ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਪੰਜਾਬ ਸਾਹਿਤ ਆਲੋਚਨਾ ਦੇ ਇਤਿਹਾਸ ਦਾ ਅਮੁੱਲਾ ਦਸਤਾਵੇਜ਼

Posted On September - 1 - 2019

ਡਾ. ਰਵੇਲ ਸਿੰਘ*

ਪੰਜਾਬੀ ਯੂਨੀਵਰਸਿਟੀ ਦਾ ਪੰਜਾਬੀ ਭਵਨ

ਪੁਸਤਕ ਸਮੀਖਿਆ

ਪੰਜਾਬੀ ਆਲੋਚਨਾ ਨੂੰ ਪੱਛਮੀ ਕਾਵਿ-ਸ਼ਾਸਤਰ ਦੀਆਂ ਵੱਖ-ਵੱਖ ਪ੍ਰਣਾਲੀਆਂ ਦੇ ਪ੍ਰਭਾਵ ਅਧੀਨ ਵਿਗਸਿਆ ਸਮਝਿਆ ਜਾਂਦਾ ਰਿਹਾ ਹੈ। ਭਾਰਤੀ ਕਾਵਿ-ਸ਼ਾਸਤਰ ਦੀਆਂ ਧਾਰਾਵਾਂ ਜਾਂ ਫ਼ਾਰਸੀ ਚਿੰਤਨ ਤੋਂ ਪ੍ਰਭਾਵਿਤ ਸਮਾਲੋਚਨਾ ਬਹੁਤ ਘੱਟ ਮਿਲਦੀ ਹੈ। ਇਹੋ ਕਾਰਨ ਹੈ ਕਿ ਪੰਜਾਬੀ ਆਲੋਚਨਾ ਦੀ ਇਤਿਹਾਸਕਰੀ ਦੀਆਂ ਸਮੱਸਿਆਵਾਂ ਨਾਲ ਓਪਰੇ ਜਿਹੇ ਤਰੀਕੇ ਨਾਲ ਨਜਿੱਠਿਆ ਜਾਂਦਾ ਰਿਹਾ ਹੈ। ਵੀਹਵੀਂ ਸਦੀ ਦੇ ਅੰਤ ਤੱਕ ਪੰਜਾਬੀ ਆਲੋਚਨਾ ਦਾ ਇਤਿਹਾਸ ਲਿਖਣ ਵੱਲ ਕੋਈ ਤਵੱਜੋ ਨਹੀਂ ਦਿੱਤੀ ਗਈ ਜਦੋਂਕਿ ਪੰਜਾਬ ਦੀਆਂ ਯੂਨੀਵਰਸਿਟੀਆਂ, ਭਾਸ਼ਾ ਵਿਭਾਗ ਪੰਜਾਬ, ਪੰਜਾਬੀ ਸਾਹਿਤ ਅਕਾਦਮੀ ਆਦਿ ਕਈ ਅਦਾਰਿਆਂ ਵੱਲੋਂ ਅਜਿਹੇ ਯਤਨਾਂ ਦੀ ਤਵੱਕੋ ਕੀਤੀ ਜਾ ਸਕਦੀ ਸੀ। ਹਾਂ, ਵਿਅਕਤੀਗਤ ਤੌਰ ’ਤੇ ਸੰਤ ਸਿੰਘ ਸੇਖੋਂ ਦਾ ਲੇਖ ‘ਪੰਜਾਬੀ ਵਿਚ ਆਲੋਚਨਾ ਦਾ ਵਿਕਾਸ’ ਅਤੇ ਡਾ. ਹਰਿਭਜਨ ਸਿੰਘ ਵੱਲੋਂ ਸੰਤ ਸਿੰਘ ਸੇਖੋਂ ਦੇ ਇਸ ਲੇਖ ਦੇ ਪ੍ਰਤੀਕਰਮ ਵਜੋਂ ਲਿਖਿਆ ਜਾਪਦਾ ਮਜ਼ਮੂਨ ‘ਅਜੋਕੀ ਪੰਜਾਬੀ ਆਲੋਚਨਾ: ਸਥਿਤੀ ਅਤੇ ਪ੍ਰਗਤੀ’ ਇਸ ਸਬੰਧੀ ਆਰੰਭਕ ਯਤਨ ਕਹੇ ਜਾ ਸਕਦੇ ਹਨ। ਇਸ ਮਗਰੋਂ ਪੰਜਾਬੀ ਅਕਾਦਮੀ, ਦਿੱਲੀ ਦੁਆਰਾ ਲਿਖਵਾਏ ਗਏ ਪੰਜਾਬੀ ਸਾਹਿਤ ਦੇ ਵਿਧਾਗਤ ਇਤਿਹਾਸ ਵਿਚ ਡਾ. ਹਰਿਭਜਨ ਸਿੰਘ ਭਾਟੀਆ ਦਾ ਲਿਖਿਆ ‘ਪੰਜਾਬੀ ਆਲੋਚਨਾ ਦਾ ਇਤਿਹਾਸ’ ਨਿੱਗਰ ਯਤਨ ਕਿਹਾ ਜਾ ਸਕਦਾ ਹੈ। ਆਕਾਰ ਅਤੇ ਪ੍ਰਾਜੈਕਟ ਦੀ ਸੀਮਾ ਸਦਕਾ ਇਹ ਇਤਿਹਾਸਕਾਰੀ ਵੱਲ ਰੁਚਿਤ ਹੈ। ਇਸ ਤਰ੍ਹਾਂ ਇਹ ਯਤਨ ਆਪਣੇ ਆਪ ਵਿਚ ਪੰਜਾਬੀ ਸਾਹਿਤ ਚਿੰਤਨ ਨੂੰ ਉਲੀਕਣ ਵੱਲ ਇਕ ਵਿਲੱਖਣ ਕਦਮ ਕਿਹਾ ਜਾ ਸਕਦਾ ਹੈ।
ਪੰਜਾਬੀ ਯੂਨੀਵਰਸਿਟੀ ਦੂਜੀ ਅਜਿਹੀ ਯੂਨੀਵਰਸਿਟੀ ਹੈ ਜਿਹੜੀ ਭਾਸ਼ਾ ਦੇ ਨਾਮ ਉੱਤੇ ਸਥਾਪਿਤ ਕੀਤੀ ਗਈ ਹੈ। ਇਸ ਦੇ ਕਾਰਜ ਖੇਤਰ ਵਿਚ ਪੰਜਾਬੀ ਭਾਸ਼ਾ ਦਾ ਬਹੁਮੁਖੀ ਵਿਕਾਸ ਕਰਨਾ ਸ਼ਾਮਲ ਹੈ।

ਪ੍ਰਕਾਸ਼ਿਤ ‘ਖੋਜ ਪੱਤ੍ਰਿਕਾ’।

ਯੂਨੀਵਰਸਿਟੀ ਵਿਚ ਇਸ ਖੇਤਰ ਨਾਲ ਸਬੰਧਿਤ ਲਗਪਗ ਛੇ ਵਿਭਾਗ ਹਨ ਜਿਹੜੇ ਆਪੋ-ਆਪਣੀ ਸਮਰੱਥਾ ਮੁਤਾਬਿਕ ਯਥਾਯੋਗ ਯੋਗਦਾਨ ਪਾ ਰਹੇ ਹਨ। ਯੂਨੀਵਰਸਿਟੀ ਵੱਲੋਂ ਸ਼ੁਰੂ ਕੀਤਾ ਗਿਆ ਖੋਜ ਰਸਾਲਾ ‘ਖੋਜ ਪੱਤ੍ਰਿਕਾ’ ਆਪਣੀ ਪੈੜ ਸ਼ੁਰੂ ਤੋਂ ਹੀ ਛੱਡਦਾ ਆਇਆ ਹੈ। ਇਸ ਨੇ ਪੰਜਾਬੀ ਆਲੋਚਨਾ ਨਾਲ ਸਬੰਧਿਤ ਕੁਝ ਨਵੀਆਂ ਪੈੜਾਂ ਵੀ ਪਾਈਆਂ ਹਨ ਜਿਨ੍ਹਾਂ ਦਾ ਜ਼ਿਕਰ ਕਰਨਾ ਵਕਤ ਦੀ ਲੋੜ ਹੈ। ਯੂਨੀਵਰਸਿਟੀ ਦੇ ਸਾਹਿਤ ਅਧਿਐਨ ਵਿਭਾਗ ਵੱਲੋਂ ਛੇ ਜਿਲਦਾਂ ਵਿਚ ‘ਖੋਜ ਪੱਤ੍ਰਿਕਾ’ ਦਾ ਪੰਜਾਬੀ ਆਲੋਚਨਾ ਵਿਸ਼ੇਸ਼ ਅੰਕ ਪ੍ਰਕਾਸ਼ਿਤ ਕੀਤਾ ਗਿਆ ਹੈ ਜਿਨ੍ਹਾਂ ਵਿਚ ਪਹਿਲੀ ਜਿਲਦ ਡਾ. ਗੁਰਨਾਇਬ ਸਿੰਘ ਦੀ ਮੁੱਖ ਸੰਪਾਦਨਾ ਅਤੇ ਡਾ. ਭੀਮ ਇੰਦਰ ਸਿੰਘ ਦੀ ਨਿਗਰਾਨੀ ਹੇਠ ਪ੍ਰਕਾਸ਼ਿਤ ਹੋਈ ਹੈ। ਇਸ ਜਿਲਦ ਦੀ ਵਿਸ਼ੇਸ਼ ਗੱਲ ਇਹ ਹੈ ਕਿ ਇਸ ਵਿਚ ਇਸ ਧੁੰਦ ਤੋਂ ਛੁਟਕਾਰਾ ਪਾਉਣ ਦਾ ਯਤਨ ਕੀਤਾ ਗਿਆ ਹੈ ਕਿ ਪੰਜਾਬੀ ਆਲੋਚਨਾ ਦਾ ਮੁੱਢ ਮੋਹਨ ਸਿੰਘ ਦੀਵਾਨਾ ਜਾਂ ਕੁਝ ਵਿਦਵਾਨਾਂ ਮੁਤਾਬਿਕ ਸੰਤ ਸਿੰਘ ਸੇਖੋਂ ਤੋਂ ਬੱਝਦਾ ਹੈ। ਇਸ ਜਿਲਦ ਵਿਚ ਅੰਗਰੇਜ਼ੀ ਰਾਜ ਦੇ ਜ਼ਮਾਨੇ ਤੋਂ ਸ਼ੁਰੂ ਹੋਈ ਉਪਚਾਰਕ ਆਲੋਚਨਾ ਜਾਂ ਆਲੋਚਨਾ ਦੀਆਂ ਆਲੋਚਨਾ ਦ੍ਰਿਸ਼ਟੀਆਂ ਸਬੰਧੀ ਭਾਵਪੂਰਤ ਲੇਖ ਪ੍ਰਕਾਸ਼ਿਤ ਹੋਏ ਹਨ ਜਦੋਂਕਿ ਉਪਚਾਰਕ ਆਲੋਚਨਾ ਤੋਂ ਪਹਿਲਾਂ ਮੱਧਕਾਲ ਵਿਚ ਪ੍ਰਾਪਤ ਟਿੱਪਣੀ ਮੂਲਕ ਟੋਟਕਿਆਂ ਨੂੰ ਇਨ੍ਹਾਂ ਵਿਸ਼ੇਸ਼ ਅੰਕਾਂ ਦੀ ਪਰਿਧੀ ਵਿਚ ਨਹੀਂ ਰੱਖਿਆ ਗਿਆ। ਹਾਲਾਂਕਿ ਸੰਪਾਦਕ ਇਸ ਸਬੰਧੀ ਕੋਈ ਲੰਮਾ ਲੇਖ ਲਿਖਵਾ ਕੇ ਪੰਜਾਬੀ ਦੀ ਅਣ-ਉਪਚਾਰਿਕ ਆਲੋਚਨਾ ਨਾਲ ਇਨ੍ਹਾਂ ਅੰਕਾਂ ਦਾ ਆਗਾਜ਼ ਕਰ ਸਕਦੇ ਹਨ। ਪਰ ਫਿਰ ਵੀ ਮੌਲਾ ਬਖ਼ਸ਼ ਕੁਸ਼ਤਾ, ਬਾਵਾ ਬੁੱਧ ਸਿੰਘ, ਪ੍ਰੋ. ਪੂਰਨ ਸਿੰਘ, ਬਨਾਰਸੀ ਦਾਸ ਜੈਨ, ਲਾਜਵੰਤੀ ਰਾਮਾਕ੍ਰਿਸ਼ਨਾ ਦੀ ਆਲੋਚਨਾ ਦ੍ਰਿਸ਼ਟੀ ਸਬੰਧੀ ਸ਼ੁਰੂਆਤੀ ਲੇਖਾਂ ਨਾਲ ਪੰਜਾਬੀ ਆਲੋਚਨਾ ਦੇ ਆਰੰਭ ਬਾਰੇ ਕਈ ਭਰਮ ਭੁਲੇਖੇ ਦੂਰ ਕੀਤੇ ਗਏ ਹਨ ਕਿ ਕਿਸੇ ਵੀ ਚਿੰਤਨ ਦਾ ਵਿਕਾਸ ਅਚਨਚੇਤ ਨਹੀਂ ਹੁੰਦਾ ਸਗੋਂ ਇਸ ਪਿੱਛੇ ਕੋਈ ਵਿਚਾਰਧਾਰਕ ਇਤਿਹਾਸਕ ਚੇਤਨਾ ਪਈ ਹੁੰਦੀ ਹੈ। ਇਸ ਅੰਕ ਵਿਚ ਉਪਰੋਕਤ ਤੋਂ ਇਲਾਵਾ ਸੰਤ ਸਿੰਘ ਸੇਖੋਂ, ਕਿਸ਼ਨ ਸਿੰਘ, ਸਹਿਬਾਜ਼ ਮਲਿਕ, ਡਾ. ਹਰਿਭਜਨ ਸਿੰਘ, ਰੌਸ਼ਨ ਲਾਲ ਅਹੂਜਾ ਬਲਵੰਤ ਗਾਰਗੀ, ਗੁਲਵੰਤ ਸਿੰਘ, ਗੁਰਬਚਨ ਸਿੰਘ ਅਤੇ ਪ੍ਰੇਮ ਪ੍ਰਕਾਸ਼ ਵਰਗੇ ਆਲੋਚਕਾਂ ਦੀ ਆਲੋਚਨਾ ਦ੍ਰਿਸ਼ਟੀ ਸਬੰਧੀ ਵੱਖ-ਵੱਖ ਵਿਦਵਾਨਾਂ ਦੇ ਲੇਖ ਇਕ ਮੈਟਾ ਆਲੋਚਨਾ ਦੀ ਪੱਧਰ ਉੱਤੇ ਵਿਸ਼ਲੇਸ਼ਣ ਕਰਦੇ ਪ੍ਰਤੀਤ ਹੁੰਦੇ ਹਨ।
ਇਸ ਤੋਂ ਅੱਗੇ ਪੰਜ ਅੰਕਾਂ ਦਾ ਮੁੱਖ ਸੰਪਾਦਕ ਡਾ. ਹਰਜੋਧ ਸਿੰਘ ਹੈ। ਇਨ੍ਹਾਂ ਵਿਚ ਭਾਗ ਦੂਜਾ ਅਤੇ ਭਾਗ ਤੀਜੇ ਦੀ ਯੋਜਨਾ ਵੱਖ-ਵੱਖ ਆਲੋਚਕਾਂ ਦਾ ਸਾਹਿਤ ਆਲੋਚਨਾ ਦੇ ਨਕਸ਼ ਪਛਾਨਣ ਤੋਂ ਇਲਾਵਾ ਇਨ੍ਹਾਂ ਦੇ ਸਮੀਖਿਆ ਪੈਰਾਡਾਈਮ, ਖੋਜ ਸਾਧਨਾਂ, ਗੁਰਬਾਣੀ ਅਧਿਐਨ, ਸਾਹਿਤ ਚਿੰਤਨ ਸ਼ਾਸਤਰ ਆਦਿ ਵੱਖ-ਵੱਖ ਪੱਧਰਾਂ ਉੱਤੇ ਆਲੋਚਨਾ ਦੀਆਂ ਚਿੰਤਨ ਪ੍ਰਣਾਲੀਆਂ ਨੂੰ ਵਿਸ਼ਲੇਸ਼ਣ/ਮੈਟਾ-ਆਲੋਚਨਾ ਦੇ ਨਕਸ਼ਾਂ ਉੱਤੇ ਉਲੀਕਿਆ ਗਿਆ ਹੈ। ਭਾਗ ਦੂਜਾ ਵਿਚ ਮੀਰ ਕਿਰਾਮਤਉਲਾ ਦੇ ਨਾਲ-ਨਾਲ ਪ੍ਰਿੰ. ਤੇਜਾ ਸਿੰਘ, ਪਿਆਰਾ ਸਿੰਘ ਪਦਮ, ਡਾ. ਰਾਮ ਸਿੰਘ ਵਰਗੇ ਵਿਦਵਾਨਾਂ ਦੇ ਅਧਿਐਨ ਦਾ ਵਿਸ਼ਲੇਸ਼ਣ ਹੋਇਆ ਹੈ। ਇਸ ਦੇ ਨਾਲ ਹੀ ਪੱਛਮੀ ਚਿੰਤਨ ਪ੍ਰਣਾਲੀਆਂ ਨੂੰ ਪ੍ਰਣਾਏ ਹੋਏ ਆਲੋਚਕਾਂ ਡਾ. ਅਤਰ ਸਿੰਘ, ਗੋਪਾਲ ਸਿੰਘ ਦਰਦੀ, ਦੀਵਾਨ ਸਿੰਘ, ਹਰਨਾਮ ਸਿੰਘ ਸ਼ਾਨ, ਰੂਸੀ ਸਾਹਿਤ ਇਤਿਹਾਸਕਾਰ ਸੇਰਬੇਰੀਆਕੋਵ, ਤਰਲੋਕ ਸਿੰਘ ਕੰਵਰ, ਸੁਤਿੰਦਰ ਸਿੰਘ ਨੂਰ, ਟੀ.ਆਰ. ਵਿਨੋਦ, ਰਵਿੰਦਰ ਰਵੀ ਅਤੇ ਡਾ. ਗੁਰਦੇਵ ਸਿੰਘ ਦੀਆਂ ਆਲੋਚਨਾ ਦ੍ਰਿਸ਼ਟੀਆਂ ਉੱਪਰ ਰੌਸ਼ਨੀ ਪਾਈ ਗਈ ਹੈ। ਇਸ ਜਿਲਦ ਵਿਚ ਵਿਸ਼ੇਸ਼ ਤੌਰ ’ਤੇ ਪੰਜਾਬ ਸਾਹਿਤ ਚਿੰਤਨ ਦੌਰਾਨ ਮਾਰਕਸਵਾਦ, ਰੂਪਵਾਦ, ਸੰਰਚਨਾਵਾਦ, ਉੱਤਰ-ਸੰਰਚਨਾਵਾਦ, ਉੱਤਰ-ਆਧੁਨਿਕਤਾ ਨਾਲ ਸਬੰਧਿਤ ਪੰਜਾਬੀ ਆਲੋਚਨਾ ਦਾ ਮੁਹਾਂਦਰਾ ਪਛਾਣਨ ਦਾ ਵਿਸ਼ੇਸ਼ ਯਤਨ ਹੋਇਆ ਹੈ। ਡਾ. ਗੁਰਭਗਤ ਸਿੰਘ ਵਰਗੇ ਮੌਲਿਕ ਵਿਦਵਾਨਾਂ ਸਬੰਧੀ ਲੇਖਾਂ ਦੇ ਨਾਲ-ਨਾਲ ਉਨ੍ਹਾਂ ਦੇ ਸਮਕਾਲੀ ਘੱਟ ਮਹੱਤਵਪੂਰਨ ਆਲੋਚਕਾਂ ਦੀ ਪੰਜਾਬੀ ਆਲੋਚਨਾ ਨੂੰ ਦੇਣ ਬਾਰੇ ਵੀ ਰੌਸ਼ਨੀ ਮਿਲਦੀ ਹੈ। ਇਹੋ ਜਿਹਾ ਯਤਨ ਹੀ ਤੀਜੀ ਜਿਲਦ ਵਿਚ ਹੋਇਆ ਹੈ ਜਿਸ ਵਿਚ ਡਾ. ਰਤਨ ਸਿੰਘ ਜੱਗੀ ਦੇ ਗੁਰਮਤਿ ਅਧਿਐਨ ਦੇ ਵਿਸ਼ਲੇਸ਼ਣ ਤੋਂ ਆਰੰਭ ਹੋ ਕੇ ਨਜਮ ਹੁਸੈਨ ਸੱਯਦ, ਜਗਬੀਰ ਸਿੰਘ ਆਹਲੂਵਾਲੀਆ, ਡਾ. ਐੱਸ.ਪੀ. ਸਿੰਘ ਦੇ ਪਰਵਾਸੀ ਸਾਹਿਤ ਬਾਰੇ ਅਧਿਐਨ, ਤੇਜਵੰਤ ਸਿੰਘ ਦੇ ਸਮੀਖਿਆ ਸਿਧਾਂਤ, ਹਰਿਭਜਨ ਸਿੰਘ ਭਾਟੀਆ ਦੀ ਮੈਟਾ-ਆਲੋਚਨਾ ਦੇ ਮਹੱਤਵ ਸਮੇਤ ਹੋਰਨਾਂ ਸਮਕਾਲੀ ਆਲੋਚਕਾਂ ਦੀਆਂ ਆਲੋਚਨਾਂ ਦ੍ਰਿਸ਼ਟੀਆਂ ਨੂੰ ਵੱਖ-ਵੱਖ ਵਿਦਵਾਨਾਂ ਨੇ ਆਪੋ-ਆਪਣੀ ਸਮਝ ਰਾਹੀਂ ਰੂਪਮਾਨ ਕੀਤਾ ਹੈ।
ਇਸ ਲੜੀ ਦੀ ਚੌਥੀ ਜਿਲਦ ਦੇ ਨਾਲ ਹੀ ਡਾ. ਹਰਜੋਧ ਸਿੰਘ ਅਤੇ ਉਸ ਦੀ ਟੀਮ ਵੱਲੋਂ ਇਸ ਪ੍ਰੋਜੈਕਟ ਨੂੰ ਨਵੀਂ ਤਰਤੀਬ ਦੇਣ ਦਾ ਯਤਨ ਹੋਇਆ ਹੈ। ਵਿਸ਼ੇਸ਼ ਕਰਕੇ ਚੌਥੀ ਜਿਲਦ ਮੁੱਖ ਕਰਕੇ ਪੰਜਾਬੀ ਗਲਪ ਆਲੋਚਨਾ ਨਾਲ ਸਬੰਧਿਤ ਵਿਦਵਾਨਾਂ ਦੀਆਂ ਆਲੋਚਨਾ ਦ੍ਰਿਸ਼ਟੀਆਂ ਦੀ ਸਮਝ ਨਾਲ ਸਬੰਧਿਤ ਹੈ। ਭਾਵੇਂ ਇਸ ਵਿਚ ਹਰਚੰਦ ਸਿੰਘ ਬੇਦੀ, ਕੁਲਜੀਤ ਸ਼ੈਲੀ, ਡਾ. ਮਨਜੀਤ ਸਿੰਘ, ਡਾ. ਸੁਖਦੇਵ ਸਿੰਘ, ਵਨੀਤਾ, ਅਮਰਜੀਤ ਗਰੇਵਾਲ ਵਰਗੇ ਆਲੋਚਕਾਂ ਦੀ ਬਹੁ-ਵਿਧਾਈ ਆਲੋਚਨਾ ਦ੍ਰਿਸ਼ਟੀ ਸਬੰਧੀ ਲੇਖ ਵੀ ਹਨ, ਪਰ ਇਹ ਅੰਕ ਵਿਸ਼ੇਸ਼ ਕਰਕੇ ਨਵ-ਸਥਾਪਿਤ ਗਲਪ ਆਲੋਚਨਾ ਦੀ ਆਲੋਚਨਾ ਦ੍ਰਿਸ਼ਟੀ ਨੂੰ ਵਧੇਰੇ ਰੂਪਮਾਨ ਕਰਦਾ ਹੈ। ਇਸ ਵਿਚ ਜੋਗਿੰਦਰ ਸਿੰਘ ਨਹਿਰੂ, ਧਨਵੰਤ ਕੌਰ, ਹਰਸਿਮਰਨ ਸਿੰਘ ਰੰਧਾਵਾ, ਬਲਦੇਵ ਸਿੰਘ ਧਾਲੀਵਾਲ, ਗੁਰਪਾਲ ਸਿੰਘ ਸੰਧੂ, ਸੁਖਬੀਰ ਕੌਰ ਮਾਹਲ, ਸੁਖਦੇਵ ਸਿੰਘ ਖਾਹਰਾ, ਰੁਪਿੰਦਰ ਕੌਰ, ਗੁਰਇਕਬਾਲ ਸਿੰਘ ਆਦਿ ਨਵੇਂ ਵਿਦਵਾਨਾਂ ਦੀ ਆਲੋਚਨਾ ਸਬੰਧੀ ਵੱਖੋ-ਵੱਖਰੇ ਵਿਦਵਾਨਾਂ ਦੇ ਲੇਖ ਇਨ੍ਹਾਂ ਦੀਆਂ ਆਲੋਚਨਾ ਦ੍ਰਿਸ਼ਟੀਆਂ ਨੂੰ ਮੈਟਾ-ਆਲੋਚਨਾ ਦੇ ਪੱਧਰ ਉੱਪਰ ਵਾਚਦੇ ਨਜ਼ਰ ਆਉਂਦੇ ਹਨ।
ਇਸ ਪ੍ਰੋਜੈਕਟ ਨੂੰ ਉਦੋਂ ਨਵੀਂ ਅਤੇ ਸਹੀ ਦਿਸ਼ਾ ਮਿਲਦੀ ਹੈ ਜਦੋਂ ਇਸ ਦੀ ਪੰਜਵੀਂ ਜਿਲਦ ਯਾਨੀ ਪੰਜਵਾਂ ਭਾਗ ਸਾਹਮਣੇ ਆਉਂਦਾ ਹੈ। ਜਿੱਥੇ ਪਹਿਲੇ ਚਾਰ ਭਾਗ ਮੱਧਕਾਲੀਨ ਪੰਜਾਬੀ ਸਾਹਿਤ ਵਿਸ਼ੇਸ਼ ਕਰਕੇ ਗੁਰਮਤਿ ਸਾਹਿਤ, ਸੂਫ਼ੀ ਸਾਹਿਤ, ਕਿੱਸਾ ਸਾਹਿਤ ਦੇ ਨਾਲ-ਨਾਲ ਆਧੁਨਿਕ ਸਾਹਿਤ ਵਿਧਾਵਾਂ ਕਵਿਤਾ, ਕਹਾਣੀ, ਨਾਵਲ, ਭਾਸ਼ਾ ਵਿਗਿਆਨ, ਸਾਹਿਤ ਆਲੋਚਨਾ ਆਦਿ ਨਾਲ ਸਬੰਧਿਤ ਵਿਦਵਾਨਾਂ ਦੀਆਂ ਆਲੋਚਨਾ ਦ੍ਰਿਸ਼ਟੀਆਂ ਦਾ ਮਿਲਗੋਭਾ ਬਣ ਕੇ ਰਹਿ ਜਾਂਦੇ ਹਨ, ਉੱਥੇ ਹਥਲਾ ਭਾਗ ਯੂਨੀਵਰਸਿਟੀਆਂ ਵਿਚ ਲੋਕਧਾਰਾ ਨੂੰ ਇਕ ਵਿਸ਼ੇਸ਼ ਵਿਸ਼ੇ ਵਜੋਂ ਅਧਿਆਪਨ ਲਈ ਸ਼ੁਰੂ ਹੋਣ ਤੋਂ ਬਾਅਦ ਸਾਹਮਣੇ ਆਉਂਦਾ ਹੈ ਅਤੇ ਇਸ ਵਿਚ ਵੱਖ-ਵੱਖ ਲੋਕਧਾਰਾ ਸ਼ਾਸਤਰੀਆਂ ਦੇ ਖੋਜ ਕਾਰਜ ਦਾ ਮੁਤਾਲਿਆ ਹੋਇਆ ਹੈ। ਇਨ੍ਹਾਂ ਵਿਚ ਸੋਹਿੰਦਰ ਸਿੰਘ ਵਣਜਾਰਾ ਬੇਦੀ, ਦੇਵਿੰਦਰ ਸਤਿਆਰਥੀ, ਗਿਆਨੀ ਗੁਰਦਿੱਤ ਸਿੰਘ, ਕਰਨੈਲ ਸਿੰਘ ਥਿੰਦ, ਭੁਪਿੰਦਰ ਸਿੰਘ ਖਹਿਰਾ ਦੇ ਨਾਲ-ਨਾਲ ਗੁਰਮੀਤ ਸਿੰਘ, ਨਾਹਰ ਸਿੰਘ, ਦਰਿਆ ਵਰਗੇ ਨਵ-ਆਲੋਚਕਾਂ ਦੀ ਦ੍ਰਿਸ਼ਟੀ ਸਬੰਧੀ ਮੌਲਿਕ ਅਤੇ ਵਿਸ਼ਲੇਸ਼ਣਾਤਮਕ ਲੇਖ ਧਿਆਨ ਖਿੱਚਦੇ ਹਨ। ਇਸ ਤਰ੍ਹਾਂ ਇਹ ਜਿਲਦ ਆਪਣੇ ਆਪ ਵਿਚ ਪੜ੍ਹਨਯੋਗ ਅਤੇ ਸੰਭਾਲਣਯੋਗ ਬਣ ਜਾਂਦੀ ਹੈ। ਇਸ ਤਰ੍ਹਾਂ ਹੀ ਛੇਵੀਂ ਜਿਲਦ ਪੰਜਾਬੀ ਨਾਟ-ਆਲੋਚਨਾ ਦੀਆਂ ਆਲੋਚਨਾ ਦ੍ਰਿਸ਼ਟੀਆਂ ਨੂੰ ਸਮਰਪਿਤ ਹੈ। ਪੰਜਾਬੀ ਨਾਟਕ ਦੀ ਆਮਦ ਬਾਕੀ ਸਾਹਿਤ ਰੂਪਾਂ ਤੋਂ ਬਹੁਤ ਬਾਅਦ ਵਿਚ ਹੋਈ ਅਤੇ ਇਸ ਤਰ੍ਹਾਂ ਨਾਟ ਆਲੋਚਨਾ ਵੀ ਪਛੜੀ ਰਹੀ ਹੈ। ਪਰ ਵਿਦਵਾਨ ਸੰਪਾਦਕਾਂ ਨੇ ਆਪਣੀ ਯੋਜਨਾ ਤਹਿਤ ਪੰਜਾਬੀ ਦੇ ਸਿਰਮੌਰ ਨਾਟਕਕਾਰ ਜਿਵੇਂ ਹਰਚਰਨ ਸਿੰਘ, ਸੰਤ ਸਿੰਘ ਸੇਖੋਂ, ਬਲਵੰਤ ਗਾਰਗੀ, ਕਪੂਰ ਸਿੰਘ ਘੁੰਮਣ, ਗੁਰਦਿਆਲ ਸਿੰਘ ਫੁੱਲ, ਰੌਸ਼ਨ ਲਾਲ ਅਹੂਜਾ, ਸੁਰਜੀਤ ਸਿੰਘ ਸੇਠੀ, ਆਤਮਜੀਤ, ਸਤੀਸ਼ ਕੁਮਾਰ ਵਰਮਾ, ਪਾਲੀ ਭੁਪਿੰਦਰ ਸਿੰਘ ਆਦਿ ਵੱਲੋਂ ਨਾਟ ਆਲੋਚਨਾ ਨਾਲ ਸਬੰਧਿਤ ਲਿਖੀਆਂ ਗਈਆਂ ਪੁਸਤਕਾਂ ਜਾਂ ਲੇਖਾਂ ਨੂੰ ਆਧਾਰ ਬਣਾ ਕੇ ਇਨ੍ਹਾਂ ਦੀ ਨਾਟ ਆਲੋਚਨਾ ਨੂੰ ਪੰਜਾਬੀ ਖੋਜਕਾਰਾਂ ਸਾਹਮਣੇ ਲਿਆਉਣ ਦਾ ਸਫਲ ਯਤਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਵਿਦਵਾਨਾਂ ਦੇ ਨਾਟ ਚਿੰਤਨ ਬਾਹਰੇ ਸਮੀਖਿਆਤਮਕ ਲੇਖ ਵੀ ਸ਼ਾਮਲ ਹਨ ਜਿਨ੍ਹਾਂ ਨੇ ਨਾਟ ਆਲੋਚਨਾ ਜਾਂ ਨਾਟ ਖੋਜ ਵਿਚ ਕੁਝ ਨਵੇਂ ਆਯਾਮ ਸਿਰਜੇ ਹਨ। ਇਨ੍ਹਾਂ ਵਿਚ ਨਵਨਿੰਦਰ ਬਹਿਲ, ਕਮਲੇਸ਼ ਉੱਪਲ, ਕੁਲਦੀਪ ਸਿੰਘ ਧੀਰ, ਬਖਸ਼ੀਸ਼ ਸਿੰਘ, ਸੁਖਦੇਵ ਸਿੰਘ ਸਿਰਸਾ, ਹਰਭਜਨ ਭਾਟੀਆ, ਸਬਿੰਦਰਜੀਤ ਸਿੰਘ ਸਾਗਰ ਦੀ ਨਾਟ ਆਲੋਚਨਾ ਸਬੰਧੀ ਲੇਖ ਵਿਸ਼ੇਸ਼ ਧਿਆਨ ਖਿੱਚਦੇ ਹਨ। ਇੰਜ ਇਹ ਛੇ ਜਿਲਦਾਂ ਪੰਜਾਬੀ ਆਲੋਚਕਾਂ ਦੀ ਪੰਜਾਬੀ ਆਲੋਚਨਾ ਨੂੰ ਦੇਣ ਸਬੰਧੀ ਚਿਰਸਥਾਈ ਦਸਤਾਵੇਜ਼ ਵਜੋਂ ਉਪਲੱਬਧ ਹਨ। ਭਾਵੇਂ ਕਿ ਪਿਛਲੇ ਦੋ ਭਾਗ ਭਾਵ ਪੰਜਵਾਂ ਅਤੇ ਛੇਵਾਂ ਅੰਕ ਵਿਸ਼ੇਸ਼ ਯੋਜਨਾ ਤਹਿਤ ਸੰਪਾਦਿਤ ਹੋਏ ਅਤੇ ਇਨ੍ਹਾਂ ਦਾ ਮਹੱਤਵ ਵੀ ਇਸ ਕਰਕੇ ਵਧੇਰੇ ਹੈ ਕਿਉਂਕਿ ਲੋਕਧਾਰਾ ਜਾਂ ਨਾਟ ਆਲੋਚਨਾ ਨਾਲ ਜੁੜੇ ਖੋਜਾਰਥੀਆਂ ਨੂੰ ਇਸ ਵਿਧਾ ਨਾਲ ਜੁੜੇ ਵਿਦਵਾਨਾਂ ਦੀਆਂ ਆਲੋਚਨਾ ਦ੍ਰਿਸ਼ਟੀਆਂ ਇਕੋ ਜਿਲਦ ਵਿਚ ਹੀ ਉਪਲੱਬਧ ਹਨ। ਸਮੁੱਚੇ ਤੌਰ ਉੱਪਰ ਇਹ ਛੇ ਜਿਲਦਾਂ ਹੀ ਆਪਣੀ ਅਹਿਮੀਅਤ ਰੱਖਦੀਆਂ ਹਨ।
* ਪ੍ਰੋਫ਼ੈਸਰ, ਦਿੱਲੀ ਯੂਨੀਵਰਸਿਟੀ, ਦਿੱਲੀ।
ਸੰਪਰਕ: 092120-21195


Comments Off on ਪੰਜਾਬ ਸਾਹਿਤ ਆਲੋਚਨਾ ਦੇ ਇਤਿਹਾਸ ਦਾ ਅਮੁੱਲਾ ਦਸਤਾਵੇਜ਼
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.