ਕਰੋਨਾ ਪੀੜਤ ਪਾਇਲਟ ਨੇ ਭਰੀ ਉਡਾਰੀ, ਜਹਾਜ਼ ਅੱਧ ਰਾਹ ’ਚੋਂ ਮੁੜਿਆ !    ਸੀਬੀਆਈ ਦਾ ਪਟਿਆਲਾ ’ਚ ਛਾਪਾ, ਮੁਲਜ਼ਮ ਗਸ਼ ਖਾ ਕੇ ਡਿੱਗਿਆ !    ਮੋਦੀ ਸਰਕਾਰ ਨੇ ਦੇਸ਼ ਦਾ ਬੇੜਾ ਗਰਕ ਕਰ ਦਿੱਤਾ: ਕਾਂਗਰਸ !    ਪਿੰਡ ਕਾਲਬੰਜਾਰਾ ਸੀਲ, ਲੋਕਾਂ ਦੇ ਕਰੋਨਾ ਨਮੂਨੇ ਲਏ !    ਸਮਰਾਲਾ ਦੇ ਪਿੰਡ ਨੌਲੜੀ ਕਲਾਂ 'ਚ ਭੈਣ-ਭਰਾ ਨੇ ਖ਼ੁਦਕੁਸ਼ੀ ਕੀਤੀ !    ਫੋਰਬਸ: ਸਾਲ 2020 ਵਿੱਚ ਕੋਹਲੀ ’ਤੇ ਵਰ੍ਹਿਆ ਡਾਲਰਾਂ ਦਾ ਮੀਂਹ, 100ਵੇਂ ਤੋਂ 66ਵੇਂ ਸਥਾਨ ’ਤੇ !    ਵੈਸਟ ਇੰਡੀਜ਼ ਕ੍ਰਿਕਟ ਟੀਮ ਨੂੰ ਇੰਗਲੈਂਡ ਦੌਰੇ ਦੀ ਇਜਾਜ਼ਤ !    ਕਰੋਨਾ ਰੋਕੂ ਦਵਾਈ ਵੇਚਣ ਲਈ ਅਮਰੀਕੀ ਕੰਪਨੀ ਨੇ ਭਾਰਤ ਦਾ ਦਰ ਖੜਕਾਇਆ !    ਕਰੋਨਾ ਖ਼ਿਲਾਫ਼ ਲੜਾਈ ਲੰਮੀ, ਸਬਰ ਤੇ ਜੋਸ਼ ਬਰਕਰਾਰ ਰੱਖੋ: ਮੋਦੀ !    ਵਾਦੀ ਵਿੱਚ ਦੋ ਅਤਿਵਾਦੀ ਹਲਾਕ !    

ਪਾਠਕਾਂ ਦੇ ਖ਼ਤ

Posted On September - 16 - 2019

ਧਰਮ, ਇਤਿਹਾਸ ਤੇ ਮਿਥਿਹਾਸ
12 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਡਾ. ਕੁਲਦੀਪ ਕੌਰ ਦਾ ਲੇਖ ‘ਇਤਿਹਾਸ ਦੀ ਅੱਖ ਅਤੇ ਫ਼ਿਰਕਾਪ੍ਰਸਤੀ ਦਾ ਟੀਰ’ ਪੜ੍ਹਨਯੋਗ ਰਚਨਾ ਹੈ। ਇਹ ਸੱਤਾ ’ਤੇ ਕਾਬਜ਼ ਹੋਣ ਦੀ ਬਿਰਤੀ ਵਾਲਿਆਂ ਵੱਲੋਂ ਦੇਸ਼ ਦੇ ਇਤਿਹਾਸ ਦੀ ਕੀਤੀ ਜਾ ਰਹੀ ਵਿਆਖਿਆ ਬਿਆਨ ਕਰਦਾ ਹੈ। ਸਭ ਵਿਦਵਾਨਾਂ ਦੇ ਵਿਚਾਰ ਪ੍ਰੋ. ਰੋਮਿਲਾ ਥਾਪਰ ਦੇ ਇਸ ਕਥਨ ਕਿ ‘ਧਰਮ ਅਤੇ ਇਸ ਨਾਲ ਜੁੜੀਆਂ ਮਾਨਤਾਵਾਂ ਕਿਸੇ ਰੱਬ ਜਾਂ ਇਲਹਾਮ ਨਾਲ ਪੈਦਾ ਨਹੀਂ ਹੋਈਆਂ ਸਗੋਂ ਸਮਾਜਿਕ ਧਿਰਾਂ/ਸ਼ਕਤੀਆਂ ਵਿਚਾਲੇ ਕਾਰ-ਵਿਹਾਰ ਤੇ ਟਕਰਾਉ ਵਿਚੋਂ ਨਿਕਲਦੀਆਂ ਹਨ’ ਦੇ ਇਰਦ ਗਿਰਦ ਹੀ ਘੁੰਮਦੇ ਹਨ। ਜੇ ਅਸੀਂ ਆਪਣੇ ਮਿਥਿਹਾਸ ਨੂੰ ਇਤਿਹਾਸ ਮੰਨ ਕੇ ਆਪਣੀ ਵਿਚਾਰਧਾਰਾ ਹੀ ਮਨਾਉਣੀ ਹੈ, ਫਿਰ ਇਨ੍ਹਾਂ ਇਤਿਹਾਸਕਾਰਾਂ ਦੇ ਵਿਚਾਰਾਂ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਹੁਣ ਹੋ ਰਹੀ ਵਿਆਖਿਆ ਵਿਚਾਰਧਾਰਕ ਟੀਰ ਹੀ ਤਾਂ ਹੈ, ਅਜਿਹੇ ਟੀਰੇ ਦ੍ਰਿਸ਼ਟੀਕੋਣ ਨੂੰ ਇਤਿਹਾਸ ਸ਼ਾਇਦ ਕਦੇ ਮੁਆਫ਼ ਨਾ ਕਰੇ।
ਜਗਰੂਪ ਸਿੰਘ, ਉੱਭਾਵਾਲ (ਸੰਗਰੂਰ)
(2)
ਡਾ. ਕੁਲਦੀਪ ਕੌਰ ਨੇ ਆਪਣਾ ਲੇਖ ਇਸ ਹੂੰਝਾ ਫੇਰੂ ਬਿਆਨ ਨਾਲ ਸਮੇਟਿਆ ਹੈ ਕਿ ਇਤਿਹਾਸ ਦੀ ਅੱਖ ਵਿਚ ਵਿਚਾਧਾਰਕ ਟੀਰ ਨਹੀਂ ਹੁੰਦਾ। ਸਚਾਈ ਤਾਂ ਇਹ ਹੈ ਕਿ ਇਤਿਹਾਸ ਦੀ ਹੋਂਦ ਲਈ ਜ਼ਿੰਮੇਵਾਰ ਇਤਿਹਾਸਕਾਰ ਦੀ ਅੱਖ ਵਿਚ ਵਿਚਾਰਧਾਰਕ ਟੀਰ ਵੀ ਹੁੰਦਾ ਹੈ ਅਤੇ ਫ਼ਿਰਕੂ ਟੀਰ ਵੀ; ਨਹੀਂ ਤਾਂ ਔਰੰਗਜ਼ੇਬ ਸਭਨਾਂ ਲਈ ਨਾਇਕ ਹੁੰਦਾ। ਸਿੱਖ ਇਤਿਹਾਸਕਾਰ ਲਈ ਉਹ ਹਮੇਸ਼ਾ ਖਲਨਾਇਕ ਹੀ ਰਹੇਗਾ ਅਤੇ ਹਿੰਦੂ ਜਾਂ ਮੁਸਲਮਾਨ ਇਤਿਹਾਸਕਾਰ ਉਸ ਦੇ ਕਿਰਦਾਰ ਦੀਆਂ ਖ਼ੂਬੀਆਂ ਲੱਭ ਲੱਭ ਕੇ ਪੇਸ਼ ਕਰੇਗਾ। ਸਾਡੀ ਸਮੱਸਿਆ ਇਹ ਹੈ ਕਿ ਜਿਵੇਂ ਬੱਚੇ ਦੇ ਸੁਰਤ ਸੰਭਾਲਣ ਤੋਂ ਪਹਿਲਾਂ ਹੀ ਉਸ ਨੂੰ ਕਿਸੇ ਨਾ ਕਿਸੇ ਧਰਮ ਦੀ ਵਲਗਣ ਵਿਚ ਨਜ਼ਰਬੰਦ ਕਰ ਦਿੱਤਾ ਜਾਂਦਾ ਹੈ, ਉਵੇਂ ਹੀ ਅਬੋਧ ਅਵਸਥਾ ਵਿਚ ਉਸ ਦੇ ਪੈਰਾਂ ਵਿਚ ਇਤਿਹਾਸ ਦੀਆਂ ਬੇੜੀਆਂ ਪਾ ਦਿੱਤੀਆਂ ਜਾਂਦੀਆਂ ਹਨ ਜਿਨ੍ਹਾਂ ਤੋਂ ਫਿਰ ਉਹ ਤਾ-ਉਮਰ ਆਜ਼ਾਦ ਨਹੀਂ ਹੁੰਦਾ। ਚਾਹੀਦਾ ਇਹ ਹੈ ਕਿ ਜਿਵੇਂ ਧਰਮ ਬਾਰੇ ਬੱਚੇ ਨੂੰ ਸੋਝੀ ਆਉਣ ਤੋਂ ਬਾਅਦ ਹੀ ਆਪ ਫ਼ੈਸਲਾ ਕਰਨ ਦੇਣਾ ਚਾਹੀਦਾ ਹੈ, ਉਵੇਂ ਹੀ ਇਤਿਹਾਸ ਨੂੰ ਵੀ ਸਕੂਲ ਦਾ ਵਿਸ਼ਾ ਨਾ ਬਣਾ ਕੇ ਯੂਨੀਵਰਸਿਟੀ ਪੱਧਰ ’ਤੇ ਹੀ ਪੜ੍ਹਾਉਣਾ ਚਾਹੀਦਾ ਹੈ।
ਪਰਵੇਸ਼ ਸ਼ਰਮਾ, ਈਮੇਲ
(3)
12 ਸਤੰਬਰ ਦੇ ਅੰਕ ਵਿਚ ਡਾ. ਕੁਲਦੀਪ ਕੌਰ ਦਾ ਲੇਖ ‘ਇਤਿਹਾਸ ਦੀ ਅੱਖ ਅਤੇ ਫਿਰਕਾਪ੍ਰਸਤੀ ਦਾ ਟੀਰ’ ਪੜ੍ਹਿਆ ਜੋ ਇਤਿਹਾਸਕ ਪ੍ਰਸੰਗ ਤੇ ਇਤਿਹਾਸ ਸਿਰਜਣ ਦੇ ਨਜ਼ਰੀਏ ਤੋਂ ਪੜ੍ਹਨਯੋਗ ਰਚਨਾ ਹੈ। ‘ਭਾਰਤ ਇਤਿਹਾਸ ਖੋਜ ਕੇਂਦਰ’ ਦੇ ਉੱਚ ਅਹੁਦਿਆਂ ਦਾ ਫੇਰ-ਬਦਲ ਇਤਿਹਾਸ ਨਾਲ ਛੇੜਛਾੜ, ਇਸ ਦੀ ਤੋੜ ਮਰੋੜ ਤੇ ਇਤਿਹਾਸ ਨੂੰ ਫ਼ਿਰਕੂ ਰੰਗਤ ਦੇਣ ਦੀ ਕਵਾਇਦ ਨਿੰਦਣਯੋਗ ਹੈ।
ਅੰਮ੍ਰਿਤਪਾਲ ਮੰਘਾਣੀਆ, ਚੌਰਵਾਲਾ (ਫਤਹਿਗੜ੍ਹ ਸਾਹਿਬ)
(4)
ਡਾ. ਕੁਲਦੀਪ ਕੌਰ ਦਾ ਲੇਖ ਮੌਜੂਦਾ ਹਕੂਮਤ ਦੁਆਰਾ ਇਤਿਹਾਸ ਅਤੇ ਇਤਿਹਾਸਕਾਰੀ ਨਾਲ ਛੇੜਖਾਨੀ ਕਰਨ ਦੀਆਂ ਨਿਰੰਤਰ ਕੋਸ਼ਿਸ਼ਾਂ ਉੱਪਰ ਜ਼ਬਰਦਸਤ ਚੋਟ ਹੈ। ਲੇਖ ਦੀ ਖ਼ੂਬਸੂਰਤੀ ਉਸ ਵਿਚ ਸ਼ਾਮਿਲ ਸਿਰਕੱਢ ਇਤਿਹਾਸਕਾਰਾਂ ਦੇ ਹਵਾਲੇ ਅਤੇ ਟਿੱਪਣੀਆਂ ਹਨ। ਇਤਿਹਾਸ ਨੂੰ ਭੂਤਕਾਲ ਵਿਚ ਵਾਪਰੀਆਂ ਉਹ ਸਾਰੀਆਂ ਘਟਨਾਵਾਂ ਤੈਅ ਕਰਦੀਆਂ ਹਨ ਜੋ ਸਮਾਜਿਕ ਤਬਦੀਲੀ ਲਈ ਜ਼ਿੰਮੇਵਾਰ ਹੁੰਦੀਆਂ ਹਨ, ਨਾ ਕਿ ਸਰਕਾਰਾਂ ਨੂੰ ਰਾਸ ਆਉਂਦੀਆਂ ਚੋਣਵੀਆਂ ਘਟਨਾਵਾਂ। ਇਤਿਹਾਸ ਦਾ ਸਹੀ ਵਿਸ਼ਲੇਸ਼ਣ ਹੀ ਵਰਤਮਾਨ ਤੇ ਭਵਿੱਖ ਲਈ ਰਾਹ-ਦਸੇਰਾ ਸਾਬਤ ਹੁੰਦਾ ਹੈ।
ਜਸਕਰਨ ਸਿੰਘ, ਫਗਵਾੜਾ
(5)
ਕੁਲਦੀਪ ਕੌਰ ਦਾ ਲੇਖ ਤੱਥਾਂ ਨੂੰ ਸਹੀ ਪ੍ਰਸੰਗ ਵਿਚ ਪੇਸ਼ ਕਰਦਾ ਹੈ। ਮੌਕੇ ਦੀ ਸਰਕਾਰ ਫਿਰਕੂ ਇਤਿਹਾਸਕਾਰਾਂ ਕੋਲੋਂ ਮਰਜ਼ੀ ਦਾ ਇਤਿਹਾਸ ਲਿਖਵਾ ਕੇ ਅਸਲ ਇਤਿਹਾਸ ਨੂੰ ਬਦਲਣ ਦੀ ਕੋਝੀ ਕੋਸ਼ਿਸ਼ ਕਰ ਰਹੀ ਹੈ। ਧਰਮ ਨੂੰ ਇਤਿਹਾਸ ਨਾਲ ਰਲਗੱਡ ਕਰਨਾ ਤੱਥਾਂ ਨੂੰ ਲੁਕਾਉਣਾ ਹੈ ਤੇ ਧਰਮ ਨਿਰਪੱਖਤਾ ਨੂੰ ਦਬਾਉਣਾ ਹੈ।
ਵਰਗਿਸ ਸਲਾਮਤ, ਬਟਾਲਾ

ਨੌਜਵਾਨ ਪੀੜ੍ਹੀ ਨੂੰ ਸੇਧ
12 ਸਤੰਬਰ ਨੂੰ ਵਰਿੰਦਰ ਸਿੰਘ ਭੁੱਲਰ ਦੀ ਰਚਨਾ ‘ਨੌਜਵਾਨ ਪੀੜ੍ਹੀ ਤੇ ਬੌਧਿਕ ਕੰਗਾਲੀ ਦੀ ਸਮੱਸਿਆ’ ਪੜ੍ਹੀ। ਅੱਜ ਦੇ ਨੌਜਵਾਨ ਨਵੀਆਂ ਤਕਨੀਕਾਂ ਵਰਤਣ ਵਿਚ ਪੱਛਮੀ ਨੌਜਵਾਨਾਂ ਵਾਂਗ ਵਿਚਰ ਰਿਹਾ ਹੈ ਪਰ ਕੀ ਉਹ ਉਨ੍ਹਾਂ ਵਾਂਗੂ ਮਿਹਨਤ ਵੀ ਕਰ ਰਿਹਾ ਹੈ? ਲੋੜ ਹੈ, ਨੌਜਵਾਨ ਪੀੜ੍ਹੀ ਵਿਚ ਨੈਤਿਕ ਕਦਰਾਂ, ਸਮੇਂ ਦੀ ਕਦਰ ਅਤੇ ਆਤਮ ਨਿਰਭਰਤਾ ਵਰਗੇ ਗੁਣ ਪੈਦਾ ਕੀਤੇ ਜਾਣ। ਇਸੇ ਤਰ੍ਹਾਂ ਡਾ. ਕੁਲਦੀਪ ਕੌਰ ਦਾ ਲੇਖ ‘ਇਤਿਹਾਸ ਦੀ ਅੱਖ ਅਤੇ ਫ਼ਿਰਕਾਪ੍ਰਸਤੀ ਦਾ ਟੀਰ’ ਸੁਲਝੀ ਹੋਈ ਲਿਖਤ ਹੈ। ਇਤਿਹਾਸਕਾਰਾਂ ਦਾ ਵਰਨਣ ਕਰਦੇ ਹੋਏ ਜੋ ਵਿਸ਼ਾ ਛੋਹਿਆ ਗਿਆ ਹੈ, ਉਹ ਅੱਜ ਦੇ ਸਮਾਜ ਦੀ ਤ੍ਰਾਸਦੀ ਹੈ।
ਡਾ. ਪਰਮਿੰਦਰ ਕੌਰ ਤਾਂਘੀ, ਈਮੇਲ
(2)
ਲੇਖ ਅੱਜ ਦੇ ਹਾਲਾਤ ਨੂੰ ਢੁਕਵੇਂ ਤਰੀਕੇ ਨਾਲ ਬਿਆਨ ਕਰਦਾ ਹੈ। ਕਿਸੇ ਵੀ ਦੇਸ਼ ਦਾ ਭਵਿੱਖ ਉਸ ਦੀ ਨੌਜਵਾਨ ਪੀੜ੍ਹੀ ਦੇ ਮੋਢਿਆਂ ’ਤੇ ਖੜ੍ਹਾ ਹੁੰਦਾ ਹੈ ਪਰ ਅੱਜ ਇਹ ਮੋਢੇ ਭਵਿੱਖ ਨਹੀਂ ਬਲਕਿ ਨਸ਼ੇ ਅਤੇ ਬੇਰੁਜ਼ਗਾਰੀ ਦੇ ਭਾਰ ਹੇਠਾਂ ਦੱਬੇ ਹੋਏ ਹਨ। ਨੌਕਰੀ ਨਾ ਮਿਲਣ ਪਿੱਛੋਂ ਨੌਜਵਾਨ ਹਤਾਸ਼ ਹੋ ਕੇ ਨਸ਼ਿਆਂ ਦੇ ਦਲ ਦਲ ਵਿਚ ਧੱਸ ਜਾਂਦੇ ਹਨ ਅਤੇ ਆਪਣੇ ਪਰਿਵਾਰ ਨੂੰ ਵੀ ਇਸ ਦੁੱਖ ਵਿਚ ਖਿੱਚ ਲੈਂਦੇ ਹਨ। ਇਨ੍ਹਾਂ ਪਰਿਵਾਰਾਂ ਦਾ ਦਰਦ ਵੇਖ ਕੇ ਰੂਹ ਕੰਬ ਜਾਂਦੀ ਹੈ। ਇਸ ਗੰਭੀਰ ਸਮੱਸਿਆ ਦਾ ਹੱਲ ਸਰਕਾਰ ਅਤੇ ਸਮਾਜ ਦੀ ਸਾਂਝ ਨਾਲ ਹੀ ਮੁਮਕਿਨ ਹੈ। ਸਰਕਾਰ ਦਾ ਫਰਜ਼ ਹੈ, ਨੌਕਰੀਆਂ ਦੇਵੇ ਅਤੇ ਮਾਪੇ ਆਪਣੇ ਬੱਚਿਆਂ ਦਾ ਧਿਆਨ ਰੱਖਣ, ਉਨ੍ਹਾਂ ਦੇ ਅੰਗ-ਸੰਗ ਰਹਿਣ।
ਹਰਲੀਨ ਕੌਰ, ਚੰਡੀਗੜ੍ਹ

ਆਵਾਰਾ ਪਸ਼ੂ
7 ਸਤੰਬਰ ਨੂੰ ਰਾਕੇਸ਼ ਰਮਨ ਦਾ ਆਵਾਰਾ ਪਸ਼ੂਆਂ ਬਾਰੇ ਲੇਖ ਪੜ੍ਹਿਆ। ਲਾਵਾਰਿਸ ਫਿਰ ਰਹੇ ਪਸ਼ੂਆਂ ਕਾਰਨ ਜਾਨ-ਮਾਲ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਇਨ੍ਹਾਂ ਪਸ਼ੂਆਂ ਨੂੰ ਸਭ ਲੋਕਾਂ ਦੇ ਸਹਿਯੋਗ ਨਾਲ ਫੜ ਕੇ ਗਊਸ਼ਾਲਾ ਛੱਡ ਕੇ ਆਉਣਾ ਚਾਹੀਦਾ ਹੈ ਤਾਂ ਜੋ ਨੁਕਸਾਨ ਤੋਂ ਬਚਿਆ ਜਾ ਸਕੇ। ਇਸ ਦੇ ਨਾਲ ਹੀ ਗਊਸ਼ਾਲਾ ਜਾ ਕੇ ਦੇਖ-ਭਾਲ ਵੀ ਕਰਨੀ ਚਾਹੀਦੀ ਹੈ। ਇਹ ਤੱਥ ਵੀ ਸਾਹਮਣੇ ਆਏ ਹਨ ਕਿ ਗਊਸ਼ਾਲਾ ਵਾਲੇ ਵੀ ਕੁਝ ਸਮੇਂ ਬਾਅਦ ਇਨ੍ਹਾਂ ਪਸ਼ੂਆਂ ਨੂੰ ਛੱਡ ਦਿੰਦੇ ਹਨ। ਹੁਣ ਸਵਾਲ ਹੈ, ਆਖ਼ਰ ਇਸ ਸਮੱਸਿਆ ਲਈ ਮੁੱਖ ਰੂਪ ਵਿਚ ਕੌਣ ਜ਼ਿੰਮੇਵਾਰ ਹੈ?
ਹਰਮਨਪ੍ਰੀਤ ਕੌਰ, ਪਿੰਡ ਰਾਣੀਪੁਰ ਕੰਬੋਆਂ

ਆਮ ਲੋਕਾਂ ਦਾ ਪੈਸਾ ਅਤੇ ਕਾਰਪੋਰੇਟ ਜਗਤ ਦੀਆਂ ਮੌਜਾਂ
14 ਸਤੰਬਰ ਨੂੰ ਨਜ਼ਰੀਆ ਪੰਨੇ ਉਤੇ ਸਰਦਾਰਾ ਸਿੰਘ ਮਾਹਿਲ ਦਾ ਲੇਖ ‘ਆਰਥਿਕ ਸੰਕਟ, ਸਰਕਾਰ, ਕਾਰਪੋਰੇਟ ਤੇ ਅਵਾਮ’ ਪੜ੍ਹਿਆ। ਕੇਂਦਰ ਸਰਕਾਰ ਸੱਚਮੁੱਚ ਅਵਾਮ ਦਾ ਪੈਸਾ ਕਾਰਪੋਰੇਟ ਜਗਤ ਨੂੰ ਸ਼ਰੇਆਮ ਲੁਟਾ ਰਹੀ ਹੈ। ਲੇਖਕ ਨੇ ਸਹੀ ਨਿਸ਼ਾਨਦੇਹੀ ਕੀਤੀ ਹੈ ਕਿ ਕਾਰਪੋਰੇਟ ਨੂੰ ਪੈਸਾ ਲੁਟਾਉਣ ਲਈ ਜਿਸ ਤਰ੍ਹਾਂ ਭਾਰਤੀ ਰਿਜ਼ਰਵ ਬੈਂਕ ਦੇ ਖ਼ਜ਼ਾਨੇ ਉਤੇ ਡਾਕਾ ਮਾਰਿਆ ਗਿਆ ਹੈ, ਉਸ ਦਾ ਹਸ਼ਰ ਵੀ ਨੋਟਬੰਦੀ ਅਤੇ ਜੀਐੱਸਟੀ ਬਾਰੇ ਕੀਤੇ ਫ਼ੈਸਲਿਆਂ ਵਾਲਾ ਹੀ ਹੋਣਾ ਹੈ, ਭਾਵ ਸਾਰਾ ਭਾਰ ਆਮ ਜਨਤਾ ਉਤੇ ਹੀ ਪੈਣਾ। ਇਹ ਤਾਂ ਹੋਇਆ ਹਾਲਾਤ ਦਾ ਵਰਣਨ, ਹੁਣ ਕੋਈ ਅਜਿਹੀ ਤਰਕੀਬ ਘੜਨੀ ਪੈਣੀ ਹੈ ਜਿਸ ਨਾਲ ਇਸ ਸਰਕਾਰ ਤੋਂ ਕਿਸੇ ਤਰ੍ਹਾਂ ਖਹਿੜਾ ਛੁੱਟ ਸਕੇ। ਉਂਜ, ਨੇੜਲੇ ਭਵਿੱਖ ਵਿਚ ਅਜਿਹੀ ਕੋਈ ਸੰਭਾਵਨਾ ਬਣਦੀ ਨਜ਼ਰ ਨਹੀਂ ਪੈਂਦੀ, ਹਾਲਾਂਕਿ ਇਤਿਹਾਸ ਗਵਾਹ ਹੈ ਕਿ ਅਜਿਹੀਆਂ ਜ਼ਿਆਦਤੀਆਂ ਬਹੁਤੀ ਦੇਰ ਨਹੀਂ ਚੱਲਦੀਆਂ ਹੁੰਦੀਆਂ।
ਕਿਰਪਾਲ ਸਿੰਘ, ਅੰਮ੍ਰਿਤਸਰ


Comments Off on ਪਾਠਕਾਂ ਦੇ ਖ਼ਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.