ਪੀਜੀਆਈ ਪਹੁੰਚਿਆ ਕੋਰੋਨਾ ਦਾ ਮਰੀਜ਼ !    ਟੀਮ ਨੂੰ ਧੋਨੀ ਦੀ ਘਾਟ ਰੜਕਦੀ ਹੈ: ਚਾਹਲ !    ਚੰਦਰ ਸ਼ੇਖਰ ਆਜ਼ਾਦ ਦੇ ਪੋਤਰੇ ਵੱਲੋਂ ਨਾਗਰਿਕਤਾ ਕਾਨੂੰਨ ਦੀ ਹਮਾਇਤ !    ਇਤਿਹਾਸਕ ਜੱਲ੍ਹਿਆਂਵਾਲਾ ਬਾਗ਼ ਵਿੱਚ ਨਹੀਂ ਲੱਗੇਗੀ ਦਾਖ਼ਲਾ ਟਿਕਟ !    ਪਤੰਗਾਂ ਚੜ੍ਹੀਆਂ ਅਸਮਾਨ; ਪੁਲੀਸ ਪ੍ਰੇਸ਼ਾਨ !    ਨਾਸਿਕ ਵਿੱਚ ਬੱਸ-ਆਟੋਰਿਕਸ਼ਾ ਦੀ ਟੱਕਰ, 20 ਹਲਾਕ !    ਮਾਤਾ ਖੀਵੀ ਜੀ !    ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਹੋਵੇ ਰੇਲਵੇ ਸਟੇਸ਼ਨ ਦਾ ਡਿਜ਼ਾਈਨ: ਔਜਲਾ !    ਸਿੱਖ ਲਹਿਰ ਦਾ ਅਣਗੌਲਿਆ ਪੰਨਾ ਨਿਹੰਗ ਖਾਂ !    ਸਲਮਾਨ ਖਾਨ ਦੀ ਹਰਕਤ ਤੋਂ ਗੋਆ ਵਾਸੀ ਗੁੱਸੇ ’ਚ !    

ਬੈਂਸ ਵਿਵਾਦ: ਪੀਸੀਐੱਸ ਅਧਿਕਾਰੀਆਂ ਵੱਲੋਂ ਕਲਮਛੋੜ ਹੜਤਾਲ

Posted On September - 12 - 2019

ਤਰਲੋਚਨ ਸਿੰਘ
ਚੰਡੀਗੜ੍ਹ, 11 ਸਤੰਬਰ

ਹੜਤਾਲੀ ਪੀਸੀਐੱਸ ਅਧਿਕਾਰੀ ਕਾਲੇ ਬਿੱਲੇ ਲਾ ਕੇ ਰੋਸ ਪ੍ਰਗਟ ਕਰਦੇ ਹੋਏ।

ਪੰਜਾਬ ਦੇ ਮੁਲਾਜ਼ਮਾਂ ਅਤੇ ਪੀਸੀਐੱਸ ਅਧਿਕਾਰੀਆਂ ਨੇ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਨਾਲ ਕਥਿਤ ਦੁਰਵਿਹਾਰ ਕਰਨ ਅਤੇ ਹੋਰ ਕਈ ਥਾਈਂ ਪੀਸੀਐਸ ਅਧਿਕਾਰੀਆਂ ਤੇ ਮੁਲਾਜ਼ਮਾਂ ਉਪਰ ਗਲਤ ਅਨਸਰਾਂ ਵੱਲੋਂ ਹਮਲੇ ਕਰਨ ਖ਼ਿਲਾਫ਼ ਅੱਜ ਤੀਜੇ ਦਿਨ ਵੀ ਹੜਤਾਲ ਕੀਤੀ ਤੇ ਸਮੁੱਚਾ ਦਫ਼ਤਰੀ ਕੰਮਕਾਜ ਠੱਪ ਰੱਖਿਆ। ਇਸ ਦੌਰਾਨ ਦੇਰ ਸ਼ਾਮ ਮੁਲਾਜ਼ਮਾਂ ਤੇ ਅਧਿਕਾਰੀਆਂ ਨੇ ਹੜਤਾਲ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ। ਡੀਸੀ ਦਫਤਰ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਗੁਰਨਾਮ ਵਿਰਕ ਨੇ ਕਿਹਾ ਕਿ 12 ਸਤੰਬਰ ਤੋਂ ਡੀਸੀ ਦਫਤਰਾਂ ਵਿਚ ਮੁਲਾਜ਼ਮ ਆਮ ਵਾਂਗ ਕੰਮ ਕਰਨਗੇ।
ਇਸ ਤੋਂ ਪਹਿਲਾਂ ਸੂਬੇ ਦੇ ਸਮੂਹ ਪੀਸੀਐੱਸ ਅਧਿਕਾਰੀਆਂ ਨੇ ਵੀ ਅੱਜ ਕਲਮਛੋੜ ਹੜਤਾਲ ਕਰ ਕੇ ਅਤੇ ਕਾਲੇ ਬਿੱਲੇ ਲਾ ਕੇ ਸਾਰੇ ਕੰਮ ਠੱਪ ਰਖੇ। ਡੀਸੀ ਦਫਤਰ ਐਂਪਲਾਈਜ਼ ਯੂਨੀਅਨ ਦੇ ਨਾਲ ਪੀਸੀਐੱਸ ਆਫੀਸਰਜ਼ (ਈਬੀ) ਐਸੋਸੀਏਸ਼ਨ ਨੇ ਸਾਂਝੇ ਤੌਰ ’ਤੇ ਕਲਮਛੋੜ ਹੜਤਾਲ ਕਰਕੇ ਕੰਮ ਠੱਪ ਰੱਖਿਆ। ਕਲੈਰੀਕਲ ਤੇ ਪੀਸੀਐੱਸ ਅਧਿਕਾਰੀਆਂ ਦੇ ਹੜਤਾਲ ਦੇ ਰਾਹ ਪੈਣ ਕਾਰਨ ਸਰਕਾਰ ਦੀ ਸਿਰਦਰਦੀ ਵਧ ਗਈ ਹੈ। ਪੀਸੀਐੱਸ ਅਫਸਰਾਂ ਨੇ ਅੱਜ ਪੰਜਾਬ ਅਤੇ ਚੰਡੀਗੜ੍ਹ ਵਿੱਚ ਹੜਤਾਲ ਕਰ ਕੇ ਕਾਲੇ ਬਿੱਲੇ ਲਾਏ ਅਤੇ ਹੋਰ ਮੁਲਾਜ਼ਮਾਂ ਨਾਲ ਇਕੱਠ ਕਰਕੇ ਗਲਤ ਅਨਸਰਾਂ ਵੱਲੋਂ ਨਿਰੰਤਰ ਅਧਿਕਾਰੀਆਂ ਅਤੇ ਮੁਲਾਜ਼ਮਾਂ ਨਾਲ ਦੁਰਵਿਹਾਰ ਕਰਨ ਦੀ ਨਿਖੇਧੀ ਕੀਤੀ ਅਤੇ ਦੋਸ਼ ਲਾਇਆ ਕਿ ਅਜਿਹੇ ਅਨਸਰਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ। ਚੇਤੇ ਰਹੇ ਕਿ ਡਿਪਟੀ ਕਮਿਸ਼ਨਰਜ਼ ਦਫਤਰ ਐਂਪਲਾਈਜ਼ ਯੂਨੀਅਨ ਨੇ 9 ਸਤੰਬਰ ਨੂੰ ਸੂਬੇ ਦੇ ਸਮੂਹ ਡੀਸੀ ਦਫ਼ਤਰਾਂ ਵਿੱਚ ਕਲਮਛੋੜ ਹੜਤਾਲ ਕਰਨ ਦਾ ਐਲਾਨ ਕੀਤਾ ਸੀ, ਜਿਸ ਕਰ ਕੇ ਤਿੰਨ ਦਿਨਾਂ ਤੋਂ ਹੀ ਸਰਕਾਰੀ ਦਫਤਰਾਂ ਦਾ ਕੰਮ ਠੱਪ ਪਿਆ ਹੈ। ਫਰੀਦਕੋਟ ਅਤੇ ਫਿਰੋਜ਼ਪੁਰ ਮੰਡਲਾਂ ਵਿੱਚ ਪੈਂਦੇ 7 ਜ਼ਿਲ੍ਹਿਆਂ ਮਾਨਸਾ, ਬਠਿੰਡਾ, ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ ਅਤੇ ਮੋਗਾ ਦੇ ਪੀਸੀਐੱਸ ਅਧਿਕਾਰੀ ਵੀ 9 ਸਤੰਬਰ ਤੋਂ ਹੀ ਕਲਮਛੋੜ ਹੜਤਾਲ ’ਤੇ ਹਨ। ਪੀਸੀਐੱਸ, ਐਗਜ਼ੈਕਟਿਵ ਆਫੀਸਰਜ਼ ਐਸੋਸੀਏਸ਼ਨ ਨੇ ਅੱਜ ਮੀਟਿੰਗ ਕਰਕੇ ਪਿਛਲੇ ਕੁਝ ਸਮੇਂ ਤੋਂ ਵੱਖ-ਵੱਖ ਜ਼ਿਲ੍ਹਿਆਂ ਅਤੇ ਸਬ ਡਵੀਜ਼ਨਾਂ ਦੇ ਅਫਸਰਾਂ ਅਤੇ ਮੁਲਾਜ਼ਮਾਂ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਨਿਰੰਤਰ ਨਿਸ਼ਾਨਾ ਬਣਾਉਣ ਦਾ ਗੰਭੀਰ ਨੋਟਿਸ ਲਿਆ।
ਪੀਸੀਐਸ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਗੁਪਤਾ ਨੇ ਕਿਹਾ ਕਿ ਵੱਖ-ਵੱਖ ਆਫਤਾਂ ਦੇ ਪੀੜਤ ਲੋਕਾਂ ਲਈ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਬਚਾਅ ਕਾਰਜਾਂ ਵਿੱਚ ਕੁਝ ਸ਼ਰਾਰਤੀਆਂ ਵੱਲੋਂ ਅੜਿੱਕੇ ਪਾਏ ਜਾ ਰਹੇ ਹਨ। ਸ੍ਰੀ ਗੁਪਤਾ ਨੇ ਕਿਹਾ ਕਿ ਕੇਡਰ ਦੀਆਂ ਕਈ ਹੋਰ ਮੰਗਾਂ ਵੀ ਲੰਮੇਂ ਸਮੇਂ ਤੋਂ ਲਟਕੀਆਂ ਪਈਆਂ ਹਨ। ਉਨ੍ਹਾਂ ਕਿਹਾ ਕਿ ਨਵੇਂ ਅਧਿਕਾਰੀਆਂ ਨੂੰ ਪਹਿਲੇ ਦੋ ਸਾਲ ਮਹਿਜ਼ 15,600 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾ ਰਹੀ ਹੈ ਅਤੇ ਸਟਾਫ ਦੀ ਵੀ ਭਾਰੀ ਘਾਟ ਹੈ। ਉਨ੍ਹਾਂ ਸਰਕਾਰ ਨੂੰ 15 ਦਿਨਾਂ ਵਿੱਚ ਮੰਗਾਂ ਮੰਨਣ ਦਾ ਅਲਟੀਮੇਟਮ ਦਿੱਤਾ। ਡੀਸੀ ਦਫਤਰ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਗੁਰਨਾਮ ਵਿਰਕ ਨੇ ਮੰਗ ਕੀਤੀ ਕਿ ਅਧਿਕਾਰੀਆਂ ਅਤੇ ਮੁਲਾਜ਼ਮਾਂ ਨਾਲ ਦੁਰਵਿਹਾਰ ਕਰਨ ਵਾਲੇ ਸ਼ਰਾਰਤੀ ਅਨਸਰਾਂ ਵਿਰੁੱਧ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਹੜਤਾਲ ਦਾ ਮਕਸਦ ਕੁਝ ਅਨਸਰਾਂ ਵੱਲੋਂ ਸਰਕਾਰੀ ਅਦਾਰਿਆਂ ਨੂੰ ਬਦਨਾਮ ਕਰ ਕੇ ਇਨ੍ਹਾਂ ਨੂੰ ਨਿੱਜੀਕਰਨ ਵੱਲ ਧੱਕਣ ਦੇ ਕੀਤੇ ਜਾ ਰਹੇ ਯਤਨਾਂ ਨੂੰ ਠੱਲ ਪਾਉਣਾ ਹੈ।


Comments Off on ਬੈਂਸ ਵਿਵਾਦ: ਪੀਸੀਐੱਸ ਅਧਿਕਾਰੀਆਂ ਵੱਲੋਂ ਕਲਮਛੋੜ ਹੜਤਾਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.