ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਬਦਲਦੇ ਮੌਸਮ ਦਾ ਪ੍ਰਛਾਵਾਂ

Posted On September - 1 - 2019

ਭੋਲਾ ਸਿੰਘ ਸ਼ਮੀਰੀਆ
ਕਥਾ ਪ੍ਰਵਾਹ

ਕਾਗਜ਼ਾਂ ’ਚ ਉਸ ਦਾ ਨਾਂ ਜਗਤਾਰ ਸਿੰਘ ਸੀ, ਪਰ ਉਸ ਨੂੰ ਸਾਰੇ ਜਗਤਾ ਕਹਿ ਕੇ ਹੀ ਪੁਕਾਰਦੇ। ਤਖ਼ਤੇ ਓਹਲੇ ਖੜ੍ਹੇ ਨੂੰ ਜਦੋਂ ਆਪਣੀ ਭਰਜਾਈ ਦੇ ਚੁਭਵੇਂ ਬੋਲ ਸੁਣੇ ਤਾਂ ਉਹ ਵਾਹੋ-ਦਾਹੀ ਡੇਰੇ ਵੱਲ ਚੱਲ ਪਿਆ। ਸਾਈਕਲ ਅੱਗੇ ਟੰਗੇ ਦੋਵੇਂ ਰੋਟੀਆਂ ਵਾਲੇ ਝੋਲੇ ਤੇ ਪਿਛਲੇ ਕੈਰੀਅਰ ’ਤੇ ਨੂੜੇ ਦੁੱਧ ਦੇ ਢੋਲਾਂ ਵਿਚਾਲੇ ਬੈਠਾ ਜਗਤਾ ਔਖਾ ਹੋ ਹੋ ਕੇ ਸਾਈਕਲ ਦੇ ਪੈਡਲ ਮਾਰਦਾ ਆ ਰਿਹਾ ਸੀ। ਅੱਜ ਉਸ ਨੂੰ ਸਾਈਕਲ ਭਾਰਾ-ਭਾਰਾ ਲੱਗ ਰਿਹਾ ਸੀ। ਉਸ ਨੂੰ ਪਸੀਨਾ ਆ ਰਿਆ ਸੀ। ਪਹਿਲਾਂ ਉਹ ਸਾਈਕਲ ਚਲਾਉਂਦਾ-ਚਲਾਉਂਦਾ ਕੋਈ ਨਾ ਕੋਈ ਭਜਨ ਜਾਂ ਕਿਸੇ ਨਾ ਕਿਸੇ ਸ਼ਬਦ ਦੀ ਇਕ ਅੱਧੀ ਲਾਈਨ ਨੂੰ ਵਾਰ-ਵਾਰ ਦੁਹਰਾਇਆ ਕਰਦਾ ਸੀ। ਅੱਜ ਉਸ ਦੇ ਮੂੰਹ ’ਚੋਂ ਅੰਗਿਆਰੇ ਨਿਕਲ ਰਹੇ ਸਨ। ਸਮੇਂ ਦੇ ਗੁਜ਼ਰਨ ਨਾਲ ਉਸ ਦੇ ਨਾਂ ਨਾਲ ਲੱਗੇ ਤਖ਼ੱਲਸ ਵੀ ਬਦਲਦੇ ਰਹੇ ਸਨ। ਕਦੇ ਉਹ ‘ਜਗਤਾਰ ਸਰਪੰਚ’, ਕਦੇ ‘ਜਗਤਾ ਸਰਪੰਚ’ ਤੇ ਹੁਣ ‘ਜਗਤਾ ਡਾਲੀ ਵਾਲਾ’ ਬਣ ਗਿਆ ਸੀ। ਉਸ ਦਾ ਦਾਦਾ ਤੇ ਪੜਦਾਦਾ ਕਦੇ ਸਰਪੰਚ ਹੋਇਆ ਕਰਦੇ ਸਨ। ਸਰਪੰਚਾਂ ਦਾ ਖ਼ਾਨਦਾਨ ਹੋਣ ਕਰਕੇ ਉਨ੍ਹਾਂ ਦੇ ਸਾਰੇ ਲਾਣੇ ਦੇ ਨਾਵਾਂ ਨਾਲ ਸਰਪੰਚ ਤਖ਼ੱਲਸ ਜੁੜ ਗਿਆ ਸੀ। ਉਸ ਦੀਆਂ ਮੁੱਠੀਆਂ ਵਿਚ ਘੁੱਟੇ ਹੈਂਡਲ ਦੇ ਮੁੱਠੇ ਵੀ ਮੁੜ੍ਹਕੇ ਨਾਲ ਭਿੱਜ ਗਏ। ਉਹ ਵਾਰੀ-ਵਾਰੀ ਹੈਂਡਲ ਨਾਲੋਂ ਹੱਥ ਛੱਡ ਕੇ ਆਪਣੇ ਗੇਰੂ ਰੰਗੇ ਕਮੀਜ਼ ਨਾਲ ਪੂੰਝਦਾ। ਉਹ ਸੋਚਦਾ ਆ ਰਿਹਾ ਸੀ ਕਿ ਕਦੇ ਉਹ ‘ਜਗਤਾ ਸਰਪੰਚ’ ਵੱਜਦਾ ਹੁੰਦਾ ਸੀ, ਉਦੋਂ ਉਸ ਦਾ ਦਾਦਾ ਸਰਪੰਚ ਹੁੰਦਾ ਸੀ। ਹੱਟੀ ਵਾਲਾ ਮੋਹਣੀ ਵੀ ਉਦੋਂ ਉਸ ਨੂੰ ਆਪਣੀ ਗੱਦੀ ’ਤੇ ਬਰਾਬਰ ਬਿਠਾ ਕੇ ਰੂੰਗਾ ਦਿਆ ਕਰਦਾ ਸੀ। ਜਦੋਂ ਉਹ ਭੱਠੀ ’ਤੇ ਦਾਣੇ ਭੁੰਨਾਉਣ ਜਾਂਦਾ ਸੀ ਤਾਂ ਭੱਠੀ ਵਾਲੀ ਜਮੇਰੋ ਵੀ ਸਾਰਿਆਂ ਨੂੰ ਪਿੱਛੇ ਛੱਡਦੀ ਹੋਈ ਸਭ ਤੋਂ ਪਹਿਲਾਂ ਉਸ ਦੇ ਦਾਣੇ ਭੁੰਨਿਆ ਕਰਦੀ ਸੀ। ਬਾਕੀਆਂ ਨੂੰ ਉਹ ਝਿੜਕ ਕੇ ਪਿੱਛੇ ਕਰਕੇ ਬਿਠਾਉਂਦੀ ਹੋਈ ਬੋਲਦੀ, ‘‘ਤੁਸੀਂ ਬਹਿ ਜੋ ਵੇ, ਪਹਿਲਾਂ ਮੈਂ ਆਪਣੇ ਪੁੱਤ ਦੇ ਦਾਣੇ ਭੁੰਨ ਦਿਆਂ।’’ ਸਮੇਂ ਦੀ ਰਗੜ ਨਾਲ ਉਸ ਦੇ ਨਾਂ ਨਾਲੋਂ ‘ਸਰਪੰਚ’ ਲਹਿ ਗਿਆ ਤੇ ‘ਡਾਲੀ ਵਾਲਾ’ ਉੱਕਰਿਆ ਗਿਆ।
ਜਗਤਾ ਆਪਣੇ ਚਾਰੇ ਭਰਾਵਾਂ ’ਚੋਂ ਸਭ ਤੋਂ ਵੱਡਾ ਸੀ। ਵੱਡਾ ਹੋਣ ਕਰਕੇ ਖੇਤੀਬਾੜੀ ਦਾ ਬੋਝ ਵੀ ਉਸ ਦੇ ਮੋਢਿਆਂ ’ਤੇ ਆ ਪਿਆ ਸੀ। ਖੇਤੀ ਦੇ ਰੁਝੇਵੇਂ ਕਰਕੇ ਉਹ ਸਕੂਲ ਵਿਚ ਪੰਜਵੀਂ ਤੱਕ ਹੀ ਮਸਾਂ ਅੱਪੜ ਸਕਿਆ ਤੇ ਅੰਤ ਪੜ੍ਹਾਈ ਵੱਲੋਂ ਉੱਕਾ ਹੀ ਹੱਥ ਖੜ੍ਹੇ ਕਰ ਗਿਆ। ਉਸ ਦੇ ਦੂਜੇ ਭਾਈ ਬੰਤੇ ਨੇ ਆਪਣੇ ਸਹੁਰਿਆਂ ਨਾਲ ਮਿਲ ਕੇ ਯੂ.ਪੀ. ਵਿਚ ਆਗਰੇ ਵੱਲ ਜ਼ਮੀਨ ਲੈ ਲਈ ਸੀ। ਇੱਥੋਂ ਉਹ ਆਪਣੇ ਹਿੱਸੇ ਦੀ ਚਾਰ ਕਿੱਲੇ ਭੋਇੰ ਵੇਚ ਗਿਆ ਸੀ। ਤੀਜਾ ਭਾਈ ਸੁਖਦੇਵ ਫ਼ੌਜ ਵਿਚ ਭਰਤੀ ਹੋ ਗਿਆ ਸੀ। ਤਰੱਕੀ ਕਰਦਾ-ਕਰਦਾ ਉਹ ਸੂਬੇਦਾਰ ਦੇ ਅਹੁਦੇ ਤੱਕ ਪੁੱਜ ਗਿਆ ਸੀ। ਉਸ ਦੇ ਬੱਚੇ ਵੀ ਉਸ ਦੇ ਨਾਲ ਹੀ ਰਹਿੰਦੇ ਸੀ। ਉਸ ਦੇ ਚੌਥੇ ਭਾਈ ਰਾਮੇ ਦੀ ਕੁੜੀ ਕੈਨੇਡਾ ਚਲੀ ਗਈ ਸੀ। ਉਸ ਨੇ ਆਪਣੇ ਭਰਾ ਨੂੰ ਵੀ ਆਪਣੇ ਕੋਲ ਬੁਲਾ ਲਿਆ ਸੀ। ਇੱਥੇ ਤਾਂ ਰਾਮਾ ਤੇ ਉਸ ਦੀ ਪਤਨੀ ਇਕੱਲੇ ਹੀ ਰਹਿੰਦੇ। ਆਪਣੇ ਹਿੱਸੇ ਦੇ ਚਾਰ ਕਿੱਲੇ ਉਹ ਠੇਕੇ ’ਤੇ ਦੇ ਦਿੰਦਾ ਸੀ। ਖਰਚਾ ਆਦਿ ਉਸ ਦੇ ਬੱਚੇ ਭੇਜ ਦਿੰਦੇ। ਦੋਵੇਂ ਜੀਅ ਐਸ਼ ਕਰਦੇ। ਜਗਤਾ ਨਾ ਤਾਂ ਆਪ ਪੜ੍ਹ ਸਕਿਆ ਤੇ ਨਾ ਹੀ ਬੱਚਿਆਂ ਨੂੰ ਕਿਸੇ ਵਿਲੇ ਲਾ ਸਕਿਆ। ਉਸ ਦਾ ਮੁੰਡਾ ਵੀ ਹੁਣ ਤਾਂ ਬੱਜੋਰੱਤਾ ਸੀ। ਤਿੰਨ ਕੁ ਸਾਲ ਪਹਿਲਾਂ ਉਹ ਖੇਤ ਕਣਕ ਦੀ ਰਾਖੀ ਕਰਨ ਗਿਆ ਸੀ। ਉਹ ਰਾਤ ਨੂੰ ਖੇਤ ਹੀ ਸੌਂਦਾ। ਆਵਾਰਾ ਪਸ਼ੂਆਂ ਦੇ ਵੱਗ ਕਣਕ ਖ਼ਰਾਬ ਕਰ ਦਿੰਦੇ ਸਨ। ਇਕ ਰਾਤ ਪਸ਼ੂਆਂ ਦੇ ਮਗਰ ਸੋਟੀ ਲੈ ਕੇ ਪਿਆ ਤਾਂ ਢੱਠੇ ਨੇ ਉਸ ਨੂੰ ਟੱਕਰ ਮਾਰ ਕੇ ਹੇਠਾਂ ਸੁੱਟ ਦਿੱਤਾ। ਖਾਲ਼ ਵਿਚ ਡਿੱਗਣ ਕਰਕੇ ਬਚਾਅ ਤਾਂ ਹੋ ਗਿਆ, ਪਰ ਢੱਠੇ ਦੇ ਖੁਰਾਂ ਹੇਠ ਲੱਤ ਆ ਜਾਣ ਕਰਕੇ ਉਸ ਦੀ ਸੱਜੀ ਲੱਤ ਦੀ ਹੱਡੀ ਟੁੱਟ ਗਈ। ਹੁਣ ਤੁਰਨ ਤਾਂ ਭਾਵੇਂ ਲੱਗ ਗਿਆ ਸੀ, ਪਰ ਅਜੇ ਵੀ ਲੰਗੜਾ ਕੇ ਤੁਰਦਾ ਸੀ। ਉਪਰੋਂ ਕੁੜੀ ਦਾ ਵਿਆਹ ਕਰਨਾ ਪੈ ਗਿਆ। ਜਗਤੇ ਨੂੰ ਮਜਬੂਰੀਵੱਸ ਆਪਣੀ ਦੋ ਕਿੱਲੇ ਜ਼ਮੀਨ ਗਹਿਣੇ ਕਰਨੀ ਪਈ। ਹੁਣ ਬਾਕੀ ਦੋ ਕਿੱਲਿਆਂ ਨਾਲ ਕੀ ਹੋ ਸਕਦਾ ਸੀ? ਸਿਰਫ਼ ਖਾਣ ਜੋਗੀ ਕਣਕ ਆਉਂਦੀ। ਬਾਕੀ ਖਰਚੇ ਸਿਰ ’ਤੇ ਖੜ੍ਹੇ ਰਹਿੰਦੇ। ਗਹਿਣੇ ਪਈ ਜ਼ਮੀਨ ’ਤੇ ਹੋਰ ਪੈਸੇ ਫੜਨੇ ਜਗਤੇ ਦੀ ਮਜਬੂਰੀ ਬਣ ਗਈ। ਇਉਂ ਦੋਵੇਂ ਕਿੱਲੇ ਜਗਤੇ ਦੇ ਕਾਗ਼ਜ਼ਾਂ ’ਚੋਂ ਤਿਲ੍ਹਕਦੇ-ਤਿਲ੍ਹਕਦੇ ਸੱਮੇ ਕੇ ਟੱਕ ਨਾਲ ਜਾ ਰਲੇ। ਰਹਿੰਦੇ ਦੋ ਕਿੱਲਿਆਂ ਵਿਚ ਉਹ ਨਰਮਾ ਜਾਂ ਕਣਕ ਬੀਜ ਛੱਡਦਾ। ਇਕ ਦਿਨ ਬੁੱਟਰਾਂ ਦੇ ਬਿੰਦਰ ਨੇ ਜਗਤੇ ਨੂੰ ਸਮਝਾਉਂਦਿਆਂ ਕਿਹਾ, ‘‘ਓ ਜਗਤਾ ਸਿਆਂ ਭਰਾਵਾ, ਕਿਉਂ ਮੱਥਾ ਮਾਰਦੈਂ, ਦੋ ਕਿੱਲਿਆਂ ’ਚੋਂ ਕੀ ਬਚਣੈ… ਤੂੰ ਐਂ ਕਰ ਸਬਜ਼ੀ ਬੀਜ ਲਿਆ ਕਰ… ਛੱਡ ਪਰ੍ਹੇ ਕਣਕ ਤੇ ਨਰਮੇ ਨੂੰ… ਇਹ ਫ਼ਸਲ ਆਉਣੀ ਐ ਛੇ ਮਹੀਨਿਆਂ ਤੋਂ… ਸਬਜ਼ੀ ਦੀ ਲੋੜ ਪੈਂਦੀ ਐ ਆਥਣ-ਉੱਗਣ… ਰੋਜ਼ ਦੀ ਕਮਾਈ ਐ। ਆਹ ਸ਼ਹਿਰ ਖੜ੍ਹੈ… ਤੜਕੇ ਸਬਜ਼ੀ ਲੈ ਗਿਆ, ਰੋਟੀ ਵੇਲੇ ਨੂੰ ਵੇਚ ਕੇ ਘਰੇ… ਆਹ ਨਰਮੇ ਕਣਕ ’ਚੋਂ ਕੀ ਢਾਵੇਂ ਬਚਦੇ ਐ?’’
ਗੱਲ ਜਗਤੇ ਨੂੰ ਜਚ ਗਈ ਸੀ। ਉਸ ਨੇ ਆਪਣੇ ਆਪ ਨੂੰ ਸਮਝਾਉਂਦਿਆਂ ਕਿਹਾ, ‘‘ਗੱਲ ਤਾਂ ਬੁੱਟਰ ਦੀ ਠੀਕ ਐ… ਕੇਰਾਂ ਸੌਖੀ ਜੀ ਸਬਜ਼ੀ ਬੀਜ ਕੇ ਵੇਖ ਲੈਂਨੇ ਆਂ, ਜੇ ਕੰਮ ਚੱਲ ਗਿਆ ਤਾਂ ਪੌਂ ਬਾਰ੍ਹਾਂ ਹੋ ਜਾਣਗੀਆਂ… ਐਤਕੀਂ ਚਾਰ ਕਨਾਲਾਂ ਮੂਲੀ ਲਾ ਕੇ ਵੇਹਨੇ ਆਂ।’’ ਜਗਤੇ ਨੇ ਸਾਉਣ ਦੇ ਮਹੀਨੇ ਚਾਰ ਕਨਾਲਾਂ ਕਹੀ ਨਾਲ ਹੀ ਖੇਤ ਸੁਆਰ ਲਿਆ। ਪਾਣੀ ਲਾ ਕੇ ਸਾਉਣ ਦੇ ਪਿਛਲੇ ਪੱਖ ਹੀ ਮੂਲੀਆਂ ਬੀਜ ਦਿੱਤੀਆਂ। ਚੜ੍ਹਦੀ ਭਾਦੋਂ ਮੂਲੀਆਂ ਦੀ ਹਰਿਆਵਲ ਨੇ ਸਾਰਾ ਵਾਹਣ ਹਰਾ-ਭਰਾ ਕਰ ਦਿੱਤਾ। ਜਗਤਾ ਤੇ ਉਸ ਦੀ ਪਤਨੀ ਸਾਰਾ ਦਿਨ ਮੂਲੀਆਂ ਦੀ ਪੁੱਟ-ਪੁਟਾਈ ਤੇ ਸਾਫ਼ ਸਫ਼ਾਈ ਕਰਦੇ ਰਹਿੰਦੇ। ਬਲਦ ਵਾਲੀ ਰੇਹੜੀ ਮੂਲੀਆਂ ਦੀ ਭਰ ਕੇ ਜਗਤਾ ਸ਼ਹਿਰ ਲੈ ਜਾਂਦਾ। ਸਵੇਰੇ ਬੋਲੀ ’ਤੇ ਲਾ ਕੇ ਘਰ ਆ ਜਾਂਦਾ। ਜਿਹੜੀ ਮੂਲੀ ਬਾਜ਼ਾਰ ਵਿਚ 20-25 ਰੁਪਏ ਕਿਲੋ ਵਿਕਦੀ ਸੀ, ਉਸ ਨੂੰ ਜਗਤਾ ਬੋਲੀ ’ਤੇ ਪੰਜ ਰੁਪਏ ਵੇਚ ਕੇ ਘਰ ਆ ਜਾਂਦਾ। ਜਦੋਂ ਉਹ ਬਾਜ਼ਾਰ ਵਿਚ 25 ਰੁਪਏ ਮੂਲੀ ਵਿਕਦੀ ਵੇਖਦਾ ਤਾਂ ਉਸ ਨੂੰ ਆਪਣੇ ਅੰਦਰੋਂ ਕੁਝ ਭੁਰਦਾ ਮਹਿਸੂਸ ਹੁੰਦਾ। ਫਿਰ ਇਕ ਦਿਨ ਪੰਡਤਾਂ ਦੇ ਰੇਸ਼ਮ ਨੇ ਜਗਤੇ ਨੂੰ ਮੱਤ ਦਿੱਤੀ, ‘‘ਜਗਤਾ ਸਿਆਂ, ਜੇ ਮੂਲੀਆਂ ’ਚੋਂ ਚਾਰ ਪੈਸੇ ਕਮਾਉਣੇ ਐਂ ਤਾਂ ਮੂਲੀਆਂ ਬੋਲੀ ’ਤੇ ਲਾਉਣ ਦੀ ਬਜਾਏ ਆਪ ਵੇਚਿਆ ਕਰ ਤੱਕੜੀ ਫੜ ਕੇ।’’
ਜਗਤੇ ਨੂੰ ਉਸ ਦੀ ਮੱਤ ਵਧੀਆ ਲੱਗੀ। ਫੇਰ ਇਕ ਦਿਨ ਉਹ ਘਰੋਂ ਮਿਥ ਕੇ ਤੁਰਿਆ ਕਿ ਅੱਜ ਤੱਕੜੀ ਲੈ ਕੇ ਆਪ ਹੀ ਮੂਲੀਆਂ ਵੇਚੇਗਾ। ਉਸ ਨੇ ਤੱਕੜੀ ਵੱਟੇ ਝੋਲੇ ’ਚ ਪਾ ਲਏ। ਸਬਜ਼ੀ ਮੰਡੀ ਵਿਚ ਜਾਣ ਦੀ ਬਜਾਏ ਉਸ ਨੇ ਬਲਦ ਰੇਹੜੀ ਮੰਡੀ ਦੇ ਬਾਹਰ ਰੋਕ ਲਈ, ਉਸ ਨੇ ਆਸਾ-ਪਾਸਾ ਦੇਖਿਆ। ਫੇਰ ਪਿੰਡ ਦੇ ਇਕ-ਦੋ ਬੰਦਿਆਂ ਨੂੰ ਦੇਖ ਕੇ ਤੱਕੜੀ ਲੈ ਕੇ ਬੈਠਣ ਤੋਂ ਉਹ ਝੇਪ ਮੰਨ ਗਿਆ। ਉਸ ਨੇ ਉਨ੍ਹਾਂ ਨੂੰ ਦੇਖਦਿਆਂ ਸਾਰ ਹੀ ਉੱਚੀ ਦੇਣੇ ਗਾਲ੍ਹ ਦਿੱਤੀ, ‘‘ਤੜਕੇ ਈ ਪਤਾ ਨੀ ਕੀ ਫੇਰੇ ਦੇਣ ਆਉਂਦੇ ਐ ਸ਼ਹਿਰ… ‘ਮਾੜੀਆਂ’ ਜਾਤਾਂ ਦੂਜਿਆਂ ਨੂੰ ਵੀ ਨੀਂ ਕੰਮ ਕਰਨ ਦਿੰਦੀਆਂ।’’ ਪਾੜ ਵਿਚ ਫਸੇ ਚੋਣ ਵਾਂਗੂ ਉਹ ਕਿੰਨਾ ਚਿਰ ਖੜ੍ਹਾ ਆਸੇ-ਪਾਸੇ ਦੇਖੀ ਗਿਆ। ਜਦੋਂ ਉਹ ਬੈਠਣ ਲੱਗਦਾ ਤਾਂ ਪਿੰਡ ਦਾ ਕੋਈ ਨਾ ਕੋਈ ਬੰਦਾ ਦਿਸ ਪੈਂਦਾ, ਉਹ ਫੇਰ ਬੈਠ ਕੇ ਸਬਜ਼ੀ ਵੇਚਣ ਦਾ ਇਰਾਦਾ ਤਿਆਗ ਦਿੰਦਾ। ਫੇਰ ਜਗਤੇ ਦੇ ਅੰਦਰੋਂ ਆਵਾਜ਼ ਆਉਂਦੀ, ‘‘ਭਲਾ ਜਗਤਿਆ, ਤੂੰ ਵੀ ਕਮਲਾ ਹੋ ਗਿਐਂ, ਛੱਡ ਪਰ੍ਹੇ ਇਹ ਕੰਮ… ਲੋਕ ਕੀ ਕਹਿਣਗੇ ਬਈ ਖਾਂਦੇ-ਪੀਂਦੇ ਪਰਿਵਾਰ ਦਾ ਮੁੰਡਾ ਸਬਜ਼ੀ ਵੇਚੀ ਜਾਂਦੈ… ਐਵੇਂ ਬਾਹਮਣ ਨੂੰ ਕੀ ਕਹਿਣੈ… ਉਹ ਤਾਂ ਜੀਭ ਹਿਲਾ ਕੇ ਅਹੁ ਗਿਆ।’’ ਉਸ ਨੇ ਰੇਹੜੀ ਅੱਗੇ ਦੁਬਾਰਾ ਬਲਦ ਜੋੜ ਲਿਆ ਤੇ ਰੇਹੜੀ ਫੇਰ ਲਿਆ ਕੇ ਬੋਲੀ ਵਾਲੇ ਥੜ੍ਹੇ ਕੋਲ ਆ ਰੋਕੀ। ਮੂਲੀਆਂ ਦੀ ਭਰੀ ਰੇਹੜੀ ਬੋਲੀ ’ਤੇ ਚਾਰ ਸੌ ਰੁਪਏ ਵਿਚ ਵੇਚ ਕੇ ਜਗਤਾ ਫੇਰ ਪਿੰਡ ਦੇ ਰਾਹ ਪੈ ਗਿਆ। ਜਿੰਨੀ ਜਗਤਾ ਤੇ ਉਸ ਦੀ ਪਤਨੀ ਮਿਹਨਤ ਕਰਦੇ, ਉਨੀਂ ਉਨ੍ਹਾਂ ਨੂੰ ਉਸ ਦੀ ਕੀਮਤ ਨਹੀਂ ਸੀ ਮਿਲਦੀ। ਅੰਤ ਉਸ ਨੇ ਸਬਜ਼ੀ ਵਾਲਾ ਕੰਮ ਵੀ ਇਹ ਸੋਚ ਕੇ ਛੱਡ ਦਿੱਤਾ ਕਿ ਇਹ ਤਾਂ ਕੰਮੀਆਂ ਜਾਂ ਸੀਰੀਆਂ ਸਾਂਝੀਆਂ ਵਾਲਾ ਕੰਮ ਐ। ਜਗਤਾ ਤੇ ਉਸ ਦੀ ਪਤਨੀ ਬੁਝੇ-ਬੁਝੇ ਜਿਹੇ ਫਿਰਦੇ ਰਹਿੰਦੇ। ਇਕ ਦਿਨ ਉਸ ਦੀ ਪਤਨੀ ਨੇ ਕਿਹਾ, ‘‘ਹੁਣ ਐਂ ਕਿਵੇਂ ਸਰੂ… ਮੂਹਰੇ ਕੁੜੀ ਵੀ ਆਊ ਜਾਪਾ ਕਰਨ … ਸੁਖ ਨਾਲ ਪਹਿਲਾ ਜਾਪਾ ਕੁੜੀ ਦਾ।’’ ‘‘ਹੁਣ ਮਿੰਦਰ ਕੁਰੇ, ਤੂੰ ਹੀ ਦੱਸ ਮੈਂ ਕੀ ਕਰਾਂ…?’’ ਚੁੱਲ੍ਹੇ ਮੂਹਰੇ ਬੈਠੇ ਜਗਤੇ ਨੇ ਕਿਹਾ।
‘‘ਮੈਂ ਤਾਂ ਐਂ ਕਹਿਨੀ ਆਂ… ਜੇ ਮੈਂ ਬਚਨੇ ਕਿਆਂ ਨਾਲ ਨਰਮਾ ਚੁਗਣ ਵਗ ਜਿਆ ਕਰਾਂ… ਫੇਰ ਐਂ ਆਉਂਦੈ ਬਈ ਸ਼ਰੀਕਣੀਆਂ ਕੀ ਕਹਿਣਗੀਆਂ!’’ ਛਟੀਆਂ ਦੇ ਡੱਕੇ ਤੋੜ ਕੇ ਦੂਹਰੇ-ਤੀਹਰੇ ਕਰਕੇ ਚੁੱਲ੍ਹੇ ਵਿਚ ਝੋਕਾ ਲਾਉਂਦੀ ਮਿੰਦਰ ਕੁਰ ਨੇ ਕਿਹਾ।
‘‘ਤੂੰ ਕਾਸਨੂੰ ਜਾਣੈ… ਫੇਰ ਐਵੇਂ ਆਪਣੇ ਆਲ੍ਹੀਆਂ ਬਹੇਲਾਂ ਜੀਆਂ ਹੱਸਣਗੀਆਂ।’’ ਜਗਤਾ ਆਪਣੇ ਸ਼ਰੀਕੇ ਦੀਆਂ ਔਰਤਾਂ ਨੂੰ ਅਕਸਰ ਬਹੇਲਾਂ ਹੀ ਆਖਦਾ। ‘‘ਕੱਲ੍ਹ ਤੋਂ ਮੈਂ ਐਂ ਕਰੂੰ… ਸ਼ਹਿਰ ਵੰਨੀ ਜਾਂ ਕਿਸੇ ਹੋਰ ਪਿੰਡ ਜਾ ਕੇ ਦਿਹਾੜੀ-ਦੱਪਾ ਕਰ ਲਿਆ ਕਰੂੰ… ਜੇਹੜੇ ਚਾਰ ਪੈਸੇ ਆਉਣਗੇ ਕੇਹੇ ਐ… ਐਥੇ ਆਪਣੇ ਪਿੰਡ ਵਾਲੇ ਹੱਸਣਗੇ… ਕਿ ਠੀਕ ਨੀ?’’ ‘‘ਹਾਂ ਠੀਕ ਐ, ਭੁੱਖੇ ਮਰਨ ਨਾਲੋਂ ਤਾਂ ਸੰਗ ਲਾਹੀ ਚੰਗੀ ਐ… ਨਾਲੇ ਕੰਮ ਦੀ ਕਾਹਦੀ ਸੰਗ ਐ।’’ ਮਿੰਦਰ ਕੁਰ ਨੇ ਹੌਸਲਾ ਦਿੱਤਾ।
ਜਗਤਾ ਨਵਾਂ ਸੂਟ ਪਾ ਕੇ ਸ਼ਹਿਰ ਚਲਾ ਜਾਂਦਾ ਤੇ ਪੁਰਾਣਾ ਸੂਟ ਝੋਲੇ ਵਿਚ ਪਾ ਕੇ ਲੈ ਜਾਂਦਾ। ਉੱਥੇ ਜਾ ਕੇ ਕੰਮ ਤੋਂ ਪਹਿਲਾਂ ਆਪਣੇ ਕੱਪੜੇ ਬਦਲ ਲੈਂਦਾ। ਲੇਬਰ ਚੌਕ ਵਿਚ ਖੜ੍ਹਾ ਉਹ ਚੋਰ ਅੱਖ ਨਾਲ ਆਸੇ-ਪਾਸੇ ਵੇਖਦਾ ਰਹਿੰਦਾ। ਜੇਕਰ ਕੋਈ ਪਿੰਡ ਦਾ ਮਿਸਤਰੀ ਜਾਂ ਦਿਹਾੜੀਆ ਦਿਸ ਪੈਂਦਾ ਤਾਂ ਉਹ ਪਾਸੇ ਨੂੰ ਟਲ ਜਾਂਦਾ। ਫੇਰ ਇਕ ਦਿਨ ਉਸ ਦੇ ਕੰਮ ਲੋਟ ਆ ਗਿਆ। ਕੌਟਨ ਫੈਕਟਰੀ ਵਾਲਿਆਂ ਨੂੰ ਰੂੰ ਦੇ ਕੰਮ ਲਈ ਪੱਕੇ ਬੰਦਿਆਂ ਦੀ ਲੋੜ ਸੀ। ਕੰਮ ਤਾਂ ਭਾਵੇਂ ਬਾਰ੍ਹਾਂ ਘੰਟੇ ਕਰਨਾ ਪੈਣਾ ਸੀ, ਪਰ ਲੇਬਰ ਚੌਕ ਵਿਚ ਖੜ੍ਹਨ ਦਾ ਯੱਭ ਮੁੱਕ ਗਿਆ ਸੀ। ਬਾਕੀ ਬੰਦਿਆਂ ਵਾਂਗ ਜਗਤੇ ਨੇ ਵੀ ਫੈਕਟਰੀ ਵਾਲਿਆਂ ਨੂੰ ‘ਹਾਂ’ ਕਰ ਦਿੱਤੀ। ਹੁਣ ਉਹ ਦਿਹਾੜੀਆ ਨਹੀਂ, ਮੁਲਾਜ਼ਮ ਵੱਜਣ ਲੱਗ ਪਿਆ ਸੀ। ਤਨਖ਼ਾਹ ਭਾਵੇਂ ਪੰਜ ਹਜ਼ਾਰ ਰੁਪਏ ਹੀ ਸੀ, ਪਰ ਇਕੱਠੇ ਪੈਸੇ ਮਿਲਣ ਕਰਕੇ ਜਗਤੇ ਨੂੰ ਸਬਰ ਆ ਜਾਂਦਾ। ਘਰੋਂ ਉਹ ਸਵੇਰੇ ਸਾਈਕਲ ’ਤੇ ਛੇ ਵਜੇ ਨਿਕਲ ਜਾਂਦਾ ਤੇ ਸ਼ਾਮ ਨੂੰ ਹਨੇਰੇ ਹੋਏ ਵਾਪਸ ਮੁੜਦਾ। ਜੇ ਕਦੇ ਕੋਈ ਜਗਤੇ ਨੂੰ ਪਿੰਡ ਦਾ ਬੰਦਾ ਉਸ ਦੇ ਕੰਮ ਬਾਰੇ ਪੁੱਛ ਵੀ ਲੈਂਦਾ ਤਾਂ ਜਗਤਾ ਬੜੇ ਫਖ਼ਰ ਨਾਲ ਕਹਿੰਦਾ, ‘‘ਕਾਟਨ ਫੈਕਟਰੀ ਆਲਾ ਜੋ ਮਿੱਤਲ ਸਾਬ੍ਹ ਐ ਨਾ… ਆਪਣੇ ਨਾਲ ਚੰਗਾ ਮਿਲਣ-ਵਰਤਣ ਐ ਉਹਦਾ… ਪਹਿਲਾਂ ਤੋਂ ਈ ਆਉਂਦਾ ਜਾਂਦੈ ਆਪਣੇ… ਮੈਨੂੰ ਕਹਿੰਦਾ ਜਗਤਾ ਸਿਆਂ ਆਪਣੀ ਫੈਕਟਰੀ ’ਚ ਆ ਜਿਆ ਕਰ… ਨਾਲੇ ਕੰਮ ਦੀ ਦੇਖ-ਭਾਲ ਕਰ ਲਿਆ ਕਰ। ਪਹਿਲਾਂ ਤਾਂ ਮੈਂ ਨਾਂਹ-ਨੁੱਕਰ ਜੀ ਕੀਤੀ ਸੀ… ਫੇਰ ਬਾਅਲ੍ਹਾ ਈ ਜੋਰ ਜਾ ਪਾਉਣ ਲੱਗ ਪਿਆ… ਫੇਰ ਮੈਂ ਸੋਚਿਆ ਘਰੇ ਵਿਹਲੇ ਕੀ ਕਰਾਂਗੇ… ਚਲੋ ਨਾਲੇ ਪੁੰਨ ਨਾਲੇ ਫਲੀਆਂ।’’ ਘਰੋਂ ਟੂਟੀ ਵਾਲੀ ਬੰਨ੍ਹੀ ਪੋਚਵੀਂ ਪੱਗ ’ਤੇ ਜਗਤਾ ਵਾਰ-ਵਾਰ ਹੱਥ ਮਾਰਦਾ। ਕੱਸ ਕੇ ਬੰਨ੍ਹੀ ਢਾਠੀ ਦੇ ਵਿਚੋਂ ਨੱਕ ਦੇ ਦੋਵੇਂ ਪਾਸੀਂ ਉਪਰ ਦੀਂਹਦੀਆਂ ਮੁੱਛਾਂ ਫੈਕਟਰੀ ਤੱਕ ਜਾਂਦਿਆਂ ਉਸ ਦੀ ਜਿੱਤ ਦੀਆਂ ਪ੍ਰਤੀਕ ਬਣੀਆਂ ਰਹਿੰਦੀਆਂ। ਫੈਕਟਰੀ ਵਿਚ ਵੜਦਿਆਂ ਹੀ ਉਹ ਆਪਣੀ ਪੱਗ ਤੇ ਕੱਪੜੇ ਉਤਾਰ ਕੇ ਪਾਸੇ ਰੱਖ ਦਿੰਦਾ। ਝੋਲੇ ਵਿਚੋਂ ਕੱਢ ਕੇ ਪੁਰਾਣੇ ਕੱਪੜੇ ਪਾ ਲੈਂਦਾ। ਸਿਰ ’ਤੇ ਪੁਰਾਣੀ ਪੱਗ ਤੇ ਇਕ ਪਰਨੇ ਨਾਲ ਮੜਾਸਾ ਮਾਰ ਲੈਂਦਾ। ਸਾਰਾ ਦਿਨ ਰੂੰ ਨਾਲ ਲੱਥ-ਪੱਥ ਹੋਇਆ ਰਹਿੰਦਾ। ਰੂੰ ਦੀਆਂ ਗੱਠਾਂ ਨੂੰ ਉਪਰ ਚੜ੍ਹਾਉਂਦਾ ਰਹਿੰਦਾ। ਘਰ ਨੂੰ ਆਉਣ ਲੱਗਿਆਂ ਫੇਰ ਕੱਪੜੇ ਬਦਲ ਲੈਂਦਾ ਤੇ ਆਪਣੀ ਟੂਟੀ ਵਾਲੀ ਪੱਗ ਨੂੰ ਉਵੇਂ-ਜਿਵੇਂ ਬੱਝੀ-ਬਝਾਈ ਸਿਰ ’ਤੇ ਰੱਖ ਕੇ ਮੁਲਾਜ਼ਮ ਬਣ ਜਾਂਦਾ।
ਰੂੰ ਦੀ ਫੱਕ ਨਾਲ ਉਹ ਕੁਝ ਖਊਂ-ਖਊਂ ਜਿਹੀ ਕਰਨ ਲੱਗ ਪਿਆ ਸੀ। ਇਕ ਦਿਨ ਰੋਟੀ ਖਾਂਦਿਆਂ ਮਿੰਦਰ ਕੁਰ ਨੇ ਥਾਲ ਵਿਚ ਰੋਟੀ ਰੱਖਦਿਆਂ ਕਿਹਾ, ‘‘ਆਹ ਬਾਅਲ੍ਹਾ ਈ ਖਊਂ-ਖਊਂ ਜੀ ਕਰਨ ਲੱਗ ਪਿਐਂ।’’
‘‘ਮਿੰਦਰ ਕੁਰੇ ਸੱਚੀ ਦੱਸਾਂ, ਫੈਕਟਰੀ ਦਾ ਕੰਮ ਕੁਛ ਜ਼ਿਆਦਾ ਈ ਔਖੈ… ਕੁਆਂਟਲ ਪੱਕੇ ਦੀ ਗੱਠ ਹੁੰਦੀ ਐ… ਦੋ ਜਣੇ ਮਸਾਂ ਉਪਰ ਚੜ੍ਹਾਉਂਦੇ ਆਂ… ਢਿੱਡ ’ਕੱਠਾ ਹੋਇਆ ਰਹਿੰਦੈ… ਅੰਦਰ ਰੂੰ ਦੀ ਫੱਕ ਬਹੁਤ ਐ… ਸੁੱਕੇ ਹੱਡੀਂ ਹੁਣ ਕੰਮ ਵੀ ਨੀਂ ਹੁੰਦਾ… ਘਰੇ ਦੁੱਧ ਦੀ ਘੁੱਟ ਹੋਵੇ ਤਾਂ ਬੰਦਾ ਸੰਢਿਆ ਰਹਿੰਦੈ।’’ ਰੋਟੀ ਖਾਣ ਤੋਂ ਬਾਅਦ ਥਾਲ ਭੁੰਜੇ ਰੱਖਦਿਆਂ ਜਗਤੇ ਨੇ ਆਪਣੇ ਦਿਲ ਦੀ ਗੱਲ ਦੱਸ ਦਿੱਤੀ। ‘‘ਨਾਲੇ ਹੋਰ ਸੁਣ… ਓਥੇ ਮੇਰੇ ਨਾਲ ਨਿੱਕੀ-ਸੁੱਕੀ ਜਾਤ ਦੇ ਮੁੰਡੇ ਐ… ਉਨ੍ਹਾਂ ਦੇ ਭਾਅ ਦੀ ਮੈਂ ਵੀ ਉਨ੍ਹਾਂ ਦਾ ਭਾਈਚਾਰਾ ਈ ਆਂ… ਜੇ ਮੈਂ ਦੱਸ ਦਿੰਦਾ ਬਈ ਮੈਂ ਤਾਂ ਜੱਟਾਂ ਦਾ ਮੁੰਡਾ ਆਂ… ਫੇਰ ਮੈਨੂੰ ਵੱਧ ਤੰਗ ਕਰਦੇ… ਨਾਲੇ ਐਵੇਂ ਹੱਸਦੇ… ਮੈਂ ਤਾਂ ਉਨ੍ਹਾਂ ਨੂੰ ਆਪਣਾ ਸਹੀ ਨਾਂ ਵੀ ਨਈਂ ਦੱਸਿਆ।’’ ਜਗਤੇ ਨੇ ਮਿੰਦਰ ਕੁਰ ਦੇ ਕੰਨ ਨੇੜੇ ਮੂੰਹ ਕਰਕੇ ਚੁਗਲੀ ਕਰਨ ਵਾਲਿਆਂ ਵਾਂਗੂੰ ਭੇਤ ਦੀ ਗੱਲ ਦੱਸੀ। ‘‘ਫੇਰ ਛੱਡ ਪਰ੍ਹੇ ਐਹੋ ਜਾ ਕੰਮ… ਐਵੇਂ ਬਿਮਾਰ ਹੋ ਕੇ ਬਹਿਜੇਂਗਾ।’’ ਮਿੰਦਰ ਕੁਰ ਨੇ ਆਪਣੇ ਦੋਵੇਂ ਹੱਥ ਆਪਣੀਆਂ ਪੁੜਪੁੜੀਆਂ ਕੋਲ ਲਿਜਾ ਕੇ ਪੁੱਠੇ ਜੇ ਹੱਥ ਝਟਕਦਿਆਂ ਕਿਹਾ। ‘‘ਐਥੇ ਈ ਕਿਸੇ ਦੇ ਖੇਤ ਕੰਮ ਕਰ ਲਿਆ ਕਰ… ਨਾਲੇ ਢਿੱਡ ਮੂਹਰੇ ਕਾਹਦੀ ਸੰਗ ਐ!’’
‘‘ਐਥੇ ਕਹਿਣਗੇ ਸਰਪੰਚਾਂ ਦਾ ਮੁੰਡਾ ਦਿਹਾੜੀ ਕਰਦਾ ਫਿਰਦੈ।’’ ਜਗਤੇ ਨੇ ਅਜੇ ਵੀ ਹੰਕਾਰੀ ਸੱਪ ਵਾਂਗੂ ਫਨ ਨਹੀਂ ਸੀ ਸੁੱਟਿਆ। ਉਸ ਨੇ ਮਿੰਦਰ ਕੁਰ ਦੇ ਕਹਿਣ ’ਤੇ ਫੈਕਟਰੀ ਵਾਲਾ ਕੰਮ ਛੱਡ ਦਿੱਤਾ ਸੀ। ਹੁਣ ਉਹ ਕਈ ਦਿਨਾਂ ਤੋਂ ਵਿਹਲਾ ਸੀ। ਕਦੇ ਉਹ ਤਾਸ਼ ਵਾਲਿਆਂ ਕੋਲ ਖੜ੍ਹ ਜਾਂਦਾ ਤੇ ਕਦੇ ਦਾਣਾ ਮੰਡੀ ਵੱਲ ਤੁਰ ਜਾਂਦਾ। ਇਕ ਦਿਨ ਉਹ ਦਾਣਾ ਮੰਡੀ ਵੱਲ ਜਾਂਦਾ-ਜਾਂਦਾ ਵੱਡੇ ਡੇਰੇ ਵੱਲ ਨੂੰ ਹੋ ਤੁਰਿਆ। ਡੇਰੇ ਦੇ ਅੰਦਰ ਉਹ ਇਸ ਆਸ ਨਾਲ ਗਿਆ ਕਿ ਚਲੋ ਭੰਡਾਰੇ ’ਚੋਂ ਚਾਹ ਦੀ ਘੁੱਟ ਈ ਪੀ ਆਵਾਂਗੇ। ਵੱਡੇ ਸੰਤਾਂ ਦੇ ਪੈਰੀਂ ਹੱਥ ਲਾ ਕੇ ਉਹ ਸੰਤਾਂ ਦੇ ਤਖ਼ਤਪੋਸ਼ ਦੇ ਨੇੜੇ ਹੋ ਕੇ ਬੈਠ ਗਿਆ। ਵੱਡੇ ਸੰਤ ਲਗਪਗ ਪਿੰਡ ਦੇ ਸਾਰੇ ਹੀ ਬੰਦਿਆਂ ਨੂੰ ਜਾਣਦੇ ਸਨ। ‘‘ਆ ਭਾਈ ਜਗਤ ਸਿਆਂ… ਹੋਰ ਬਾਲ ਬੱਚੇ ਰਾਜੀ ਐ।’’ ਸੰਤਾਂ ਨੇ ਸੱਜਾ ਹੱਥ ਉਪਰ ਚੁੱਕਦਿਆਂ ਕਿਹਾ।
‘‘ਹਾਂ ਬਾਬਾ ਜੀ, ਕਿਰਪਾ ਐ ਤੁਹਾਡੀ।’’ ਜਗਤੇ ਨੇ ਦੋਵੇਂ ਹੱਥ ਜੋੜੇ। ‘‘ਕਿਰਪਾ ਤਾਂ ਭਾਈ ਉੱਪਰ ਆਲੇ ਦੀ ਐ… ਅਸੀਂ ਤਾਂ ਕਲਯੁਗੀ ਜੀਵ ਆਂ ਭਾਈ।’’ ਸੰਤਾਂ ਨੇ ਕਿਹਾ ਤੇ ਫਿਰ ਕੁਝ ਯਾਦ ਜਿਹਾ ਕਰਕੇ ਸੰਤ ਫੇਰ ਜਗਤੇ ਵੱਲ ਝਾਕੇ, ‘‘ਭਾਈ ਜਗਤਾ ਸਿਆਂ, ਤੁਸੀਂ ਭਾਈ ਤੁਰੇ ਫਿਰਦੇ ਬੰਦੇ ਓ… ਸਾਡਾ ਡਾਲੀ ਆਲਾ ਮੁੰਡਾ ਚਲਾ ਗਿਐ… ਅਸੀਂ ਭਾਈ ਡਾਲੀ ਵੰਨੀਉਂ ਬੜੇ ਤੰਗ ਹੋਏ ਪਏ ਆਂ…  ਕੋਈ ਬੰਦਾ ਭਾਲ ਦਿਓ ਸਾਨੂੰ… ਹਾਂ, ਬੰਦਾ ਇੱਜ਼ਤ ਆਲਾ ਹੋਵੇ… ਕਿਉਂਕਿ ਡਾਲੀ ਲੈਣ ਚੰਗੇ ਦੇ ਘਰ ਵੀ ਜਾਣੈ ਤੇ ਮਾੜੇ ਦੇ ਘਰ ਵੀ ਜਾਣੈ।’’ ਜਗਤੇ ਨੇ ਅੰਦਰੋਂ ਅੰਗੜਾਈ ਲਈ। ਜਿਵੇਂ ਸੰਤਾਂ ਦੇ ਬੋਲਾਂ ਨੇ ਉਸ ਦੇ ਅੰਦਰ ਨਵੀਂ ਰੂਹ ਫੂਕ ਦਿੱਤੀ ਹੋਵੇ। ਜਗਤੇ ਨੇ ਆਪਣੀਆਂ ਲੱਤਾਂ ਦੀ ਚੌਂਕੜੀ ਖੋਲ੍ਹੀ ਤੇ ਗੋਡਿਆਂ ਭਾਰ ਹੋ ਕੇ ਸੰਤਾਂ ਦੇ ਹੋਰ ਨੇੜੇ ਹੋ ਗਿਆ। ਉਸ ਨੇ ਆਸਾ-ਪਾਸਾ ਜਿਹਾ ਦੇਖ ਕੇ ਪੁੱਛਿਆ, ‘‘ਬਾਬਾ ਜੀ, ਉਸ ਨੂੰ ਪੈਸੇ ਕਿੰਨੇ ਦਿੰਦੇ ਸੀ ਤੁਸੀਂ?’’ ‘‘ਅਸੀਂ ਤਾਂ ਭਾਈ ਉਸ ਨੂੰ ਤਿੰਨ ਹਜ਼ਾਰ ਰੁਪਏ ਤੇ ਡਾਲੀ ਆਲੇ ਦੁੱਧ ’ਚੋਂ ਇਕ ਕਿਲੋ ਦੁੱਧ ਹਰ ਰੋਜ਼ ਦਿੰਦੇ ਸਾਂ… ਰੋਟੀ ਪਾਣੀ ਉਹ ਲੰਗਰ ’ਚੋਂ ਈ ਛਕ ਲੈਂਦਾ ਸੀ… ਚਲੋ ਹੁਣ ਜੇ ਕੋਈ ਵੱਧ ਵੀ ਮੰਗਦੈ ਤਾਂ ਅਸੀਂ ਪੈਂਤੀ ਸੌ ਦੇ ਦਿਆਂਗੇ… ਜੇ ਕੋਈ ਬੰਦਾ ਹੈਗਾ ਤਾਂ।’’ ਸੰਤਾਂ ਨੇ ਦੱਸਿਆ। ਜਗਤੇ ਨੂੰ ਮਿੰਦਰ ਕੁਰ ਦੇ ਬੋਲ ਯਾਦ ਆਏ, ‘‘ਅਖੇ ਢਿੱਡ ਮੂਹਰੇ ਕਾਹਦੀ ਸੰਗ ਹੁੰਦੀ ਐ।’’ ਜਗਤੇ ਨੇ ਇਕ ਵਾਰ ਫੇਰ ਪਿੱਛੇ ਤੇ ਆਸੇ-ਪਾਸੇ ਦੇਖਿਆ। ਉਹ ਸੰਤਾਂ ਦੇ ਹੋਰ ਨੇੜੇ ਹੁੰਦਾ ਬੋਲਿਆ, ‘‘ਬਾਬਾ ਜੀ, ਜੇ ਇਹ ਸੇਵਾ ਮੈਂ ਹੀ ਕਰ ਦਿਆ ਕਰਾਂ ਤਾਂ… ਚਲੋ ਪੈਂਤੀ ਸੌ ਰੁਪਏ ਤੇ ਕਿਲੋ ਦੁੱਧ ਰੋਜ਼ ਦਾ ਮੈਨੂੰ ਮਨਜ਼ੂਰ ਐ… ਪਰ ਬਾਬਾ ਜੀ ਮੇਰੀ ਇਕ ਬੇਨਤੀ ਐ… ਥੋਡੇ ਕੋਲੋਂ ਕੀ ਪੜਦੈ, ਤੁਸੀਂ ਕਿਸੇ ਕੋਲ ਭਾਫ ਨਾ ਕੱਢਿਓ ਕਿ ਅਸੀਂ ਜਗਤੇ ਨੂੰ ਪੈਂਤੀ ਸੌ ’ਤੇ ਰੱਖਿਆ… ਬੱਸ ਤੁਸੀਂ ਆਖਿਓ ਇਹ ਤਾਂ ਭਾਈ ਸੇਵਾ ਕਰਦੈ… ਐਨੇ ਨਾਲ ਮੇਰਾ ਵੀ ਪੜਦਾ ਜਾ ਬਣਿਆ ਰਹੂ, ਥੋਡੀ ਕਿਰਪਾ ਨਾਲ।’’ ਜਗਤੇ ਨੇ ਫੇਰ ਸੰਤਾਂ ਦੇ ਪੈਰੀਂ ਹੱਥ ਲਾਏ। ‘‘ਦੇਖ ਲਾ ਭਾਈ ਜਗਤਾ ਸਿਆਂ, ਇਹ ਕੰਮ ਔਖਾ ਵੀ ਐ ਤੇ ਅਣਖਿਝ ਵੀ ਐ… ਸਾਧੂ ਬਿਰਤੀ ’ਚ ਹੀ ਰਹਿਣਾ ਪਊ… ਕਿਸੇ ਨਾਲ ਲੜਨਾ-ਝਗੜਨਾ ਨਈਂ।’’ ਸੰਤਾਂ ਨੇ ਚਿਤਾਵਨੀ ਦਿੰਦਿਆਂ ਕਿਹਾ। ‘‘ਨਾ ਬਾਬਾ ਜੀ, ਆਪਾਂ ਲੜਨਾ ਥੋੜ੍ਹੇ ਕਿਸੇ ਨਾਲ। ਜੀਹਨੇ ਪ੍ਰਸ਼ਾਦਾ ਦੇ ਤਾ, ਲੈ ਲਾਂਗੇ… ਨਹੀਂ ਅਗਲੇ ਬੂਹੇ।’’ ਜਗਤਾ ਨਵੀਂ ਨੌਕਰੀ ਮਿਲਣ ਕਰਕੇ ਅੰਦਰੋਂ ਬਾਗੋ-ਬਾਗ ਹੋਇਆ ਪਿਆ ਸੀ।
ਡੇਰੇ ’ਚੋਂ ਜਗਤਾ ਚੱਕਵੇਂ ਪੈਰੀਂ ਘਰ ਨੂੰ ਤੁਰ ਪਿਆ। ਤੁਰਿਆ ਆਉਂਦਾ ਉਹ ਆਪਣੇ ਅੰਦਰ ਨਾਲ ਗੱਲਾਂ ਕਰਦਾ ਆਉਂਦਾ ਸੀ। ‘‘ਹੁਣ ਚਾਰ ਸਾਲ ਸੌਖੇ ਕੱਢਲਾਂਗੇ… ਬੱਸ ਸਾਈਕਲ ’ਤੇ ਚੜ੍ਹ ਕੇ ਗੇੜਾ ਈ ਦੇਣੈ… ਜਗਤ ਸਿਆਂ ਹੁਣ ਨੀ ਤੂੰ ਛੇਤੀ ਕੀਤੇ ਮਰਦਾ। ਨਾਲੇ ਪੀਣ ਨੂੰ ਦੁੱਧ ਦੀ ਘੁੱਟ ਮਿਲ ਜਿਆ ਕਰੂ… ਕੈ ਸਾਲ ਹੋਗੇ ਦੁੱਧ ਨੀ ਨਸੀਬ ਹੋਇਆ।’’ ਜਗਤੇ ਨੇ ਆਪਣੇ ਅੰਦਰਲੇ ਜਗਤੇ ਦਾ ਮੋਢਾ ਥਾਪੜਿਆ। ਘਰੇ ਵੜਦਿਆਂ ਹੀ ਮਿੰਦਰ ਕੁਰ ਦੇ ਮੰਜੇ ’ਤੇ ਜਾ ਬੈਠਾ। ‘‘ਮਿੰਦਰ ਕੁਰੇ, ਕੰਮ ਤਾਂ ਮਿਲ ਗਿਆ… ਨਾਲੇ ਖਾਣ-ਪੀਣ ਨੂੰ ਖੁੱਲ੍ਹਾ, ਨਾਲੇ ਸੌਖਾ।’’
‘‘ਕਾਹਦਾ ਕੰਮ ਐ…।’’ ਪੁਰਾਣੇ ਕਮੀਜ਼ ਦੇ ਬਟਨ ਲਾ ਰਹੀ ਮਿੰਦਰ ਕੁਰ ਨੇ ਸੂਈ ਰੋਕਦਿਆਂ ਪੁੱਛਿਆ।
‘‘ਵੱਡੇ ਡੇਰੇ ਆਲੇ ਸੰਤਾਂ ਦੀ ਡਾਲੀ ਆਲਾ ਮੁੰਡਾ ਭੱਜ ਗਿਐ… ਸੰਤਾਂ ਨੂੰ ਡਾਲੀ ਆਲੇ ਬੰਦੇ ਦੀ ਲੋੜ ਸੀ… ਮੈਂ ਹਾਂ ਕਰ ’ਤੀ। ਪੂਰਾ ਪੈਂਤੀ ਸੌ ਰੁਪਈਆ ਮਹੀਨੇ ਦਾ ਤੇ ਕਿਲੋ ਦੁੱਧ ਰੋਜ਼ ਦਾ… ਬਾਕੀ ਰੋਟੀ ਡੇਰੇ ’ਚੋਂ… ਹੋਰ ਆਪਾਂ ਨੂੰ ਕੀ ਚਾਹੀਦੈ…?’’ ਜਗਤੇ ਨੇ ਸੇਲ੍ਹੀਆਂ ਚੁੱਕਦਿਆਂ ਕਿਹਾ, ‘‘ਲੋਕਾਂ ਭਾਣੇ ਤਾਂ ਸੇਵਾ ਈ ਐ… ਆਪਾਂ ਕਿਹੜਾ ਕਿਸੇ ਨੂੰ ਦੱਸਣੈ… ਬਈ ਮੈਂ ਪੈਂਤੀ ਸੌ ਲੈਨਾ… ਠੀਕ ਐ ਨਾ ਸੌਦਾ?’’ ਜਗਤੇ ਨੇ ਜੇਤੂ ਅੰਦਾਜ਼ ਵਿਚ ਮਿੰਦਰ ਕੁਰ ਦੇ ਮੋਢੇ ’ਤੇ ਹੱਥ ਮਾਰਿਆ। ਜਗਤਾ ਸਵੇਰੇ ਹੀ ਸਾਈਕਲ ਦੇ ਕੈਰੀਅਰ ’ਤੇ ਦੁੱਧ ਲੈਣ ਵਾਲਾ ਢੋਲ ਨੂੜ ਲੈਂਦਾ ਅਤੇ ਦੋ ਝੋਲੇ ਸੱਜੇ ਤੇ ਖੱਬੇ ਸਾਈਕਲ ਦੇ ਹੈਂਡਲ ਨਾਲ ਲਟਕਾ ਕੇ ਗਜੇ ਨੂੰ ਤੁਰ ਪੈਂਦਾ। ਸੰਤਾਂ ਦੇ ਸਿਖਾਏ ਇਕ ਦੋ ਸ਼ਬਦ ਤੇ ਟੂਕਾਂ ਸਾਈਕਲ ’ਤੇ ਚੜ੍ਹਿਆ ਜਗਤਾ ਗਲੀ ਵਿਚ ਗਾਉਂਦਾ ਰਹਿੰਦਾ। ‘‘ਓਥੇ ਕਰਮਾਂ ਦੇ ਹੋਣਗੇ ਨਬੇੜੇ, ਜਾਤ ਕਿਸੇ ਪੁੱਛਣੀ ਨਈਂ’’ ਲੰਬੀ ਹੇਕ ਵਿਚ ਜਗਤਾ ਗਾਉਂਦਾ ਰਹਿੰਦਾ। ‘‘ਦੇਹੀ ਮਾਨਸ ਸਬੱਬ ਨਾਲ ਮਿਲ ਗਈ, ਐਵੇਂ ਨਾ ਗੁਆ ਲੀਂ ਬੰਦਿਆ’’ ਕਹਿ ਕੇ ਜਗਤਾ ਅਗਲੇ ਦੇ ਬਾਰ ’ਚ ਸਾਈਕਲ ਦੀ ਘੰਟੀ ਮਾਰਦਾ ਤੇ ‘ਪ੍ਰਸ਼ਾਦਾ ਰਾਮ’ ਜਾਂ ‘ਦੁੱਧ ਰਾਮ’ ਉੱਚੀ ਦੇਣੇ ਕਹਿ ਕੇ ਪੁਕਾਰਦਾ। ‘‘ਹੋਵੇ ਮਨਜ਼ੂਰ ਤੇਰੇ ਸੇਵਕਾਂ ਦੀ ਸੇਵਾ… ਹੋਵੇ ਮਨਜ਼ੂਰ ਤੇਰੇ ਸੇਵਕਾਂ ਦੀ ਸੇਵਾ’’ ਜਿੰਨਾ ਚਿਰ ਅਗਲਾ ਬੂਹੇ ਨਾ ਆ ਜਾਂਦਾ, ਉਨਾ ਚਿਰ ਉਹ ਇਹੀ ਸ਼ਬਦ ਦੁਹਰਾਈ ਜਾਂਦਾ। ਹੁਣ ਉਹ ਪੂਰਾ ਟਰੇਂਡ ਹੋ ਗਿਆ ਸੀ। ਉਸ ਨੂੰ ਹਰ ਘਰ ਦੇ ਸਾਰੇ ਜੀਆਂ ਦਾ ਪਤਾ ਲੱਗ ਗਿਆ ਸੀ ਕਿ ਇਸ ਘਰ ਦਾ ਕਿਹੜਾ ਜੀਅ ਖ਼ੁਸ਼ ਹੋ ਕੇ ਗਜਾ ਪਾਉਂਦਾ ਹੈ ਤੇ ਕਿਹੜਾ ਜੀਅ ਮੱਥੇ ’ਤੇ ਤਿਊੜੀਆਂ ਪਾ ਕੇ ਖੈਰ ਪਾਉਂਦਾ ਹੈ। ਜਦੋਂ ਉਹ ਆਪਣੇ ਸ਼ਰੀਕਾਂ ਦੇ ਬੂਹੇ ਅੱਗੇ ਜਾ ਕੇ ਸਾਈਕਲ ਦੀ ਟੱਲੀ ਵਜਾ ਕੇ ‘ਪ੍ਰਸ਼ਾਦਾ ਰਾਮ’ ਜਾਂ ‘ਦੁੱਧ ਰਾਮ’ ਕਹਿੰਦਾ ਤਾਂ ਉਸ ਦੇ ਅੰਦਰੋਂ ਉੱਠਿਆ ਸੰਗ ਦਾ ਗੁਬਾਰ ਉਸ ਨੂੰ ਪਸੀਨਾ ਲਿਆ ਦਿੰਦਾ। ਉਂਜ, ਉਹ ਸਾਰੇ ਪਿੰਡ ਵਿਚ ਖ਼ੁਸ਼ੀ-ਖ਼ੁਸ਼ੀ ਸਾਈਕਲ ’ਤੇ ਚੜ੍ਹ ਕੇ ਸ਼ਬਦ ਗਾਉਂਦਾ ਫਿਰਦਾ, ਪਰ ਜਦੋਂ ਉਸ ਦਾ ਆਪਣਾ ਅਗਵਾੜ ਆ ਜਾਂਦਾ ਤਾਂ ਉਸ ਦੇ ਸਿਰ ਸੌ ਘੜਾ ਪਾਣੀ ਦਾ ਪੈ ਜਾਂਦਾ। ਫੇਰ ਉਹ ਅਣਖਿੱਝ ਜਿਹਾ ਹੋ ਕੇ ਆਪਣੀਆਂ ਸੋਚਾਂ ਵਿਚ ਸ਼ਬਦਾਂ ਦਾ ਘੋੜਾ ਭਜਾ ਦਿੰਦਾ ਤੇ ਕਦੇ-ਕਦੇ ਉੱਚੀ ਗਾ ਕੇ ਆਪਣੇ ਮਨ ਨੂੰ ਤਸੱਲੀ ਦੇਣ ਦੀ ਕੋਸ਼ਿਸ਼ ਕਰਦਾ। ‘‘ਸਾਢੇ ਤਿੰਨ ਹੱਥ ਧਰਤੀ ਤੇਰੀ, ਓ ਬਹੁਤੀਆਂ ਜ਼ਮੀਨਾਂ ਆਲਿਆ।’’ ਇਸ ਤਰ੍ਹਾਂ ਸ਼ਬਦਾਂ ਦੇ ਚੱਪੂ ਨਾਲ ਉਹ ਆਪਣੇ ਆਪ ਨੂੰ ਹੀਣਤਾ ਦੇ ਸਮੁੰਦਰ ’ਚੋਂ ਬਾਹਰ ਕੱਢ ਲੈਂਦਾ। ਸੰਤਾਂ ਵੱਲੋਂ ਦਿੱਤੇ ਲਾਲ ਚੋਲੇ ਵਿਚ ਉਹ ਸੱਚੀ-ਮੁੱਚੀ ਸੰਤ ਲੱਗਦਾ। ਪਿੰਡ ਦੀਆਂ ਬਹੁਤੀਆਂ ਬੁੜ੍ਹੀਆਂ ਉਸ ਦੇ ਪੈਰੀਂ ਹੱਥ ਵੀ ਲਾਉਣ ਲੱਗ ਪਈਆਂ ਸਨ। ਉਹ ਵੀ ਹੱਥ ਉੱਚਾ ਚੁੱਕ ਕੇ ‘ਰਾਜੀ ਰਹਿ ਬੱਚਾ’ ਕਹਿ ਦਿੰਦਾ।
ਫੇਰ ਇਕ ਦਿਨ ਉਸ ਦੀ ਭਰਜਾਈ ਰਾਮੇ ਦੀ ਵਹੁਟੀ ਦੇ ਬੋਲ ਉਸ ਦੀ ਆਤਮਾ ਨੂੰ ਲੀਰੋ-ਲੀਰ ਕਰ ਗਏ। ਜਦੋਂ ਉਹ ਪ੍ਰਸ਼ਾਦਾ ਫੜਾ ਕੇ ਮੁੜੀ ਤਾਂ ਜਗਤਾ ਸਾਈਕਲ ਦੇ ਹੈਂਡਲ ਨਾਲ ਪ੍ਰਸ਼ਾਦਿਆਂ ਵਾਲੇ ਢਿੱਲੇ ਹੋਏ ਝੋਲੇ ਦੀ ਗੰਢ ਕੱਸਣ ਲੱਗ ਪਿਆ। ਅਜੇ ਉਹ ਉਨ੍ਹਾਂ ਦੇ ਬੂਹੇ ਅੱਗੇ ਹੀ ਖੜ੍ਹਾ ਸੀ, ਜਦੋਂ ਰਾਮੇ ਦੀ ਵਹੁਟੀ ਦੇ ਬੋਲ ਤਖ਼ਤੇ ਦੀਆਂ ਵਿਰਲਾਂ ਵਿਚੋਂ ਦੀ ਬਾਰੂਦ ਦੇ ਗੋਲਿਆਂ ਵਾਂਗ ਉਸ ਦੇ ਕੰਨਾਂ ਵਿਚ ਵੱਜੇ, ‘‘ਆਹ ਆਪਣੇ ਡਾਲੀ ਆਲੇ ਸਾਧ ਨੂੰ ਕਹਿਣ ਆਲੈ, ਬਈ ਆਵਦੀ ਤੀਵੀਂ ਨੂੰ ਵੀ ਲਾਲ ਕੁੜਤੀ ਪਵਾ ਕੇ ਡੇਰੇ ਲੈ ਜਾ… ਨਾਲੇ ਦੂਜੇ ਸਾਧਾਂ ਦਾ ਜੀਅ ਲੱਗਿਆ ਰਿਹਾ ਕਰੂਗਾ।’’ ਰਾਮੇ ਦੀ ਵਹੁਟੀ ਭਾਵੇਂ ਰਾਮੇ ਨੂੰ ਸੰਬੋਧਨ ਹੋਈ ਸੀ, ਪਰ ਬੂਹੇ ਅੱਗੇ ਖੜ੍ਹੇ ਜਗਤੇ ਨੇ ਜ਼ਹਿਰ ਵਰਗੇ ਬੋਲ ਸੁਣ ਲਏ ਸਨ। ਉਸ ਦਾ ਜੀਅ ਕੀਤਾ ਕਿ ਉਹ ਆਪਣੇ ਤਨ ਦੇ ਲਾਲ ਚੋਲੇ ਨੂੰ ਗਲਮੇਂ ਤੋਂ ਫੜ ਕੇ ਲੀਰੋ-ਲੀਰ ਕਰ ਦੇਵੇ। ਆਪਣੇ ਭਰਾ-ਭਰਜਾਈ ਨੂੰ ਮੋੜ ਦੇਣ ਦੀ ਬਜਾਏ ਉਸ ਨੇ ਕਚੀਚੀ ਵੱਟ ਕੇ ਸਾਈਕਲ ਭਜਾ ਕੇ ਡੇਰੇ ਦੇ ਰਾਹ ਪਾ ਲਿਆ। ਉਸ ਦੇ ਸਾਹਾਂ ਨੇ ਤੇਜ਼ੀ ਫੜ ਲਈ ਸੀ। ਉਸ ਦੇ ਮੂੰਹੋਂ ਨਿਕਲਣ ਵਾਲੇ ਸ਼ਬਦ ਗੁੱਸੇ ਦੀ ਤਹਿ ਹੇਠਾਂ ਨੱਪੇ ਗਏ ਸਨ। ਇਕ ਵਾਰ ਉਸ ਦਾ ਜੀਅ ਕੀਤਾ ਕਿ ਉਹ ਮੁੜ ਕੇ ਆਪਣੀ ਭਰਜਾਈ ਦੇ ਸਿਰ ਵਿਚ ਜਾ ਕੇ ਇੱਟ ਮਾਰੇ। ਸੋਚਾਂ ਨਾਲ ਗੁੱਥਮ-ਗੁੱਥਾ ਹੁੰਦਾ ਉਹ ਡੇਰੇ ਦੇ ਬੂਹੇ ’ਤੇ ਆ ਗਿਆ ਸੀ। ਡੇਰੇ ਦੇ ਲੰਗਰ ਹਾਲ ਕੋਲ ਉਸ ਨੇ ਸਾਈਕਲ ਦਾ ਸਟੈਂਡ ਲਾ ਦਿੱਤਾ। ਨਾ ਤਾਂ ਉਸ ਨੇ ਹੈਂਡਲ ਨਾਲੋਂ ਪ੍ਰਸ਼ਾਦਿਆਂ ਵਾਲੇ ਝੋਲੇ ਲਾਹੇ ਤੇ ਨਾ ਹੀ ਸਾਈਕਲ ਦੇ ਕੈਰੀਅਰ ਤੋਂ ਦੁੱਧ ਵਾਲਾ ਢੋਲ ਲਾਹਿਆ। ਸਿੱਧਾ ਤਖ਼ਤਪੋਸ਼ ’ਤੇ ਬੈਠੇ ਸੰਤਾਂ ਦੇ ਪੈਰਾਂ ਕੋਲ ਜਾ ਬੈਠਾ। ‘‘ਬਾਬਾ ਜੀ, ਮੇਰਾ ਸਾਬ੍ਹ ਕਰ ਦਿਓ,’’ ਕਹਿ ਕੇ ਉਸ ਨੇ ਬੈਠਿਆਂ-ਬੈਠਿਆਂ ਆਪਣਾ ਚੋਲਾ ਲਾਹ ਕੇ ਸੰਤਾਂ ਦੇ ਪੈਰਾਂ ਕੋਲ ਰੱਖ ਦਿੱਤਾ ਤੇ ਉੱਚੀ-ਉੱਚੀ ਧਾਹਾਂ ਮਾਰ ਕੇ ਰੋ ਪਿਆ।

ਸੰਪਰਕ: 95010-12199


Comments Off on ਬਦਲਦੇ ਮੌਸਮ ਦਾ ਪ੍ਰਛਾਵਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.