ਗੁਰੂ ਨਾਨਕ ਚਿੰਤਨਧਾਰਾ ਵਿਚ ਕਿਰਤ ਦਾ ਸੰਕਲਪ !    ਚੜਿਆ ਸੋਧਣਿ ਧਰਿਤੀ ਲੁਕਾਈ !    ਅਫ਼ਗਾਨ ਚੋਣਾਂ: ਵੋਟਾਂ ਦੀ ਗਿਣਤੀ ਮੁੜ ਸ਼ੁਰੂ !    ਹਾਂਗਕਾਂਗ ’ਚ ਪੁਲੀਸ ਨੇ ਪ੍ਰਦਰਸ਼ਨਕਾਰੀ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦੋ ਦਹਿਸ਼ਤਗਰਦ ਹਲਾਕ !    ਚੱਕਰਵਾਤੀ ਤੂਫ਼ਾਨ: ਮਮਤਾ ਵੱਲੋਂ ਮ੍ਰਿਤਕਾਂ ਦੇ ਵਾਰਿਸਾਂ ਦੀ ਮਾਲੀ ਮਦਦ !    ਕਰਨਾਟਕ ਦੇ ਅਯੋਗ ਵਿਧਾਇਕਾਂ ਦੀ ਅਰਜ਼ੀ ’ਤੇ ਫ਼ੈਸਲਾ ਭਲਕੇ !    ਭਾਸ਼ਾ ਵਿਭਾਗ ਲਈ ਸੁਲਤਾਨਪੁਰ ਲੋਧੀ ਤੇ ਡੇਰਾ ਬਾਬਾ ਨਾਨਕ ਕੋਹਾਂ ਦੂਰ !    ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ‘ਬਾਬਾ ਨਾਨਕ 550 ਸਰਵੋਤਮ ਟਰਾਫ਼ੀ’ ਜਿੱਤੀ !    ਹਰਿਆਣਾ ਤੇ ਹਿਮਾਚਲ ਦੇ ਮੁੱਖ ਮੰਤਰੀ ਬੇਰ ਸਾਹਿਬ ਨਤਮਸਤਕ !    

ਪੱਤਰਕਾਰਾਂ ’ਤੇ ਨਿਸ਼ਾਨਾ

Posted On September - 10 - 2019

ਦੇਸ਼ ਵਿਚ ਜਾਤੀਵਾਦ ਨਾਲ ਜੁੜੀਆਂ ਸਮੱਸਿਆਵਾਂ ਫਿਰ ਉੱਭਰ ਰਹੀਆਂ ਹਨ। ਉੱਤਰ ਪ੍ਰਦੇਸ਼ ਵਿਚ ਬਿਜਨੌਰ ਜ਼ਿਲ੍ਹੇ ਦੇ ਪਿੰਡ ਤਿੱਤਰਵਾਲਾ ਬਸੀ ਵਿਚ ਇਕ ਵਾਲਮੀਕ ਪਰਿਵਾਰ ਨੂੰ ਪਾਣੀ ਭਰਨ ਤੋਂ ਮਨ੍ਹਾ ਕਰਨ ਤੋਂ ਬਾਅਦ ਪਿੰਡ ਵਿਚ ਜਾਤੀਵਾਦੀ ਤਣਾਓ ਵਧਿਆ। ਸਥਾਨਕ ਪੱਤਰਕਾਰਾਂ ਨੇ ਉਸ ਪਿੰਡ ਬਾਰੇ ਖ਼ਬਰ ਦਿੰਦਿਆਂ ਵਾਲਮੀਕੀ ਪਰਿਵਾਰ ਦੇ ਘਰ ਉੱਤੇ ਇਹ ਲਿਖਿਆ ਦਿਖਾਇਆ ਕਿ ਉਹ ਘਰ ਵਿਕਾਊ ਹੈ। ਪੁਲੀਸ ਨੇ 2 ਪੱਤਰਕਾਰਾਂ ਅਸ਼ੀਸ਼ ਤੋਮਰ, ਸ਼ਕੀਲ ਅਹਿਮਦ ਅਤੇ ਤਿੰਨ ਹੋਰਨਾਂ ਵਿਰੁੱਧ ਤਾਜ਼ੀਰਾਤੇ ਹਿੰਦ ਦੀ ਧਾਰਾ 353-ਏ, 268 ਅਤੇ 503 ਅਤੇ ਆਈਟੀ ਐਕਟ ਦੀ ਧਾਰਾ 66-ਏ ਦੇ ਤਹਿਤ ਕੇਸ ਦਰਜ ਕੀਤਾ। ਪੁਲੀਸ ਅਨੁਸਾਰ ਉਨ੍ਹਾਂ ਨੂੰ ਇਹ ਸ਼ਿਕਾਇਤ ਮਿਲੀ ਹੈ ਕਿ ਪੱਤਰਕਾਰਾਂ ਨੇ ਖ਼ੁਦ ਉਸ ਘਰ ਉੱਤੇ ਇਹ ਇਬਾਰਤ ਲਿਖ ਕੇ ਫਰਜ਼ੀ ਖ਼ਬਰ ਬਣਾਈ। ਪੱਤਰਕਾਰਾਂ ਨੇ ਮੀਟਿੰਗ ਕਰਕੇ ਪੁਲੀਸ ਉੱਤੇ ਦੋਸ਼ ਲਾਇਆ ਕਿ ਉਨ੍ਹਾਂ ਦੁਆਰਾ ਦਿੱਤੀ ਗਈ ਖ਼ਬਰ ਬਿਲਕੁਲ ਸੱਚੀ ਹੈ ਅਤੇ ਪੁਲੀਸ ਜਾਣ-ਬੁੱਝ ਕੇ ਖ਼ਬਰ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਫਰਜ਼ੀ ਖ਼ਬਰਾਂ ਬਣਾਉਣਾ ਇਹੋ ਜਿਹਾ ਗ਼ਲਤ ਰੁਝਾਨ ਹੈ ਜਿਸ ਉੱਤੇ ਕਾਬੂ ਪਾਇਆ ਜਾਣਾ ਚਾਹੀਦਾ ਹੈ ਪਰ ਇਹ ਜ਼ਰੂਰੀ ਨਹੀਂ ਕਿ ਜੋ ਪੱਖ ਪੁਲੀਸ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ, ਉਹ ਠੀਕ ਹੋਵੇ। ਪੱਤਰਕਾਰਾਂ ਅਨੁਸਾਰ ਪੁਲੀਸ ਨੇ ਗ਼ਰੀਬ ਦਲਿਤ ਪਰਿਵਾਰ ਉੱਤੇ ਦਬਾਓ ਪਾ ਕੇ ਉਨ੍ਹਾਂ ਨੂੰ ਉਹ ਬਿਆਨ ਦੇਣ ਤੋਂ ਮਨ੍ਹਾ ਕੀਤਾ ਹੈ ਜੋ ਉਨ੍ਹਾਂ ਨੇ ਪੱਤਰਕਾਰਾਂ ਨੂੰ ਦਿੱਤੇ ਸਨ। ਪੱਤਰਕਾਰਾਂ ਨੇ ਕਿਹਾ ਕਿ ਉਨ੍ਹਾਂ ਕੋਲ ਪੀੜਤ ਪਰਿਵਾਰਾਂ ਦੇ ਬਿਆਨਾਂ ਦੀ ਰਿਕਾਰਡਿੰਗ ਮੌਜੂਦ ਹੈ। ਕੁਝ ਦਿਨ ਪਹਿਲਾਂ ਮਿਰਜ਼ਾਪੁਰ ਜ਼ਿਲ੍ਹੇ ਵਿਚ ਇਕ ਸਕੂਲ ਵਿਚ ਦੁਪਹਿਰ ਵੇਲ਼ੇ ਵਿਦਿਆਰਥੀਆਂ ਨੂੰ ਰੋਟੀ ਨਮਕ ਨਾਲ ਦੇਣ ਦੀ ਖ਼ਬਰ ਛਾਪਣ ਦੇ ਮਾਮਲੇ ਵਿਚ ਪੱਤਰਕਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਆਜ਼ਮਗੜ੍ਹ ਜ਼ਿਲ੍ਹੇ ਦੇ ਸਰਕਾਰੀ ਸਕੂਲ ਵਿਚ ਬੱਚਿਆਂ ਤੋਂ ਝਾੜੂ ਲੁਆਉਣ ਦੇ ਮਾਮਲੇ ਵਿਚ ਖ਼ਬਰ ਦੇਣ ਸਬੰਧੀ ਪੱਤਰਕਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਖ਼ਬਰਾਂ ਅਨੁਸਾਰ ਪੁਲੀਸ ਇਸ ਪੱਤਰਕਾਰ ਤੋਂ ਨਾਰਾਜ਼ ਸੀ ਕਿਉਂਕਿ ਉਸ ਨੇ ਪੁਲੀਸ ਇੰਸਪੈਕਟਰ ਦੁਆਰਾ ਫਰਜ਼ੀ ਨੰਬਰ ’ਤੇ ਸਕਾਰਪੀਓ ਗੱਡੀ ਰੱਖਣ ਬਾਰੇ ਖ਼ਬਰ ਦਿੱਤੀ ਸੀ।
ਉੱਤਰ ਪ੍ਰਦੇਸ਼ ਵਿਚ ਅਮਨ-ਕਾਨੂੰਨ ਦੀ ਸਥਿਤੀ ਬੜੀ ਨਾਜ਼ੁਕ ਹੈ। ਹਜੂਮੀ ਹਿੰਸਾ ਦੀਆਂ ਜ਼ਿਆਦਾ ਘਟਨਾਵਾਂ ਇਸੇ ਪ੍ਰਦੇਸ਼ ਵਿਚ ਹੋਈਆਂ ਅਤੇ ਪੁਲੀਸ ਆਪਣੀ ਖਰਾਬ ਕਾਰਗੁਜ਼ਾਰੀ ਨੂੰ ਛੁਪਾਉਣ ਲਈ ਪੱਤਰਕਾਰਾਂ ਉੱਤੇ ਨਿਸ਼ਾਨਾ ਸਾਧ ਰਹੀ ਹੈ। ਪ੍ਰਸ਼ਾਸਨ ਵੀ ਪੁਲੀਸ ਦੀ ਸਹਾਇਤਾ ਕਰਦਾ ਵਿਖਾਈ ਦਿੰਦਾ ਹੈ। ਉਦਾਹਰਨ ਵਜੋਂ ਬਿਜਨੌਰ ਵਾਲੀ ਘਟਨਾ ਦੀ ਮੈਜਿਸਟ੍ਰੇਟ ਦੁਆਰਾ ਕੀਤੀ ਗਈ ਜਾਂਚ ਵਿਚ ਪੱਤਰਕਾਰਾਂ ਉੱਤੇ ਝੂਠੀਆਂ ਤੇ ਫਰਜ਼ੀ ਖ਼ਬਰਾਂ ਫੈਲਾਉਣ ਦਾ ਦੋਸ਼ ਲਗਾਇਆ ਗਿਆ। ਬਾਅਦ ਵਿਚ ਜਦ ਹੋਰ ਪੱਤਰਕਾਰਾਂ ਨੇ ਪਿੰਡ ਦਾ ਦੌਰਾ ਕੀਤਾ ਤਾਂ ਲੋਕੇਸ਼ ਦੇਵੀ, ਜਿਸ ਦੀ ਸ਼ਿਕਾਇਤ ’ਤੇ ਪੱਤਰਕਾਰਾਂ ਵਿਰੁੱਧ ਕੇਸ ਦਰਜ ਕੀਤਾ ਗਿਆ, ਨੇ ਦੱਸਿਆ ਕਿ ਉਸ ਨੇ ਇਹ ਸ਼ਿਕਾਇਤ ਪੁਲੀਸ ਦੇ ਦਬਾਓ ਵਿਚ ਆ ਕੇ ਕੀਤੀ ਸੀ। ਲੋਕੇਸ਼ ਦੇਵੀ ਅਨੁਸਾਰ 19 ਅਗਸਤ ਨੂੰ ਉਨ੍ਹਾਂ ’ਤੇ ਹਮਲਾ ਕੀਤਾ ਗਿਆ ਜਿਸ ਵਿਚ ਉਹਦੀ ਧੀ ਦੇ ਕੱਪੜੇ ਪਾੜ ਦਿੱਤੇ ਗਏ। ਪੁਲੀਸ ਨੇ ਕੁਝ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਪਰ ਉਨ੍ਹਾਂ ਨੂੰ 24 ਘੰਟਿਆਂ ਦੇ ਵਿਚ ਵਿਚ ਛੱਡ ਦਿੱਤਾ ਗਿਆ। ਲੋਕੇਸ਼ ਦੇਵੀ ਨੇ ਦੋਸ਼ ਲਾਇਆ ਕਿ ਜਿਨ੍ਹਾਂ ਨੇ ਉਸ ਦੀ ਧੀ ਦੀ ਬੇਪਤੀ ਕੀਤੀ, ਉਹ ਪਿੰਡ ਵਿਚ ਆਜ਼ਾਦ ਘੁੰਮ ਰਹੇ ਸਨ/ਹਨ। ਇਸ ਤੋਂ ਬਾਅਦ ਉਸ ਨੇ ਪਿੰਡ ਛੱਡਣ ਦਾ ਫ਼ੈਸਲਾ ਕਰਕੇ ਘਰ ਦੀ ਬਾਹਰਲੀ ਕੰਧ ’ਤੇ ਘਰ ਦੇ ਵਿਕਾਊ ਹੋਣ ਬਾਰੇ ਲਿਖਿਆ। ਪ੍ਰਾਂਤ ਦੇ ਮੁੱਖ ਮੰਤਰੀ ਵੱਲੋਂ ਅਮਨ-ਕਾਨੂੰਨ ਦੀ ਹਾਲਤ ਸੁਧਾਰਨ ਦੀਆਂ ਡੀਂਗਾਂ ਮਾਰਨ ਦੇ ਬਾਵਜੂਦ ਦਲਿਤ ਅਤੇ ਘੱਟਗਿਣਤੀ ਫ਼ਿਰਕੇ ਨਾਲ ਸਬੰਧਤ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪੱਤਰਕਾਰਾਂ ’ਤੇ ਬੰਦਿਸ਼ਾਂ ਵਧ ਰਹੀਆਂ ਹਨ ਤੇ ਉਨ੍ਹਾਂ ਨੂੰ ਡਰਾਇਆ-ਧਮਕਾਇਆ ਜਾ ਰਿਹਾ ਹੈ। ਉੱਤਰ ਪ੍ਰਦੇਸ਼ ਵਿਚ ਵਿਰੋਧੀ ਧਿਰ ਬਿਲਕੁਲ ਬਿਖਰੀ ਹੋਈ ਹੈ ਅਤੇ ਲੋਕਾਂ ਦੀ ਆਵਾਜ਼ ਉਠਾਉਣ ਵਾਲੀਆਂ ਸ਼ਕਤੀਆਂ ਵਿਚ ਕੋਈ ਏਕਾ ਨਹੀਂ। ਪ੍ਰਦੇਸ਼ ਦੇ ਸਿਆਸੀ ਆਗੂ, ਜਿਨ੍ਹਾਂ ਦਾ ਸਬੰਧ ਪਛੜੀਆਂ ਅਤੇ ਦਲਿਤ ਜਾਤੀਆਂ ਨਾਲ ਹੈ, ਆਪਣੀ ਜਾਤੀ ਹਉਮੈ ਦੇ ਕਾਰਨ ਇਕੱਠੇ ਨਹੀਂ ਹੋ ਪਾ ਰਹੇ ਤੇ ਇਸੇ ਕਾਰਨ ਸਮਾਜ ਦੇ ਤਾਕਤਵਰ ਲੋਕ ਪੁਲੀਸ ਤੇ ਪ੍ਰਸ਼ਾਸਨ ਦੀ ਮਦਦ ਨਾਲ ਦੱਬੇ-ਕੁਚਲੇ ਲੋਕਾਂ ਦਾ ਦਮਨ ਕਰ ਰਹੇ ਹਨ।


Comments Off on ਪੱਤਰਕਾਰਾਂ ’ਤੇ ਨਿਸ਼ਾਨਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.