ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਪੰਜਾਬੀ ਅਤੇ ਹਿੰਦੀ ਲਈ ਹੇਜ ਦਾ ਸੱਚ

Posted On September - 24 - 2019

ਅਵਤਾਰ ਸਿੰਘ (ਪ੍ਰੋ.)
ਸ਼ਾਇਦ ਝਗੜਾ ਜੀਵ ਦੀ ਮੁੱਢਲੀ ਪ੍ਰਕਿਰਤੀ ਹੋਵੇ। ਪਸ਼ੂ ਪੰਛੀ ਤੇ ਕੀੜੇ ਮਕੌੜੇ ਸਭ ਲੜਦੇ ਹਨ। ਝੱਖੜ ਝੁਲਦੇ ਹਨ ਤਾਂ ਵਨਸਪਤੀ ਖਹਿੰਦੀ ਹੈ। ਪਾਣੀਆਂ ਦੇ ਝਗੜੇ ਨੂੰ ਜਿਵੇਂ ਹੜ੍ਹ ਕਹਿੰਦੇ ਹੋਈਏ, ਜ਼ਮੀਨੀ ਝਗੜੇ ਦਾ ਨਾਂ ਭੁਚਾਲ ਹੋਵੇ ਤੇ ਕਾਇਨਾਤ ਦੇ ਭੇੜ ਦਾ ਨਾਂ ਪਰਲੋ। ਝਗੜਾਲੂ ਬਿਰਤੀ ਨੂੰ ਜਾਂਗਲੀ ਬਿਰਤੀ ਮੰਨਿਆ ਜਾਂਦਾ ਹੈ ਤੇ ਝਗੜੇ ਤੋਂ ਪਰਹੇਜ਼ ਕਰਨ ਵਾਲੇ ਨੂੰ ਸੱਭਿਅਕ ਸਮਝਿਆ ਜਾਂਦਾ ਹੈ। ਕੁਝ ਵੀ ਹੋਵੇ ਝਗੜਾ ਵਿਨਾਸ਼ ਦਾ ਮੂਲ ਹੈ। ਇਹ ਵੀ ਸੱਚ ਹੈ ਕਿ ਵਿਨਾਸ਼ ਬਿਨਾਂ ਨਵੀਂ ਉਤਪਤੀ ਸੰਭਵ ਨਹੀਂ ਹੁੰਦੀ- ਕਈ ਬਾਰ ਪਸਰਿਓ ਪਾਸਾਰ।।
ਜਿਵੇਂ ਸਾਂਖ ਸ਼ਾਸਤਰ ਵਿਚ ਪੁਰਸ਼ ਅਤੇ ਪ੍ਰਕਿਰਤੀ ਦਾ ਜੋੜਾ ਹੈ, ਇਵੇਂ ਹੀ ਪ੍ਰਕਿਰਤੀ ਤੇ ਸੰਸਕ੍ਰਿਤੀ ਦਾ ਜੋੜਾ ਹੈ। ਪੁਰਸ਼ ਪਰਮਾਤਮਾ ਨੂੰ ਕਹਿੰਦੇ ਹਨ ਜੋ ਨਿਰਾਕਾਰ ਹੈ, ਜਿਸਦਾ ਜਾਗ੍ਰਿਤ ਰੂਪ ਪ੍ਰਕਿਰਤੀ ਹੈ, ਜਿਸਨੂੰ ਜਦੋਂ ਮਨੁੱਖ ਆਪਣੇ ਤਕਾਜ਼ੇ ਮੁਤਾਬਿਕ ਢਾਲ ਲੈਂਦਾ ਹੈ ਤਾਂ ਉਹੀ ਪ੍ਰਕਿਰਤੀ ਸੰਸਕ੍ਰਿਤੀ ਦਾ ਰੂਪ ਵਟਾ ਲੈਂਦੀ ਹੈ।
ਆਰੀਆ ਲੋਕ ਇੱਥੇ ਆਏ ਤਾਂ ਮੂਲ ਨਿਵਾਸੀਆਂ ਨਾਲ ਮੇਲ ਅਤੇ ਭਿੜਨ ਉਪਰੰਤ ਉਨ੍ਹਾਂ ਦੀ ਭਾਸ਼ਾ ਵਿਚ ਤਬਦੀਲੀ ਆਉਣੀ ਕੁਦਰਤੀ ਸੀ। ਪਾਣਨੀ ਦੀ ਪ੍ਰਧਾਨਗੀ ਹੇਠ ਪੰਡਤਾਂ ਨੇ ਕਠਿਨ ਜੱਦੋ ਜਹਿਦ ਕਰਕੇ ਉਸ ਪ੍ਰਕਿਰਤਕ ਭਾਸ਼ਾ ਨੂੰ ਸੋਧ ਕੇ ਗ਼ੈਰਕੁਦਰਤੀ ਰੂਪ ਦੇ ਦਿੱਤਾ, ਜਿਸਨੂੰ ਉਨ੍ਹਾਂ ਨੇ ਸੰਸਕ੍ਰਿਤ ਦਾ ਨਾਂ ਦੇ ਦਿੱਤਾ। ਉਹ ਇੰਨੀ ਅਪ੍ਰਕਿਰਤਕ ਸੀ ਜੋ ਕਦੇ ਵੀ ਕਿਸੇ ਦੀ ਮਾਤ ਭਾਸ਼ਾ ਨਹੀਂ ਸੀ। ਭਾਰਤ ਦਾ ਕੋਈ ਵੀ ਖਿੱਤਾ ਅਜਿਹਾ ਨਹੀਂ, ਜਿੱਥੋਂ ਦੇ ਲੋਕ ਕੁਦਰਤੀ ਰੂਪ ਵਿਚ ਕਦੇ ਸੰਸਕ੍ਰਿਤ ਬੋਲਦੇ ਹੋਣਗੇ।
ਵਿਦੇਸ਼ੀ ਹਮਲਾਵਰਾਂ ਕਾਰਨ ਇਕ ਬਾਰ ਫਿਰ ਭਾਰਤੀ ਲੋਕਾਂ ਦੀ ਬੋਲੀ ਵਿਚ ਤਬਦੀਲੀ ਹੋਈ। ਵਿਦੇਸ਼ੀ ਮੇਲ-ਜੋਲ ਕਾਰਨ ਅਰਬੀ ਤੇ ਫ਼ਾਰਸੀ ਦੀ ਸ਼ਬਦਾਵਲੀ ਸਾਡੀਆਂ ਕੁਦਰਤੀ ਬੋਲੀਆਂ ਵਿਚ ਰਲਗੱਡ ਹੋਣ ਲੱਗੀ।
ਅਕਬਰ ਦੇ ਸੁਲਹਕੁਲ ਰਵੱਈਏ ਕਾਰਨ ਭਗਤੀ ਲਹਿਰ ਦੇ ਪ੍ਰੇਮਭਾਵ ਅਤੇ ਗੁਰੂ ਸਾਹਿਬਾਨ ਦੀ ਸਾਂਝੀਵਾਲਤਾ ਭਰਪੂਰ ਮਿਲਵਰਤਨ ਲਹਿਰ ਸਦਕਾ ਭਾਰਤ ਵਿਚ ਇਕ ਸਾਂਝੀ ਭਾਸ਼ਾ ਨੇ ਜਨਮ ਲਿਆ ਜਿਸਨੂੰ ਖੜ੍ਹੀ ਬੋਲੀ ਦਾ ਨਾਂ ਦਿੱਤਾ ਗਿਆ। ਵਿਦਵਾਨਾਂ ਨੇ ਅਜਿਹੇ ਗ੍ਰੰਥ ਰਚਣੇ ਸ਼ੁਰੂ ਕਰ ਦਿੱਤੇ, ਜਿਨ੍ਹਾਂ ਵਿਚ ਅਰਬੀ ਫ਼ਾਰਸੀ ਦੀ ਸ਼ਬਦਾਵਲੀ ਸਜਣ ਅਤੇ ਫੱਬਣ ਲੱਗ ਪਈ। ਦਸਮੇਸ਼ ਪਿਤਾ ਨੇ ਸੰਸਕ੍ਰਿਤ ਅਤੇ ਅਰਬੀ ਫ਼ਾਰਸੀ ਦੇ ਨਵੇਂ ਸਮਾਸ ਬਣਾਏ ਅਤੇ ਬਾਣੀ ਵਿਚ ਪ੍ਰਯੋਗ ਕੀਤੇ।
ਖੜ੍ਹੀ ਬੋਲੀ ਦਾ ਭਾਵ ਸਪੱਸ਼ਟ ਅਤੇ ਚੁਸਤ ਦਰੁਸਤ ਭਾਸ਼ਾ ਸਮਝਣਾ ਚਾਹੀਦਾ ਹੈ, ਜਿਸ ਵਿਚ ਕਾਵਿਕ ਮੁਗ਼ਾਲਤੇ ਦੀ ਗੁੰਜਾਇਸ਼ ਖਾਰਜ ਹੋ ਗਈ ਹੋਵੇ। ਅਜਿਹੀ ਭਾਸ਼ਾ ਵਾਰਤਕ ਲਈ ਬੜੀ ਗੁਣਕਾਰੀ ਸਮਝੀ ਜਾਂਦੀ ਹੈ ਤੇ ਆਮ ਗੱਲਬਾਤ ਵਿਚ ਵੀ ਬੜੀ ਸਹਾਈ ਹੁੰਦੀ ਹੈ। ਅੱਜ ਵੀ ਫ਼ਾਰਸੀ ਸ਼ਬਦਾਵਲੀ ਦੀ ਮਿਲਤਰ ਨਾਲ ਪੰਜਾਬੀ ਭਾਸ਼ਾ ਵਧੇਰੇ ਪ੍ਰਭਾਵਸ਼ਾਲੀ ਪ੍ਰਤੀਤ ਹੁੰਦੀ ਹੈ। ਅੰਗਰੇਜ਼ਾਂ ਦੇ ਆਉਣ ਸਮੇਂ ਖੜ੍ਹੀ ਬੋਲੀ ਹਿੰਦੁਸਤਾਨ ਵਿਚ ਪ੍ਰਚੱਲਿਤ ਸੀ। ਸ਼ਾਇਦ ਇਸੇ ਲਈ ਇਸਨੂੰ ਹਿੰਦੁਸਤਾਨੀ ਵੀ ਕਿਹਾ ਜਾਣ ਲੱਗ ਪਿਆ ਹੋਵੇ।
ਅੰਗਰੇਜ਼ਾਂ ਦੇ ਵਰਤੋਂ ਵਿਹਾਰ ਦਾ ਅੰਤਰੀਵ ਪ੍ਰਯੋਜਨ ਵਿਸ਼ਲੇਸ਼ਣੀ ਸੀ। ਇਸੇ ਲਈ ਲਾਲਾ ਹਰਦਿਆਲ ਨੇ ਅੰਗਰੇਜ਼ਾਂ ਦੀ ਵਿਦੇਸ਼ ਨੀਤੀ ਨੂੰ “ਪਾੜੋ ਤੇ ਰਾਜ ਕਰੋ” ਲਿਖ ਕੇ ਗੱਲ ਮੁਕਾ ਦਿੱਤੀ ਸੀ। ਅੰਗਰੇਜ਼ ਭਾਰਤੀ ਲੋਕਾਂ ਦੇ ਆਪਸੀ ਵਖਰੇਵਿਆਂ ਨੂੰ ਪੱਕੇ ਕਰਨ ਵਿਚ ਲੱਗੇ ਰਹਿੰਦੇ ਸਨ। ਪੰਜਾਬ ਯੂਨੀਵਰਸਿਟੀ ਵਿਚ ਪੰਜਾਬੀ, ਉਰਦੂ ਤੇ ਹਿੰਦੀ ਨੂੰ ਸ਼ਾਮਲ ਕਰਨ ਸਮੇਂ ਅੰਗਰੇਜ਼ਾਂ ਨੇ ਪੰਜਾਬੀ ਲਈ ਸਿੱਖ, ਉਰਦੂ ਲਈ ਮੁਸਲਮਾਨ ਅਤੇ ਹਿੰਦੀ ਲਈ ਹਿੰਦੂ ਪ੍ਰੋਫੈਸਰ ਭਰਤੀ ਕੀਤੇ ਸਨ। ਡਾ. ਮੋਹਣ ਸਿੰਘ ਦੀਵਾਨਾ ਉਰਦੂ ਵਿਚ ਪੀਐੱਚ. ਡੀ ਸਨ, ਪਰ ਉਨ੍ਹਾਂ ਨੂੰ ਉਰਦੂ ਦੀ ਬਜਾਏ ਗੁਰਮੁਖੀ ਵਿਭਾਗ ਵਿਚ ਰੱਖਿਆ ਗਿਆ। ਪੰਜਾਬੀ ਵਿਭਾਗ ਦਾ ਮੁੱਢਲਾ ਨਾਂ ਗੁਰਮੁਖੀ ਵਿਭਾਗ ਸੀ। ਅੰਗਰੇਜ਼ਾਂ ਨੇ ਫ਼ੌਜ ਵਿਚ ਵੀ ਇਹ ਵਖਰੇਵੇਂ ਸਿਰਫ਼ ਕਾਇਮ ਨਹੀਂ ਰੱਖੇ, ਬਲਕਿ ਮਜ਼ਬੂਤ ਕੀਤੇ।
ਆਪਣੇ ਅੰਗਰੇਜ਼ ਉਸਤਾਦ ਡਾ. ਗਿੱਲਕ੍ਰਾਈਸਟ ਦੀ ਪ੍ਰੇਰਨਾ ਅਧੀਨ ਪ੍ਰੋ. ਲੱਲੂ ਲਾਲ ਜੀ ਨੇ ਕਲਕੱਤੇ ਦੇ ਫੋਰਟ ਵਿਲੀਅਮ ਕਾਲਜ ਵਿਖੇ 1804 ਈਸਵੀ ਦੇ ਕਰੀਬ ਖੜ੍ਹੀ ਬੋਲੀ ਵਿਚੋਂ ਅਰਬੀ ਫ਼ਾਰਸੀ ਦੀ ਸ਼ਬਦਾਵਲੀ ਨੂੰ ਖਾਰਜ ਕਰਕੇ ‘ਪ੍ਰੇਮਸਾਗਰ’ ਗ੍ਰੰਥ ਦੀ ਰਚਨਾ ਕੀਤੀ। ਅਸਲ ਵਿਚ ਇਹ ਆਧੁਨਿਕ ਅਤੇ ਸਾਹਿਤਕ ਹਿੰਦੀ ਦਾ ਪਹਿਲਾ ਗ੍ਰੰਥ ਸੀ। ਇਸ ਤਰ੍ਹਾਂ ਅਪ੍ਰਕਿਰਤਕ ਭਾਸ਼ਾ ਦੀ ਰਚਨਾ ਹੋਈ, ਜਿਸਨੂੰ ਹਿੰਦੂ ਸਮਾਜ ਦੇ ਵੱਡੇ ਹਿੱਸੇ ਨੇ ਬੜੇ ਹੇਜ ਨਾਲ ਸਵੀਕਾਰ ਕਰਕੇ ਗਲੇ ਲਾ ਲਿਆ।
ਇਸ ਦੇ ਵਿਰੋਧ ਵਿਚ ਮੁਸਲਿਮ ਵਿਦਵਾਨਾਂ ਨੇ ਵੀ ਖੜ੍ਹੀ ਬੋਲੀ ਵਿਚੋਂ ਸੰਸਕ੍ਰਿਤ ਦੇ ਸ਼ਬਦ ਖਾਰਜ ਕਰਨੇ ਅਰੰਭ ਕਰ ਦਿੱਤੇ ਅਤੇ ਇਸ ਤਰ੍ਹਾਂ ਅਰਬੀ ਫ਼ਾਰਸੀ ਦੀ ਸ਼ਬਦਾਵਲੀ ਦੀ ਭਰਪੂਰਤਾ ਵਾਲੀ ਇਕ ਹੋਰ ਅਪ੍ਰਕਿਰਤਕ ਭਾਸ਼ਾ ਉਰਦੂ ਦਾ ਆਗਾਜ਼ ਹੋਇਆ।
ਹਿੰਦੂ ਸਮਾਜ ਵਿਚ ਦੋ ਸੱਭਿਆਚਾਰਕ ਵਿਚਾਰਧਾਰਾਵਾਂ ਮੁੱਢੋਂ ਚਲੀਆਂ ਆਉਂਦੀਆਂ ਹਨ; ਅਦਵੈਤਵਾਦੀ ਸਗਲੀ ਖ਼ਲਕਤ ਨੂੰ ਬ੍ਰਹਮਸਰੂਪ ਅਤੇ ਸਮਾਨ ਮੰਨਦੇ ਹਨ ਤੇ ਦਵੈਤਵਾਦੀ ਲੋਕ ਬ੍ਰਹਮ ਅਤੇ ਜੀਵ ਵਿਚ ਭਿੰਨਤਾ, ਊਚ ਨੀਚ ਅਤੇ ਵੱਖਵਾਦ ਵਿਚ ਵਿਸ਼ਵਾਸ ਰੱਖਦੇ ਹਨ। ਇਸੇ ਤਰ੍ਹਾਂ ਇਸਲਾਮ ਵਿਚ ਵੀ ਵਾਹਿਦਤੁਲਵਜੂਦ ਵਾਲੇ ਲੋਕ ਕਾਦਰ ਅਤੇ ਕੁਦਰਤ ਨੂੰ ਸਮਰੂਪ ਅਨੁਮਾਨਦੇ ਹਨ ਅਤੇ ਵਾਹਿਦਤੁਲਸ਼ਹੂਦ ਵਾਲੇ ਕਾਦਰ ਅਤੇ ਕੁਦਰਤ ਵਿਚ ਫ਼ਰਕ ਮੰਨਦੇ ਹਨ।
ਦੋਹਾਂ ਸਮਾਜਾਂ ਵਿਚ ਰਾਜਸੀ ਚੜ੍ਹਤ ਹਮੇਸ਼ਾਂ ਊਚ-ਨੀਚ ਅਤੇ ਵੱਖਵਾਦ ਨੂੰ ਮੰਨਣ ਵਾਲਿਆਂ ਦੀ ਰਹੀ ਹੈ। ਇਸ ਲਈ ਹਿੰਦੂ ਅਤੇ ਇਸਲਾਮੀ ਸਮਾਜ ਵਿਚ ਵਿਪਰੀਤ ਵਿਚਾਰਧਾਰਾਈ ਸੰਪਰਦਾਵਾਂ ਵਿਚ ਸਮਾਨਤਾ ਜਾਂ ਸੁਮੇਲ ਦੀ ਚੇਸ਼ਟਾ ਰੱਖਣ ਵਾਲਿਆਂ ਨੂੰ ਘਿਰਣਾ ਦੇ ਪਾਤਰ ਮੰਨਿਆ ਜਾਂਦਾ ਰਿਹਾ ਹੈ। ਸੁਲਹਕੁਲ ਤੇ ਸਾਂਝੀਵਾਲਤਾ ਵਾਲੇ ਲੋਕ ਹਮੇਸ਼ਾਂ ਬੇਅਸਰ ਜਿਹੇ ਰਹੇ ਹਨ। ਹਿੰਦੀ ਅਤੇ ਉਰਦੂ ਦਾ ਵਿਆਕਰਨ ਇਕੋ ਹੈ, ਸਿਰਫ਼ ਸ਼ਬਦਾਵਲੀ ਵੱਖਰੀ ਹੈ।
ਭਾਰਤ ਵਾਲੇ ਦਿੱਲੀ ਤੋਂ ਹਿੰਦੀ ਨੂੰ ਉਤਸ਼ਾਹਿਤ ਕਰ ਰਹੇ ਹਨ ਤੇ ਪਾਕਿਸਤਾਨੀ ਉਰਦੂ ਭਾਸ਼ਾ ਨੂੰ। ਹਿੰਦੀ ਅਤੇ ਉਰਦੂ ਦਰਮਿਆਨ ਪੰਜਾਬੀ ਅਜਿਹੀ ਭਾਸ਼ਾ ਹੈ, ਜਿਸਨੂੰ ‘ਹਿੰਦੂ ਤੁਰਕ ਕੀ ਕਾਣ’ ਮੇਟਣ ਲਈ ਸਾਂਝੀਵਾਲਤਾ ਦੀ ਗੁੜਤੀ ਧੁਰੋਂ ਮਿਲੀ ਹੋਈ ਹੈ। ਪੰਜਾਬੀ ਭਾਸ਼ਾ ਸੰਸਕ੍ਰਿਤ ਅਤੇ ਅਰਬੀ ਫ਼ਾਰਸੀ ਦਾ ਸੰਗਮ ਹੈ। ਰਾਜਸੀ ਹਿੰਦੂ ਸਮਾਜ ਇਸ ਪਵਿੱਤਰ ਸੰਗਮ ਨੂੰ ਵਿਰੋਧ ਦੀ ਨਜ਼ਰ ਨਾਲ ਦੇਖਦਾ ਹੈ। ਉਹ ਭੁੱਲ ਜਾਂਦਾ ਹੈ ਕਿ ਪਰਾਗ ਵਿਖੇ ਸਿਤਾ ਅਸਿਤਾ, ਕਾਲੀ ਅਤੇ ਚਿੱਟੀ ਨਦੀ ਦਾ ਸੰਗਮ ਭਾਰਤ ਦਾ ਮਹਾਨ ਤੀਰਥ ਸਥਾਨ ਹੈ।
ਅੱਜ ਵੀ ਪੰਜਾਬੀ ਵਿਚ ਵਿਪਰੀਤ ਭਾਸ਼ਾਵਾਂ ਦੇ ਸਮਾਸਾਂ ਦੀ ਭਰਮਾਰ ਹੈ। ਇਹ ਪੰਜਾਬੀ ਦਾ ਹੁਸੀਨ ਖਾਸਾ ਹੈ, ਇਸਦੇ ਬਿਨਾਂ ਕੋਈ ਵੀ ਭਾਸ਼ਾ ਸੰਕੀਰਨਤਾ ਅਤੇ ਸਾੜੇ ਦੀ ਭੱਠੀ ਵਿਚ ਰਿੱਝਣ ਜੋਗੀ ਰਹਿ ਜਾਂਦੀ ਹੈ।
ਜੇ ਹਿੰਦੁਸਤਾਨ ਨੇ ਜਲੌਅ ਨਾਲ ਜੀਣਾ ਹੈ ਤਾਂ ਉਸਨੂੰ ਅਪ੍ਰਕਿਰਤਕ ਹਿੰਦੀ ਦੀ ਥਾਂ ਤਕੜੇ ਹਾਜ਼ਮੇ ਅਤੇ ਸਾਂਝੀਵਾਲਤਾ ਦੀ ਤਸੀਰ ਵਾਲੀ ਭਾਸ਼ਾ ਅਪਣਾਉਣੀ ਪਵੇਗੀ। ਹਿੰਦੁਸਤਾਨ ਦੀ ਅਖੰਡਤਾ ਨੂੰ ਸਭ ਤੋਂ ਵਧੇਰੇ ਖ਼ਤਰਾ ਗਿੱਲਕ੍ਰਾਈਸਟ ਦੇ ਪ੍ਰਭਾਵ ਅਤੇ ਪ੍ਰੋ. ਲੱਲੂ ਲਾਲ ਜੀ ਦੀ ਸੰਕੀਰਣਤਾ ਤੋਂ ਹੈ। ਮੋਕਲੀ ਸੋਚ ਅਤੇ ਵਿਹਾਰ ਜ਼ਮਾਨੇ ਨੂੰ ਅੱਗੇ ਤੋਰਦੇ ਹਨ ਤੇ ਸਾਂਝੇ ਮਾਹੌਲ ਦੀ ਸਿਰਜਣਾ ਕਰਦੇ ਹਨ। ਤੰਗ ਨਜ਼ਰ ਜ਼ਮਾਨੇ ਨੂੰ ਖ਼ੁਆਰੀ ਦੇ ਖੂਹ ਵੱਲ੍ਹ ਲੈ ਜਾਂਦੀ ਹੈ ਤੇ ਖ਼ੁਦਕੁਸ਼ੀ ਦਾ ਕਾਰਨ ਬਣਦੀ ਹੈ।
ਪੰਜਾਬੀਆਂ ਨੂੰ ਕੁਦਰਤ ਦੇ ਇਸ ਨੇਮ ਤੋਂ ਜਾਣੂੰ ਹੋਣਾ ਚਾਹੀਦਾ ਹੈ ਕਿ ਜੇ ਅਸੀਂ ਵੀ ਪੰਜਾਬੀ ਨੂੰ ਚੰਦ ਜ਼ਿਲ੍ਹਿਆਂ ਤਕ ਸੀਮਤ ਕਰਾਂਗੇ ਤਾਂ ਸਾਡੀ ਭਾਸ਼ਾ ਵੀ ਸਾਹ-ਘੋਟੂ ਜਿਹੀ ਕਿਸੇ ਬਿਮਾਰੀ ਦੀ ਸ਼ਿਕਾਰ ਹੋ ਕੇ ਦਮ ਤੋੜ ਦੇਵੇਗੀ। ਦਿਲਾਂ ਦੇ ਬੰਦ ਦਰਵਾਜ਼ੇ ਝਗੜਿਆਂ ਨੂੰ ਹੀ ਜਨਮ ਦਿੰਦੇ ਹਨ।
ਆਧੁਨਿਕ ਭਾਰਤੀ ਭਾਸ਼ਾਵਾਂ ਸੰਸਕ੍ਰਿਤ ਨੂੰ ਅਲਵਿਦਾ ਆਖ ਕੇ ਅੱਗੇ ਵਧੀਆਂ ਜਿਨ੍ਹਾਂ ਨੂੰ ਕਬੀਰ ਸਾਹਿਬ ਨੇ ਨਦੀਆਂ ਦੇ ਵਗਦੇ ਹੋਏ ਨਿਰਮਲ ਜਲ ਦਾ ਨਾਮ ਦਿੱਤਾ ਤੇ ਸੰਸਕ੍ਰਿਤ ਨੂੰ “ਕੂਪ ਜਲ” ਅਰਥਾਤ ‘ਖੂਹ ਦਾ ਪਾਣੀ’ ਆਖਿਆ। ਸੱਚ ਇਹ ਹੈ ਕਿ ਹਿੰਦੀ ਦਾ ਮੁੱਖ ਅੱਜ ਵੀ ਸੰਸਕ੍ਰਿਤ ਵੱਲ ਹੈ, ਜਦੋਂਕਿ ਬਾਕੀ ਸਾਰੀਆਂ ਆਧੁਨਿਕ ਅਤੇ ਕੁਦਰਤੀ ਭਾਰਤੀ ਭਾਸ਼ਾਵਾਂ ਦਾ ਰੁਖ ਸਾਂਝੀਵਾਲਤਾ ਹੈ। ਸੰਸਕ੍ਰਿਤ ਅਤੇ ਹਿੰਦੀ ਕਦੀ ਵੀ ਅਤੇ ਕਿਸੇ ਵੀ ਖੇਤਰ ਦੇ ਲੋਕਾਂ ਦੀਆਂ ਆਮ ਬੋਲ-ਚਾਲ ਦੀਆਂ ਭਾਸ਼ਾਵਾਂ ਨਹੀਂ ਰਹੀਆਂ। ਹਿੰਦੀ ਦੀ ਨਿਸਬਤ ਪੰਜਾਬੀ ਭਾਸ਼ਾ ਦਾ ਖੇਤਰ ਵਿਸ਼ਾਲ ਹੈ, ਜਿਸਦਾ ਜ਼ਿਕਰ ਲਾਲਾ ਧਨੀਰਾਮ ਚਾਤ੍ਰਿਕ ਨੇ ਆਪਣੀ ਕਵਿਤਾ ‘ਪੰਜਾਬ’ ਵਿਚ ਇਸ ਤਰ੍ਹਾਂ ਕੀਤਾ ਹੈ:
ਸ਼ਿਮਲਾ, ਡਲਹੌਜੀ, ਮਰੀ ਤਿਰੇ,
ਕਸ਼ਮੀਰ ਤਿਰਾ, ਗੁਲਮਰਗ ਤਿਰਾ;
ਦਿਲੀ ਤੇਰੀ, ਲਾਹੌਰ ਤਿਰਾ,
ਅੰਮ੍ਰਿਤਸਰ ਸੋਹੇ ਸਵਰਗ ਤਿਰਾ।
ਭਾਸ਼ਾ ਵਿਗਿਆਨੀ ਡਾ. ਹਰਕੀਰਤ ਸਿੰਘ ਨੇ ਪੰਜਾਬੀ ਦੀਆਂ ਕੁਦਰਤਨ ਉੱਪ ਭਾਸ਼ਾਵਾਂ ਦੀ ਸੁਚੱਜੀ ਨਿਸ਼ਾਨਦੇਹੀ ਕੀਤੀ ਹੈ। ਡਾ. ਸਾਹਿਬ ਨੇ ਆਪਣੀ ਪੁਸਤਕ ‘ਸਾਡੀ ਭਾਸ਼ਾ’ ਵਿਚ ਉੱਪ ਭਾਸ਼ਾ ਤੇ ਉੱਪ ਬੋਲੀ ਵਿਚ ਫ਼ਰਕ ਕੀਤਾ। ਉਨ੍ਹਾਂ ਨੇ ਉੱਪ ਭਾਸ਼ਾ ਲਈ ‘ਡਾਇਲੈੱਕਟ’ ਅਤੇ ਉੱਪ ਬੋਲੀ ਲਈ ‘ਸਬਡਾਇਲੈੱਕਟ’ ਸ਼ਬਦ ਇਸਤੇਮਾਲ ਕੀਤਾ। ਲਿਹਾਜ਼ਾ ਉਨ੍ਹਾਂ ਨੇ ਪੰਜਾਬੀ ਦੀਆਂ ਤਿੰਨ ਉੱਪ ਭਾਸ਼ਾਵਾਂ ਅਤੇ ਦਸ ਉੱਪ ਬੋਲੀਆਂ ਮੰਨੀਆਂ ਹਨ: ਪੂਰਬੀ ਪੰਜਾਬੀ: ਜਿਸ ਦੀਆਂ ਉੱਪ ਬੋਲੀਆਂ ਮਾਝੀ, ਮਲਵਈ ਤੇ ਪੁਆਧੀ ਹਨ। ਲਹਿੰਦੀ ਪੰਜਾਬੀ: ਜਿਸ ਦੀਆਂ ਉੱਪ ਬੋਲੀਆਂ ਮੁਲਤਾਨੀ, ਪੋਠੋਹਾਰੀ ਤੇ ਹਿੰਦਕੋ ਹਨ। ਡੋਗਰੀ ਪੰਜਾਬੀ: ਜਿਸ ਦੀਆਂ ਉੱਪ ਬੋਲੀਆਂ ਕਾਂਗੜੀ, ਭਟਿਆਲੀ, ਜੰਮੂਆਲੀ ਤੇ ਪੁਣਛੀ ਹਨ।
ਇਸ ਤੋਂ ਵੀ ਅੱਗੇ ‘ਈਡੀਓਲੈਕਟ’ ਹੁੰਦੀ ਹੈ ਜੋ ਹਰੇਕ ਵਿਅਕਤੀ ਦੀ ਅਲਹਿਦਾ ਹੁੰਦੀ ਹੈ, ਜਿਨ੍ਹਾਂ ਦੀ ਗਿਣਤੀ ਕਿਸੇ ਤਰ੍ਹਾਂ ਵੀ ਸੰਭਵ ਨਹੀਂ। ਇਕੋ ਘਰ ਵਿਚ ਰਹਿਣ ਵਾਲੇ ਜੀਆਂ ਦੇ ਉਚਾਰਣ ਵੀ ਅਲੱਗ ਹੁੰਦੇ ਹਨ। ਇੱਥੋਂ ਤਕ ਕਿ ਇਕੋ ਮਨੁੱਖ ਦੀ ਜ਼ਿੰਦਗੀ ਦੇ ਪੜਾਵਾਂ ਦੇ ਉਚਾਰਣ ਵੀ ਬਦਲਦੇ ਰਹਿੰਦੇ ਹਨ। ਕੋਈ ਵਿਅਕਤੀ ਕਿਸੇ ਸ਼ਬਦ ਨੂੰ ਬਚਪਨ ਵਿਚ ਹੋਰ ਤਰ੍ਹਾਂ ਉਚਾਰਦਾ ਹੈ, ਜੁਆਨੀ ਵਿਚ ਹੋਰ ਤਰ੍ਹਾਂ ਤੇ ਅਧਖੜ ਉਮਰ ’ਚ ਹੋਰ ਤੇ ਬੁਢੇਪੇ ’ਚ ਹੋਰ ਤਰ੍ਹਾਂ। ਭਾਸ਼ਾ ਦੇ ਪਛਾਣ ਚਿੰਨ੍ਹ ਸਬੰਧਕ ਅਤੇ ਕਿਰਿਆ ਰੂਪ ਹੁੰਦੇ ਹਨ। ਪੰਜਾਬ ਵਿਚ ਦਾ, ਦੀ ਅਤੇ ਕਾ, ਕੀ ਦੋਵੇਂ ਪ੍ਰਚੱਲਤ ਹਨ। ਅਸੀਂ ਕਿਸੇ ਨੂੰ ‘ਰਾਮੇ ਕੇ, ਸ਼ਾਮੇ ਕੇ’ ਆਖ ਦਿੰਦੇ ਹਾਂ। ਕਈ ਅਨਾੜੀ ਲੋਕ ‘ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ’ ਵਿਚਲੇ ‘ਕਾ’ ਨੂੰ ‘ਦਾ’ ਅਤੇ ‘ਕੀ’ ਨੂੰ ‘ਦੀ’ ਕਹਿ ਦਿੰਦੇ ਹਨ, ਜੋ ਕੰਨਾਂ ਵਿਚ ਕਚਿਆਣ ਜਿਹੀ ਭਰ ਦਿੰਦਾ ਹੈ। ਜਗਰਾਤੇ ਵਾਲੇ ‘ਜੈ ਮਾਤਾ ਦੀ’ ਨੂੰ ਜੇਕਰ ‘ਜੈ ਮਾਤਾ ਕੀ’ ਆਖ ਦੇਣ ਤਾਂ ਅਵੱਗਿਆ ਜਿਹੀ ਲੱਗਦੀ ਹੈ।

ਅਵਤਾਰ ਸਿੰਘ (ਪ੍ਰੋ.)

ਭਾਸ਼ਾ ਦਾ ਇਕ ਰੂਪ ਬੋਲਿਆ ਜਾਂਦਾ ਹੈ ਤੇ ਦੂਸਰਾ ਅੱਖਰਾਂ ਵਿਚ ਲਿਖਿਆ ਜਾਂਦਾ ਹੈ ਜਿਸਨੂੰ ਲਿੱਪੀ ਕਹਿੰਦੇ ਹਨ। ਲਿੱਪੀਆਂ ਤਿੰਨ ਤਰ੍ਹਾਂ ਦੀਆਂ ਹਨ: ਅਲਫਾਬੈਟਿਕ, ਪਿਕਟੋਰੀਅਲ ਅਤੇ ਸਿਲੇਬਰੀ। ਅਲਫਾਬੈਟਿਕ ਲਿੱਪੀਆਂ ਉਹ ਹਨ ਜਿਨ੍ਹਾਂ ਦੇ ਅੱਖਰ ਕੇਵਲ ਇਕ ਧੁਨੀ ਨੂੰ ਪੇਸ਼ ਕਰਦੇ ਹਨ। ਪਿਕਟੋਰੀਅਲ ਲਿੱਪੀ ਉਹ ਹੈ ਜਿੱਥੇ ਕੋਈ ਵੀ ਅੱਖਰ ਇਕ ਚਿੱਤਰ ਹੁੰਦਾ ਹੈ, ਜੋ ਕਿਸੇ ਧੁਨੀ ਨੂੰ ਨਹੀਂ, ਬਲਕਿ ਵਿਸ਼ੇਸ਼ ਅਰਥ ਨੂੰ ਪੇਸ਼ ਕਰਦਾ ਹੈ। ਸਿਲੇਬਰੀ ਲਿੱਪੀ ਵਿਚ ਕੋਈ ਅੱਖਰ ਧੁਨੀ ਨੂੰ ਨਹੀਂ, ਸ਼ਬਦਾਂਸ਼ ਨੂੰ ਪੇਸ਼ ਕਰਦਾ ਹੈ।
ਇਸ ਨੁਕਤੇ ਤੋਂ ਦੇਵਨਾਗਰੀ ਅਰਧ-ਸਿਲੇਬਰੀ ਲਿੱਪੀ ਹੈ, ਜਿਸ ਵਿਚ ਇਕ ਅੱਖਰ ਇਕ ਤੋਂ ਵਧੀਕ ਧੁਨੀਆਂ ਜਾਂ ਸ਼ਬਦਾਂਸ਼ ਲਈ ਨਿਸ਼ਚਿਤ ਹੁੰਦਾ ਹੈ। ਇਸ ਪੱਖ ਤੋਂ ਦੇਵਨਾਗਰੀ ਲਿੱਪੀ ਅਵਿਗਿਆਨਕ ਕਹੀ ਜਾਂਦੀ ਹੈ। ਕਿਸੇ ਵੀ ਸੱਭਿਆਚਾਰ ਵਿਚ ਧੁਨੀਆਤਮਕ ਤਬਦੀਲੀ ਹੁੰਦੀ ਰਹਿੰਦੀ ਹੈ। ਤੁਲਸੀਦਾਸ ਅਤੇ ਸੂਰਦਾਸ ਦੇ ਸਮੇਂ ਸੰਸਕ੍ਰਿਤ ਦੀਆਂ ਕਈ ਧੁਨੀਆਂ ਦੀ ਹੋਂਦ ਖ਼ਤਮ ਹੋ ਚੁੱਕੀ ਸੀ। ਬੇਸ਼ੱਕ ਦੇਵਨਾਗਰੀ ਵਿਚ ‘ਸ਼’ ਲਈ ਦੋ ਅੱਖਰ ਨਿਸ਼ਚਿਤ ਸਨ, ਪਰ ਉਸ ਵੇਲੇ ‘ਸ਼’ ਦੀ ਧੁਨੀ ਲੋਪ ਹੋ ਚੁੱਕੀ ਸੀ। ਸੂਰਦਾਸ ਨੇ ‘ਸੂਰਸਾਗਰ’ ਵਿਚ ਸ਼ਬਦ ਨੂੰ “ਸਬਦ” ਲਿਖਿਆ। ਤੁਲਸੀਦਾਸ ਨੇ ‘ਰਮਾਇਣ’ ਵਿਚ ਸ਼ੂਦਰ ਨੂੰ “ਸੂਦਰ” ਅਤੇ ਪਸ਼ੂ ਨੂੰ “ਪਸੂ” ਲਿਖਿਆ। ਅਚਾਰੀਆ ਰਜਨੀਸ਼ ‘ਸ਼’ ਦੀ ਧੁਨੀ ਵਾਲੇ ਸ਼ਬਦਾਂ ਨੂੰ ‘ਸ’ ਕਰਕੇ ਬੋਲਦੇ ਸਨ। ਅੱਜ ਵੀ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿਚ ‘ਸ਼’ ਨੂੰ ‘ਸ’ ਬੋਲਿਆ ਜਾਂਦਾ ਹੈ। ਕਨ੍ਹੱਈਆ ਕੁਮਾਰ ਵੀ ਸ਼ਾਸਤਰੀ ਨੂੰ “ਸਾਸਤਰੀ” ਬੋਲਦਾ ਹੈ। ਇਹ ਹਿੰਦੀ ਨਹੀਂ ਹੈ। ਹਿੰਦੀ ਸਿਰਫ਼ ਰੇਡਿਓ ’ਤੇ ਬੋਲੀ ਜਾਂਦੀ ਹੈ ਜਾਂ ਫਿਰ ਪੜ੍ਹੇ ਲਿਖੇ ਲੋਕ ਸਿਆਸੀ ਚੇਤਨਾ ਅਧੀਨ ਬੋਲਦੇ ਹਨ। ਉਨ੍ਹਾਂ ਨੂੰ ਆਪਣੀ ਮਾਤ ਭਾਸ਼ਾ ਵਿਚ ਬੋਲਣਾ ਅਨਪੜ੍ਹਤਾ ਲੱਗਦਾ ਹੈ। ਗੁਰੂ ਸਾਹਿਬਾਨ ਦੇ ਸਮੇਂ ਪੰਜਾਬ ਵਿਚ ਕੇਵਲ ਪੈਂਤੀ ਧੁਨੀਆਂ ਸਨ। ਇਕ ਧੁਨੀ ਲਈ ਇਕ ਅੱਖਰ ਦੇ ਹਿਸਾਬ ਪੈਂਤੀ ਅੱਖਰ ਰੱਖੇ ਗਏ। ਗੁਰਮੁਖੀ ਨੂੰ ਪੈਂਤੀ ਵੀ ਕਹਿੰਦੇ ਹਨ। ਪੈਂਤੀ ਧੁਨੀਆਂ, ਪੈਂਤੀ ਅੱਖਰ ਅਤੇ ਪੈਂਤੀ ਨਾਂ। ਇਸੇ ਕਰਕੇ ਗੁਰਮੁਖੀ ਲਿੱਪੀ ਦੇਵਨਾਗਰੀ ਵਾਲੇ ਸੈਮੀ ਸਿਲੇਬਰੀ ਦੋਸ਼ ਤੋਂ ਮੁਕਤ ਹੈ।
ਭਾਸ਼ਾ ਦਾ ਸਬੰਧ ਸੱਭਿਆਚਾਰ ਨਾਲ ਹੈ। ਰਾਜਨੀਤੀ ਅਤੇ ਧਰਮ ਦੀ ਆੜ ਹੇਠ ਇਸਨੂੰ ਦਬੇਲ ਬਣਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਪੰਜਾਬੀ ਭਾਸ਼ਾ ਧਰਤੀ ਦੇ ਵਿਸ਼ਾਲ ਖੇਤਰਾਂ ਤਕ ਫੈਲੀ ਹੋਈ ਹੈ। ਕਿਸੇ ਪ੍ਰਕਿਰਤਕ ਅਤੇ ਕੁਦਰਤੀ ਭਾਸ਼ਾ ਨੂੰ ਅਪ੍ਰਕਿਰਤਕ ਭਾਸ਼ਾ ਦੀਆਂ ਧਮਕੀਆਂ ਮਿਲਣੀਆਂ ਦੇਸ਼ ਦੇ ਹਿੱਤ ਵਿਚ ਨਹੀਂ ਹਨ।
ਸੰਪਰਕ: 94175-18384


Comments Off on ਪੰਜਾਬੀ ਅਤੇ ਹਿੰਦੀ ਲਈ ਹੇਜ ਦਾ ਸੱਚ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.