ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਬੁਢਾਪਾ ਆਵੇ ਹੀ ਕਿਉਂ!

Posted On September - 14 - 2019

ਗੁਰਸ਼ਰਨ ਸਿੰਘ ਨਰੂਲਾ

ਬੁਢਾਪਾ ਸਭ ’ਤੇ ਆਉਣਾ ਹੈ। ਇਹ ਅਟੱਲ ਸਚਾਈ ਹੈ। ਇਹ ਜੀਵਨ ਦਾ ਹਿੱਸਾ ਹੈ। ਪਹਿਲਾਂ ਬਚਪਨ, ਮਾਪਿਆਂ ਦੇ ਆਸਰੇ, ਫਿਰ ਲੜਕਪਨ, ਖੇਡਣਾ-ਕੁੱਦਣਾ, ਖੁੱਲ੍ਹੇ ਸੁਪਨੇ ਲੈਣੇ, ਜਵਾਨ ਮਨ ਵਿਚ ਅਨੇਕ ਤਰੰਗਾਂ, ਰਗ ਰਗ ਵਿਚ ਜੋਸ਼। ਫਿਰ ਅਧੇੜ ਉਮਰ ਕੀਤੇ ਕੰਮਾਂ ’ਤੇ ਨਜ਼ਰਸਾਨੀ ਕਰਨ ਦਾ ਸੋਚਾਂ ਦਾ ਦੌਰ। ਕੀਤੇ ਨੂੰ ਸੰਭਾਲਣ ਦਾ ਦੌਰ। ਜ਼ਿੰਮੇਵਾਰੀਆਂ ਨਿਭਾਉਣ ਦਾ ਦੌਰ ਤੇ ਅੰਤ ਬੁਢਾਪਾ। ਬੁਢਾਪਾ ਕਦੋਂ ਸ਼ੁਰੂ ਹੋਣਾ ਹੈ, ਇਹ ਤੁਸੀਂ ਆਪ ਤੈਅ ਕਰਨਾ ਹੈ। ਇਹ ਨਿਰਸੰਦੇਹ ਜੀਵਨ ਦਾ ਆਖ਼ਰੀ ਭਾਗ ਹੈ, ਪਰ ਨਿਰਾਰਥਕ ਬਿਲਕੁਲ ਨਹੀਂ। ਇਕ ਕਥਨ ਅਨੁਸਾਰ ਇਹ ਜਵਾਨੀ ਨਾਲੋਂ ਵਾਧੇ ਵਾਲਾ ਹੈ ਕਿਉਂਕਿ ਹਰੇਕ ਬੁੱਢੇ ਆਦਮੀ ਨੇ ਜਵਾਨੀ ਤਾਂ ਵੇਖੀ ਹੈ, ਪਰ ਜਵਾਨ ਨੇ ਬੁਢਾਪਾ ਅਜੇ ਵੇਖਣਾ ਹੈ। ਉਸ ਕੋਲ ਇਹ ਅਨੁਭਵ ਅਜੇ ਨਹੀਂ ਆਇਆ।
ਇਹ ਠੀਕ ਹੈ ਕਿ ਬੁਢਾਪੇ ਵਿਚ ਕੁਝ ਅੰਗ ਢਿੱਲੇ ਪੈ ਜਾਂਦੇ ਹਨ। ਤੁਹਾਡੀ ਸਖ਼ਤ ਕੰਮ ਕਰਨ ਦੀ ਸਮਰੱਥਾ ਘਟ ਜਾਂਦੀ ਹੈ, ਪਰ ਇਸ ਦੇ ਉਲਟ ਜਿਹੜਾ ਗਿਆਨ ਅਤੇ ਸਿਆਣਪ ਤੁਸੀਂ ਗ੍ਰਹਿਣ ਕੀਤੀ ਹੈ, ਉਹ ਤੁਹਾਡੀ ਗੁਆਚ ਚੁੱਕੀ ਜਾਂ ਘਟ ਗਈ ਸਰੀਰਿਕ ਤਾਕਤ ਦਾ ਖੱਪਾ ਪੂਰਾ ਕਰਦੀ ਹੈ। ਤੁਸੀਂ ਕੱਲ੍ਹ ਨਾਲੋਂ ਅੱਜ ਜ਼ਿਆਦਾ ਸੁੱਘੜ ਤੇ ਸਿਆਣੇ ਹੋ। ਬੁੱਢੇ ਹੋ ਕੇ ਤੁਸੀਂ ਸਿਰਫ਼ ਸਰੀਰਿਕ ਬਲ ਦਾ ਕੁਝ ਭਾਗ ਹੀ ਖੋਇਆ ਹੈ। ਅਜੇ ਤੁਹਾਡੀਆਂ ਸਾਰੀਆਂ ਇੰਦਰੀਆਂ ਕੰਮ ਕਰਦੀਆਂ ਹਨ। ਤੁਹਾਡੀਆਂ ਅੱਖਾਂ, ਕੰਨ, ਦਿਮਾਗ਼, ਸੁੰਘਣ ਅਤੇ ਚਖਣ ਸ਼ਕਤੀਆਂ ਅਜੇ ਸਭ ਕਾਇਮ ਹਨ। ਤੁਹਾਨੂੰ ਧੰਨਵਾਦੀ ਹੋਣਾ ਚਾਹੀਦਾ ਹੈ ਕਿ ਤੁਸੀਂ ਉਨ੍ਹਾਂ ਨਾਲੋਂ ਜ਼ਿਆਦਾ ਭਾਗਾਂ ਵਾਲੇ ਹੋ, ਜੋ ਇਨ੍ਹਾਂ ਨੇਮਤਾਂ ਤੋਂ ਵੰਚਿਤ ਹਨ। ਸਿਰਫ਼ ਆਪਣੀ ਇੱਛਾ ਸ਼ਕਤੀ ਕਾਇਮ ਰੱਖੋ, ਤੁਹਾਨੂੰ ਸੁਪਨੇ ਲੈਣ ਤੋਂ ਅਜੇ ਵੀ ਕੋਈ ਨਹੀਂ ਰੋਕਦਾ। ਆਪਣੇ ਤਜਰਬੇ ਪਰਿਵਾਰ ਤੇ ਸੱਜਣਾਂ-ਮਿੱਤਰਾਂ ਨਾਲ ਸਾਂਝੇ ਕਰਨ ’ਤੇ ਵੀ ਕੋਈ ਰੋਕ ਟੋਕ ਨਹੀਂ। ਇਹ ਠੀਕ ਹੈ ਕਿ ਤੁਹਾਡੀਆਂ ਗੱਲਾਂ ਸੁਣਨ ਵਾਲੇ ਵੀ ਚਾਹੀਦੇ ਹਨ। ਜੇ ਤੁਸੀਂ ਉਨ੍ਹਾਂ ਦੀਆਂ ਸੁਣਦੇ ਹੋ ਤਾਂ ਉਹ ਤੁਹਾਡੀਆਂ ਵੀ ਜ਼ਰੂਰ ਸੁਣਨਗੇ। ਇਸ ਤਰ੍ਹਾਂ ਕਰਦੇ ਰਹੋਗੇ ਤਾਂ ਢਹਿੰਦੀਆਂ ਕਲਾਂ ਵਿਚ ਨਹੀਂ ਜਾਓਗੇ। ਮੌਤ ਦਾ ਡਰ ਨਹੀਂ ਸਤਾਏਗਾ। ਸਦਾ ਪ੍ਰਸੰਨ-ਚਿੱਤ ਰਹੋਗੇ। ਲੰਮੀ ਉਮਰ ਤਕ ਜਿਓਗੇ।

ਗੁਰਸ਼ਰਨ ਸਿੰਘ ਨਰੂਲਾ

ਬੁਢਾਪਾ ਤਾਂ ਇਸਤਰੀਆਂ ’ਤੇ ਵੀ ਆਉਂਦਾ ਹੈ, ਪਰ ਉਨ੍ਹਾਂ ਕੋਲ ਗੱਲਾਂ ਸੁਣਨ ਵਾਲੇ ਬਹੁਤ ਹੁੰਦੇ ਹਨ। ਪਰਿਵਾਰ ਅਤੇ ਗਲੀ ਮੁਹੱਲੇ ਦੇ ਲੋਕ ਹੁੰਦੇ ਹਨ। ਦੂਜਾ ਗੁਣ ਜੋ ਉਨ੍ਹਾਂ ਦੇ ਹੱਕ ਵਿਚ ਜਾਂਦਾ ਹੈ, ਉਹ ਹੈ ਉਨ੍ਹਾਂ ਦਾ ਕੰਮ ਵਿਚ ਮਗਨ ਰਹਿਣਾ। ਉਨ੍ਹਾਂ ਕੋਲ ਘਰੇਲੂ ਕੰਮ ਦੀ ਘਾਟ ਨਹੀਂ ਹੁੰਦੀ। ਉਨ੍ਹਾਂ ਦਾ ਕੰਮ ਉਨ੍ਹਾਂ ਨੂੰ ਨਿਰਾਸ਼ਤਾ ਦੀਆਂ ਗੱਲਾਂ ਸੋਚਣ ਦੀ ਵਿਹਲ ਨਹੀਂ ਦਿੰਦਾ। ਕੰਮ ਦਾ ਰੁਝੇਵਾਂ ਜੀਵਨ ਨੂੰ ਸੰਤੁਲਨ ਰੱਖਣ ਲਈ ਅਤਿ ਜ਼ਰੂਰੀ ਹੈ। ਮਰਦ ਵੀ ਜੇ ਆਪਣੇ ਰੁਝੇਵੇਂ ਦਾ ਪ੍ਰਬੰਧ ਕਰ ਲੈਣ ਤਾਂ ਯਕੀਨੀ ਸਵੈਮਾਣ ਨਾਲ ਜਿਉਣਗੇ ਅਤੇ ਖਿੜੇ ਰਹਿਣਗੇ। ਇਸ ਰੁਝੇਵੇਂ ਲਈ ਉਨ੍ਹਾਂ ਦੇ ਸ਼ੌਕ ਸਹਾਈ ਹੋ ਸਕਦੇ ਹਨ। ਕਿਤਾਬਾਂ ਪੜ੍ਹਨਾ ਬੜਾ ਵਧੀਆ ਸ਼ੌਕ ਹੈ। ਚੰਗੇ ਲੇਖਕਾਂ ਦੀਆਂ ਕਿਤਾਬਾਂ ਪੜ੍ਹਨ ਨਾਲ ਮਨ ਦਾ ਖ਼ਜ਼ਾਨਾ ਖਾਲੀ ਨਹੀਂ ਹੁੰਦਾ, ਸਦਾ ਭਰਪੂਰ ਰਹਿੰਦਾ ਹੈ। ਇਹ ਅਮੀਰੀ ਤੁਹਾਨੂੰ ਆਪਣੇ ਅਤੇ ਦੂਜੇ ਸਾਥੀਆਂ ਨਾਲ ਸਾਂਝੀ ਕਰਨ ’ਤੇ ਸਵੈਮਾਣ ਬਖ਼ਸ਼ਦੀ ਹੈ। ਤੁਹਾਡੀ ਗੱਲ ਸੁਣੀ ਜਾਂਦੀ ਹੈ। ਇਹ ਬੇਸ਼ਕੀਮਤੀ ਗੱਲ ਹੈ। ਜੇ ਤੁਹਾਨੂੰ ਲਿਖਣ ਦਾ ਸ਼ੌਕ ਹੈ ਤਾਂ ਇਹ ਉਮਰ ਤੁਹਾਨੂੰ ਖੁੱਲ੍ਹਾ ਮੌਕਾ ਪ੍ਰਦਾਨ ਕਰਦੀ ਹੈ। ਖੁੱਲ੍ਹ ਕੇ ਲਿਖੋ। ਇਹ ਵੇਖਣ ਵਿਚ ਆਇਆ ਹੈ ਕਿ ਲੇਖਕ ਤੇ ਚਿੰਤਕ ਲੰਮੀ ਉਮਰ ਭੋਗਦੇ ਹਨ। ਬਾਗ਼ਬਾਨੀ, ਪੌਦਿਆਂ ਦੀ ਦੇਖ-ਭਾਲ ਕਰਨਾ, ਉਨ੍ਹਾਂ ਨੂੰ ਛਾਂਗਣਾ ਤੇ ਪਾਣੀ ਦੇਣਾ ਸ਼ੌਕ ਹੈ। ਸਿਆਣੇ ਲੋਕ ਫੁੱਲਾਂ ਨਾਲ ਗੱਲਾਂ ਕਰਦੇ ਹਨ। ਜੇ ਇਹ ਸ਼ੌਕ ਜਵਾਨੀ ਵੇਲੇ ਤੋਂ ਹੈ ਤਾਂ ਬਹੁਤ ਚੰਗੀ ਗੱਲ ਹੈ, ਵੱਡੀ ਉਮਰ ਵਿਚ ਵੀ ਇਸ ਨੂੰ ਅਪਣਾਇਆ ਜਾ ਸਕਦਾ ਹੈ।
ਜਿਹੜੇ ਲੋਕ ਆਰਥਿਕ ਪੱਖ ਤੋਂ ਅਮੀਰ ਹਨ, ਉਨ੍ਹਾਂ ਨੇ ਕਲੱਬ ਜੁਆਇਨ ਕੀਤੇ ਹੋਏ ਹਨ। ਲਗਪਗ ਸਾਰੇ ਸ਼ਹਿਰਾਂ ਵਿਚ ਸੀਨੀਅਰ ਸਿਟੀਜ਼ਨ ਕਲੱਬ ਹਨ। ਉਨ੍ਹਾਂ ਵਿਚ ਜਾਣਾ ਚੰਗਾ ਕਦਮ ਹੈ। ਇਕ ਦੂਜੇ ਨਾਲ ਮਿਲ ਬੈਠ ਕੇ ਦੁਖ-ਸੁਖ ਸਾਂਝੇ ਹੋ ਜਾਂਦੇ ਹਨ। ਮਨ ਹੌਲਾ ਹੋ ਜਾਂਦਾ ਹੈ। ਬਾਹਰਲੇ ਮੁਲਕਾਂ ਵਿਚ ਤਾਂ ਅਜਿਹੇ ਪ੍ਰਬੰਧ ਹਨ ਕਿ ਕਲੱਬ ਵਾਲੇ ਤੁਹਾਨੂੰ ਘਰ ਤੋਂ ਹੀ ਕਲੱਬ ਤਕ ਲੈ ਜਾਂਦੇ ਹਨ। ਭਾਰਤ ਵਿਚ ਵੀ ਕਈ ਸ਼ਹਿਰਾਂ ਵਿਚ ਅਜਿਹੇ ਪ੍ਰਬੰਧ ਜ਼ਰੂਰ ਹੋਣਗੇ। ਇਨ੍ਹਾਂ ਦਾ ਫਾਇਦਾ ਉਠਾਓ। ਕੋਈ ਨਵੀਂ ਭਾਸ਼ਾ ਸਿੱਖਣੀ ਜਾਂ ਕੋਈ ਹੋਰ ਹੁਨਰ ਨੂੰ ਸਿੱਖਣਾ ਜਾਂ ਵਿਕਸਤ ਕਰਨਾ ਵੀ ਸੰਭਵ ਹੈ। ਸਿਰਫ਼ ਤੁਹਾਡੀ ਇੱਛਾ ਸ਼ਕਤੀ ਤੇ ਆਤਮ ਬਲ ਹੋਣਾ ਚਾਹੀਦਾ ਹੈ। ਮੇਰੇ ਇਕ ਨੇਵੀ ਤੋਂ ਸੇਵਾ ਮੁਕਤ ਮਿੱਤਰ, ਜੋ ਮੇਰੀ ਉਮਰ (ਭਾਵ 78 ਸਾਲ) ਦੇ ਹਨ, ਨੇ ਇਸ ਉਮਰ ਵਿਚ ਫਰੈਂਚ ਦਾ ਡਿਪਲੋਮਾ ਪ੍ਰਾਪਤ ਕੀਤਾ ਹੈ, ਤਬਲਾ ਵਜਾਉਣਾ ਸਿੱਖਿਆ ਹੈ ਤੇ ਕੰਪਿਊਟਰ ’ਤੇ ਪੰਜਾਬੀ ਦੀ ਟਾਈਪਿੰਗ ਕਰਨੀ ਸਿੱਖੀ ਹੈ। ਇਹ ਸਭ ਉਸਨੇ ਸਿਰਫ਼ ਘਰ ਬੈਠੇ ਹੀ ਕੀਤਾ ਹੈ। ਤਬਲਾ ਵਜਾਉਣ ਲਈ ਉਸ ਨੇ ਇਕ ਤਬਲਾ ਮਾਸਟਰ ਤੋਂ ਸਿਖਲਾਈ ਜ਼ਰੂਰ ਲਈ ਹੈ, ਜੋ ਉਸ ਨੂੰ ਘਰ ਸਿਖਾਉਣ ਆਉਂਦਾ ਸੀ। ਹੁਣ ਉਹ ਆਪਣੀਆਂ ਲਿਖਤਾਂ ਆਪ ਟਾਈਪ ਕਰਦਾ ਹੈ। ਉਸ ਨੂੰ ਪੰਜਾਬੀ, ਅੰਗਰੇਜ਼ੀ, ਹਿੰਦੀ, ਉਰਦੂ ਤੇ ਉੜੀਆ ਭਾਸ਼ਾਵਾਂ ਦਾ ਗਿਆਨ ਪਹਿਲਾਂ ਹੀ ਸੀ, ਹੁਣ ਉਸ ਨੇ ਬੰਗਾਲੀ ਭਾਸ਼ਾ ਆਪਣੀ ਨੂੰਹ ਕੋਲੋਂ ਸਿੱਖ ਲਈ ਹੈ। ਇਹ ਕਰਾਮਾਤ ਸਾਰੀ ਸ਼ੌਕਾਂ ਦੀ ਹੈ। ਇਸ ਲਈ ਆਪਣੇ ਸ਼ੌਕ ਵਧਾਓ।
ਜੇ ਤੁਸੀਂ ਪੜ੍ਹੇ ਲਿਖੇ ਹੋ ਤਾਂ ਤੁਸੀਂ ਗਲੀ-ਮੁਹੱਲੇ ਦੇ ਬੱਚਿਆਂ ਨੂੰ ਮੁਫ਼ਤ ਟਿਊਸ਼ਨ ਦੇ ਸਕਦੇ ਹੋ। ਇਸ ਨਾਲ ਤੁਹਾਡਾ ਮਨ ਲੱਗਾ ਰਹੇਗਾ ਅਤੇ ਬੱਚਿਆਂ ਦਾ ਭਲਾ ਹੋ ਜਾਏਗਾ। ‘ਪ੍ਰੀਤਲੜੀ’ ਦੇ ਬਾਨੀ ਗੁਰਬਖ਼ਸ਼ ਸਿੰਘ ਦਾ ਇਕ ਲੇਖ ਪੜ੍ਹਿਆ ਸੀ, ਜਿਸ ਵਿਚ ਉਨ੍ਹਾਂ ਨੇ ਸੁਝਾਅ ਦਿੱਤਾ ਸੀ ਕਿ ਘਰੋਂ ਬਾਹਰ ਨਿਕਲੋ, ਤੁਹਾਨੂੰ ਕੋਈ ਰਾਹ ਪੁੱਛਣ ਵਾਲਾ ਮਿਲ ਜਾਏਗਾ। ਕਿਸੇ ਹਸਪਤਾਲ ਦੇ ਬਾਹਰ ਖੜ੍ਹੇ ਹੋ ਜਾਓ ਤੇ ਅਣਜਾਨ ਰਾਹੀਆਂ ਨੂੰ ਗਾਇਡੈਂਸ ਦਿਓ। ਜੇ ਇਹ ਮੁਮਕਿਨ ਨਹੀਂ ਤਾਂ ਤੁਸੀਂ ਪਤਨੀ ਦੀ ਸਬਜ਼ੀ ਕੱਟਣ ਵਿਚ ਸਹਾਇਤਾ ਕਰ ਸਕਦੇ ਹੋ। ਮੰਤਵ ਤਾਂ ਸਿਰਫ਼ ਇਹ ਹੈ ਕਿ ਆਪਣੇ ਆਪ ਨੂੰ ਮਸਰੂਫ਼ ਰੱਖੋ। ਕੰਮ ਦੀ ਚੋਣ ਤੁਹਾਡੀ ਆਪਣੀ ਮਰਜ਼ੀ ’ਤੇ ਨਿਰਭਰ ਕਰਦੀ ਹੈ।
ਵਡੇਰੀ ਉਮਰ ਦੇ ਫਾਇਦੇ ਹੀ ਫਾਇਦੇ ਹਨ। ਤੁਹਾਡੇ ਦੁਆਲੇ, ਪੋਤੇ, ਪੋਤੀਆਂ ਖੇਡਦੇ ਹਨ। ਉਨ੍ਹਾਂ ਦੀਆਂ ਪਿਆਰੀਆਂ ਕਿਲਕਾਰੀਆਂ ਸੁਣੋ। ਉਨ੍ਹਾਂ ਦੀ ਤੋਤਲੀ ਜ਼ੁਬਾਨ ਦੀਆਂ ਫਰਮਾਇਸ਼ਾਂ ਪੂਰੀਆਂ ਕਰੋ। ਉਹ ਤੁਹਾਡੇ ਸਜੀਵ ਖਿਡਾਉਣੇ ਹਨ। ਆਪਣੇ ਆਪ ਨੂੰ ਚਿੰਤਾ ਮੁਕਤ ਰੱਖੋ। ਹਮੇਸ਼ਾਂ ਆਪਣੇ ਮਨ ਦੀਆਂ ਤਰੰਗਾਂ ਨੂੰ ਜਵਾਨ ਰੱਖੋ। ਸੁਸਤੀ ਦਾ ਜੀਵਨ ਤਿਆਗੋ। ਇਕ ਥਾਂ ’ਤੇ ਬੈਠੇ ਨਾ ਰਹੋ, ਤੁਰੋ-ਫਿਰੋ। ਆਪਣੀ ਸਮਰੱਥਾ ਮੁਤਾਬਿਕ ਕਸਰਤ ਕਰੋ। ਨਹੀਂ ਤਾਂ ਜਿੰਨੀ ਹੋ ਸਕੇ ਸੈਰ ਕਰੋ। ਜੇ ਬੈਠਣਾ ਹੈ ਤਾਂ ਇਕ-ਅੱਧਾ ਨਾਵਲ ਜਾਂ ਕਹਾਣੀਆਂ ਦੀ ਕਿਤਾਬ ਕੋਲ ਰੱਖੋ ਅਤੇ ਉਸ ਨੂੰ ਨਿਰੰਤਰ ਪੜ੍ਹਦੇ ਰਹੋ। ਵਕਤ ਸੋਹਣਾ ਬੀਤ ਜਾਵੇਗਾ। ਹਰ ਸਵੇਰ ਉੱਠਣ ਤੋਂ ਬਾਅਦ ਹਫੀਜ਼ ਜਲੰਧਰੀ ਦੀ ਕਵਿਤਾ ਨੂੰ ਦੁਹਰਾਉਂਦਿਆਂ ਬੋਲੋ:
ਅਭੀ ਤੋਂ ਮੈਂ ਜਵਾਨ ਹੂੰ…।


Comments Off on ਬੁਢਾਪਾ ਆਵੇ ਹੀ ਕਿਉਂ!
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.