦਾ ਹੈ। ਹਿੰਦੀ ਦੇ ਆਮ ਵਰਤੋਂ ਦੇ ਅਨੇਕਾਂ ਸ਼ਬਦ ਸਬ, ਕਲ, ਸਚ, ਲਗਨਾ, ਲੰਬਾ, ਬਿੱਛੂ, ਬਿਜਲੀ, ਪੱਕਾ, ਅੱਛਾ ਆਦਿ ਜਾਂ ਤਾਂ ਪੰਜਾਬੀ ਦੇ ਪ੍ਰਭਾਵ ਥੱਲੇ ਬਣੇ ਹਨ, ਜਾਂ ਪੰਜਾਬੀ ਰੂਪ ਹੀ ਹਿੰਦੀ ਉੱਤੇ ਥੱਪੇ ਗਏ ਹਨ।… ਮੁੱਕਦੀ ਗੱਲ ਹਿੰਦੀ ਨੇ ਕਈ ਵਿਸ਼ੇਸ਼ਤਾਵਾਂ ਪੰਜਾਬੀ ਤੋਂ ਹੀ ਲਈਆਂ ਹਨ।’’ ਸੰਸਕ੍ਰਿਤ ਅਤੇ ਪ੍ਰਾਕ੍ਰਿਤ ਦੇ ਉੱਘੇ ਵਿਦਵਾਨ ਡਾਕਟਰ ਏਸੀ ਵੁਲਨਰ ਅਨੁਸਾਰ, ‘‘ਪੰਜਾਬੀ ਕਵਿਤਾ ਦੀ ਆਪਣੀ ਛਬ ਤੇ ਸੁੰਦਰਤਾ ਹੈ। ਇਸ ਦੀ ਭਾਸ਼ਾ ਹਿੰਦੀ ਤੇ ਉਰਦੂ ਨਾਲੋਂ ਵਧੇਰੇ ਪੁਰਾਤਨ ਹੈ।’’
ਪ੍ਰਸਿੱਧ ਹਿੰਦੀ ਵਿਦਵਾਨ ਤੇ ਭਾਸ਼ਾ ਵਿਗਿਆਨੀ ਬਾਬੂ ਸ਼ਿਆਮ ਸੁੰਦਰ ਦਾਸ ਨੇ ਲਿਖਿਆ ਹੈ, ‘‘ਮੱਧ ਦੇਸ਼ ਨਾਲ ਸਬੰਧਿਤ ਭਾਸ਼ਾਵਾਂ ਵਿਚੋਂ ਪੰਜਾਬੀ ਹੀ ਅਜਿਹੀ ਭਾਸ਼ਾ ਹੈ ਜਿਸ ਵਿਚ ਸੰਸਕ੍ਰਿਤ ਤੇ ਫ਼ਾਰਸੀ ਸ਼ਬਦਾਂ ਦੀ ਭਰਤੀ ਨਹੀਂ। ਇਸ ਭਾਸ਼ਾ ਵਿਚ ਵੈਦਿਕ-ਸੰਸਕ੍ਰਿਤ ਵਾਲਾ ਰਸ ਭਰਿਆ ਹੋਇਆ ਹੈ। ਪੰਜਾਬੀ ਵਿਚ ਇਸ ਭਾਸ਼ਾ ਦੇ ਬੋਲਣ ਵਾਲੇ ਬਲਵਾਨ ਤੇ ਕਰੜੇ ਕਿਰਸਾਨਾਂ ਦੀ ਕਠੋਰਤਾ ਤੇ ਸਾਦਗੀ ਭਰੀ ਹੋਈ ਹੈ।’’ ਉਰਦੂ ਦੇ ਮਸ਼ਹੂਰ ਲੇਖਕ ਖਵਾਜਾ ਅਹਿਮਦ ਅੱਬਾਸ ਨੇ ਕਿਹਾ ਸੀ, ‘‘ਹਿੰਦੀ ਆਪਣੀ ਹੁਣ ਵਾਲੀ ਸ਼ਕਲ ਵਿਚ ਪੰਜ ਸੌ ਸਾਲ ਤੋਂ ਪੁਰਾਣੀ ਨਹੀਂ ਪਰ ਪੰਜਾਬੀ ਨਿਸ਼ਚੇ ਹੀ ਇਸ ਤੋਂ ਬਹੁਤ ਪੁਰਾਣੀ ਹੈ।’’
ਪ੍ਰੋਫ਼ੈਸਰ ਓਮ ਪ੍ਰਕਾਸ਼ ਕਹੋਲ ਅਨੁਸਾਰ, ‘‘ਪੰਜਾਬੀ ਪ੍ਰਾਚੀਨ ਭਾਰਤ-ਯੋਰਪੀ ਭਾਸ਼ਾ ਦੀ ਬੜੀ ਵਫ਼ਾਦਾਰ ਪ੍ਰਤੀਨਿਧੀ ਹੈ… ਤੇ ਜੇ ਸੰਸਕ੍ਰਿਤ ਨੂੰ ਇਸ ਕਲਪਿਤ ਬੋਲੀ ਦੀ ਨਿਕਟਤਮ ਭਾਸ਼ਾ ਮੰਨ ਲਿਆ ਜਾਵੇ ਤਾਂ ਪੰਜਾਬੀ ਤੇ ਸੰਸਕ੍ਰਿਤ ਦੇ ਤੁਲਨਾਤਮਕ ਅਧਿਐਨ ਨਾਲ ਸਿੱਧ ਹੁੰਦਾ ਹੈ ਕਿ ਪੰਜਾਬੀ ਨੇ ਪੁਰਾਣੀ ਪੀੜ੍ਹੀ ਦੀਆਂ ਭਾਸ਼ਾਵਾਂ ਦੀਆਂ ਕਈ ਅਨੂਠੀਆਂ ਵਿਸ਼ੇਸ਼ਤਾਵਾਂ ਨੂੰ ਕਿੰਞ ਸੰਭਾਲ ਕੇ ਰੱਖਿਆ ਹੋਇਆ ਹੈ, ਜਦੋਂਕਿ ਏਸੇ ਬਰਾਦਰੀ ਦੀਆਂ ਵਧੇਰੇ ਭਾਸ਼ਾਵਾਂ, ਵਿਕਾਸ ਦੇ ਪੜਾਵਾਂ ਵਿਚੋਂ ਲੰਘਦੀਆਂ, ਅਜਿਹੀਆਂ ਵਿਸ਼ੇਸ਼ਤਾਵਾਂ ਨੂੰ ਗੁਆ ਚੁੱਕੀਆਂ ਹਨ।’’ ਡਾਕਟਰ ਫ਼ਕੀਰ ਅਹਿਮਦ ਫ਼ਕੀਰ ਅਨੁਸਾਰ ‘‘ਪੰਜਾਬੀ ਹੀ ਅਸਲ ਵਿਚ ਉਰਦੂ ਦੀ ਮਾਂ ਏ ਤੇ ਇਹਨੇ (ਉਰਦੂ ਨੇ) ਆਪਣਾ ਬਹੁਤਾ ਵਰਤਾਰਾ ਤੇ ਆਪਣੀ ਬਣਾਵਟ ਦੀਆਂ ਤਰਕੀਬਾਂ ਪੰਜਾਬੀ ਕੋਲੋਂ ਈ ਲੈ ਕੇ ਆਪਣੇ ਆਪ ਨੂੰ ਬਣਾਇਆ ਸੰਵਾਰਿਆ ਏ।’’ ਪ੍ਰੋਫ਼ੈਸਰ ਹਾਫ਼ਿਜ਼ ਮਹਿਮੂਦ ਸ਼ੀਰਾਨੀ ਦਾ ਵੀ ਇਹੋ ਮੱਤ ਹੈ।
ਉਪਰਲੀਆਂ ਟੂਕਾਂ ਦਾ ਅਰਥ ਹਿੰਦੀ ਅਤੇ ਉਰਦੂ ਦੇ ਮੁਕਾਬਲੇ ਪੰਜਾਬੀ ਨੂੰ ਉਚਿਆਉਣਾ ਨਹੀਂ; ਸਿਰਫ਼ ਇਹ ਦੱਸਣਾ ਹੈ ਕਿ ਪੰਜਾਬੀ ਸੈਂਕੜੇ ਵਰ੍ਹੇ ਸੱਤਾ ਅਤੇ ਦਰਬਾਰਾਂ ਦੀ ਸਰਪ੍ਰਸਤੀ ਤੋਂ ਬਿਨਾਂ ਵਧੀ-ਫੁੱਲੀ ਤੇ ਪ੍ਰਫੁੱਲਿਤ ਹੋਈ ਲੋਕਾਂ ਦੀ ਜ਼ਬਾਨ ਹੈ। ਗੁਰੂ ਨਾਨਕ ਦੇਵ ਜੀ ਨੇ ਇਸ ਬੋਲੀ ਰਾਹੀਂ ਰਾਜਿਆਂ ਤੇ ਮੁਕੱਦਮਾਂ ਦਾ ਵਿਰੋਧ ਕੀਤਾ, ਜਾਤ-ਪਾਤ ਅਤੇ ਵਰਣ-ਆਸ਼ਰਮ ਵਿਰੁੱਧ ਆਵਾਜ਼ ਉਠਾਈ, ਕੁਦਰਤ ਦਾ ਅਦਭੁੱਤ ਵਰਣਨ ਕੀਤਾ। ਬੁੱਲ੍ਹੇ ਸ਼ਾਹ ਦਾ ਧਾਰਮਿਕ ਅਤੇ ਸਮਾਜਿਕ ਕੱਟੜਤਾ ਵਿਰੁੱਧ ਵਿਦਰੋਹ ਇਸ ਬੋਲੀ ਵਿਚ ਗੂੰਜਿਆ। ਬਸਤੀਵਾਦ ਵਿਰੁੱਧ ਉੱਠੀ ਗ਼ਦਰ ਲਹਿਰ ਅਤੇ ਜੱਲ੍ਹਿਆਂਵਾਲੇ ਬਾਗ ਅਤੇ ਹੋਰ ਸਾਕਿਆਂ ਦੀ ਬਗ਼ਾਵਤ ਤੇ ਰੋਹ ਇਸੇ ਬੋਲੀ ਵਿਚ ਪ੍ਰਗਟ ਹੋਏ। ਇਸ ਤਰ੍ਹਾਂ ਪੰਜਾਬੀ ਵਿਚ ਸਦੀਆਂ ਤੋਂ ਚੱਲਦੀ ਉਹ ਪਰੰਪਰਾ ਮੌਜੂਦ ਹੈ ਜੋ ਪੰਜਾਬੀ ਬੋਲਣ ਵਾਲਿਆਂ ਨੂੰ ਦਰਬਾਰੀਆਂ, ਚਾਪਲੂਸਾਂ, ਸਾਜ਼ਿਸ਼ਕਾਰਾਂ, ਹਾਕਮਾਂ ਤੇ ਅਹਿਲਕਾਰਾਂ ਵਿਰੁੱਧ ਬੋਲਣ ਲਈ ਸ਼ਬਦ ਤੇ ਹੌਸਲਾ ਬਖ਼ਸ਼ਦੀ ਹੈ। ਅੱਜ ਵੀ ਪੰਜਾਬੀ ਬੋਲਣ ਵਾਲਿਆਂ ਨੂੰ ਕਿਸੇ ਸਰਕਾਰ ਜਾਂ ਸੰਸਥਾ ਸਾਹਮਣੇ ਝੋਲੀ ਫੈਲਾਉਣ ਦੀ ਜ਼ਰੂਰਤ ਨਹੀਂ; ਪੰਜਾਬੀ ਆਪਣੇ ਬੋਲਣ ਵਾਲਿਆਂ ਦੇ ਮਨਾਂ ਵਿਚਲੀ ਜੀਰਾਂਦ, ਪੰਜਾਬੀ ਸੁਭਾਅ ਦੇ ਸਿਰੜ ਤੇ ਕਿਰਤੀਆਂ ਦੇ ਮਨੋਭਾਵਾਂ ਨੂੰ ਪ੍ਰਗਟ ਕਰਨ ਦੀ ਆਪਣੀ ਸਮਰੱਥਾ ਸਦਕਾ ਜਿਊਂਦੀ ਆਈ ਹੈ, ਜਿਊਂਦੀ ਹੈ ਅਤੇ ਜਿਊਂਦੀ ਰਹੇਗੀ।

ਸਵਰਾਜਬੀਰ


Comments Off on ਮਾਂ-ਬੋਲੀ ਪੰਜਾਬੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.