ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਮਕਬੂਜ਼ਾ ਕਸ਼ਮੀਰ ’ਚ ਕਾਰਵਾਈ ਲਈ ਫ਼ੌਜ ਤਿਆਰ: ਰਾਵਤ

Posted On September - 13 - 2019

ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਮਕਬੂਜ਼ਾ ਕਸ਼ਮੀਰ ਨੂੰ ਦੱਸਿਆ ਸਰਕਾਰ ਦਾ ਸਿਖਰਲਾ ਏਜੰਡਾ

* ਪੀਓਕੇ ਵਿੱਚ ਫ਼ੌਜੀ ਕਾਰਵਾਈ ਦਾ ਫ਼ੈਸਲਾ ਸਰਕਾਰ ’ਤੇ ਮੁਨੱਸਰ
* ਪੀਓਕੇ ਉੱਤੇ ਕਬਜ਼ਾ ਨਰਸਿਮ੍ਹਾ ਰਾਓ ਸਰਕਾਰ ਵੱਲੋਂ ਪਾਸ ਮਤੇ ਦਾ ਹਿੱਸਾ ਕਰਾਰ

ਨਵੀਂ ਦਿੱਲੀ, 12 ਸਤੰਬਰ
ਥਲ ਸੈਨਾ ਮੁਖੀ ਜਨਰਲ ਬਿਪਿਨ ਰਾਵਤ ਨੇ ਅੱਜ ਕਿਹਾ ਕਿ ਜੇਕਰ ਸਰਕਾਰ ਚਾਹੇ ਤਾਂ ਭਾਰਤੀ ਫੌਜ, ਮਕਬੂਜ਼ਾ ਕਸ਼ਮੀਰ (ਪੀਓਕੇ) ਨੂੰ ਪਾਕਿਸਤਾਨ ਦੇ ਕਬਜ਼ੇ ’ਚੋਂ ਛੁਡਵਾਉਣ ਲਈ ਕਿਸੇ ਵੀ ਅਪਰੇਸ਼ਨ ਲਈ ਪੂਰੀ ਤਰ੍ਹਾਂ ਤਿਆਰ ਹੈ। ਜਨਰਲ ਰਾਵਤ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਪ੍ਰਧਾਨ ਮੰਤਰੀ ਦਫ਼ਤਰ ’ਚ ਰਾਜ ਮੰਤਰੀ ਜਿਤੇਂਦਰ ਸਿੰਘ ਨੇ ਅੱਜ ਇਕ ਬਿਆਨ ਵਿੱਚ ਸਾਫ਼ ਕਰ ਦਿੱਤਾ ਕਿ ਮੋਦੀ ਸਰਕਾਰ ਦਾ ਅਗਲਾ ਏਜੰਡਾ ਮਕਬੂਜ਼ਾ ਕਸ਼ਮੀਰ ਨੂੰ ਮੁੜ ਆਪਣੇ ਕਬਜ਼ੇ ’ਚ ਲੈ ਕੇ ਭਾਰਤ ਦਾ ਹਿੱਸਾ ਬਣਾਉਣਾ ਹੈ।
ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਥਲ ਸੈਨਾ ਮੁਖੀ ਨੇ ਕਿਹਾ, ‘ਕਿਸੇ ਵੀ ਕਾਰਵਾਈ ਦਾ ਫ਼ੈਸਲਾ ਕੇਂਦਰ ਸਰਕਾਰ ਨੇ ਕਰਨਾ ਹੈ। ਸਰਕਾਰ ਅਧੀਨ ਕੰਮ ਕਰਦੀਆਂ ਏਜੰਸੀਆਂ ਉਸ ਵੱਲੋਂ ਮਿਲੀਆਂ ਹਦਾਇਤਾਂ ਮੁਤਾਬਕ ਹੀ ਕੰਮ ਕਰਨਗੀਆਂ। ਥਲ ਸੈਨਾ ਕਿਸੇ ਵੀ ਕਾਰਵਾਈ ਲਈ ਹਮੇਸ਼ਾ ਤਿਆਰ ਰਹਿੰਦੀ ਹੈ।’ ਕੇਂਦਰੀ ਮੰਤਰੀ ਜਿਤੇਂਦਰ ਸਿੰਘ, ਜਿਨ੍ਹਾਂ ਕੋਲ ਉੱਤਰ ਪੂਰਬ ਰਾਜ ਦੇ ਵਿਕਾਸ ਸਬੰਧੀ (ਡੀਓਐੱਨਈਆਰ) ਸੁਤੰਤਰ ਚਾਰਜ ਵੀ ਹੈ, ਨੇ ਜੰਮੂ ਵਿੱਚ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ ਪਹਿਲੇ ਸੌ ਦਿਨਾਂ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਕਿਹਾ ਕਿ ਸਰਕਾਰ ਦਾ ਅਗਲਾ ਏਜੰਡਾ ਮਕਬੂਜ਼ਾ ਕਸ਼ਮੀਰ ਨੂੰ ਭਾਰਤ ਦਾ ਹਿੱਸਾ ਬਣਾਉਣਾ ਹੈ। ਉਨ੍ਹਾਂ ਕਿਹਾ, ‘ਇਹ ਇਕੱਲੀ ਮੇਰੀ ਜਾਂ ਮੇਰੀ ਪਾਰਟੀ ਦੀ ਵਚਨਬੱਧਤਾ ਨਹੀਂ ਹੈ, ਬਲਕਿ ਇਹ ਪੀ.ਵੀ.ਨਰਸਿਮ੍ਹਾ ਰਾਓ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ 1994 ਵਿੱਚ ਸਰਬਸੰਮਤੀ ਨਾਲ ਪਾਸ ਕਰਵਾਏ ਮਤੇ ਦਾ ਹਿੱਸਾ ਹੈ।’
-ਆਈਏਐੱਨਐੱਸ

ਕਸ਼ਮੀਰ ’ਚ ਲੀਹ ’ਤੇ ਨਹੀਂ ਪੈ ਰਿਹਾ ਆਮ ਜੀਵਨ

ਸ੍ਰੀਨਗਰ: ਕਸ਼ਮੀਰ ’ਚ ਆਮ ਜੀਵਨ ਵੀਰਵਾਰ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਰਿਹਾ। ਵਾਦੀ ’ਚ ਸਕੂਲ ਬੰਦ ਰਹੇ ਅਤੇ ਸੜਕਾਂ ਤੋਂ ਸਰਕਾਰੀ ਵਾਹਨ ਗਾਇਬ ਰਹੇ। ਉਂਜ ਸ੍ਰੀਨਗਰ ਦੇ ਕੁਝ ਇਲਾਕਿਆਂ ’ਚ ਪ੍ਰਾਈਵੇਟ ਵਾਹਨ ਅਤੇ ਆਟੋ ਰਿਕਸ਼ੇ ਚਲਦੇ ਦੇਖੇ ਗਏ ਹਨ। ਬਾਜ਼ਾਰ ਅਤੇ ਹੋਰ ਕਾਰੋਬਾਰੀ ਅਦਾਰੇ ਵੀ ਬੰਦ ਹਨ। ਅਧਿਕਾਰੀਆਂ ਨੇ ਕਿਹਾ ਕਿ ਵਾਦੀ ਦੇ ਬਹੁਤੇ ਇਲਾਕਿਆਂ ’ਚੋਂ ਦਫ਼ਾ 144 ਨੂੰ ਹਟਾ ਲਿਆ ਗਿਆ ਹੈ ਪਰ ਸੁਰੱਖਿਆ ਬਲ ਅਮਨ ਅਤੇ ਕਾਨੂੰਨ ਬਹਾਲ ਰੱਖਣ ਲਈ ਲਗਾਤਾਰ ਚੌਕਸੀ ਰੱਖ ਰਹੇ ਹਨ। ਅਧਿਕਾਰੀਆਂ ਵੱਲੋਂ ਮੋਬਾਈਲ ਅਤੇ ਵਾਇਸ ਕਾਲ ਸੇਵਾਵਾਂ ਨੂੰ ਬਹਾਲ ਕਰਨ ਬਾਰੇ ਵਿਚਾਰਾਂ ਹੋ ਰਹੀਆਂ ਹਨ।
-ਪੀਟੀਆਈ

‘ਝੂਠ ਵਾਰ ਵਾਰ ਬੋਲਿਆਂ, ਸੱਚ ਨਹੀਂ ਬਣਦਾ’

ਨਵੀਂ ਦਿੱਲੀ: ਭਾਰਤ ਨੇ ਅੱਜ ਕਿਹਾ ਕਿ ਪਾਕਿਸਤਾਨ ਵੱਲੋਂ ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰਾਂ ਬਾਰੇ ਕੌਂਸਲ (ਯੂਐੱਨਐੱਚਆਰਸੀ) ’ਚ ਕਸ਼ਮੀਰ ਮੁੱਦੇ ਦਾ ਧਰੁਵੀਕਰਨ ਤੇ ਸਿਆਸੀਕਰਨ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਰੱਦ ਹੋ ਚੁੱਕੀਆਂ ਹਨ। ਭਾਰਤ ਨੇ ਕਿਹਾ ਕਿ ਪਾਕਿਸਤਾਨ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ‘ਵਾਰ ਵਾਰ ਝੂਠ ਬੋਲੇ ਜਾਣ ਨਾਲ ਇਹ ਸੱਚ ਨਹੀਂ ਬਣ ਜਾਂਦਾ।’ ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਵੀਸ਼ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਲਮੀ ਭਾਈਚਾਰਾ ਦਹਿਸ਼ਤੀ ਤਾਣੇ-ਬਾਣੇ ਨੂੰ ਹਮਾਇਤ, ਵਿੱਤੀ ਇਮਦਾਦ ਤੇ ਹੱਲਾਸ਼ੇਰੀ ਦੇਣ ਵਿੱਚ ਪਾਕਿਸਤਾਨ ਵੱਲੋਂ ਨਿਭਾਈ ਭੂਮਿਕਾ ਤੋਂ ਜਾਣੂ ਹੈ।
-ਪੀਟੀਆਈ

ਇਮਰਾਨ ਖ਼ਾਨ ਕਸ਼ਮੀਰ ਬਾਰੇ ਅੱਜ ਦੇਣਗੇ ਨੀਤੀਗਤ ਬਿਆਨ

ਇਸਲਾਮਾਬਾਦ: ਪਾਕਿਸਤਾਨ ਨੇ ਵੀਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਸ਼ੁੱਕਰਵਾਰ ਨੂੰ ਮਕਬੂਜ਼ਾ ਕਸ਼ਮੀਰ ਦੀ ਰਾਜਧਾਨੀ ਮੁਜ਼ੱਫਰਾਬਾਦ ’ਚ ਰੈਲੀ ਦੌਰਾਨ ਕਸ਼ਮੀਰ ਬਾਰੇ ‘ਨੀਤੀਗਤ ਬਿਆਨ’ ਦੇਣਗੇ। ਵਿਦੇਸ਼ ਦਫ਼ਤਰ ਦੇ ਤਰਜਮਾਨ ਮੁਹੰਮਦ ਫ਼ੈਸਲ ਨੇ ਮੀਡੀਆ ਨੂੰ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਕਸ਼ਮੀਰ ਮੁੱਦੇ ਦੇ ਹੱਲ ਲਈ ਪਾਕਿਸਤਾਨ ਕਿਸੇ ਵੀ ਤੀਜੀ ਧਿਰ ਦੀ ਵਿਚੋਲਗੀ ਲਈ ਤਿਆਰ ਹੈ ਅਤੇ ਇਸ ਮਾਮਲੇ ਦੀ ਵੈਧਤਾ ਕੌਮਾਂਤਰੀ ਕਾਨੂੰਨ ’ਤੇ ਆਧਾਰਿਤ ਹੈ। ਉਧਰ ਜਨੇਵਾ ਦੌਰੇ ਤੋਂ ਮੁਲਕ ਪਰਤੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਪਾਕਿਸਤਾਨ ਕਸ਼ਮੀਰੀਆਂ ਦੇ ਹੱਕਾਂ ਦੀ ਆਵਾਜ਼ ਹਰੇਕ ਮੰਚ ’ਤੇ ਉਠਾਉਣਾ ਜਾਰੀ ਰੱਖੇਗਾ।
-ਪੀਟੀਆਈ


Comments Off on ਮਕਬੂਜ਼ਾ ਕਸ਼ਮੀਰ ’ਚ ਕਾਰਵਾਈ ਲਈ ਫ਼ੌਜ ਤਿਆਰ: ਰਾਵਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.