ਪੰਕਜ ਅਡਵਾਨੀ ਨੇ 22ਵਾਂ ਵਿਸ਼ਵ ਖ਼ਿਤਾਬ ਜਿੱਤਿਆ !    ਆਂਧਰਾ ਪ੍ਰਦੇਸ਼ ’ਚ ਸੈਲਾਨੀਆਂ ਦੀ ਕਿਸ਼ਤੀ ਪਲਟੀ, 12 ਡੁੱਬੇ !    ਓਮਾਨ ’ਚ ਸੜਕ ਹਾਦਸਾ; ਤਿੰਨ ਭਾਰਤੀ ਹਲਾਕ !    ਹਨੇਰਗ਼ਰਦੀ: ਅਤੀਤ ਤੇ ਵਰਤਮਾਨ... !    ਸਾਡੇ ਸਮਿਆਂ ਦਾ ਕੌੜਾ ਸੱਚ !    ਪਿਆਰ, ਸੁਰੱਖਿਆ, ਅਸੀਂ ਤੇ ਡਰੋਨ - ਪੀਜ਼ਾ ਕਿ ਬੰਬ? !    ਕੌਮਾਂਤਰੀ ਨਗਰ ਕੀਰਤਨ ਤਿਲੰਗਾਨਾ ਪੁੱਜਿਆ !    ਔਰਤ ਦਸ ਕਰੋੜ ਦੀ ਹੈਰੋਇਨ ਸਣੇ ਗ੍ਰਿਫ਼ਤਾਰ !    ਪ੍ਰਕਾਸ਼ ਪੁਰਬ: ਵਾਸ਼ਿੰਗਟਨ ’ਚ ਬਣੇਗੀ ਖਾਲਸਾ ਯੂਨੀਵਰਸਿਟੀ !    ਪੰਜਾਬ ਤੇ ਕਸ਼ਮੀਰ !    

ਭੂਸ਼ਨ: ਦਾੜ੍ਹੀ ਮੇਰੀ ਸਿਰ ਤੇਰਾ

Posted On September - 8 - 2019

ਹਰਭਜਨ ਸਿੰਘ ਬਾਜਵਾ

ਭੂਸ਼ਨ ਦੇ ਪਹਿਲੀ ਵਾਰ ਦਰਸ਼ਨ ਧਿਆਨਪੁਰ ਹੀ ਕੀਤੇ ਸਨ। ਉਸ ਵਕਤ ਉਸ ਨੇ ਦਸਵੀਂ ਪਾਸ ਕਰ ਲਈ ਸੀ। ਧਿਆਨਪੁਰ ਕਵੀ ਦਰਬਾਰ ਹੋਇਆ ਸੀ ਜਿਸ ਵਿਚ ਸੂਬਾ ਸਿੰਘ, ਜਸਵੰਤ ਸਿੰਘ ਰਾਹੀ, ਅਮਰਜੀਤ ਗੁਰਦਾਸਪੁਰ ਤੇ ਹੋਰ ਸਾਹਿਤਕਾਰ ਆਏ ਸਨ। ਉਸ ਵਕਤ ਭੂਸ਼ਨ ਸਰੀਰ ਦਾ ਇਕਹਿਰਾ, ਪਰ ਚੁਸਤ ਸੀ।
ਉਸ ਤੋਂ ਬਾਅਦ ਭੂਸ਼ਨ ਨੌਕਰੀ ਦੇ ਸਿਲਸਿਲੇ ਵਿਚ ਚੰਡੀਗੜ੍ਹ ਆ ਗਿਆ ਸੀ। ਅਗਲੀ ਸਾਰੀ ਪੜ੍ਹਾਈ, ਨੌਕਰੀ ਦੇ ਨਾਲ ਚੰਡੀਗੜ੍ਹ ਪੂਰੀ ਕੀਤੀ। ਜਦੋਂ ਕਦੇ ਭੂਸ਼ਨ ਪਿੰਡ ਆਉਂਦਾ ਸੀ ਤਾਂ ਮਿਲਦਾ ਰਹਿੰਦਾ ਸੀ। ਜਦੋਂ ਕਦੇ ਅਸੀਂ ਚੰਡੀਗੜ੍ਹ ਜਾਂਦੇ ਸਾਂ ਤਾਂ ਮਿਲ ਲੈਂਦੇ ਸਾਂ। ਚੰਡੀਗੜ੍ਹ ਆ ਕੇ ਭੂਸ਼ਨ ਦੀ ਸਾਹਿਤਕਾਰਾਂ ਨਾਲ ਨੇੜਤਾ ਹੋ ਗਈ ਸੀ। ਸ਼ਿਵ ਕੁਮਾਰ ਬਟਾਲਵੀ, ਸੂਬਾ ਸਿੰਘ, ਭਾਗ ਸਿੰਘ, ਕਹਾਣੀਕਾਰ ਮੋਹਨ ਭੰਡਾਰੀ, ਜੋਗਾ ਸਿੰਘ, ਗੁਲ ਚੌਹਾਨ, ਪ੍ਰੇਮ ਗੋਰਖੀ- ਇਹ ਸਾਰੇ ਭੂਸ਼ਨ ਦੇ ਮਿੱਤਰ ਸਨ।
ਉਸ ਦਾ ਵਿਆਹ ਹੋਇਆ ਤਾਂ ਲੜਕੀ ਵਾਲਾ ਸਾਰਾ ਪਰਿਵਾਰ ਸਿੱਖੀ ਸਰੂਪ ਵਾਲੇ ਸਨ। ਇਹ ਪੰਡਿਤਾਂ ਦਾ ਮੁੰਡਾ ਘੋਨ-ਮੋਨ ਸੀ। ਉਸ ਦੇ ਸਹੁਰੇ ਪਰਿਵਾਰ ਨੂੰ ਦੇਖ ਕੇ ਮੈਂ ਭੂਸ਼ਨ ਨੂੰ ਆਖਿਆ, ‘‘ਤੇਰੀ ਦਾੜ੍ਹੀ ਹੁਣ ਮੇਰੀ ਹੋ ਗਈ, ਤੂੰ ਦਾੜ੍ਹੀ ਨਹੀਂ ਕੱਟਣੀ’’ ਉਹ ਮੰਨ ਗਿਆ। ਉਸ ਨੇ ਦਾੜ੍ਹੀ ਮੁੰਨਣੀ ਬੰਦ ਕਰ ਦਿੱਤੀ।
ਦੋ ਮਹੀਨਿਆਂ ਬਾਅਦ ਭੂਸ਼ਨ ਦੀ ਪਤਨੀ ਨੇ ਭੂਸ਼ਨ ਨੂੰ ਆਖਿਆ, ‘‘ਧਿਆਨਪੁਰੀ ਜੀ, ਤੁਸੀਂ ਹੁਣ ਦਾੜ੍ਹੀ ਕਿਉਂ ਨਹੀਂ ਮੁੰਨਦੇ?’’ ਭੂਸ਼ਨ ਨੇ ਉੱਤਰ ਦਿੱਤਾ, ‘‘ਤੇਰੇ ਸਾਰੇ ਪਰਿਵਾਰ ਨੇ ਦਾੜ੍ਹੀਆਂ ਰੱਖੀਆਂ ਹੋਈਆਂ ਹਨ। ਮੈਂ ਤਾਂ ਕਦੇ ਇਤਰਾਜ਼ ਨਹੀਂ ਕੀਤਾ। ਨਾਲੇ ਇਹ ਦਾੜ੍ਹੀ ਬਟਾਲੇ ਵਾਲੇ ਬਾਜਵੇ ਫੋਟੋਗ੍ਰਾਫਰ ਦੀ ਏ। ਮੈਂ ਹੁਣ ਇਸ ਨੂੰ ਮੁੰਨ ਨਹੀਂ ਸਕਦਾ।’’
ਭੂਸ਼ਨ ਨੇ ਫੇਰ ਸਿਰ ਮੁੰਨਣਾ ਵੀ ਬੰਦ ਕਰ ਦਿੱਤਾ ਸੀ। ਇਕ ਵਾਰੀ ਭੂਸ਼ਨ ਦੇ ਮਿੱਤਰ ਦਾਰੂ ਪੀ ਕੇ ਆਖਣ ਲੱਗੇ, ‘‘ਅੱਜ ਭੂਸ਼ਨ ਦੀ ਦਾੜ੍ਹੀ ਵੀ ਮੁੰਨ ਕੇ ਜਾਵਾਂਗੇ। ਇਸ ਨੇ ਗੰਦ ਪਾਇਆ ਹੋਇਆ ਏ।’’ ਭੂਸ਼ਨ ਨੇ ਉਨ੍ਹਾਂ ਨੂੰ ਆਖਿਆ, ‘‘ਇਹ ਦਾੜ੍ਹੀ ਮੇਰੀ ਨਹੀਂ। ਇਹ ਬਾਜਵੇ ਫੋਟੋਗ੍ਰਾਫਰ ਦੀ ਏ। ਮੁੰਨ ਕੇ ਤਾਂ ਵੇਖੋ…।’’ ਫੇਰ ਉਹ ਮਿੱਤਰ ਚੁੱਪ ਕਰ ਗਏ।

ਹਰਭਜਨ ਸਿੰਘ ਬਾਜਵਾ

ਜਦੋਂ ਭੂਸ਼ਨ ਰੋਪੜ ਸਰਕਾਰੀ ਕਾਲਜ ਵਿਚ ਪੜ੍ਹਾਉਣ ਲੱਗ ਪਿਆ। ਫੇਰ ਤਾਂ ਦਾੜ੍ਹੀ ਵਾਲਾ ਪ੍ਰੋਫ਼ੈਸਰ ਬਣ ਗਿਆ। ਉਹ ਰੋਪੜ ਦੇ ਗਿਆਨੀ ਜ਼ੈਲ ਸਿੰਘ ਨਗਰ ਵਿਚ ਰਹਿੰਦਾ ਸੀ। ਫੇਰ ਤਾਂ ਉਸ ਦੀ ਦਾੜ੍ਹੀ ਏਨੀ ਮਸ਼ਹੂਰ ਹੋ ਗਈ ਸੀ ਕਿ ਰੋਪੜ ਦੇ ਬੱਸ ਅੱਡੇ ’ਤੇ ਕਿਸੇ ਵੀ ਰਿਕਸ਼ੇ ਵਾਲੇ ਨੂੰ ਆਖੋ ਗਿਆਨੀ ਜ਼ੈਲ ਸਿੰਘ ਨਗਰ ਵਿਚ ਦਾੜ੍ਹੀ ਵਾਲੇ ਮਾਸਟਰ ਦੇ ਘਰ ਜਾਣਾ ਤਾਂ ਹਰ ਰਿਕਸ਼ੇ ਵਾਲਾ ਆਵਾਜ਼ਾਂ ਮਾਰਦਾ ਸੀ।
ਭੂਸ਼ਨ ਦੇ ਵੱਡੇ ਪੁੱਤਰ ਦਾ ਵਿਆਹ ਸੀ ਤੇ ਮਿਲਣੀ ਵੇਲੇ ਦੋਵੇਂ ਇਕੱਠੇ ਖੜ੍ਹੇ ਸਾਂ। ਲਾਗੇ ਹੀ ਭੂਸ਼ਨ ਦਾ ਕੁੜਮ ਵੀ ਖੜ੍ਹਾ ਸੀ। ਭੂਸ਼ਨ ਮੈਨੂੰ ਆਖਿਆ, ‘‘ਬਾਜਵਾ ਤੇਰੀ ਦਾੜ੍ਹੀ ਨੇ ਮੇਰਾ ਰੋਅਬ ਬਣਾ ਦਿੱਤਾ ਏ। ਹੁਣ ਤਾਂ ਧਰਮਾਤਮਾ ਲੱਗਦਾ ਹਾਂ। ਜੇ ਇਹ ਦਾੜ੍ਹੀ ਨਾ ਹੁੰਦੀ ਤਾਂ ਮੈਂ ਕੁੜਮ ਲਾਗੇ ਕੀ ਲੱਗਣਾ ਸੀ।’’ ‘‘ਫੇਰ ਤੂੰ ਮੰਦਰ ਦਾ ਪੁਜਾਰੀ ਲੱਗਣਾ ਸੀ।’’ ‘‘ਤੇਰੀ ਦਾੜ੍ਹੀ ਨੇ ਮੇਰੀ ਪਛਾਣ ਕਰਵਾ ਦਿੱਤੀ ਏ। ਹੁਣ ਹਜ਼ਾਰਾਂ ਲੋਕਾਂ ਵਿਚ ਖਲੋਤਾ ਹੋਵਾਂ ਤਾਂ ਦੂਰੋਂ ਹੀ ਭੂਸ਼ਨ ਦੀ ਪਛਾਣ ਹੋ ਜਾਂਦੀ ਏ। ਇਹ ਤੇਰੀ ਦਾੜ੍ਹੀ ਦੀਆਂ ਕਰਾਂਮਾਤਾਂ ਨੇ ਬਾਜਵਾ।’’
ਸੰਪਰਕ: 98767-41231


Comments Off on ਭੂਸ਼ਨ: ਦਾੜ੍ਹੀ ਮੇਰੀ ਸਿਰ ਤੇਰਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.