ਗੰਨਮੈਨ 38, ਖ਼ਰਚਾ 18 ਲੱਖ !    ਕੌਮਾਂਤਰੀ ਮੁੱਕੇਬਾਜ਼ੀ ਐਸੋਸੀਏਸ਼ਨ ਵੱਲੋਂ ਇਟਲੀ ਵਿੱਚ ਯੂਰਪੀ ਫੋਰਮ ਰੱਦ !    ਟੋਕੀਓ ਓਲੰਪਿਕ: ਤੈਅ ਪ੍ਰੋਗਰਾਮ ਮੁਤਾਬਕ ਹੋਣਗੀਆਂ ਖੇਡਾਂ: ਰਿਜਿਜੂ !    ‘ਆਪ’ ਵਿਧਾਇਕਾਂ ਵੱਲੋਂ ਵਿਧਾਨ ਸਭਾ ਅੱਗੇ ਪ੍ਰਦਰਸ਼ਨ !    ਕਰੋਨਾਵਾਇਰਸ: ਮੁੱਢਲੀ ਜਾਣਕਾਰੀ ਤੇ ਉਪਾਅ !    ਛਾਤੀ ਵਿੱਚ ਭਾਰਾਪਣ ਹੋਣਾ ਗੰਭੀਰ ਸੰਕੇਤ !    ਸਿੱਖ ਇਤਿਹਾਸ ਦਾ ਉੜੀਆ ’ਚ ਅਨੁਵਾਦ ਕਰਨ ਵਾਲੀ ਸਾਧਨਾ ਪਾਤਰੀ ਦਾ ਸਨਮਾਨ !    ਬੱਚੇ ਦੀ ਮੌਤ: ਸਿਹਤ ਮੰਤਰੀ ਨੇ ਡਾਕਟਰ ਜੋੜੇ ਦੀ ਮੁਅੱਤਲੀ ਦੇ ਹੁਕਮ ਵਾਪਸ ਲਏ !    ਦੋਹਰੇ ਕਤਲ ਕਾਂਡ ਮਾਮਲੇ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ !    ਜਵਾਨੀ ਦੇ ਅਵੱਲੇ ਜੋਸ਼ ’ਚ ਹੋਸ਼ ਰੱਖਣਾ ਵੀ ਜ਼ਰੂਰੀ !    

ਪਾਸ਼: ਆਪਣੇ ਨਾਲ ਗੱਲਾਂ ਦਾ ਝੁਰਮਟ

Posted On September - 9 - 2019

ਡਾ. ਸੰਦੀਪ ਰਾਣਾ
ਪਾਸ਼ (9 ਸਤੰਬਰ 1950-23 ਮਾਰਚ 1988) ਉਸ ਸਾਹਿਤਕ ਰੁਝਾਨ ਦਾ ਕਵੀ ਸੀ ਜਿਸ ਨੂੰ ਜੁਝਾਰਵਾਦੀ ਧਾਰਾ ਦੇ ਨਾਮ ਨਾਲ਼ ਜਾਣਿਆ ਜਾਂਦਾ ਹੈ। ਇਹ ਰੁਝਾਨ ਨਕਸਲੀ ਲਹਿਰ ਤੋਂ ਪ੍ਰਭਾਵਿਤ ਸੀ। ਇਸ ਦੌਰਾਨ ਹੀ ਉਸ ਦਾ ਮੇਲਜੋਲ ਖੱਬੇ-ਪੱਖੀ ਸਿਆਸੀ ਕਾਰਕੁਨਾਂ ਨਾਲ਼ ਹੋਇਆ ਅਤੇ 1970 ਵਿਚ ਉਸ ਦੀ ਪਹਿਲੀ ਕਿਤਾਬ ‘ਲੋਹ ਕਥਾ’ ਪ੍ਰਕਾਸ਼ਿਤ ਹੋਈ। ਇਸ ਕਿਤਾਬ ਦੀਆਂ ਕਵਿਤਾਵਾਂ ਨਕਸਲੀ ਲਹਿਰ ਦੇ ਰੰਗ ਵਾਲੀਆਂ ਸਨ। ਇਸ ਲਹਿਰ ਨਾਲ ਜੁੜਨ ਕਰਕੇ ਉਸ ਨੇ ਜੇਲ੍ਹ ਵੀ ਕੱਟੀ।
ਕਤਲ ਕੇਸ ਵਿਚੋਂ ਬਰੀ ਹੋਣ ਤੋਂ ਬਾਅਦ ਉਹ ਇਸੇ ਲਹਿਰ ਨਾਲ਼ ਜੁੜਿਆ ਰਿਹਾ ਅਤੇ ‘ਸਿਆੜ’ ਪਰਚੇ ਦੀ ਸੰਪਾਦਨਾ ਸ਼ੁਰੂ ਕੀਤੀ। ਕਵਿਤਾਵਾਂ ਲਿਖਣੀਆਂ ਵੀ ਜਾਰੀ ਰੱਖੀਆਂ। ਇਨ੍ਹਾਂ ਕਵਿਤਾਵਾਂ ਕਾਰਨ ਵਿਦਿਆਰਥੀਆਂ, ਕਮਿਊਨਿਸਟਾਂ ਅਤੇ ਖੱਬੇ-ਪੱਖੀ ਬੁੱਧੀਜੀਵੀਆਂ ਵਿਚ ਉਸ ਦੀ ਖੂਬ ਪੈਂਠ ਬਣ ਗਈ। 1976 ਵਿਚ ਉਸ ਨੇ ਦੁਬਾਰਾ ਪੜ੍ਹਾਈ ਸ਼ੁਰੂ ਕੀਤੀ ਅਤੇ ਦਸਵੀਂ, ਗਿਆਨੀ ਅਤੇ ਜੇਬੀਟੀ ਪਾਸ ਕੀਤੀ। ਜ਼ਿੰਦਗੀ ਬਸਰ ਕਰਨ ਲਈ ਲੋੜੀਂਦੇ ਸਰੋਤ ਨਾ ਹੋਣ ਦਾ ਪਾਸ਼ ਦੀ ਸ਼ਖ਼ਸੀਅਤ ਬਚਪਨ ਤੋਂ ਹੀ ਪ੍ਰਭਾਵਿਤ ਹੋਈ। ਡਾ. ਤੇਜਵੰਤ ਸਿੰਘ ਗਿੱਲ ਨੇ ਆਪਣੀ ਪੁਸਤਕ ‘ਪਾਸ਼: ਜੀਵਨ ਤੇ ਰਚਨਾ’ ਵਿਚ ਉਸ ਦੀ ਸ਼ਖ਼ਸੀਅਤ ਬਾਰੇ ਕਾਫੀ ਖੁਲਾਸਾ ਕੀਤਾ ਹੈ। ਉਸ ਅਨੁਸਾਰ, ਪਾਸ਼ ਸੁਭਾਅ ਦੇ ਗੁਣਾਂ ਔਗੁਣਾਂ ਪੱਖੋਂ ਦਰਮਿਆਨਾ, ਨਿੱਜੀ ਬਿਹਤਰੀ ਲਈ ਕੋਸ਼ਿਸ਼ਾਂ ਨਾਂਹ ਦੇ ਬਰਾਬਰ, ਵਧੇਰੇ ਕਰਕੇ ਆਪੇ ਵਿਚ ਮਸਤ ਰਹਿਣ ਵਾਲਾ ਅਤੇ ਆਪਣੇ ਮੂਡ ਦਾ ਗੁਲਾਮ ਸ਼ਖ਼ਸ ਸੀ।
ਪਾਸ਼ ਦੀ ਇਸ ਵਿਲੱਖਣ ਸ਼ਖ਼ਸੀਅਤ ਦੀ ਝਲਕ ਉਸ ਦੀ ਡਾਇਰੀ ‘ਆਪਣੇ ਨਾਲ ਗੱਲਾਂ’ (ਸੰਪਾਦਕ: ਅਮਰਜੀਤ ਚੰਦਨ) ਤੋਂ ਮਿਲਦੀ ਹੈ। ਉਸ ਨੂੰ ਡਾਇਰੀ ਲਿਖਣ ਦੀ ਆਦਤ ਸੀ, ਭਾਵੇਂ ਇਸ ਵਿਚ ਬਹੁਤੀ ਲਗਾਤਾਰਤਾ ਨਹੀਂ ਸਗੋਂ ਇਹ ਵੀ ਮੂਡ ਅਨੁਸਾਰ ਹੀ ਲਿਖੀ ਹੈ। ਡਾਇਰੀ ਤੋਂ ਇਹ ਗੱਲ ਨਿਖਰ ਕੇ ਸਾਹਮਣੇ ਆਉਂਦੀ ਹੈ ਕਿ ਉਸ ਦੀ ਸੋਚ ਅਤੇ ਪ੍ਰਤਿਭਾ ਦੀ ਵਿਲੱਖਣਤਾ ਕਾਰਨ ਉਸ ਨੂੰ ਅਣਗਿਣਤ ਤਲਖ਼ੀਆਂ ਦਾ ਸਾਹਮਣਾ ਕਰਨਾ ਪਿਆ। ਅਕਾਦਮਿਕ ਤੌਰ ‘ਤੇ ਘੱਟ ਪੜ੍ਹੇ ਲਿਖੇ; ਪਿੰਡ ਦੇ ਸੀਮਤ ਜਿਹੇ ਚੁਗਿਰਦੇ ਵਿਚ ਵਿਚਰਨ ਵਾਲ਼ੇ; ਛੋਟੀ ਉਮਰ ਦੇ ਸ਼ਾਇਰ; ਸਿਆਸਤ, ਦਰਸ਼ਨ, ਇਤਿਹਾਸ ਤੇ ਸਾਹਿਤਕ ਸੰਸਾਰ ਨਾਲ਼ ਪ੍ਰੇਮ ਰੱਖਣ ਵਾਲੇ ਪਾਸ਼ ਦੀ ਇਸ ਸ਼ਖ਼ਸੀਅਤ ਦਾ ਪ੍ਰਮਾਣ ਇਹ ਡਾਇਰੀ ਹੀ ਬਣਦੀ ਹੈ। ਉਸ ਨੂੰ ਅਹਿਸਾਸ ਸੀ ਕਿ ਉਸ ਵਿਚ ਕੋਈ ਵਿਲੱਖਣਤਾ ਜ਼ਰੂਰ ਹੈ। ਉਸ ਦੀਆਂ ਰਚਨਾਵਾਂ ਇਸ ਦੀ ਹਾਮੀ ਭਰਦੀਆਂ ਹਨ। ਕਵਿਤਾਵਾਂ ਵਿਚ ਵਰਤੇ ਸ਼ਬਦ ਅਤੇ ਪ੍ਰਤੀਕ ਅਸਲ ਵਿਚ ਉਸ ਦੇ ਨਿਵੇਕਲ਼ੇ ਅਨੁਭਵ ਦੀ ਹੀ ਤਰਜਮਾਨੀ ਕਰਦੇ ਹਨ।
ਡਾਇਰੀ ਦੇ ਇੰਦਰਾਜ ਵਿਚ ਉਸ ਦੀਆਂ ਕਵਿਤਾਵਾਂ ਦਾ ਹੀ ਇਕ ਰੂਪ ਦਿਸਦਾ ਹੈ: ‘ਅੱਜ ਰਾਤ ਬਹੁਤ ਹੁਸੀਨ ਸੀ। ਰਾਤ ਭਰ ਰਾਤ ਨਾਲ਼ ਗੱਲਾਂ ਕੀਤੀਆਂ। ਧਰਤੀ ਦੀ ਵਿਸ਼ਾਲ ਸੇਜ ਉਤੇ ਤਰੇਲ ਨੂੰ ਨਾਲ਼ ਲੈ ਕੇ ਸੁੱਤੀ ਪਈ ਕਣਕ ਨਾਲ਼। ਚਾਨਣੀ ਨਾਲ਼। ਰਸੀ ਪਈ ਟੋਕ ਦੇ ਢੇਰਾਂ ਨਾਲ਼। ਚੁੱਪ-ਚਾਪ ਅਨਾਥ ਖੜ੍ਹੇ ਗੱਡਿਆਂ ਨਾਲ਼। ਨਿਘ ਅਤੇ ਠੰਢ ਵਿਚਕਾਰ ਸਰਹੱਦ ਬਣੀਆਂ ਛੰਨਾਂ ਨਾਲ਼। ਉਦਾਸ ਪਈਆਂ ਖੁਰਲੀਆਂ ਨਾਲ਼। ਚਿਰਾਂ ਤੋਂ ਜਾਣੂ ਸਿਆਣੂ ਕਮਾਦਾਂ ਨਾਲ਼। ਸੁਖਾਵੀਂ ਭਾਅ ਮਾਰਦੀ ਰੇਤ ਨਾਲ਼। ਆਰਾਮ ਦੀ ਨੀਂਦ ਕਬਰਾਂ ਹੇਠ ਸੁੱਤੇ ਪਏ ਬਜ਼ੁਰਗਾਂ ਨਾਲ਼।’
ਪਾਸ਼ ਨੇ ਆਪਣੀ ਡਾਇਰੀ ਵਿਚ ਆਪਣੇ ਪਿੰਡ ਦੇ ਸਾਧਾਰਨ ਲੋਕਾਂ, ਉਨ੍ਹਾਂ ਦੀਆਂ ਸਮੱਸਿਆਵਾਂ, ਤੰਗੀਆਂ ਤੁਰਸ਼ੀਆਂ ਦੀ ਗੱਲ ਵੀ ਕੀਤੀ ਜੋ ਅੱਗੇ ਚੱਲ ਕੇ ਉਸ ਦੀਆਂ ਕਵਿਤਾਵਾਂ ਦੇ ਵਿਸ਼ੇ ਵੀ ਬਣੇ। ਉਸ ਦੀ ਡਾਇਰੀ ਵਿਚ ਦਰਜ ਪਿੰਡ ਦੇ ਲੋਕ ਜਿਵੇਂ ਨਿੱਕਾ ਚੂਹੜਾ, ਚਮਨਾ ਚੌਧਰੀ, ਵੀਰੂ ਬਾਜ਼ੀਗਰ, ਬ੍ਰਾਹਮਣਾਂ ਦੇ ਮੋਹਰੀ, ਸੂਦਾਂ ਦੇ ਸ਼ਿੰਦੀ, ਲੁਹਾਰਾਂ ਦੇ ਕਰਮੇ, ਧੰਨੋ ਤਖਾਣੀ ਆਦਿ ਆਮ ਲੋਕਾਈ ਦੇ ਨੁਮਾਇੰਦਾ ਪਾਤਰ ਹਨ ਜਿਨ੍ਹਾਂ ਦੇ ਯਥਾਰਥ ਨੂੰ ਉਸ ਨੇ ਆਪਣੀਆਂ ਕਵਿਤਾਵਾਂ ਵਿਚ ਚਿਤਰਨ ਦਾ ਸੁਚੇਤ ਯਤਨ ਕੀਤਾ।
ਪਾਸ਼ ਨੇ ਡਾਇਰੀ ਵਿਚ ਚੇਤੰਨ ਰੂਪ ਵਿਚ ਸਵੈ-ਬਿੰਬ ਦਿਖਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਨਕਸਲੀ ਲਹਿਰ ਦੇ ਪ੍ਰਭਾਵ ਹੇਠ ਰਚਿਆ ਉਸ ਦਾ ਸਾਹਿਤ ਉਸ ਦੀ ਪਛਾਣ ਬਣ ਚੁੱਕਾ ਸੀ। ਉਸ ਦੀ ਇਹੀ ਸੋਚ ਉਸ ਦੀ ਡਾਇਰੀ ਵਿਚੋਂ ਵੀ ਪ੍ਰਗਟ ਹੁੰਦੀ ਹੈ। ਲਿਖਿਆ ਹੈ: ‘ਰਚਨਾ ਸਭ ਤੋਂ ਵੱਡੀ ਹੋਣੀ ਹੈ। ਹੋਰ ਕੁਝ ਵੀ ਏਡਾ ਬਲਵਾਨ ਨਹੀਂ। ਸਵਾਲ ਰਚਨਾ ਨੂੰ ਸਵੀਕਾਰ ਕਰਨ ਦਾ ਹੈ। ਜੋ ਕੁਝ ਕਿਸੇ ਤੋਂ ਸਵੀਕਾਰਿਆ ਨਹੀਂ ਜਾਂਦਾ, ਉਹੋ ਉਹਦੇ ਲਈ ਦੁੱਖ ਬਣ ਜਾਂਦਾ ਹੈ। ਮੇਰੇ ਰਾਹ ਵਿਚ ਬਹੁਤ ਸਾਰੇ ਟੁੱਟੇ ਫੁੱਟੇ ਲੋਕ ਆਏ ਤੇ ਮੇਰੇ ਲਈ ਸਾਬਤਿਆਂ ਲੰਘ ਜਾਣਾ ਹੀ ਸਭ ਤੋਂ ਵੱਡਾ ਸੰਘਰਸ਼ ਰਿਹਾ ਹੈ। ਮੈਂ ਬੜੀ ਹੀ ਸਹਿਜ ਨਾਲ਼ ਆਪਣੀਆਂ ਹੋਣੀਆਂ ਨੂੰ ਸਵੀਕਾਰ ਕਰ ਲਿਆ ਹੈ। ਮੈਂ ਦੁਖੀ ਬਹੁਤ ਘੱਟ ਹੁੰਦਾ ਹਾਂ ਤੇ ਖੁਸ਼ ਵੀ ਬੜਾ ਘੱਟ’।
ਸਾਹਿਤ ਰਚਨਾ ਨੂੰ ਉਹ ਆਪਣੀ ਸੋਚ, ਆਪਣੀ ਵਿਚਾਰਧਾਰਾ ਨੂੰ ਆਮ ਲੋਕਾਂ ਤਕ ਪਹੁੰਚਾਉਣ ਦਾ ਢੰਗ ਮੰਨਦਾ ਹੈ। ਉਹ ਆਪਣੇ ਗੁਣਾਂ ਔਗੁਣਾਂ ਦੀ ਥਾਹ ਪਾਉਣ ਲਈ ਵਿਚਾਰਧਾਰਾ ਦਾ ਹੋਣਾ ਜ਼ਰੂਰੀ ਸਮਝਦਾ ਸੀ। ਉਸ ਲਈ ਵਿਚਾਰਧਾਰਾ ਤੋਂ ਅੱਡ ਹੋ ਕੇ ਪੜਚੋਲ, ਵਿਸ਼ਲੇਸ਼ਣ ਅਤੇ ਮੁਲੰਕਣ ਦਾ ਕਾਰਜ ਸੰਭਵ ਨਹੀਂ।
ਆਪਣੇ ਸੁਭਾਅ ਦੀ ਵਿਲੱਖਣਤਾ ਕਾਰਨ ਪਾਸ਼ ਨੂੰ ਸਮਾਜ ਵਿਚ ਪ੍ਰਚਲਿਤ ਰਸਮਾਂ ਚੰਗੀਆਂ ਨਹੀਂ ਲਗਦੀਆਂ ਸਨ। ਧਾਰਮਿਕਤਾ ਨੂੰ ਮਨ ਦਾ ਬੋਝ ਮੰਨਣ ਵਾਲਾ ਪਾਸ਼ ਧਰਮ ਪ੍ਰਤੀ ਸਮਾਜ ਦੀ ਝੂਠੀ ਸ਼ਰਧਾ ਨੂੰ ਭੰਡਦਾ ਹੈ ਅਤੇ ਆਪਣੀ ਡਾਇਰੀ ਵਿਚ ਗੁਰਦੁਆਰੇ ਵਿਚ ਸਿਰਫ਼ ਦਿਖਾਵੇ ਲਈ ਆਈਆਂ ਔਰਤਾਂ ਅਤੇ ਮਰਦਾਂ ’ਤੇ ਵਿਅੰਗ ਕਸਦਾ ਹੈ। ਉਹ ਡਾਇਰੀ ਵਿਚ ਸਮਾਜ ਅੰਦਰ ਫ਼ੈਲੇ ਗ਼ਲਤ ਸਮਾਜਿਕ, ਧਾਰਮਿਕ ਤੇ ਸਿਆਸੀ ਵਰਤਾਰਿਆਂ ਬਾਰੇ ਇੰਦਰਾਜ ਕਰਦਾ ਹੈ। ਡਾਇਰੀ ਵਿਚ ਪਿੰਡ ਬਾਰੇ ਇਸ ਢੰਗ ਨਾਲ਼ ਦ੍ਰਿਸ਼ ਸਿਰਜਿਆ ਹੈ ਕਿ ਪੂਰੇ ਪਿੰਡ ਦੀ ਤਸਵੀਰ ਅੱਖਾਂ ਅੱਗੇ ਬਣ ਜਾਂਦੀ ਹੈ: ‘ਸ਼ਾਮ ਦੇ ਤਿੰਨ ਵੱਜੇ ਹਨ। ਚਾਚੇ ਦੀ ਮੱਝ ਮੂੰਹ ਨਾਲ਼ ਟੋਕਰਾ ਹਿਲਾ ਹਿਲਾ ਕੇ ਪੱਠੇ ਖਾਈ ਜਾ ਰਹੀ ਹੈ। ਕਿੰਦੀ ਆਵਦੀ ਭੈਣ ਨੂੰ ਕੱਪੜੇ ਦਾ ਸਿਰਾ ਫੜਾ ਕੇ ਉਸ ਨੂੰ ਕੈਂਚੀ ਨਾਲ਼ ਕੱਟੀ ਜਾ ਰਹੀ ਹੈ। ਇੰਦਰ ਦੀ ਕੁੜੀ ਹੁਣੇ ਹੁਣੇ ਪੱਠਿਆਂ ਦੀ ਪੰਡ ਲੈ ਕੇ ਲੰਘੀ ਹੈ। ਹੇਠੋਂ ਕਿਲਕਾਰੀਆਂ ਕਦੇ ਕਦੇ ਸੁਣਦੀਆਂ ਹਨ ਜਾਂ ਬਖਸ਼ੋ ਦੀ ਹੌਲੀ ਜਿਹੀ ਆਵਾਜ਼। ਸਾਹਮਣੇ ਖੱਬੇ ਪਾਸੇ ਸਰਪੰਚ ਦੇ ਚੁਬਾਰੇ ਉਤੇ ਦਾਤੀ ਹਥੌੜੇ ਵਾਲਾ ਲਾਲ ਝੰਡਾ ਝੂਲ ਰਿਹਾ ਹੈ। ਤੀਹ ਚਾਲੀ ਨਿੱਕੀਆਂ ਨਿੱਕੀਆਂ ਚਿੜੀਆਂ ਬੇਤਰਤੀਬੇ ਝੁਰਮਟ ਵਿਚ ਮੇਰੇ ਸਿਰ ਉਤੋਂ ਦੀ ਲੰਘ ਗਈਆਂ ਹਨ। ਮਸ਼ੀਨ ਮੂਹਰੇ ਬੈਠੀ ਕਿੰਦੀ ਦਾ ਹੱਥ ਮਸ਼ੀਨ ਦੀ ਹੱਥੀ ਉਤੇ ਇਸ ਤਰ੍ਹਾਂ ਰੁਮਕ ਰਿਹਾ ਹੈ ਜਿਵੇਂ ਦਰਿਆ ਦੀਆਂ ਤੇਜ਼ ਵਹਿੰਦੀਆਂ ਓਪਰੀ ਰੌਆਂ ਹੋਣ ਤੇ ਮੈਂ ਭਗਵਾਨ ਰਜਨੀਸ਼ ਦੀ ਕਿਤਾਬ ‘ਭਾਰਤ ਗਾਂਧੀ ਔਰ ਮੈਂ’ ਮੁਕਾ ਕੇ ਹਟਿਆ ਹਾਂ’।
ਇਉਂ ਇਹ ਡਾਇਰੀ ਪਾਸ਼ ਦੀ ਸ਼ਖ਼ਸੀਅਤ ਬਾਰੇ ਦਸਤਾਵੇਜ਼ ਹੋ ਨਿੱਬੜਦੀ ਹੈ। ਇਸ ਤੋਂ ਉਸ ਦੀ ਸੋਚ, ਸ਼ਖ਼ਸੀਅਤ ਅਤੇ ਵਿਚਾਰਧਾਰਾ ਦੇ ਦਰਸ਼ਨ ਸਹਿਜੇ ਹੀ ਹੋ ਜਾਂਦੇ ਹਨ।
ਸੰਪਰਕ: 98728-87551


Comments Off on ਪਾਸ਼: ਆਪਣੇ ਨਾਲ ਗੱਲਾਂ ਦਾ ਝੁਰਮਟ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.