ਪੰਕਜ ਅਡਵਾਨੀ ਨੇ 22ਵਾਂ ਵਿਸ਼ਵ ਖ਼ਿਤਾਬ ਜਿੱਤਿਆ !    ਆਂਧਰਾ ਪ੍ਰਦੇਸ਼ ’ਚ ਸੈਲਾਨੀਆਂ ਦੀ ਕਿਸ਼ਤੀ ਪਲਟੀ, 12 ਡੁੱਬੇ !    ਓਮਾਨ ’ਚ ਸੜਕ ਹਾਦਸਾ; ਤਿੰਨ ਭਾਰਤੀ ਹਲਾਕ !    ਹਨੇਰਗ਼ਰਦੀ: ਅਤੀਤ ਤੇ ਵਰਤਮਾਨ... !    ਸਾਡੇ ਸਮਿਆਂ ਦਾ ਕੌੜਾ ਸੱਚ !    ਪਿਆਰ, ਸੁਰੱਖਿਆ, ਅਸੀਂ ਤੇ ਡਰੋਨ - ਪੀਜ਼ਾ ਕਿ ਬੰਬ? !    ਕੌਮਾਂਤਰੀ ਨਗਰ ਕੀਰਤਨ ਤਿਲੰਗਾਨਾ ਪੁੱਜਿਆ !    ਔਰਤ ਦਸ ਕਰੋੜ ਦੀ ਹੈਰੋਇਨ ਸਣੇ ਗ੍ਰਿਫ਼ਤਾਰ !    ਪ੍ਰਕਾਸ਼ ਪੁਰਬ: ਵਾਸ਼ਿੰਗਟਨ ’ਚ ਬਣੇਗੀ ਖਾਲਸਾ ਯੂਨੀਵਰਸਿਟੀ !    ਪੰਜਾਬ ਤੇ ਕਸ਼ਮੀਰ !    

ਬਲਦੇਵ ਕੁਮਾਰ ਨੂੰ ਆਈਐੱਸਆਈ ਵੱਲੋਂ ਧਮਕੀਆਂ

Posted On September - 12 - 2019

ਧਰਮਿੰਦਰ ਸਿੰਘ ਵਿੱਕੀ
ਖੰਨਾ, 11 ਸਤੰਬਰ
ਘੱਟ ਗਿਣਤੀ ਵਰਗ ਦੇ ਲੋਕਾਂ ਉਪਰ ਹੋ ਰਹੇ ਜ਼ੁਲਮਾਂ ਤੋਂ ਦੁਖੀ ਹੋ ਕੇ ਪਾਕਿਸਤਾਨ ਛੱਡ ਕੇ ਆਪਣੇ ਪਰਿਵਾਰ ਸਮੇਤ ਪੰਜਾਬ ਦੇ ਸ਼ਹਿਰ ਖੰਨਾ ਆਏ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਸਾਬਕਾ ਵਿਧਾਇਕ ਬਲਦੇਵ ਕੁਮਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਲੱਗੀਆਂ ਹਨ। ਬਲਦੇਵ ਕੁਮਾਰ ਨੂੰ ਜਿੱਥੇ ਪਾਕਿਸਤਾਨ ਦੇ ਗਾਇਕ ਜੱਸੀ ਲਾਇਲਪੁਰੀਆ ਨੇ ਵੱਟਸਐਪ ਕਾਲ ਰਾਹੀਂ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਹੈ, ਉਥੇ ਆਈ.ਐੱਸ.ਆਈ. ਏਜੰਟ ਤੇ ਪਾਕਿਸਤਾਨ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਗੋਪਾਲ ਚਾਵਲਾ ਨੇ ਵੀਡੀਓ ਜਾਰੀ ਕਰਕੇ ਧਮਕੀ ਦਿੱਤੀ ਹੈ। ਇਸ ਵੀਡਿਓ ਵਿਚ ਚਾਵਲਾ ਨੇ ਇਹ ਵੀ ਸਵੀਕਾਰ ਕੀਤਾ ਕਿ ਉਹ ਖਾਲਿਸਤਾਨੀ ਸਮਰਥਕ ਹੈ।
ਇਨ੍ਹਾਂ ਧਮਕੀਆਂ ਦਾ ਜਵਾਬ ਦਿੰਦਿਆਂ ਬਲਦੇਵ ਕੁਮਾਰ ਨੇ ਕਿਹਾ ਕਿ ਉਹ ਹੁਣ ਕਿਸੇ ਵੀ ਧਮਕੀ ਤੋਂ ਡਰਨ ਵਾਲੇ ਨਹੀਂ ਹਨ। ਉਨ੍ਹਾਂ ਪਾਕਿਸਤਾਨ ਦੇ ਗੁਰਦੁਆਰਿਆਂ ਵਿਚ ਗ੍ਰੰਥੀ ਵੀ ਆਈ.ਐੱਸ.ਆਈ. ਦੇ ਇਸ਼ਾਰਿਆਂ ਉਪਰ ਭਰਤੀ ਕੀਤੇ ਜਾਣ ਦੀ ਗੱਲ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਪਾਕਿਸਤਾਨ ਵਲੋਂ ਹਿੰਦੂਆਂ ਤੇ ਸਿੱਖਾਂ ਉਪਰ ਕੀਤੇ ਜਾਣ ਵਾਲੇ ਜ਼ੁਲਮਾਂ ਦੀ ਸਚਾਈ ਦੁਨੀਆਂ ਸਾਹਮਣੇ ਪੇਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਲਾਇਲਪੁਰੀਆ ਤੇ ਚਾਵਲਾ ਵਰਗੇ ਲੋਕਾਂ ਦੀ ਬਦੌਲਤ ਹੀ ਪਾਕਿਸਤਾਨ ਵਿੱਚ ਜ਼ੁਲਮ ਵਧ ਰਹੇ ਹਨ ਪ੍ਰੰਤੂ ਉਹ ਹੁਣ ਚੁੱਪ ਨਹੀਂ ਬੈਠਣਗੇ। ਉਨ੍ਹਾਂ ਕਿਹਾ ਕਿ ਜੇਕਰ ਲੱਖਾਂ ਲੋਕਾਂ ਉਪਰ ਹੋ ਰਹੇ ਜ਼ੁਲਮਾਂ ਖ਼ਾਤਰ ਉਨ੍ਹਾਂ ਨੂੰ ਕੁਰਬਾਨੀ ਦੇਣੀ ਵੀ ਪੈ ਗਈ ਤਾਂ ਉਹ ਇਸ ਲਈ ਤਿਆਰ ਹਨ। ਪਾਕਿਸਤਾਨ ਵਿੱਚ ਰਹਿੰਦੇ ਰਿਸ਼ਤੇਦਾਰਾਂ ਵਲੋਂ ਉਨ੍ਹਾਂ ਦੇ ਫ਼ੈਸਲੇ ਨੂੰ ਗਲਤ ਕਰਾਰ ਦੇਣ ਸਬੰਧੀ ਬਲਦੇਵ ਕੁਮਾਰ ਨੇ ਕਿਹਾ ਕਿ ਉਹ ਉਧਰ ਦੇ ਹਾਲਾਤ ਤੋਂ ਚੰਗੀ ਤਰ੍ਹਾਂ ਜਾਣੂ ਹਨ। ਆਪਣੀ ਜਾਨ ਬਚਾਉਣ ਲਈ ਪਾਕਿਸਤਾਨ ਵਿਚ ਹਰ ਕਿਸੇ ਨੂੰ ਉਹੀ ਬੋਲੀ ਬੋਲਣੀ ਪੈਂਦੀ ਹੈ, ਜੋ ਉੱਥੋਂ ਦੀ ਸੈਨਾ ਜਾਂ ਫਿਰਕੂਵਾਦ ਪੈਦਾ ਕਰਨ ਵਾਲੇ ਆਗੂ ਚਾਹੁੰਦੇ ਹਨ। ਇਸੇ ਦੌਰਾਨ ਬਲਦੇਵ ਕੁਮਾਰ ਨੂੰ ਧਮਕੀਆਂ ਮਿਲਣ ਮਗਰੋਂ ਪੁਲੀਸ ਅਧਿਕਾਰੀਆਂ ਨੇ ਉਸ ਨਾਲ ਗੱਲਬਾਤ ਕੀਤੀ ਹੈ ਤੇ ਉਸ ਨੂੰ ਸੁਰੱਖਿਆ ਦੇਣ ਦੀ ਪੇਸ਼ਕਸ਼ ਕੀਤੀ ਹੈ। ਬਲਦੇਵ ਕੁਮਾਰ ਨੇ ਸੁਰੱਖਿਆ ਲੈਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਭਾਰਤ ਅੰਦਰ ਉਨ੍ਹਾਂ ਨੂੰ ਕੋਈ ਖ਼ਤਰਾ ਨਹੀਂ ਹੈ ਅਤੇ ਜੇਕਰ ਲੋੜ ਮਹਿਸੂਸ ਹੋਈ ਤਾਂ ਉਹ ਖੁਦ ਪੁਲੀਸ ਕੋਲ ਅਰਜ਼ੀ ਦੇ ਦੇਣਗੇ।

ਧਰਮਸੋਤ ਨੇ ਮਾਮਲਾ ਸ਼ੱਕੀ ਦੱਸਿਆ
ਸਮਰਾਲਾ ਵਿਚ ਅੱਜ ਇੱਕ ਸਮਾਗਮ ’ਚ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਬਲਦੇਵ ਕੁਮਾਰ ਦੇ ਭਾਰਤ ਆਉਣ ਨੂੰ ਸ਼ੱਕੀ ਦੱਸਿਆ। ਉਨ੍ਹਾਂ ਕਿਹਾ ਕਿ ਏਨੀ ਛੇਤੀ ਬਿਨਾਂ ਕਿਸੇ ਪੜਤਾਲ ਤੋਂ ਕਿਸੇ ਉਪਰ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਹੈ ਕਿਉਂਕਿ ਬਲਦੇਵ ਦੀ ਸਾਰੀ ਬਿਆਨਬਾਜ਼ੀ ਮਾਹੌਲ ਖ਼ਰਾਬ ਕਰਨ ਵਾਲੀ ਹੈ। ਉਨ੍ਹਾਂ ਸ਼ੰਕਾ ਪ੍ਰਗਟਾਈ ਕਿ ਹੋ ਸਕਦਾ ਹੈ ਕਿ ਪਾਕਿਸਤਾਨ ਨੇ ਉਸ ਨੂੰ ਤਬਾਹੀ ਲਈ ਭੇਜਿਆ ਹੋਵੇ। ਖ਼ੁਫ਼ੀਆ ਏਜੰਸੀਆਂ ਵਲੋਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਕੇ ਸਚਾਈ ਸਾਹਮਣੇ ਲਿਆਉਣੀ ਚਾਹੀਦੀ ਹੈ ਅਤੇ ਉਦੋਂ ਤੱਕ ਬਲਦੇਵ ਕੁਮਾਰ ਨੂੰ ਬਿਆਨਬਾਜ਼ੀ ਕਰਨ ਤੋਂ ਰੋਕਣਾ ਚਾਹੀਦਾ ਹੈ। ਉਧਰ, ਖੰਨਾ ਤੋਂ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਅੱਜ ਸ਼ਾਮ ਬਲਦੇਵ ਕੁਮਾਰ ਨਾਲ ਮੁਲਾਕਾਤ ਕਰਕੇ ਪਾਕਿਸਤਾਨ ਅੰਦਰ ਸਥਿਤੀ ਸਬੰਧੀ ਜਾਣਕਾਰੀ ਹਾਸਲ ਕੀਤੀ। ਕੋਟਲੀ ਨੇ ਕਿਹਾ ਕਿ ਜੇਕਰ ਬਲਦੇਵ ਸੱਚਾ ਹੈ ਤਾਂ ਉਹ ਉਸ ਦੀ ਹਰ ਸੰਭਵ ਮਦਦ ਕਰਨਗੇ। ਬਲਦੇਵ ਕੁਮਾਰ ਦੀ ਬਿਆਨਬਾਜ਼ੀ ਮਗਰੋਂ ਭਾਰਤ ਤੇ ਪਾਕਿਸਤਾਨ ਅੰਦਰ ਵਿਗੜੇ ਮਾਹੌਲ ਨੂੰ ਦੇਖਦਿਆਂ ਸ਼ਿਵ ਸੈਨਾ ਹਿੰਦ ਦੇ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ ਨੇ ਕੇਂਦਰ ਤੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਬਲਦੇਵ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ।


Comments Off on ਬਲਦੇਵ ਕੁਮਾਰ ਨੂੰ ਆਈਐੱਸਆਈ ਵੱਲੋਂ ਧਮਕੀਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.