ਕੇਂਦਰ ਨੇ ਲੌਕਡਾਊਨ 30 ਜੂਨ ਤਕ ਵਧਾਇਆ !    ਹਨੇਰੀ ਕਾਰਨ ਤਾਜ ਮਹੱਲ ਨੂੰ ਭਾਰੀ ਨੁਕਸਾਨ !    ਕੇਂਦਰ ਨਾਲੋਂ ਨਾਤਾ ਤੋੜਨ ਸੁਖਬੀਰ: ਕੈਪਟਨ !    ਅਮਰੀਕਾ ਵਿੱਚ ਲੋਕਾਂ ਵੱਲੋਂ ਪ੍ਰਦਰਸ਼ਨ !    ਭਰਾ ਦੀ ਕਹੀ ਨਾਲ ਹੱਤਿਆ !    ਕਾਹਨੂੰਵਾਨ ’ਚ 50 ਦੇ ਕਰੀਬ ਨਸ਼ਾ ਤਸਕਰਾਂ ਵੱਲੋਂ ਆਤਮ-ਸਮਰਪਣ !    ਪਤਨੀ ਦੀ ਬਿਮਾਰੀ ਤੋਂ ਪ੍ਰੇਸ਼ਾਨ ਬਜ਼ੁਰਗ ਨੇ ਫਾਹਾ ਲਿਆ !    ਦੇਸ਼ ਮੁਸ਼ਕਲ ਹਾਲਾਤ ’ਚ, ਮਾੜੀ ਰਾਜਨੀਤੀ ਛੱਡੋ: ਕੇਜਰੀਵਾਲ !    ਸ੍ਰੀਨਗਰ ਦੇ ਗੁਰਦੁਆਰੇ ਵਿੱਚ ਚੋਰੀ !    ਸਰਹੱਦ ਤੋਂ ਬੰਗਲਾਦੇਸ਼ੀ ਗ੍ਰਿਫ਼ਤਾਰ !    

ਮਰਦਾਨਿਆ ! ਕਾਈ ਨਾਨਕ ਦੀ ਖ਼ਬਰ ਆਖਿ…

Posted On September - 25 - 2019

ਗੱਜਣਵਾਲਾ ਸੁਖਮਿੰਦਰ ਸਿੰਘ
ਤਲਵੰਡੀ (ਰਾਇ-ਭੋਇ ਦੀ) ਦੀਆਂ ਗਲੀਆਂ ਮੁਹੱਲਿਆਂ ’ਚ ਖੇਲ੍ਹਣ-ਵਿਚਰਨ ਵਾਲੇ ਬਾਬਾ ਨਾਨਕ ਅਤੇ ਭਾਈ ਮਰਦਾਨਾ ਦੇ ਲਮੇਰੇ ਸਾਥ ਪਿੱਛੇ ਅਲੌਕਿਕ ਖਿੱਚ ਸੀ। ਸੰਗੀਤ ਦੀ ਮਹਾਰਤ ਰੱਖਣ ਵਾਲੇ ਤਾਂ ਉਸ ਵੇਲੇ ਬਹੁਤ ਹੋਣਗੇ ਪਰ ਗੁਰੂ ਸਾਹਿਬ ਨੇ ਸੰਗੀਤਕ ਪ੍ਰਤਿਭਾ ਦੇ ਨਾਲ ਨਾਲ ਭਾਈ ਮਰਦਾਨਾ ਵਿਚ ਹੀ ਕੋਈ ਇਲਾਹੀ ਬਾ-ਬਰਕਤ, ਜਾਣੀ। ਇਸੇ ਕਰ ਕੇ ਉਹ ਆਪਣੇ ਦੀਨ ਵਿਚ ਰਹਿ ਕੇ ਬਿਖੜੇ ਪੈਂਡੇ-ਲੰਮੀਆ ਰਾਹਾਂ ਦੀਆਂ ਤਕਲੀਫਦੇਹ ਚੁਣੌਤੀਆਂ ਨੂੰ ਝੇਲਦਾ ਹੋਇਆ ਗੁਰੂ-ਆਸ਼ੇ ’ਤੇ ਪੂਰਾ ਖਰਾ ਉਤਰਿਆ।
ਭਲੇ ਭਾਈ ਮਰਦਾਨਾ ਦਾ ਇਕ ਗਰੀਬ ਪਛੜੇ ਘਰਾਣੇ ਨਾਲ ਸਬੰਧ ਸੀ, ਪਰ ਉਸ ਦਾ ਹਿਰਦਾ ਰੱਬੀ ਰਮਜ਼ਾਂ ਦੀਆਂ ਬਰੀਕ ਪਰਤਾਂ ਦੀ ਸਮਝ ਤੋਂ ਨਫੀ ਨਹੀਂ ਸੀ। ਉਸ ਦੇ ਧੁਰ-ਮਨ ਅੰਦਰ ਸ਼ੁਰੂ ਵਿਚ ਹੀ ਇਹ ਗੱਲ ਵਸ ਗਈ ਸੀ ਕਿ ਇਹ ਗੁਰੂ ਬਾਬਾ ਕੋਈ ਆਮ-ਸਧਾਰਨ ਪੁਰਖਾ ਨਹੀਂ ਕੋਈ ਉਚ-ਮੰਡਲਾਂ ਦਾ ਵਾਸੀ ਹੈ, ਕੋਈ ਬ੍ਰਹਿਮੰਡੀ ਗਿਆਤਾ ਹੈ। ਉਸ ਦਾ ਜਵਾਨੀ, ਬੁਢੇਪਾ ਅਤੇ ਉਮਰ ਦਾ ਅੰਤਲਾ ਪਹਿਰ ਗੁਰੂ ਸਾਹਿਬ ਦੇ ਲੇਖੇ ਲੱਗ ਜਾਣਾ ਇਸ ਗੱਲ ਦੀ ਗਵਾਹੀ ਭਰਦਾ ਹੈ। ਇਤਿਹਾਸ ਦੇ ਪੱਤਰੇ ਦੱਸਦੇ ਹਨ ਕਿ ਭਾਈ ਮਰਦਾਨਾ ਗੁਰੂ ਸਾਹਿਬ ਨਾਲੋਂਂ ਉਮਰ ਵਿਚ ਦਸ ਸਾਲ ਵਡੇਰਾ ਸੀ। ਪਹਿਲੀ ਉਦਾਸੀ ’ਤੇ ਜਾਣ ਵੇਲੇ ਭਾਈ ਮਰਦਾਨਾ 41 ਸਾਲਾਂ ਦਾ ਸੀ। ਉਸ ਦੀ ਗੁਰੂ ਬਾਬਾ ਦੇ ਨਿਰੰਤਰ ਸਾਥ ਦੀ ਚਾਹਤ ਪੂਰੀ ਹਿਯਾਤੀ ਮਨ-ਮਸਤਕ ਅੰਦਰ ਐਸੀ ਛਾਈ ਰਹੀ ਕਿ ਉਹ ਵਾਰ ਵਾਰ ਗੁਰੂ ਸਾਹਿਬ ਅੱਗੇ ਫਰਿਆਦ ਕਰਦਾ ਆਖਦਾ ਸੁਣੀਦਾ, ‘‘ਬਾਬਾ! ਮੈਂ ਇਕ ਹੋਰ ਦਾਨ ਦੀ ਭਿਖਿਆ ਮੰਗਦਾ ਹਾਂ ਕਿ ਮੈਂ ਸਦਾ ਤੁਹਾਡੇ ਨਾਲ ਰਹਾਂ।’’
ਕਬਹੂੰ ਨ ਤਜੀਏ ਦਯਾਲ।
ਸਦਾ ਰਾਖ ਚਰਨਨ ਨਾਲ।
ਗੁਰੂ ਸਾਹਿਬ ਨਾਲ ਵਰ੍ਹਿਆਂ ਬੱਧੀ ਸੰਗ ਕਰਦਿਆਂ ਭਾਈ ਮਰਦਾਨਾ ਤਲਵੰਡੀ ਵਾਲਾ ਗਰੀਬ ਡੂਮ ਨਹੀਂ ਸੀ ਰਿਹਾ, ਉਹ ਵੀ ਆਤਮਿਕ ਰੂਹਾਨੀ ਦੀ ਖਾਸ ਮੰਜ਼ਲ ਨੂੰ ਹਾਸਲ ਹੋ ਗਿਆ ਸੀ। 12 ਸਾਲਾਂ ਦੇ ਵੱਡੇ ਭ੍ਰਮਣ ਪਿੱਛੋਂ ਇਕ ਵਾਰ ਜਦ ਦੋਨੋਂ ਗੁਰੂ ਸਾਹਿਬ ਤੇ ਭਾਈ ਮਰਦਾਨਾ ਵਾਪਸ ਤਲਵੰਡੀ ਪਹੁੰਚੇ ਤਾਂ ਉਹ ਨਗਰ ਤੋਂ ਬਾਹਰ ਦੋ-ਤਿੰਨ ਕੋਹ ਪਿਛਾਂਹ ਹੀ ਬੈਠ ਗਏ। ਤਦ ਭਾਈ ਮਰਦਾਨਾ ਆਖਦਾ, ‘‘ਬਾਬਾ ਜੀ! ਹੁਕਮੁ ਹੋਵੈ ਤਾਂ ਮੈਂ ਘਰ ਵਲੋਂ ਫਿਰਿ ਆਵਾਂ, ਜਾ ਕੇ ਵੇਖਾਂ ਮਾਣੁ (ਮਨੁੱਖ) ਮੁਏ ਗਏ, ਕੀ ਹਾਲ ਹੋਇਆ ਹੋਵੇਗਾ ਉਨ੍ਹਾਂ ਦਾ।’’ ਤਾਂ ਗੁਰੂ ਸਾਹਿਬ ਆਖਦੇ, ‘‘ਮਰਦਾਨੇ! ਤੂੰ ਚਲਾ ਜਾ, ਪਰ ਮੇਰਾ ਨਾਂ ਨਾ ਲਈਂ, ਜੇ ਕੋਇ ਆਇ ਆ ਕੇ ਤੈਨੂੰ ਪੁੱਛੇ ਕਿ ਨਾਨਕ ਦੀ ਕਾਈ ਖਬਰ? ਤਾਂ ਈਵੈ (ਇਵੇਂ) ਆਖੀਂ ਕਿ ਮੈਂ ਜਾਣਦਾ ਨਾਹੀਂ, ਜਿਦੋਕਣਾ (ਜਦ ਦਾ) ਸੁਲਤਾਨਪੁਰਹੁ ਡੇਰਾ ਲੁਟਾਇ ਨਿਕਲਿਆ ਤਿਦੋਕਣਾ (ਤਦ ਦਾ) ਮੈਂ ਤਾਂ ਉਸ ਦਾ ਨਾਉ ਜਪਦਾ ਫਿਰਦਾ ਹਾਂ। ਪਤਾ ਨਹੀਂ ਕਿਥੇ ਚਲਾ ਗਇਆ- ਤੂੰ ਈਵੈ ਆਖੀਂ।’’ ਭਾਈ ਮਰਦਾਨਾ ਗੁਰੂ ਸਾਹਿਬ ਨੂੰ ਪਿੰਡ ਤਲਵੰਡੀ ਤੋਂ ਬਾਹਰ ਉਥੇ ਹੀ ਬਿਠਾ ਕੇ ਆਪ ਅਬਾਦ ਘਰਾਂ ਵਿਚ ਚਲਾ ਗਿਆ। ਉਸ ਨੂੰ ਵੇਖ ਕੇ ਲੋਕ ਇਕੱਠੇ ਹੋਣ ਲੱਗੇ। ਲੋਕ ਆਖਣ ਲੱਗੇ, ‘‘ਮਰਦਾਨਾ ਡੂਮ ਆਇਆ, ਮਰਦਾਨਾ ਡੂਮ ਆਇਆ, ਜੋ ਨਾਨਕ ਨਾਲ ਗਇਆ ਸਾ।’’ ਸਭਿ ਆ ਕੇ ਉਸ ਦੇ ਪੈਰੀਂ ਪਈ ਜਾਣ, ਮੱਥਾ ਟੇਕੀ ਜਾਣ। ਇਕ ਦੂਜੇ ਨਾਲ ਘੁਸਰ ਮੁਸਰ ਜਿਹੀ ਕਰਦੇ ਹੋਏ ਆਖੀ ਜਾਣ, ‘‘ਇਸ ਉਪਰ ਵੀ ਬਾਬੇ ਦੇ ਨਾਲ ਦਾ ਹੀ ਪਰਤਾਪ ਹੈ। ਇਹ ਪਹਿਲਾਂ ਵਾਲਾ ਮਰਦਾਨਾ ਨਹੀਂ ਰਿਹਾ, ਇਸ ਦੇ ਸਿਰ ’ਤੇ ਵੀ ਉਸ ਬਾਬੇ ਨਾਨਕ ਦਾ ਹੀ ਸਾਇਆ ਹੈ।’’ ਇਸ ਤਰ੍ਹਾਂ ਸੁਣ-ਸੁਣ ਕੇ ਸਾਰੇ ਨਗਰ ਦੇ ਲੋਕ ਆਈ ਜਾਣ ਤੇ ਚਰਨ ਬੰਦਨਾ ਕਰੀ ਜਾਣ। ਫਿਰ ਭਾਈ ਮਰਦਾਨਾ ਆਪੇ ਸਕੇ ਸਹੋਦਰਿਆਂ ਨੂੰ ਮਿਲ ਕੇ ਛੇਤੀ-ਛੇਤੀ ਗੁਰੂ ਬਾਬੇ ਦੇ ਘਰ ਚਲਾ ਗਿਆ।
ਮਾਤਾ ਤ੍ਰਿਪਤਾ ਨੇ ਅਚਾਨਕ ਚਿਰਾਂ ਤੋਂ ਵਿਛੜੇ ਮਰਦਾਨੇ ਨੂੰ ਵੇਖਿਆ ਤਾਂ ਉਹ ਉਸ ਡੂਮ ਦੇ ਗਲੇ ਚਿੰਬੜ ਗਈ ਛੱਡੇ ਹੀ ਨਾ। ਫਿਰ ਮਾਤਾ ਨੇ ਆਪਣੇ ਮੁੱਖੋਂ ਆਖਿਆ, ‘‘ਮਰਦਾਨਿਆ! ਕਾਈ ਨਾਨਕ ਦੀ ਖ਼ਬਰ ਆਖਿ’’ ਤਾਂ ਭਾਈ ਮਰਦਾਨਾ ਨੇ ਕਿਹਾ, ‘‘ਜਿਦੋਕਣਾ ਸੁਲਤਾਨਪੁਰੋਂ ਡੇਰਾ ਲੁਟਾਇ ਨਿਕਲਿਆ ਤਿਦੋਕਣਾ ਕਿਹੁ ਨਾ ਜਾਪੀ ਉਹ ਕਿਥੇ ਗਇਆ ਹਉ (ਮੈਂ) ਭੀ ਉਸ ਦਾ ਨਾਮ ਜਪਦਾ ਫਿਰਿਦਾ ਹਾਂ। ਉਹ ਕਿਥਾਊ (ਕਿਥੇ) ਹੈ ਸੁ ਉਹ ਜਾਣੇ।’’ ਪਰ ਮਾਤਾ ਜਾਣ ਗਈ ਸੀ, ਉਸ ਦੇ ਚਿਹਰੇ-ਮੋਹਰੇ ਤੋਂ ਭਾਪ ਗਈ ਕਿ ਉਸ ਦਾ ਇਹ ਪੱਕਾ ਮਿੱਤਰ ਮਰਦਾਨਾ, ਨਾਨਕ ਨੂੰ ਛੱਡ ਕੇ ਇਕੱਲਾ ਨਹੀਂ ਆ ਸਕਦਾ। ਨਾਨਕ ਜ਼ਰੂਰ ਇਸ ਦੇ ਨਾਲ ਹੀ ਹੋਵੇਗਾ। ਜਦ ਭਾਈ ਮਰਦਾਨਾ ਮਿਲ ਕੇ ਪਿੰਡੋਂ ਬਾਹਰ ਨਿਕਲਿਆ ਤਾਂ ਮਾਤਾ ਕੁਝ ਮਿਠਾਈ ਵਗੈਰਾ ਨਾਲ ਲੈ ਕੇ ਉਸ ਦੀ ਪੈੜ ਦੱਬ ਕੇ ਉਸ ਦੇ ਮਗਰ ਮਗਰ ਚੱਲ ਪਈ। ਉਸ ਵੇਖਿਆ ਬਾਬਾ ਨਾਨਕ ਬਾਹਰ ਉਜਾੜ ’ਚ ਬੈਠਾ ਸੀ।
ਛੋਟੇ ਹੁੰਦਿਆਂ ਭਾਈ ਮਰਦਾਨਾ ਜਦ ਘਰੋਂ ਬਾਹਰ ਨਿਕਲਦਾ ਤਾਂ ਪਿੰਡ ’ਚ ਚੱਲਦਿਆਂ ਚੱਲਦਿਆਂ ਉਸ ਦੇ ਕਦਮ ਸੁਭਾਵਕ ਹੀ ਬਾਬੇ ਦੇ ਘਰ ਦੇ ਦਰ ਅੱਗੇ ਆ ਕੇ ਰੁਕ ਜਾਂਦੇ। ਉਥੇ ਰੁਕ ਕੇ ਉਹ ਰਬਾਬ ਵਜਾਉਣ ਲੱਗ ਪੈਂਦਾ। ਉਹ ਉਸ ਵੇਲੇ ਦੇ ਭਗਤਾਂ ਦੇ ਪਦੇ ਗਾਉਂਦਾ, ਜਾਣੋ ਉਸ ਕੋਲ ਸੰਗੀਤ ਦੀ ਹੀ ਕਿਰਤ ਨਹੀਂ ਸੀ ਸਗੋਂ ਭਗਤੀ ਭਾਵ ਦਾ ਗਿਆਨ ਵੀ ਸੀ। ਇਕ ਦਿਨ ਭਾਈ ਮਰਦਾਨਾ ਰਬਾਬ ਨਾਲ ਕੋਈ ਪ੍ਰਸਿੱਧ ਵਾਰ ਗਾ ਰਿਹਾ ਸੀ ਤਾਂ ਗੁਰੂ ਸਾਹਿਬ ਨੇ ਉਸ ਨੁੰ ਪੁੱਛਿਆ, ‘‘ਮਰਦਾਨੇ! ਤੂੰ ਰਬਾਬ ਬੜੀ ਸੋਹਣੀ ਵਜਾਉਂਦਾ ਹੈਂ। ਰਬਾਬ ਸੁਣ ਕੇ ਪ੍ਰਤੀਤ ਹੁੰਦਾ ਤੈਨੂੰ ਤਾਂ ਰਾਗਾਂ ਦੀ ਬੜੀ ਸੋਝੀ ਹੈ, ਕਿੰਨਾਂ ਚੰਗਾ ਹੋਵੇ ਜੇ ਤੂੰ ਉਸ ਸੁਆਮੀ ਦੀ ਉਸਤਤ ’ਚ ਰੱਬੀ ਬਾਣੀ ਨੂੰ ਸੁਰ ਦੇ ਕੇ ਸਰਸ਼ਾਰ ਕਰੇਂ।’’
ਰਚੀਆਂ ਸਾਖੀਆਂ ਕਥਾਵਾਂ ਨੂੰ ਵਾਚਦਿਆਂ ਇੰਝ ਲੱਗਦਾ ਹੈ ਕਿ ਸਾਡੇ ਇਤਿਹਾਸਕਾਰਾਂ , ਵਿਖਿਆਨਕਾਰਾਂ ਅਤੇ ਪ੍ਰਚਾਰਕਾਂ ਨੇ ਬਹੁਤੇ ਥਾਈਂ ਭਾਈ ਮਰਦਾਨਾ ਨੂੰ ਪਛੜੀ ਜਾਤ ਦਾ ਕਹਿ ਕੇ, ਇਕ ਭੁੱਖੜ ਬਿਰਤੀ ਵਾਲੇ ਬੰਦੇ ਦਾ ਹੀ ਅਕਸ ਉਘਾੜਿਆ ਹੈ। ਭਾਈ ਮਰਦਾਨੇ ਨੂੰ ਇਕ ਲਾਗੀ, ਡੂਮ ਕਹਿ ਕੇ ਕਥਾਨਕ ਨੂੰ ਲੁਭਾਉਣਾ ਤੇ ਰੌਚਕ ਬਣਾਉਣ ਦੇ ਰੂਪ ਵਿਚ ਹੀ ਸਿਰਜਿਆ ਹੈ। ਜਦ ਸਾਰਾ ਸਮਾਜ ਸਭ ਪੱਖਾਂ ਤੋਂ ਨਿਘਰ ਚੁੱਕਾ ਸੀ, ਇਖਲਾਕੀ ਕਦਰਾਂ ਕੀਮਤਾਂ ਵਿਸਰ ਗਈਆ ਸਨ, ਭੋਲੇ ਭਾਲੇ ਲੋਕਾਂ ਦੀ ਕਿਰਤ ਨਾਲ ਲੁੱਟ ਜ਼ੋਰਾਂ ’ਤੇ ਸੀ, ਊਚ-ਨੀਚ ਤੇ ਜਾਤ-ਪਾਤ ਦਾ ਸਿਖਰ ਸੀ, ਤਦ ਗੁਰੂ ਸਾਹਿਬ ਨੇ ਇਸ ਮਨਫੀ ਵਰਤਾਰੇ ਨੂੰ ਦੂਰ ਕਰਨ ਲਈ ਨਵੀਂ ਮਾਨਵੀ ਕ੍ਰਾਂਤੀ ਦਾ ਆਗਾਜ਼ ਕੀਤਾ। ਭਲਾਂ ਉਸ ਮਹਾਨ ਕ੍ਰਾਂਤੀਕਾਰੀ ਗੁਰੂ ਨਾਲ ਤਮਾਮ ਉਮਰ ਬਿਤਾਉਣ ਵਾਲਾ ਭਾਈ ਮਰਦਾਨਾ ਅਸੂਝਵਾਨ ਕਿਵੇਂ ਰਹਿ ਸਕਦਾ ਸੀ। ਸਾਡੇ ਵਿਦਵਾਨਾਂ ਤੇ ਰਚਨਹਾਰਿਆਂ ਨੇ ਮਰਦਾਨੇ ਬਾਰੇ ਹਲਕੀ ਪੱਧਰ ਦਾ ਵਿਖਿਆਨ ਕਰ ਕੇ ਉਸ ਦੇ ਅੰਤਰ-ਚਿੰਤਨ ਨੂੰ ਨਹੀਂ ਜਾਣਿਆ, ਉਹ ਉਸ ਦੇ ਅੰਦਰ ਦੀ ਅਗਮ ਨਿਗਮ ਦੀ ਸੋਝੀ ਨੂੰ ਪਛਾਣ ਹੀ ਨਹੀਂ ਸਕੇ।
ਭਾਈ ਮਰਦਾਨਾ ਪੱਕਾ ਮੁਸਲਮਾਨ ਸੀ। ਪੰਜ ਵਕਤ ਦਾ ਨਮਾਜ਼ੀ, ਰਮਜ਼ਾਨ ਦੇ ਦਿਨੀਂ ਰੋਜ਼ਾ ਰੱਖਦਾ ਸੀ। ਫਿਰ ਵੀ ਦੂਜੇ ਦੀਨੀ ਅਮਲ ਵਿਚ ਰਹਿ ਕੇ ਉਹ ਗੁਰੂ ਸਾਹਿਬ ਦੇ ਦ੍ਰਿੜ ਕਰਵਾਏ ਉਪਦੇਸ਼ ’ਤੇ ਚੱਲਦਿਆਂ, ਉਨ੍ਹਾਂ ਦੇ ਬਚਨਾਂ ’ਤੇ ਵਾਅਦੇ-ਵਫ਼ਾ ਰਿਹਾ।
ਅਨੇਕਾਂ ਸਾਲ ਗੁਰੂ ਸਾਹਿਬ ਦੀ ਸੰਗਤ ਵਿਚ ਰਹਿੰਦਿਆਂ ਉਹ ਅਜਿਹੀ ਅਵਸਥਾ ਵਿਚ ਆ ਗਿਆ ਸੀ ਕਿ ਉਹ ਗੁਰੂ ਸਾਹਿਬ ਨਾਲੋਂ ਵਿਛੋੜਾ ਮੂਲ ਨਹੀਂ ਸੀ ਚਾਹੁੰਦਾ। ਇਕ ਵਾਰ ਭਾਈ ਮਰਦਾਨਾ ਨੇ ਗੁਰੂ ਸਾਹਿਬ ਦੇ ਜਵਾਬ ਵਿਚ ਹੌਸਲਾ ਕਰਦੇ ਹੋਏ ਕਹਿ ਹੀ ਦਿੱਤਾ, ‘‘ਜੀ ਤੂੰ ਖੁਦਾਇ ਦਾ ਡੂਮ ਹੈਂ, ਮੈਂ ਤੇਰਾ ਡੂਮ, ਤੈ ਖੁਦਾਇ ਪਾਇਆ ਹੈ, ਤੈ ਖੁਦਾਇ ਦੇਖਿਆ ਹੈ, ਤੇਰਾ ਕਹਿਆ ਖੁਦਾ ਕਰਦਾ ਹੈ, ਤੂੰ ਮੇਰੀ ਬੇਨਤੀ ਸੁਣਿ ਜੀ! ਏਕੁ ਮੈਨੋ ਵਿਛੋੜਣਾ ਨਾਹੀ ਆਪ ਨਾਲਹੁ, ਨ ਐਥੇ ਨ ਓਥੇ।’’
ਗੁਰੂ ਸਾਹਿਬ ਨੇ ਭਾਈ ਮਰਦਾਨਾ ਦੇ ਵੱਡੇ ਤਿਆਗ ਤੇ ਉਸ ਦੀ ਘਾਲ ਕਮਾਈ ਨੂੰ ਖੂਬ ਨਿਵਾਜਿਆ। ਉਸ ਦੀ ਨਿਛਾਵਰਤਾ ਦੀ ਦੇਣ ਦਾ ਮੁੱਲ ਨਹੀਂ ਰੱਖਿਆ। ਤਵਾਰੀਖ ਦੱਸਦੀ ਹੈ ਕਿ ਭਾਈ ਮਰਦਾਨਾ ਤੇ ਗੁਰੂ ਸਾਹਿਬ ਜਦ ਬਗਦਾਦ ਫੇਰੀ ਤੋਂ ਬਾਅਦ ਅਫਗਾਨਿਸਤਾਨ ਭੱਖਰ ਤੇ ਕੰਧਾਰ ਦੇ ਇਲਾਕੇ ਵਿਚ ਅਫਗਾਨਿਸਤਾਨ ਕੁਰਮ ਦਰਿਆ ਕੋਲ ਜਾ ਰਹੇ ਸਨ ਤਾਂ ਭਾਈ ਮਰਦਾਨਾ ਦੀ ਸਿਹਤ ਖਰਾਬ ਹੋਣ ਲਗੀ, ਦੇਹੀ ਜਵਾਬ ਦੇਣ ਲੱਗੀ। ਇਸ ਦੌਰਾਨ ਭਾਈ ਮਰਦਾਨਾ ਨੇ ਆਖਿਆ, ‘‘ਜੀ, ਮੇਰੀ ਦੇਹ ਕਿੱਥੇ ਛੂਟੇਗੀ?’’ ਗੁਰੂ ਸਾਹਿਬ ਆਖਿਆ, ‘‘ਤੇਰੀ ਦੇਹ ਭਲੀ ਜਗ੍ਹਾ ਛੁੱਟੇਗੀ।’’ ਤਾਂ ਭਾਈ ਮਰਦਾਨਾ ਨੇ ਕਿਹਾ, ‘‘ਜੀ ਤੁਸੀ ਹਾਜ਼ਰ ਹੋਸੋ ਨਾ?’’ ਗੁਰੂ ਸਾਹਿਬ ਬੋਲੇ, ‘‘ਮਰਦਾਨਾ! ਅਸੀਂ ਤੇਰਾ ਕੰਮ ਕਰ ਕੇ ਜਾਸੀਏ(ਜਾਵਾਂਗੇ)।’’ ਤਦ ਭਾਈ ਮਰਦਾਨੇ ਪੁੱਛਿਆ, ‘‘ਜੀ ਸਾੜੋਗੇ ਜਾਂ ਦੱਬੋਗੇ?’’ ਗੁਰੂ ਸਾਹਿਬ ਆਖਿਆ, ‘‘ਮਰਦਾਨਾ ਜੋ ਤੂੰ ਆਖੇ ਸੋ ਕਰੀਏ।’’ ਫਿਰ ਗੁਰੂ ਸਾਹਿਬ ਉਸ ਨੁੰ ਖੁਰਮ ਸ਼ਹਿਰ ਲੈ ਗਏ। ਉਥੇ ਪੰਜਵੇਂ ਦਿਨ ਗੁਰੂ ਸਾਹਿਬ ਪੁੱਛਿਆ, ‘‘ਕਿਉ ਮਰਦਾਨਾ ਦੇਹਿ ਖਬਰਾਂ।’’ ਭਾਈ ਮਰਦਾਨਾ ਨੇ ਆਖਿਆ, ‘‘ਜੀ ਤਈਆਰੀ ਹੈ।’’ ਤਾਂ ਕੁਝ ਪਲਾਂ ਬਾਅਦ ਭਾਈ ਮਰਦਾਨਾ ਪੂਰੇ ਹੋ ਗਏ। ਭਾਈ ਮਰਦਾਨਾ ਜੀ ਜੀਵਨ ਯਾਤਰਾ ਸੰਪੰਨ ਹੋ ਗਈ।
ਭਾਈ ਮਰਦਾਨਾ ਜਦ ਕਾਲਵੱਸ ਹੋ ਗਏ ਤਾਂ ਗੁਰੂ ਸਾਹਿਬ ਨੇ ਆਪਣੇ ਅਰਸ਼ੀ ਸਾਥੀ ਦੇ ਤਿਆਗ ਅਤੇ ਸਿਦਕ ਦਾ ਮੁੱਲ ਅਦਾ ਕੀਤਾ। ਉਨ੍ਹਾਂ ਨੇ ਭਾਈ ਮਰਦਾਨਾ ਦੇ ਨਾਂ ’ਤੇ ਰਚੇ ਤਿੰਨ ਸਲੋਕਾਂ ਨੂੰ ਬਾਣੀ ਅਥਵਾ ਬਾਣੀਕਾਰ ਦੇ ਰੂਪ ਵਿਚ ਸ੍ਰੇਸ਼ਟ ਸਿਰੋਪੇ ਦੀ ਬਖਸ਼ਿਸ਼ ਕਰਦਿਆਂ, ਉਸ ਨੂੰ ਹਮੇਸ਼ਾ ਲਈ ਮਾਲਾ ਮਾਲ ਕਰ ਦਿੱਤਾ, ਉਸ ਨੂੰ ਬ੍ਰਹਮੀਪੁਰਖ ਬਣਾ ਦਿੱਤਾ।
ਕਦੇ ਕਦੇ ਲੱਗਦਾ ਹੈ ਕਿ ਗੁਰੂ ਸਾਹਿਬ ਨੇ ਤਾਂ ਆਪਣੇ ਮਹਾਨ ਸੰਗੀ ’ਤੇ ਬਹੁਤ ਉੱਚਤਾ ਦੀ ਬਖਸ਼ਿਸ਼ ਕਰ ਦਿੱਤੀ ਪਰ ਅਸੀਂ ਭਾਈ ਮਰਦਾਨਾ ਨੂੰ ਕੋਈ ਉੱਚਾ ਸਥਾਨ ਨਹੀਂ ਦੇ ਸਕੇ। ਅੱਜ ਗੁਰੂ ਨਾਨਕ ਦੇਵ ਦਾ ਅਸੀਂ ਕੁੱਲ ਆਲਮ ਵਿਚ 550ਵਾਂ ਪ੍ਰਕਾਸ਼ ਦਿਵਸ ਬੜੀ ਸ਼ਰਧਾ ਨਾਲ ਮਨਾ ਰਹੇ ਹਾਂ। ਕਿੰਨਾ ਚੰਗਾ ਹੁੰਦਾ ਕਿ ਉਸ ਧੰਨਤਾ ਦੇ ਯੋਗ, ਨੇਕ-ਬਖਤ ਭਾਈ ਮਰਦਾਨਾ ਨੂੰ ਵੀ ਚੇਤੇ ਕਰਦੇ ਹੋਏੇ, ਕਿਸੇ ਸਮਾਰਕ ਦਾ ਨਿਰਮਾਣ ਕਰ ਕੇ, ਦੀਨੀ ਵਿਤਕਰਿਆਂ ਦੇ ਵੇਗ ਨੂੰ ਠੱਲ੍ਹਣ ਲਈ ਕੋਈ ਪੈਗਾਮ ਦੇ ਸਕਦੇ।
ਸੰਪਰਕ: 99151-06449


Comments Off on ਮਰਦਾਨਿਆ ! ਕਾਈ ਨਾਨਕ ਦੀ ਖ਼ਬਰ ਆਖਿ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.