ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਫੁੱਲਾਂ ਦੀ ਮਹਿਕ ਵਰਗੀ ਸ਼ਾਇਰੀ

Posted On September - 1 - 2019

ਸੁਲੱਖਣ ਸਰਹੱਦੀ

ਪਾਲ ਢਿੱਲੋਂ ਪ੍ਰਸਿੱਧ ਪੰਜਾਬੀ ਕਵੀ ਹੈ। ਉਸ ਦਾ ਪੰਜਾਬੀ ਗ਼ਜ਼ਲ ਵਿਚ ਜ਼ਿਕਰ ਹੁੰਦਾ ਹੈ। ‘ਮੰਜ਼ਿਲ ਦਾ ਤਰਜੁਮਾ’ (ਕੀਮਤ: 200 ਰੁਪਏ; ਚੇਤਨਾ ਪ੍ਰਕਾਸ਼ਨ, ਲੁਧਿਆਣਾ) ਉਸ ਦਾ ਛੇਵਾਂ ਗ਼ਜ਼ਲ ਸੰਗ੍ਰਹਿ ਹੈ। ਕੈਨੇਡਾ ਵਰਗੇ ਖੁਸ਼ਹਾਲ ਜੀਵਨ ਵਿਚ ਵੀ ਪਾਲ ਢਿੱਲੋਂ ਹਮੇਸ਼ਾ ਮਾਂ ਬੋਲੀ ਦੀ ਸਿਰਜਣਾਤਮਕ ਸੇਵਾ ਵਿਚ ਲੱਗਾ ਰਹਿੰਦਾ ਹੈ। ਗ਼ਜ਼ਲ ਉਸ ਦੇ ਸਾਹਾਂ ਵਿਚ ਸਮਾਈ ਹੋਈ ਵਿਧਾ ਹੈ। ਉਸ ਦੇ ਸ਼ਿਅਰਾਂ ਵਿਚ ਉਸ ਦੀ ਜ਼ਾਤੀ ਜ਼ਿੰਦਗੀ ਤੋਂ ਲੈ ਕੇ ਦੁਨੀਆਂ ਤਕ ਦਾ ਦਰਦ ਹੈ। ਉਸ ਦੇ ਹੁਣ ਤਕ ਦੇ ਸ਼ਾਇਰੀ ਦੇ ਸਫ਼ਰ ਵਿਚ ਬਹੁਤ ਅਹਿਮੀਅਤ ਨਾਲ ਉਹ ਸਫ਼ਰ ਦੇ ਮੀਲ ਪੱਥਰਾਂ ਨਾਲ ਗੁਫ਼ਤਗੂ ਕਰਦਾ ਰਿਹਾ ਹੈ। ਇਸ ਸੰਗ੍ਰਹਿ ਵਿਚ ਉਸ ਨੇ 85 ਗ਼ਜ਼ਲਾਂ ਸ਼ਾਮਿਲ ਕੀਤੀਆਂ ਹਨ। ਇਨ੍ਹਾਂ ਸਾਰੀਆਂ ਗ਼ਜ਼ਲਾਂ ਦਾ ਰੂਪਕ ਪੱਖ ਬਹੁਤ ਅਮੀਰ ਹੈ। ਉਸ ਦੇ ਸ਼ਿਅਰਾਂ ਵਿਚ ਜੀਵਨ ਦੀ ਮਹਿਕ ਹੈ, ਪਰ ਸਮਾਜਿਕ ਅਸੰਗਤੀਆਂ ਦਾ ਨਕਸ਼ਾ ਵੀ ਹੈ। ਉਹ ਜਾਣਦਾ ਹੈ ਕਿ ਏਨਾ ਹੁਸੀਨ ਜੀਵਨ ਦੁਬਾਰਾ ਨਹੀਂ ਮਿਲਣਾ, ਇਸੇ ਲਈ ਉਹ ਆਪਣੀ ਪਹਿਲੀ ਗ਼ਜ਼ਲ ਵਿਚ ਕੁਦਰਤ ਤੋਂ ਮੰਗ ਕਰਦਾ ਹੈ ਕਿ ਇਸ ਬੀਤ ਚੁੱਕੇ ਜੀਵਨ ਨਾਲ ਮੈਨੂੰ ਇਕ ਹੋਰ ਜੀਵਨ ਮਿਲੇ। ਉਹ ਬੜੇ ਭਾਵਪੂਰਤ ਸ਼ਿਅਰਾਂ ਦੀ ਘਾੜਤ ਘੜਨ ਵਾਲਾ ਸ਼ਾਇਰ ਹੈ। ਉਹ ਜ਼ਿੰਦਗੀ ਵਿਚ ਨਾਜ਼ੁਕ ਤੇ ਹਮਦਰਦੀ ਭਰਪੂਰ ਸੁਭਾਅ ਵਾਲੇ ਦੋਸਤਾਂ ਦੀ ਮੰਗ ਕਰਦਾ ਹੈ। ਉਹ ਕਿਸੇ ਵੀ ਸਮੱਸਿਆ ਜਾਂ ਮੰਗ ਨੂੰ ਸਿੱਧਿਓਂ ਸਿੱਧੇ ਨਹੀਂ ਉਭਾਰਦਾ ਸਗੋਂ ਗ਼ਜ਼ਲ ਵਿਚ ਪੇਸ਼ ਕਰਦਾ ਹੈ। ਪਾਲ ਢਿੱਲੋਂ ਦੀ ਗ਼ਜ਼ਲ ਖਿੜੇ ਫੁੱਲਾਂ ਦੀ ਮਹਿਕ ਹੁੰਦੀ ਹੈ, ਪਰ ਫੁੱਲਾਂ ਦੇ ਨਾਲ ਖਾਰਾਂ ਦੇ ਵੀ ਦਰਸ਼ਨ ਹੁੰਦੇ ਹਨ:
* ਰੱਖ ਲੈ ਤੂੰ ਬਾਜ਼ ਸ਼ਿਕਰੇ ਅਪਣੇ ਗਿਰਾਂ ’ਚ ਰੱਖ ਲੈ,
ਮੈਂ ਨਿਭ ਲਵਾਂਗਾ ਮੈਨੂੰ ਘੁੱਗੀਆਂ ਤੇ ਮੋਰ ਦੇ ਦੇ।
* ਮੇਰੇ ਕਰੀਬ ਸੱਜਣ ਮਹਿਫਿਲ ਸਜਾ ਕੇ ਬੈਠਣ,
ਮਰਨੇ ਦੇ ਬਾਅਦ ਮੌਲਾ ਏਦਾਂ ਦੀ ਗੋਰ ਦੇ ਦੇ।
ਉਹ ਮੀਲ ਪੱਥਰਾਂ ਨੂੰ ਮੰਜਿ਼ਲ ਦਾ ਤਰਜੁਮਾ ਕਹਿੰਦਾ ਹੈ ਕਿਉਂਕਿ ਬੀਤੇ ਤੋਂ ਹੀ ਮਨੁੱਖ ਭਵਿੱਖ ਦੀ ਤਸਵੀਰ ਤੇ ਤਾਸੀਰ ਹਾਸਲ ਕਰਦਾ ਹੈ:
* ਮੰਜ਼ਿਲ ਦਾ ਤਰਜੁਮਾ ਹੈ ਸੰਭਾਲ ਮੀਲ ਪੱਥਰ।
ਅਪਣੇ ਕਰੀਬ ਰੱਖੀਂ ਹਰ ਹਾਲ ਮੀਲ ਪੱਥਰ।
* ਕਿਹੜੀ ਦਿਸ਼ਾ ’ਚ ਮੰਜ਼ਿਲ? ਪਹਿਲਾਂ ਉਲੀਕ ਤੇ ਫਿਰ,
ਕਿਹੜੀ ਦਿਸ਼ਾ ਨੂੰ ਜਾਂਦੇ ਪੜਤਾਲ ਮੀਲ ਪੱਥਰ।
ਭਾਰਤ ਦੇਸ਼ ਦੀ ਰਾਜਨੀਤੀ ਬਾਰੇ ਉਹ ਲਿਖਦਾ ਹੈ:
* ਨਚਾਵੇ ਦੇਸ਼ ਨੂੰ ਅਪਣੇ ਇਸ਼ਾਰੇ ’ਤੇ ਇਹ ਅੱਜ ਕੱਲ੍ਹ,
ਮਦਾਰੀ ਬਣ ਗਏ ਨੇਤਾ ਇਨ੍ਹਾਂ ਹੱਥ ਡੁਗਡੁਗੀ ਹੈ।
ਪਾਲ ਢਿੱਲੋਂ ਵਰਗੇ ਸ਼ਿਅਰਕਾਰ ਹੀ ਪੰਜਾਬੀ ਗ਼ਜ਼ਲ ਦੀ ਆਕਸੀਜਨ ਹਨ ਜਿਨ੍ਹਾਂ ਕੋਲ ਰਾਹਾਂ ਦਾ ਤਜਰਬਾ ਅਤੇ ਮੰਜ਼ਿਲਾਂ ਪ੍ਰਤੀ ਸੁਹਿਰਦਤਾ ਹੈ।
ਸੰਪਰਕ: 94174-84337


Comments Off on ਫੁੱਲਾਂ ਦੀ ਮਹਿਕ ਵਰਗੀ ਸ਼ਾਇਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.