ਕਰੋਨਾ ਪੀੜਤ ਪਾਇਲਟ ਨੇ ਭਰੀ ਉਡਾਰੀ, ਜਹਾਜ਼ ਅੱਧ ਰਾਹ ’ਚੋਂ ਮੁੜਿਆ !    ਸੀਬੀਆਈ ਦਾ ਪਟਿਆਲਾ ’ਚ ਛਾਪਾ, ਮੁਲਜ਼ਮ ਗਸ਼ ਖਾ ਕੇ ਡਿੱਗਿਆ !    ਮੋਦੀ ਸਰਕਾਰ ਨੇ ਦੇਸ਼ ਦਾ ਬੇੜਾ ਗਰਕ ਕਰ ਦਿੱਤਾ: ਕਾਂਗਰਸ !    ਪਿੰਡ ਕਾਲਬੰਜਾਰਾ ਸੀਲ, ਲੋਕਾਂ ਦੇ ਕਰੋਨਾ ਨਮੂਨੇ ਲਏ !    ਸਮਰਾਲਾ ਦੇ ਪਿੰਡ ਨੌਲੜੀ ਕਲਾਂ 'ਚ ਭੈਣ-ਭਰਾ ਨੇ ਖ਼ੁਦਕੁਸ਼ੀ ਕੀਤੀ !    ਫੋਰਬਸ: ਸਾਲ 2020 ਵਿੱਚ ਕੋਹਲੀ ’ਤੇ ਵਰ੍ਹਿਆ ਡਾਲਰਾਂ ਦਾ ਮੀਂਹ, 100ਵੇਂ ਤੋਂ 66ਵੇਂ ਸਥਾਨ ’ਤੇ !    ਵੈਸਟ ਇੰਡੀਜ਼ ਕ੍ਰਿਕਟ ਟੀਮ ਨੂੰ ਇੰਗਲੈਂਡ ਦੌਰੇ ਦੀ ਇਜਾਜ਼ਤ !    ਕਰੋਨਾ ਰੋਕੂ ਦਵਾਈ ਵੇਚਣ ਲਈ ਅਮਰੀਕੀ ਕੰਪਨੀ ਨੇ ਭਾਰਤ ਦਾ ਦਰ ਖੜਕਾਇਆ !    ਕਰੋਨਾ ਖ਼ਿਲਾਫ਼ ਲੜਾਈ ਲੰਮੀ, ਸਬਰ ਤੇ ਜੋਸ਼ ਬਰਕਰਾਰ ਰੱਖੋ: ਮੋਦੀ !    ਵਾਦੀ ਵਿੱਚ ਦੋ ਅਤਿਵਾਦੀ ਹਲਾਕ !    

ਪੰਜਾ ਸਾਹਿਬ ਦਾ ਸ਼ਹੀਦੀ ਸਾਕਾ

Posted On September - 25 - 2019

ਸੁਖਵਿੰਦਰ ਸਿੰਘ ਮੁੱਲਾਂਪੁਰ
ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਗੁਰਦੁਆਰਿਆਂ ਵਿਚ ਮਸੰਦਾਂ ਨੇ ਪੈਰ ਜਮਾਉਣੇ ਸ਼ੁਰੂ ਕਰ ਦਿੱਤੇ। ਧਿਆਨ ਸਿੰਘ ਡੋਗਰ ਅਤੇ ਉਸ ਦੇ ਭੇਖਧਾਰੀ ਸਿੱਖ ਭਰਾਵਾਂ ਨੇ ਜੰਮੂ ਤੋਂ ਡੋਗਰੇ ਲਿਆ ਕੇ ਉਨ੍ਹਾਂ ਨੂੰ ਗੁਰਦੁਆਰਿਆਂ ਦਾ ਪ੍ਰਬੰਧ ਚਲਾਉਣ ਲਈ ਗੁਰਦੁਆਰਿਆਂ ਵਿਚ ਬਿਠਾ ਦਿੱਤਾ। ਉਨ੍ਹਾਂ ਬੰਦਿਆਂ ਨੂੰ ਹੀ ਪੁਜਾਰੀ ਜਾਂ ਮਸੰਦਾਂ ਦਾ ਨਾਂ ਦਿੱਤਾ ਗਿਆ। ਇਨ੍ਹਾਂ ਨੇ ਗੁਰਦੁਆਰਿਆਂ ਦਾ ਪੂਜਾ ਧਾਨ ਖਾਣਾ ਤੇ ਗੁਰਦੁਆਰਿਆਂ ਦੀ ਬੇਅਦਬੀ ਕਰਨੀ ਸ਼ੁਰੂ ਕਰ ਦਿੱਤੀ।
ਅੰਮ੍ਰਿਤਸਰ ਤੋਂ 13 ਕਿਲੋਮੀਟਰ ਦੀ ਦੂਰੀ ’ਤੇ ਘੁੱਕੇਵਾਲੀ ਵਿਚ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਥਾਪਿਤ ਹੈ। ਇਸ ਗੁਰਦੁਆਰੇ ਨੂੰ ਕਾਫੀ ਜ਼ਮੀਨ ਮਿਲੀ ਹੋਈ ਹੈ, ਜੋ ‘ਗੁਰੂ ਕਾ ਬਾਗ਼’ ਅਖਵਾਉਂਂਦੀ ਹੈ।
‘ਗੁਰੂ ਕਾ ਬਾਗ਼’ ਦਾ ਪ੍ਰਬੰਧ ਮਹੰਤ ਸੁੰਦਰ ਦਾਸ ਦੇ ਕਬਜ਼ੇ ਵਿਚ ਸੀ, ਜਿਸ ਨੇ ਉਥੇ ਬਿਨਾਂ ਵਿਆਹ ਤੋਂ ਇੱਕ ਔਰਤ ਰੱਖੀ ਹੋਈ ਸੀ ਅਤੇ ਗੁਰਦੁਆਰੇ ਦੀ ਮਰਿਆਦਾ ਨੂੰ ਵੀ ਸਹੀ ਢੰਗ ਨਾਲ ਨਹੀਂ ਨਿਭਾਅ ਰਿਹਾ ਸੀ। ਇਹ ਸਭ ਕੁਝ ਇਲਾਕੇ ਦੀ ਸੰਗਤ ਨੂੰ ਮਨਜ਼ੂਰ ਨਹੀਂ ਸੀ। ਇਹ ਗੱਲ ਉਨ੍ਹਾਂ ਸ਼੍ਰੋਮਣੀ ਕਮੇਟੀ ਕੋਲ ਕੀਤੀ। ਸ਼੍ਰੋਮਣੀ ਕਮੇਟੀ ਨੇ ਪ੍ਰਬੰਧਾਂ ਵਿਚ ਸੁਧਾਰ ਲਿਆਉਣ ਲਈ ਦਾਨ ਸਿੰਘ ਵਿਛੋਆ ਦੀ ਡਿਊਟੀ ਲਾ ਦਿੱਤੀ। ਦਾਨ ਸਿੰਘ ਵਿਛੋਆ ਦੇ ਕਹਿਣ ’ਤੇ ਮਹੰਤ ਸੁੰਦਰ ਦਾਸ ਨੇ ਈਸ਼ਰੀ ਨਾਂ ਦੀ ਔਰਤ ਨਾਲ ਵਿਆਹ ਕਰਵਾ ਲਿਆ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅੰਮ੍ਰਿਤ ਛਕ ਕੇ ਗੁਰਦੁਆਰੇ ਦੀ ਮਰਿਆਦਾ ਨੂੰ ਠੀਕ ਢੰਗ ਨਾਲ ਚਲਾਉਣ ਲੱਗ ਪਿਆ।
21 ਫ਼ਰਵਰੀ 1921 ਈਃ ਨੂੰ ਸਿੱਖਾਂ ਨੇ ਸ਼ਹੀਦੀਆਂ ਪ੍ਰਾਪਤ ਕਰਕੇ ਨਨਕਾਣਾ ਸਾਹਿਬ ਦਾ ਕਬਜ਼ਾ ਲੈ ਲਿਆ ਸੀ। ਉਸ ਵੇਲੇ ਮਹੰਤ ਸੁੰਦਰ ਦਾਸ ਨੂੰ ਵੀ ਆਪਣਾ ਫਿਕਰ ਪੈ ਗਿਆ। ਉਸ ਨੇ ਸ਼੍ਰੋਮਣੀ ਕਮੇਟੀ ਨਾਲ ਸਮਝੌਤਾ ਕਰ ਲਿਆ। ਕਮੇਟੀ ਨੇ ਮਹੰਤ ਸੁੰਦਰ ਦਾਸ ਨੂੰ 120 ਰੁਪਏ ਮਹੀਨਾ ਦੇਣਾ ਮੰਨ ਲਿਆ ਅਤੇ ਅੰਮ੍ਰਿਤਸਰ ਵਿਚ ਰਹਿਣ ਲਈ ਇੱਕ ਮਕਾਨ ਮੁੱਲ ਲੈ ਕੇ ਦੇ ਦਿੱਤਾ। ਗੁਰਦੁਆਰੇ ਦਾ ਪ੍ਰਬੰਧ ਕਮੇਟੀ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ। ਪਰ ਅੰਗਰੇਜ਼ ਸਰਕਾਰ ਦੀ ਸ਼ਹਿ ’ਤੇ ਮਹੰਤ ਨੇ ਫਿਰ ਗੁਰਦੁਆਰੇ ਦਾ ਪ੍ਰਬੰਧ ਆਪਣੇ ਕਬਜ਼ੇ ਵਿਚ ਲੈਣ ਲਈ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ।
8 ਅਗਸਤ, 1922 ਨੂੰ 5 ਸਿੰਘਾਂ ਦਾ ਜਥਾ ਲੰਗਰ ਲਈ ਲੱਕੜਾਂ ਕੱਟਣ ਲਈ ਗੁਰੂ ਕਾ ਬਾਗ਼ ਚਲਾ ਗਿਆ। ਮਹੰਤ ਸੁੰਦਰ ਦਾਸ ਨੇ ਇਹ ਖ਼ਬਰ ਪੁਲੀਸ ਨੂੰ ਦੇ ਦਿੱਤੀ। ਉਨ੍ਹਾਂ ਨੇ 9 ਅਗਸਤ ਨੂੰ ਪੰਜੇ ਸਿੰਘਾਂ ਨੂੰ ਗ੍ਰਿਫ਼ਤਾਰ ਕਰ ਲਿਆ। 10 ਤਾਰੀਖ ਨੂੰ ਸਿੰਘਾਂ ਨੂੰ ਛੇ-ਛੇ ਮਹੀਨੇ ਦੀ ਸਜ਼ਾ ਅਤੇ ਜੁਰਮਾਨਾ ਸੁਣਾ ਦਿੱਤਾ।
ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਮਿਸਟਰ ਡੰਟ ਨੇ ਸਰਕਾਰੀ ਹਦਾਇਤਾਂ ਅਨੁਸਾਰ 22 ਅਗਸਤ ਤੋਂ ਸਿੱਖਾਂ ਦੀਆਂ ਗ੍ਰਿਫ਼ਤਾਰੀਆਂ ਸ਼ੁਰੂ ਕਰ ਦਿੱਤੀਆਂ। 25 ਅਗਸਤ ਤੋਂ ਸਿੱਖਾਂ ’ਤੇ ਤਸ਼ੱਦਦ ਢਾਹੁਣਾ ਸ਼ੁਰੂ ਕਰ ਦਿੱਤਾ ਗਿਆ।
26 ਅਗਸਤ 1922 ਨੂੰ ਅਕਾਲ ਤਖ਼ਤ ਸਾਹਿਬ ’ਤੇ ਮੀਟਿੰਗ ਕਰ ਰਹੀ ਅੰਤਰਿੰਗ ਕਮੇਟੀ ਦੇ ਆਗੂ ਭਗਤ ਜਸਵੰਤ ਸਿੰਘ (ਜਨਰਲ ਸਕੱਤਰ), ਮਹਿਤਾਬ ਸਿੰਘ (ਪ੍ਰਧਾਨ), ਪ੍ਰੋ. ਸਾਹਿਬ ਸਿੰਘ (ਮੀਤ ਸਕੱਤਰ), ਸਰਮੁਖ ਸਿੰਘ ਝਬਾਲ (ਪ੍ਰਧਾਨ, ਅਕਾਲੀ ਦਲ), ਬਾਬਾ ਕੇਹਰ ਸਿੰਘ ਪੱਟੀ, ਮਾਸਟਰ ਤਾਰਾ ਸਿੰਘ ਤੇ ਰਵੇਲ ਸਿੰਘ ਨੂੰ ਡੀਸੀ ਨੇ ਵਾਰੰਟ ਜਾਰੀ ਕਰ ਕੇ ਸਾਰੇ ਗ੍ਰਿਫ਼ਤਾਰ ਕਰ ਲਏ। ਸਰਕਾਰ ਨਨਕਾਣਾ ਸਾਹਿਬ ਦੇ ਸਾਕੇ ਵੇਲੇ ਸਿੱਖਾਂ ਦੇ ਦਲੇਰੀ ਭਰੇ ਕਾਰਨਾਮੇ ਦੇਖ ਚੁੱਕੀ ਸੀ, ਹੁਣ ਉਹ ਸਿੱਖਾਂ ਦੀ ਲਹਿਰ ਨੂੰ ਸਖ਼ਤੀ ਨਾਲ ਦਬਾਉਣਾ ਚਾਹੁੰਦੀ ਸੀ ਪਰ ਸਰਕਾਰ ਦੀ ਸਖਤੀ ਦਾ ਸਿੱਖਾਂ ’ਤੇ ਕੋਈ ਅਸਰ ਨਾ ਪਿਆ।
30 ਅਗਸਤ ਨੂੰ 60 ਕੁ ਸਿੰੰਘਾਂ ਦਾ ਜਥਾ ‘ਗੁਰੂ ਕਾ ਬਾਗ਼’ ਨੂੰ ਰਵਾਨਾ ਹੋਇਆ। ਜਥੇ ਨੂੰ ਰਸਤੇ ਵਿਚ ਹੀ ਰਾਤ ਕੱਟਣੀ ਪਈ ਪਰ ਪੁਲੀਸ ਨੇ ਸੁੱਤੇ ਪਏ ਜਥੇ ’ਤੇ ਡਾਂਗਾਂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਫਿਰ ਇਹ ਮੋਰਚਾ ਅਕਾਲ ਤਖ਼ਤ ਸਾਹਿਬ ਤੋਂ ਸ਼ੁਰੂ ਕਰ ਦਿੱਤਾ ਗਿਆ। 31 ਅਗਸਤ ਤੋਂ ਹਰ ਰੋਜ਼ 100 ਸਿੰਘਾਂ ਦਾ ਜਥਾ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰ ਕੇ ਤੁਰਦਾ। ਜਥੇ ਨੂੰ ਤੁਰਨ ਵੇਲੇ ਇਹ ਕਿਹਾ ਜਾਂਦਾ ਕਿ ਭਾਵੇਂ ਸਰਕਾਰ ਵੱਲੋਂ ਤਸ਼ੱਦਦ ਢਾਹੇ ਜਾਣ, ਪਰ ਉਹ ਸ਼ਾਂਤ ਹੀ ਰਹਿਣਗੇ।
30 ਅਕਤੂਬਰ 1922 ਨੂੰ ਸਰਕਾਰ ਨੇ ਇੱਕ ਕੈਦੀ ਜਥੇ ਨੂੰ ਰੇਲ ਗੱਡੀ ਰਾਹੀਂ ਅਟਕ ਜ੍ਹੇਲ ਭੇਜਣ ਦੀ ਤਿਆਰੀ ਕਰ ਲਈ। ਜਦ ਹਸਨ ਅਬਦਲ ਵਿਚ ਸਿੱਖਾਂ ਨੂੰ ਪਤਾ ਲੱਗਾ ਕਿ ਸਿੱਖ ਕੈਦੀ ਜਥੇ ਦੀ ਭਰੀ ਗੱਡੀ ਆ ਰਹੀ ਹੈ ਅਤੇ ਉਸ ਨੇ ਗੁਰਦੁਆਰਾ ਪੰਜਾ ਸਾਹਿਬ ਕੋਲੋਂ ਲੰਘ ਕੇ ਅਟਕ ਜ੍ਹੇਲ ਜਾਣਾ ਹੈ ਤਾਂ ਉਨ੍ਹਾਂ ਨੇ ਲੰਗਰ-ਪਾਣੀ ਦਾ ਪ੍ਬੰਧ ਕਰ ਕੇ ਸ਼ਟੇਸ਼ਨ ’ਤੇ ਲੈ ਆਂਦਾ।
ਗੁਰਦੁਆਰਾ ਪੰਜਾ ਸਾਹਿਬ ਦੀ ਕਮੇਟੀ ਅਤੇ ਸਿੱਖਾਂ ਨੇ ਸਟੇਸ਼ਨ ਮਾਸਟਰ ਨੂੰ ਸਟੇਸ਼ਨ ’ਤੇ ਗੱਡੀ ਰੋਕਣ ਲਈ ਕਿਹਾ। ਸਟੇਸ਼ਨ ਮਾਸਟਰ ਨੇ ਗੱਡੀ ਰੋਕਣ ਤੋਂ ਇਹ ਕਹਿ ਕੇ ਮਨ੍ਹਾ ਕਰ ਦਿੱਤਾ ਕਿ ਟਾਈਮ ਟੇਬਲ ਵਿਚ ਗੱਡੀ ਰੁਕਣ ਦਾ ਸਮਾਂ ਦਰਜ ਨਹੀਂ ਹੈ। ਸਿੱਖਾਂ ਨੇ ਸਟੇਸ਼ਨ ਮਾਸਟਰ ਨੂੰ ਕਿਹਾ ਕਿ ਉਹ ਗੱਡੀ ਵਿਚ ਆ ਰਹੀ ਸੰਗਤ ਨੂੰ ਪ੍ਰਸ਼ਾਦਾ ਜ਼ਰੂਰ ਛਕਾਉਣਗੇ ਭਾਵੇਂ ਉਨ੍ਹਾਂ ਨੂੰ ਰੇਲ ਦੀ ਲੀਹ ’ਤੇ ਬੈਠ ਕੇ ਸ਼ਹੀਦੀਆਂ ਦੇਣੀਆਂ ਪੈਣ।
ਜਦ ਗੱਡੀ ਆਉਂਦੀ ਦਿਸੀ ਤਾਂ ਸੰਗਤ ਨੇ ਰੇਲ ਪਟੜੀ ’ਤੇ ਬੈਠਣਾ ਸ਼ੁਰੂ ਕਰ ਦਿੱਤਾ। ਗੱਡੀ ਆਪਣੀ ਰਫ਼ਤਾਰ ਤੋਂ ਹੌਲੀ ਤਾਂ ਹੋ ਗਈ ਪਰ ਸੰਗਤ ਨੂੰ ਲਿਤਾੜ ਕੇ ਅੱਗੇ ਜਾ ਕੇ ਰੁੱਕੀ। ਇਸ ਖੂਨੀ ਸਾਕੇ ਵਿਚ 11 ਸਿੰਘ ਮੌਕੇ ’ਤੇ ਸ਼ਹੀਦ ਹੋ ਗਏ। ਪ੍ਰਤਾਪ ਸਿੰਘ ਤੇ ਸਰਦਾਰ ਕਰਮ ਸਿੰਘ ਬੁਰੀ ਤਰ੍ਹਾਂ ਜਖ਼ਮੀ ਹੋ ਗਏ, ਜੋ ਹਸਪਤਾਲ ਜਾ ਕੇ ਦੂਸਰੇ ਦਿਨ ਦਮ ਤੋੜ ਗਏ। ਮਗਰੋਂ ਸੰਗਤ ਨੇ ਕੈਦੀ ਸਿੰਘਾਂ ਨੂੰ ਪ੍ਰਸ਼ਾਦਾ ਛਕਾਇਆ ਤੇ ਫਿਰ ਗੱਡੀ ਨੂੰ ਅੱਗੇ ਜਾਣ ਦਿੱਤਾ।
ਸੰਪਰਕ: 99141-84794


Comments Off on ਪੰਜਾ ਸਾਹਿਬ ਦਾ ਸ਼ਹੀਦੀ ਸਾਕਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.