ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਭਗਵਾਨ ਥੱਕ ਗਏ ਨੇ

Posted On September - 1 - 2019

ਐੱਸ. ਗੁੜਗੁੜਾਵਾਦੀ

ਚਿੱਤਰ: ਸੰਦੀਪ ਜੋਸ਼ੀ

ਮੈਂ ਪਹਿਲਾਂ ਹੀ ਇਸ ਕਾਲਮ ਰਾਹੀਂ ਦੱਸ ਚੁੱਕਾ ਹਾਂ ਕਿ ਮੇਰੇ ’ਤੇ ਭਗਵਾਨ ਦੀ ਅਜਬ ਕਿਰਪਾ ਹੈ। ਮੈਨੂੰ ਬਰਜ਼ਖ (ਸਵਰਗ ਤੇ ਨਰਕ ਵਿਚਕਾਰਲੀ ਧਰਤ) ਤੋਂ ਉਹ ਲੋਕ/ਰੂਹਾਂ ਮਿਲਣ ਆਉਂਦੀਆਂ ਨੇ ਜਿਹੜੀਆਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਈਆਂ ਹਨ। ਅੱਲ੍ਹਾ ਦੀ ਰਹਿਮਤ ਹੈ: ਇਹ ਕਿੰਨਾ ਵਿਸਮਾਦੀ ਤੇ ਗੁੜਗੁੜਾਵਾਦੀ ਅਨੁਭਵ ਹੈ! ਪਰ ਕਈ ਦਿਨਾਂ ਤੋਂ ਕੋਈ ਨਹੀਂ ਸੀ ਆਇਆ। ਆਪਣੇ ਗੁੜਗੁੜਾਵਾਦੀ ਸੁਭਾਅ (ਭਾਵ ਜੇ ਕੋਈ ਮਹਿਮਾਨ ਨਾ ਆਏ ਤਾਂ ਚੰਗਾ ਈ ਐ) ਦੇ ਬਾਵਜੂਦ ਮੈਨੂੰ ਅੱਚਵੀ ਲੱਗੀ ਹੋਈ ਸੀ, ਚਲੂਣੇ ਲੜ ਰਹੇ ਸਨ ਕਿ ਕੋਈ ਆਇਆ ਕਿਉਂ ਨਹੀਂ। ਆਖ਼ਰ ਇਕ ਸ਼ਾਮ ਡਰਾਇੰਗ ਰੂਮ ਵਿਚ ਅਜੀਬ ਤਰ੍ਹਾਂ ਦੀ ਰੌਸ਼ਨੀ ਹੋਈ; ਇਹ ਰੌਸ਼ਨੀ ਉਸ ਬਰਜ਼ਖੀ ਰੌਸ਼ਨੀ ਤੋਂ ਵੱਖਰੀ ਸੀ ਜੋ ਓਦੋਂ ਹੋਈ ਜਦ ਪੰਜਾਬੀ ਕਵੀ ਪ੍ਰਮਿੰਦਰਜੀਤ, ਹਿੰਦੀ ਕਵੀ ਕੁਮਾਰ ਵਿਕਲ, ਉਰਦੂ ਦੇ ਤਨਜ਼ਨਿਗਾਰ ਫਿਕਰ ਤੌਂਸਵੀ ਅਤੇ ਚਿੰਤਕ ਸਤਿਆਪਾਲ ਗੌਤਮ (ਜਵਾਹਰ ਲਾਲ ਯੂਨੀਵਰਸਿਟੀ ਵਿਚ ਫਿਲਾਸਫ਼ੀ ਦਾ ਪ੍ਰੋਫ਼ੈਸਰ) ਮੈਨੂੰ ਮਿਲਣ ਆਏ ਸਨ। ਮੈਂ ਭੱਜਾ ਭੱਜਾ ਡਰਾਇੰਗ ਰੂਮ ’ਚ ਆਇਆ। ਮੈਂ ਵੇਖਿਆ ਭਗਵਾਨ ਖ਼ੁਦ ਮੇਰੇ ਸੋਫ਼ੇ ’ਤੇ ਬਿਰਾਜਮਾਨ ਸਨ। ਸਦੀਆਂ ਤੋਂ ਦੁਹਰਾਈ ਜਾਂਦੀ ਕਹਾਵਤ ਸੱਚ ਹੋਈ; ਕੀੜੀ ਦੇ ਘਰ ਭਗਵਾਨ ਆਏ। ਧੰਨੇ ਭਗਤ ਤੇ ਹੋਰ ਭਗਤਾਂ, ਪੀਰਾਂ, ਫ਼ਕੀਰਾਂ ਦੀ ਗੱਲ ਤੇ ਹੋਰ ਹੈ ਪਰ ਦੁਨੀਆਂ ਵਿਚ ਮੈਂ ਪਹਿਲਾ ਗੁੜਗੁੜਾਵਾਦੀ ਬੁੱਧੀਜੀਵੀ ਹਾਂ ਜਿਹਦੇ ਘਰ ਭਗਵਾਨ ਆਏ।
ਮੈਨੂੰ ਪਤਾ ਨਾ ਲੱਗੇ ਕੀ ਕਰਾਂ? ਭਗਵਾਨ ਨੂੰ ਪਾਣੀ ਜਾਂ ਫਲਾਂ ਦਾ ਰਸ ਪਿਲਾਵਾਂ, ਉਨ੍ਹਾਂ ਦੇ ਪੈਰ ਧੋਵਾਂ, ਨੱਚਾਂ, ਹੱਸਾਂ ਜਾਂ ਖ਼ੁਸ਼ੀ ਵਿਚ ਰੋਵਾਂ। ਮੈਂ ਕਿਹਾ, ‘‘ਭਗਵਾਨ ਮੈਂ ਧੰਨ ਧੰਨ ਹੋ ਗਿਆ… ਤੁਸੀਂ ਮੇਰੇ ਘਰ! ਯਕੀਨ ਨਹੀਂ ਆਉਂਦਾ, ਮੇਰੇ ਮੌਲਾ… ਇਸ ਨੂਰ ਨਾਲ ਇਸ ਘਰ ਦਾ ਹਰ ਪਾਪ ਧੁਲ ਜਾਵੇਗਾ, ਬਰਜ਼ਖੀ ਬੰਦਿਆਂ/ਰੂਹਾਂ (ਜੋ ਕਦੇ ਏਥੇ ਆਈਆਂ ਸਨ) ਦੇ ਗੂੰਜਦੇ ਬੋਲ ਤੇ ਪਾਪੀ ਪਰਛਾਵੇਂ ਖ਼ਤਮ ਹੋ ਜਾਣਗੇ। ਦਾਸ ਨੂੰ ਪਰਮ ਸ਼ਾਂਤੀ ਮਿਲ ਜਾਵੇਗੀ; ਦੱਸੋ ਤੁਹਾਡਾ ਇਹ ਦਾਸ, ਤੁਹਾਡੀ ਕੀ ਸੇਵਾ ਕਰੇ?’’ ਭਗਵਾਨ ਕੜਕੇ, ‘‘ਤੇਰੀ ਕੀ ਔਕਾਤ ਕਿ ਤੂੰ ਮੇਰੀ ਸੇਵਾ ਕਰ ਸਕੇਂ? ਤੂੰ ਹੈਂ ਕੀ?’’ ਮੈਂ ਕਿਹਾ, ‘‘‘ਤੁਸੀਂ ਠੀਕ ਫਰਮਾਇਐ ਮੇਰੇ ਮਾਲਕ, ਮੈਂ ਕੀ ਹਾਂ… ਮੈਂ ਕੀੜਾ ਮਕੌੜਾ ਹਾਂ; ਸੱਤਾ ਦੀ ਮਠਿਆਈ ਦੁਆਲੇ ਭੌਂਦੀ ਮੱਖੀ ਹਾਂ; ਸ਼ੁਹਰਤ ਦੇ ਫੁੱਲਾਂ ਦਾ ਸ਼ਹਿਦ ਚੂਸਦਾ ਭੌਰਾ ਹਾਂ; ਖ਼ਾਕਸਾਰ ਹਾਂ, ਚਮਚਾ ਹਾਂ, ਕੜਛੀ ਹਾਂ, ਸੱਤਾ ਦੀ ਕੜਾਹੀ ਵਿਚ ਬਚੀ ਹੋਈ ਰਹਿੰਦ-ਖੂੰਹਦ ਨੂੰ ਚੱਟਦਾ ਕੂਕਰ ਹਾਂ; ਮੇਰੇ ਭਗਵਾਨ, ਮੈਂ ਤੁਹਾਡੇ ਪੈਰਾਂ ਦੀ ਧੂੜ ਹਾਂ; ਤੁਸੀਂ ਮੇਰੇ ਘਰ ਆਏ ਹੋ; ਮੈਂ ਜਾਣਦਾ ਹਾਂ ਇਹ ਇੱਜ਼ਤ, ਇਹ ਮਾਨ-ਸਨਮਾਨ ਜਣੇ ਖਣੇ ਨੂੰ ਨਹੀਂ ਮਿਲਦਾ; ਤੁਹਾਡੇ ਆਉਣ ਦੀ ਖ਼ਬਰ ਜਦ ਫੈਲੇਗੀ ਤਾਂ ਸਮਾਜ ਵਿਚ ਮੇਰਾ ਮਾਣ ਸਨਮਾਨ ਵਧੇਗਾ… ਪੱਤਰਕਾਰ ਮੇਰਾ ਇੰਟਰਵਿਊ ਲੈਣ ਲਈ ਤਰਸਣਗੇ; ਸਿਆਸਤਦਾਨ ਮੇਰੇ ਪੈਰ ਛੂਹਣਗੇ; ਮੈਨੂੰ ਕੁਝ ਨਹੀਂ ਚਾਹੀਦਾ ਮੇਰੇ ਭਗਵਾਨ, ਮੈਂ ਸ਼ੁਕਰਗੁਜ਼ਾਰ ਹਾਂ ਤੁਸੀਂ ਗ਼ਰੀਬ ਦੇ ਘਰ ਆਏ ਤਾਂ ਸਹੀ!’’ ਭਗਵਾਨ ਉੱਚੀ ਭਗਵਾਨੀ ਸੁਰ ਵਿਚ ਦਹਾੜੇ, ‘‘ਗ਼ਰੀਬ? … ਤੂੰ ਕਿੱਥੋਂ ਦਾ ਗ਼ਰੀਬ ਏਂ? ਖਾ ਖਾ ਕੇ ਸੂਰ ਵਾਂਗ ਫਿਟਿਆ ਪਿਆ ਏਂ? ਨਾਲੇ ਮੇਰੇ ਨਾਲ ਗ਼ਰੀਬਾਂ ਦੀ ਗੱਲ ਨਾ ਕਰ! ਮੈਂ ਗ਼ਰੀਬਾਂ ਤੋਂ ਬਹੁਤ ਪ੍ਰੇਸ਼ਾਨ ਹਾਂ… ਸਦੀਆਂ ਦੀਆਂ ਸਦੀਆਂ ਮੈਂ ਇਨ੍ਹਾਂ ਦੇ ਦੁੱਖ, ਪ੍ਰੇਸ਼ਾਨੀਆਂ, ਦੁਸ਼ਵਾਰੀਆਂ ਦੂਰ ਕਰਨ ਦੀ ਕੋਸ਼ਿਸ਼ ਕਰਦਾ ਰਿਹਾ… ਪਰ ਇਨ੍ਹਾਂ ਦੇ ਦੁੱਖ ਦਲਿੱਦਰ ਤਾਂ ਦੂਰ ਈ ਨਹੀਂ ਹੁੰਦੇ… ਇਹ ਦਲਿੱਦਰੀ ਲੋਕ… ਓ…ਹੋ…!’’ ਭਗਵਾਨ ਦੇ ਚਿਹਰੇ ’ਤੇ ਪ੍ਰੇਸ਼ਾਨੀ ਝਲਕ ਰਹੀ ਸੀ। ਉਹ ਦੁਖੀ ਸਨ। ਉਨ੍ਹਾਂ ਦੀਆਂ ਅੱਖਾਂ ਵਿਚ ਹੰਝੂ ਸਨ। ਮੇਰਾ ਜੀਅ ਕੀਤਾ ਕਿ ਕੋਈ ਪਿਆਲਾ ਲੈ ਕੇ ਭਗਵਾਨ ਦੀ ਅੱਖ ਵਿਚੋਂ ਡੁੱਲ੍ਹਦੇ ਹੰਝੂ ਸੁਰੱਖਿਅਤ ਕਰ ਲਵਾਂ। ਪਰ ਏਡੀ ਕਿਸਮਤ ਕਿੱਥੇ? ਭਗਵਾਨ ਨੇ ਸੁੜਾਕਾ ਜਿਹਾ ਮਾਰਿਆ ਤੇ ਸਭ ਹੰਝੂ ਗਾਇਬ ਹੋ ਗਏ, ਪਰ ਉਨ੍ਹਾਂ ਦੇ ਚਿਹਰੇ ’ਤੇ ਹਾਲੀ ਵੀ ਪ੍ਰੇਸ਼ਾਨੀ ਸੀ। ਉਨ੍ਹਾਂ ਕਿਹਾ, ‘‘ਤਾਤ, ਗ਼ਰੀਬਾਂ ਦੀ ਗੱਲ ਨਾ ਕਰ; ਹੁਣ ਦੇ ਹਾਲਾਤ ਤਾਂ ਇਹ ਨੇ ਕਿ ਮੇਰੇ ਤੋਂ ਅਮੀਰਾਂ ਦੀਆਂ ਪ੍ਰੇਸ਼ਾਨੀਆਂ ਵੀ ਦੂਰ ਨਹੀਂ ਹੁੰਦੀਆਂ।’’ ਮੈਂ ਕਿਹਾ, ‘‘ਹਜ਼ੂਰ, ਅਮੀਰਾਂ ਨੂੰ ਕਾਹਦੀਆਂ ਪ੍ਰੇਸ਼ਾਨੀਆਂ?’’ ਭਗਵਾਨ ਕਹਿੰਦੇ, ‘‘ਮੂਰਖਾ, ਤੂੰ ਅਖ਼ਬਾਰ ਨਹੀਂ ਪੜ੍ਹਦਾ? ਅਖ਼ਬਾਰਾਂ ਵਿਚ, ਟੀਵੀ ’ਤੇ ਰੋਜ਼ ਅਮੀਰਾਂ, ਵਪਾਰੀਆਂ, ਸਨਅਤਕਾਰਾਂ ਦੀਆਂ ਮਜਬੂਰੀਆਂ ਤੇ ਪ੍ਰੇਸ਼ਾਨੀਆਂ ਦਾ ਵਿਖਿਆਨ ਹੁੰਦੈ… ਸਨਅਤਾਂ ’ਚ ਪੈਸਾ ਨਹੀਂ ਲੱਗ ਰਿਹਾ… ਕਾਰਾਂ, ਟਰੈਕਟਰ, ਦੋਪਹੀਆ ਵਾਹਨ, ਟੀਵੀ ਨਹੀਂ ਵਿਕ ਰਹੇ; ਮੈਂ ਉਨ੍ਹਾਂ ਦੇ ਦੁੱਖਾਂ ਦਾ ਨਿਵਾਰਨ ਨਹੀਂ ਕਰ ਸਕਦਾ; ਗ਼ਰੀਬਾਂ ਦੀ ਗੱਲ ਕਿੱਥੋਂ ਆ ਗਈ?’’ ਭਗਵਾਨ ਭਾਵੁਕ ਹੋ ਗਏ, ਗਲਾ ਭਰ ਆਇਆ, ਉਨ੍ਹਾਂ ਕਿਹਾ, ‘‘ਮੈਂ ਥੱਕ ਗਿਆ ਤਾਤ, ਮੈਂ ਥੱਕ ਗਿਆ… ਮੈਨੂੰ ਠੰਢਾ ਪਾਣੀ ਪਿਆ।’’
,ਮੈਂ ਪੁੱਛਿਆ, ‘‘ਭਗਵਾਨ, ਘੜੇ ਦਾ ਪਿਆਵਾਂ ਜਾਂ ਫਰਿੱਜ ਦਾ?’’ ਭਗਵਾਨ ਨੂੰ ਹੋਰ ਗੁੱਸਾ ਆ ਗਿਆ, ਉਨ੍ਹਾਂ ਕਿਹਾ, ‘‘ਓਏ ਬੇਵਕੂਫ਼ਾ, ਕਿਸ ਜ਼ਮਾਨੇ ਦੀਆਂ ਗੱਲਾਂ ਕਰਦੈਂ? ਕਦੇ ਘੜੇ ’ਚ ਵੀ ਪਾਣੀ ਠੰਢਾ ਹੁੰਦੈ? ਵਧੀਆ ਫਰਿੱਜ ’ਚੋਂ ਠੰਢਾ ਪਾਣੀ ਕੱਢ, ਸਲੀਕੇ ਨਾਲ ਜੰਮੀ ਹੋਈ ਬਰਫ਼ ਦੇ ਤਿਰਛੇ, ਟੇਢੇ ਟੁਕੜੇ/ਕਿਊਬ ਪਾ ਤੇ ਪੇਸ਼ ਕਰ। ਪਾਣੀ ਆਰ ਓ ਦਾ ਹੈ ਕਿ ਨਹੀਂ?’’ ਮੈਂ ਕਿਹਾ ‘‘ਹਜ਼ੂਰ, ਪਾਣੀ ਆਰ.ਓ. ਦਾ ਹੈ, ਫਿਲਟਰ ਦਾ ਹੈ, ਬੋਤਲ ਵਾਲਾ ਮਿਨਰਲ ਵਾਟਰ ਵੀ ਹੈ। ਤੁਸੀਂ ਫ਼ਿਕਰ ਨਾ ਕਰੋ; ਬਦਹਜ਼ਮੀ ਨਹੀਂ ਹੋਵੇਗੀ।’’ ਇਹਤਿਆਤ ਵਜੋਂ ਮਿਨਰਲ ਵਾਟਰ ਵਿਚ ਦੁਨੀਆਂ ਦੀ ਸਭ ਤੋਂ ਵੱਡੀ ਮਲਟੀਨੈਸ਼ਨਲ ਦੀ ਬਣਾਈ ਗਈ ਬਿਹਤਰੀਨ ਫਰਿੱਜ ਵਿਚ ਜਮਾਈ ਬਰਫ਼ ਦੇ ਚਮਕੀਲੇ ਟੁਕੜੇ ਪਾ ਕੇ ਪਾਣੀ ਭਗਵਾਨ ਨੂੰ ਪੇਸ਼ ਕੀਤਾ। ਭਗਵਾਨ ਨੇ ਘੁੱਟ ਭਰਿਆ ਤੇ ਫਿਰ ਗੁੱਸੇ ਵਿਚ ਦਹਾੜੇ, ‘‘ਓਏ ਬੇਵਕੂਫ਼ਾ, ਨਾਮਾਕੂਲਾ, ਬੇਦਰਦੀਆ… ਤੂੰ ਇਸ ਵਿਚ ਉਹ ਦਵਾਈ ਤਾਂ ਪਾਈ ਹੀ ਨਹੀਂ,’’ ਮੈਂ ਪੁੱਛਿਆ, ‘‘ਹਜ਼ੂਰ ਕਿਹੜੀ ਦਵਾਈ?’’ ਭਗਵਾਨ ਨੇ ਕਿਹਾ, ‘‘ਮੈਂ ਭਗਵਾਨ ਹਾਂ, ਜਾਣੀ ਜਾਣ ਹਾਂ; ਮੈਂ ਜਾਣਦਾਂ ਤੂੰ ਉਰਦੂ ਦੇ ਨਾਵਲਕਾਰ ਕ੍ਰਿਸ਼ਨ ਚੰਦਰ ਦਾ ਨਾਵਲ ‘ਦਾਦਰ ਪੁਲ ਕੇ ਬੱਚੇ’ ਪੜ੍ਹਿਐ।’’
ਮੈਂ ਕਿਹਾ, ‘‘ਤੁਸੀਂ ਜੋ ਫਰਮਾਇਆ ਉਹ ਠੀਕ ਹੈ ਹਜ਼ੂਰ… ਪਰ ਮੈਥੋਂ ਖੁਨਾਮੀ ਕੀ ਹੋਈ… ਮੈਂ ਪਾਣੀ ਵਿਚ ਕਿਹੜੀ ਦਵਾਈ ਨਹੀਂ ਪਾਈ?’’ ਭਗਵਾਨ ਨੇ ਫਰਮਾਇਆ, ‘‘ਤੂੰ ਕ੍ਰਿਸ਼ਨ ਚੰਦਰ ਦਾ ਨਾਵਲ ‘ਦਾਦਰ ਪੁਲ ਕੇ ਬੱਚੇ’ ਤਾਂ ਪੜ੍ਹਿਆ ਹੀ ਹੈ। ਤੈਨੂੰ ਚੇਤੇ ਨਹੀਂ, ਮੈਂ ਕ੍ਰਿਸ਼ਨ ਚੰਦਰ ਤੋਂ ਕਿਹੜੀ ਦਵਾਈ ਮੰਗਦਾਂ… ਮੈਂ ਹਲਵਾ ਨਹੀਂ ਮੰਗਦਾ, ਖੀਰ ਨਹੀਂ ਮੰਗਦਾ, ਰੋਟੀ ਨਹੀਂ ਮੰਗਦਾ, ਕੀ ਮੰਗਦਾ ਹਾਂ… ਜੇ ਕ੍ਰਿਸ਼ਨ ਚੰਦਰ ਦਾ ਨਾਵਲ ਧਿਆਨ ਨਾਲ ਪੜ੍ਹਿਐ ਤਾਂ ਜਵਾਬ ਦੇ!’’ ਮੈਂ ਕਿਹਾ, ‘‘ਹਜ਼ੂਰ ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਤੁਸੀਂ ਕ੍ਰਿਸ਼ਨ ਚੰਦਰ ਕੋਲੋਂ ਐਸਪੀਰੀਨ, ਜੋ ਸਿਰਦਰਦ ਦੀ ਦਵਾ ਹੈ ਉਹ ਮੰਗਦੇ ਹੋ। ਖਾਣਾ ਨਹੀਂ ਖਾਂਦੇ ਸਿਰਫ਼ ਪਾਣੀ ਨਾਲ ਸਿਰਦਰਦ ਦੀ ਇਕ ਗੋਲੀ ਖਾਂਦੇ ਹੋ।’’ ਭਗਵਾਨ ਨੇ ਕਿਹਾ, ‘‘ਜੇ ਪਤਾ ਹੈ ਤਾਂ ਉਹ ਲਿਆ ਨਾ।’’ ਮੈਂ ਫਟਾਫਟ ਡਿਸਪਰਿਨ (ਐਸਪੀਰੀਨ) ਦੀ ਗੋਲੀ ਲਿਆ ਕੇ ਪਾਣੀ ਵਿਚ ਸੁੱਟੀ… ਉਹ ਸਕਿੰਟਾਂ ਵਿਚ ਘੁਲ ਗਈ ਤੇ ਭਗਵਾਨ ਨੇ ਪਾਣੀ ਦਾ ਗਲਾਸ ਚੁੱਕ ਕੇ ਗਟ ਗਟ ਕਰਕੇ ਪੀ ਲਿਆ। ਦੋ ਪਲਾਂ ਬਾਅਦ ਦਵਾਈ ਦਾ ਅਸਰ ਹੋਇਆ ਤੇ ਭਗਵਾਨ ਦੇ ਚਿਹਰੇ ’ਤੇ ਸ਼ਾਂਤੀ ਆ ਗਈ। ਭਗਵਾਨ ਦੇ ਚਿਹਰੇ ’ਤੇ ਸ਼ਾਂਤੀ ਵੇਖ ਮੇਰੇ ਮਨ ਨੂੰ ਧਰਵਾਸ ਆਇਆ। ਮੈਂ ਪੁੱਛਿਆ, ‘‘ਭਗਵਾਨ ਏਨੇ ਚਿਰ ਬਾਅਦ ਇਸ ਧਰਤੀ ’ਤੇ ਦਰਸ਼ਨ ਕਿਵੇਂ ਦਿੱਤੇ?’’
ਭਗਵਾਨ ਨੇ ਦੱਸਿਆ, ‘‘ਤਾਤ, ਮੈਂ ਧਰਤ ਲੋਕ, ਸਵਰਗ, ਨਰਕ, ਬਰਜ਼ਖ ਦੀ ਹਕੂਮਤ ਕਰਦੇ ਕਰਦੇ ਥੱਕ ਗਿਆਂ। ਇਸ ਲਈ ਪਹਿਲਾਂ ਮੈਂ ਧਰਤੀ ਦੇ ਲੋਕਾਂ ਦੇ ਦੁੱਖਾਂ ਦਾ ਇਲਾਜ ਲੱਭਿਆ। ਵੱਖ ਵੱਖ ਦੇਸ਼ਾਂ ਨੂੰ ਕਾਬਲ, ਹਿੰਮਤੀ ਤੇ ਮਜ਼ਬੂਤ ਆਗੂ ਦਿੱਤੇ। ਉਨ੍ਹਾਂ ਨੂੰ ਰਾਸ਼ਟਰਪਤੀ, ਪ੍ਰਧਾਨ ਮੰਤਰੀ ਬਣਾਇਆ। ਅਮਰੀਕਾ ਵਿਚ ਡੋਨਲਡ ਟਰੰਪ ਨੂੰ, ਭਾਰਤ ਵਿਚ ਨਰਿੰਦਰ ਮੋਦੀ ਨੂੰ, ਰੂਸ ਵਿਚ ਪੂਤਿਨ ਨੂੰ, ਤੁਰਕੀ ਵਿਚ ਅਰਦੋਜਨ ਨੂੰ, ਚੀਨ ਵਿਚ ਸ਼ੀ ਜਿਨਪਿੰਗ ਨੂੰ। ਪੁੱਛ ਕੋਈ ਨਾ ਜਿਹੜੇ ਮਨੁੱਖ ਨੇ ਵੀ ਪਿਛਲੇ ਜਨਮ ਵਿਚ ਚੰਗੇ ਕਰਮ ਕੀਤੇ ਸੀ ਉਹ ਸਾਰੇ ਲਾ ਤੇ। …ਭਾਰਤ ਤਾਂ ਵੈਸੇ ਹੀ ਦੇਵ ਭੂਮੀ ਹੈ …ਏਥੇ ਲਾਇਆ ਮੈਂ ਆਪਣੇ ਹੀਰਿਆਂ ਤੋਂ ਅਸਲੀ ਹੀਰਾ, ਆਦਰਸ਼ ਮਨੁੱਖ, ਜੋ ਹੁਣ ਤੁਹਾਡਾ ਪ੍ਰਧਾਨ ਮੰਤਰੀ ਹੈ। ਹੁਣ ਮੈਂ ਮੁਆਇਨਾ ਕਰਨ ਆਇਆਂ।’’
‘‘ਫਿਰ?’’ ਮੈਂ ਪੁੱਛਿਆ, ‘‘ਭਗਵਾਨ, ਕਿੱਦਾਂ ਲੱਗਾ ਤੁਹਾਨੂੰ?’’ ‘‘ਬਈ ਮੇਰੇ ਸਪੁੱਤਰਾਂ ਮੋਦੀ ਤੇ ਟਰੰਪ ਨੇ ਤਾਂ ਬੱਲੇ ਬੱਲੇ ਕਰਾ ’ਤੀ ਆ।’’ ਭਗਵਾਨ ਬੋਲੇ, ‘‘ਹਰ ਸਮੱਸਿਆ ਹੱਲ ਕਰੀ ਜਾਂਦੇ ਆ… ਆਹ ਵੇਖ ਲੈ ਕਸ਼ਮੀਰ ਦੀ ਗੱਲ 70-72 ਸਾਲਾਂ ਤੋਂ ਲਟਕਦੀ ਆ ਰਹੀ ਸੀ… ਨਰਿੰਦਰ ਨੇ ਖੱਬੇ ਹੱਥ ਨਾਲ ਮਸਲਾ ਹੱਲ ਕਰ ’ਤਾ… ਮੈਂ ਹੁਣੇ ਹੁਣੇ ਜੰਮੂ ਕਸ਼ਮੀਰ ਲੇਹ ਲੱਦਾਖ ਦਾ ਦੌਰਾ ਕਰਕੇ ਆਇਆ… ਮੈਂ ਕਿਹਾ ਤਹਿ ਬਿਠਾ ਦਿੱਤੀ ਐ ਪਿਉ ਦੇ ਪੁੱਤ ਨੇ! ਮਾਵਾਂ ਸੂਰਮੇ ਜੰਮਣ ਤੇ ਮੋਦੀ ਜਿਹੇ! ਕੋਈ ਚੂੰ ਨਹੀਂ ਕਰਦਾ। ਐਨੀ ਸ਼ਾਂਤੀ ਐ… ਪਈ ਅਸ਼ਕੇ ਜਾਵਾਂ ਮੈਂ ਤੁਹਾਡੇ ਪ੍ਰਧਾਨ ਮੰਤਰੀ ਦੇ। ਇਹਨੂੰ ਕਹਿੰਦੇ ਆ ਆਦਰਸ਼ਵਾਦੀ ਨਿਜ਼ਾਮ। ਕਿਤੋਂ ’ਵਾਜ ਤਕ ਨਹੀਂ ਆਉਂਦੀ। ਇਹ ਵੇਖ ਕੇ ਮੈਂ ਏਨਾ ਖ਼ੁਸ਼ ਹੋਇਆ ਕਿ ਮੇਰੇ ਦਿਮਾਗ਼ ਵਿਚ ਨਵਾਂ ਖਿਆਲ ਜਨਮ ਲੈ ਰਿਹਾ।’’
‘‘ਨਵਾਂ ਖਿਆਲ… ਉਹ ਕੀ ਭਗਵਾਨ?’’ ਮੈਂ ਪੁੱਛਿਆ। ਭਗਵਾਨ ਮੁਸਕਰਾਏ ਤੇ ਬੋਲੇ, ‘‘ਗੁੜਗੁੜਾਵਾਦੀ ਹੋਣ ਦੇ ਬਾਵਜੂਦ ਤੂੰ ਬੁੱਝ ਨਹੀਂ ਸਕਿਆ… ਮੈਂ ਤੈਨੂੰ ਦੱਸਿਆ ਤੇ ਹੈ, ਮੈਂ ਦੁਨੀਆਂ, ਸਵਰਗ, ਨਰਕ ਤੇ ਬਰਜ਼ਖ ’ਤੇ ਹਕੂਮਤ ਕਰਦਾ ਥੱਕ ਗਿਆਂ। ਦੁਨੀਆਂ ਦੇ ਮਸਲੇ ਤਾਂ ਟਰੰਪ, ਮੋਦੀ ਤੇ ਪੂਤਿਨ ਤੇ ਬਾਕੀਆਂ ਹੱਲ ਕਰ ਦੇਣੇ ਆ। ਮੇਰੇ ਮਨ ’ਚ ਵਿਚਾਰ ਆ ਰਿਹਾ ਕਿ ਨਰਿੰਦਰ ਮੋਦੀ ਨਾਲ ਗੱਲ ਕਰਕੇ ਸਵਰਗ, ਨਰਕ ਤੇ ਬਰਜ਼ਖ ਨੂੰ ਵੀ ਕੇਂਦਰੀ ਸਾਸ਼ਿਤ ਪ੍ਰਦੇਸ਼ ਬਣਾ ਕੇ ਨਵੀਂ ਦਿੱਲੀ ਦੀ ਹਕੂਮਤ ਦੇ ਅਧੀਨ ਕਰ ਦੇਵਾਂ… ਸਭ ਰੌਲਾ ਪੈਣਾ ਬੰਦ ਹੋ ਜਾਏਗਾ।’’ ‘‘ਕਿਹੜਾ ਰੌਲਾ ਭਗਵਾਨ?’’ ਮੈਂ ਪੁੱਛਿਆ, ‘‘ਤੁਸੀਂ ਤੇ ਇਹ ਦੁਨੀਆਂ ਸਾਜੀ ਤੇ ਹੁਣ ਤਕ ਪੱਤੇ ਪੱਤੇ ’ਤੇ ਤੁਹਾਡਾ ਹੁਕਮ ਚੱਲਦੈ… ਤੁਹਾਡੇ ਵਰਗਾ ਸ਼ਾਸਕ, ਚਾਲਕ, ਪਾਲਕ, ਦੇਣਹਾਰ, ਨਿਆਂ-ਅਧਿਕਾਰੀ ਤਾਂ ਕੋਈ ਹੋ ਈ ਨਹੀਂ ਸਕਦਾ। ਤੁਸੀਂ ਕਿਹੜੇ ਰੌਲੇ ਦੀ ਗੱਲ ਕਰਦੇ ਓ?’’ ‘‘ਤੂੰ ਅਣਜਾਣ ਏਂ ਬਾਲਕ!’’ ਭਗਵਾਨ ਨੇ ਬੜੇ ਸੰਜਮ ਨਾਲ ਕਿਹਾ, ‘‘ਨਰਕ ਦਾ ਤੇ ਤੈਨੂੰ ਪਤਾ ਈ ਐ ਰੋਜ਼ ਹੜਤਾਲਾਂ, ਮੁਜ਼ਾਹਰੇ… ਅਤੇ ਜੇਲ੍ਹਾਂ ਸੁਧਾਰੋ। ਤੇਲ ਦੇ ਕੜਾਹਿਆਂ ’ਚ ਸਾੜਨ ਦੀ ਸਜ਼ਾ ਬੰਦ ਕਰੋ! ਸੱਪਾਂ ਵਾਲੇ ਚੌਕਾਂ ’ਚੋਂ ਸੱਪ ਹਟਾਓ! … ਖ਼ੈਰ ਨਰਕ ਵਿਚ ਤਾਂ ਹੋਏ ਈ ਨਰਕੀ ਜੀਓੜੇ, ਨਾਸਤਿਕ… ਉਨ੍ਹਾਂ ਤੇ ਰੌਲਾ ਪਾਉਣਾ ਈ ਹੋਇਆ। ਸਵਰਗ ਵਿਚ ਵੀ ਇੰਦਰ ਦੇਵਤਾ ਮੰਗ ਕਰਦਾ ਰਹਿੰਦੈ… ਅਖੇ ਇੰਦਰ ਸਭਾ ਨੂੰ ਹੋਰ ਸੁੰਦਰ ਬਣਾਓ… ਹਰ ਥਾਂ ’ਤੇ ਏਅਰ ਕੰਡੀਸ਼ਨਰ ਲਗਾ ਦਿਓ… ਹੋਰ ਅਪਸਰਾਵਾਂ ਤੇ ਹੂਰਾਂ ਭੇਜੋ… ਉਨ੍ਹਾਂ ਦਾ ਨ੍ਰਿਤ ਵੇਖਣ ਲਈ ਵੱਡੀਆਂ ਸਕਰੀਨਾਂ ਲਵਾਓ… ਅੰਗੂਰ, ਅਨਾਰ, ਬਦਾਮ, ਪਿਸਤੇ ਹੋਰ ਚਾਹੀਦੇ ਨੇ। …ਪਰ ਸਭ ਤੋਂ ਵੱਡੀ ਸਿਰਦਰਦੀ ਬਰਜ਼ਖ ਐ …ਓਥੇ ਹੋਮਰ, ਟਾਲਸਟਾਏ ਤੋਂ ਲੈ ਕੇ ਨਿਊਟਨ, ਗੈਲੀਲਿਓ, ਆਇੰਸਟਾਈਨ, ਮੰਟੋ, ਦਾਸਤੋਵਸਕੀ, ਸਾਰਤਰ, ਡਾਰਵਿਨ, ਫਰਾਇਡ, ਬਾਵਾ ਬਲਵੰਤ, ਸੰਤ ਸਿੰਘ ਸੇਖੋਂ, ਅੰਮ੍ਰਿਤਾ ਸ਼ੇਰਗਿੱਲ, ਅੰਮ੍ਰਿਤਾ ਪ੍ਰੀਤਮ, ਸਿਲਵੀਆ ਪਲੈਥ… ਮਾਇਕੋਵਸਕੀ, ਪ੍ਰਮਿੰਦਰਜੀਤ ਸਭ ’ਕੱਠੇ ਆ… ਵਣ ਵਣ ਦੀ ਲੱਕੜੀ ਐ। ਕਹਿੰਦੇ ਆ, ‘ਸਾਨੂੰ ਵੋਟ ਪਾਉਣ ਦਾ ਹੱਕ ਦਿਓ’। ਮੈਂ ਕਿਹਾ ਇਹ ਲੋਕ ਨਹੀਂ, ਪ੍ਰਲੋਕ ਦੀ ਨਗਰੀ ਬਰਜ਼ਖ ਐ। ਏਥੇ ਵੋਟਾਂ ਨਹੀਂ ਪੈਂਦੀਆਂ। ਨਾਲੇ ਤੁਸੀਂ ਪਹਿਲਾਂ ਆਪਣੇ ਆਪ ਨੂੰ ਵੇਖੋ ਤੇ ਸਹੀ। ਕੋਈ ਇਕ ਜਣਾ ਦੂਜੇ ਨਾਲ ਸਹਿਮਤ ਨਹੀਂ… ਤੁਸੀਂ ਵੋਟਾਂ ਪਾ ਕੀ ਕਰਨੈ… ਪਰ ਨਹੀਂ ਮੰਨਦੇ…। ਭੁੱਖ ਹੜਤਾਲਾਂ ਕਰਦੇ ਨੇ, ਮੁਜ਼ਾਹਰੇ ਕਰਦੇ ਨੇ… ਰੋਜ਼ ‘ਭਗਵਾਨ ਮੁਰਦਾਬਾਦ’ ਦੇ ਨਾਹਰੇ ਮਾਰਦੇ ਆ। ਤਾਤ, ਮੈਂ ਥੱਕ ਗਿਆਂ। ਮੈਂ ਸਵਰਗ, ਨਰਕ ਤੇ ਬਰਜ਼ਖ ਤਿੰਨਾਂ ਨੂੰ ਕੇਂਦਰੀ ਸ਼ਾਸਤ ਪ੍ਰਦੇਸ਼ ਬਣਾ ਕੇ ਨਰਿੰਦਰ ਮੋਦੀ ਦੇ ਅਧੀਨ ਕਰਕੇ ਸੁਰਖ਼ਰੂ ਹੋ ਜਾਣੈ।’’
‘‘ਫਿਰ ਤੁਸੀਂ ਕੀ ਕਰੋਗੇ?’’ ਮੈਂ ਪੁੱਛਿਆ। ਭਗਵਾਨ ਨੇ ਕਿਹਾ, ‘‘ਮੈਂ ਸੁਮੇਰ ਪਰਬਤ, ਜਾਂ ਹੇਮਕੁੰਟ ਜਾਂ ਮਾਊਂਟ ਐਵਰੈਸਟ, ਜਾਂ ਐਲਪਸ ਪਹਾੜ ’ਤੇ ਜਾ ਕੇ ਸੁੰਨ ਅਵਸਥਾ ਵਿਚ ਬੈਠ ਜਾਵਾਂਗਾ। ਸ਼ਾਂਤੀ ਵਿਚ। ਮੈਂ ਥੱਕ ਗਿਆ ਪੁੱਤਰ।’’ ‘‘ਮੈਂ ਤੁਹਾਡਾ ਸਿਰ ਘੁੱਟ ਦਿੰਦਾਂ ਜੀ।’’ ਮੈਂ ਕਿਹਾ। ‘‘ਚੁੱਪ ਰਹਿ, ਘੋਟਣਿਆ ਜਿਹਾ।’’ ਭਗਵਾਨ ਨੂੰ ਗੁੱਸਾ ਆ ਗਿਆ, ‘‘ਤੇਰੀ ਇਹ ਹਿੰਮਤ ਕਿ ਭਗਵਾਨ ਦਾ ਸਿਰ ਘੁੱਟੇਂ? ਓਹ!’’ ‘‘ਕੀ ਹੋ ਗਿਆ ਭਗਵਾਨ?’’ ਮੈਂ ਪੁੱਛਿਆ। ਭਗਵਾਨ ਪ੍ਰੇਸ਼ਾਨ ਦਿਖਾਈ ਦਿੱਤੇ, ਪਰ ਪਲਕ ਝਪਕਣ ਜਿਹੇ ਸਮੇਂ ਵਿਚ ਸੰਭਲ ਗਏ ਤੇ ਕਿਹਾ, ‘‘ਕੁਝ ਨਹੀਂ, ਘੜੀ ਵੇਖ… ਇਸ ਮਾਮਲੇ ਵਿਚ ਮੇਰੀ ਤੁਹਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੀਟਿੰਗ ਹੈ… ਕਿਤੇ ਮੈਂ ਲੇਟ ਨਾ ਹੋ ਜਾਵਾਂ।’’ ਕਹਿੰਦਿਆਂ ਕਹਿੰਦਿਆਂ ਭਗਵਾਨ ਛੂੰ ਕਰਕੇ ਕਮਰੇ ’ਚੋਂ ਗਾਇਬ ਹੋ ਗਏ। ਮੈਂ ਉਨ੍ਹਾਂ ਦੇ ਪੈਰ ਵੀ ਛੂਹ ਨਾ ਸਕਿਆ। ਖ਼ੈਰ! ਜਿੱਥੇ ਭਗਵਾਨ ਬੈਠੇ ਸਨ ਮੈਂ ਉੱਥੇ ਦੀ ਧੂੜ ਨੂੰ ਚੱਟਿਆ। ਧੂੜ ਚੱਟਦਿਆਂ ਦੀ ਮੇਰੇ ਦਿਮਾਗ਼ ਵਿਚ ਰੌਸ਼ਨੀ ਹੋ ਗਈ ਤੇ ਮੇਰੇ ਦਿਮਾਗ਼ ਵਿਚ ਭਵਿੱਖਬਾਣੀ ਹੋਈ, ‘‘ਮੈਂ ਹਮੇਸ਼ਾ ਸੋਚਦਾਂ ਸਾਂ ਮੈਂ ਬੁੱਢੇ ਵਾਰੇ ਅੰਮ੍ਰਿਤਸਰ ਜਾ ਕੇ ਵੱਸਾਂਗਾ ਪਰ ਮੈਂ ਓਥੋਂ ਦੇ ਟਰੈਫ਼ਿਕ, ਗਲੀਆਂ ਸੜਕਾਂ ’ਤੇ ਪਏ ਗੰਦ ਤੋਂ ਘਬਰਾਉਂਦਾ ਸਾਂ… ਪਰ ਜੇ ਭਗਵਾਨ ਆਪਣੀ ਕਾਰਵਾਈ ਜਾਰੀ ਰੱਖੀ ਤਾਂ ਇਕ ਦਿਨ ਅੰਮ੍ਰਿਤਸਰ ਵੀ ਕੇਂਦਰ ਸ਼ਾਸਿਤ ਪ੍ਰਦੇਸ਼ ਬਣ ਜਾਵੇਗਾ। ਸਭ ਕੁਝ ਸੁਧਰ ਜਾਵੇਗਾ। ਮੇਰਾ ਬੁਢਾਪਾ ਸੁਖ ਵਿਚ ਲੰਘੇਗਾ।’’ ਇਕ ਪਲ ਲਈ ਮੇਰੇ ਮਨ ਵਿਚ ਭਗਵਾਨ ਦੇ ਥੱਕਣ ਨੂੰ ਲੈ ਕੇ ਪ੍ਰੇਸ਼ਾਨੀ ਹੋਈ, ਪਰ ਦੂਸਰੇ ਪਲ ਮੇਰੇ ਮਨ ਵਿਚ ਇਹ ਸੋਚ ਆਈ ਕਿ ਉਨ੍ਹਾਂ ਨੇ ਮਸਲੇ ਦਾ ਹੱਲ ਕਿੰਨਾ ਵਧੀਆ ਲੱਭਾ ਹੈ। ਮੇਰਾ ਸਿਰ ਭਗਵਾਨ ਦੀ ਮਹਾਨਤਾ ਸਾਹਮਣੇ ਝੁਕ ਗਿਆ। ਮੈਂ ਕਿਹਾ, ‘‘ਹੇ ਭਗਵਾਨ ਤੁਸੀਂ ਹੋ ਮਹਾਨ! ਜਾਣੀ ਜਾਣ! ਮੈਂ ਤੁਹਾਡੇ ਤੋਂ ਕੁਰਬਾਨ! ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਕੇਂਦਰੀ ਪ੍ਰਾਣ! ਮੈਂ ਤੁਹਾਡੇ ਤੋਂ ਕੁਰਬਾਨ।’’ ਤੇ ਮੈਂ ਆਪਣੇ ਸੁਖੀ ਬੁਢਾਪੇ ਤੇ ਉਨ੍ਹਾਂ ਸਭ ਸੂਬਿਆਂ, ਸ਼ਹਿਰਾਂ ਤੇ ਨਗਰਾਂ ਦੀ ਖੁਸ਼ਕਿਸਮਤੀ ਬਾਰੇ ਸੋਚਣ ਲੱਗਾ ਜਿਨ੍ਹਾਂ ਨੇ ਭਵਿੱਖ ਵਿਚ ਕੇਂਦਰੀ ਸਾਸ਼ਿਤ ਪ੍ਰਦੇਸ਼ ਬਣ ਜਾਣੈ। ਮੈਨੂੰ ਪਤਾ ਐ, ਦੇਸ਼ ਹੁਣ ਸਵਰਗ ਬਣ ਜਾਣੈ, ਕੇਂਦਰ ਸਾਸ਼ਿਤ ਪ੍ਰਦੇਸ਼ਾਂ ਦਾ ਮਹਾਨ ਸੰਘ।’’ ਗੁੜਗੁੜਾਵਾਦੀ ਸੋਚ ਦੇ ਹੁੱਕੇ ’ਚੋਂ ਸੂਟਾ ਮਾਰਦੇ ਹੋਏ ਮੈਂ ਆਪਣੇ ਆਪ ਨੂੰ ਦੱਸਿਆ ਤੇ ਬਾਹਰ ਹੋ ਰਹੀ ਮੂਸਲਾਧਾਰ ਬਾਰਿਸ਼ ਤੋਂ ਬਚਣ ਲਈ ਆਪਣੀਆਂ ਖਿੜਕੀਆਂ ਤੇ ਦਰਵਾਜ਼ੇ ਚੰਗੀ ਤਰ੍ਹਾਂ ਬੰਦ ਕਰ ਲਏ।


Comments Off on ਭਗਵਾਨ ਥੱਕ ਗਏ ਨੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.