ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਪੈਸੇ ਪੈਸੇ ਲਈ ਮੁਥਾਜ ਹੋਏ ਕਸ਼ਮੀਰੀ ਵਿਦਿਆਰਥੀ

Posted On September - 10 - 2019

ਚਰਨਜੀਤ ਭੁੱਲਰ
ਬਠਿੰਡਾ, 9 ਸਤੰਬਰ

ਕਸ਼ਮੀਰੀ ਵਿਦਿਆਰਥੀਆਂ ਨਾਲ ਮੀਟਿੰਗ ਕਰਦੇ ਹੋਏ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਪ੍ਰਬੰਧਕ।

ਬਠਿੰਡਾ ਖ਼ਿੱਤੇ ’ਚ ਪੜ੍ਹਦੇ ਕਸ਼ਮੀਰੀ ਵਿਦਿਆਰਥੀ ਹੱਥ ਘੁੱਟ ਕੇ ਬੁੱਤਾ ਸਾਰ ਰਹੇ ਹਨ ਤੇ ਉਨ੍ਹਾਂ ਨੂੰ ਪੈਸੇ ਲਈ ਇੱਧਰੋਂ ਉੱਧਰੋਂ ਪ੍ਰਬੰਧ ਕਰਨੇ ਪੈ ਰਹੇ ਹਨ। ਕਈ ਵਿਦਿਆਰਥੀ ਉਧਾਰ ਲੈ ਕੇ ਦਿਨ ਕਟੀ ਕਰ ਰਹੇ ਹਨ। ਬਠਿੰਡਾ ਜ਼ਿਲ੍ਹੇ ਵਿਚ 1500 ਦੇ ਕਰੀਬ ਕਸ਼ਮੀਰੀ ਵਿਦਿਆਰਥੀ ਪੜ੍ਹ ਰਹੇ ਹਨ। ਕੇਂਦਰ ਸਰਕਾਰ ਤਰਫ਼ੋਂ ਜਦੋਂ ਧਾਰਾ 370 ਨੂੰ ਰੱਦ ਕੀਤਾ ਗਿਆ ਤਾਂ ਉਦੋਂ ਕਰੀਬ ਇੱਕ ਹਫਤਾ ਕਸ਼ਮੀਰੀ ਵਿਦਿਆਰਥੀ ਤਖਤ ਦਮਦਮਾ ਸਾਹਿਬ ਤੋਂ ਲੰਗਰ ਛਕਦੇ ਰਹੇ। ਉਸ ਮਗਰੋਂ ਖਾਲਸਾ ਏਡ ਤਰਫ਼ੋਂ ਇਨ੍ਹਾਂ ਵਿਦਿਆਰਥੀਆਂ ਨੂੰ ਰਾਸ਼ਨ ਭੇਜਿਆ ਗਿਆ। ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ 10 ਸਤੰਬਰ ਨੂੰ ਦਮਦਮਾ ਸਾਹਿਬ ਦੀ ਗੁਰੂ ਕਾਸ਼ੀ ਯੂਨੀਵਰਸਿਟੀ ਪੁੱਜ ਰਹੇ ਹਨ ਜਿਥੇ ਉਹ ਕਸ਼ਮੀਰੀ ਵਿਦਿਆਰਥੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਜਾਣਨਗੇ। ਇਸ ਬਾਰੇ ਬੀਰ ਦਵਿੰਦਰ ਸਿੰਘ ਨੇ ਅੱਜ ’ਵਰਸਿਟੀ ਅਥਾਰਟੀ ਨੂੰ ਅਗਾਊਂ ਸੂਚਨਾ ਵੀ ਭੇਜ ਦਿੱਤੀ ਹੈ। ਦੱਸਣਯੋਗ ਹੈ ਕਿ ਗੁਰੂ ਕਾਸ਼ੀ ਯੂਨੀਵਰਸਿਟੀ ਵਿਚ ਸਵਾ ਦੋ ਸੌ ਕਸ਼ਮੀਰੀ ਵਿਦਿਆਰਥੀ ਪੜ੍ਹ ਰਹੇ ਹਨ ਜਿਨ੍ਹਾਂ ’ਚੋਂ ਕੁਝ ਨੇ ਬੀਰਦਵਿੰਦਰ ਨਾਲ ਰਾਬਤਾ ਕਾਇਮ ਕਰਕੇ ਆਪਣੀਆਂ ਤਕਲੀਫ਼ਾਂ ਤੋਂ ਜਾਣੂ ਕਰਾਇਆ ਸੀ।
ਬਹੁਤੇ ਕਸ਼ਮੀਰੀ ਵਿਦਿਆਰਥੀ ਯੂਨੀਵਰਸਿਟੀ ਦੇ ਹੋਸਟਲ ਵਿਚ ਰਹਿ ਰਹੇ ਹਨ ਜਦੋਂ ਕਿ ਤਿੰਨ ਦਰਜਨ ਵਿਦਿਆਰਥੀ ਤਲਵੰਡੀ ਸਾਬੋ ਵਿਚ ਪੀ.ਜੀ ਵਿਚ ਰਹਿ ਰਹੇ ਹਨ। ਬੀ.ਫਾਰਮੇਸੀ ਦੇ ਕਸ਼ਮੀਰੀ ਵਿਦਿਆਰਥੀ ਸ਼ੌਕਤ ਨੇ ਦੱਸਿਆ ਕਿ ਪੀ.ਜੀ ਮਾਲਕਾਂ ਨੂੰ ਹਾਲੇ ਕਿਰਾਇਆ ਦੇਣਾ ਹੈ ਅਤੇ ਉਨ੍ਹਾਂ ਨੇ ਰੋਜ਼ਾਨਾ ਦੇ ਖਰਚ ਲਈ ਇੱਕ ਦੂਸਰੇ ਤੋਂ ਉਧਾਰ ਪੈਸੇ ਲੈ ਕੇ ਕੰਮ ਚਲਾਇਆ ਹੈ। ਇਹ ਵੀ ਪਤਾ ਲੱਗਾ ਹੈ ਕਿ ਪੀ.ਜੀ ਮਾਲਕਾਂ ਨੇ ਇਨ੍ਹਾਂ ਵਿਦਿਆਰਥੀਆਂ ਦੀ ਮੁਸ਼ਕਲ ਨੂੰ ਦੇਖਦੇ ਹੋਏ ਕਿਰਾਏ ਵਿਚ ਮੋਹਲਤ ਦੇ ਦਿੱਤੀ ਹੈ। ਯੂਨੀਵਰਸਿਟੀ ਦੇ ਵਿਦਿਆਰਥੀ ਅਮੀਰ ਖਾਨ ਨੇ ਦੱਸਿਆ ਕਿ ਹੁਣ ਥੋੜ੍ਹੀ ਰਾਹਤ ਮਿਲੀ ਹੈ ਅਤੇ ਸੁਰੱਖਿਆ ਦਾ ਵੀ ਕੋਈ ਮਸਲਾ ਨਹੀਂ ਹੈ।
ਦੂਸਰੇ ਪਾਸੇ ਸਾਬਕਾ ਡਿਪਟੀ ਸਪੀਕਰ ਦੀ ਫੇਰੀ ਤੋਂ ਪਹਿਲਾਂ ਅੱਜ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਪ੍ਰਬੰਧਕਾਂ ਨੇ ਕਸ਼ਮੀਰੀ ਵਿਦਿਆਰਥੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਪਲੋਸਿਆ ਹੈ ਤੇ ਜੰਮੂ ਕਸ਼ਮੀਰ ਵੈਲਫੇਅਰ ਵਿਦਿਆਰਥੀ ਅਤੇ ਅਧਿਆਪਕ ਕਮੇਟੀ ਦਾ ਗਠਨ ਵੀ ਕਰ ਦਿੱਤਾ ਹੈ। ਡਾਇਰੈਕਟਰ (ਵਿੱਤ) ਡਾ. ਨਰਿੰਦਰ ਸਿੰਘ ਅਤੇ ਡੀਨ ਅਕਾਦਮਿਕ ਡਾ. ਹਰਜਿੰਦਰ ਸਿੰਘ ਰੋਜ਼ ਨੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ ’ਵਰਸਿਟੀ ਤਰਫੋਂ ਕਸ਼ਮੀਰੀ ਵਿਦਿਆਰਥੀ ਨੂੰ ਵਰਸਿਟੀ ਫੀਸ, ਹੋਸਟਲ ਫੀਸ ਅਤੇ ਬਾਕੀ ਖਰਚੇ ਜਮ੍ਹਾਂ ਕਰਾਉਣ ਵਿਚ ਮੋਹਲਤ ਦਿੱਤੀ ਗਈ ਹੈ। ਇਨ੍ਹਾਂ ਵਿਦਿਆਰਥੀ ਲਈ ਡਾ. ਸਨੀ ਅਰੋੋੜਾ ਦੀ ਅਗਵਾਈ ਵਿਚ ਹੈਲਪਲਾਈਨ ਵੀ ਬਣਾਈ ਗਈ ਹੈ।
ਥਾਣਾ ਤਲਵੰਡੀ ਦੇ ਮੁੱਖ ਥਾਣਾ ਅਫਸਰ ਸੁਨੀਲ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਸ਼ਮੀਰੀ ਵਿਦਿਆਰਥੀਆਂ ਵਾਲੇ ਪੀ.ਜੀ ਏਰੀਏ ਵਿਚ ਸਪੈਸ਼ਲ ਗਸ਼ਤ ਲਾਈ ਹੋਈ ਹੈ ਅਤੇ ਇਨ੍ਹਾਂ ਵਿਦਿਆਰਥੀਆਂ ਨਾਲ ਪਹਿਲਾਂ ਮੀਟਿੰਗਾਂ ਵੀ ਹੋ ਚੁੱਕੀਆਂ ਹਨ। ਵੇਰਵਿਆਂ ਅਨੁਸਾਰ ਆਦੇਸ਼ ਯੂਨੀਵਰਸਿਟੀ ਵਿਚ ਵੀ 800 ਤੋਂ ਜ਼ਿਆਦਾ ਕਸ਼ਮੀਰੀ ਵਿਦਿਆਰਥੀ ਪੜ੍ਹ ਰਹੇ ਹਨ ਜੋ ਹੋਸਟਲ ਤੋਂ ਇਲਾਵਾ ਪੀ.ਜੀ ਵਿਚ ਵੀ ਰਹਿ ਰਹੇ ਹਨ। ਯੂਨੀਵਰਸਿਟੀ ਨੇੜਲੇ ਇੱਕ ਪੀ.ਜੀ. ਮਾਲਕ ਪ੍ਰਿੰਸ ਨੇ ਦੱਸਿਆ ਕਿ ਕਸ਼ਮੀਰੀ ਵਿਦਿਆਰਥੀ ਦੋ-ਦੋ ਮਹੀਨੇ ਦਾ ਕਿਰਾਇਆ ਨਹੀਂ ਦੇ ਸਕੇ ਹਨ। ਇੱਕ ਹੋਰ ਪੀ.ਜੀ ਮਾਲਕ ਨੇ ਦੱਸਿਆ ਕਿ ਇਹ ਵਿਦਿਆਰਥੀ ਕਾਫੀ ਤੰਗੀ ਵਿਚ ਹਨ ਅਤੇ ਕਿਰਾਇਆ ਨਹੀਂ ਤਾਰ ਰਹੇ ਹਨ। ਬਠਿੰਡਾ ਦੀ ਕੇਂਦਰੀ ਵਰਸਿਟੀ ਵਿਚ ਵੀ ਵੱਡੀ ਗਿਣਤੀ ਕਸ਼ਮੀਰੀ ਵਿਦਿਆਰਥੀ ਹਨ।
ਇਨ੍ਹਾਂ ਵਿਦਿਆਰਥੀਆਂ ਨੇ ਦੱਸਿਆ ਕਿ ਕੁਝ ਕੁ ਵਿਦਿਆਰਥੀਆਂ ਦਾ ਕਸ਼ਮੀਰ ਵਿਚ ਮਾਪਿਆਂ ਨਾਲ ਹੁਣ ਸੰਪਰਕ ਹੋਇਆ ਹੈ। ਉਹ ਸਥਾਨਕ ਲੋਕਾਂ ਤੋਂ ਉਧਾਰ ਲੈ ਕੇ ਆਪਣਾ ਕੰਮ ਚਲਾ ਰਹੇ ਹਨ। ਇਨ੍ਹਾਂ ਵਿਦਿਆਰਥੀਆਂ ਨੇ ਇੱਕ ਮਹੀਨੇ ਤੋਂ ਸ਼ਹਿਰ ਵਿਚ ਵੀ ਜਾਣਾ ਬੰਦ ਕੀਤਾ ਹੋਇਆ ਹੈ ਅਤੇ ਖਰਚੇ ਘਟਾ ਕੇ ਡੰਗ ਟਪਾ ਰਹੇ ਹਨ। ਬਹੁਤੇ ਵਿਦਿਆਰਥੀ ਮਾਪਿਆਂ ਨਾਲ ਸੰਪਰਕ ਬਣਾਉਣ ਵਿਚ ਜੁਟੇ ਹੋਏ ਹਨ।

 


Comments Off on ਪੈਸੇ ਪੈਸੇ ਲਈ ਮੁਥਾਜ ਹੋਏ ਕਸ਼ਮੀਰੀ ਵਿਦਿਆਰਥੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.