85 ਪਿੰਡਾਂ ਦੇ ਲੋਕਾਂ ਨੂੰ ਮਾਰੂ ਰੋਗਾਂ ਤੋਂ ਬਚਾਏਗਾ ਨਹਿਰੀ ਸ਼ੁੱਧ ਪਾਣੀ !    ਕੋਰੇਗਾਓਂ-ਭੀਮਾ ਕੇਸ ਵਾਪਸ ਲੈਣਾ ਚਾਹੁੰਦੇ ਹਾਂ: ਪਾਟਿਲ !    ਮੋਬਾਈਲ ’ਚੋਂ ਵਾਇਰਸ ਰਾਹੀਂ ਜਾਸੂਸੀ ਚਿੰਤਾ ਦਾ ਵਿਸ਼ਾ !    ਯੂਨਾਈਟਿਡ ਏਅਰਲਾਈਨਜ਼ ਨੇ 50 ਏਅਰਬੱਸ ਜਹਾਜ਼ਾਂ ਦਾ ਆਰਡਰ ਦਿੱਤਾ !    ਸਰਹੱਦਾਂ ’ਤੇ ਤਾਇਨਾਤ ਭਾਰਤੀ ਫ਼ੌਜ ਪੂਰੀ ਚੌਕਸ: ਰਾਜਨਾਥ !    ਡਿਜੀਟਲ ਮੀਡੀਆ ’ਤੇ ਸਰਕਾਰੀ ਲਗਾਮ ਕੱਸਣ ਦੀਆਂ ਤਿਆਰੀਆਂ !    ਸੋਸ਼ਲ ਮੀਡੀਆ ਤੇ ਧੋਖਾਧੜੀਆਂ: ਬਚਾਅ ਵਿਚ ਹੀ ਬਚਾਅ ਹੈ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੌਜਵਾਨ ਸੋਚ: ਪੰਜਾਬ ’ਚ ਵਾਤਾਵਰਨ ਦਾ ਸੰਕਟ !    ਵਿਧਾਇਕ ਚੱਬੇਵਾਲ ਵੱਲੋਂ ਨਿਰਮਾਣ ਕਾਰਜਾਂ ਦਾ ਜਾਇਜ਼ਾ !    

ਪਿਆਰ, ਸੁਰੱਖਿਆ, ਅਸੀਂ ਤੇ ਡਰੋਨ – ਪੀਜ਼ਾ ਕਿ ਬੰਬ?

Posted On September - 16 - 2019

ਐੱਸ ਪੀ ਸਿੰਘ
ਜਦੋਂ ਸਤੰਬਰ 2001 ਵਿਚ ਅਮਰੀਕਾ ਦੇ ਵਰਲਡ ਟਰੇਡ ਟਾਵਰਜ਼ ਵਿੱਚ ਜਹਾਜ਼ ਜਾ ਵੱਜੇ ਸਨ ਤਾਂ ਦੁਨੀਆਂ ਹਿੱਲ ਗਈ ਸੀ। ਕੌਣ, ਕਿਵੇਂ ਅਤੇ ਕਿੰਨਾ ਸੁਰੱਖਿਅਤ ਹੈ ਜਾਂ ਰਹਿ ਸਕਦਾ ਹੈ, ਇਹਦੇ ਬਾਰੇ ਸਮਝ ਬਦਲ ਗਈ ਸੀ। ਪਰ ਕੁਝ ਦਿਨ ਪਹਿਲੋਂ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ 9/11 ਆਤੰਕੀ ਹਮਲੇ ਦੀ 18ਵੀਂ ਸਾਲਾਨਾ ਯਾਦ-ਸਭਾ ਮੌਕੇ ਕਿਹਾ ਕਿ ਜੇ ਹੁਣ ਕਿਸੇ ਦਹਿਸ਼ਤਵਾਦੀ ਨੇ ਐਸਾ ਕੋਈ ਕਾਰਾ ਕਰਨ ਲਈ ਅਮਰੀਕਾ ਵੱਲ ਮੂੰਹ ਕੀਤਾ ਤਾਂ ਉਹਨੂੰ ਏਨੀ ਤਾਕਤ ਦਾ ਸਾਹਮਣਾ ਕਰਨਾ ਪਵੇਗਾ ਜਿੰਨੀ ਅਮਰੀਕਾ ਨੇ ਅੱਜ ਤੱਕ ਨਹੀਂ ਵਰਤੀ ਤਾਂ ਮੇਰਾ ਹਾਸਾ ਨਿਕਲ ਗਿਆ ਸੀ।
ਮੈਂ ਇਹ ਬੜੀ ਸੰਜੀਦਾ ਜਿਹੀ ਸ਼ੋਕ-ਸਭਾ ਇੱਕ ਅੰਤਰਰਾਸ਼ਟਰੀ ਟੀਵੀ ਚੈਨਲ ’ਤੇ ਵੇਖ ਰਿਹਾ ਸਾਂ। ਝੱਟ ਹਾਸਾ ਰੋਕ ਮੈਂ ਸ਼ੁਕਰ ਕੀਤਾ ਕਿ ਘਰ ਵਿੱਚ ਇਕੱਲਾ ਹੀ ਸਾਂ ਤੇ ਕਿਸੇ ਨੇ ਮੈਨੂੰ ਏਨੀ ਸੋਗਵਾਰ ਸਭਾ ਦੀ ਕਾਰਵਾਈ ਵੇਖਦਿਆਂ ਹੱਸਦੇ ਨਹੀਂ ਸੀ ਵੇਖਿਆ। ਟਰੰਪ ਤਾਂ ਮੂਰਖ ਹੈ, ਤੂੰ ਕਿਉਂ ਹੱਸਿਆ? ਮੈਂ ਆਪਣੇ ਆਪ ਨੂੰ ਲਾਹਨਤ ਪਾ ਰਿਹਾ ਸਾਂ।
ਇਹ ਸਤਰਾਂ ਲਿਖਣ ਤੋਂ 24 ਘੰਟੇ ਪਹਿਲਾਂ ਯਮਨ ਦੇ ਹੂਤੀ ਬਾਗ਼ੀਆਂ ਨੇ ਡਰੋਨ ਭੇਜ ਸਾਊਦੀ ਅਰਬ ਦੀਆਂ ਵੱਡੀਆਂ ਤੇਲ ਕੰਪਨੀਆਂ ’ਤੇ ਹਮਲਾ ਕਰ ਦਿੱਤਾ। ਦੁਨੀਆ ਭਰ ਦੀ ਤੇਲ ਮੰਡੀ ਤਾਂ ਹਿੱਲ ਹੀ ਗਈ, ਪਰ ਕਈ ਮਾਅਨਿਆਂ ਵਿੱਚ ਇਸ ਡਰੋਨ ਹਮਲੇ ਨੇ 9/11 ਵਾਂਗ ਹੀ ਸੁਰੱਖਿਆ ਬਾਰੇ ਅੰਤਰਰਾਸ਼ਟਰੀ ਸਮਝ ਨੂੰ ਇੱਕ ਵਾਰੀ ਫਿਰ ਚੁਣੌਤੀ ਦਿੱਤੀ ਹੈ।
ਭਾਰਤੀ ਮੀਡੀਆ ਨੇ ਭਾਵੇਂ ਅੰਤਰਰਾਸ਼ਟਰੀ ਖ਼ਬਰਾਂ ਨਾਲ ਸਾਡੇ ਮਤਰੇਏ ਰਿਸ਼ਤੇ ਦੀ ਤਰਜ਼ ’ਤੇ ਚੱਲਦਿਆਂ ਇਸ ਖ਼ਬਰ ਨੂੰ ਬਹੁਤੀ ਮਹੱਤਤਾ ਨਹੀਂ ਦਿੱਤੀ, ਪਰ ਇਨ੍ਹਾਂ ਡਰੋਨ ਹਮਲਿਆਂ ਨੇ ਬਹੁਤ ਕੁਝ ਬਦਲ ਦਿੱਤਾ ਹੈ। ਜੋ ਕੁਝ ਕਰਨ ਲਈ ਪਹਿਲਾਂ ਘੱਟੋ-ਘੱਟ ਇੱਕ ਮੁਲਕ ਚਾਹੀਦਾ ਸੀ, ਕਰੋੜਾਂ ਡਾਲਰ, ਹਵਾਈ ਫ਼ੌਜ, ਹਵਾਈ ਅੱਡਾ ਜਾਂ ਕਿਸੇ ਵੱਡੇ ਸਮੁੰਦਰੀ ਜੰਗੀ ਬੇੜੇ ਦੀ ਹਵਾਈ ਪੱਟੀ ਅਤੇ ਅਤਿ-ਸੂਖ਼ਮ ਤਕਨੀਕ ਲੋੜੀਂਦੀ ਸੀ, ਉਹ ਸਭ ਹੁਣ ਕੋਈ ਸਿਰ-ਸੜਿਆ ਕੁਝ ਹਜ਼ਾਰ ਡਾਲਰ ਖਰਚ ਕੇ ਇੱਕ ਕਮਰੇ ਵਿੱਚ ਬੈਠ ਕੇ ਤਿਆਰੀ ਕਰ, ਨੇਪਰੇ ਚਾੜ੍ਹ ਸਕਦਾ ਹੈ।
14 ਸਤੰਬਰ ਦਾ ਇਹ ਡਰੋਨ ਹਮਲਾ ਅੰਤਰਰਾਸ਼ਟਰੀ ਭੂ-ਸਿਆਸੀ ਦ੍ਰਿਸ਼ ਹੀ ਨਹੀਂ ਬਦਲੇਗਾ ਬਲਕਿ ਸਾਡੀ ਅੰਦਰੂਨੀ ਸਿਆਸਤ ਅਤੇ ਇੱਥੋਂ ਤੱਕ ਕਿ ਸਾਡਾ ਆਪਸੀ ਫਿਰਕੇਦਾਰਾਨਾ ਰਵੱਈਆ ਵੀ ਪ੍ਰਭਾਵਿਤ ਕਰੇਗਾ। ਭੂਗੋਲ ਕਿੰਝ ਸੁੰਗੜਦਾ ਹੈ ਅਤੇ ਹਜ਼ਾਰਾਂ ਮੀਲ ਦੂਰ ਹੁੰਦੀ ਕੋਈ ਘਟਨਾ ਕਿਵੇਂ ਸਾਡੇ ਨਿੱਜ ਨਾਲ ਸਿੱਧਾ ਸੰਬੰਧ ਰੱਖਦੀ ਹੈ, ਇਸ ਨੂੰ ਸਮਝਣ ਦੀ ਲੋੜ ਹੈ।
1949 ਵਾਲੀ ਵਾਸ਼ਿੰਗਟਨ ਟਰੀਟੀ, ਜਿਸ ਨੂੰ ਵਧੇਰੇ ਕਰਕੇ ਨਾਟੋ ਦੇ ਨਾਮ ਨਾਲ ਜਾਣਿਆ ਜਾਂਦਾ ਹੈ, 1991 ਆਉਂਦਿਆਂ-ਆਉਂਦਿਆਂ ਆਪਣਾ ਵੇਲਾ ਵਿਹਾ ਗਈ ਸੀ, ਪਰ ਫਿਰ ਇਹਨੇ ਨਵਾਂ ਰੂਪ ਲਿਆ। ਬੋਸਨੀਆ, ਕੋਸੋਵੋ ਅਤੇ ਸਰਬੀਆ ਤੋਂ ਬਾਅਦ ਅਫ਼ਗਾਨਿਸਤਾਨ ਤੇ ਲਿਬੀਆ ਵਿੱਚ ਅਮਰੀਕੀ ਦਖ਼ਲਅੰਦਾਜ਼ੀ ਨੇ ਨਾਟੋ ਨੂੰ ਆਪਣੇ ਅਸਲੀ ਜਾਮੇ ਤੋਂ ਬਾਹਰ ਆ ਵਿਸਥਾਰ ਕਰਦਿਆਂ ਵੇਖਿਆ। ਕਿਤੇ ਕੋਈ ਰੂਸ-ਯੂਰੋਪ ਸਮੀਕਰਨ ਹੀ ਨਾ ਬਣ ਜਾਵੇ, ਇਹ ਡਰ ਵੀ ਅਮਰੀਕਾ ਨੂੰ ਸਤਾ ਰਿਹਾ ਸੀ। ਸੁਰੱਖਿਆ ਲਈ ਇਕੱਠੇ ਹੋਵੋ, ਹਥਿਆਰਾਂ ਨਾਲ ਲੈਸ ਹੋਵੋ, ਇਹ ਸਮਝ ਸਰਬ-ਪ੍ਰਵਾਨਿਤ ਸੀ। ਸੁਰੱਖਿਆ ਲਈ ਹਥਿਆਰ ਚਾਹੀਦੇ ਹੁੰਦੇ ਹਨ, ਇਹ ਤਰਕ ਤਮਾਮ ਵਿਰੋਧੀ ਸਬੂਤਾਂ ਦੇ ਬਾਵਜੂਦ ਸੁਖਾਲਿਆਂ ਹੀ ਉਸਾਰਿਆ, ਵੰਡਿਆ, ਪ੍ਰਚਾਰਿਆ ਜਾਂਦਾ ਰਿਹਾ।
ਵਪਾਰ ਦੇ ਸਦੀਵੀ ਅਸੂਲ ਕਿ ‘‘ਜਿਸ ਵਸਤ ਦੀ ਪੈਦਾਵਾਰ ਵਧੇਰੀ, ਉਹਦਾ ਗਾਹਕ ਲੱਭ ਵੇਚੀ ਜਾਵੇ’’ ਵਿੱਚ ਇੱਕ ਅੜਚਣ ਸੀ। ਬਹੁਤਿਆਂ ਨੂੰ ਇਸ ਵਸਤ ਦੀ ਜ਼ਰੂਰਤ ਹੀ ਨਹੀਂ ਸੀ। ਪਰ ਅਮਰੀਕਾ ਦੀ ਹਥਿਆਰ ਸਨਅਤ ਬੇਹੱਦ ਵਿਕਸਤ ਹੋ ਚੁੱਕੀ ਸੀ ਅਤੇ ਧੜਾਧੜ ਮਾਲ ਬਣਾ ਰਹੀ ਸੀ, ਇਸ ਲਈ ਮੁਲਕਾਂ ਦੀ ਨਿਸ਼ਾਨਦੇਹੀ ਕਰ ਉਨ੍ਹਾਂ ਨੂੰ ਇਹ ਜਚਾਉਣਾ ਜ਼ਰੂਰੀ ਸੀ ਕਿ ਉਨ੍ਹਾਂ ਨੂੰ ਇਨ੍ਹਾਂ ਹਥਿਆਰਾਂ ਦੀ ਸਖ਼ਤ ਲੋੜ ਹੈ। ਦੱਖਣੀ ਕੋਰੀਆ ਨੂੰ ਉੱਤਰੀ ਹਮਸਾਏ ਤੋਂ ਖ਼ਤਰਾ ਹੈ, ਸਾਊਦੀ ਅਰਬ ਅਤੇ ਹੋਰ ਖਾੜੀ ਦੇਸ਼ਾਂ ਨੂੰ ਈਰਾਨ ਤੋਂ, ਕੋਲੰਬੀਆ ਨੂੰ ਵੈਨਜ਼ੂਏਲਾ ਤੋਂ, ਪੋਲੈਂਡ, ਬਾਲਟਿਕ ਦੇਸ਼ਾਂ ਅਤੇ ਯੂਕਰੇਨ ਨੂੰ ਰੂਸ ਤੋਂ, ਭਾਰਤ ਨੂੰ ਚੀਨ ਤੋਂ…
ਮਾਲ ਤਿਆਰ ਹੋ ਰਿਹਾ ਸੀ ਤਾਂ ਗਾਹਕ ਵੀ ਤਿਆਰ ਕੀਤਾ ਜਾ ਰਿਹਾ ਸੀ। ਈਰਾਨ ਦੇ ਡਰੋਂ ਸਾਊਦੀ ਅਰਬ 2013, 2015 ਅਤੇ 2017 ਵਿੱਚ ਦੁਨੀਆਂ ਦਾ ਦੂਜਾ ਸਭ ਤੋਂ ਜ਼ਿਆਦਾ ਹਥਿਆਰ ਆਯਾਤ ਕਰਨ ਵਾਲਾ ਦੇਸ਼ ਬਣ ਗਿਆ ਸੀ। ਪਹਿਲੇ ਨੰਬਰ ’ਤੇ ਅਸੀਂ ਸਾਂ। 2014 ਅਤੇ 2016 ਵਿੱਚ ਉਹ ਸਾਥੋਂ ਵੀ ਅੱਗੇ ਲੰਘਿਆ ਸੀ। ਸੰਯੁਕਤ ਅਰਬ ਅਮੀਰਾਤ ਦੀ ਕੁੱਲ ਆਬਾਦੀ ਦਿੱਲੀ ਤੋਂ ਅੱਧੀ ਹੈ, ਇਨ੍ਹਾਂ ਸਾਲਾਂ ਵਿੱਚ ਉਹ ਹਥਿਆਰ ਖਰੀਦਣ ਵਾਲਾ ਦੁਨੀਆ ਦਾ ਚੌਥਾ ਵੱਡਾ ਦੇਸ਼ ਸੀ।
ਤੁਸੀਂ ਚਿੰਤਾ ਨਾ ਕਰਨਾ, ਅਸੀਂ ਹੁਣ ਹਥਿਆਰਾਂ ਦੇ ਵੱਡੇ-ਵੱਡੇ ਆਰਡਰ ਦਿੱਤੇ ਹੋਏ ਹਨ, ਕਿਸੇ ਮਾਰੂ ਦੌੜ ਵਿੱਚ ਅਸੀਂ ਪਿੱਛੇ ਨਹੀਂ ਰਹਿਣ ਵਾਲੇ। ਗੁਰੂ ਭਲੀ ਕਰੇਗਾ। ਅਜੇ ਤਾਂ ਕੁੱਲ ਜਹਾਨ ਵਿੱਚ ਪਿਆਰ ਅਤੇ ਨਿਆਂ ਦਾ ਸੰਦੇਸ਼ ਦੇਣ ਵਾਲੇ ਦੀ 550ਵੀਂ ਵਰ੍ਹੇਗੰਢ ਮਨਾਉਂਦਿਆਂ ਨੇ ਵੀ ਜੱਗ ਵਿੱਚ ਹਥਿਆਰਾਂ ਦੀ ਦੌੜ ਰੋਕਣ ਵੱਲ ਧਿਆਨ ਕੇਂਦਰਤ ਕਰਨ ਦਾ ਕੋਈ ਮਨਸੂਬਾ ਨਹੀਂ ਘੜਿਆ। ਅਜੇ ਤਾਂ ਜੇ ਹਿੰਦ-ਪਾਕਿ ਕਸ਼ੀਦਗੀ ਦੇ ਬਾਵਜੂਦ ਲਾਂਘਾ ਹੀ ਸਮੇਂ-ਸਿਰ ਤਿਆਰ ਹੋ ਜਾਵੇ ਤਾਂ ਕੌਮੀ ਧਰਵਾਸ ਦਾ ਐਲਾਨਨਾਮਾ ਪੜ੍ਹ ਦਿੱਤਾ ਜਾਵੇਗਾ। ਧਰਮ ਉੱਤੇ ਆਈ ਮੁਸੀਬਤ ਟਾਲਣ ਅਤੇ ਬਦੀ ਉੱਤੇ ਧਰਮ ਦੀ ਜਿੱਤ ਲਈ ਤਾਂ ਹੁਣ ਕੋਈ ਮੁਟਿਆਰ ਆਪਣੇ ਗੈਰ-ਧਰਮੀ ਪਿਆਰ ਨੂੰ ਛੱਡ, ਘਰ ਮਾਪਿਆਂ ਕੋਲ ਮੁੜ ਆਵੇ ਅਤੇ ਇੰਜ ਕੱਲੀ-ਕਾਰੀ ਅਨਪੜ੍ਹ ਜਾਨ ਪੂਰੀ ਕੌਮ ਅਤੇ ਦੋ ਦੇਸ਼ਾਂ ਦੇ ਆਪਸੀ ਖੱਟੇ ਰਿਸ਼ਤਿਆਂ ਦਾ ਭਾਰ ਢੋਅ ਲਵੇ ਤਾਂ ਏਨੇ ਵਿੱਚੋਂ ਵੀ ਝੰਡਾ-ਗੱਡ ਜਿੱਤ ਪ੍ਰਾਪਤੀ ਦਾ ਅਹਿਸਾਸ ਕੀਤਾ ਜਾ ਸਕਦਾ ਹੈ।
ਪਰ ਹਥਿਆਰਾਂ ਦੀ ਦੌੜ, ਸਾਊਦੀ ਅਰਬ ਉੱਤੇ ਯਮਨ ਦੇ ਬਾਗ਼ੀਆਂ ਦੇ ਡਰੋਨ ਹਮਲੇ, ਪਾਕਿਸਤਾਨ ਵਿੱਚ ਕਿਸੇ ਸਿੱਖ ਪਰਿਵਾਰ ਦੀ ਲੜਕੀ ਦੀ ਮੁਹੱਬਤ ਕਥਾ ਅਤੇ ਸਾਡੀ ਸੁਰੱਖਿਆ ਪ੍ਰਤੀ ਪਹੁੰਚ ਵਿੱਚ ਆਪਸੀ ਕੀ ਰਿਸ਼ਤਾ ਹੈ ਅਤੇ ਇਹ ਸਾਡੇ ਨਿੱਜ ਨਾਲ ਕਿਵੇਂ ਜੁੜਿਆ ਹੋਇਆ ਹੈ?
ਇੰਨੇ ਮਾਰੂ ਹਥਿਆਰ ਖਰੀਦ ਕੇ ਸਾਊਦੀ ਅਰਬ ਕਿਉਂ ਇੰਨਾ ਅਸੁਰੱਖਿਅਤ ਹੀ ਰਹਿ ਗਿਆ ਕਿ ਇੱਕ ਝਟਕੇ ਵਿੱਚ ਉਹਦੀ ਸੁਰੱਖਿਆ ਅਤੇ ਆਰਥਿਕਤਾ ਕਿਸੇ ਨੇ ਥੋੜ੍ਹੇ ਜਿਹੇ ਪੈਸੇ ਖਰਚ, ਆਮ ਹੀ ਕਿਸੇ ਵਿਅਕਤੀ ਨੂੰ ਹਾਸਲ ਮਸ਼ੀਨੀ ਯੰਤਰ ਖਰੀਦ, ਸੈਂਕੜੇ ਮੀਲ ਦੂਰ ਬੈਠ ਕੇ ਹੀ ਹਿਲਾ ਕੇ ਰੱਖ ਦਿੱਤੀ?
ਆਧੁਨਿਕਤਾ ਨੇ ਸਾਨੂੰ ‘ਹਥਿਆਰਾਂ ਵਿੱਚੋਂ ਸੁਰੱਖਿਆ ਆਉਂਦੀ ਹੈ’ ਦੀ ਸਮਝ ਦਿੱਤੀ। ਹੁਣ ਆਧੁਨਿਕਤਾ ਹੀ ਅਜਿਹੀ ਤਕਨੀਕ ਅਤੇ ਮਨੁੱਖੀ ਸੋਚ ਦਾ ਵਿਕਾਸ ਕਰ ਰਹੀ ਹੈ ਜਿਹੜੀ ਕਿਸੇ ਨੂੰ ਸਿਖਾ ਰਹੀ ਹੈ ਕਿ ਅਤਿ ਸੂਖ਼ਮ ਅਤੇ ਮਾਰੂ ਹਥਿਆਰਾਂ ਵਾਲੀ ਸੁਰੱਖਿਆ ਨੂੰ ਚਾਰ ਛਿੱਲੜ ਖ਼ਰਚ ਕਿਵੇਂ ਤਹਿਸ-ਨਹਿਸ ਕਰਨਾ ਹੈ।
ਅਠਾਰਾਂ ਸਾਲ ਪਹਿਲਾਂ 9/11 ਨੇ ਅਮਰੀਕਾ ਨਾਲ ਇਹੀ ਕੀਤਾ ਸੀ। ਸ਼ਨਿੱਚਰਵਾਰ, 14 ਸਤੰਬਰ ਦੇ ਡਰੋਨ ਹਮਲਿਆਂ ਦਾ ਸਬਕ ਸਾਡੇ ਸਭਨਾਂ ਲਈ ਹੈ। ਇਹ ਹਾਲੀਆ ਇਤਿਹਾਸ ਵਿੱਚ ਸੁਰੱਖਿਆ ਨੂੰ ਨਿਸ਼ਚਿਤ ਕਰਨ ਲਈ ਲੜੀਆਂ ਗਈਆਂ ਲੜਾਈਆਂ ਉੱਤੇ ਵੀ ਗੰਭੀਰ ਸਵਾਲ ਚੁੱਕਦਾ ਹੈ। ਇਰਾਕ ਉੱਤੇ ਹਮਲਾ ਕਰਨ ਦੀ ਸਖ਼ਤ ਜ਼ਰੂਰਤ ਨੂੰ ਰੇਖਾਂਕਿਤ ਕਰਦੇ ਜਿਹੜੇ ਤੱਥਾਂ ਦਾ ਅਮਰੀਕਾ ਨੇ ਪ੍ਰਚਾਰ ਕੀਤਾ ਸੀ, ਉਹ ਵਧੇਰੇ ਕਰਕੇ ਝੂਠ ਸਾਬਤ ਹੋਏ ਸਨ। ‘ਚਿੱਟੇ ਘਰ’ ਵਿੱਚ ਰੰਗ ਵਾਲਾ ਥਾਣੇਦਾਰ ਆਇਆ ਤਾਂ ਵੀ ਪਹੁੰਚ ਨਹੀਂ ਬਦਲੀ। ਅਧਿਕਾਰਤ ਅੰਕੜਿਆਂ ਮੁਤਾਬਿਕ ਬਰਾਕ ਓਬਾਮਾ ਦੇ ਅੱਠਾਂ ਸਾਲਾਂ ਦੌਰਾਨ ਅਮਰੀਕੀ ਕੰਪਨੀਆਂ ਨੇ ਜਾਰਜ ਬੁਸ਼ ਦੇ ਸਾਲਾਂ ਤੋਂ ਦੁੱਗਣੇ ਹਥਿਆਰ ਵੇਚੇ। ਆਪਣੀ ਵਾਰੀ ਟਰੰਪ ਨੇ ਮਈ 2017 ਵਿੱਚ ਸਾਊਦੀ ਅਰਬ ਨਾਲ 110 ਅਰਬ ਡਾਲਰ ਦੇ ਹਥਿਆਰ ਵੇਚਣ ’ਤੇ ਦਸਤਖ਼ਤ ਕੀਤੇ।
ਹਥਿਆਰਾਂ ਦੀ ਸਨਅਤ ਮੰਦੀ ਬਰਦਾਸ਼ਤ ਨਹੀਂ ਕਰ ਸਕਦੀ, ਇਸ ਲਈ ਕਿਸੇ ਨਾ ਕਿਸੇ ਮੁਲਕ ਨੂੰ ਅਸੁਰੱਖਿਆ ਦਾ ਅਹਿਸਾਸ, ਜੰਗ ਦੀ ਸਖ਼ਤ ਲੋੜ ਅਤੇ ਅਮਨ ਲਈ ਹਥਿਆਰਾਂ ਨੂੰ ਕਦੀ ਅੱਖੋਂ ਪਰੋਖੇ ਨਾ ਕਰਨ ਬਾਰੇ ਪਾਠ ਪੜ੍ਹਾਇਆ ਜਾਂਦਾ ਰਹੇਗਾ।
ਮੁਲਕ ਹਥਿਆਰ ਸਿਰਫ਼ ਸੁਰੱਖਿਆ ਲਈ ਨਹੀਂ ਖ਼ਰੀਦਦੇ, ਹੋਰ ਸੌ ਮਜਬੂਰੀਆਂ ਆ ਜਾਂਦੀਆਂ ਹਨ। ਇਸ ਸਾਲ 5 ਅਗਸਤ ਨੂੰ ਭਾਰਤੀ ਹਕੂਮਤ ਨੇ ਕਸ਼ਮੀਰ ਨੂੰ ਅਤਿ-ਸੁਰੱਖਿਅਤ ਕਰ ਦਿੱਤਾ। ਖਲਕਤ ਘਰਾਂ ਵਿੱਚ ਬੰਦ, ਬਾਹਰ ਗਲੀ ਵਿੱਚ ਫ਼ੌਜ, ਬਾਕੀ ਮੁਲਕ ਵਿੱਚ ਚਾਂਗਰਾਂ। ਉਸੇ ਮਹੀਨੇ ਪ੍ਰਧਾਨ ਮੰਤਰੀ ਨੇ ਦੁਨੀਆ ਦੇ ਸਭ ਤੋਂ ਵਿਕਸਿਤ ਮੁਲਕਾਂ ਦੇ ਜੀ-7 ਸੰਮੇਲਨ ਵਿੱਚ ਸ਼ਿਰਕਤ ਕਰਨੀ ਸੀ। ਇਤਿਹਾਸ ਦੇ ਪੰਨੇ ਫਰੋਲ ਕੇ ਵੇਖੋ ਕਿ ਪਹਿਲੋਂ ਕਦੋਂ ਇਹ ਹੋਇਆ ਸੀ ਕਿ ਇੱਕ ਮੁਲਕ ਸਾਡੇ ਪ੍ਰਧਾਨ ਮੰਤਰੀ ਨੂੰ ਵੱਡੀ ਅੰਤਰਰਾਸ਼ਟਰੀ ਮਿਲਣੀ ਲਈ ਸੱਦਾ ਦੇਵੇ, ਪਰ ਸਾਡੇ ਪ੍ਰਧਾਨ ਮੰਤਰੀ ਉਸੇ ਇਕ ਹਫ਼ਤੇ ਵਿੱਚ ਦੋ ਵਾਰੀ ਉਸੇ ਮੁਲਕ, ਉਸੇ ਸ਼ਹਿਰ ਚਲੇ ਜਾਣ?
ਫਰਾਂਸ ਵਿੱਚ 25-26 ਅਗਸਤ 2019 ਦੇ ਜੀ-7 ਸੰਮੇਲਨ ਵਿੱਚ ਕਿਧਰੇ ਕਸ਼ਮੀਰ ਦਾ ਜ਼ਿਕਰ ਨਾ ਹੋ ਜਾਵੇ, ਇਹ ਸੁਨਿਸ਼ਚਿਤ ਕਰਨ ਲਈ ਉਹ 22-23 ਅਗਸਤ ਨੂੰ ਹੀ ਫਰਾਂਸ ਚਲੇ ਗਏ। ਫਿਰ 25-26 ਅਗਸਤ ਨੂੰ ਦੁਬਾਰਾ ਉਸੇ ਮੁਲਕ, ਉਸੇ ਸ਼ਹਿਰ ਚਲੇ ਗਏ। ਇੱਕ ਕੰਮ ਨੇਪਰੇ ਚੜ੍ਹਿਆ। ਜੀ-7 ਦੇ ਐਲਾਨਨਾਮੇ ਵਿੱਚ ਕਸ਼ਮੀਰ ਦਾ ਜ਼ਿਕਰ ਨਹੀਂ ਸੀ। ਪਰ 29 ਅਗਸਤ ਨੂੰ ਹੀ ਫਰਾਂਸ ਦਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਦਿੱਲੀ ਆ ਚੁੱਕਾ ਸੀ ਅਤੇ ਅਖ਼ਬਾਰਾਂ ਵਿੱਚ ਪੈਰਿਸ ਤੋਂ ਫਰਾਂਸੀਸੀ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਨੁਮਾਇਆ ਸੁਰਖੀਆਂ ਛਪੀਆਂ ਕਿ ਭਾਰਤ ਰਾਫੇਲ ਲੜਾਕੂ ਜਹਾਜ਼ਾਂ ਦੀ ਇੱਕ ਨਵੀਂ ਖੇਪ ਖਰੀਦੇਗਾ, ਫਰਾਂਸ ਭਾਰਤ ਨੂੰ ਸਕੌਰਪੀਨ ਪਣਡੁੱਬੀਆਂ ਵੀ ਦੇਣਾ ਚਾਹ ਰਿਹਾ ਹੈ ਅਤੇ ਮੇਰੇ ਪਿਆਰੇ ਵਤਨ ਨੂੰ ਅਚਾਨਕ 18 ਕੈਰੇਕਲ ਹੈਲੀਕਾਪਟਰਾਂ ਅਤੇ 100 ਹੈਵੀ ਪੈਂਥਰ ਹੈਲੀਕਾਪਟਰਾਂ ਦੀ ਜ਼ਰੂਰਤ ਆ ਪਈ ਹੈ ਜਿਹੜੀ ਫਰਾਂਸ ਪੂਰੀ ਕਰਨ ਲਈ ਤਤਪਰ ਹੈ। ਰੂਸ ਨੇ ਵੀ ਅਗਸਤ ਮਹੀਨੇ ਕਸ਼ਮੀਰ ਮਾਮਲੇ ਵਿੱਚ ਨਵੀਂ ਦਿੱਲੀ ਦਾ ਸਾਥ ਦਿੱਤਾ। ਨਾਲ ਹੀ ਇਸ ’ਤੇ ਵੀ ਦਿਲੀ ਖ਼ੁਸ਼ੀ ਦਾ ਇਜ਼ਹਾਰ ਕੀਤਾ ਹੈ ਕਿ ਭਾਰਤ ਨੇ 400-ਮਿਜ਼ਾਈਲ ਡਿਫੈਂਸ ਸਿਸਟਮ ਲਈ 6 ਅਰਬ ਡਾਲਰ ਦੀ ਪਹਿਲੀ ਅਦਾਇਗੀ ਕਰ ਦਿੱਤੀ ਹੈ ਜਿਸ ਬਾਰੇ ਅਜੇ ਮਾਸਕੋ ਨੂੰ ਵੀ ਉਮੀਦ ਨਹੀਂ ਸੀ। ਅੰਤਰਰਾਸ਼ਟਰੀ ਪੱਧਰ ’ਤੇ ਕਸ਼ਮੀਰ ਦਾ ਜ਼ਿਕਰ ਸਾਨੂੰ ਗਵਾਰਾ ਨਹੀਂ। ਇਸ ਲਈ ਮੁਲਕ ਹੋਰ ਹਥਿਆਰ ਖਰੀਦ ਸੁਰੱਖਿਅਤ ਹੋਈ ਜਾ ਰਿਹਾ ਹੈ, ਭਾਵੇਂ ਇਹ ਹੁਣ ਹਰ ਕੋਈ ਜਾਣ ਚੁੱਕਾ ਹੈ ਕਿ ਹਥਿਆਰਾਂ ਦੀ ਸਾਰੀ ਮਨਸੂਬਾਬੰਦੀ ਇੱਕ ਡਰੋਨ ਨਾਲ ਹੀ ਭੇਦੀ ਜਾ ਸਕਦੀ ਹੈ।
ਤਕਨੀਕ ਨੇ ਤਕੜੇ ਅਤੇ ਕਮਜ਼ੋਰ ਦਾ ਫ਼ਰਕ ਮਿਟਾ ਦਿੱਤਾ ਹੈ। ਮੁਲਕ ਸੁਰੱਖਿਆ ਲਈ ਫ਼ੌਜ ਖੜ੍ਹੀ ਕਰਦੇ ਸਨ, ਸਾਹਮਣਾ ਦਹਿਸ਼ਤਵਾਦ ਨਾਲ ਹੋ ਜਾਂਦਾ ਹੈ। ਅਜੇ ਇਸੇ ਸਮੱਸਿਆ ਨਾਲ ਹੀ ਗੁੱਥਮ-ਗੁੱਥਾ ਹੋ ਰਹੇ ਸਨ, ਹਥਿਆਰ ਖਰੀਦ ਰਹੇ ਸਨ ਕਿ ਹੁਣ ਮੀਲਾਂ ਦੂਰ ਤੋਂ ਡਰੋਨ ਆ ਜਾਂਦਾ ਹੈ। ਡਰੋਨ ਦੀ ਇਸ ਮਾਰੂ ਕੰਮ ਲਈ ਵਰਤੋਂ ਦਾ ਖ਼ਿਆਲ ਕੀ ਦੁਨੀਆਂ ਭਰ ਵਿੱਚ ਬਾਕੀ ਦਹਿਸ਼ਤੀ ਤਨਜ਼ੀਮਾਂ ਨੂੰ ਨਹੀਂ ਆਵੇਗਾ? ਸੁਰੱਖਿਆ ਦੇ ਸਮੀਕਰਨ ਹੁਣ ਬਦਲ ਗਏ ਹਨ।
ਹਥਿਆਰਾਂ ਨਾਲ ਸੁਰੱਖਿਆ ਮਿਲਦੀ ਤਾਂ ਪੈਲੇਟ ਗਨ ਨਾਲ ਪੱਥਰਬਾਜ਼ਾਂ ਨੂੰ ਹਰਾਇਆ ਜਾ ਸਕਦਾ ਸੀ। ਹੁਣ ਲੱਖਾਂ ਦੀ ਫ਼ੌਜ ਨਾਲ ਵੀ ਏਡਾ ਹੀਆ ਨਹੀਂ ਪੈ ਰਿਹਾ ਕਿ ਜਿਨ੍ਹਾਂ ਨੂੰ ਸੰਗ ਰਲਾਇਆ ਹੈ, ਉਨ੍ਹਾਂ ਨੂੰ ਘਰਾਂ ਦੇ ਦਰਵਾਜ਼ੇ ਹੀ ਖੋਲ੍ਹ ਲੈਣ ਦੇਈਏ, ਟੈਲੀਫੋਨ ਦੀਆਂ ਘੰਟੀਆਂ ਵੱਜਣ ਦੇਈਏ। ਉਨ੍ਹਾਂ ਕਰਕੇ ਤਾਂ ਹੋਰ ਹਥਿਆਰ ਲੈਣੇ ਪੈ ਰਹੇ ਹਨ।

ਐੱਸ ਪੀ ਸਿੰਘ

ਸੁਰੱਖਿਆ ਆਉਣੀ ਸੀ ਅਮਨ ਦੀ ਆਸ ਵਿੱਚੋਂ, ਰੁੱਸੇ ਨੂੰ ਮਨਾਉਣ ਵਿੱਚੋਂ, ਦੁਖੀ ਨਾਲ ਹਮਦਰਦੀ ਵਿੱਚੋਂ, ਭੁੱਖੇ ਨੂੰ ਰਜਾਉਣ ਵਿੱਚੋਂ, ਆਪਣੀ ਹੋਣੀ ਅਤੇ ਹਸਤੀ ਦੀ ਲੜਾਈ ਲੜਦੇ ਨਾਲ ਅਕਲ ਅਤੇ ਪਿਆਰ ਦੀ ਸਾਂਝ ਦੀਆਂ ਕੋਸ਼ਿਸ਼ਾਂ ਵਿੱਚੋਂ। ਸੁਰੱਖਿਆ ਭਾਲ ਰਹੇ ਹਾਂ ਹਥਿਆਰਾਂ ਵਿੱਚੋਂ, ਫ਼ੌਜਾਂ ਵਿੱਚੋਂ, ਰਾਫੇਲ ਜਹਾਜ਼ਾਂ ਵਿੱਚੋਂ, ਪਣਡੁੱਬੀਆਂ ਵਿੱਚੋਂ। ਹੁਣ ਤਾਂ ਸਾਡੇ ਦੇਸ਼ ਵਿੱਚ ਹਥਿਆਰ-ਸਨਅਤ ਹੀ ਨਿੱਜੀ ਮੁਨਾਫ਼ਾਖੋਰੀ ਦਾ ਮੁਹਾਜ਼ ਬਣ ਰਹੀ ਹੈ, ਛੇਤੀ ਹੀ ਰਾਸ਼ਟਰੀ ਮੁਫ਼ਾਦ ਦੇ ਨਾਮ ’ਤੇ ਟੈਕਸ ਵਿੱਚ ਵੀ ਰਿਆਇਤ ਮੰਗੇਗੀ। ਸੁਰੱਖਿਆ ਕੌਮੀ ਫਰਜ਼ ਜੋ ਹੋਇਆ, ਅਸੀਂ ਮਨਰੇਗਾ ਦੀ ਥਾਂ ਸਵਦੇਸ਼ੀ ਪੇਲੈਟ ਗਨ ਬਣਾਉਣ ਲਈ ਦਸਾਂ-ਨਹੁੰਆਂ ਦੀ ਕਿਰਤ ਵਿੱਚੋਂ ਦਸਵੰਧ ਦੇ ਰਹੇ ਹੋਵਾਂਗੇ।
ਜਿੱਥੋਂ ਤੱਕ ਡਰੋਨ ਜਾ ਸਕਦਾ ਹੈ, ਉੱਥੇ ਤੱਕ ਗ਼ਰੀਬ ਨੂੰ ਰੋਟੀ ਪੁਚਾਈ ਜਾ ਸਕਦੀ ਸੀ, ਪਰ ਇਹ ਖਿਆਲ ਤਾਂ ਮੰਡੀ ਲੈ ਗਈ। ਡਰੋਨ ਵਰਤ ਤੁਹਾਡੇ ਘਰ ਪੀਜ਼ਾ ਪਹੁੰਚਾਉਣ ਦੇ ਤਜਰਬੇ ਹੀ ਕਰ ਰਹੇ ਸੀ ਕਿ ਸਾਈਆਂ ਨੇ ਉਹਨੂੰ ਫਾਡੀ ਛੱਡ, ਡਰੋਨ ਨਾਲ ਬੰਬ ਭੇਜ ਕੇ ਵਿਖਾ ਦਿੱਤਾ ਹੈ। ਹੁਣ ਕੋਈ ਵੀ ਸੁਰੱਖਿਅਤ ਨਹੀਂ ਹੋਵੇਗਾ। ਕੱਲ੍ਹ ਨੂੰ ਕਿਸੇ ਦਾ ਕੋਈ ਪਿਆਰ ਖੋਹ ਲਵੇਗਾ ਤੇ ਜੇ ਉਹ ਸਿਰ-ਫਿਰਿਆ ਨਿਕਲਿਆ ਤਾਂ ਕਿੱਧਰੋਂ ਡਰੋਨ ਭਾਲੇਗਾ। ਕਿੱਥੇ ਦੁਸ਼ਮਣ ਦੇ ਧਾਰਮਿਕ ਅਕੀਦੇ ਦਾ ਕੋਈ ਸਥਾਨ ਪੁੱਛਦਾ ਫਿਰੇਗਾ। ਏਥੇ 550 ਸਾਲ ਬਾਅਦ ਜੱਗ ਰੁਸ਼ਨਾਉਣ ਵਾਲਾ ਅੱਜ ਆ ਬਹੁੜੇ ਤਾਂ ਸ੍ਰੀਨਗਰ ਨੂੰ ਕੋਈ ਲਾਂਘਾ ਬਣਾਵੇ, ਦੁਖੀਆਂ ਲਈ ਬਾਹਾਂ ਖੋਲ੍ਹੇ, ਸਦੀਵੀ ਸੁਰੱਖਿਆ ਦਾ ਕੋਈ ਰਾਹ ਬਣਾਵੇ। ਇਸ ਨਾਲ ਧਰਵਾਸਾ ਹੋਵੇ ਕਿ ਮੀਲਾਂ ਦੂਰੋਂ ਕੋਈ ਡਰੋਨ ਸ਼ਿਕਵਾ ਨਾ ਲਿਆਵੇ।
(*ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਜਾਨਣਾ ਚਾਹ ਰਿਹਾ ਹੈ ਕਿ ਕਸ਼ਮੀਰੀ ਨਾਲ ਪਿਆਰ ਦਾ ਇਜ਼ਹਾਰ ਕਰਦੇ ਕੰਟਰੋਲ ਰੇਖਾ ਦੇ ਦੋਹੀਂ ਪਾਸੀਂ ਦੋ ਪ੍ਰਧਾਨ ਮੰਤਰੀਆਂ ਨੂੰ ਉਨ੍ਹਾਂ ਤੱਕ ਰੋਟੀ, ਦਵਾਈ ਪੁਚਾਉਣ ਲਈ ਡਰੋਨ ਦੀ ਵਰਤੋਂ ਦਾ ਖ਼ਿਆਲ ਕਿਉਂ ਨਹੀਂ ਆਇਆ?)


Comments Off on ਪਿਆਰ, ਸੁਰੱਖਿਆ, ਅਸੀਂ ਤੇ ਡਰੋਨ – ਪੀਜ਼ਾ ਕਿ ਬੰਬ?
1 Star2 Stars3 Stars4 Stars5 Stars (1 votes, average: 5.00 out of 5)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.