ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਬਰਬਾਦ ਗੁਲਿਸਤਾਂ ਕਰਨੇ ਕੋ, ਬਸ ਏਕ ਹੀ ਉੱਲੂ ਕਾਫ਼ੀ ਹੈ…

Posted On September - 12 - 2019

ਸੰਜੀਵ ਹਾਂਡਾ
ਫ਼ਿਰੋਜ਼ਪੁਰ,11 ਸਤੰਬਰ
ਬਰਬਾਦ ਗੁਲਿਸਤਾਂ ਕਰਨੇ ਕੋ, ਬਸ ਏਕ ਹੀ ਉੱਲੂ ਕਾਫ਼ੀ ਹੈ, ਹਰ ਸ਼ਾਖ਼ ਪੇ ਉੱਲੂ ਬੈਠਾ ਹੈ, ਅੰਜ਼ਾਮੇਂ ਗੁਲਿਸਤਾਂ ਕਿਆ ਹੋਗਾ? ਸ਼ਾਇਰ ਰਿਆਸਤ ਹੁਸੈਨ ਰਿਜ਼ਵੀ ਦਾ ਇਹ ਸ਼ੇਅਰ ਫ਼ਿਰੋਜ਼ਪੁਰ ਵਿੱਚ ਬੀਐਸਐਫ਼ ਦੀ ਚੌਕੀ ਲਈ ਐਕੁਆਇਰ ਕੀਤੀ ਗਈ ਜ਼ਮੀਨ ਦੇ ਮਾਮਲੇ ਨਾਲ ਜੋੜ ਕੇ ਦੇਖਿਆ ਜਾਵੇ ਤਾਂ ਬਿਲਕੁਲ ਦਰੁਸਤ ਜਾਪਦਾ ਹੈ।
ਸਰਹੱਦੀ ਪਿੰਡ ਪੱਲ੍ਹਾ ਮੇਘਾ ਵਿਚ ਸਥਿਤ ਬੀਐਸਐਫ਼ ਦੀ ਮੋਹਮਦੀ ਵਾਲਾ ਚੌਕੀ ਲਈ ਐਕੁਆਇਰ ਕੀਤੀ ਗਈ 46 ਕਨਾਲ ਜ਼ਮੀਨ ਦੇ ਮੁਆਵਜ਼ੇ ਸਬੰਧੀ ਏਡੀਸੀ ਵੱਲੋਂ ਕੀਤੀ ਗਈ ਪੜਤਾਲ ਵਿਚ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ। ਏਡੀਸੀ ਨੇ ਆਪਣੀ ਪੜਤਾਲ ਵਿਚ ਇਸ ਮਾਮਲੇ ਨੂੰ ਗੈਰ ਮਾਮੂਲੀ ਘਟਨਾਕ੍ਰਮ ਦੱਸਦਿਆਂ ਲਿਖਿਆ ਹੈ ਕਿ ‘‘ਸਬੰਧਤ ਕਾਨੂੰਗੋ ਅਤੇ ਸਰਕਲ ਮਾਲ ਅਫ਼ਸਰ ਵੱਲੋਂ ਭੌਂ ਪ੍ਰਾਪਤੀ ਦੀ ਅਸੈੱਸਮੈਂਟ ਤਿਆਰ ਕਰਨ ਸਮੇਂ ਮਾਲ ਰਿਕਾਰਡ ਵਿਚ ਕੀਤੀ ਭੰਨਤੋੜ ਤੋਂ ਸਹਿਜੇ ਹੀ ਅੱਖੋਂ ਪਰੋਖੇ ਹੋ ਜਾਣਾ ਸੰਭਵ ਨਹੀਂ ਜਾਪਦਾ। ਇਸ ਸਾਰੇ ਘਟਨਾਕ੍ਰਮ ਵਿਚ ਫਰਜ਼ੀਵਾੜੇ ਦਾ ਕੇਂਦਰ ਪਟਵਾਰੀ ਬਲਕਾਰ ਸਿੰਘ ਹੈ, ਪ੍ਰੰਤੂ ਉਸਦੀ ਇਸ ਸਾਜਿਸ਼ ਦਾ ਸਫਲ ਹੋਣਾ ਉਸਦੇ ਕੰਮ ਦੀ ਨਿਗਰਾਨੀ ਕਰਨ ਵਾਲੇ ਕਾਨੂੰਗੋ ਮਨੋਹਰ ਲਾਲ, ਨਾਇਬ ਤਹਿਸੀਲਦਾਰ ਮਦਨ ਮੋਹਨ ਅਤੇ ਤਹਿਸੀਲਦਾਰ ਮਨਜੀਤ ਸਿੰਘ ਦੀ ਸਮੁੱਚੀ ਕਾਰਗੁਜ਼ਾਰੀ ’ਤੇ ਸਵਾਲੀਆ ਚਿੰਨ੍ਹ ਲਗਾਉਂਦਾ ਹੈ। ਇਸ ਨਾਲ ਇਨ੍ਹਾਂ ਸਾਰਿਆਂ ਦਾ ਇਸ ਸਾਜਿਸ਼ ਵਿਚ ਭਾਗੀਦਾਰ ਹੋਣ ਦੀ ਸੰਭਾਵਨਾ ਨੂੰ ਨਕਾਰਿਆ ਨਹੀਂ ਜਾ ਸਕਦਾ।’’
ਪੜਤਾਲ ਵਿਚ ਇਹ ਗੱਲ ਵੀ ਸਾਹਮਣੇ ਆਈ ਕਿ ਬਲਕਾਰ ਸਿੰਘ ਨੇ ਮੁਆਵਜ਼ੇ ਦੀ ਇੱਕ ਕਰੋੜ ਗਿਆਰਾਂ ਲੱਖ ਰੁਪਏ ਦੀ ਰਕਮ ਹਾਸਲ ਕਰਨ ਲਈ ਇਹ ਸਾਰੀ ਕਹਾਣੀ ਘੜੀ ਸੀ, ਜਿਸ ਵਿੱਚ ਉਹ ਸਫ਼ਲ ਵੀ ਹੋ ਗਿਆ। ਅਹਿਮ ਗੱਲ ਇਹ ਹੈ ਕਿ ਪਟਵਾਰੀ ਬਲਕਾਰ ਸਿੰਘ ਨੇ ਜਿਸ ਜ਼ਮੀਨ ਦੀ ਫ਼ਰਜ਼ੀ ਮਾਲਕੀ ਆਪਣੇ ਸਾਲੇ ਬਿੱਲੂ ਸਿੰਘ ਅਤੇ ਇੱਕ ਹੋਰ ਨਜ਼ਦੀਕੀ ਅੰਮ੍ਰਿਤਬੀਰ ਦੇ ਨਾਮ ਕੀਤੀ, ਉਹ ਜ਼ਮੀਨ ਦਰਅਸਲ ਕੇਂਦਰ ਸਰਕਾਰ ਦੀ ਸੀ ਅਤੇ ਇਸ ਜ਼ਮੀਨ ’ਤੇ ਪਹਿਲਾਂ ਤੋਂ ਹੀ ਬੀਐਸਐਫ਼ ਦਾ ਕਬਜ਼ਾ ਸੀ। ਭਾਵ ਉਸ ਨੇ ਕੇਂਦਰ ਸਰਕਾਰ ਦੀ ਜ਼ਮੀਨ ਦੇ ਹੀ ਗਲਤ ਕਾਗਜ਼ ਤਿਆਰ ਕਰ ਕੇ ਕੇਂਦਰ ਸਰਕਾਰ ਤੋਂ ਹੀ ਉਸਦੇ ਮੁਆਵਜ਼ੇ ਦੀ ਰਕਮ ਹਾਸਲ ਕਰ ਲਈ। ਏਡੀਸੀ ਦੀ ਰਿਪੋਰਟ ਬੀਐਸਐਫ਼ ਦੇ ਕੁਝ ਕਰਮਚਾਰੀਆਂ ਅਤੇ ਅਧਿਕਾਰੀਆਂ ਵੱਲ ਵੀ ਉਂਗਲ ਖੜ੍ਹੀ ਕਰਦੀ ਹੈ। ਰਿਪੋਰਟ ਵਿਚ ਬੀਐਸਐਫ਼ ਦੇ ਕਾਂਸਟੇਬਲ ਰਣਜੀਤ ਸਿੰਘ ਅਤੇ ਸਬ ਇੰਸਪੈਕਟਰ ਸੁਰਿੰਦਰ ਸੈਣੀ ਦਾ ਨਾਮ ਸਪਸ਼ਟ ਦਰਜ ਹੈ। ਏਡੀਸੀ ਦਾ ਮੰਨਣਾ ਹੈ ਕਿ ਬੀਐਸਐਫ਼ ਦੇ ਜਿਹੜੇ ਮੁਲਾਜ਼ਮਾਂ ਜਾਂ ਅਧਿਕਾਰੀਆਂ ਨੇ ਜ਼ਮੀਨ ਦੇ ਤਬਾਦਲੇ ਵਿਚ ਆਪਣੀ ਸਹਿਮਤੀ ਦਿੱਤੀ, ਇਹ ਮਾਮਲਾ ਉਨ੍ਹਾਂ ਦੇ ਅਧਿਕਾਰ ਖੇਤਰ ਵਿਚ ਆਉਂਦਾ ਹੀ ਨਹੀਂ ਸੀ। ਇਸ ਰਿਪੋਰਟ ਵਿਚ ਦੋਸ਼ੀ ਠਹਿਰਾਏ ਗਏ ਵਿਅਕਤੀਆਂ ਵਿੱਚ ਤਤਕਾਲੀ ਐਸਡੀਐਮ ਸੁਭਾਸ਼ ਚੰਦਰ ਅਤੇ ਸੇਵਾਮੁਕਤ ਐਸਡੀਐਮ ਹਰਜੀਤ ਸਿੰਘ ਪਨੂੰ ਅਤੇ ਤਤਕਾਲੀ ਪਟਵਾਰੀ ਸੰਤੋਖ ਸ਼ਾਮਲ ਹਨ। ਏਡੀਸੀ ਨੇ ਮੁਆਵਜ਼ਾ ਰਾਸ਼ੀ ’ਤੇ ਆਪਣਾ ਹੱਕ ਪੇਸ਼ ਕਰਨ ਵਾਲੇ ਕਿਸਾਨ ਅਰਜਨ ਸਿੰਘ ਨੂੰ ਵੀ ਦੋਸ਼ੀ ਠਹਿਰਾਇਆ ਹੈ, ਤੇ ਉਸ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਦੀ ਸਿਫ਼ਾਰਸ਼ ਕੀਤੀ ਹੈ। ਅਰਜੁਨ ਸਿੰਘ ਨੂੰ ਵੀ ਗਲਤ ਤਰੀਕੇ ਨਾਲ 16 ਕਨਾਲ 10 ਮਰਲੇ ਜ਼ਮੀਨ ਦਾ ਮਾਲਕ ਬਣਾਇਆ ਗਿਆ ਤੇ ਫ਼ਿਰ ਉਸਦੀ ਜ਼ਮੀਨ ਦਾ ਤਬਾਦਲਾ ਕੀਤਾ ਗਿਆ। ਇਹ ਰਿਪੋਰਟ ਅਗਲੀ ਕਾਰਵਾਈ ਲਈ ਪੁਲੀਸ ਵਿਭਾਗ ਕੋਲ ਚਲੀ ਗਈ ਹੈ। ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਕਾਨੂੰਗੋ ਬਲਕਾਰ ਸਿੰਘ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਹੈ। ਬੀਐਸਐਫ਼ ਅਧਿਕਾਰੀਆਂ ਵੱਲੋਂ ਮਾਮਲੇ ਦੀ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ।


Comments Off on ਬਰਬਾਦ ਗੁਲਿਸਤਾਂ ਕਰਨੇ ਕੋ, ਬਸ ਏਕ ਹੀ ਉੱਲੂ ਕਾਫ਼ੀ ਹੈ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.